ਵਿਆਹ ਵਾਲੇ ਮੁੰਡੇ ਨੂੰ ਨਹਾਉਣ ਵੇਲੇ ਨਿਮਨ ਲਿਖਤ ਗੀਤ ਗੁਸਲਖ਼ਾਨੇ ਦੇ ਬਾਹਰ ਖੜ੍ਹ ਕੇ ਹੀ ਗਾਏ ਜਾਂਦੇ ਸਨ। ਦਾਦਕੀਆਂ ਅਤੇ ਨਾਨਕੀਆਂ ਇਹ ਗੀਤ ਵਾਰੀ ਸਿਰ ਗਾਉਂਦੀਆਂ ਸਿੱਠਣੀਆਂ ਦਿੰਦੀਆਂ ਆਪਣੀ ਧਿਰ ਦੀ ਉਪਮਾ ਕਰਦੀਆਂ ਸਨ। ਇਹ ਰਸਮਾਂ ਨਜ਼ਦੀਕੀ ਰਿਸ਼ਤੇਦਾਰਾਂ ਦੀ ਹਾਜ਼ਰੀ ਨਾਲ ਹੀ ਸੋਂਹਦੀਆਂ ਸਨ। ਇਹ ਰਸਮ ਲਗਭਗ ਲੋਪ ਹੋ ਰਹੀ ਹੈ:
ਕਿਹੜੀ ਸਵਿਤਰੀ ਪਾਣੀਏਂ ਨੂੰ ਚੱਲੀਏ,
ਭਾਬੋ ਸਵਿਤਰੀ ਪਾਣੀਏਂ ਨੂੰ ਚੱਲੀਏ।
ਭਰ ਮੁੜੀਆਂ ਭਰਾ ਮੁੜੀਆਂ,
ਜੀਤੋ ਨੂੰ ਖ਼ਸਮ ਕਰਾ ਮੁੜੀਆਂ।
ਦਾਦਕੀਆਂ:
ਕਿਹਦਾ ਪੋਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ,
ਬਾਬੇ ਪੋਤਾ ਨਾਵ੍ਹੇ ਨੀ
ਉਹਨੇ ਡੋਲ੍ਹਿਆ ਪਾਣੀ।
ਨਾਨਾ ਝੁੱਡੂ ਤਿਲਕ ਪਿਆ,
ਢੂਹੀ ਗਈ ਓ ਲਤਾੜੀ,
ਖ਼ਬਰ ਕਰੋ ਇਹਦੀ ਜ਼ੋਰੋ ਨੂੰ,
ਕਰੇ ਤੱਤੜਾ ਪਾਣੀ।
ਤੱਤੜਾ ਪਾਣੀ ਕੀ ਕਰੇ,
ਢੂਹੀ ਗਈ ਓ ਲਤਾੜੀ,
ਕਿਹਦਾ ਪੋਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ।
ਨਾਨਕੀਆਂ:
ਕਿਹਦਾ ਦੋਹਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ,
ਨਾਨੇ ਦੋਹਤਾ ਨਾਵ੍ਹੇ ਨੀ
ਉਹਨੇ ਡੋਲ੍ਹਿਆ ਪਾਣੀ।
ਬਾਬਾ ਝੁੱਡੂ ਤਿਲਕ ਪਿਆ,
ਢੂਹੀ ਗਈ ਓ ਲਤਾੜੀ,
ਖ਼ਬਰ ਕਰੋ ਇਹਦੀ ਜ਼ੋਰੋ ਨੂੰ,
ਕਰੇ ਤੱਤੜਾ ਪਾਣੀ।
ਨਾਨਕੀਆਂ:
ਫ਼ੁੱਲਾਂ ਭਰੀ ਚੰਗੇਰ ਇਕ ਫ਼ੁੱਲ ਲੋੜੀਦਾ,
ਇਸ ਵੇਲ਼ੇ ਜ਼ਰੂਰ ਮਾਮਾ ਲੋੜੀਂਦਾ।
ਦਾਦਕੀਆਂ:
ਫ਼ੁੱਲਾਂ ਭਰੀ ਚੰਗੇਰ ਇਕ ਫ਼ੁੱਲ ਲੋੜੀਦਾ,
ਇਸ ਵੇਲੇ ਜ਼ਰੂਰ ਚਾਚਾ ਲੋੜੀਦਾ।
ਜੋੜਾ ਜਾਮਾ ਪਵਾਉਣ ਵੇਲੇ ਨਾਨੇ ਦੀ ਖੱਟੀ-ਕਮਾਈ ਅਤੇ ਨਾਨੀ ਵਲੋਂ ਮਿਹਨਤ, ਰੀਝਾਂ ਅਤੇ ਚਾਵਾਂ ਨਾਲ ਕੱਤ ਕੇ ਬਣਾਏ ਜੋੜੇ ਜਾਮੇ ਦੀ ਅਰਥ ਭਰਪੂਰ ਪ੍ਰਸੰਸਾ ਕੀਤੀ ਜਾਂਦੀ ਸੀ। ਆਮ ਤੌਰ ‘ਤੇ ਜੋੜਾ ਜਾਮਾ ਚਿੱਟੇ ਰੰਗ ਦਾ ਹੁੰਦਾ ਸੀ। ਅਜੋਕੇ ਸਮੇਂ ਵਿਚ ਮੁੰਡੇ ਦੇ ਕੱਪੜੇ ਵੀ ਉਸ ਦੀ ਪਸੰਦ ਦੇ ਹੁੰਦੇ ਹਨ।
ਜੋੜੇ ਲਿਆਵੋ, ਜੋੜੇ ਲਿਆਵੋ।
ਨਾਨੀ ਦਾ ਕੱਤਿਆ, ਰੰਗ ਬਿਨਾਂ।
ਨਾਨੀ ਦਾ ਕੱਤਿਆ,
ਮੇਰੇ ਨਾਨੇ ਦਾ ਖੱਟਿਆ, ਰੰਗ ਬਿਨਾਂ।
ਨਾਨੇ ਦਾ ਖੱਟਿਆ, ਰੰਗ ਬਿਨਾਂ।
ਅੰਗ ਲਗਾਵੋ, ਅੰਗ ਲਗਾਵੋ।
ਬੰਨੀ ਦੇ ਬੰਨਰੇ, ਰੰਗ ਬਿਨਾਂ।
ਵਰਦੀ ਪਹਿਨਦੇ ਕਿਉਂ ਨਈਂ,
ਵਰਦੀ ਪਹਿਨਦੇ ਕਿਉਂ ਨਈਂ।
ਅਸੀਂ ਕੌਣ ਵੇਲ਼ੇ ਦੀਆਂ ਖੜ੍ਹੀਆਂ,
ਸਾਡੇ ਪੈਰਾਂ ਦੀਆਂ ਘਸ ਗਈਆਂ ਤਲ਼ੀਆਂ।
ਲੰਬੜਦਾਰਾਂ ਨੇ ਲਈ ਲੰਬੜਦਾਰੀ,
ਚੌਕੀਦਾਰਾਂ ਨੇ ਰੋਕ ਲਈਆਂ ਗਲ਼ੀਆਂ।
ਵਰਦੀ ਪਹਿਨਦੇ ਕਿਉਂ ਨਈਂ,
ਵਰਦੀ ਪਹਿਨਦੇ ਕਿਉਂ ਨਈਂ।
ਖਾਰੇ ਉਤੋਂ ਵੇ ਠਾਲੋ,
ਮੇਰੀ ਨਾਨੀ ਦਿਓ ਜਾਇਓ।
ਲੱਖ ਰੁਪਈਏ ਦੇ ਦਇਉ।
Read more
ਅਲੋਪ ਹੁੰਦੇ ਜਾ ਰਹੇ ਸ਼ਬਦ…
ਲੋਰੀ…
ਕਿੱਕਲੀ