November 2, 2024

ਅਫ਼ਰੋਜ਼ ਅੰਮ੍ਰਿਤ

ਸ਼ਬਦ ਸ਼ਹਾਦਤ

ਤੇ ਫਿਰ ਇਕ ਦਿਨ ਤੂੰ ਆਈ

ਮੈਂ ਅਚਾਨਕ ਭੱਜ ਕੇ
ਜਾ ਖੜ੍ਹਾ ਸ਼ੀਸ਼ੇ ਅੱਗੇ

ਤੇਰੇ
ਇਕ ਇਕ ਸ਼ਬਦ ਦੇ ਨਾਲ ਮੈਂ
ਜ਼ਿੰਦਗੀ ਦੇ ਰੰਗਾਂ ਨੂੰ
ਮੁਹੱਬਤ ਦੇ ਅਹਿਸਾਸਾਂ ਨੂੰ
ਰੰਗੀਨ ਸੁਪਨਿਆਂ ਨੂੰ
ਤੇ ਇੱਥੋਂ ਤਕ
ਕਿ ਆਪਣੇ ਆਪ ਨੂੰ
ਪਹਿਲੀ ਵਾਰ ਤੱਕਿਆ ਸੀ ਉਦੋਂ

ਫਿਰ ਮੈਂ
ਇਕ ਇਕ ਪਲ ਨੂੰ
ਕੁਝ ਕਹਿੰਦਿਆਂ ਸੁਣਿਆ
ਹਰ ਸਾਹ ਤੋਂ ਸਬਕ ਲਿਆ

ਕਿਤਾਬਾਂ ‘ਚੋਂ ਪੜ੍ਹਦਿਆਂ
ਇਉਂ ਲੱਗਾ
ਜਿਵੇਂ ਸਿੱਖ ਕੇ ਤੈਥੋਂ
ਲਿਖ ਗਿਆ ਹੋਵੇ ਕੋਈ
ਤੇ ਸ਼ਾਇਦ ਇਹੀ ਕਾਰਨ ਹੈ
ਤੈਨੂੰ ਮਿਲਣ ਤੋਂ ਬਾਅਦ
ਕੋਈ ਕਿਤਾਬ ਮੈਂ
ਪੂਰੀ ਨਹੀਂ ਪੜ੍ਹ ਸਕਿਆ