ਸੁਹਾਗ : ਪੰਜਾਬੀ ਲੋਕ ਗੀਤ

ਪੰਜਾਬੀ   ਜਨ ਜੀਵਨ  ਦਾ  ਲੋਕ ਗੀਤ  ਲੋਕ ਬੋਲੀਆਂ ਘੋੜੀਆਂ ਸਿੱਠਣੀਆਂ ਸੁਹਾਗ ਲੋਕ ਟੱਪੇ  ਲੋਰੀਆਂ ਬਾਲ ਗੀਤ ਜਨਮ ਵੇਲੇ ਦੇ ਗੀਤ   ਸਭ ਅਨਿੱਖੜਵਾਂ ਅੰਗ ਹਨ। ਚਾਹੇ ਇਨ੍ਹਾਂ ਦੇ ਲਿਖਣ ਵਾਲੇ ਦਾ ਨਾਂ ਪਤਾ ਹੋਵੇ ਪਰ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਨੇ ਤੇ ਸਾਡੇ ਪੰਜਾਬੀ ਸਾਹਿਤ ਦਾ ਇੱਕ ਅਨਿੱਖੜਵਾਂ ਹਿੱਸਾ ਹਨ  ਕੋਸ਼ਿਸ਼ ਹੈ ਇਕ ਦੋ ਵੰਨਗੀਆਂ ਹਰ ਵਾਰ ਆਪ ਸਭ ਨਾਲ ਸਾਂਝੇ ਕੀਤੀਆਂ ਜਾਣ।

ਸੁਹਾਗ : ਪੰਜਾਬੀ ਲੋਕ ਗੀਤ

ਵਿਆਹ ਦੇ ਦਿਨੀਂ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਘੋੜੀਆਂ ਕਹਿੰਦੇ ਹਨ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,

ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰੱਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।

ਸੁਹਾਗ : ਪੰਜਾਬੀ ਲੋਕ ਗੀਤ

ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਔਰਤਾਂ  ਵੱਲੋਂ ਗਾਏ ਜਾਂਦੇ ਲੋਕ-ਗੀਤਾਂ ਨੂੰ ਸੁਹਾਗ ਕਹਿੰਦੇ ਹਨ

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠ ਕਸੀਦੜਾ ਕਢ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਬਾਬੁਲ ਮੇਰਾ ਸਾਹਾ ਸਦਾਇਆ
ਮੈਂ ਪਰਦੇਸਨ ਹੋ ਰਹੀਆਂ

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਵੀਰੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਓਂ ਬੀਬੀ ਰੋ ਰਹੀਆਂ
ਮਾਮੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ