November 3, 2024

ਪੁਸਤਕ : ਸਪਤ ਸਿੰਧੂ ਪੰਜਾਬ

ਸੰਪਾਦਕ : ਸੁਰਿੰਦਰ ਕੁਮਾਰ ਦਵੇਸ਼ਵਰ ਹਰੀਸ਼ ਜੈਨ

ਰੀਵਿਊਕਾਰ : ਡਾ. ਦਵਿੰਦਰ ਸਿੰਘ ਬੋਹਾ

ਸਾਂਭਣਯੋਗ ਦਸਤਾਵੇਜ਼ ‘ਸਪਤ ਸਿੰਧੂ ਪੰਜਾਬ’

‘ਸਪਤ- ਸਿੰਧੂ ਪੰਜਾਬ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੁਰਾਂ ਵੱਲੋਂ ਸੰਪਾਦਿਤ ਪੁਸਤਕ ਹੈ। ਇਸ ਪੁਸਤਕ ਵਿਚਲਾ ਗਿਆਨ ਰੂਪੀ ਚਾਨਣ ਪੁਸਤਕ ਦੇ ਛੇ ਭਾਗਾਂ ‘ਚ ਫ਼ੈਲਿਆ ਅੱਗੋਂ 28 ਅਧਿਆਵਾਂ ਵਿੱਚ ਆਪਣੀ ਵੱਡਮੁੱਲੀ ਜਾਣਕਾਰੀ ਨਾਲ ਦਿਮਾਗਾਂ ਦੇ ਬਨੇਰਿਆਂ ਨੂੰ ਰੌਸ਼ਨ ਚਿਰਾਗ ਕਰਦਾ ਹੈ। ਸੰਪਾਦਕਾਂ ਵੱਲੋਂ ਬਹੁਤ ਹੀ ਸਮਝਦਾਰੀ ਨਾਲ ਵਿਦਵਾਨ ਸ਼ਖ਼ਸੀਅਤਾਂ ਦੇ ਲੇਖ ਇਸ ਪੁਸਤਕ ਵਿੱਚ ਸ਼ਾਮਿਲ ਕਰਦਿਆਂ ਇਸ ਪੁਸਤਕ ਦੇ ਮਿਆਰ ਅਤੇ ਇਸਦੇ ਵਸਤੂ-ਵਿਧਾਨ ਨੂੰ ਕਾਇਮ ਰੱਖਦਿਆਂ ਪਾਠਕਾਂ ਨੂੰ ਸਮਕਾਲੀਨ ਵੱਡਮੁੱਲੀ ਸਾਹਿਤਕ, ਸੱਭਿਆਚਾਰਕ, ਭੂਗੋਲਿਕ, ਰਾਜਨੀਤਿਕ ਜਾਣਕਾਰੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੁਸਤਕ ਅੰਦਰ ਸ਼ਾਮਿਲ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਇਹ ਸਮਝ ਪੈਂਦੀ ਹੈ ਕਿ ਪੰਜਾਬ ਆਪਣੇ ਅਤੀਤ ਤੋਂ ਆਧੁਨਿਕਤਾ  ਵਿੱਚ ਪੈਰ ਰੱਖਣ ਤੱਕ ਦਾ ਪੈਂਡਾ ਜਿੱਥੇ ਆਪਣੀ ਅਮੀਰ ਵਿਰਾਸਤ ‘ਤੇ ਮਾਣ ਨਾਲ ਜਿਊਂਦੇ ਰਹਿਣ ‘ਚ ਟੋਲਦਾ ਹੈ, ਉੱਥੇ ਇਹ ਸਮਾਜਕ, ਆਰਥਿਕ, ਰਾਜਨੀਤਿਕ, ਭੁਗੋਲਿਕ, ਸੱਭਿਆਚਾਰਕ, ਭਾਸ਼ਾਈ ਆਦਿ ਵਿਭਿੰਨ ਪਹਿਲੂਆਂ  ਤੋਂ ਆਪਣੀ ਹੋਂਦ ਨਿਰਧਾਰਤ ਕਰਨ ਵੱਲ ਵੀ ਆਪਣੀ ਗਤੀਸ਼ੀਲਤਾ ਵੱਲ ਉਲਾਂਘ ਭਰਦਾ ਰਿਹਾ ਹੈ। ਇਥੋਂ ਦਾ ਅਮੀਰ ਸੱਭਿਆਚਾਰ, ਰੀਤੀ-ਰਿਵਾਜ,  ਭੂਗੋਲਿਕ ਦਾਇਰੇ, ਸਮੇਂ-ਸਮੇਂ ਤੇ ਚੱਲੀਆਂ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ, ਲਹਿਰਾਂ ਦੀ ਭੂਮਿਕਾ ਨੂੰ ਅਸੀਂ ਅਣਡਿੱਠ ਕਰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਸ਼ਾਲ ਦਾਇਰਿਆਂ ਨੂੰ ਨਹੀਂ ਸਮਝ  ਸਕਦੇ। ਭਾਰਤੀ ਸੱਭਿਆਤਾਵਾਂ ਦੇ ਇਤਹਾਸ, ਭੁਗੋਲਿਕ ਦਾਇਰਿਆਂ, ਦਰਿਆਵਾਂ ਦੇ ਮੁਹਾਣ ਵਿਭਿੰਨ ਭਾਸ਼ਾਈ ਸੱਭਿਆਚਾਰਾਂ ਆਦਿ ਸਭ ਸਾਂਝੇ ਤੌਰ ‘ਤੇ ਸਮੇਂ-ਸਮੇਂ ਤੇ ਵਿਚਰਦਿਆਂ ਇਸ ਦੇ ਮੁੜ੍ਹੰਗੇ ਨੂੰ ਪ੍ਰੀਭਾਸ਼ਤ ਕਰਦਿਆਂ ਆਧੁਨਿਕ ਦੌਰ ‘ਚ ਪ੍ਰਵੇਸ਼ ਕਰਦੇ ਹਨ। ਇੱਕ ਵਿਸ਼ਾਲ ਪੰਜਾਬ ਆਪਣੇ ਅਤੀਤ  ਦੇ ਗਰਭ ‘ਚੋਂ ਹੀ  ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਮੇਸ਼ਾ ਆਪਣੇ ਨਕਸ਼ ਉਭਾਰਦਾ ਰਿਹਾ ਹੈ। ਇਸ ਸਭ ਕੁਝ ਨੂੰ ਵਿਭਿੰਨ ਪਹਿਲੂਆਂ ਤੋਂ ਬਿਆਨ ਕਰਦੀ ਇਸ ਪੁਸਤਕ ‘ਚ ਸ਼ਾਮਿਲ ਕੀਤੇ ਗਏ ਲੇਖਾਂ ਦੀ ਲੰਮੀ ਲੜੀ ਇਹ ਸਭ ਇਸ ਦੇ ਵਿਭਿੰਨ ਪਹਿਲੂਆਂ ਤੋਂ ਤਸਦੀਕ ਕਰਦੀ ਹੈ। ਪੁਸਤਕ ਨੂੰ ਛੇ ਭਾਗਾਂ ਤੇ ਅੱਗੋਂ ਇਨ੍ਹਾਂ ਦੀ ਕੀਤੀ ਗਈ ਅਧਿਆਇ ਵੰਡ ਵਸਤੂ-ਵਿਧਾਨ ਨੂੰ ਸੰਪਾਦਕਾਂ ਵੱਲੋਂ ਬਹੁਤ ਹੀ ਸੋਚ ਸਮਝ ਅਤੇ ਵਿਚਾਰ ਉਪਰੰਤ ਪੁਸਤਕ ਅੰਦਰ ਸ਼ੁਮਾਰ ਕਰਦਿਆਂ  ਉਹ ਕਾਫ਼ੀ ਹੱਦ ਤੱਕ ਦਿਮਾਗੀ ਪਰਤਾਂ ਨੂੰ ਗਿਆਨ ਦੀ ਤਰਲਤਾ ਪ੍ਰਦਾਨ ਕਰਦੀ ਹੈ।
ਪੁਸਤਕ ਦੀ ਭੂਮਿਕਾ, ‘ਪੰਜਾਬ ਪੰਜਾਬੀਅਤ ਦੇ ਮੁਢਲੇ ਸ਼ਬਦ’ ਨਾ ਸਿਰਫ਼ ਪੁਸਤਕ ਦੀ ਆਧਾਰਸ਼ਿਲਾ ਹੀ ਹਨ ਬਲਕਿ ਇਹ ਪੁਸਤਕ ਦੇ ਆਸ਼ੇ ਤੇ ਉਦੇਸ਼ ਨੂੰ ਸਪਸ਼ਟ ਕਰਨ ‘ਚ ਮਦਦ ਕਰਦੇ ਹਨ। ਸਪਤ ਸਿੰਧੂ -ਪੰਜਾਬ ਵਡੇਰੇ ਦਾ ਭੂਗੋਲਿਕ ਪੱਖ  ਤੋਂ ਇਸ ਦਾ ਕੀਤਾ ਗਿਆ ਵਰਣਨ ਨਾ ਸਿਰਫ਼ ਇਸ ਨੂੰ ਦਰਿਆਵਾਂ ਤੋਂ ਹੀ ਵੇਖਣ ਲਈ ਬਲਕਿ ਇਸ ਦਾ ਪੰਜਾਬ ਪੰਜਾਬੀਅਤ ਵਿੱਚ ਯੋਗਦਾਨ ਪੁਸਤਕ ਨੂੰ ਪੜ੍ਹਦਿਆਂ ਹੀ ਪਤਾ ਚਲਦਾ ਹੈ। ਇਸੇ ਤਰ੍ਹਾਂ ਭਾਸ਼ਾ ਅਤੇ ਰਾਜਾਂ ਦੇ ਪੁਨਰ-ਗਠਨ ਬਾਰੇ ਰਾਜਸੱਤਾ ਦੀ ਗ੍ਰਹਿਣੀ ਸੋਚ ‘ਚੋਂ ਪੰਜਾਬ, ਪੰਜਾਬੀ ਬਾਰੇ ਹੇਜ ਦਾ ਹੀਜ਼-ਪਿਆਜ਼ ਦੇ ਬਹੁਤ ਗੌਲਣਯੋਗ ਤੱਥ ਸਾਹਮਣੇ ਵੀ ਆਉਂਦੇ ਹਨ। ਜੋ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਬਾਬਤ ਵਿਭਿੰਨ ਪੱਖਾਂ ਨੂੰ ਸਮਝਣ ਲਈ ਸਹਾਇਕ ਭੂਮਿਕਾ ਨਿਭਾਉਂਦੇ ਹਨ।
ਸੱਭਿਅਤਾ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਪੰਜਾਬੀ ਸੱਭਿਆਚਾਰ, ਭਾਸ਼ਾਈ ਦਾ ਨਿਕਾਸ-ਵਿਕਾਸ ਹੁੰਦਾ ਹੈ, ਨੂੰ ਵੀ ਇਸ ਪੁਸਤਕ ਅੰਦਰਲੇ ਲੇਖਾਂ ਵਿਚਲੇ ਵਿਚਾਰਾਂ ਦੇ ਮੁਨਾਰਿਆਂ ਵੱਲ ਵਧਦਿਆਂ ਪਤਾ ਲੱਗਦਾ ਹੈ। ਪੁਸਤਕ ਅੰਦਰ ਵੱਖ-ਵੱਖ ਲੇਖਕਾਂ ਦੇ ਹਵਾਲਿਆਂ ਨਾਲ ਵਿਦਵਾਨਾਂ ਵੱਲੋਂ ਆਪਣੇ ਵਿਚਾਰਧਾਰਕ ਪਰਿਪੇਖ ਤੋਂ ਸਮਕਾਲੀਨ ਦਿਸ਼ਾ ਅਤੇ ਦਸ਼ਾ ਦਾ ਬਾਖ਼ੂਬੀ ਵਿਵੇਕ ਆਧਾਰਿਤ ਵਰਨਣ ਪਾਠਕ ਦੀ ਤਰਕ ਆਧਾਰਿਤ ਸੇਧ ਲਈ ਸਮਝ ਬਣਾਉਣ ਵਿੱਚ ਮਦਦ ਕਰਦਾ ਹੈ। ਆਰੀਆ, ਮੁਗ਼ਲਾਂ, ਅਫਗਾਨ, ਤੁਰਕ, ਮੁਸਲਮਾਨ ਆਦਿ ਇੱਥੇ ਦਾ ਹਿੱਸਾ ਰਹੀਆਂ ਵਿਭਿੰਨ ਰਾਜਸੱਤਾਵਾਂ, ਜਾਤੀਆਂ ਆਦਿ ਵੱਖ-ਵੱਖ ਜਾਤਾਂ, ਧਰਮਾਂ ਦੇ ਲੋਕਾਂ ਵੱਲੋਂ ਹਮਲਾਵਾਰ ਰੂਪਾਂ ‘ਚ ਦੁਆਰਾ ਨਾ ਸਿਰਫ਼ ਇੱਥੇ ਆਪਣਾ ਰੈਣ-ਬਸੇਰਾ ਹੀ ਕਰਦੀਆਂ ਹਨ, ਬਲਕਿ ਉਹ ਆਪਣੇ ਭਾਸ਼ਾਈ, ਸਮਾਜਿਕ, ਰਾਜਨੀਤਿਕ ਆਪਣੇ ਪ੍ਰਭਾਵ ਵੀ  ਕਾਬਜ਼ ਜਮਾਤੀ ਦਾ ਪ੍ਰਬੰਧ ਦਾ ਹਿੱਸਾ ਹੋਣ ਕਰਕੇ, ਸਥਾਨਕਤਾ ਨੂੰ ਆਪਣੇ ਅਧੀਨਗੀ ‘ਚ ਸ਼ਾਮਿਲ ਕਰਦੀਆਂ ਰਹੀਆਂ ਹਨ। ਇਹ ਸਭ ਕੁਝ ਪੰਜਾਬ ਦੇ ਜ਼ਮੀਨੀ ਧਰਾਤਲ ਦੇ ਗਰਭ ‘ਚ ਉਤਪੰਨ ਹੋਣ ਕਰਕੇ ਆਪਣੇ ਬਹੁ ਭਾਸ਼ਾਈ, ਜਾਤੀ, ਧਰਮ, ਸੱਭਿਆਚਾਰ, ਰੀਤੀ, ਰਸਮੋਂ-ਰਿਵਾਜ ਆਦਿ ਦਾ ਬਹੁਪੱਖੀ ਮਿਸ਼ਰਣ ਵਿਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ।
ਜੇ. ਐੱਸ. ਗਰੇਵਾਲ ਦਾ ਪੁਸਤਕ ਦਾ ਪਹਿਲਾ ਲੇਖ ‘ਪੰਜਾਬ ਦਾ ਇਤਿਹਾਸ ਭੂਗੋਲ ਦੇ ਇਤਿਹਾਸਕ ਪਰਿਪੇਖ ਤੋਂ ਪੰਜਾਬ ਦੇ ਕਈ ਪੱਖਾਂ ਬਾਰੇ ਆਪਣੀ ਇੱਕ ਵੱਖਰੀ ਸਮਝ ਵਿਕਸਿਤ ਕਰਦਾ, ਆਪਣੇ ਤਰਕ ਆਧਾਰਿਤ ਵਿਸ਼ਲੇਸ਼ਣ ਨਾਲ ਜੋੜਦਾ ਹੈ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਆਪਣੇ ਲੇਖ ‘ਪੰਜਾਬ ਦੇ ਪਰਬਤ ਤੇ ਦਰਿਆ’ ਰਾਹੀਂ ਪੰਜਾਬੀ ਦੀ ਭੂਗੋਲਿਕ ਬਣਤਰ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਦੀ ਹੋਂਦ, ਵਹਿਣ, ਭੂ-ਖੰਡ ਆਦਿ ਪੱਖਾਂ ਨੂੰ ਵਿਭਿੰਨ  ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਧਰਾਤਲ ਦੇ ਦ੍ਰਿਸ਼ ਤੋਂ ਵੇਖਣ-ਸਮਝਣ ਦੀ ਕੋਸ਼ਿਸ਼ ਹੈ। ‘ਪੰਜਾਬ ਦੇ ਪਾਣੀਆਂ ਜੁਗੋ-ਜੁਗੋ ਵਹਿਣ’ ਹਰੀਸ਼ ਜੈਨ ਦੁਆਰਾ ਲਿਖਿਆ ਲੇਖ ਵੀ ਪੰਜਾਬੀ ਦੀਆਂ ਭੂਗੋਲਿਕ ਸੀਮਾਵਾਂ ਨੂੰ ਅਗਾਂਹ ਤੋਰਦਿਆਂ ਇਸ ਦੇ ਦਰਿਆਵਾਂ ਅਤੇ ਨਦੀਆਂ ਦੇ ਵਹਿਣ ਦੀ ਗੱਲ ਕਰਦਾਂ ਤੱਥਾਂ ਆਧਾਰਿਤ ਪੰਜਾਬ ਦੇ ਧਰਾਤਲੀ ਨਕਸ਼ ਨੂੰ ਖ਼ੂਬਸੂਰਤੀ ਨਾਲ ਇਸ ਦੇ ਨੈਣ-ਨਕਸ਼ ਉਭਾਰਦਾ ਹੈ। ‘ਪੰਜਾਬ ਸਪਤ-ਸਿੰਧੂ ਤੋਂ ਪੰਜਾਬੀ ਸੂਬੇ ਤੱਕ’ ਡਾ. ਹਰਵਿੰਦਰ ਸਿੰਘ ਭੱਟੀ ਦਾ ਲਿਖਿਆ ਲੇਖ ਇਸ ਦੇ ਇਤਿਹਾਸਕ, ਸਮਾਜਿਕ, ਧਾਰਮਿਕ ਅਤੇ ਦਾਰਸ਼ਨਿਕ ਪੱਖਾਂ ਨੂੰ ਖੰਘਾਲਣ ਪੱਖੋਂ ਪਾਠਕਾਂ ਲਈ ਵਧੀਆ ਜਾਣਕਾਰੀ ਦਾ ਸੋਮਾ ਹੈ। ‘ਪੰਜਾਬੀ ਸੱਭਿਆਚਾਰ: ਭੂਗੋਲਿਕ ਪਹਿਲੂ’ ਬਾਰੇ ਜਸਵਿੰਦਰ ਸਿੰਘ ਹੁਰਾਂ ਨੇ ਬਹੁਤ ਵਿਸਥਾਰ ਸਹਿਤ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਅਤੇ ਇਸ ਦੇ ਭੂਗੋਲਿਕ ਪੱਖਾਂ ਤੋਂ  ਇਸ ਨੂੰ ਉਭਾਰਦਿਆਂ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ‘ਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣ’ ਡਾ.ਟੀ.ਆਰ.ਵਿਨੋਦ ਦੁਆਰਾ ਰਚਿਤ ਲੇਖ ਪੰਜਾਬ ਸੱਭਿਆਚਾਰਕ ਧਰਾਤਲ ਦੀ ਰੌਸ਼ਨੀ ‘ਚ ਵਿਭਿੰਨ ਤੱਤਾਂ/ਚਿੰਨ੍ਹਾਂ ਦੀ ਪਛਾਣ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਇਸ ਦੇ ਅਤੀਤ ਦੇ ਗਰਭ ਚੋਂ ਵਰਤਮਾਨ ਨੂੰ ਉਭਾਰਦਾ ਹੈ। ਇਸ ਦੇ ਇਹ ਨਿੱਖੜਵੇਂ  ਲੱਛਣ ਜਿਹੜੇ ਕਿ ਨਾ ਸਿਰਫ਼  ਨੂੰ ਬਾਕੀਆਂ ਤੋਂ ਨਿਖੇੜਦੇ ਹਨ, ਬਲਕਿ ਉਨ੍ਹਾਂ ਦੀ ਮਹੱਤਤਾ ਤੇ ਅਹਿਮੀਅਤ ਵੀ ਵਧੇਰੇ ਸਿਰਕੱਢ ਹੈ। ਇਨ੍ਹਾਂ ਸਾਰੇ ਪੱਖਾਂ ਤੋਂ ‘ਤੱਥ ਮੂਲਕ’ ਸੱਚਾਈਆਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਗਹਿਰਾਈ ਅਧਾਰਤ ਟੋਹਣ ਪੱਖੋਂ ਪਾਠਕ ਲਈ ਗਿਆਨ ਵਰਧਕ ਹੈ। ਭਾਰਤੀ ਸੱਭਿਆਚਾਰ ਨੂੰ ਪੰਜਾਬ ਦੀ ਦੇਣ ਡਾ.  ਰਵਿੰਦਰ ਸਿੰਘ ਰਵੀ ਹੁਰਾਂ ਦਾ ਲਿਖਿਆ ਨਿਬੰਧ ਆਪਣੀ ਵਿਚਾਰਧਾਰਕ ਸਾਂਝ ਤੋਂ ਇਸ ਨੂੰ ਕਿਰਤ ਸੱਭਿਆਚਾਰ ਅਤੇ ਜਮਾਤੀ ਕੋਣ ਤੋਂ ਪੇਸ਼ ਕਰਦਾ ਅਤੇ ਸਮੇਂ-ਸਮੇਂ ਤੇ ਹੋਏ ਬਦਲਾਵਾਂ ਦੇ ਖਾਕੇ ਨੂੰ ਪੇਸ਼ ਕਰਦਾ ਖ਼ੂਬਸੂਰਤ ਪ੍ਰਗਟਾਵਾ ਹੈ।
ਦਿਨ, ਤੱਥ, ਤਿਉਹਾਰ, ਵਾਰ ਪੰਜਾਬੀਆਂ ਦੇ ਸਾਹਾਂ ਨਾਲ ਜਿਊਂਦੇ ਹਨ। ਬਹੁਤ ਸਾਰੇ ਰਸਮ-ਰਿਵਾਜ, ਤੇ ਵਹਿਮ ਭਰਮ ਵੀ ਮਨੁੱਖੀ ਇਤਿਹਾਸ ਦੇ ਆਦਿ ਜੁਗਾਦ ਤੋਂ ਇਸ ਦਾ ਹਿੱਸਾ ਹਨ। ਅਤੀਤ ਦੇ ਵਰਕਿਆਂ ਰਾਹੀਂ ਮਨੁੱਖੀ ਸੱਭਿਅਤਾ ਦੇ ਇਤਿਹਾਸ ‘ਚੋਂ ‘ਰਸਮ ਰਿਵਾਜ ਵਹਿਮ ਭਰਮ’ ਬਾਰੇ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਨਿਬੰਧ ਰਾਹੀਂ ਇਨ੍ਹਾਂ ਰਸਮ ਰਿਵਾਜਾਂ ਤੇ ਵਹਿਮ-ਭਰਮਾਂ ਨੂੰ ਮਨੁੱਖ ਜੀਵਨ ਜਾਂਚ ‘ਚ ਨਾ ਸਿਰਫ਼ ਦਿਲਚਸਪੀ ਅਤੇ ਆਪਣੀ ਖੁੱਲ੍ਹੀ ਬਿਰਤੀ ਰਾਹੀਂ ਟੋਹਿਆ ਹੈ, ਬਲਕਿ ਆਪਣੀ ਨਿਵੇਕਲੀ ਪਹੁੰਚ ਦ੍ਰਿਸ਼ਟੀ ਰਾਹੀਂ ਇਸ ਨੂੰ ਵਡਿਆਇਆ ਵੀ ਹੈ। ਬਾਤਾਂ, ਬੁਝਾਰਤਾਂ, ਲੋਕ ਕਥਾਵਾਂ, ਅਖਾਣ, ਮੁਹਾਵਰੇ  ਪੰਜਾਬੀ ਸੱਭਿਆਚਾਰ ‘ਚ ਵਿਸ਼ੇਸ਼ ਮਹੱਤਾ ਦੇ ਲਖਾਇਕ ਹਨ। ਇਹਨਾਂ ਦੇ ਮਹੱਤਵ ਨੂੰ ਅਸੀਂ ਨਾ ਸਿਰਫ਼ ਮਨੋਰੰਜਨ ਤੱਕ ਘਟਾ ਕੇ  ਹੀ ਸੀਮਤ ਕਰ ਸਕਦੇ, ਬਲਕਿ ਸਾਡੇ ਨੈਤਿਕ, ਸਮਾਜਿਕ, ਮੁੱਲ-ਵਿਧਾਨ, ਗਿਆਨ, ਜੀਵਨ-ਸਾਂਝਾ ਆਦਿ ਪੱਖੋਂ ਅਤੇ ਸਮਿਆਂ ਦੀ ਸਮਝਦਾਰੀ ਦੇ ਇਹ ਰਾਹ-ਦਸੇਰਾ ਵੀ ਹਨ। ਇਸ ਪੱਖੋਂ ਸ਼ਾਮਿਲ ਨਿਬੰਧ ‘ਪੁਰਾਣ- ਕਥਾਵਾਂ’ ਡਾ.  ਸੁਰਿੰਦਰ ਕੁਮਾਰ ਦਵੇਸ਼ਵਰ, ‘ਲੋਕ ਗੀਤ’ ਦਵਿੰਦਰ ਸਤਿਆਰਥੀ, ‘ਪੰਜਾਬ ਦੇ ਮੇਲੇ ਤੇ ਤਿਉਹਾਰ’ ਗਿਆਨੀ ਗੁਰਦਿੱਤ ਸਿੰਘ ਵੱਲੋਂ ਪੰਜਾਬ ਦੀ ਅਮੀਰ ਵਿਰਾਸਤ ‘ਚੋਂ ਸੱਭਿਆਚਾਰ, ਰੀਤ-ਰਿਵਾਜ, ਜੀਵਨ ਚੱਜ-ਆਚਾਰ ‘ਚੋਂ ਮੋਤੀ ਚੁਗਦਿਆਂ ਬਹੁਤ ਅਨਮੋਲ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ‘ਪੰਜਾਬ ਦੇ ਕੰਧ ਚਿੱਤਰ’ ਕੰਵਰਜੀਤ ਸਿੰਘ ਕੰਗ, ‘ਕਾਂਗੜੇ ਦੀ ਚਿੱਤਰ ਕਲਾ’ ਡਾ.ਐੱਮ.ਐੱਸ. ਰੰਧਾਵਾ,  ‘ਪੰਜਾਬ ਦੀਆਂ ਖੇਡਾਂ’ ਸੁਜਾਨ ਸਿੰਘ  ‘ਪੰਜਾਬ ਦੇ ਹਾਰ ਸ਼ਿਗਾਰ ਤੇ ਪਹਿਰਾਵਾ’ ਗੁਲਜ਼ਾਰ ਸਿੰਘ ਸੰਧੂ,  ‘ਪੰਜਾਬ ਦੇ ਗਹਿਣੇ’ ਦਲਜੀਤ ਸਿੰਘ,  ‘ਢੋਲ ਅਤੇ ਨਾਚ’ ਡਾ. ਨਾਹਰ ਸਿੰਘ  ‘ਪੰਜਾਬੀ ਸਿਨੇਮਾ’ ਹਰਜੀਤ ਸਿੰਘ, ‘ਬਾਗ ਤੇ ਫੁਲਕਾਰੀ ਦੀ ਰੂਹ: ਖੱਦਰ’ ਡਾ. ਤੇਜਿੰਦਰ ਕੌਰ, ‘ਤ੍ਰਿੰਜਣ’ ਰੂਪਸੀ ਗਰਗ  ਦੇ ਇਸ ਪੁਸਤਕ ਅੰਦਰ ਆਏ ਲੇਖ ਵੀ ਪੰਜਾਬੀ ਦੀਆਂ ਅਤੀਤਕਾਲੀਨ ਤੋਂ ਸਮਕਾਲੀਨ ਸਥਿਤੀਆਂ ਪ੍ਰਸਥਿਤੀਆਂ ‘ਚੋਂ ਨਕਸ਼ ਉਭਾਰਦੇ ਇਥੋਂ ਦੇ ਸੱਭਿਆਚਾਰ, ਭੂਗੌਲਿਕ, ਰਾਜਨੀਤਿਕ ਹਾਲਾਤ ਸਮਾਜਿਕ ਹਾਲਾਤ ਆਦਿ ਨੂੰ ਸਮਝਣ ਵਿੱਚ ਪਾਠਕਾਂ ਲਈ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਉਣ ‘ਚ ਮਦਦਗਾਰ ਸਾਬਿਤ ਹੁੰਦੇ ਹਨ।
‘ਪੰਜਾਬ ਦੀ ਜਨ ਸੰਖਿਆ : ਦ੍ਰਿਸ਼ਾਵਲੀ/ ਡੈਮੋਗਰਾਫੀ’ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਜਨਸੰਖਿਆ ਬਾਰੇ ਜਾਣਕਾਰੀ ਭਰਪੂਰ ਲੇਖ ਹੈ। ਇਸ ਦੇ ਮੂਲ ਲੇਖਕ ਗੋਪਾਲ ਕ੍ਰਿਸ਼ਨ ਅਨੁਵਾਦਿਕ: ਰਵਨੀਤ ਕੌਰ ਵੱਲੋਂ ਇਹ ਲੇਖ ਬਸਤੀਵਾਦੀ ਦੌਰ ਤੋਂ ਆਧੁਨਿਕ ਦੌਰ ਦੇ ਪੈਂਡੇ ਤੋਂ  ਸਮਕਾਲੀਨ ਸਮਾਜਿਕ, ਇਤਿਹਾਸਕ, ਰਾਜਨੀਤਿਕ ਕਾਰਨਾਂ ਨੂੰ ਸਮਝਣ ਲਈ ਪਾਠਕਾਂ ਦੀ ਝੋਲੀ ਭਰਪੂਰ ਕਰਦਾ ਹੈ। ਤੱਥ ਮੂਲਕ ਸੱਚਾਈਆਂ ਦੇ ਸਹਾਰੇ ਖੜ੍ਹ ਕੇ ਇਤਿਹਾਸਕ ਸੰਦਰਭ ‘ਚ ਪਗੜੀ ਸੰਭਾਲ ਜੱਟਾ, ਗੀਤ ਆਪਣੇ ਅਰਥਾਂ ਨੂੰ ਬਹੁਪੱਖੀ, ਬਹੁਮੰਤਵੀ ਵਿਸਥਾਰ ਦਿੰਦਾ ਹੈ ਲੇਕਿਨ ਇਸ ਦੀ ਤਹਿ ਤੱਕ ਅਸੀਂ ਨਹੀਂ ਅੱਪੜਦੇ। ਇਸ ਦੀ ਬਹੁਪੱਖੀ ਅਧਿਐਨ ਤੋਂ ‘ਪਗੜੀ ਸੰਭਾਲ ਜੱਟਾ’ ਹਰੀਸ਼ ਜੈਨ ਦਾ ਲਿਖਿਆ ਲੇਖ ਨਾ ਸਿਰਫ਼ ਪੰਜਾਬ ‘ਚ, ਬਲਕਿ ਉੱਤਰੀ ਭਾਰਤ ਅਤੇ ਵੱਖ-ਵੱਖ ਸਮਿਆਂ ‘ਚ ਉੱਠੀਆਂ ਲਹਿਰਾਂ ਵੀ ਇਸ ਦੇ ਪ੍ਰਭਾਵ ਨੂੰ  ਕਿਵੇਂ ਕਬੂਲਦੀਆਂ ਹਨ, ਬਾਰੇ ਗਹਿਨ-ਗੰਭੀਰ ਵਿਸ਼ਲੇਸ਼ਣ ਪੱਖੀਂ ਜਾਣਕਾਰੀ ਦਾ ਸੋਮਾ ਹੈ। ਵੱਖ-ਵੱਖ ਸਮਿਆਂ ਅੰਦਰ ਇਸ ਗੀਤ ਵਿੱਚ ਆਪਣੀ ਪੱਧਰ ‘ਤੇ ਅਨੇਕਾਂ ਜੋੜ ਘਟਾਓ ਸ਼ਾਮਿਲ ਹੁੰਦੇ ਰਹੇ ਹਨ। ਲੇਕਿਨ ਸਮੇਂ ਦੇ ਹਾਕਮਾਂ ਨੂੰ ਇਹ ਵੰਗਾਰਨ ਦੀ ਇੱਕ ਦਲੇਰਾਨਾ ਯਤਨ ਸੀ। ਇਸ ਗੀਤ ਬਾਰੇ ਵਿਭਿੰਨ ਪੱਖਾਂ ਤੋਂ ਲੇਖਕ ਨੇ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ। ਇਹ ਗੀਤ ਕਿਸਾਨੀ ਸਮੱਸਿਆਵਾਂ ਦੇ ਦ੍ਰਿਸ਼ਟੀਕੋਣ ਤੋਂ ਇਸ ਦੇ ਅਰਥਾਂ ਨੂੰ ਵੀ ਵਿਸਥਾਰ ਦਿੰਦਾ ਹੈ ਅਤੇ ਅੰਗਰੇਜ਼ ਸ਼ਾਸਕਾਂ ਦੀਆਂ ਕੂਟਨੀਤਕ ਚਾਲਾਂ ਨੂੰ ਨੰਗਿਆਂ ਕਰਦਾ ਹੈ। ਇਤਿਹਾਸਕ ਧਰਾਤਲ ਤੋਂ ਖ਼ੂਬਸੂਰਤ ਤਰੀਕੇ ਨਾਲ ਪ੍ਰਗਟਾਇਆ ਗਿਆ ਪ੍ਰੋਫ਼ੈਸਰ ਹਰੀਸ਼ ਕੇ ਪੂਰੀ ਦਾ ਲੇਖ ਗਦਰ ‘ਲਹਿਰ ਦਾ ਨਿਰਮਾਣ’ ਆਜ਼ਾਦੀ  ਦੀ ਲਹਿਰ ਲਈ ਉੱਠੀ ਉਹ ਆਵਾਜ਼ ਹੈ, ਜਿਸ ਨੇ ਪੰਜਾਬੀ ਧਰਾਤਲ ਤੋਂ ਅਣਖ ਨੂੰ ਵੰਗਾਰਦਿਆਂ ਭਾਰਤੀ ਲੋਕਾਂ ਨੂੰ ਨਵੀਂ ਚੇਤਨਾ ਦਿੱਤੀ। ਇਹ ਲੇਖ ਜੋ ਇਸ ਦੇ ਅਤੀਤ ਨਾਲ ਅਤੇ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਹਾਲਾਤ ਤੋਂ ਵਧੇਰੇ ਗਹਿਰਾਈ ਤੋਂ ਨਾ ਸਿਰਫ਼ ਵਿਚਾਰਧਾਰਕ ਮੂਲ ਦੇ ਵਿਖਾਵੇ ਵਾਲਾ ਹੈ, ਬਲਕਿ ਇਸ ਲਹਿਰ ਨਾਲ ਆਜ਼ਾਦੀ ਸੰਗਰਾਮ ਲਈ ਜੋ ਬੀੜਾ ਚੁੱਕਿਆ ਗਿਆ ਉਸ ਬਾਰੇ ਵੀ ਇਹ ਇਸ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਸੰਦਰਭ ਤੋਂ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨਦਿਆਂ, ਜਾਣਕਾਰੀ ਵਿੱਚੋਂ ਵਾਧਾ ਕਰਦਾ ਹੈ। ‘ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ’ ਡਾ. ਹਰੀਸ਼ ਸੀ. ਸ਼ਰਮਾ  ਅਨੁ: ਹਰੀਸ਼ ਜੈਨ ਦਾ ਇਸ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਲੇਖ ਸਮਕਾਲੀਨ ਰਾਜਨੀਤਿਕ, ਧਾਰਮਿਕ ਹਾਲਾਤਾਂ ਤੋਂ ਸਮਝਣ ਵਾਲਾ ਇੱਕ  ਖ਼ੂਬਸੂਰਤ ਲੇਖ ਹੈ। ਇਹ ਲੇਖ ਸਿੱਖ ਰਾਜ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਉਸ ਸਮੇਂ ਦੇ ਵੱਖ ਵੱਖ ਹਾਲਾਤਾਂ ਨੂੰ ਬਿਆਨ ਕਰਦਾ ਹੈ।
ਪੁਸਤਕ ਦੇ ਛੇਵੇਂ ਭਾਗ ‘ਚ ਸ਼ਾਮਿਲ ਲੇਖ ‘ਪੰਜਾਬੀਅਤ: ਵਿਰਾਸਤ ਅਤੇ ਸਮਕਾਲੀ ਸ਼ਨਾਖਤ’ ਜਸਵਿੰਦਰ ਸਿੰਘ ਹੁਰਾਂ ਦਾ ਲਿਖਿਆ ਹੈ। ਪੰਜਾਬ ਦੇ ਭੂਗੋਲਿਕ ਧਰਾਤਲ ਤੋਂ ਇਸ ਨੂੰ ਵਿਭਿੰਨ ਪੱਖਾਂ ਦੀ ਸਮਕਾਲੀਨ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਨਾ ਸਿਰਫ਼ ਜ਼ਰੀਆ ਹੀ ਹੈ, ਬਲਕਿ ਇਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਪੂਰਬੀ-ਪੱਛਮੀ ਪੰਜਾਬ ਧਰਾਤਲੀ ਪਰਿਪੇਖ ਤੋਂ ਵੇਖਣ ਲਈ ਵਿਭਿੰਨ ਪਹਿਲੂਆਂ ਨੂੰ ਉਭਾਰਦਿਆਂ ਸਹੀ ਸਮਝ ਬਣਾਉਣ ਦੀ ਕੋਸ਼ਿਸ਼ ਵੱਲ-ਵਧਦਾ ਹੈ। ਮੱਧ ਕਾਲ ਸਾਹਿਤ ਬਾਰੇ ‘ਪੰਜਾਬੀ ਸਾਹਿਤ ਦਾ ਇਤਿਹਾਸ’  ਡਾ. ਰਤਨ ਸਿੰਘ ਜੱਗੀ ਹੁਰਾਂ ਦਾ ਲੇਖ ਵੀ ਵੱਖ-ਵੱਖ ਸਮਿਆਂ ਦੀਆਂ ਕਾਵਿ-ਧਰਾਂਵਾਂ ਦੇ ਵਰਨਣ ਪੱਖੋਂ ਉਨ੍ਹਾਂ ਦੇ ਸਾਹਿਤਕ ਯੋਗਦਾਨ ਅਤੇ ਸਮਕਾਲੀ ਦਸ਼ਾ ਨੂੰ ਬਿਆਨ ਕਰਨ ਦਾ ਕਾਬਿਲ-ਏ-ਤਾਰੀਫ਼ ਉਪਰਾਲਾ ਹੈ। ‘ਆਧੁਨਿਕ ਪੰਜਾਬੀ ਸਾਹਿਤ’ ਬਾਰੇ  ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਵਿਸਥਾਰ ਸਹਿਤ ਪੰਜਾਬੀ ਸਾਹਿਤ ਬਾਰੇ ਨਾ ਸਿਰਫ਼ ਚਾਨਣਾ ਹੀ ਪਾਇਆ ਹੈ, ਬਲਕਿ ਇਸ ਨੂੰ ਵਿਭਿੰਨ ਸਾਹਿਤਕ ਧਰਾਤਲਾਂ ਦੇ ਯਥਾਰਥ ਬੋਧ ਦੇ ਵਿਗਿਆਨਕ ਤੇ ਤਾਰਕਿਕ ਦ੍ਰਿਸ਼ਟੀਕੋਣ ਤੋਂ ਇਸ ਨੂੰ ਪਕੜਦਿਆਂ ਸਾਡੀਆਂ ਗਿਆਨ ਦੀਆਂ ਸੀਮਾਵਾਂ ਨੂੰ ਮੋਕਲਾ ਕਰਨ ਦੀ ਕੋਸ਼ਿਸ਼ ਹੈ।
ਪੁਸਤਕ ਅੰਦਰ ਸ਼ਾਮਿਲ ਸਾਰੇ ਲੇਖ ਦੀ ਚੋਣ ਕਰਨ ਵਿੱਚ ਸੰਪਾਦਕੀ ਟੀਮ ਵੱਲੋਂ ਬੇ ਲਿਹਾਜ਼ ਹੋ ਕਿ ਪੁਸਤਕ ਦੇ ਵਸਤੂ-ਵਿਧਾਨ ਦੇ ਮਿਆਰੀ ਪੱਖ ਤੇ ਜ਼ੋਰ ਦਿੱਤਾ ਗਿਆ ਹੈ। ਇਹ ਗੱਲ ਜ਼ਰੂਰ ਹੈ ਕਿ ਇਹ ਲੇਖ ਜਦੋਂ ਲਿਖੇ ਗਏ ਸਨ ਉਨ੍ਹਾਂ ਹਾਲਾਤਾਂ ਦੇ ਹਿਸਾਬ ਨਾਲ ਉਸ ਸਮੇਂ ਢੁਕਵੇਂ ਹੋਣ ਪਰ ਸਮੇਂ ਅਨੁਸਾਰ ਤਬਦੀਲੀ ਜੋ ਕਿ ਇਨ੍ਹਾਂ ਵਿੱਚ ਗੈਰ-ਹਾਜ਼ਰ ਦਿਖਾਈ ਦਿੰਦੀ ਹੈ, ਨੂੰ ਵੀ ਹਵਾਲਿਆਂ/ ਟਿੱਪਣੀਆਂ ਨਾਲ ਸੰਪਾਦਕੀ ਟੀਮ ਵੱਲੋਂ ਦਰੁਸਤ ਕੀਤਾ ਜਾ ਸਕਦਾ ਸੀ। ਇਹ ਸਹਿਜੇ ਆਖਿਆ ਜਾ ਸਕਦਾ ਹੈ ਕਿ ਐੱਮ. ਐੱਸ. ਰੰਧਾਵਾ ਦੀ ਪੁਸਤਕ ‘ਪੰਜਾਬ’ ਤੋਂ ਬਾਅਦ ‘ਸਪਤ-ਸਿੰਧੂ, ਪੰਜਾਬ’ ਪੁਸਤਕ ਪੰਜਾਬੀ ਸਾਹਿਤ, ਸੱਭਿਆਚਾਰਕ, ਧਰਾਤਲ ਭੂਗੋਲਿਕ, ਸਮਾਜਿਕ, ਆਰਥਿਕ, ਰਾਜਨੀਤਿਕ ਪੱਖ ਨੂੰ ਵਧੇਰੇ ਗਹਿਰਾਈ ਤੋਂ ਸਮਝਣ ਲਈ ਮਦਦਗਾਰ ਹੀ ਨਹੀਂ, ਬਲਕਿ ਅਗਵਾਈ ਦੇ ਰੂਪ ‘ਚ ਸਾਹਮਣੇ ਆਉਂਦੀ ਹੈ। ਪੁਸਤਕ ਅੰਦਰ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਇਸ ਦੇ ਵਸਤੂ-ਵਿਧਾਨ ਦਾ ਮਿਆਰ ਪਾਠਕਾਂ ਲਈ ਸਾਕਾਰਾਤਮਕ ਇਸ਼ਾਰੇ ਦਾ ਜ਼ਾਮਨ ਬਣੇਗਾ। ਇਹ ਪੁਸਤਕ ਪੰਜਾਬ ਦੇ ਅਤੀਤ ਤੋਂ ਵਰਤਮਾਨ ਤੱਕ ਦੀ ਵਿਭਿੰਨ ਕੋਨਾਂ ਤੋਂ ਸਮਕਾਲੀ ਭੁਗੋਲਿਕ, ਰਾਜਨੀਤਿਕ, ਸਮਾਜਿਕ, ਆਰਥਿਕ ਆਦਿ ਹਾਲਤਾਂ ਨੂੰ ਨਾ ਸਿਰਫ ਬਾਖ਼ੂਬੀ ਬਿਆਨ ਕਰਦੀ ਹੈ, ਬਲਕਿ ਪਾਠਕਾਂ, ਖੋਜਾਰਥੀਆਂ ਨੂੰ ਆਪਣੇ ਗਿਆਨ ਦੀ ਬੁੱਕਲ ਅੰਦਰ ਸਾਂਭਦਿਆਂ ਦਿਮਾਗਾਂ ਨੂੰ ਰੌਸ਼ਨ ਚਿਰਾਗ ਵੀ ਕਰਦੀ ਹੈ। ਪੁਸਤਕ ਬਾਰੇ ਕੀਤੀ ਗਈ ਸਖ਼ਤ ਮਿਹਨਤ ਨਾਲ ਲੇਖਾਂ ਦੀ ਚੋਣ ਅਤੇ ਵੱਡ ਆਕਾਰੀ ਪੁਸਤਕ ਦਾ ਗਿਆਨ ਦਾ ਚਸ਼ਮਾ ਸਿਰਜਣ ਵੱਲ ਚੰਗੀ ਪਹਿਲਕਦਮੀ ਆਖਣ ਵਿੱਚ ਸਾਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਹਰ ਲੇਖ ਸਾਡੇ ਅਤੀਤ, ਵਰਤਮਾਨ, ਅਤੇ ਭਵਿੱਖ ਲਈ ਚੁਣੌਤੀਆਂ ਦੇ ਦਰਪੇਸ਼ ਮਸਲਿਆਂ ਨੂੰ ਸਮਝਣ ਲਈ ਪਾਠਕ ਦੇ ਗਿਆਨ ਦੀਆਂ ਹੱਦਾ ਨੂੰ ਮੋਕਲਾ ਕਰਦਾ ਹੈ। ਇਹ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਦਸਤਾਵੇਜ਼ ਹੈ।