ਪ੍ਰਭਨੂਰ ਕੌਰ
ਜਾਣ-ਪਹਿਚਾਣ
ਸ਼ਹਿਰ : ਕਪੂਰਥਲਾ
ਜ਼ਿਲ੍ਹਾ : ਕਪੂਰਥਲਾ
ਸੰਪਰਕ : 765285325
ਮੈਂ ਪ੍ਭਨੂਰ ਕੌਰ ਬੀ. ਏ. ਸਮੈਸਟਰ ਚੌਥਾ ਵਿੱਚ ਪੜ੍ਹਦੀ ਹਾਂ। ਮੈਨੂੰ ਸਾਹਿਤਕ ਕਿਤਾਬਾਂ ਪੜ੍ਹਨ ਅਤੇ ਲਿਖਣ ਦਾ ਸ਼ੌਂਕ ਹੈ। ਮੈਂ ਬਚਪਨ ਵਿੱਚ ਅਕਾਸ਼ਵਾਣੀ ਰੇਡੀਓ ਜਲੰਧਰ ਵਿਖੇ ਬੱਚਿਆਂ ਦੇ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਪੰਜਾਬੀ ਕਵਿਤਾ ਪੜ੍ਹਦੀ ਰਹੀ ਹਾਂ। ਮੈਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੰਜਾਬੀ ਪੑਸ਼ਨੋਤਰੀ ਮੁਕਾਬਲੇ ਵਿਚ ਤਿੰਨ ਵਾਰੀ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਾਜ ਪੱਧਰੀ ਪੑਸ਼ਨੋਤਰੀ ਮੁਕਾਬਲੇ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਕੀਤੀ।
ਅੰਮ੍ਰਿਤਾ ਪ੍ਰੀਤਮ ਦਾ ਜੀਵਨ ਤੇ ਉਸ ਦੀ ਸਾਹਿਤ ਨੂੰ ਦੇਣ
ਪੰਜਾਬੀ ਸਾਹਿਤ ਦੀ ਬੁਲੰਦੀ ਅੰਮ੍ਰਿਤਾ
ਪੰਜਾਬੀ ਕਵਿਤਾ ਦੀ ਸੁਗੰਧੀ ਅੰਮ੍ਰਿਤਾ
ਯੁੱਦ ਸੁਨਹਿਰਾ ਸਿਰਜਨਹਾਰੀ ਅੰਮ੍ਰਿਤਾ
ਹਰ ਪੰਜਾਬੀ ਦੀ ਪਿਆਰੀ ਅੰਮ੍ਰਿਤਾ
ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਵਿਚ ਕੇਵਲ ਇਕ ਸਾਹਿਤਕਾਰ ਵਜੋਂ ਹੀ ਜਾਣੀ ਨਹੀਂ ਜਾਂਦੀ, ਸਗੋਂ ਇਕ ਯੁੱਗ ਦਾ ਨਾਮ ਹੈ। ਅੰਮ੍ਰਿਤਾ ਪ੍ਰੀਤਮ ਜਿਸਨੇ ਆਪਣੇ ਸਮੇਂ ਵਿਚ ਪੰਜਾਬੀ ਸਾਹਿਤਕਾਰੀ ਦੇ ਉਹ ਮੀਲ ਪੱਥਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਅਜੇ ਵੀ ਬੜੇ ਮਾਣ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿਚ ਔਰਤ ਮਨ ਦੀਆਂ ਦੱਬੀਆਂ ਭਾਵਨਾਵਾਂ ਨੂੰ ਹੀ ਵਿਅਕਤ ਹੀ ਨਹੀਂ ਕੀਤਾ ਸਗੋਂ—
”ਅੱਜ ਆਖਾਂ ਵਾਰਿਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ,
ਅੱਜ ਕਿਤਾਬੇ ਇਸ਼ਕ ਦਾ ਕੋਈ
ਅਗਲਾ ਵਰਕਾ ਫੋਲ”
ਵਰਗੀ ਅਮਰ ਕਵਿਤਾ ਲਿਖ ਕੇ ਸਾਂਝੇ ਪੰਜਾਬ ਦੇ ਦਰਦ ਨੂੰ 1947 ਦੀ ਦੇਸ਼ ਵੰਡ ਦੇ ਦੁਖਾਂਤ ਰੂਪ ਵਿਚ ਪੇਸ਼ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਜਿੱਥੇ ਸਾਹਿਤ ਰਚਨਾ ਕੀਤੀ, ਉੱਥੇ ‘ਨਾਗਮਣੀ’ ਪਰਚਾ ਵੀ ਲੰਮਾ ਸਮਾਂ ਸੰਪਾਦਿਤ ਕਰਦਿਆਂ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਨੂੰ ਪੰਜਾਬੀ ਪਾਠਕਾਂ ਦੇ ਰੂ-ਬਰੂ ਕੀਤਾ। ’ਨਾਗਮਣੀ’ ਨੂੰ ਅੱਜ ਵੀ ਪੰਜਾਬੀ ਪਾਠਕ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਨ। ਆਪਣੇ ਸਾਥੀ ਇਮਰੋਜ਼ ਨਾਲ ਦਿੱਲੀ ਦੇ ਪੰਜਾਬੀ ਬਾਗ ਦੇ 25 ਹੌਜ਼ ਖ਼ਾਸ ਵਿਚ ਸਾਦਾ ਜੀਵਨ ਬਿਤਾਉਂਦਿਆਂ ਅੰਮ੍ਰਿਤਾ ਪ੍ਰੀਤਮ ਨੇ ਹਮੇਸ਼ਾ ਮਿਲਣ ਜਾਣ ਵਾਲੇ ਸਾਹਿਤਕਾਰਾਂ ਅਤੇ ਪਾਠਕਾਂ ਨੂੰ ਜੀ ਆਇਆਂ ਕਿਹਾ। ਬਹੁਤ ਸਾਰੀਆਂ ਇਸਤਰੀ ਸਾਹਿਤਕਾਰਾਂ ਨੇ ਅੰਮ੍ਰਿਤਾ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਮੁਕਾਮ ਵੀ ਬਣਾਇਆ ਹੈ। ਡਾ. ਜੀਤ ਸਿੰਘ ਸੀਤਲ ਨੇ ਅੰਮ੍ਰਿਤਾ ਪ੍ਰੀਤਮ ਨੂੰ ‘ਬੁਲਬਲਿ-ਪੰਜਾਬ’ ਆਖ ਕੇ ਵਡਿਆਇਆ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਨੂੰ ਪਿਆਰ ਕਰਨ ਵਾਲੇ ਅੱਜ ਵੀ ਉਸ ਦੀਆਂ ਰਚਨਾਵਾਂ ਨੂੰ ਲੱਭ-ਲੱਭ ਕੇ ਪੜ੍ਹਦੇ ਹਨ।
ਅੰਮ੍ਰਿਤਾ ਪ੍ਰੀਤਮ ਦੀਆਂ ਸਾਹਿਤਕ ਕਾਵਿ-ਰਚਨਾਵਾਂ ਵਿਚ ‘ਸੁਨੇਹੜੇ’, ‘ਪੱਥਰ-ਗੀਟੇ’, ‘ਕਾਗਜ਼ ਤੇ ਕੈਨਵਸ’, ‘ਲੰਮੀਆਂ ਵਾਟਾਂ’, ‘ਮੈਂ ਤਵਾਰੀਖ ਹਾਂ ਹਿੰਦੀ ਦੀ’, ‘ਸਰਘੀ ਵੇਲਾ’, ‘ਅਸ਼ੋਕਾ ਚੇਤੀ’, ‘ਕਸਤੂਰੀ’, ‘ਨਾਗਮਣੀ’, ‘ਕਾਗਜ਼ ਤੇ ਕੈਨਵਸ’ ਤੋਂ ਪਹਿਲਾਂ ਮੈਂ ਜਾਮਾਂ ਤੂੰ ਆਦਿ ਤੋਂ ਇਲਾਵਾ ਸ਼ੁਰੂਆਤੀ ਦੌਰ ਵਿਚ ‘ਠੰਢੀਆਂ ਕਿਰਨਾਂ’, ‘ਅੰਮ੍ਰਿਤਾ ਲਹਿਰਾਂ’, ‘ਜਿਉਂਦਾ ਜੀਵਨ’, ‘ਤ੍ਰੇਲ ਧੋਤੇ ਫੁੱਲ’, ‘ ਗੀਤਾਂ ਵਾਲਿਆ’, ‘ਬੱਦਲਾਂ ਦੇ ਪੱਲੇ ਵਿਚ’, ‘ਸੰਝ ਦੀ ਕਾਲੀ’, ‘ਨਿੱਕੀ ਸੁਗਾਤ’, ‘ਲੋਕ ਪੀੜਾ’ ਆਦਿ ਕਾਵਿ-ਸੰਗ੍ਰਹਿ ਵਿਚ ਪੰਜਾਬੀ ਸਾਹਿਤ ਦੀ ਝਲੀ ਵਿਚ ਪਾਏ। ਅੰਮ੍ਰਿਤਾ ਪ੍ਰੀਤਮ ਦੀ ਕਾਵਿ-ਪੁਸਤਕ ‘ਸੁਨੇਹੜੇ’ ਲਈ ਉਸ ਨੂੰ ‘ਭਾਰਤੀ ਸਾਹਿਤ ਅਕਾਦਮੀ’ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ।
ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਕਵਿਤਾ ਦੀ ਰੁਮਾਂਟਿਕ ਕਾਵਿ ਧਾਰਾ ਨਾਲੋਂ ਸੰਬੰਧਿਤ ਕਰਕੇ ਦੇਖਿਆ ਜਾਂਦਾ ਹੈ। ਪਰ ਸਮਾਜਵਾਦੀ ਵਿਚਾਰਧਾਰਾ ਵਾਲੀਆਂ ਉਸ ਦੀਆਂ ਕਵਿਤਾਵਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤੀ ਜਾ ਸਕਦਾ ਹੈ। ਉਦਾਹਰਨ ਵਜੋਂ ਉਸ ਦੀਆਂ ਨਿਮਨਲਿਖਤ ਸਤਰਾਂ ਪੇਸ਼ ਹਨ। ਜਿਨ੍ਹਾਂ ‘ਚ ਉਸ ਦੀ ਸਮਾਜਵਾਦੀ ਵਿਚਾਰਧਾਰਾ ਝਲਕਦੀ ਹੈ—
—ਕਿੱਕਰਾਂ ਵੇ ਕੰਡਿਆਲਿਆ ਉਤੋਂ ਚੜ੍ਹਿਆ ਪੋਹ,
ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ।
—ਫੇਰ ਕਦੇ ਕੋਈ ਲੈਨਿ ਜੰਮੇ,
ਤੇ ਸਰਮਾਏਦਾਰ ਦੀ ਚੱਕੀ ਪੀਠੇ,
ਮਜ਼ਦੂਰ ਵੀ ਅੱਖਾਂ ਖੋਲ੍ਹੇ।
ਆਮ ਤੌਰ ‘ਤੇ ਪਾਠਕ ਅੰਮ੍ਰਿਤਾ ਪ੍ਰੀਤਮ ਨੂੰ ਕਵਿਤਰੀ ਵਜੋਂ ਹੀ ਜਾਣਦੇ ਹਨ ਪਰ ਉਸਨੇ ਨਾਵਲ ਵੀ ਲਿਖੇ ਹਨ, ਜਿਸ ਵਿਚ ‘ਜੈ ਸ਼ਿਰੀ’, 1946 ਵਿਚ ਛਪਿਆ ਸੀ। ਇਸ ਤੋਂ ਇਲਾਵਾ ‘ਡਾ. ਦੇਵ’, ‘ਬੰਦ ਦਰਵਾਜਾ’, ‘ਚੱਕ ਨੰਬਰ 36’, ‘ਧੁੱਪ ਦੀ ਕਾਤਰ’, ‘ਏਰੀਅਲ (ਨਾਵਲਿਟ—, ‘ਯਾਤਰੀ’, ‘ਅੱਸੂ’, ‘ਪਿੰਜਰ’, ਆਦਿ ਨਾਵਲਾਂ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ।
ਅੰਮ੍ਰਿਤਾ ਪ੍ਰੀਤਮ ਦੇ ਸਫ਼ਰਨਾਮਿਆਂ ਵਿਚ ਉਸਦਾ ਲਿਖਿਆ ਸਫ਼ਰਨਾਮਾ ਇੱਕੀ ਪੱਤੀਆਂ ਦਾ ਗੁਲਾਬ ਯੂਰਪ ਬਾਰੇ ਅਤੇ ‘ਅੱਗ ਦੀਆਂ ਲੀਕਾਂ, ‘ਯੁਗੋਸਲਾਵੀਆ ਬਾਰੇ ਲਿਖਿਆ ਸਫ਼ਰਨਾਮਾ ਹੈ।
ਅੰਮ੍ਰਿਤਾ ਪ੍ਰੀਤਮ ਦੀ ਲਿਖੀ ਸਵੈ-ਜੀਵਨੀ ‘ਰਸੀਦੀ ਟਿਕਟ’ ਨੂੰ ਅੱਜ ਵੀ ਪੰਜਾਬੀ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।? ਜਿਸ ਵਿਚ ਉਸ ਨੇ ਆਪਣੇ ਪਰਿਵਾਰਕ ਅਤੇ ਸਮਾਜਿਕ ਆਲੇ-ਦੁਆਲੇ ਦਾ ਬੇਬਾਕੀ ਨਾਲ ਵਰਨਣ ਕੀਤਾ ਹੈ।
ਅੰਮ੍ਰਿਤਾ ਪ੍ਰੀਤਮ ਨੂੰ ਭਾਰਤੀ ਸਾਹਿਤ ਅਕਾਦਮੀ ਇਨਾਮ ਤੋਂ ਇਲਾਵਾ ਵੱਡੇ ਅਤੇ ਵਿਕਾਰੀ ਸਨਮਾਨਾਂ ਵਿਚ ‘ਪਦਮਸ੍ਰੀ’, ‘ਪਦਮ ਵਿਭੂਸ਼ਣ ਗਿਆਨ ਪੀਠ ਪੁਰਸਕਾਰ, ਸਰਸਵਤੀ ਐਵਾਰਡ ਆਦਿ ਪ੍ਰਾਪਤ ਹੋਏ। 1980 ਵਿਚ ਉਸ ਨੂੰ ਬੁਲਗਾਰੀਆ ਦੇ ਅੰਤਰ ਰਾਸ਼ਟਰੀ ਪੁਰਸਕਾਰ ‘ਨਿਕੋਲਾ ਪਵਤਸਾਰੋਵ’ ਨਾਲ ਸਨਮਾਨਿਆ ਗਿਆ। ਦਿੱਲੀ ਯੂਨੀਵਰਸਿਟੀ ਵੱਲੋਂ ਉਸ ਨੂੰ ਡੀ-ਲਿਟ ਦੀ ਡਿਗਰੀ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਨਾਲ ਵੀ ਨਿਵਾਜਿਆ ਗਿਆ। ਹੋਰ ਬਹੁਤ ਸਾਰੇ ਮਾਣ-ਸਨਮਾਨਾਂ ਤੋਂ ਇਲਾਵਾ ਉਸ ਦੀ ਰਾਜ ਸਭਾ ਮੈਂਬਰ ਦੇ ਤੌਰ ‘ਤੇ ਵੀ ਨਾਮਜ਼ਦਗੀ ਕੀਤੀ ਗਈ। ਜੇਕਰ ਉਸ ਦੇ ਮਾਣ-ਸਨਮਾਨ ਗਿਣਨ ਲਗੀਏ ਤਾਂ ਸੂਚੀ ਬਹੁਤ ਲੰਮੀ ਹੋਵੇਗੀ। ਅੰਮ੍ਰਿਤਾ ਪ੍ਰੀਤਮ ਦੀ ਪੰਜਾਬੀ ਸਾਹਿਤ ਨੂੰ ਦੇਣ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ, ਕਿਉਂਕਿ ਉਸ ਨੇ ਇਕ ਆਮ ਪਰਿਵਾਰ ਵਿਚ 31 ਅਗਸਤ, 1919 ਨੂੰ ਸ. ਕਰਤਾਰ ਸਿੰਘ ਹਿਤਕਾਰੀ ਦੇ ਘਰ ਵਿਚ ਜਨਮ ਲੈ ਕੇ ਸਾਹਿਤਕ ਤਰੱਕੀ ਦੀਆਂ ਏਨੀਆਂ ਮੰਜ਼ਿਲਾਂ ਸਰ ਕੀਤੀਆਂ, ਜਿਹੜੀਆਂ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ। ਅੰਮ੍ਰਿਤਾ ਪ੍ਰੀਤਮ ਨੇ ਆਲ ਇੰਡੀਆ ਰੇਡੀਓ ਵਾਸਤੇ ਗੀਤ ਅਤੇ ਰੂਪਕ ਵੀ ਲਿਖੇ ਅਤੇ ਉਹ ਉੱਥੇ ਪੰਜਾਬੀ ਪ੍ਰੋਗਰਾਮਾਂ ਦੇ ਰਾਈਟਰ ਅਤੇ ਪ੍ਰੋਡਿਊਸਰ ਵਰਗੇ ਅਹਿਮ ਅਹੁਦੇ ਉੱਤੇ ਵੀ ਬਿਰਾਜ਼ਮਾਨ ਰਹੀ। ਉਸ ਦੇ ਘਰ ਵਿਚ ਨਵਰਾਜ ਅਤੇ ਕੰਦਲਾ ਨਾਂ ਦੇ ਬੇਟੇ-ਬੇਟੀ ਨੇ ਜਨਮ ਲਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਆਖ਼ਰੀ ਸਾਹ 31 ਅਕਤੂਬਰ, 2005 ਨੂੰ ਬਿਮਾਰੀ ਨਾਲ ਜੂਝਦਿਆਂ ਲਏ। ਅੰਮ੍ਰਿਤਾ ਪ੍ਰੀਤਮ ਦਾ ਨਾਮ ਪੰਜਾਬੀ ਸਾਹਿਤ ਜਗਤ ਵਿਚ ਧਰੂ-ਤਾਰੇ ਵਾਂਗੂ ਹਮੇਸ਼ਾ ਚਮਕਦਾ ਰਹੇਗਾ। ਉਸਨੇ ਆਪਣੀ ਬਹੁ-ਪੱਖੀ ਪ੍ਰਤਿਭਾ ਨਾਲ ਏਨੀਆਂ ਪ੍ਰਾਪਤੀਆਂ ਕੀਤੀਆਂ ਕੇ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਵੀ ਗੁਜਰਾਂਵਾਲੇ ਵਿਚ ਜਨਮੀ ਅੰਮ੍ਰਿਤਾ ਪ੍ਰੀਤਮ ਨੂੰ ਬੜੇ ਮਾਣ ਨਾਲ ਯਾਦ ਕਰਨਗੀਆਂ। ਅੰਮ੍ਰਿਤਾ ਪ੍ਰੀਤਮ ਪੰਜਾਬ ਪੰਜਾਬੀ-ਭਾਸ਼ਾ ਅਤੇ ਪੰਜਾਬੀਅਤ ਦੀ ਆਵਾਜ਼ ਸੀ, ਜਿਸ ਨੇ ਪੰਜਾਬੀ ਸਾਹਿਤ ਅਤੇ ਲੋਕ ਸਾਹਿਤ ਦੇ ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਅੱਜ ਵੀ ਉਸਨੂੰ ਹਰ ਕੋਈ ਚੇਤੇ ਕਰਦਾ ਹੈ,
ਹਰ ਪੰਜਾਬੀ ਮਾਣ ਓਸ ‘ਤੇ ਕਰਦਾ ਹੈ,
ਸਦਾ ਦਿਲਾਂ ਵਿਚ ਵਸਦੀ ਕਦੇ ਵੀ ਭੁੱਲਣੀ ਨਾ,
ਅੰਮ੍ਰਿਤਾ ਦੀਆਂ ਰਚਨਾਵਾਂ ਹਰ ਕੋਈ ਪੜ੍ਹਦਾ ਹੈ।
Read more
ਮੇਰੀ ਸਭ ਤੋਂ ਉੱਤਮ ਰਚਨਾ
ਆਲੋਚਨਾਤਮਕ ਲੇਖ : ਪੰਜਾਬੀ ਮਿੰਨੀ ਕਹਾਣੀ : ਇੱਕ ਵਿਸ਼ਲੇਸ਼ਣ
ਸੰਦੂਕੜੀ ਖੋਲ੍ਹ ਨਰੈਣਿਆ