February 6, 2025

ਪੁਸਤਕ : #ਲਵੈਂਡਰ

ਸੰਪਾਦਕ : ਸੁਰਜੀਤ ਟੋਰਾਂਟੋ

ਰੀਵਿਊਕਾਰ : ਡਾ. ਸਰਦੂਲ ਸਿੰਘ ਔਜਲਾ

ਪਰਵਾਸੀ ਪੰਜਾਬੀ ਕਵਿਤਾ ਦੇ ਨਵੀਨ ਕਾਵਿਕ-ਮੁਹਾਂਦਰੇ ਨੂੰ ਪੇਸ਼ ਕਰਦੀ ਸੁਰਜੀਤ

ਟੋਰਾਂਟੋ ਦੁਆਰਾ ਸੰਪਾਦਿਤ ਕਾਵਿ-ਪੁਸਤਕ #ਲਵੈਂਡਰ

(ਕੈਨੇਡਾ ਦੀ ਪੰਜਾਬੀ ਚੋਣਵੀਂ ਕਵਿਤਾ)

ਪਰਵਾਸ ਧਾਰਨ ਕਰਨਾ ਕੋਈ ਸੁਖਾਲਾ ਕਾਰਜ ਨਹੀਂ ਭਾਵੇਂ ਕਿ ਮਨੁੱਖ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚੋਂ ਹਮੇਸ਼ਾ ਹੀ ਪਰਾਈਆਂ ਧਰਤੀਆਂ ‘ਤੇ ਵਿਚਰਦਾ ਰਿਹਾ ਹੈ ਪਰ ਉਸ ਮਿੱਟੀ ਨਾਲੋਂ ਟੁੱਟਣ ਦੀ ਪੀੜ ਹਮੇਸ਼ਾ ਹੀ ਉਸ ਦੀਆਂ ਮਾਨਸਿਕ ਤਰਿਆਂ ਵਿਚੋਂ ਇਕ ਚੀਸ ਬਣ ਕੇ ਉਭਰਦੀ ਰਹਿੰਦੀ ਹੈ, ਜਿਸ ਮਿੱਟੀ ਵਿਚ ਉਸ ਨੇ ਜਨਮ ਲੈ ਕੇ ਆਪਣਾ ਬਚਪਨ ਗੁਜ਼ਾਰਿਆ ਹੁੰਦਾ ਹੈ। ਪਰਵਾਸੀ ਉਹ ਮਨੁੱਖ ਹੁੰਦਾ ਹੈ, ਜੋ ਰੋਜ਼ੀ ਰੋਟੀ ਦੀ ਤਲਾਸ਼ ਵਿਚ ਪਰਾਈਆਂ ਧਰਤੀਆਂ ‘ਤੇ ਵਿਚਰਦਾ ਜ਼ਰੂਰ ਹੈ ਪਰ ਵਾਪਸ ਮੁੜਨ ਦੀ ਇੱਛਾ ਹਮੇਸ਼ਾ ਹੀ ਉਸ ਦੇ ਅਵਚੇਤਨ ਵਿਚ ਬਣੀ ਰਹਿੰਦੀ ਹੈ। ਸੁੱਖ-ਸਹੂਲਤਾਂ ਮਾਣਦਾ ਹੋਇਆ ਵੀ ਮਨੁੱਖ ਆਪਣੀ ਜੰਮਣ ਭੋਇੰ ਅਤੇ ਆਪਣਿਆਂ ਨੂੰ ਚਾਅ ਕੇ ਵੀ ਵਿਸਾਰ ਨਹੀਂ ਸਕਦਾ।
ਪੰਜਾਬੀਆਂ ਦੇ ਪਰਵਾਸ ਧਾਰਨ ਕਰਨ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਪਰ ਹੁਣ ਪਹਿਲੀ ਦੂਜੀ ਪੀੜ੍ਹੀ ਦੇ ਪੰਜਾਬੀਆਂ ਅਤੇ ਅਜੋਕੇ ‘ਪਰਵਾਸ’ ਦੇ ਅਰਥ ਤਬਦੀਲ ਹੋ ਚੁੱਕੇ ਹਨ। ਪਹਿਲੀ ਦੂਜੀ ਪੀੜ੍ਹੀ ਦੇ ਪੰਜਾਬੀਆਂ ਦੇ ਮਨ ਵਿਚ ਵਾਪਸ ਮੁੜਨ ਦੀ ਇੱਛਾ ਬਰਾਬਰ ਬਣੀ ਰਹਿੰਦੀ ਸੀ ਭਾਵੇਂ ਕਿ ਉਹ ਵਾਪਸ ਮੁੜ ਪਰਵਾਸੀ ਧਰਤੀ ਨੂੰ ਹੀ ਉਡਾਰੀ ਮਾਰ ਜਾਂਦੇ ਸਨ ਪਰ ਵਾਪਸ ਆਪਣੇ ਦੇਸ਼ ਜਿਸ ਨੂੰ ਉਹ ‘ਆਪਣਾ ਦੇਸ਼’ ਕਹਿ ਕੇ ਸੰਬੋਧਨ ਕਰਦੇ ਸਨ ਉਥੇ ਆ ਕੇ ਦੋ ਚਾਰ ਮਹੀਨੇ ਸਕੂਨ ਮਹਿਸੂਸ ਕਰਦੇ ਸਨ ਪਰ ਅਜੋਕੇ ਪਰਵਾਸ ਵਾਪਸ ਆਉਣ ਦੀ ਇੱਛਾ ਨਾਲ ਧਾਰਨ ਨਹੀਂ ਕੀਤਾ ਜਾ ਰਿਹਾ ਉਹ ਪਰਾਈ ਦੇ ਪੱਕੇ ਤੌਰ ‘ਤੇ ਬਾਸ਼ਿੰਦੇ ਬਣਨ ਲਈ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜੇਵੰ ਬਿਹਤਰ ਜ਼ਿੰਦਗੀ ਦੀ ਆਸ ਹੋ ਸਕਦੀ ਹੈ, ਰੋਜ਼ਗਾਰ ਦੇ ਵਧੇਰੇ ਵਸੀਲੇ ਹੋ ਸਕਦੇ ਹਨ, ਦੇਸ ਦਾ ਪ੍ਰਬੰਧ ਹੋ ਸਕਦਾ ਹੈ ਅਤੇ ਹੋਰ ਵੀ ਬੜਾ ਕੁਝ ਇਸ ਸੰਬੰਧ ਵਿਚੋਂ ਦੇਖਿਆ ਜਾ ਸਕਦਾ ਹੈ।
ਅਜੋਕੀ ਪਰਵਾਸੀ ਪੰਜਾਬੀ ਕਵਿਤਾ, ਕਿਉਂਕਿ ਪਰਵਾਸੀਆਂ ਦੀ ਜ਼ਿੰਦਗੀ ਅਤੇ ਜੀਵਨ ਸ਼ੈਲੀ ਦੇ ਨਾਲ-ਨਾਲ ਸਫ਼ਰ ਕਰਦੀ ਹੈ ਇਸ ਕਰਕੇ ਇਹ ਵੀ ਪਰੰਪਰਾਮੁਖੀ ਸਰੋਕਾਰਾਂ, ਭੂ-ਹੇਰਵਾ, ਨਸਲੀ ਵਿਤਕਰਾ, ਸੱਭਿਆਚਾਰਕ ਤਣਾਅ ਅਤੇ ਪੀੜ੍ਹੀ ਪਾੜੇ ਤੋਂ ਮੁਕਤ ਹੋ ਰਹੀ ਹੈ ਅਤੇ ਗਲੋਬਲੀ ਸਰੋਕਾਰਾਂ ਨਾਲ ਵਰਮੇਚ ਰਹੀ ਹੈ ਪਰ ਇਸ ਗੱਲੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ ਕਿ ਮੁਢਲੇ ਸਰੋਕਾਰ ਨੂੰ ਇਸ ਕਵਿਤਾ ਵਿਚੋਂ ਮੁੱਢੋਂ ਹੀ ਮਨਫ਼ੀ ਕਰਕੇ ਦੇਖਿਆ ਜਾ ਸਕਦਾ ਹੈ ਜਾਂ ਇਸ ਕਵਿਤਾ ਨੂੰ ਮੁਲਾਂਕਣੀ ਦ੍ਰਿਸ਼ਟੀ ਤੋਂ ਪਰਖਿਆ ਜਾ ਸਕਦਾ ਹੈ। ਭਾਵੇਂ ਪਹਿਲੀ ਪੀੜ੍ਹੀ ਲਗਭਗ ਹੁਣ ਆਪਣੀ ਉਮਰ ਦੇ ਆਖਰੀ ਪੜਾਅ ‘ਤੇ ਹੈ ਪਰ ਸੰਸਕਾਰ ਵਿਚ ਪੀੜ੍ਹੀ ਤੋਂ ਦੂਰੀ ਪੀੜ੍ਹੀ ਤੱਕ ਕਿਸੇ ਨਾ ਕਿਸੇ ਰੂਪ ਵਿਚੋਂ ਜ਼ਰੂਰ ਹੀ ਸੰਚਾਲਿਤ ਹੁੰਦੇ ਰਹਿੰਦੇ ਹਨ। ਡਾ. ਗੁਰਮੇਲ ਸਿੱਧੂ ਦੇ ਸ਼ਬਦਾਂ ਵਿਚੋਂ—
ਖ਼ਪਤ ਕਲਚਰ ਵਿਚ ਵਿਚਰ ਰਹੇ ਕਵੀ ਕੋਲ ‘ਕਵਿਤਾ ਬਣਾਉਣ ਜੋਗੀ ਹੀ ਵਿਹਲ ਹੈ’ ‘ਕਵਿਤਾ ਰਚਣ’ ਜੋਗੀ ਫੁਰਸਤ ਨਹੀਂ ਹਰ ਕਵੀ ਨੂੰ ਪਤਾ ਹੁੰਦਾ ਹੈ ਕਿ ਕਵਿਤਾ ‘ਰਚੀ’ ਗਈ ਹੈ ਜਾਂ ‘ਬਣਾਈ’ ਗਈ ਹੈ। ਬਨਾਵਟੀ ਵਿਚੋਂ ਕਵੀ ਦੀ ਮਾਨਸਿਕ ਸੰਤੁਸ਼ਟੀ ਨਹੀਂ ਹੁੰਦੀ। ਇਸ ਲਈ ਉਹ ਉਹਨਾਂ ਵਿਸ਼ਿਆਂ ਵੱਲ ਸਹਿਵਨ ਹੀ ਪਰ ਆਉਂਦਾ ਹੈ ਜਿਨ੍ਹਾਂ ਵਿਚੋਂ ਉਸ ਦਾ ਸਭਿਆਚਾਰ ਰਚਿਆ ਮਿਚਿਆ ਹੁੰਦਾ ਹੈ। ਇਸ ਲਈ ਵਿਦੇਸ਼ੀ ਪੰਜਾਬੀ ਕਵੀਆਂ ਦੀਆਂ ਉਹ ਕਵਿਤਾਵਾਂ ਹੀ ਪ੍ਰਭਾਵਸ਼ਾਲੀ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਵਿਰਸਾ ਵੱਸਦਾ ਹੈ ਅਤੇ ਇਹਨਾਂ ਕਵਿਤਾਵਾਂ ਵਿਚੋਂ ਉਹ ਮਾਨਸਿਕ ਤ੍ਰਿਪਤੀ ਮਹਿਸੂਸ ਕਰਦੇ ਹਨ। 1
ਪਰ ਅਜੋਕੇ ਪਰਵਾਸੀ ਕਵੀ ਕੇਵਲ ਆਪਣੀ ਜਨਮ ਭੋਇੰ ਦੇ ਵਿਰਸੇ ਦੀ ਹੀ ਕਾਵਿਕ ਬਾਤ ਨਹੀਂ ਪਾਉਂਦੇ ਉਹ ਜਿਸ ਵੀ ਮੁਲਕ ਵਿਚ ਰਹਿ ਰਹੇ ਹਨ ਉਥੇ ਦੀ ਜੀਵਨ ਸ਼ੈਲੀ ਅਤੇ ਵਿਰਸਾ ਵੀ ਉਨ੍ਹਾਂ ਦੇ ਅੰਗ-ਸੰਗ ਹੀ ਵਿਚਰਦਾ ਹੈ ਅਜੋਕੀ ਕਵਿਤਾ ਬ੍ਰਹਿਮੰਡੀ ਚੇਤਨਾ ਵਾਲੀ ਕਵਿਤਾ ਹੈ। ਜਿਵੇਂ ਸੋਨੀਆ ਮਨਜਿੰਦਰ ਲਿਖਦੀ ਹੈ—
ਮੈਂ ਆਪਣੀਆਂ ਦੋਹਾਂ ਬਾਹਾਂ ਨੂੰ ਪਸਾਰਿਆ
ਮੇਰਾ ਇਕ ਹੱਥ ਪਤਾਲ ਨੂੰ
ਤੇ ਦੂਜਾ ਆਕਾਸ਼ ਨੂੰ ਜਾ ਲੱਗਾ
ਤੇ ਹੁਣ ਮੇਰੀਆਂ
ਦੋਹਾਂ ਆਕਾਸ਼ ਨੂੰ ਜਾ ਲੱਗਾ
ਤੇ ਹੁਣ ਮੇਰੀਆਂ
ਦੋਹਾਂ ਬਾਹਾਂ ਦੇ ਖਲਾਰ ‘ਚ
ਕੁੱਲ ਆਲਮ ਸੀ
ਮੈਂ ਹੁਣ ਹੋਸ਼ੀ ਜਿਹੀ
ਦੋਹਾਂ ਬਾਹਾਂ ਨੂੰ
ਆਪਣੇ ਤਨ ਤੇ
ਬੁੱਕਲ ਵਾਂਗ ਲਪੇਟਿਆ
ਕਿ ਜਿਵੇਂ ਸਾਰੀ ਸ੍ਰਿਸ਼ਟੀ ਨੂੰ
ਆਂਚਲ ‘ਚ ਸਮੇਟਿਆ
ਤੇ ਹੁਣ ਕੁੱਲ ਬ੍ਰਹਿਮੰਡ ਮੇਰੇ ਆਕੇਸ਼ ‘ਚ ਸੀ। 2
ਇਥੇ ਸਿਰਫ਼ ‘ਬ੍ਰਹਿਮੰਡ’ ਸ਼ਬਦ ਹੋਣ ਕਰਕੇ ਹੀ ਬ੍ਰਹਿਮੰਡੀ ਕਵਿਤਾ ਨਹੀਂ ਹੈ, ਸਗੋਂ ਪੂਰੇ ਸੰਸਾਰ ਨੂੰ ਇਕ ਭਾਈਚਾਰੇ ਦੇ ਰੂਪ ਵਿਚ ਦੇਖਦੀ ਹੈ ਨਾ ਕਿ ਕਿਸੇ ਵਿਸ਼ੇਸ਼ ਖਿੱਤੇ ਜਾਂ ਫਿਰਕੇ ਨੂੰ। ਭਾਵੇਂ ਪਹਿਲੀ ਪੀੜ੍ਹੀ ਦੇ ਕਵੀਆਂ ਦੀ ਮਾਨਸਿਕਤਾ ਵਿਚ ਆਪਣੇ ਮੁਲਕ ਪ੍ਰਤੀ ਸਨੇਹ ਜ਼ਿਆਦਾ ਹੀ ਸੀ ਤੇ ਹੋਣਾ ਵੀ ਸੁਭਾਵਿਕ ਸੀ ਵਰਿਆਮ ਸੰਧੂ ਦੇ ਸ਼ਬਦਾਂ ਵਿਚ—
ਪੰਜਾਬ ਤੋਂ ਆਪਣੇ ਘਰ ਪਰਿਵਾਰ ਅਤੇ ਸਨੇਹੀਆਂ ਨੂੰ ਛੱਡ ਕੇ ਨਵੀਂ ਜਗ੍ਹਾ ‘ਚ ਆਲ੍ਹਣੇ ਬਣਾ ਕੇ ਰਹਿਣ ਵਾਲੇ ਲੋਕਾਂ ‘ਚ ਹੇਰਵੇ ਦਾ ਆ ਜਾਣਾ ਵੀ ਕੁਦਰਤੀ ਹੀ ਸੀ ਅਤੇ ਕੁਦਰਤੀ ਹੀ ਸੀ ਸਾਹਿਤ ਵਿਚੋਂ ਇਸ ਹੇਰਵੇ ਦਾ ਪ੍ਰਗਟਾਅ ਹੋਣਾ। ਇਸ ਲਈ ਹੇਰਵੇ ਵਾਲੇ ਸਾਹਿਤ ਨੂੰ ਕੌੜੀ ਅੱਖੇ ਦੇਖਣ ਦੀ ਬਜਾਏ ਉਸ ਵਿਚਲੀ ਸਾਹਿਤਕਤਾ ਨੂੰ ਫਰੋਲਣਾ ਬਣਦਾ ਹੈ। 3
ਪਰਵਾਸੀ ਅਨੁਭਵ ਵਾਲੀ ਕਵਿਤਾ ਹੁਣ ਆਪਣੇ ਪ੍ਰੋੜ ਕਾਵਿਕ ਅਨੁਭਵ ਨੂੰ ਪੇਸ਼ ਕਰਦੀ ਹੈ ਪਹਿਲਾਂ-ਪਹਿਲ ਇਸ ਕਵਿਤਾ ਨੂੰ ਡਾਲਰਾਂ ਪੌਂਡਾਂ ਵਾਲੀ ਕਵਿਤਾ ਕਹਿ ਕੇ ਅਤੇ ਕੱਚ ਘਰੜ ਆਖਕੇ ਨਕਾਰਨ ਬਾਰੇ ਵੀ ਸੰਵਾਦ ਚਲਦਾ ਰਿਹਾ ਹੈ ਪਰ ਹੁਣ ਕਵਿਤਾ ਅਜਿਹੀ ਸਥਿਤੀ ਤੋਂ ਮੁਕਤ ਹੈ ਅਤੇ ਵਿਸ਼ੇ ਅਤੇ ਰੂਪਕ ਪੱਖ ੋਤੰ ਆਪਣੀ ਖੁਸ਼ਬੂ ਬਿਖੇਰ ਰਹੀ ਹੈ। ਇਸੇ ਕਰਕੇ ਹੀ ‘#ਲਵੈਂਡਰ’ ਪੁਸਤਕ ਵਿਚਲੀਆਂ ਕਵਿਤਾਵਾਂ ਜ਼ਿਕਰਯੋਗ ਹਨ। ਇਨ੍ਹਾਂ ਵਿਚਲਾ ਮੌਲਿਕ ਅਨੁਭਵ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ। ਸੁਰਜੀਤ ਕਲਸੀ ਦੀ ਕਵਿਤਾ ਦੇਖੋ—
ਮੈਂ ਮੌਲਿਕ ਹਾਂ।
ਚਿਹਰਾ ਮੇਰਾ ਨਹੀਂ ਕਿਸੇ ਵਰਗਾ
ਮੇਰੇ ਨਕਸ਼ ਸਿਰਫ਼ ਮੇਰੇ ਹੀ ਹਨ
ਤੇ ਹੁਣ ਉਹ ਜੋ ਨਕਸ਼ ਮੇਰੇ ਨਹੀਂ
ਮੈਂ ਕਿਵੇਂ ਆਪਣੇ ਚਿਹਰੇ ਤੇ ਚਿਪਕਾਵਾਂ
ਜਾਂ ਧਾਰਨਾਵਾਂ ਦਾ ਮਖੌਟਾ ਪਾਵਾਂ?
ਪਰ ਇਕ ਵਾਰ ਸਿਰਫ਼ ਇਕ ਵਾਰ
ਮੇਰੇ ਚਿਹਰੇ ਵੱਲ ਵੇਖ ਤਾਂ ਸਹੀਂ
ਮੈਂ ਮੌਲਿਕ ਹਾਂ ਸਾਈਂ। 4

ਇਸੇ ਤਰ੍ਹਾਂ ਸੁਰਜੀਤ ਟੋਰਾਂਟੋ ਦੀ ਕਵਿਤਾ ਦੇਖਣਯੋਗ ਹੈ—
ਹੌਲੀ ਹੌਲੀ
ਆਪਣੇ ਤੀਜੇ ਨੇਤਰ ਨੂੰ ਖੁੱਲ੍ਹਣ ਦਿਓ
ਆਪਣੇ ਅੰਦਰਲੇ ਇਨਸਾਨ ਜਾਮਣ ਦਿਓ
ਤੇ ਫੇਰ ਤੁਸੀਂ ਸਤਰੰਗੀ ਪੀਂਘ ਤੇ ਚੜ੍ਹ
ਦਰਸ਼ਕ ਵਾਂਗ ਆਪਣੀ ਜ਼ਿੰਦਗੀ ਨੂੰ ਤੱਕੋ!
ਆਉ ਅੱਗੇ ਤਾਂ ਵਧੋ…
ਤੁਸੀਂ ਸਾਰੇ ਪੈਗੰਬਰ ਹੋ…
ਜ਼ਰਾ ਅੱਗੇ ਤਾਂ ਵਧੋ….!5

ਜਿਸ ‘#ਲਵੈਂਡਰ’ ਪੁਸਤਕ ਵਿਚ ਲਿਖੀ ਖੁੱਲ੍ਹੀ ਕਵਿਤਾ ਦੀਆਂ ਖ਼ੂਬਸੂਰਤ ਉਦਾਹਰਨਾਂ ਮਿਲਦੀਆਂ ਹਨ ਉੱਥੇ ਇਸ ਪੁਸਤਕ ਵਿਚ ਲਿਖੀਆਂ ਗ਼ਜ਼ਲਾਂ ਵੀ ਵਿਸ਼ੇਸ਼ ਧਿਆਨ ਆਕਰਸ਼ਿਤ ਕਰਦੀਆਂ ਹਨ। ਕੁਝ ਉਦਾਹਰਨਾਂ ਪੇਸ਼ ਹਨ—
ਸੀ ਲਿਖਿਆ ”ਅੱਗ ਦਾ ਦਰਿਆ” ਤੇ ਬਣਿਆ ਹੇਠ ਇਕ ਚਿੱਤਰ
ਕਿਸੇ ਮਾਸੂਮ ਬੱਚੇ ਦੀ ਡਰੀ ਅੱਖ ਦੀ ਨਮੀ ਵਰਗਾ। 6
(ਕੁਲਵਿੰਦਰ ਖਹਿਰਾ)
ਕੁਝ ਅਜਬ ਦਸੂਤਰ ਮੈਂ ਏਥੇ ਹਵਾ ਦਾ ਦੇਖਿਆ
ਖ਼ੁਦ ਬੁਝਾ ਕੇ ਜਗਦੇ ਦੀਵੇ ਖੁਦ ਮਕਾਣੇ ਵੀ ਗਈ ਹੈ।7
(ਹਰਜਿੰਦਰ ਸਿੰਘ ਪੱਤੜ)
ਜੱਗ ਵਿਚ ਮਸ਼ਹੂਰ ਸੀ ਜੋ ਚਿਹਰਿਆਂ ਦਾ ਪਾਰਖੂ
ਉਹ ਸਦਾ ਸ਼ੀਸ਼ੇ ਦੇ ਅੱਗੇ ਆਉਣ ਤੋਂ ਟਲਦਾ ਰਿਹਾ।8
(ਬਲਰਾਜ ਧਾਲੀਵਾਲ)
ਕਦਮ ਦਰ ਕਦਮ ਮੰਜ਼ਿਲਾ ਵੱਲ ਹੋਵੇ
ਤੁਰਦੇ ਤੁਰਦੇ ਪੈਰਾਂ ਦਾ ਸਤਿਕਾਰ ਹੋਵੇ
ਸ਼ਰਾਫ਼ਤ, ਨਜ਼ਾਕਤ, ਮੁਹੱਬਤ ਇਬਾਦਤ
ਇਵੇਂ ਮੇਰੇ ਜੀਵਨ ਦਾ ਵਿਸਥਾਰ ਹੋਵੇ।9
(ਬਿੰਦੂ ਮਠਾੜੂ)
ਬਲ ਰਹੇ ਜੰਮਗਲ ਦੀਆਂ ਸ਼ੂਕਾਂ,
ਸੜ ਰਹੀ ਜੰਗਲ ਦੀ ਤਿੜ੍ਹ ਤਿੜ੍ਹ
ਮਰ ਰਹੇ ਜੀਵਾਂ ਦੀਆਂ ਚੀਖਾਂ,
ਦਾਨਵਟੇ ਹਾਸੇ ਦੀ ਖਿੜ ਖਿੜ। 10
(ਦਵਿੰਦਰਪਾਲ ਸਿੰਘ)
ਅਜਿਹੀਆਂ ਹੋਰ ਵੀ ਕਈ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ, ਜਿੱਥੇ ਕਵੀਆਂ ਦਾ ਅਨੁਭਵ ਵੀ ਮੌਲਿਕ ਅਤੇ ਕਾਵਿ-ਬਿੰਬ ਵੀ ਸਜੀਵ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ‘#ਲਵੈਂਡਰ’ ਕਾਵਿ-ਪੁਸਤਕ ਵਿਚ ਸ਼ਾਮਿਲ ਕੁਝ ਇਕ ਕਵੀਆਂ ਨੂੰ ਛੱਡ ਕੇ ਸਾਰੇ ਹੀ ਨਵੇਂ ਹਨ ਅਤੇ ਪੰਜਾਬੀ ਪਾਠਕਾਂ ਨਾਲ ਵਿਸ਼ੇਸ਼ ਕਰਕੇ ਪਰਵਾਸੀ ਕਵਿਤਾ ਦੇ ਪਾਠਕਾਂ ਨਾਲ ਇਨ੍ਹਾਂ ਦੀ ਪਹਿਚਾਣ ਕਰਵਾਉਣੀ ਇਸ ਪੁਸਤਕ ਦਾ ਹਾਸਲ ਹੈ।
‘#ਲਵੈਂਡਰ’ ਕਾਵਿ ਪੁਸਤਕ ਵਿਚ 44 ਕਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਵੀ ਉਹ ਵੀ ਹਨ, ਜਿਨ੍ਹਾਂ ਦੀ ਕਵਿਤਾ ਨੂੰ ਪੰਜਾਬੀ ਪਾਠਕ ਪਹਿਲਾਂ ਵੀ ਜਾਣ ਅਤੇ ਮਾਣਦੇ ਰਹੇ ਹਨ ਵਿਸ਼ੇਸ਼ ਕਰਕੇ ਇਕਬਾਲ ਰਾਮੂਵਾਲੀਆ, ਅਜਮੇਰ ਰੋਡੇ, ਸੁਰਿੰਦਰ ਧੰਜਲ, ਨਵਤੇਜ ਭਾਰਤੀ, ਸੁਰਜੀਤ ਕਲਸੀ, ਕੁਲਵਿੰਦਰ ਖਹਿਰਾ, ਸੁਖਪਾਲ, ਭੁਪਿੰਦਰ ਦੁਲੇ, ਸੁਖਮਿੰਦਰ ਰਾਮਪੁਰੀ, ਸੁਰਿੰਦਰ ਗੀਤ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਇਸ ਕਾਵਿ ਸੰਗ੍ਰਹਿ ਦੀ ਕਾਵਿਕ ਵਿਸ਼ੇਸ਼ਤਾ ਬਾਰੇ ਡਾ. ਵਨੀਤਾ ਨੇ ਸੂਤਰਿਕ ਰੂਪ ਵਿਚ ਆਪਣਾ ਕਥਨ ਪੇਸ਼ ਕਰਦਿਆਂ ਟਿੱਪਣੀ ਕੀਤੀ ਹੈ—
ਇਸ ਕਾਵਿ-ਸੰਗ੍ਰਹਿ ਵਿਚ ਪਰੰਪਰਕ ਕਵਿਤਾ ਤੋਂ ਲੈ ਕੇ ਨਵੇਂ ਮੁਹਾਵਰੇ ਦੀ ਕਵਿਤਾ ਦੇ ਨਾਲ-ਨਾਲ ਜਿੱਥੇ ਪਰਾਈ ਧਰਤੀ ‘ਤੇ ਵਸਦਿਆਂ ਕਵਿਤਾ ਨੌਸਟੈਲਜਿਕ ਹੋ ਜਾਂਦੀ ਹੈ ਜਾਂ ਡਾਇਸਪੋਰਿਕ ਸਥਿਤੀਆਂ ਦੇ ਕੌੜੇ ਮਿੱਠੇ ਅਨੁਭਵ ਨਵੇਂ ਮੁਲਕ ‘ਚ ਪੈਦਾ ਹੋਈਆਂ ਨਵੀਆਂ ਸਥਿਤੀਆਂ ਦੇ ਅਮਲਾਂ ਨੂੰ ਵੀ ਜਿਵੇਂ ਨਵੇਂ ਕਵੀਆਂ ਨੇ ਕਾਵਿ ਸਿਰਜਣਾ ‘ਚ ਪੇਸ਼ ਕੀਤਾ ਹੈ। ਸੁਰਜੀਤ ਦੀ ਲੇਜ਼ਰ ਅੱਖ ਤੋਂ ਉਹ ਵੀ ਕਵਿਤਾ ਅਣਭਿੱਜ ਨਹੀਂ ਰਹੀ। 11
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ‘#ਲਵੈਂਡਰ’ ਵਿਚਲੀਆਂ ਇਨ੍ਹਾਂ ਕਵਿਤਾਵਾਂ ਦੀਆਂ ਬਹੁਤ ਸਾਰੀਆਂ ਪਰਤਾਂ ਹਨ ਇਨ੍ਹਾਂ ਪਰਤਾਂ ਵਿਚੋਂ ਆਪਣੀ ਮਿੱਟੀ ਨਾਲੋਂ ਟੁੱਟਣ ਦਾ ਉਦਰੇਵਾਂ ਵੀ ਹੈ ਅਤੇ ਨਵੀਆਂ ਲੱਭਤਾਂ ਵਾਲੇ ਮੁਲਕ ਵਿਚ ਨਵੀਆਂ ਸੁੱਖ ਸਹੂਲਤਾਂ ਮਾਣਨ ਅਤੇ ਭਰਭੂਪ ਆਰਥਿਕ ਖੁਸ਼ਹਾਲੀ ਵਾਲੀ ਜ਼ਿੰਦਗੀ ਮਾਣਨ ਦਾ ਚਾਅ ਵੀ ਹੈ ਇਸ ਜਿਵੇਂ ਜੱਗੀ ਬਰਾੜ ਸਮਾਲਸਰ ਲਿਖਦਾ ਹੈ—
ਪਰਵਾਸ ਦੇ ਵੀ ਕਈ ਮੌਸਮ ਹੁੰਦੇ
ਕਈ ਰੰਗ ਹੁੰਦੇ, ਕਈ ਤਾਪਮਾਨ ਹੁੰਦੇ
ਇਹ ਦੇ ਪਿੰਡੇ ਦੀਆਂ ਪੀੜਾਂ
ਅੰਦਰਲਾ ਮਨ ਸਹਿੰਦਾ
ਤੇ ਅੰਦਰਲੀ ਨਜ਼ਰ ਸਿਆਣ ਦੀ ਹੁੰਦੀ। 12
ਪਰ ਪਰਵਾਸ ਵਿਚ ਰਹਿੰਦਿਆਂ ਸੁਰਜੀਤ ਟੋਰਾਂਟੋ ਦਾ ਆਪਣਾ ਅਨੁਭਵ ਹੈ, ਜਿੱਥੇ ਉਹ ਸਰਬ ਸਾਂਝੀ ਮਾਨਵਤਾ ਦੀ ਗੱਲ ਕਰਦੀ ਹੈ ਕਿ ਧਰਤੀਆਂ, ਅਸਮਾਨ ਵੰਡੇ ਨਹੀਂ ਜਾ ਸਕਦੇ, ਸਗੋਂ ਦੁਨਿਆਵੀ ਵੰਡਾਂ ਤੋਂ ਉੱਪਰ ਉੱਠਣ ਦੀ ਲੋੜ ਹੈ, ਜਿੱਥੇ ਤੀਜੇ ਨੇਤਰ ਭਾਵ ਵਿੱਦਿਆ ਦੀ ਰੌਸ਼ਨੀ, ਜੋ ਸਿਰਫ਼ ਤੇ ਸਿਰਫ਼ ਕਿਤਾਬੀ ਨਹੀਂ, ਸਗੋਂ ਮਨ ਮਸਤਕ ਵਿਚ ਚਾਨਣ ਭਰਨ ਵਾਲੀ ਉਸ ਦੇ ਉਦੈ ਕਰਨ ਲਈ ਤਾਗੀਦ ਕਰਦੀ ਹੈ। ਇਹ ਵਰਤਾਰਾ ਧਰਤੀ ਦੀਆਂ ਵੰਡਾਂ ਤੋਂ ਪਾਰ ਦੇਖਣ ਦੀ ਲੋਚਾ ਨੂੰ ਪੇਸ਼ ਕਰਦਾ ਹੈ—
ਆਪਣੀਆਂ ਨਜ਼ਰਾਂ ਨੂੰ
ਆਸਮਾਨ ਦੇ ਤਾਰਿਆਂ ਵਿਚੋਂ ਜੜ੍ਹ ਦੇਵੋ
ਆਪਣੇ ਹਿਰਦੇ ਵਿਚ
ਲੋਕਾਂ ਲਈ ਕਰੁਣਾ ਭਰ ਦੇਵੋ!
ਵਾਤਾਵਰਨ ਵਿਚੋਂ
ਆਪਣੇ ਸਾਹਾਂ ਦੀ
ਰਾਗਨੀ ਨੂੰ ਮਹਿਸੂਸ ਕਰੋ। 13
ਇਨ੍ਹਾਂ ਪੰਜਾਬੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਜਿਥੇ ਪਰਵਾਸ ਕੌੜੇ ਮਿੱਠੇ ਅਨੁਭਵਾਂ ਦੀ ਗੱਲ ਕੀਤੀ ਹੈ, ਉੱਥੇ ਇਨ੍ਹਾਂ ਦੀਆਂ ਕਾਵਿ-ਰਚਨਾਵਾਂ ਵਿਚੋਂ ਦੇਸ਼ ਵੰਡ ਦੇ ਸੰਤਾਪ ਦੀਆਂ ਸੁਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਸਕਦੀ ਹੈ। ਪਹਿਲਾਂ ਹਿੰਦੁਸਤਾਨ ਦੀ ਵੰਡ ਐ 1947 ਵਿਚ ਇਨ੍ਹਾਂ ਕਵੀਆਂ ਦੇ ਵਡੇਰਿਆਂ ਨੇ ਦੁਖਾਂਤ ਭੋਗਿਆ ਅਤੇ ਫਿਰ ਇਨ੍ਹਾਂ ਪਰਵਾਸ ਲਈ ਉਡਾਰੀ ਭਰੀ ਇਹ ਉਡਾਰੀ ਵੀ ਸੁਖਾਲੀ ਨਹੀਂ ਸੀ ਕਿਉਂਕਿ ਘਰ ਨੂੰ ਛੱਡਣ ਦਾ ਹੇਰਵਾ ਹਮੇਸ਼ਾ ਹੀ ਇਨ੍ਹਾਂ ਦੇ ਅਵਚੇਤਨ ਵਿਚ ਖੋਰੂ ਪਾਉਂਦਾ ਰਹਿੰਦਾ ਹੈ। ਪਰਵਾਸ ਦੇ ਅਨੁਭਵ ਦੇ ਨਾਲ-ਨਾਲ ਦੇਸ ਵੰਡ ਦਾ ਸੰਤਾਪ ਵੀ ਇਹਨਾਂ ਕਵਿਤਾਵਾਂ ਵਿਚੋਂ ਉਭਰਵੇਂ ਰੂਪ ਵਿਚ ਪੇਸ਼ ਹੁੰਦਾ ਹੈ, ਕਿਉਂਕਿ ਕੇਵਲ ਘਰ-ਪਰਿਵਾਰ ਹੀ 1947 ਦੀ ਵੰਡ ਨੇ ਨਹੀਂ ਉਜਾੜੇ ਸਗੋਂ ਸਰਬ-ਸਾਂਝੀ ਰਹਿਤਲ ਵੀ ਇਸ ਉਜਾੜੇ ਦੀ ਭੇਟ ਚੜ੍ਹ ਗਈ ਸੀ। ਜਿਵੇਂ ਕੁਲਜੀਤ ਸਿੰਘ ਜੰਜੂਆ ਦੀ ਕਵਿਤਾ ਵਿਚ ਇਹ ਸੁਰ ਦੇਖੀ ਜਾ ਸਕਦੀ ਹੈ—
—ਉਏ ਬਸ਼ੀਰਿਆ
ਖਲੋ ਜ਼ਰਾ ਮੈਂ ਆਉਨਾ
ਚੁੱਲ੍ਹੇ ਮੂਹਰੇ ਬੈਠਿਆਂ
ਲੱਸੀ ਦਾ ਗਲਾਸ ਰੱਖਦਿਆਂ ਮੇਰਾ ਬਾਪੂ
ਅਚਾਨਕ ਆਪ-ਮੁਹਾਰੇ ਬੋਲ ਪੈਂਦਾ
ਤੇ ਉਹਦੀਆਂ ਅੱਖਾਂ ਚਮਕਣ ਲਗਦੀਆਂ
ਇਹ ਅਜੀਬ ਜਿਹੀ ਰੌਸ਼ਨੀ
ਤੇ ਗੁਆਚ ਜਾਂਦਾ
ਚੱਕ 129 ਜ਼ਨੂਲੀ ਸਰਗੋਧਾ ਦੀਆਂ ਗਲੀਆਂ ‘ਚ
ਅੱਭੜ ਵਾਹੇ
ਕਦੀ ਕਦੀ ਅੱਧੀ ਰਾਤੀਂ
ਅਚਾਨਕ ਮੇਰੀ ਦਾਦੀ
ਅਭੜਵਾਹੇ ਉੱਠ ਖਲੋਂਦੀ
ਤੇ ਉਸਦੇ ਮੂੰਹੋਂ ਨਿਕਲ ਉੱਠਦਾ
ਹਾਏ ਉਏ ਮੇਰਿਆ ਰੱਬਾ
ਉਹ ਮੇਰਾ ਕੋਕਿਆਂ ਵਾਲਾ ਸੰਦੂਕ
ਮੋਰਾਂ ਵਾਲੀਆਂ ਦਰਲੀਆਂ
ਬੰਬਲਾਂ ਵਾਲੇ ਖੇਸ।
ਇਸੇ ਤਰ੍ਹਾਂ ਸੁਖਪਾਲ ਵੀ ਆਪਣੀਆਂ ਕਵਿਤਾਵਾਂ ਵਿਚ ਜਿਥੇ ਸਰਬ ਸਾਂਝੀਵਾਲਤਾ, ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਸੀ ਉਸ ਦੇ ਭੁੱਲਣ ਅਤੇ ਨਵੀਂ ਪੀੜ੍ਹੀ ਦੇ ਜੁਆਬ ਮੰਗਣ ਨੂੰ ਇਕ ਸੰਵਾਦੀ ਰੂਪ ਵਿਚ ਪੇਸ਼ ਕਰਦਾ ਹੈ। ਇਕਬਾਲ ਰਾਮੂਵਾਲੀਆ ਦੀ ਕਵਿਤਾ ਰੋਟੀ ਅਤੇ ਸ਼ਾਇਰੀ ਨੂੰ ਸਮਾਨਾਂਤਰ ਰੱਖ ਕੇ ਸੰਵਾਦ ਰਚਾਉਂਦਾ ਹੈ। ਜਗੀਰ ਕਾਹਲੋਂ ਸੰਸਾਰ ਪੱਧਰ ਤੇ ਤਕੜੇ ਦੀ ਧੋਂਸ ਨੂੰ ਕਾਵਿਕ ਅਨੁਭਵ ਦਾ ਵਿਸ਼ਾ ਬਣਾਉਂਦਾ ਹੈ। ਇਸ ਤਰ੍ਹਾਂ ਸੱਚਮੁੱਚ ਹੀ ਹੁਣ ਪਰਵਾਸੀ ਸ਼ਾਇਰਾਂ ਦੀਆਂ ਕਵਿਤਾਵਾਂ ਦੀਆਂ ਬਹੁਤ ਸਾਰੀਆਂ ਪਰਤਾਂ ਉਜਾਗਰ ਹੁੰਦੀਆਂ ਹਨ, ਜਦਕਿ ਪਹਿਲੀ ਪੀੜ੍ਹੀ ਦੇ ਕਵੀਆਂ ਦੀ ਕਵਿਤਾ ਨੂੰ ਕਿਸੇ ਇਕ ਚੋਖਟੇ ਵਿਚ ਰੱਖ ਕੇ ਦੇਖਿਆ ਜਾਂਦਾ ਸੀ ਭਾਵੇਂ ਕਿ ਉਹ ਵੀ ਕਾਵਿਕ ਨਿਆਂ ਨਹੀਂ ਸੀ ਜਾਪਦਾ।
‘#ਲਵੈਂਡਰ’ ਕਾਵਿ-ਪੁਸਤਕ ਵਿਚਲੀ ਕਵਿਤਾ ਮਨੁੱਖ ਦੀ ਉਸ ਕਰੂਰ ਅਤੇ ਦੋਗਲੀ ਸ਼ਖਸੀਅਤ ਤੋਂ ਵੀ ਪਰਦਾ ਲਾਹੁੰਦੀ ਹੈ, ਜੋ ਸਮਾਜ ਵਿਚ ਸਰਬ-ਪੱਖੀ ਪ੍ਰਦੂਸ਼ਮ ਲਈ ਜ਼ਿੰਮੇਵਾਰ ਹੈ ਇਹ ਕਵੀ ਹਰੇਕ ਉਸ ਵਰਤਾਰੇ ਨੂੰ ਕਾਟੇ ਹੇਠ ਰੱਖ ਰਹੇ ਹਨ, ਜੋ ਸਮੁੱਚੀ ਮਾਨਵਤਾ ਲਈ ਘਾਤਕ ਹੈ। ਇਕਬਾਲ ਰਾਮੂਵਾਲੀਆ ਦੀ ਕਵਿਤਾ ਇੱਥੇ ਜ਼ਿਕਰਯੋਗ ਹੈ ਅਜਿਹੇ ਵਰਤਾਓ ‘ਤੇ ਵਿਅੰਗ ਸਿਰਜਦੀ ਹੈ—
ਸਾਬਣ ‘ਚ ਕੱਚ ਪਾ ਕੇ ਚਿਹਰਾ ਨਿਖਾਰਦੇ ਹੋ
ਨਾਲ ਬੰਦੂਕ ਦੀ ਨਾ ਜੁਲਫ਼ਾਂ ਸੰਵਾਰਦੇ ਹੋ
ਹੋਠਾਂ ਨੂੰ ਰੰਗਦੇ ਹੋ ਖੰਜਰ ਜਾਂ ਤੇਗ ਨਾਲ,
ਸੁਰਮਾ ਤੁਸੀਂ ਹੋ ਪਾਉਂਦੇ ਅੱਜਕੱਲ੍ਹ ਬਲੇਡ ਨਾਲ। 14

ਸਮਾਜਿਕ ਤਾਣੇ-ਬਾਣੇ ਦੀਆਂ ਉਲਝਣਾਂ ਅਤੇ ਲਿਫ਼ਾਫ਼ੇਬਾਜ਼ੀ ਤਬੀਅਤ ਉਤੇ ਇਕ ਵੱਖਰੀ ਭਾਂਤ ਦੀ ਵਿਅੰਗ ਸਿਰਜਣਾ ਸ਼ਮੀਲ ਦੀ ਕਵਿਤਾ ਵਿਚ ਦੇਖੀ ਜਾ ਸਕਦੀ ਹੈ। ਉਹ ਸਬਜ਼ੀਆਂ ਦੇ ਕਾਵਿਤ ਸੰਵਾਦ ਨੂੰ ਸਮਾਜਿਕ ਪ੍ਰਬੰਧ ਨਾਲ ਮੇਚਦਾ ਹੋਇਆ ਲਿਖਦਾ ਹੈ—
”ਭਰਾਵਾਂ ਥੱਕ ਗਏ ਹਾਂ
ਸਾਡੇ ‘ਚ ਤਾਂ ਅੱਜਕੱਲ੍ਹ
ਵੈਸੇ ਹੀ ਜਾਨਾਂ ਨਹੀਂ” ਆਲੂ ਬੋਲਿਆ
”ਜਿਵੇਂ ਤੁਹਾਡੇ ਮੁੰਡੇ ਜਿਮ ਜਾਂਦੇ
ਲੈਂਦੇ ਸਪਲੀਮੈਂਟਸ
ਸਰੀਰ ਬਣਾਉਂਦੇ ਦਰਸ਼ਨੀ
ਅਸੀਂ ਵੀ ਦੇਖਣ ਨੂੰ ਹੀ ਤਕੜੇ ਲਗਦੇ
ਜਾਨ ਜੂਨ ਕੋਈ ਨਹੀਂ
ਉਤੋਂ ਸਫ਼ਰ ਮਾਰ ਲੈਂਦਾ”
ਟਮਾਟਰ ਤੋਂ ਵੀ ਰਿਹਾ ਨਾ ਗਿਆ :
ਸਾਡੀਆਂ ਸ਼ਕਲਾਂ ਨਾ ਦੇਖ
ਐਵੇਂ ਮੇਅਕੱਪ ਹੈ
ਪਤਾ ਨਹੀਂ ਕੀ ਪਾਉਂਦੇ ਸਾਡੇ ਬੀਜਾਂ ‘ਚ
ਵਧੀ ਜਾਂਦੇ ਹਾਂ, ਫੁੱਲ ਕੇ ਪਟਣ ਨੂੰ ਆਏ ਹਾਂ
ਅੰਦਰ ਤਾਂ ਕੁਝ ਹੈ ”ਨੀ”। 15
‘#ਲਵੈਂਡਰ’ ਪੁਸਤਕ ਦੀ ਖਾਸੀਅਤ ਇਸ ਪੱਖੋਂ ਵੀ ਬਣਦੀ ਹੈ ਕਿ ਕਿਉਂਕਿ ਕੈਨੇਡਾ ਦੀ ਪੰਜਾਬੀ ਕਵਿਤਾ ਬਾਰੇ ਪਹਿਲਾਂ ਜਿੰਨੀਆਂ ਵੀ ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਉਨ੍ਹਾਂ ਵਿਚੋਂ ਇਸਤਰੀ ਕਵੀਆਂ ਦੀ ਸ਼ਮੂਲੀਅਤ ਮੁਕਾਬਲਤਨ ਘੱਟ ਹੁੰਦੀ ਸੀ ਪਰ ਇਸ ਪੁਸਤਕ ਵਿਚ 17 ਦੇ ਲਗਭਗ ਇਸਤਰੀ ਕਵੀ ਸ਼ਾਮਿਲ ਹਨ। ਇਨ੍ਹਾਂ ਵਿਚ ਕੁਝ ਉਹ ਵੀ ਨਾਮ ਹਨ ਜਿਹੜੀਆਂ ਔਰਤਾਂ ਕਵਿਤਾ ਲਿਖਦੀਆਂ ਜ਼ਰੂਰ ਸਨ ਪਰ ਪੰਜਾਬੀ ਪਾਠਕਾਂ ਨਾਲ ਭਰਪੂਰ ਸਾਂਝ ਇਸ ਕਾਵਿ-ਸੰਗ੍ਰਹਿ ਦੇ ਨਾਲ ਹੀ ਹੋਈ। ਇਨ੍ਹਾਂ ਇਸਤਰੀਆਂ ਕਵੀਆਂ ਦੀਆਂ ਕਵਿਤਾਵਾਂ ਵਿਚ ਔਰਤਾਂ ਦਾ ਪਰੰਪਰਕ ਕਰੁਣਮਈ ਔਰਤ ਵਾਲਾ ਬਿੰਬ ਪੇਸ਼ ਹੋਇਆ, ਸਗੋਂ ਉਹ ਸਾਰੇ ਸਮਾਜਕ ਵਰਤਾਰੇ ਨੂੰ ਸਮਝਦੀ ਹੋਈ ਸੁਸ਼ਕਤ ਨਾਰੀ ਹੈ। ਕਿਉਂਕਿ ਉਹ ਇਕ ਅਜਿਹੇ ਮੁਲਕ ਵਿਚ ਰਹਿ ਰਹੀ ਹੈ ਜਿੱਥੇ ਸਾਰਿਆਂ ਦੇ ਹੱਕ ਬਰਾਬਰ ਹਨ। ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ—
ਮੈਂ ਕਿਸੇ ਕਵੀ ਦੀ
ਉਹ ਕਵਿਤਾ ਨਹੀਂ ਹਾਂ ਜੋ ਚੰਦ ਕੁ
ਨਿਗੂਣੇ ਅੱਖਰਾਂ ‘ਚ ਲਿਖੀ ਜਾਵਾਂਗੀ
ਕਿਮ ੈਂ ਤਾਂ ਇਕ ਸਹਿਜ ਜ਼ਿੰਦਗੀ ਦਾ
ਇਕ ਸ਼ਾਂਤਮਣੀ ਗੀਤ ਹਾਂ
ਜੋ ਸ਼ਾਹਕਾਰ ਦੇ ਹੱਥੀਂ
ਲਿਖਿਆ ਗਿਆ ਹਾਂ। 16
(ਪਰਵਿੰਦਰ ਗੋਗੀ)

ਅਸਾਂ ਨੇ ਪੌਣਾਂ ਦੇ ਮੁੱਖ ਮੋੜਨੇ
ਹਨੇਰੀਆਂ ਦੇ ਗਰੂਰ ਤੋੜਨੇ
ਡੱਕਣੇ ਨੇ ਮੂੰਹ ਜ਼ੋਰ ਪਾਣੀਆਂ ਦੇ ਰੁੱਖ
ਝੱਲਣੇ ਨਹੀਂ ਬੇਲਗਾਮ ਝੱਖੜ
ਬਿਨ ਬੁਲਾਇਆਂ ਜੋ ਤਹਿਸ਼ ਨਹਿਸ਼ ਕਰਨ
ਮਨਾਂ ਦੇ ਸਕੂਨ। 17
(ਬਲਵੀਰ ਕੌਰ ਢਿੱਲੋਂ)

ਬਹੁਤ ਚੰਗਾ ਕੀਤਾ
ਕਿ ਤੂੰ ਮੇਰੇ ਪੈਰਾਂ ਹੇਠਲੀ ਜ਼ਮੀਨ ਖਿੱਚ ਲਈ
ਜੇ ਤੂੰ ਇੰਜ ਨਾ ਕਰਦਾ
ਤਾਂ ਮੈਂ ਅਣਜਾਣ ਹੀ ਰਹਿ ਜਾਣਾ ਸੀ
ਆਪਣੀ ਹੋਂਦ ਦੇ ਬੋਝ ਤੋਂ। 18

ਔਰਤ ਤੂੰ ਸ਼ਬਦ ਹੈਂ ਤੂੰ ਸ਼ਕਤੀ
ਤੂੰ ਜਣਨੀ ਤੂੰ ਸਿਰਜਣਹਾਰੀ
ਸੁੱਚੇ ਸੁੱਚੇ ਸ਼ਬਦਾਂ ਨਾਲ ਪਾਲਣ ਪੋਸਣ ਕਰਦੀ
ਤੇਰੇ ਤੋਂ ਸਿੱਖ ਦੀ ਸਭ ਲੋਕਾਈ
ਬੋਲ ਚਾਲ ਸਲੀਕੇ ਦੀ ਭਾਸ਼ਾ ਸਾਰੀ। 19
(ਸੁਰਜੀਤ ਕਲਸੀ)

‘#ਲਵੈਂਡਰ’ ਕਾਵਿ-ਪੁਸਤਕ ਵਿਚ ਕੈਨੇਡਾ ਦੀ ਪੰਜਾਬੀ ਕਵਿਤਾ ਦੀ ਉਹ ਸੁਗੰਧੀ ਪੇਸ਼ ਹੋਈ ਹੈ ਜੋ ਦੇਸ਼ਾਂ ਦੇਸਾਂਤਰਾਂ ਦੀਆਂ ਹੱਦਾਂ ਸਰਹੱਦਾਂ ਨੂੰ ਉਲੰਘਦੀ ਹੋਈ ਮਾਨਵੀ ਸਰੋਕਾਰਾਂ, ਜੀਵਨ ਯਥਾਰਥ ਦੀਆਂ ਵਿਸੰਗਤੀਆਂ ਪਰਵਾਸੀ ਜੀਵਨ ਦੇ ਨਵੀਨ ਅਨੁਭਵਾਂ (ਗੁਰਦੇਵ ਚੌਹਾਨ ਦੀ ਕਵਿਤਾ ਟਰਿੰਟਨ, ਪਿਆਰਾ ਸਿੰਘ ਕੁਦੋਵਾਲ, ਬਮਲਜੀਤ ‘ਮਾਨੀ’ ਦੀ ਕਵਿਤਾ ‘ਲਹੂ’) ਤੇ ਹੋਰ ਵੀ ਬਹੁਤ ਸਾਰੀਆਂ ਕਵਿਤਾ ਕੈਨੇਡਾ ਦੀ ਕਵਿਤਾ ਤੇ ਨਵੀਨ ਕਾਵਿਕ ਮੁਹਾਂਦਰੇ ਨੂੰ ਪੇਸ਼ ਕਰਦੀਆਂ ਹਨ।
ਨਿਰਸੰਦੇਹ ‘#ਲਵੈਂਡਰ’ ਕਾਵਿ-ਪੁਸਤਕ ਵਿਚਲੀ ਕਵਿਤਾ ਕੈਨੇਡਾ ਦੀ ਪੰਜਾਬੀ ਕਵਿਤਾ ਵਿਚੋਂ ਨਵੀਂ ਪੁਲਾਂਘ ਹੈ ਜੋ ਸੁਰਜੀਤ ਟੋਰਾਂਟੋ ਦੀ ਮਿਹਨਤ ਅਤੇ ਕਾਵਿਕ ਸਿਰੜ ਦੀ ਉਦਾਹਰਨ ਹੈ।

ਪਿੰਡ ਸੰਗੋਜਲਾ, ਕਪੂਰਥਲਾ (ਪੰਜਾਬ)
੯੮੧੪੧-੬੮੬੧੧