January 19, 2026

ਪੁਸਤਕ : ਸੁਣ! ਛੋਟੇ ਆਦਮੀ

ਲੇਖਕ : ਸਤਨਾਮ ਸਾਦਿਕ

ਰੀਵਿਊਕਾਰ : ਨਵਪ੍ਰੀਤ ਸੰਧੂ

ਪੰਜਾਬੀ ਅਨੁਵਾਦ ਸਾਹਿਤ ਜਗਤ ਦੀ ਝੋਲੀ ਵਿਚ ਲਾਸਾਨੀ ਤੋਹਫ਼ਾ ਹੈ : ‘ਸੁਣ! ਛੋਟੇ ਆਦਮੀ’

”ਸੁਣ! ਛੋਟੇ ਆਦਮੀ” ਕਿਤਾਬ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਇਹ ਕਿਤਾਬ ਅਜੋਕੇ ਸਮਿਆਂ ਵਿਚ ਗੁੰਝਲਦਾਰ ਜੀਵਨ ਜਿਉ ਰਹੇ ਮਨੁੱਖ ਤੱਕ ਜਾਣੀ ਚਾਹੀਦੀ ਹੈ ਤੇ ਮੈਂ ਮਾਣ ਨਾਲ ਕਹਿ ਸਕਦਾ ਕਿ ਸਤਨਾਮ ਸਾਦਿਕ ਨੇ ਇਸ ਕਿਤਾਬ ਦੀ ਚੋਣ ਪੰਜਾਬੀ ਰੂਪਾਂਤਰ ਲਈ ਕਰਕੇ ਪੰਜਾਬੀ ਅਨੁਵਾਦ ਸਾਹਿਤ ਜਗ਼ਤ ਦੀ ਝੋਲੀ ਵਿਚ ਲਾਸਾਨੀ ਤੋਹਫ਼ਾ ਪਾਇਆ ਹੈ। ਇਹ ਕਿਤਾਬ ਸਦੀਆਂ ਤੋਂ ਚਲਦੀ ਆ ਰਹੀ ਅਨੁਕੂਲਤਾ ‘ਤੇ ਗਹਿਰੀ ਸੱਟ ਮਾਰਦੀ ਹੈ, ਇਹ ਸਾਡੇ ਵਜੂਦ ਨੂੰ ਵਜੂਦੀਅਤ ਦਾ ਅਹਿਸਾਸ ਕਰਾਉਂਦੀ ਸਾਨੂੰ ਸਾਡੇ ਆਪੇ ਤੋਂ ਭਲੀ-ਭਾਂਤ ਜਾਣੂੰ ਕਰਵਾਉਂਦੀ ਹੈ। ਇਸ ਕਿਤਾਬ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਅਨੁਵਾਦਕ ਨੇ ਆਪਣਾ ਕੰਮ ਪੂਰੀ ਮਨਦੇਹੀ ਨਾਲ ਕਰਿਆ ਹੈ। ਅਨੁਵਾਦਕ ਦਾ ਬਿੰਬ ਵਿਧਾਨ ਪੰਜਾਬੀ ਰੂਪਾਂਤਰ ਨੂੰ ਹੋਰ ਵੀ ਨਿਖ਼ੇਰ ਕੇ ਪਾਠਕ ਨੂੰ ਮੋਹ ਲੈਂਦਾ ਹੈ। ਇਸ ਕਿਤਾਬ ਵਿਚ ਅਨੁਵਾਦਕ ਜੋ ਕਿ ਇਕ ਕਵੀ ਅਤੇ ਦਰਸ਼ਨ ਸ਼ਾਸਤਰ ਦਾ ਵਿਦਿਆਰਥੀ ਵੀ ਹੈ ਨੇ ਆਪਣੀ ਮੌਲਿਕਤਾ ਵੀ ਬਰਕਰਾਰ ਰੱਖੀ ਹੈ ਅਤੇ ਪੰਜਾਬੀ ਭਾਸ਼ਾ ਪਿੱਛੇ ਕਾਰਜਰਥ ਭਾਸ਼ਾਈ ਸੱਭਿਆਚਾਰ ਵੀ ਕਾਇਮ ਰੱਖਿਆ ਹੈ। ਇਹ ਕਿਤਾਬ ਮਿੱਥਾਂ, ਕਰਮਾਂ-ਕਾਂਡਾ ਨੂੰ ਭੰਨਦੀ ਹੋਈ ਆਦਮੀ ਦੇ ਬੌਧਿਕ ਬੌਣੇ-ਪਣ ਅਤੇ ਖਲਾਅ ਉੱਪਰ ਸਵਾਲੀਆ ਚਿੰਨ੍ਹ ਲਗਾਉਂਦੀ ਹੋਈ ਉਸ ਦੇ ਮੂਲ ਨਾਲ ਉਸ ਦਾ ਸਾਹਮਣਾ ਕਰਵਾਉਂਦੀ ਹੈ। ਕਿਤਾਬ ਨੂੰ ਪੜ੍ਹਨ ਉਪਰੰਤ ਪਾਠਕ ਦੇ ਮਨ ਅੰਦਰ ਇੱਕ ਵਿਸਫੋਟ ਹੁੰਦਾ ਹੈ। ਮੂਲ ਲੇਖਕ ਖੁਦ ਵੀ ਆਪਣੀ ਸਦੀ ਦਾ ਮਹਾਨ ਮਨੋਵਿਸ਼ਲੇਸ਼ਕ ਰਿਹਾ ਹੈ ਤੇ ਇਸੇ ਕਾਰਨ ਮਨ ਦੀਆਂ ਡੂੰਘਾਈਆਂ ਦਾ ਅਧਿਐਨ ਉਸ ਦੀ ਇਸ ਕਿਰਤ ‘ਚੋਂ ਬਾਖ਼ੂਬੀ ਦਿਸਦਾ ਹੈ। ਇਹ ਕਿਤਾਬ ਸਮਾਜਿਕ, ਰਾਜਸੀ, ਧਾਰਮਿਕ ਤੇ ਸੱਭਿਅਕ ਕਾਰਜਕਾਰੀਆਂ ਦੇ ਅੰਤਰਗਤ ਆਉਂਦੇ ਵਿਸ਼ਿਆਂ ‘ਤੇ ਸਵਾਲ ਖੜ੍ਹੇ ਕਰਦੀ ਹੈ ਜਿਨ੍ਹਾਂ ਸਦਕਾ ਅਸੀਂ ਤਿਉਂ ਦੇ ਤਿਉਂ ਹੀ ਛੋਟੇ ਆਦਮੀ ਬਣੇ ਹੋਏ ਹਾਂ। ਅੰਤ ਵਿਚ ਇਕੋ ਸਤਰ ਵਿਚ ਗੱਲ ਨਿਬੇੜਾ ਤਾਂ ਇਹ ਕਿਤਾਬ ਛੋਟੇ ਆਦਮੀ ਤੋਂ ਸੰਪੂਰਣ ਆਦਮੀ ਹੋਣ ਦਾ ਸਫ਼ਰ ਹੈ। ਇਹ ਕਿਤਾਬ ਹਰ ਪੰਜਾਬੀ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਨਿਵੇਕਲੇ ਕੰਮ ਕਰਨ ਵਾਲੇ ਉੱਦਮੀਆਂ ਦੀ ਹਿੰਮਤ ‘ਚ ਵਾਧਾ ਹੁੰਦਾ ਰਹੇ ਤੇ ਨਾਲ-ਨਾਲ ਸੋਹਣਾ ਸਮਾਜ ਸਿਰਜਿਆ ਜਾ ਸਕੇ। ਜ਼ਿਕਰਯੋਗ ਇਹ ਵੀ ਹੈ ਕਿ ਇਹ ਕਿਤਾਬ ਪਹਿਲੀ ਵਾਰ ਕਿਸੇ ਭਾਰਤੀ ਭਾਸ਼ਾ ਵਿਚ ਛਪ ਰਹੀ ਹੈ ਤੇ ਇਹ ਭਾਸ਼ਾ ਸਾਡੀ ਪੰਜਾਬੀ ਹੈ। ਇਹ ਕਿਤਾਬ ਕੈਲੀਬਰ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ।

# ਨਵਪ੍ਰੀਤ ਸੰਧੂ, ਲੈਕਚਰਾਰ ਪੰਜਾਬੀ
81475-00172
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਸ਼ੇਰ ਸਿੰਘ ਵਾਲਾ (ਫ਼ਰੀਦਕੋਟ)