January 17, 2025

‘ਨਕਸ਼’ ਪੰਜਾਬੀ ਸਮਾਜ ਤੇ ਸਭਿਆਚਾਰ ਦੇ ਮੌਜੂਦਾ ਨਕਸ਼ਾਂ ਨੂੰ ਤਰਾਸ਼ਣ ‘ਚ ਸਹਾਈ ਸਿੱਧ ਹੋਵੇਗਾ-ਡਾ. ਰਵੀ ਰਵਿੰਦਰ

ਪੰਜਾਬੀ ਵਿਚ ਸਾਹਿਤਕ ਰਸਾਲਿਆਂ ਦਾ ਇਤਿਹਾਸ ਲੱਗਭਗ ਇੱਕ ਸਦੀ ਪੁਰਾਣਾ ਹੈ।ਇਸ ਦੀ ਸ਼ੁਰੂਆਤ 1923 ਵਿੱਚ ‘ਪ੍ਰੀਤਮ’ ਨਾਲ ਹੁੰਦੀ ਹੈ। ਫੁੱਲਵਾੜੀ (1924), ਪ੍ਰੀਤਲੜੀ (1933), ਲਿਖਾਰੀ (1934), ਨਵੀਂ ਦੁਨੀਆਂ (1938) ਅਤੇ ਪੰਜ ਦਰਿਆ (1939) ਰਾਹੀਂ ਸ਼ੁਰੂ ਹੋਇਆ ਇਹ ਸਫ਼ਰ ਨਿਰੰਤਰ ਜਾਰੀ ਹੈ। ਪੰਜਾਬੀ ਦੇ ਵਿਚ ਅੱਜ ਲੱਗਭਗ 40 ਦੇ ਕਰੀਬ ਸਾਹਿਤਕ ਰਸਾਲੇ ਪ੍ਰਕਾਸ਼ਿਤ ਹੋ ਰਹੇ ਹਨ। ਪਰ ਪੰਜਾਬੀ ਭਾਈਚਾਰੇ ਦੇ ਵਿਸ਼ਾਲ ਜਨ ਸਮੂਹ ਸਾਹਵੇਂ ਇਹ ਗਿਣਤੀ ਕਾਫੀ ਨਿਗੂਣੀ ਹੈ। ਅੱਜ ਦੁਨੀਆਂ ਭਰ ਵਿਚ ਫ਼ੈਲੇ ਪੰਜਾਬੀ ਨਿੱਤ ਨਵੇਂ ਅਨੁਭਵਾਂ ਨੂੰ ਹੰਢਾ ਰਹੇ ਹਨ।ਨਵੇਂ ਵਿਚਾਰਾਂ ਅਤੇ ਅਨੁਭਵਾਂ ਨੂੰ ਸਾਹਿਤਕ ਜਾਮਾ ਪਹਿਨਾਉਣਾ ਅਤੇ ਉਸ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਤੱਕ ਪਹੁੰਚਾਉਣਾ ਕਿਸੇ ਵੀ ਕੌਮ/ਭਾਈਚਾਰੇ ਦੇ ਲੇਖਕਾਂ/ਬੁੱਧੀਜੀਵੀਆਂ ਦੀ ਬੁਨਿਆਦੀ ਜੁੰਮੇਵਾਰੀ ਹੁੰਦੀ ਹੈ। ‘ਗ਼ਦਰ’ ਅਖਬਾਰ ਦੇ ਸੰਸਥਾਪਕਾਂ/ਲੇਖਕਾਂ ਨੇ ਇਹ ਜੁੰਮੇਵਾਰੀ ਕਿੰਨੀ ਬਾਖ਼ੂਬੀ ਨਿਭਾਈ ਸੀ, ਉਸ ਤੋਂ ਅਸੀਂ ਭਲੀ ਭਾਂਤ ਵਾਕਿਫ਼ ਹਾਂ। ਅਦਾਰਾ ‘ਨਕਸ਼ ਪੰਜਾਬੀ’ ਵਲੋਂ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ, ਸਾਹਿਤ Àਤੇ ਸੱਭਿਆਚਾਰ ਦੇ ਪ੍ਰਸਾਰ ਲਈ ਤ੍ਰੈ-ਮਾਸਿਕ ‘ਨਕਸ਼ ਪੰਜਾਬੀ’ ਦੀ ਸ਼ੁਰੂਆਤ ਇੱਕ ਸ਼ਲਾਘਾਯੋਗ ਉਪਰਾਲਾ ਹੈ। ‘ਨਕਸ਼ ਪੰਜਾਬੀ’ ਆਪਣੀਆਂ ਮੌਲਿਕ ਅਤੇ ਅਨੁਵਾਦਿਤ ਰਚਨਾਵਾਂ ਰਾਹੀਂ ਪੰਜਾਬੀ ਸਮਾਜ/ਸਭਿਆਚਾਰ ਦੇ ਮੌਜੂਦਾ ਨਕਸ਼ਾਂ ਨੂੰ ਨਾ ਕੇਵਲ ਤਲਾਸ਼ਣ ਸਗੋਂ ਤਰਾਸ਼ਣ ‘ਚ ਵੀ ਸਹਾਈ ਸਿੱਧ ਹੋਵੇਗਾ। ਅਜੇਹਾ ਮੇਰਾ ਵਿਸ਼ਵਾਸ਼ ਹੈ। ਪੰਜਾਬੀ ਸਾਹਿਤਕ ਰਸਾਲਿਆਂ ਦੇ ਪਰਿਵਾਰ ਵਿਚ ‘ਨਕਸ਼ ਪੰਜਾਬੀ’ ਨਾਲ ਗਿਣਾਤਮਕ ਅਤੇ ਗੁਣਾਤਮਕ ਵਾਧਾ ਹੋਣ ਦੀ ਉਮੀਦ ਨਾਲ ਮੈਂ ਇਸ ਦੇ ਸੰਸਥਾਪਕਾਂ ਅਤੇ ਸੰਪਾਦਕਾਂ ਨੂੰ ਆਪਣੀਆਂ ਸ਼ੁਭ ਇਛਾਵਾਂ ਭੇਜਦਾ ਹੋਇਆ ਖ਼ੁਸ਼-ਆਮਦੀਦ ਆਖਦਾ ਹਾਂ।

ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ, ਦਿੱਲੀ