November 2, 2024

‘ਪੰਜਾਬੀ ਨਕਸ਼’ ਸਾਹਿਤਕ ਜਗਤ ਵਿਚ ਬਹੁਤ ਜਲਦ ਆਪਣਾ ਕੌਮਾਂਤਰੀ ਮੁਹਾਂਦਰਾ ਸਥਾਪਿਤ ਕਰੇਗਾ-ਡਾ. ਨਰਿੰਦਰ ਪਾਲ ਸਿੰਘ

ਅਦਾਰਾ ‘ਨਕਸ਼ ਪੰਜਾਬੀ’ ਕਿਸੇ ਰਸਮੀਂ ਜਾਣ ਪਛਾਣ ਦਾ ਮੁਹਤਾਜ਼ ਨਹੀਂ ਹੈ। ਇਹ ਅਦਾਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਵਚਨਵੱਧ ਹੈ। ਕੌਮਾਂਤਰੀ ਪੱਧਰ ਉੱਪਰ ਵਿਚਰਦਿਆਂ ਇਹ ਅਦਾਰਾ ਪੰਜਾਬੀ ਸਾਹਿਤ ਲਈ ਜੋ ਕਾਰਜ ਕਰ ਰਿਹਾ ਹੈ ਉਹ ਸ਼ਲਾਘਾਯੋਗ ਹੈ। ਪੰਜਾਬੀ ਸ਼ਬਦ ਸਭਿਆਚਾਰ ਵਿਚ, ਜੋ ਚੇਤਨਾ ਦਾ ਪਸਾਰ ਹੋ ਰਿਹਾ ਹੈ ਉਹ ਇਸਦੇ ਕੇਂਦਰ ਬਿੰਦੂਆਂ ਦੀ ਵੰਨ-ਸੁਵੰਨਤਾ ਕਰਕੇ ਹੀ ਸੰਭਵ ਹੈ। ਭਾਰਤੀ ਪੰਜਾਬ, ਭਾਰਤੀ ਪੰਜਾਬ ਦੇ ਗਵਾਂਢੀ ਸੂਬੇ, ਦਿੱਲੀ, ਮੁੰਬਈ, ਪੱਛਮੀ ਪੰਜਾਬ (ਪਾਕਿਸਤਾਨ) ਅਤੇ ਸੱਤ ਸਮੁੰਦਰੋਂ ਪਾਰ ਵੱਸਦੇ ਦੇਸਾਂ ਵਿਚ ਵਿਚਰਦੇ ਪੰਜਾਬੀ ਨਿਰੰਤਰ ਆਪਣੀ ਸ਼ਬਦ ਸਾਧਨਾ ਰਾਹੀਂ ਇਸ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਵੱਖ ਵੱਖ ਥੀਮਕ ਪਸਾਰਾਂ ਕਾਰਣ ਅੱਜ ਪੰਜਾਬੀ ਸਾਹਿਤ ਦਾ ਦਾਇਰਾ ਕੇਵਲ ਪੰਜਾਬ ਦੀ ਰਹਿਤਲ ਤੱਕ ਸੀਮਤ ਨ ਰਹਿ ਕੇ ਸਗੋਂ ਬ੍ਰਹਿਮੰਡੀ ਮੁਹਾਵਰੇ ਵਾਲਾ ਹੋ ਗਿਆ ਹੈ। ਪੰਜਾਬੀ ਸਾਹਿਤ ਵਿਚਲਾ ਇਹ ਪਸਾਰ ਇਕੀਵੀਂ ਸਦੀ ਵਿਚ ਹੋਰ ਤਿੱਖਾ ਹੋ ਰਿਹਾ ਹੈ। ‘ਨਕਸ਼ ਅਦਾਰੇ ਵੱਲੋਂ ਅੰਤਰ-ਰਾਸ਼ਟਰੀ ਪੱਧਰ ‘ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ‘ਨਕਸ਼ ਪੰਜਾਬੀ ਮੈਗਜ਼ੀਨ’ ਦੀ ਸ਼ੁਰੂਆਤ ਜਿੱਥੇ ਇਕ ਸ਼ੁੱਭ -ਸ਼ਗਨ ਹੈ ਉੱਥੇ ਇਹ ਪੰਜਾਬੀ ਸਾਹਿਤਕ ਮੈਗਜ਼ੀਨਾਂ ਦੀ ਸ੍ਰਿੰਖਲਾ ਵਿਚ ਇਕ ਮੀਲ-ਪੱਥਰ ਵੀ ਸਾਬਿਤ ਹੋਵੇਗੀ। ਸਾਹਿਤਕਾਰ ਸਾਹਿਤ ਜਗਤ ਵਿਚ ਆਪਣੀ ਪਛਾਣ ਕਿਸੇ ਸਾਹਿਤਕ ਮੈਗਜ਼ੀਨ ਦੇ ਮਾਧਿਅਮ ਨਾਲ ਹੀ ਬਣਾਉਂਦਾ ਹੈ।ਉਸ ਦਾ ਪਾਠਕ ਦਾਇਰਾ ਉਸ ਨੂੰ ਹੌਲੀ ਹੌਲੀ ਪ੍ਰਵਾਨਗੀ ਪ੍ਰਦਾਨ ਕਰਦਾ ਹੈ। ਇਸ ਲਈ ‘ਨਕਸ਼ ਪੰਜਾਬੀ ਮੈਗਜ਼ੀਨ’ ਆਪਣੇ ਭਵਿੱਖ ਮੁਖੀ ਸਰੋਕਾਰਾਂ ਨਾਲ ਜੁੜ ਕੇ ਕਾਰਜ ਕਰੇਗੀ ਇਹ ਮੇਰੀ ਦਿਲੀ ਕਾਮਨਾ ਹੈ। ‘ਨਕਸ਼ ਪੰਜਾਬੀ ਮੈਗਜ਼ੀਨ’ ਪੰਜਾਬੀ ਸਾਹਿਤਕ ਮੈਗਜ਼ੀਨ ਜਗਤ ਵਿਚ ਬਹੁਤ ਜਲਦ ਆਪਣਾ ਕੌਮਾਂਤਰੀ ਮੁਹਾਂਦਰਾ ਅਤੇ ਵੱਕਾਰ ਸਥਾਪਿਤ ਕਰੇ, ਇਹ ਮੇਰੀ ਉਸ ਵਾਹਿਗੁਰੂ ਅੱਗੇ ਬੇਨਤੀ ਹੈ।

ਸ਼ੁਭ-ਕਾਮਨਾਵਾਂ ਅਤੇ ਬਹੁਤ ਬਹੁਤ ਵਧਾਈਆਂ!

ਐਸੋਸੀਏਟ ਪ੍ਰੋਫ਼ੈਸਰ, ਮੁਖੀ, ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ, ਭਾਰਤ)