ਉੱਗਣ ਵਾਲ਼ੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ…

ਪੇਸ਼ਕਰਤਾ : ਸੋਨੀਆ ਸ਼ਰਮਾ

ਗੁਰਜੰਟ ਰਾਜੇਆਣਾ ਨਾਲ਼ ਮੇਰੀ ਜਾਣ-ਪਛਾਣ ਉਸ ਦੀਆਂ ਲਿਖਤਾਂ (ਨਜ਼ਮਾਂ, ਗ਼ਜ਼ਲਾਂ, ਵਾਰਤਕ) ਰਾਹੀਂ ਹੋਈ। ਉਸ ਦੀ ਹਰ ਲਿਖਤ ਨੇ ਮੈਨੂੰ ਪ੍ਰਭਾਵਿਤ ਕੀਤਾ। ਵੱਡੀ ਗੱਲ ਕਿ ਗੁਰਜੰਟ ਰਾਜੇਆਣਾ ਦਾ ਜੀਵਨ ਵਿਹਾਰ ਅਤੇ ਉਸ ਦੀ ਸ਼ਖ਼ਸੀਅਤ ਉਹੀ ਹੈ, ਜੋ ਉਸ ਦੀਆਂ ਲਿਖਤਾਂ ‘ਚ ਪੇਸ਼ ਹੁੰਦੀ ਹੈ। ਬਿਹਤਰੀਨ ਸ਼ਾਇਰ ਹੋਣ ਦੇ ਨਾਲ-ਨਾਲ ਗੁਰਜੰਟ ਚੰਗਾ ਇਨਸਾਨ ਵੀ ਹੈ, ਕਿਤਾਬਾਂ ਦੇ ਆਸ਼ਕ ਅਤੇ ਘੋਰ ਗ਼ਰੀਬੀ ‘ਚੋਂ ਨਿਕਲਣ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅਸੀਂ ‘ਨਕਸ਼ ਪੰਜਾਬੀ’ ਮੈਗਜ਼ੀਨ ਦੇ ‘ਸ਼ਖ਼ਸੀਅਤ’ ਕਾਲਮ ਰਾਹੀਂ ਪਾਠਕਾਂ ਦੇ ਸਨਮੁੱਖ ਕਰਦੇ ਆ ਰਹੇ ਹਾਂ। ਇਸੇ ਕੜੀ ਤਹਿਤ ‘ਪੰਜਾਬੀ ਨਕਸ਼’ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ਰਾਹੀਂ ਸੰਘਰਸ਼ਸ਼ੀਲ ਨੌਜਵਾਨ ਸ਼ਾਇਰ ਗੁਰਜੰਟ ਰਾਜੇਆਣਾ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰ ਰਹੇ ਹਾਂ।

ਮੇਰਾ ਜਨਮ ਪਿੰਡ ਰਾਜੇਆਣਾ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਚ ਸੰਨ 1989 ਨੂੰ ਹੋਇਆ। 2016 ਤੋਂ ਪਟਿਆਲਾ ਰਹਿ ਰਿਹਾ ਹਾਂ, ਜਿੱਥੇ 2017-19 ਐਮ. ਫਿਲ ਪੰਜਾਬੀ (ਹਰਜਿੰਦਰ ਕੰਗ ਦੀਆਂ ਗ਼ਜ਼ਲਾਂ ਦੇ ਮੂਲ ਸਰੋਕਾਰ ਤੇ ਸੰਚਾਰ ਜੁਗਤਾਂ) ਕਰਨ ਉਪਰੰਤ ਇਸ ਸਮੇਂ ਪੀ.ਐਚ.ਡੀ. ਕਰ ਰਿਹਾ ਹਾਂ। ਇਸ ਮੁਕਾਮ ਤੱਕ ਪਹੁੰਚਣ ਲਈ ਮੇਰੇ ਦੁਆਰਾ ਕੀਤੇ ਸੰਘਰਸ਼ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਲਈ ਮੈਂ ”ਪੰਜਾਬੀ ਨਕਸ਼” ਰਸਾਲੇ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਮੇਰਾ ਜਨਮ ਬੇਹੱਦ ਗ਼ਰੀਬ ਪਰਿਵਾਰ ਵਿਚ ਹੋਇਆ, ਜਿਸ ਵਿਚ ਪੁਸ਼ਤਾਂ ਤੋਂ ਹੀ ਕੋਈ ਵੀ ਜੀਅ ਪੜ੍ਹਿਆ-ਲਿਖਿਆ ਨਹੀਂ ਸੀ। ਮੈਂ ਪਹਿਲਾ ਸ਼ਖ਼ਸ ਸਾਂ ਜਿਸ ਨੇ ਸਕੂਲ ਦਾ ਮੂੰਹ ਵੇਖਿਆ। ਪੁਸ਼ਤਾਂ ‘ਚ ਇਹ ਪਹਿਲ ਮੇਰੀ ਅਨਪੜ੍ਹ ਮਾਂ ਨੇ ਕੀਤੀ, ਜਿਸ ਨੂੰ ਮੈਂ ਸਦਾ ਹੀ ਕਿਸੇ ਨਾ ਕਿਸੇ ਘਰ ਦਾ ਗੋਹਾ-ਕੂੜਾ ਕਰਦੀ ਵੇਖਿਆ ਜਾਂ ਬਿਮਾਰੀ ਨਾਲ ਜੂਝਦਿਆਂ ਦਵਾਈ ਦਾ ਇੰਤਜ਼ਾਮ ਕਰਦਿਆਂ ਵੇਖਿਆ ਸੀ। ਮਾਂ ਨੇ ਸਕੂਲ ਦਾਖ਼ਲ ਕਰਵਾਇਆ ਮੈਂ ਕਿਸੇ ਦੇ ਕਹਿਣ ‘ਤੇ ਸਕੂਲ ਦੀ ਘੰਟੀ ਵਜਾ ਦਿੱਤੀ। ਸਕੂਲ ਦੇ ਸਾਰੇ ਬੱਚੇ ਛੁੱਟੀ ਹੋਈ ਸਮਝ ਸਕੂਲੋਂ ਭੱਜ ਤੁਰੇ ਤਾਂ ਜੱਲਾਦਾਂ ਵਰਗੇ ਧਰਮੇ ਮਾਸਟਰ ਨੇ ਮੈਨੂੰ ਫੜ ਲਿਆ, ਏਨਾ ਕੁੱਟਿਆ ਕਿ ਮੇਰਾ ਪਸ਼ਾਬ ਨਿਕਲ ਗਿਆ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਤੋਂ ਮੈਨੂੰ ਸ਼ਿੰਦਰਪਾਲ ਭੈਣ ਜੀ ਨੇ ਛੁਡਾਇਆ ਸੀ। ਉਸ ਨੇ ਮੈਨੂੰ ਢਾਕ ਲਾਇਆ ਤੇ ਸਟਾਫ਼ ਰੂਮ ਵਿਚ ਲੈ ਗਈ ਮੈਨੂੰ ਪਾਣੀ ਪਿਆਇਆ ਪਿਆਰ ਨਾਲ ਚੁੱਪ ਕਰਾਇਆ। ਮੇਰਾ ਸਕੂਲ ਇਸੇ ਦਿਨ ਖ਼ਤਮ ਹੋ ਗਿਆ ਮੈਂ ਏਨਾ ਡਰਿਆ ਕਿ ਦੋ ਸਾਲ ਤੱਕ ਦੁਬਾਰਾ ਸਕੂਲ ਨਹੀਂ ਗਿਆ।
ਇਹ ਸਮਾਂ 1994-1996 ਦਾ ਸੀ। ਮਾਂ ਫਿਰ ਪਰਚਾਅ ਕੇ ਦੁਬਾਰਾ ਸਕੂਲ ਛੱਡ ਆਈ ਇਸ ਸਮੇਂ ਵੀ ਮੇਰਾ ਮਨ ਜੱਸਲ ਭੈਣ ਜੀ ਕੋਲ ਲੱਗਦਾ। ਧਰਮਾ ਮਾਸਟਰ, ਸ਼ਿੰਦਾ ਮਾਸਟਰ, ਬਲਦੇਵ ਕੌਰ ਭੈਣ ਜੀ ਸਾਡੇ ਵਿਹੜੇ ਵਾਲ਼ਿਆਂ ਦੇ ਦੁਸ਼ਮਣ ਸਨ। ਬਲਦੇਵ ਭੈਣ ਜੀ ਸਾਡੀਆਂ ਫੱਟੀਆਂ, ਕਾਪੀਆਂ ਦੂਰੋਂ ਵੇਖਦੀ, ਸ਼ਿੰਦੇ ਅਤੇ ਧਰਮੇਂ ਮਾਸਟਰਾਂ ਨੇ ਕੁੱਟ-ਕੁੱਟ ਕੇ ਸਾਡੇ ਵਿਹੜੇ ਦੇ ਅੱਧੇ ਮੁੰਡੇ-ਕੁੜੀਆਂ ਸਕੂਲੋਂ ਹਟਾ ਦਿੱਤੇ। ਮੈਂ ਪੜ੍ਹਨ ਵਿਚ ਪਹਿਲੇ ਦਿਨੋਂ ਹੀ ਚੰਗਾ ਸਾਂ। 2001 ਵਿਚ ਪੰਜਵੀਂ ਜਮਾਤ ਤੱਕ ਮੈਂ ਹਰ ਜਮਾਤ ‘ਚੋਂ ਅੱਵਲ ਰਿਹਾ, ਇਸ ਦੇ ਨਾਲ਼-ਨਾਲ਼ ਮੈਂ ਖੇਡਾਂ ਖ਼ਾਸ ਤੌਰ ‘ਤੇ ਲੰਮੀ ਛਾਲ ਅਤੇ ਦੋ ਸੌ,ਚਾਰ ਸੌ ਮੀਟਰ ਦੌੜ ਵਿਚ ਹਰ ਵਾਰ ਪਹਿਲੇ-ਦੂਜੇ ਦਰਜੇ ‘ਤੇ ਰਹਿੰਦਾ ਸਾਂ। ਇਸ ਦੇ ਨਾਲ ਹੀ ਕਈ ਪੇਂਟਿੰਗ ਮੁਕਾਬਲੇ ਜਿੱਤੇ।
ਪੰਜਵੀਂ ਜਮਾਤ ਤੱਕ ਮੈਂ ਆਪਣੇ ਘਰ ਦੀ ਹਾਲਤ ਤੋਂ ਪੂਰੀ ਤਰ੍ਹਾਂ ਜਾਣੂੰ ਹੋ ਗਿਆ ਸੀ, ਸੋ ਪਹਿਲਾ ਕੰਮ ਮੈਂ ਪੰਜਵੀ ਜਮਾਤ ਦੇ ਪੇਪਰ ਦੇਣ ਤੋਂ ਬਾਅਦ ਬਾਘੇ ਪੁਰਾਣੇ ਚਾਹ ਵਾਲੇ ਹੋਟਲ (ਜੋ ਸਾਡੇ ਸਾਰੀਕੇ ‘ਚੋਂ ਬਾਬੇ ਲੱਗਦੇ ਲਛਮਣ ਦਾ ਸੀ) ‘ਤੇ ਕੀਤਾ। ਮੇਰੇ ਭਰਾਵਾਂ ਦੇ ਕੰਮ ਦਾ ਪਹਿਲਾ ਟ੍ਰੇਨਿੰਗ ਸੈਂਟਰ ਵੀ ਇਹ ਹੋਟਲ ਹੀ ਸੀ, ਸੋ ਮੈਂ 300 ਰੁਪਏ ਤਨਖ਼ਾਹ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਇਹੀ ਥਾਂ ਸੀ ਜਿੱਥੇ ਮੇਰਾ ਕਿਤਾਬਾਂ ਨਾਲ ਨਾਤਾ ਜੁੜਿਆ। ਪੰਜਵੀਂ ਜਮਾਤ ਦੇ ਪੇਪਰ ਦੇ ਕੇ ਛੇਵੀਂ ਵਿਚ ਦਾਖ਼ਲਾ ਲੈਣਾ ਸੀ।
ਲੱਛੂ ਬਾਬਾ ਅੱਤ ਦਾ ਅੜਬ ਬੰਦਾ ਸੀ, ਹੋਟਲ ਦੇ ਨਾਲ਼ ਹੀ ਕਬਾੜ ਦੀ ਦੁਕਾਨ ਸੀ, ਜਿੱਥੇ ਰੱਦੀ ਵਿਚ ਕਿਤਾਬਾਂ ਦੇ ਢੇਰ ਲੱਗੇ ਹੁੰਦੇ। ਮੈਂ ਜਦੋਂ ਵੀ ਚਾਹ ਦੇਣ ਜਾਂਦਾ ਕੋਈ ਨਾ ਕੋਈ ਕਿਤਾਬ ਚੁੱਕ ਲਿਆਉਂਦਾ, ਜਾਸੂਸੀ ਨਾਵਲ, ਫਟੇ ਹੋਏ ਕਈ ਪੰਜਾਬੀ ਨਾਵਲ ਮੈਂ ਪੜ੍ਹੇ , ਪੜ੍ਹਨ ਦਾ ਸਿਰ ‘ਤੇ ਜਨੂਨ ਸਵਾਰ ਹੋ ਗਿਆ, ਫਿਰ ਪੂਰੀ ਕਿਤਾਬ ਮੇਰੀ ਦੁਨੀਆ (ਨਾਨਕ ਸਿੰਘ) ਮਿਲ਼ੀ ਜੋ ਮੈਂ ਰਾਤ ਨੂੰ ਆ ਕੇ ਪੜ੍ਹਦਾ ਤੇ ਪੂਰੀ ਪੜ੍ਹੀ।
ਮੇਰੀ ਕਿਤਾਬੀ ਭੁੱਖ ਏਨੀ ਵਧ ਗਈ ਕਿ ਮੈਂ ਉਸ ਦੁਕਾਨ, ਤੇ ਬਗ਼ੈਰ ਚਾਹ ਫੜਾਉਣ ਤੋਂ ਵੀ ਚਲਿਆ ਜਾਂਦਾ, ਤੇ ਬਾਬਾ ਖਿਝ ਜਾਂਦਾ, ਆਵਾਜ਼ ਮਾਰ ਕੇ ਝਿੜਕਦਾ। ਇੱਕ ਦਿਨ ਬਹੁਤ ਚੰਗੀ ਹਾਲਤ ਵਿਚ ਕਿਤਾਬਾਂ ਆਈਆਂ, ਮੈਂ ਚਾਹੁੰਦਾ ਹੋਇਆ ਵੀ ਸਾਰਾ ਦਿਨ ਕਿਤਾਬਾਂ ਛਾਂਟ ਨਹੀਂ ਸਕਿਆ ਜਾਂ ਕਹਿ ਲਿਆ ਜਾਵੇ ਕਿ ਬਾਬੇ ਨੇ ਸਾਰਾ ਦਿਨ ਮੌਕਾ ਹੀ ਨਹੀਂ ਭਿੜਨ ਦਿੱਤਾ। ਸ਼ਾਮ ਹੋਈ ਬਾਬਾ ਮੈਨੂੰ ਦੁੱਧ ਵਾਲ਼ੇ ਭਾਂਡੇ ਮਾਂਜਣ ਦਾ ਕਹਿ ਕੇ ਆਪ ਗਰਾਹੀ ਕਰਨ ਤੁਰ ਗਿਆ। ਮੈਂ ਕਾਹਲ਼ੀ-ਕਾਹਲ਼ੀ ਭਾਂਡਿਆਂ ਨੂੰ ਮਾਂਜ ਕੇ ਪਾਣੀ ਮਾਰਿਆ ਤੇ ਕਬਾੜ ਵਾਲੀ ਦੁਕਾਨ ‘ਤੇ ਜਾ ਵੱਜਿਆ। ਅੱਜ ਮਾਲਕ ਨੇ ਵੀ ਮੈਨੂੰ ਘੂਰ ਦਿੱਤਾ ਕਿ ਕਿੱਲੋ ਦੇ ਹਿਸਾਬ ਨਾਲ਼ ਮਿਲਣਗੀਆਂ ਕਿਤਾਬਾਂ ਮੈਂ ਹਾਮੀ ਭਰੀ ਤੇ ਕਿਤਾਬਾਂ ਛਾਂਟਣ ਲੱਗ ਗਿਆ। ਲੂਣਾ, ਆਟੇ ਦੀਆਂ ਚਿੜੀਆਂ, ਜੰਗ ਤੇ ਅਮਨ, (ਇਹ ਕਿਤਾਬਾਂ ਮੈਨੂੰ ਯਾਦ ਨੇ) ਸਹਿਤ ਮੈਂ ਤਕਰੀਬਨ ਬਾਰ੍ਹਾਂ-ਤੇਰਾਂ ਕਿਤਾਬਾਂ ਚੁਣ ਲਈਆਂ ਹੋਰ ਛਾਂਟ ਰਿਹਾ ਸਾਂ,ਕਿ ਪਿੱਛੋਂ ਮੇਰੀ ਪਿੱਠ ‘ਤੇ ਧਾਅ ਕਰਕੇ ਬਾਬੇ ਦੀ ਜੱਤੀ ਦਾ ਠੁੱਡਾ ਵੱਜਿਆ। ਮੈਂ ਕਿਤਾਬਾਂ ਦੇ ਉੱਤੋਂ ਦੀ ਮੂੰਹ ਪਰਨੇ ਡਿੱਗ ਪਿਆ। ਬਾਬਾ ਗਾਹਲ਼ਾਂ ਕੱਢਣ ਲੱਗ ਪਿਆ ਫ਼ਿਰ ਦੁਬਾਰਾਂ ਚੰਗੀ ਤਰ੍ਹਾਂ ਧਾਮੇਂ ਮੰਜਵਾਏ ਪਰ ਕਿਤਾਬਾਂ ਮੈਂ ਸ਼ਾਮ ਨੂੰ ਦੋ ਕਿੱਲੋ ਉਧਾਰ ਖ਼ਰੀਦ ਹੀ ਲਈਆਂ।
ਰਾਤ ਨੂੰ ਘਰ ਆ ਕੇ

ਸਾਰੀਆਂ ਕਿਤਾਬਾਂ ਨੂੰ ਬਾਈ ਵਾਲ਼ੀ ਕੰਧ ‘ਚ ਬਣੀ ਅਲਮਾਰੀ ਵਿਚ ਚਿਣ ਦਿੱਤਾ। ਰਾਤ ਨੂੰ ਸੌਣ ਲੱਗੇ ਤਾਂ ਬੀਬੀ ਨੇ ਆਦਤ ਅਨੁਸਾਰ ਮੇਰਾ ਸਿਰ ਪਲੋਸਦੀ-ਪਲੋਸਦੀ ਨੇ ਢੂਈ ‘ਤੇ ਹੱਥ ਫੇਰਿਆ ਤਾਂ ਢੂਈ ਉੱਚੜੀ ਹੋਈ ਸੀ। ਬੀਬੀ ਨੇ ਝੱਗਾ ਚੱਕ ਕੇ ਵੇਖਿਆ ਤੇ ਕਾਰਨ ਪੁੱਛਿਆ ਤਾਂ ਮੈਂ ਫਿੱਸ ਪਿਆ ਤੇ ਸਾਰੀ ਗੱਲ ਦੱਸ ਦਿੱਤੀ। ਬੀਬੀ ਨੇ ਸਰੋਂ੍ਹ ਦਾ ਤੇਲ ਲਾਇਆ ਕਿ ਝੱਗਾ ਢੂਈ ਨਾਲ਼ ਨਾ ਚਿੰਬੜੇ। ਕੁਝ ਹੀ ਦਿਨਾਂ ਪਿੱਛੋਂ ਸਕੂਲ ਲੱਗਣੇ ਸਨ। ਮੈਨੂੰ ਮੇਰੀ ਪਹਿਲੀ ਕਮਾਈ ਦੇ 300 ਰੁਪਏ ਮਿਲ਼ੇ। ਮੈਂ ਸਕੂਲ ਦਾਖ਼ਲਾ ਕਰਵਾਇਆ। ਬੀਬੀ ਨੇ ਬੱਸ ਅੱਡੇ ਨੇੜੇ ਬੈਠੇ (ਜਿਨ੍ਹਾਂ ਨੂੰ ਅਸੀਂ ਕਬਾੜੀਏ ਹੀ ਕਹਿੰਦੇ ਸਾਂ) ਪੁਰਾਣੇ ਕੱਪੜਿਆਂ ਦੀ ਗੰਢ-ਤੁੱਪ ਕਰਕੇ ਕੱਪੜੇ ਵੇਚਣ ਵਾਲ਼ਿਆਂ ਤੋਂ ਮੈਨੂੰ ਬੇ-ਮੇਚ ਕਾਲ਼ੀ ਪੈਂਟ ਤੇ ਚਿੱਟੀ ਸ਼ਰਟ (ਸਕੂਲੀ ਵਰਦੀ) ਲੈ ਕੇ ਦਿੱਤੀ। ਅਚਾਨਕ ਕੁਝ ਯਾਦ ਆਉਣ ਵਾਂਗ ਬੀਬੀ ਮੈਨੂੰ ਬਾਬੇ ਦੇ ਹੋਟਲ ਵੱਲ ਲੈ ਤੁਰੀ। ਬਾਬਾ ਖੜ੍ਹਾ ਚਾਹ ਬਣਾ ਰਿਹਾ ਸੀ। ਬਾਬੇ ਨੇ ਮੈਨੂੰ ਵੇਖ ਲਲਕਾਰਾ ਮਾਰਨ ਵਾਂਗ ਬੁਲਾਇਆ, ਆ ਵਈ ਪਾੜ੍ਹਿਆ! ਬੀਬੀ ਪੱਲਾ ਕਰਕੇ ਖੜ੍ਹੀ ਰਹੀ ਬੋਲਣ ਦੀ ਹਿੰਮਤ ਜੁਟਾ ਰਹੀ ਸੀ, ਤਾਂ ਬਾਬੇ ਨੇ ਨਵੇਂ ਮੁੰਡੇ ਨੂੰ ਸਾਨੂੰ ਚਾਹ ਦੇਣ ਨੂੰ ਕਿਹਾ।
ਬਾਬੇ ਨੇ ਸੱਜੀ ਪਿੰਜਣੀ ਤੱਕ ਪਹੁੰਚਾ ਚੜ੍ਹਾਇਆ ਹੋਇਆ ਸੀ, ਗਿੱਟੇ ‘ਤੇ ਸੂਤ ਦਾ ਧਾਗਾ ਬੰਨ੍ਹਿਆ ਹੋਇਆ ਸੀ। ਗੋਡੇ ਤੱਕ ਲੱਤ ਛਾਲਿਆਂ ਨਾਲ਼ ਭਰੀ ਪਈ ਸੀ, ਇਸ ਲੱਤ ਨੂੰ ਉਹ ਬੀਬੀ ਨੂੰ ਦਿਖਾਉਣ ਵਾਂਗ ਅੱਗੇ ਕਰਕੇ ਗੱਲਬਾਤ ਕਰ ਰਿਹਾ ਸੀ। ਬਾਬੇ ਨੇ ਟੈਂਪੂ ਰੋਕ ਕੇ ਚਲਾਉਣ ਵਾਲ਼ੇ ਨੂੰ ਕਿਹਾ ”ਮੇਰੀ ਨੂੰਹ, ਪੋਤਾ ਏ ਪੈਸੇ ਨਹੀਂ ਲੈਣੇ ਰਾਜਿਆਣੇ ਉਤਾਰ ਦੇਵੀਂ” ਮੈਂ ਟੈੰਪੂ ਵਿਚ ਬੈਠਾ ਇਹੀ ਸੋਚ ਰਿਹਾ ਸੀ ਕਿ ਬੀਬੀ ਨੇ ਬਾਬੇ ਨੂੰ ਉਲਾਮਾ ਕਿਉਂ ਨਹੀਂ ਦਿੱਤਾ, ਜਿਸ ਦੀ ਸਮਝ ਮੈਨੂੰ ਕਈ ਦਿਨਾਂ ਪਿੱਛੋਂ ਆਈ। ਅੱਜ ਵੀ ਕਈ ਵਾਰ ਜਦੋਂ ਕਿਤਾਬਾਂ ਖ਼ਰੀਦਣ ਸਮੇਂ ਬਟੂਆ ਖ਼ਾਲੀ ਹੋ ਜਾਂਦਾ ਹੈ ਤਾਂ ਪਿੱਠ ਵਿਚ ਚੀਸ ਮਹਿਸੂਸ ਹੁੰਦੀ ਹੈ।
ਇਸ ਤੋਂ ਬਾਅਦ ਕਿਤਾਬਾਂ ਦਾ ਮੈਂ ਆਸ਼ਕ ਹੀ ਹੋ ਗਿਆ ਛੇਵੀਂ ਤੋਂ ਦਸਵੀੰ (2005) ਤੱਕ ਮੈਂ ਹਰ ਜਮਾਤ ਪਹਿਲੇ ਦਰਜੇ ਵਿਚ ਕੀਤੀ ਨਾਲੋ-ਨਾਲ, ਅਥਲੈਟਿਕਸ, ਸਕਾਉਟ ਐਂਡ ਗਾਈਡ (ਨੈਸ਼ਨਲ ਲੈਵਲ), ਭੰਗੜਾ, ਚਿੱਤਰਕਾਰੀ ਵਿਚ ਕਈ ਮੁਕਾਬਲੇ ਜਿੱਤੇ, ਇਨ੍ਹਾਂ ਸਾਲਾਂ ਦੀ ਕੋਈ ਛੁੱਟੀ ਅਜਿਹੀ ਨਹੀਂ ਕਿ ਮੈਂ ਮਜ਼ਦੂਰੀ ਨਾ ਕੀਤੀ ਹੋਵੇ। ਮਾਂ ਦੀ ਦਵਾਈ ਦਾ ਸਾਰਾ ਖ਼ਰਚਾ ਮੈਂ ਛੇਵੀਂ ਜਮਾਤ ਤੋਂ ਹੀ ਚੁੱਕ ਲਿਆ ਸੀ, ਅੱਠਵੀਂ ਜਮਾਤ ਵਿਚ ਮੈਂ ਆਪਣੀ ਮਾਂ ਅਤੇ ਭੈਣ ਦੇ ਸਿਰ ਤੋਂ ਸਦਾ ਲਈ ਨੌਕਰੀਆਂ ਲੁਹਾ ਦਿੱਤੀਆਂ ਸਨ। ਸਾਰੇ ਵਿਹੜੇ ਨੇ ਮੇਰਾ ਇਹ ਫ਼ੈਸਲਾ ਸਲਾਹਿਆ ਸੀ। ਇਸ ਸਮੇਂ ਤੱਕ ਸੈਂਕੜੇ ਕਿਤਾਬਾਂ ਵੀ ਪੜ੍ਹ ਲਈਆਂ ਸਨ। ਗਿਆਰਵੀਂ-ਬਾਰ੍ਹਵੀਂ 2007-2008 ਵਿਚ ਸਾਡੇ ਸਕੂਲ ਵਿਚ ਲਾਇਬ੍ਰੇਰੀ ਬਣ ਗਈ। ਕਿਤਾਬਾਂ ਦੀ ਹੋਰ ਵੀ ਸਹੂਲਤ ਹੋ ਗਈ ਪਰ ਘਰ ਦੇ ਹਾਲਾਤ ਵੇਖ ਕੇ ਮੈਂ ਸਕੂਲ ਛੱਡਣ ਦਾ ਫ਼ੈਸਲਾ ਲੈ ਲਿਆ, ਕੁਝ ਮਹੀਨਿਆਂ ਬਾਅਦ ਪ੍ਰਿੰਸੀਪਲ ਸੁਰਜੀਤ ਸਿੰਘ ਹੋਰਾਂ ਜੀ ਦੀ ਪ੍ਰੇਰਨਾ ਸਦਕਾ ਸਕੂਲ ਵਿਚ ਫਿਰ ਦਾਖ਼ਲ ਹੋ ਗਿਆ ਅਤੇ 2008 ਵਿਚ ਬਾਰ੍ਹਵੀਂ ਜਮਾਤ ਪਹਿਲੇ ਦਰਜੇ ਵਿਚ ਕੀਤੀ। ਬਾਰ੍ਹਵੀਂ ਜਮਾਤ ਤੱਕ ਮੈਂ ਬਾਕੀ ਪੜ੍ਹਨ ਦੇ ਨਾਲ-ਨਾਲ ਮੈਂ ਬਹਿਰਾਗੀਰੀ ਅਤੇ ਖੁੱਲ੍ਹੀ ਦਿਹਾੜੀ ਕਰਦਾ ਰਿਹਾ। ਨਾਲੋ-ਨਾਲ ਕਿ

ਤਾਬਾਂ ਲਈ ਵੀ ਸਮਾਂ ਕੱਢਦਾ ਰਿਹਾ।
2009 ਤੱਕ ਮੈਂ ਚੰਗਾ ਪੇਂਟਰ ਬਣ ਗਿਆ ਸਾਂ, ਹੁਣ ਕੋਠੀਆਂ ਦਾ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਬੀ. ਏ. ਭਾਗ ਪਹਿਲਾ ‘ਚ ਦਾਖ਼ਲਾ ਲਿਆ ਅਤੇ ਨਾਲੋ-ਨਾਲ ਪੇਂਟਰ ਦਾ ਕੰਮ ਕਰਦਾ ਰਿਹਾ। ਇਸੇ ਦੌਰਾਨ ਕਈ ਹੋਰ ਵੀ ਪ੍ਰਾਈਵੇਟ ਨੌਕਰੀਆਂ ਕੀਤੀਆਂ। ਇਸੇ ਸਮੇਂ ਯੋਗ ਅਧਿਆਪਕਾਂ ਦੀ ਅਗਵਾਈ ‘ਚ ਨਿੱਠ ਕੇ ਸਾਹਿਤ ਪੜ੍ਹਿਆ। ਕਾਲਜ ਦੇ ਰਸਾਲੇ ‘ਚ ਕਵਿਤਾਵਾਂ ਛਪਣੀਆਂ ਸ਼ੁਰੂ ਹੋਈਆਂ। ਇਸ ਸਮੇਂ ਮੈਂ ਖ਼ੁਦ ਠੇਕੇਦਾਰੀ ਕਰਨੀ ਸ਼ੁਰੂ ਕੀਤੀ ਫ਼ਰੀਦਕੋਟ, ਫ਼ਿਰੋਜ਼ਪੁਰ ਜ਼ਿਲ੍ਹਿਆਂ ‘ਚ ਕਈ ਕੋਠੀਆਂ ਰੰਗ ਕੀਤੀਆਂ। ਇਸੇ ਦੌਰਾਨ ਹੀ ਮੇਰੀ ਭੈਣ ਜੋ ਦੋ ਸਾਲ

ਮੇਰੇ ਤੋਂ ਵੱਡੀ ਹੈ, ਉਨ੍ਹਾਂ ਨੂੰ ਅੱਗ ਨੇ ਲਪੇਟ ਵਿਚ ਲੈ ਲਿਆ, ਸਭ ਤੋਂ ਵੱਡੇ ਭਰਾ ਨੂੰ ਗਲੇ ‘ਚ ਕੈੰਸਰ ਹੋ ਗਿਆ, ਉਸ ਤੋਂ ਛੋਟੇ ਦੀ ਘਰਵਾਲੀ ਦੇ ਗੁਰਦੇ ਖ਼ਰਾਬ ਹੋ ਗਏ। ਇਸ ਸਮੇਂ ਮੇਰੇ ਮਾਤਾ ਜੀ ਪਲਾਸਟਿਕ ਅਨੀਮੀਆ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਦੇ ਹਰ ਛੇ ਮਹੀਨੇ ਬਾਅਦ ਖ਼ੂਨ ਚੜ੍ਹਦਾ। ਇਹ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਮੇਰੀ ਸੀ, ਜੋ ਮੈਂ ਤਨਦੇਹੀ ਨਾਲ ਨਿਭਾਅ ਰਿਹਾ ਸਾਂ। ਚਾਰ ਸਾਲ ਦੇ ਕਰੀਬ ਸਭ ਦਾ ਇਲਾਜ ਚੱਲਿਆ। ਇਸ ਸਮੇਂ ਪਿੰਡ ਨੇ ਸਾਡਾ ਸਾਥ ਦਿੱਤਾ। ਮੇਰੇ ਦੋਸਤਾਂ ਨੇ ਮੇਰਾ ਬਹੁਤ ਸਾਥ ਦਿੱਤਾ ਪਰ ਵੱਡਾ ਵੀਰ, ਭਾਬੀ ਨੂੰ ਅਸੀਂ ਲੱਖਾਂ ਰੁਪਏ ਖ਼ਰਚ ਕੇ ਵੀ ਬਚਾਅ ਨਾ ਸਕੇ ਪਰ ਭੈਣ ਬਚ ਗਈ। ਭੈਣ ਦੀ ਪੈਰਾਂ ਤੋਂ ਪੇਟ ਤੱਕ ਸਕਿਨ ਗ੍ਰਾਫ਼ਟਿੰਗ ਹੋਈ ਸੀ। ਮੈਂ ਘਰ ‘ਚ ਸਭ ਤੋਂ ਛੋਟਾ ਸਾਂ ਪਰ ਮੇਰੀ ਜਾਣ-ਪਛਾਣ ਕਾਰਨ ਮੈਨੂੰ ਕਰਜ਼ਾ ਮਿਲਦਾ ਰਿਹਾ। 2013 ‘ਚ ਮੈਂ ਭਾਸ਼ਾ ਵਿਭਾਗ ਤੋਂ ਸਟੈਨੋਗ੍ਰਾਫ਼ੀ ਕੀਤੀ, ਇਸ ਸਮੇਂ ਵੀ ਨਾਲ ਪ੍ਰਾਈਵੇਟ ਨੌਕਰੀ ਕੀਤੀ ਪਰ ਕਿਤਾਬ ਤੋਂ ਬਗ਼ੈਰ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਅਧੂਰਾ ਹਾਂ ਜਾਂ ਮੈਂ ਪਾਗਲ ਹੋ ਜਾਵਾਂਗਾ। 2014 ਵਿਚ ਮੇਰੇ ਦੋਸਤ ਨੇ ਮੇਰੀ ਫ਼ੀਸ ਭਰ ਕੇ ਮੈਨੂੰ ਬ੍ਰਜਿੰਦਰਾ ਕਾਲਜ ਜਾਣ ਜੋਗਾ ਫਿਰ ਕਰ ਦਿੱਤਾ। ਇਸੇ ਸਮੇਂ ਮੇਰੇ ਮਾਤਾ ਜੀ ਕੈਂਸਰ ਤੋਂ ਪੀੜਤ ਹੋ ਗਏ, ਮੈਂ ਸਿਰਤੋੜ ਯਤਨ ਕੀਤੇ ਪਰ ਉਹ ਮਾਰਚ 2016 ਨੂੰ ਅਕਾਲ ਚਲਾਣਾ ਕਰ ਗਏ। ਇਸ ਸਮੇਂ ਮੈਂ ਐਮ. ਏ. ਪੰਜਾਬੀ ਕਰਕੇ ਆਪਣੇ ਪਿੰਡ ‘ਚ ਬਣੇ ਰਿਲਾਇੰਸ ਪੈਟਰੋਲ ਪੰਪ ‘ਤੇ ਨੌਕਰੀ ਕਰ ਰਿਹਾ ਸਾਂ। ਮੇਰੇ ਲਈ ਸਭ ਤੋਂ ਨੇੜਲਾ ਰਿਸ਼ਤਾ ਮਾਂ ਹੀ ਸੀ, ਸੋ ਉਨ੍ਹਾਂ ਦੇ ਜਾਣ ‘ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ। ਇਸੇ ਸਮੇਂ ਮੇਰੇ ਦੋਸਤ ਮੈਨੂੰ ਐਚ. ਡੀ. ਐਫ਼. ਸੀ. ਬੈਂਕ ਸਲਤਾਨਪੁਰ ਲੋਧੀ ਲੈ ਗਏ ਏਥੇ ਨੌਕਰੀ ਕਰਦਿਆਂ ਮੇਰਾ ਸੰਪਰਕ ਆਮ ਲੋਕਾਂ ਨਾਲ ਹੋਇਆ, ਕਿਉਂਕਿ ਮੈਂ ਲੋਨ ਅਫ਼ਸਰ ਵਜੋਂ ਨੌਕਰੀ ਕਰ ਰਿਹਾ ਸਾਂ, ਜੋ ਵਧੇਰੇ ਝੂਠ ‘ਤੇ ਖੜ੍ਹੀ ਹੋਈ ਸੀ ਮੈਂ ਸਭ ਕੁਝ ਛੱਡ-ਛਡਾ ਕੇ ਅਗਸਤ 2016 ਨੂੰ ਪੜ੍ਹਨ ਲਈ ਪਟਿਆਲਾ ਆ ਗਿਆ। ਇਸ ਸਮੇਂ ਵੀ ਮੇਰੇ ਕੋਲ਼ ਹਜ਼ਾਰ ਦੇ ਕਰੀਬ ਕਿਤਾਬਾਂ ਸਨ ਜੋ ਮੈਂ ਪਿੰਡ ਤੋਂ ਹੌਲ਼ੀ-ਹੌਲ਼ੀ ਪਟਿਆਲਾ ਲੈ ਆਇਆ। ਇਥੇ ਗੁਜ਼ਾਰੇ ਲਈ ਪੇਂਟਰ ਦਾ ਕੰਮ ਕਰਨਾ ਸ਼ੁਰੂ ਕੀਤਾ। ਪਟਿਆਲਾ ਆ ਕੇ ਯੂ. ਜੀ. ਸੀ. ਨੈੱਟ ਦੀ ਤਿਆਰੀ ਕਰਦਿਆਂ ਨਿੱਠ ਕੇ ਸਾਹਿਤ ਅਤੇ ਆਲੋਚਨਾ ਨੂੰ ਪੜ੍ਹਿਆ। ਇਸ ਸਮੇਂ ਆਰਕਿਸਟਰਾ ਨਾਲ ਕੰਮ ਕਰਨ ਵਾਲੇ ਕੁਝ ਕੁੜੀਆਂ ਤੇ ਮੁੰਡਿਆਂ ਨਾਲ ਮੇਰੀ ਦੋਸਤੀ ਹੋ ਗਈ, ਜਿਨ੍ਹਾਂ ਨਾਲ ਮੈਂ ਵੀ ਕਈ ਵਾਰ ਸਟੇਜ ਸੰਚਾਲਕ ਵਜੋਂ ਜਾਂਦਾ ਰਿਹਾ। ਆਰਕਿਸਟਰਾ ਦੀ ਜ਼ਿੰਦਗੀ ਨੂੰ ਬਹੁਤ ਨਜ਼ਦੀਕ ਤੋਂ ਜਾਨਣ ਦਾ ਮੌਕਾ ਮਿਲਿਆ। ਮੇਰੇ ਦਿਲ ਵਿਚ ਉਨ੍ਹਾਂ ਲਈ ਸਤਿਕਾਰ ਹੋਰ ਪੱਕਾ ਹੋਇਆ, ਜੋ ਕਦੇ ਨਾ ਕਦੇ ਵਾਰਤਕ ਲਿਖਤ ਰਾਹੀਂ ਮੈਂ ਜ਼ਰੂਰ ਪੇਸ਼ ਕਰਾਂਗਾ।
ਨਵੰਬਰ 2017 ਮੇਰਾ ਯੂ. ਜੀ. ਨੈੱਟ. ਪਾਸ ਹੋ ਗਿਆ। ਇਸ ਸਮੇਂ ਵੀ ਮੈਂ ਬਰਨਾਲੇ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਕੋਠੀ ਰੰਗ ਕਰ ਰਿਹਾ ਸਾਂ। ਦਸੰਬਰ 2017 ‘ਚ ਮੈਂ ਪਟਿਆਲਾ ‘ਚ ਹੀ ਵਰਧਮਾਨ ਇੰਸਟੀਚਿਊਟ ਵਿਚ ਪੰਜਾਬੀ ਅਧਿਆਪਨ ਦਾ ਕਿੱਤਾ ਸ਼ੁਰੂ ਕੀਤਾ ਜੋ ਸਫ਼ਲਤਾ ਪੂਰਵਕ 5 ਸਾਲ ਨਿਭਾਇਆ। ਇਨ੍ਹਾਂ ਪੰਜ ਸਾਲਾਂ ‘ਚ ਮੇਰੀ ਨਿੱਜੀ ਲਾਇਬ੍ਰੇਰੀ ਤਿਆਰ ਹੋ ਗਈ, ਜਿਸ ਵਿਚ ਹੁਣ 3500 ਦੇ ਆਸ-ਪਾਸ ਪੁਸਤਕਾਂ ਹਨ। ਕਿਤਾਬ ਮੇਰੇ ਲਈ ਜਿਊਣ

ਦਾ ਵਸੀਲਾ ਹੈ। ਇਸੇ ਦੌਰਾਨ 2021 ਵਿਚ ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਆਈ, ਜਿਸ ਵਿਚ ਮੈਂ ਸਿਲੈਕਟ ਹੋਇਆ ਪਰ ਇਹ ਭਰਤੀ 2022 ਵਿਚ ਰੱਦ ਹੋ ਗਈ।
ਮਾਂ ਮੈਨੂੰ ਪ੍ਰੋਫ਼ੈਸਰ ਦੇਖਣਾ ਚਾਹੁੰਦੀ ਸੀ ਉਸ ਦਾ ਸੁਫਨਾ ਪੂਰਾ ਹੁੰਦਾ-ਹੁੰਦਾ ਬਿਖਰ ਗਿਆ ਪਰ ਮੈਂ ਅਜੇ ਵੀ ਲਗਾਤਾਰ ਮਿਹਨਤ ਕਰ ਰਿਹਾ ਹਾਂ। ਪਿਛਲੇ ਕੁਝ ਸਾਲਾਂ ‘ਚ ਪਾਠਕਾਂ ਨੇ ਮੇਰੀ ਗ਼ਜ਼ਲ, ਨਜ਼ਮ, ਵਾਰਤਕ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ। ਹੁਣ ਤੱਕ ਮੇਰੀਆਂ ਨਜ਼ਮਾਂ/ ਗ਼ਜ਼ਲਾਂ ਪੰਜਾਬੀ ਦੇ ਬਿਹਤਰੀਨ ਰਸਾਲਿਆਂ ਸਿਰਜਣਾ, ਪ੍ਰਵਚਨ, ਪ੍ਰਤੀਮਾਨ, ਤਾਸਮਨ, ਕਾਵਿ ਲੋਕ, ਪੰਜ ਦਰਿਆ ਆਦਿ ਵਿਚ ਛਪ ਚੁੱਕੀਆਂ ਹਨ। ਮੇਰੀ ਪਹਿਲੀ ਪਛਾਣ ਸਾਹਿਤ ਦੇ ਪਾਠਕ ਵਜੋਂ ਹੀ ਹੈ, ਜੋ ਮੈਂ ਚਾਹੁੰਦਾ ਹਾਂ ਸਦਾ ਬਣੀ ਰਹੇ, ਸੋ ਲਗਾਤਾਰ ਨਿੱਠ ਕੇ ਪੜ੍ਹ ਰਿਹਾ ਹਾਂ। ਇੱਕ ਗ਼ਜ਼ਲ ਆਲੋਚਨਾ ਦੀ ਪੁਸਤਕ ਪਿਛਲੇ ਸਾਲ ਸਹਿ ਸੰਪਾਦਕ ਵਜੋਂ ਛਪਵਾ ਚੁੱਕਾ ਹਾਂ। ਕਾਵਿ ਆਲੋਚਨਾ ਨਾਲ਼ ਸੰਬੰਧਿਤ ਕਈ ਪਰਚੇ ਰਾਸ਼ਟਰੀ ਕਾਨਫ਼ਰੰਸਾਂ ‘ਚ ਪੇਸ਼ ਕਰ ਚੁੱਕਾ ਹਾਂ। 2019 ਤੋਂ ਸੈਂਟਰ ਸਰਕਾਰ ਵੱਲੋਂ ਪ੍ਰਾਪਤ ਹੋਈ ਫੈਲੋਸ਼ਿਪ ਜਨਵਰੀ 2023 ਤੋਂ ਬੰਦ ਹੋਣ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਪੰਜਾਬੀ ਟਾਈਪਿਸਟ ਅਤੇ ਪਰੂਫ ਰੀਡਰ ਵਜੋਂ ਕੰਮ ਕਰ ਰਿਹਾ ਹਾਂ।
ਹੁਣ ਤੱਕ ਦਾ ਇਹ ਸਫ਼ਰ ਬੇਹੱਦ ਦੁਸ਼ਵਾਰੀਆਂ ਭਰਿਆ ਸੀ ਇਹ ਨਹੀਂ ਕਿ ਮੈਂ ਕਦੇ ਡੋਲਿਆ ਨਹੀਂ ਆਪਣੇ ਰਸਤੇ ਤੋਂ ਥਿੜਕਿਆ ਨਹੀਂ ਕਈ ਵਾਰ ਮੈਂ ਨਸ਼ੇ ਵੱਲ ਵੀ ਧੱਕਿਆ

ਗਿਆ ਮਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕਿਤਾਬ ਨੇ ਮੇਰਾ ਹੱਥ ਕਦੇ ਨਹੀਂ ਛੱਡਿਆ, ਦੂਜਾ ਕਿ ਜਦੋਂ ਤੁਸੀਂ ਸਦੀਆਂ ਦੇ ਹਨੇਰੇ ਘਰਾਂ ‘ਚ ਚਾਨਣ ਕਰਨਾ ਹੋਵੇ ਤਾਂ ਜ਼ਰੂਰੀ ਹੈ ਕਿ ਮਿਹਨਤ ਵੱਧ ਅਤੇ ਨਿੱਠ ਕੇ ਕਰਨੀ ਹੋਵੇਗੀ, ਇਹ ਗੱਲ ਮੈਂ ਕਦੇ ਭੁੱਲਿਆ ਨਹੀਂ। ਗ਼ਰੀਬੀ ਦੇ ਸਦੀਆਂ ਪਹਿਲਾਂ ਪੁੱਟੇ ਗਹਿਰੇ ਖੂਹ ਨੂੰ ਭਰਨ ਲਈ ਮੈਂ ਨਿਕਲਿਆ ਸਾਂ, ਸੋ ਮੈਨੂੰ ਮੇਰੇ ਇਹ ਹੱਠ ਨੇ ਵੀ ਕਦੇ ਮਰਨ ਨਹੀਂ ਦਿੱਤਾ।
ਮੇਰੀਆਂ ਕਵਿਤਾਵਾਂ ਵੀ ਉਨ੍ਹਾਂ ਮਨੁੱਖਾਂ ਦੀਆਂ ਕਵਿਤਾਵਾਂ ਹਨ, ਜੋ ਅੱਜ ਵੀ ਦੁਸ਼ਵਾਰੀਆਂ ਭਰਿਆ ਜੀਵਨ ਜਿਉਂ ਰਹੇ ਹਨ, ਜਿਨ੍ਹਾਂ ਨੂੰ ਵਿਰਸੇ ਨਾਲ ਡਾਹਢਾ ਮੋਹ ਹੈ, ਜੋ ਅੰਦਰੋਂ-ਬਾਹਰੋਂ ਇੱਕ ਹਨ। ਪਿੰਡ ਤੋਂ ਵਿਛੜ ਕੇ ਸ਼ਹਿਰ ਵਿਚ ਹਿਜਰਤ ਕਰ ਗਏ ਮਨੁੱਖ ਦੇ ਦੁਖਾਂਤ, ਜਾਤੀ-ਪਾਤੀ ਵਿਤਕਰੇ ਅਤੇ ਪਰੰਪਰਾ ਅਤੇ ਨਵੀਨਤਾ ਦੇ ਸੁਯੋਗ ਨੂੰ ਮੈਂ ਆਪਣੀਆਂ ਗ਼ਜ਼ਲਾਂ ਰਾਹੀਂ ਵਿਸ਼ੇਸ਼ ਤੌਰ ‘ਤੇ ਚਿਤਰਣ ਦੀ ਕੋਸ਼ਿਸ਼ ਕਰਦਾ ਹਾਂ।
ਦੂਸਰਿਆ ਲਈ ਜਿਊਣਾ ਪਹਿਲਾਂ ਮੇਰਾ ਸ਼ੌਕ ਸੀ ਹੁਣ ਸੁਭਾਅ ਬਣ ਚੁੱਕਾ ਹੈ। ਆਪਣੇ ਲੋਕਾਂ ਲਈ ਸਿੱਖਿਆ ਦਾ ਦੀਪ ਨਹੀਂ ਸੂਰਜ ਬਾਲਣਾ ਚਾਹੁੰਦਾ ਹਾਂ ਸੋ ਹਨੇਰਿਆਂ ਸੰਗ ਜੰਗ ਜਾਰੀ ਹੈ।
ਆਮੀਨ!