February 6, 2025

‘ਸੁਪਨਿਆਂ ਦੀ ਦਸਤਖ਼ਤ’ ਨਾਲ ਸੁਪਨਾ ਹੋਈ ਗੁਰਪ੍ਰੀਤ ਕੌਰ ‘ਗੀਤ’

ਸੋਨੀਆ ਮਨਜਿੰਦਰ, ਸੰਪਾਦਕ

ਹੁਸ਼ਿਆਰ ਨੌਜਵਾਨ ਕਵਿੱਤਰੀ ਅਤੇ ਅਧਿਆਪਕਾ ਗੁਰਪ੍ਰੀਤ ਕੌਰ ‘ਗੀਤ’ ਦਾ ਉਸ ਦਿਨ ਦਿਹਾਂਤ ਹੋਇਆ, ਜਿਸ ਦਿਨ ਉਸ ਦੀ ਪਹਿਲੀ ਕਵਿਤਾ ਦੀ ਕਿਤਾਬ ਰਿਲੀਜ਼ ਹੋਣੀ ਸੀ। ਐਸ. ਡੀ. ਪਬਲਿਕ ਸਕੂਲ ਆਦਮਪੁਰ ਦੀ ਅਧਿਆਪਕਾ 29 ਸਾਲਾ ‘ਗੀਤ’ ਕੈਂਸਰ ਤੋਂ ਪੀੜਤ ਸੀ। ਦੁੱਖ ਦੀ ਗੱਲ ਹੈ ਕਿ ਉਹ ਆਪਣੀ ਕਿਤਾਬ ‘ਸੁਪਨਿਆਂ ਦੀ ਦਸਤਖਤ’ (ਸੁਪਨਿਆਂ ਦੇ ਦਸਤਖਤ) ਨੂੰ ਦੇਖ ਵੀ ਨਹੀਂ ਸਕੀ।  ਪ੍ਰਕਾਸ਼ਕ ਸੂਰਜ ਦੇ ਵਾਰਿਸ ਪਬਲਿਸ਼ਿੰਗ ਹਾਊਸ ਨੇ ਇਕ ਹਫ਼ਤੇ ਬਾਅਦ ਉਸ ਦੀ ਕਿਤਾਬ ਰਿਲੀਜ਼ ਕਰਨੀ ਸੀ ਪਰ ਬੇਨਤੀ ਕਰਨ ‘ਤੇ ਉਸ ਦੇ ਦਿਹਾਂਤ ਦੇ ਕੁਝ ਘੰਟਿਆਂ ਬਾਅਦ ਹੀ ਇਸ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ। ਫਿਰ ਕਿਤਾਬ ਦੀ ਇੱਕ ਕਾਪੀ ਉਸ ਦੇ ਸਰੀਰ ਦੇ ਨਾਲ ਰੱਖ ਦਿੱਤੀ ਗਈ ਅਤੇ ਉਸ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਗਿਆ। ਗੁਰਪ੍ਰੀਤ ਕੌਰ ਗੀਤ ਪੰਡੋਰੀ ਨਿੱਝਰਾਂ ਪਿੰਡ ਦੀ ਰਹਿਣ ਵਾਲੀ ਸੀ। ਉਹ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਪੋਸਟ ਗ੍ਰੈਜੂਏਟ ਸੀ।  ਉਹ ਪਿਛਲੇ ਕੁਝ ਸਾਲਾਂ ਤੋਂ ਆਪਣੀ ਕਵਿਤਾ ਲਿਖ ਰਹੀ ਸੀ ਅਤੇ ਕਵੀ ਸੰਮੇਲਨਾਂ ਵਿੱਚ ਕਵਿਤਾਵਾਂ ਸੁਣਾਉਂਦੀ ਸੀ। ਪੇਸ਼ ਹੈ ਗੁਰਪ੍ਰੀਤ ਦੀ ਕਵਿਤਾ—

ਕਣੀਆਂ ਵਰਗੀ ਕੁੜੀ

ਗੁਰਪ੍ਰੀਤ ਗੀਤ

ਜਦੋਂ ਰੱਬ ਧਰਤੀ ਨੂੰ ਬਖ਼ਸ਼ਦੈ ਜੋਬਨ
ਮੋਰ ਦੀਆਂ ਕੂਕਾਂ ਨਾਲ
ਬੂੰਦਾਂ ਦੀਆਂ ਹੂਕਾਂ ਨਾਲ
ਟਾਹਣੀਆਂ ਗਾਉਣ
ਸਾਉਣ ਦੇ ਗੀਤ
ਨੱਚਦੇ ਨੇ ਪੱਤੇ
ਚੱਲਦਾ ਹੈ ਪਿਆਰ ਦਾ ਜਾਦੂ
ਹੋ ਜਾਂਦੈ ਇਸ਼ਕ ਜ਼ਿੰਦਗੀ ਨਾਲ

ਜਦੋਂ ਇਕ ਮੁਟਿਆਰ
ਅੱਖਾਂ ਮੀਚੀ
ਨੱਚਦੀ ਐ ਬੱਦਲਾਂ ਦੀ ਤਾਲ ਤੇ
ਬਾਰਿਸ਼ ਲੁਕ ਜਾਂਦੀ ਐ
ਉਹਦੀਆਂ ਲਹਿਰਾਉਂਦੀਆਂ ਜ਼ੁਲਫ਼ਾਂ ‘ਚ
ਜਦੋਂ ਬਾਰਸ਼ ਦਾ ਜਲਤਰੰਗ
ਕਰਦੈ ਜੁਗਲਬੰਦੀ
ਉਹਦੀਆਂ ਝਾਂਜਰਾਂ
ਤੇ ਕੰਗਣਾਂ ਨਾਲ
ਚੱਲਦੈ ਇਸ਼ਕ ਦਾ ਜਾਦੂ
ਹੋ ਜਾਂਦੈ ਜ਼ਿੰਦਗੀ ਨਾਲ ਇਸ਼ਕ