
ਹਰਮੀਤ ਵਿਦਿਆਰਥੀ
ਪੰਜਾਬੀਆਂ ਦੀ ਚੇਤਾ ਸ਼ਕਤੀ ਬਹੁਤ ਥੋੜ੍ਹੀ ਹੈ । ਪਹਿਲੀ ਗੱਲ ਆਪਣੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਅਤੇ ਖਿਡਾਰੀਆਂ ਆਦਿ ਨੂੰ ਵਿਸਾਰਨ ਲੱਗਿਆਂ ਪਲ ਵੀ ਨਹੀਂ ਲਾਉਂਦੀ। ਦੂਸਰਾ ਪੰਜਾਬੀ ਸਮਾਜ ਵਿੱਚ ਹਾਜ਼ਰੀ ਦਾ ਅਧਿਆਤਮ ਬਹੁਤ ਹੈ। ਇੱਕ ਲਤੀਫ਼ਾ ਬਹੁਤ ਮਸ਼ਹੂਰ ਹੈ। ਇੱਕ ਕਵੀ ਦੂਸਰੇ ਨੂੰ ਕਹਿੰਦਾ, ”ਪੰਜਾਬੀ ਵਿੱਚ ਤਿੰਨ ਹੀ ਵੱਡੇ ਕਵੀ ਹਨ, ਇੱਕ ਸੁਰਜੀਤ ਪਾਤਰ ਦੂਜਾ ਮੈਂ ਅਤੇ ਤੀਜਾ ਤੂੰ।” ਇਸ ਵਾਰਤਾਲਾਪ ਵਿੱਚ ਸੁਰਜੀਤ ਪਾਤਰ ਅਤੇ ਮੈਂ ਫ਼ਿਕਸ ਹਨ, ‘ਤੂੰ’ ਹਾਜ਼ਰੀ ਦੇ ਲਿਹਾਜ਼ ਨਾਲ ਬਦਲਦਾ ਰਹਿੰਦਾ ਹੈ।
ਜਿਊਂਦੇ ਜੀਅ ਸਾਹਿਤਕ ਰਿਆਸਤ ਦੀ ਬਾਦਸ਼ਾਹੀ ਭੋਗਣ ਵਾਲੇ ਕਿਵੇਂ ਸਰੀਰ ਛੱਡਦਿਆਂ ਹੀ ਸਾਹਿਤਕ ਦ੍ਰਿਸ਼ ਤੋਂ ਅੱਖੋਂ ਓਹਲੇ ਕਰ ਦਿੱਤੇ ਗਏ। ਇਸ ਦੀਆਂ ਮਿਸਾਲਾਂ ਦੇਣ ਲਈ ਦਿਮਾਗ਼ ਤੇ ਬਹੁਤਾ ਜ਼ੋਰ ਪਾਉਣ ਦੀ ਜ਼ਰੂਰਤ ਵੀ ਨਹੀਂ ਪਵੇਗੀ। ਅੰਮ੍ਰਿਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਡਾ. ਸਤਿੰਦਰ ਸਿੰਘ ਨੂਰ ਵੀ ਪੰਜਾਬੀਆਂ ਦੇ ਇਸ ਵਰਤਾਰੇ ਦਾ ਸ਼ਿਕਾਰ ਹੋਏ ਹਨ। ਹਰ ਚੌਥੇ ਦਿਨ K-25 ਹੌਜ਼ ਖਾਸ ਦੀ ਚੌਖਟ ਮਿੱਧਣ ਵਾਲੇ ਅਤੇ ਫਿਰ ਅੰਮ੍ਰਿਤਾ ਜੀ ਨਾਲ ਮਿਲਣੀ ਨੂੰ ਪਰੀ ਕਹਾਣੀਆਂ ਵਾਂਗ ਹਫ਼ਤਿਆਂ ਬੱਧੀ ਯਾਰਾਂ ਦੀਆਂ ਢਾਣੀਆਂ ਵਿੱਚ ਸੁਣਾਉਣ ਵਾਲਿਆਂ ਦੇ ਮੂੰਹੋਂ ਹੁਣ ਕਦੇ ਅੰਮ੍ਰਿਤਾ ਜੀ ਦਾ ਜ਼ਿਕਰ ਤੱਕ ਨਹੀਂ ਸੁਣਿਆਂ। ਸਿਰਫ਼ ”ਅਮ੍ਰਿਤਾ ਦੀਆਂ ਧੀਆਂ” ਨਾਂ ਨਾਲ ਬਣਿਆਂ ਇਸਤਰੀ ਲੇਖਕਾਂ ਦਾ ਇੱਕ ਸਮੂਹ ਜ਼ਰੂਰ ਕਦੇ ਕਦੇ ਅੰਮ੍ਰਿਤਾ ਜੀ ਨੂੰ ਯਾਦ ਕਰ ਲੈਂਦਾ ਹੈ। ਉਹ ਵੀ ਜਿਊਂਦੀ ਰਹੇ ਅਮੀਆ ਕੁੰਵਰ ਪਰ ਆਪਣੇ ਵੱਡੇ ਲੇਖਕਾਂ ਨੂੰ ਕਿਸ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ ਉਹ ਗ਼ਾਇਬ ਹੈ।
ਆਖਰ ਸਵੇਰ ਦੇ ਪੌਣੇ ਪੰਜ ਵਜੇ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਹਾਂ… ਅਸਲ ਵਿੱਚ ਕੱਲ੍ਹ ਅਮ੍ਰਿਤਸਰ ਵਿੱਚ ਸਾਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਨਵੀਂ ਟੀਮ ਦੀ ਪਹਿਲੀ ਮੀਟਿੰਗ ਸੀ। ਅੰਮ੍ਰਿਤਸਰ ਜਾਵਾਂ ਤਾਂ ਦੋ ਬੰਦੇ ਬਹੁਤ ਯਾਦ ਆਉਂਦੇ ਨੇ। ਇੱਕ ਨਾਲ ਮੇਰੀ ਦਹਾਕਿਆਂ ਦੀ ਸਾਂਝ ਸੀ ਅਨੇਕਾਂ ਮੁਲਾਕਾਤਾਂ, ਮੋਹ, ਲੜਾਈਆਂ ‘ਅੱਖਰ’ ਵਾਲਾ ਭਾਅ ਪ੍ਰਮਿੰਦਰਜੀਤ (ਚੰਗਾ ਹੋਇਆ ਅੱਖਰ ਵਿਸ਼ਾਲ ਨੇ ਸਾਂਭ ਲਿਆ ਨਹੀਂ ਤਾਂ ਹੁਣ ਤੱਕ ‘ਅੱਖ’ ਵੀ ਹੁਣ ਤੱਕ ਇਤਿਹਾਸ ਦਾ ਹਿੱਸਾ ਬਣ ਗਿਆ ਹੁੰਦਾ ਤੇ ਦੂਜਾ ਰਾਜਬੀਰ, ਤੁਸੀਂ ਪੁੱਛ ਸਕਦੇ ਓ ਕਿਹੜਾ ਰਾਜਬੀਰ..? ਮੈਂ ਕਹਾਂਗਾ, ‘ਡੁੱਬਦੇ ਸੂਰਜ ਨਹੀਂ ਵੇਖੀਦੇ (1977), ਕਿਤੇ ਨਾ ਪਹੁੰਚਣ ਵਾਲੀ ਸੜਕ (1981) ਅਤੇ ਧੁਖ਼ਦਾ ਸ਼ਹਿਰ (1995) ਵਾਲਾ ਰਾਜਬੀਰ। ਡਾ. ਹਰਿਭਜਨ ਸਿੰਘ ਆਰਸੀ ਅਤੇ ਦ੍ਰਿਸ਼ਟੀ ਵਿੱਚ ਕਿਤਾਬਾਂ ਬਾਰੇ ਲੇਖਕਾਂ ਨੂੰ ਖੁੱਲ੍ਹੇ ਖ਼ਤ ਲਿਖਿਆ ਕਰਦੇ ਸਨ। ਉਹ ਖ਼ਤ ਉਨ੍ਹਾਂ ਦੀ ਮੁਕਾਬਲਤਨ ਅਣਗੌਲੀ ਪੁਸਤਕ ‘ਇੱਕ ਖ਼ਤ ਤੇਰੇ ਨਾਂ’ ਵਿੱਚ ਛਪੇ ਹਨ। ਇਹ ਕਿਤਾਬ ਹਰ ਇੱਕ ਲੇਖਕ ਨੂੰ ਅਤੇ ਆਲੋਚਕ ਨੂੰ ਖਾਸ ਤੌਰ ਤੇ ਪੜ੍ਹਨੀ ਚਾਹੀਦੀ ਹੈ ਅਤੇ ਕਿਸੇ ਪਬਲਿਸ਼ਰ ਨੂੰ ਇਹ ਕਿਤਾਬ ਦੁਬਾਰਾ ਛਾਪਣੀ ਚਾਹੀਦੀ ਹੈ।
ਇਸ ਪੁਸਤਕ ਵਿੱਚ ਇੱਕ ਖ਼ਤ ਰਾਜਬੀਰ ਦੇ ਨਾਂ ਵੀ ਹੈ। ਇਸੇ ਖ਼ਤ ਉਦੋਂ ਰਾਜਬੀਰ ਨੂੰ ਚਰਚਿਤ ਲੇਖਕ ਬਣਾ ਦਿੱਤਾ ਸੀ। ਭਈ ਡਾ. ਹਰਿਭਜਨ ਸਿੰਘ ਨੇ ਜਿਸ ਦਾ ਨੋਟਿਸ ਲਿਆ ਨਾ ਕੇਵਲ ਨੋਟਿਸ ਲਿਆ ਸਗੋਂ ਰੱਜ ਕੇ ਤਾਰੀਫ਼ ਕੀਤੀ, ਉਸ ਵਿੱਚ ਕੋਈ ਗੱਲ ਤਾਂ ਹੋਵੇਗੀ ਹੀ। ਬਹੁਤ ਲੋਕਾਂ ਨੇ ਬਿਨਾਂ ਰਾਜਬੀਰ ਨੂੰ ਪੜ੍ਹਿਆਂ ਡਾ.ਹਰਿਭਜਨ ਸਿੰਘ ਦੀ ਗਵਾਹੀ ਤੇ ਹੀ ਉਸ ਨੂੰ ਵਡਿਆਉਣਾ ਸ਼ੁਰੂ ਕਰ ਦਿੱਤਾ ਸੀ।
ਹੁਣ ਕਹਾਣੀ ਇਹ ਹੈ ਕਿ 1985 ਵਿੱਚ ਛਪੇ ਉਸਦੇ ਦੇ ਕਾਵਿ ਸੰਗ੍ਰਹਿ ‘ਧੁਖ਼ਦਾ ਸ਼ਹਿਰ’ ਤੋਂ ਬਾਅਦ ਰਾਜਬੀਰ ਸਾਹਿਤਕ ਦ੍ਰਿਸ਼ ਤੋਂ ਅਲੋਪ ਹੈ। ਅੰਮ੍ਰਿਤਸਰ ਵਿੱਚ ਬਹੁਤ ਲੋਕਾਂ ਤੋਂ ਪੁੱਛਿਆ….ਬਹੁਤਿਆਂ ਨੇ ਨਾਮ ਹੀ ਨਹੀਂ ਸੁਣਿਆ। ਜੇ ਕਿਸੇ ਨੇ ਨਾਮ ਸੁਣਿਆਂ ਹੈ ਤਾਂ ਅੱਜ ਉਹ ਕਿੱਥੇ ਹੈ ਕੁਝ ਪਤਾ ਨਹੀਂ। ਮੇਰੇ ਕੋਲ ਉਸਦੇ ਆਖਰੀ ਦੋਵੇਂ ਕਾਵਿ ਸੰਗ੍ਰਹਿ ਹਨ। ਇਹਨਾਂ ਦੋਵਾਂ ਪੋਥੀਆਂ ਵਿੱਚ ਅਜਿਹਾ ਕੁਝ ਨਹੀਂ ਜਿਸ ਤੋਂ ਉਸ ਦੇ ਨਿੱਜ ਬਾਰੇ ਕੋਈ ਜਾਣਕਾਰੀ ਮਿਲਦੀ ਹੋਵੇ। ਅੱਸੀ ਅੱਸੀ ਸਫ਼ੇ ਦੀਆਂ ਦੋਵੇਂ ਕਿਤਾਬਾਂ ਨਾਨਕ ਸਿੰਘ ਪੁਸਤਕ ਮਾਲਾ ਨੇ ਛਾਪੀਆਂ ਹਨ। ਇੱਕ ਵਿੱਚ ਭੂਮਿਕਾ ਵਜੋਂ ਪ੍ਰਮਿੰਦਰਜੀਤ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਅਤੇ ਬੈਕ ਟਾਈਟਲ ਤੇ ਡਾ. ਹਰਿਭਜਨ ਸਿੰਘ ਦੀ ਸੰਖੇਪ ਟਿੱਪਣੀ ਅਤੇ ਦੂਜੀ ਪੁਸਤਕ ਕੁਲਬੀਰ ਸਿੰਘ ਸੂਰੀ ਦੀ ਪੰਜ ਸਤਰਾਂ ਦੀ ਟਿੱਪਣੀ..
ਕੋਈ ਜਾਣਦਾ ਹੈ ਇਸ ਰਾਜਬੀਰ ਨੂੰ..
ਰਾਜਬੀਰ ਸ਼ੁੱਧ ਕਵੀ ਹੈ/ਸੀ। ਕਵਿਤਾ ਹੀ ਉਸ ਦਾ ਅਸਲੀ ਤੁਆਰਫ਼ ਹੋ ਸਕਦੀ ਹੈ। ਹਾਲਾਂਕਿ ਲੱਭ ਜਾਵੇ ਤਾਂ ਮੈਂ ਉਸ ਮਨੁੱਖ ਨੂੰ ਵੀ ਮਿਲਣਾ ਚਾਹੁੰਦਾ ਹਾਂ…. ਜਿਹੜਾ ਵਾਰ ਵਾਰ ਤੁਹਾਨੂੰ ਮਸ਼ਵਰਾ ਦੇ ਰਿਹਾ ਕਿ ਡੁੱਬਦੇ ਸੂਰਜ ਨਹੀਂ ਵੇਖੀਦੇ। (14 ਮਈ 2023)
ਲੱਭਿਆ ਲੁਭਾਇਆ ਸਦਾ ਲਈ ਗੁਆਚ ਗਿਆ ਰਾਜਬੀਰ
ਮੈਂ ਕਈ ਸਾਲ ਰਾਜਬੀਰ ਨੂੰ ਲੱਭਦਾ ਰਿਹਾ। ”ਡੁੱਬਦੇ ਸੂਰਜ ਨਹੀਂ ਵੇਖੀਦੇ”, ”ਕਿਤੇ ਨਾ ਪਹੁੰਚਣ ਵਾਲੀ ਸੜਕ” ਅਤੇ ”ਧੁਖਦਾ ਸ਼ਹਿਰ” ਵਾਲਾ ਰਾਜਬੀਰ। ਅੱਸੀ ਦੇ ਦੌਰ ਵਿੱਚ ਜਿਸ ਦੀ ਬੜੀ ਚੜ੍ਹਾਈ ਸੀ। ਪੰਜਾਬੀ ਯੂਨੀਵਰਸਿਟੀ ਵਿੱਚ ਐਮ.ਏ. ਦੇ ਪੀ ਸੀ ਪੀ ਲਾਉਂਦਿਆਂ ਦਿੱਲੀ ਵਾਲੇ ਬਾਬੇ ਹਰਿਭਜਨ ਸਿੰਘ ਦਾ ਉਸ ਬਾਰੇ ਲੰਬਾ ਲੇਖ ਪੜ੍ਹਦਾ ਹਾਂ ਅਤੇ ਰਾਜਬੀਰ ਮੇਰੇ ਮਨ ਦੇ ਇੱਕ ਕੋਨੇ ਵਿੱਚ ਆਣ ਕੇ ਬਹਿ ਜਾਂਦਾ ਹੈ । ਸਾਹਿਤਕ ਹਲਕਿਆਂ ਵਿੱਚ ਉਸਦੀ ਬੜੀ ਚਰਚਾ ਹੁੰਦੀ ਹੈ ਪਰ ਰਾਜਬੀਰ ਲਾਪਤਾ ਹੈ। ਪਿਛਲੇ ਚਾਰ ਪੰਜ ਸਾਲਾਂ ਤੋਂ ਜਦੋਂ ਵੀ ਅਮ੍ਰਿਤਸਰ ਗਿਆ ਹਾਂ, ਰਾਜਬੀਰ ਬਾਰੇ ਪੁੱਛ ਪੜਤਾਲ ਜ਼ਰੂਰ ਕਰਦਾ ਸਾਂ ਪਰ ਉਹਦੀ ਕੋਈ ਖ਼ਬਰ ਸਾਰ ਨਾ ਮਿਲਦੀ। ਇਸੇ ਸਾਲ ਚੌਦਾਂ ਮਈ ਨੂੰ ਮੈਂ ਫੇਸਬੁੱਕ ਤੇ ਰਾਜਬੀਰ ਬਾਰੇ ਇੱਕ ਲੰਬੀ ਟਿੱਪਣੀ ਲਿਖਦਾ ਹਾਂ ਅਤੇ ਉਸ ਦੀਆਂ ਕੁਝ ਨਜ਼ਮਾਂ ਵੀ ਸਾਂਝੀਆਂ ਕਰਦਾ ਹਾਂ । ਬਹੁਤ ਦੋਸਤ ਇਸ ਸ਼ਾਇਰ ਦੇ ਨਾਮ ਤੇ ਹੈਰਾਨ ਹੁੰਦੇ ਹਨ। ਉਸੇ ਦਿਨ ਦੁਪਹਿਰ ਵੇਲੇ ਇੱਕ ਫ਼ੋਨ ਆਉਂਦਾ ਹੈ ਕੁਲਬੀਰ ਸਿੰਘ ਸੂਰੀ ਹੁਰਾਂ ਦਾ। ਪਤਾ ਲੱਗਦਾ ਹੈ ਕਿ ਉਹ ਰਾਜਬੀਰ ਦੇ ਪ੍ਰਕਾਸ਼ਕ ਹਨ। ਮੈਨੂੰ ਰਾਜਬੀਰ ਦੀਆਂ ਤਿੰਨ ਕਿਤਾਬਾਂ ਦਾ ਹੀ ਪਤਾ ਸੀ । ਉਹ ਦੱਸਦੇ ਹਨ ਕਿ ਰਾਜਬੀਰ ਦੀਆਂ ਚਾਰ ਕਿਤਾਬਾਂ ਹੋਰ ਹਨ ਅਤੇ ਰਾਜਬੀਰ ਅਜੇ ਜਿਊਂਦਾ ਹੈ ਤੇ ਅੰਮ੍ਰਿਤਸਰ ਵਿੱਚ ਹੀ ਰਹਿੰਦਾ ਹੈ । ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਰਾਜਬੀਰ ਦੀਆਂ ਕਿਤਾਬਾਂ ਮੈਨੂੰ ਭੇਜ ਦੇਣ। ਉਹਨਾਂ ਕਿਤਾਬਾਂ ਭੇਜਣ ਦਾ ਵਾਅਦਾ ਕੀਤਾ। ਮੈਂ ਬਹੁਤ ਖੁਸ਼ ਸੀ ਕਿ ਮੈਂ ਆਪਣੇ ਮਨਪਸੰਦ ਕਵੀ ਨੂੰ ਲੱਭ ਲਿਆ। ਸੋਚਿਆ ਕਿ ਮੈਂ ਉਸ ਨੂੰ ਮਿਲਣ ਜਾਵਾਂਗਾ। ਸੁਖਜਿੰਦਰ ਅਤੇ ਸ਼ਬਦੀਸ਼ ਨੂੰ ਨਾਲ ਲੈ ਕੇ ਜਾਵਾਂਗਾ। ਜੇ ਸੰਭਵ ਹੋਇਆ ਤਾਂ ਉਸ ਦੀ ਲੰਮੀ ਇੰਟਰਵਿਊ ਕਰਾਂਗੇ। ਜਿਊਂਦੇ ਜੀਅ ਗੈਰਹਾਜ਼ਰ ਹੋ ਗਏ ਸ਼ਾਇਰ ਦੀ ਇਹ ਇੰਟਰਵਿਊ ਸੱਚਮੁੱਚ ਇੱਕ ਵਿਲੱਖਣ ਕਾਰਜ ਹੋਵੇਗਾ। ਕੁਲਬੀਰ ਸਿੰਘ ਸੂਰੀ ਹੁਰੀਂ ਤਨਦੇਹੀ ਨਾਲ ਉਸ ਦੀਆਂ ਕਿਤਾਬਾਂ ਇਕੱਠੀਆਂ ਕਰ ਰਹੇ ਸਨ। ”ਡੁੱਬਦੇ ਸੂਰਜ ਨਹੀਂ ਵੇਖੀਦੇ” ਦੀ ਭਾਲ ਲੰਮੀ ਹੋ ਗਈ ਸੀ। ਕੁਝ ਮੈਂ ਪਰਿਵਾਰਕ ਰੁਝੇਵਿਆਂ ਵਿੱਚ ਗਲ ਗਲ ਤੱਕ ਫਸਿਆ ਹੋਇਆ ਸਾਂ।
ਅੱਜ ਜਲੰਧਰ ਤੋਂ ਵਾਪਸ ਆਇਆ ਤਾਂ ਘਰ ਰਾਜਬੀਰ ਦੀਆਂ ਕਿਤਾਬਾਂ ਦਾ ਬੰਡਲ ਆਇਆ ਹੋਇਆ ਸੀ। ਇੱਕ ਵਾਰ ਤਾਂ ਘਰੇਲੂ ਪਰੇਸ਼ਾਨੀਆਂ ਭੁੱਲ ਕੇ ਖਿੜ ਗਿਆ ਸਾਂ। ‘ਤਿੰਨ ਹੱਥਾਂ ਵਾਲੇ ਦੇਵਤੇ’, ‘ਛੱਲ ਸਮੁੰਦਰ ਦੀ’, ‘ਰਬਾਬ’ ਅਤੇ 2013 ਵਿੱਚ ਛਪਿਆ ਉਸ ਦਾ ਆਖਰੀ ਕਾਵਿ ਸੰਗ੍ਰਹਿ ‘ਅਸਮਾਨ ਵੱਲ ਖੁੱਲ੍ਹਦੀ ਖਿੜਕੀ’ ਰਾਜਬੀਰ ਦੀ ਕਾਵਿ ਸਮਰੱਥਾ ਦਾ ਸੱਤਵਾਂ ਮੋੜ ਹੈ ਰਾਜਬੀਰ ਦੀਆਂ ਕਿਤਾਬਾਂ ਨੂੰ ਹੱਥ ਲਾਉਂਦਿਆਂ ਲੱਗਾ ਸੀ ਜਿਵੇਂ ਰਾਜਬੀਰ ਨੂੰ ਹੀ ਛੋਹ ਰਿਹਾ ਹੋਵਾਂ। ਮੈਨੂੰ ਆਪਣੇ ਆਪ ਤੇ ਮਾਣ ਹੋ ਰਿਹਾ ਸੀ ਕਿ ਮੈਂ ਰਾਜਬੀਰ ਨੂੰ ਲੱਭ ਲਿਆ ਹੈ।
ਕੁਲਬੀਰ ਸਿੰਘ ਸੂਰੀ ਹੁਰਾਂ ਨੂੰ ਫ਼ੋਨ ਕੀਤਾ। ਉਨ੍ਹਾਂ ਫ਼ੋਨ ਚੁੱਕਿਆ ਨਹੀਂ। ਕੁਝ ਦੇਰ ਬਾਅਦ ਉਨ੍ਹਾਂ ਦਾ ਵਾਪਸ ਫ਼ੋਨ ਆਇਆ। ਮੈਂ ਅਜੇ ਉਨ੍ਹਾਂ ਦੀ ਮਿਹਰਬਾਨੀ ਦੀ ਬਾਰਿਸ਼ ਵਿੱਚ ਭਿੱਜ ਰਿਹਾ ਸੀ ਕਿ ਉਨ੍ਹਾਂ ਦੀ ਲਰਜ਼ਦੀ ਆਵਾਜ਼ ਨੇ ਦੱਸਿਆ ਕਿ ਪਰਸੋਂ ਰਾਜਬੀਰ ਅਗੰਮੀ ਰਾਹਾਂ ਤੇ ਤੁਰ ਗਿਆ। ਮੈਂ ਠਠੰਬਰ ਗਿਆ ਜਿਵੇਂ ਕਿਸੇ ਨੇ ਮੇਰੇ ਹੱਥ ਵਿੱਚ ਖਜ਼ਾਨਾ ਫੜਾ ਕੇ ਉਸੇ ਵੇਲੇ ਖੋਹ ਲਿਆ ਹੋਵੇ। ਜਿਵੇਂ ਕੋਈ ਸਕਾ ਸੋਧਰਾ ਹੱਥਾਂ ਵਿੱਚੋਂ ਕਿਰ ਜਾਵੇ। ਮੌਤ ਅਟੱਲ ਸਚਾਈ ਹੈ ਪਰ ਰਾਜਬੀਰ ਵਰਗੇ ਕਵੀ ਦਾ ਇਉਂ ਚੁੱਪ ਚੁਪੀਤੇ ਤੁਰ ਜਾਣਾ ਸਾਡੇ ਸਾਹਿਤਕ ਭਾਈਚਾਰੇ ਦੇ ਸੰਵੇਦਨਹੀਣ ਹੁੰਦੇ ਜਾਣ ਦੀ ਗਵਾਹੀ ਹੈ।
ਰਾਜਬੀਰ….! ਅਸੀਂ ਤੇਰੇ ਮੁਜਰਿਮ ਹਾਂ।
(26 ਜੂਨ 2023)
ਉਡੀਕ
ਹੜ੍ਹਾਂ ਵਰਗਾ ਕੁਝ ਆਉਣ ਨਾਲ
ਸੜਕਾਂ ਵਰਗੀ ਕੋਈ ਚੀਜ਼ ਟੁੱਟ ਗਈ , ਡੁੱਬ ਗਈ
ਰੇਲ ਦੀ ਹੜਤਾਲ ਵਰਗਾ ਕੁਝ ਹੋਇਆ
ਬੰਦ ਹੋਇਆ ਕੁਝ ਡਾਕ ਵਰਗਾ , ਤਾਰ ਵਰਗਾ
ਤੇ ਮੇਰਾ ਉਦਾਸ ਮਨ
ਉਡੀਕ ਰਿਹਾ ਹੈ
ਰਾਜੀ ਖੁਸ਼ੀ ਦੀ ਚਿੱਠੀ ਵਰਗਾ ਕੁਝ, ਕਿਸੇ ਪਾਸਿਓਂ!
(ਡੁੱਬਦੇ ਸੂਰਜ ਨਹੀਂ ਵੇਖੀਦੇ)
ਡੁੱਬ ਜਾਵਾਂਗਾ ਮੈਂ
ਮੈਂ ਸਿਆਹੀ ਦੀ ਥਾਂ
ਪਾਣੀ ਵਿੱਚ ਕਲਮ ਡੋਬਾਂਗਾ
ਪਾਣੀ ਵਿੱਚ ਸੀਤਲਤਾ ਹੈ
ਨਿਮਰਤਾ ਹੈ-
ਜਾਂਦਾ ਨਿਵਾਣ ਵੱਲ
ਮੋਹ ਲੈਂਦਾ ਦਿਲ ਮੇਰਾ
ਪਾਣੀ ਵਿੱਚ ਚੰਦਰਮਾ ਡੋਲਦਾ ਹੈ
ਰੌਸ਼ਨੀ ਘੋਲਦਾ ਹੈ
ਜਾਂ ਸਿਆਹੀ ਦੀ ਥਾਂ ਮੈਂ
ਲਹੂ ਵਿੱਚ ਕਲਮ ਡੋਬਾਂਗਾ
ਦੀਵਾਰਾਂ ਢਾਹ ਦੇਣ ਦਾ
ਲਹੂ ਵਿੱਚ ਹੈ ਜਜ਼ਬਾ
ਲਹੂ ਦਾ ਰੰਗ ਲਾਲ
ਲਾਲ ਰੰਗ ਸੋਹਣੀ ਸੋਭਾ ਵਾਲਾ
ਸੁੰਦਰ ਆਭਾ ਵਾਲਾ
ਮੈਂ ਰੰਗ ਵਿੱਚ ਕਲਮ ਨਹੀਂ ਡੋਬਾਂਗਾ
ਆਪ ਡੁੱਬਾਂਗਾ…।
(ਅਸਮਾਨ ਵੱਲ ਖੁੱਲ੍ਹਦੀ ਖਿੜਕੀ)
ਅਸੀਂ ਗੁਨਾਹਗਾਰ ਹਾਂ
ਬੱਚਿਓ!
ਗੁਲਾਬ ਦੇ ਫੁੱਲ ਬੂਟਿਆਂ ‘ਤੇ ਨਹੀਂ
ਗੱਲ੍ਹਾਂ ਤੇ ਖਿੜਦੇ ਹਨ
ਬੱਚਿਆਂ ਦੀਆਂ ਗੱਲ੍ਹਾਂ ਤੇ ਖਿੜਦੇ ਹਨ
ਤੇ ਉਮਰ ਭਰ ਮੁਰਝਾਉਂਦੇ ਨਹੀਂ
ਜੇ ਤੁਹਾਨੂੰ ਆਪਣੀਆਂ ਗੱਲ੍ਹਾਂ ਤੇ ਸੂਹੇ ਫੁੱਲ ਨਹੀਂ ਲੱਭਦੇ
ਸਾਨੂੰ ਗਲਮਿਆਂ ਤੋਂ ਫੜਕੇ ਪੁੱਛੋ
ਅਸੀਂ ਤੁਹਾਡੇ ਗੁਨਾਹਗਾਰ ਹਾਂ
ਲਫ਼ਜ਼ਾਂ ਬਾਰੇ
ਲਫ਼ਜ਼ਾਂ ‘ਤੇ ਇਲਜ਼ਾਮ ਨਾ ਲਾਓ !
ਲਫ਼ਜ਼ ਅਰਥ ਵਿਹੂਣੇ ਨਹੀਂ ਹੁੰਦੇ
ਇਹ ਨਾ ਭੁਲੋ
ਕਿ ਜਦ ਵੀ ਅਸੀਂ ਕੁਝ ਬੋਲਦੇ ਹਾਂ
ਲਫ਼ਜ਼ ਜ਼ੁਬਾਨ ਤੋਂ ਨਿਕਲ ਕੇ
ਸਾਡੇ ਸਾਹਮਣੇ ਹਵਾ ਵਿੱਚ ਠਹਿਰਦੇ ਹਾਂ
ਸਾਡੇ ਮੂੰਹ ਵੱਲ ਵਿਹੰਦੇ ਹਨ
ਤੇ ਅਰਥ ਵਿਹੂਣੀ ਸ਼ੈ ਸਮਝ ਕੇ ਸਾਨੂੰ
ਬੜੀ ਸ਼ਾਨ ਨਾਲ ਤੁਰ ਜਾਂਦੇ ਹਨ
ਲਫ਼ਜ਼ ਨਹੀਂ ਸਨ
ਤਾਂ ਅਸੀਂ ਆਪਾ ਖੋਲ੍ਹਣ ਲਈ ਬੇਚੈਨ ਸਾਂ
ਲਫ਼ਜ਼ ਮਿਲੇ
ਅਸੀਂ ਆਪਾ ਹੋਰ ਢਕ ਲਿਆ।
ਫ਼ੌਜੀ ਦੇ ਨਾਂ
ਤੇਰੇ ਟੋਪ ‘ਤੇ ਜਿਵੇਂ
ਹਰੇ ਘਾਹ ਦੀਆਂ ਤਿੜ੍ਹਾਂ ਦੇ ਗੁੱਛੇ
ਸਿਰ ਤੋਂ ਪੈਰਾਂ ਤੱਕ ਤੇਰੇ
ਹਰੇ ਖੇਤਾਂ ਦਾ ਲਿਬਾਸ
ਲੱਗੇਂ ਤੂੰ ਧਰਤੀ ਦਾ ਟੁਕੜਾ — ਮੇਰੇ ਦੇਸ਼ ਦੀ
ਪਰ ਧਰਤੀ ਤਾਂ ਮਿੱਧੀ ਹੋਈ
ਕੋਈ ਵਿਸਫੋਟ ਕਰਨਾ ਚਾਹੇ
ਲੁੱਟੀ ਖੋਹੀ—ਨਿਹੱਥੀ
ਹੱਥਾਂ ‘ਚ ਤੇਰੇ ਤਾਂ
ਵਿਸਫੋਟਕ ਪਦਾਰਥ
ਤੇਰੇ ਜਿਸਮ ‘ਤੇ
ਹਰੇ ਖੇਤਾਂ ਦਾ ਲਿਬਾਸ
ਧੋਖਾ ਮੇਰੀ ਨਜ਼ਰ ਦਾ
ਲੱਗੇਂ ਤੂੰ ਧਰਤੀ ਦਾ ਟੁਕੜਾ —
ਮੇਰੇ ਮਨ ਦਾ ਭਰਮ
ਤੇਰੇ ਮੋਢ੍ਹੇ ‘ਤੇ ਜੋ ਸਟੇਨ ਹੈ
ਮਿੱਟੀ ਦੀ ਇਹ ਕੀ ਲੱਗਦੀ ਹੈ ?
Read more
ਮੇਰੇ ਹੱਡਾਂ ‘ਚ ਮਚਲਦਾ ਪਾਰਾ ਅਨਿਲ ਆਦਮ
ਕਹਾਣੀ : ਪੇਮੀ ਦੇ ਨਿਆਣੇ
ਅਫ਼ਰੋਜ਼ ਅੰਮ੍ਰਿਤ