January 19, 2026

ਪੁਸਤਕ : ਚਾਲ਼ੀ ਦਿਨ

ਲੇਖਕ : ਡਾ. ਗੁਰਪ੍ਰੀਤ ਧੁੱਗਾ

ਰੀਵਿਊਕਾਰ : ਦਲਵੀਰ ਕੌਰ (ਯੂ.ਕੇ.)

ਜੀਵਨ ਮੁੱਲਾਂ ‘ਤੇ ਜੀਵੰਤ ਤੱਥ – ਸੱਚ ਦਾ ਸ਼ੀਸ਼ਾ ‘ਚਾਲ਼ੀ ਦਿਨ’

ਮੇਰੇ ਬਜ਼ੁਰਗਾਂ ਵਡੇਰਿਆਂ ਦੇ ਦੱਸਣ ਅਨੁਸਾਰ,  ਕੋਈ ਖਾਸ ਮਨੋਰਥ ਦੀ ਪੂਰਤੀ ਲਈ 40 ਦਿਨ ਲਗਾਤਾਰ ਚਿੰਤਨ ਮੰਥਨ ਕਰਨਾ, ਅਧਿਆਤਮਿਕ ਸੰਸਾਰ ਨਾਲ ਅਨਿੱਖੜਵਾਂ ਸੰਬੰਧ ਰੱਖਦਾ ਹੈ, ਜਦੋਂ ਕਿ ਵਿਗਿਆਨ ਅਨੁਸਾਰ ਕੋਈ ਆਦਤ ਅਪਨਾਉਣ ਜਾਂ ਛੁਟਕਾਰਾ ਪਾਉਣ ਲਈ ਮਨੁੱਖੀ ਦਿਮਾਗ਼ ਨੂੰ ਨਿਸਚਿਤ ਸਮਾਂ ਲੱਗਦਾ ਹੈ ਉਸ ਤੋਂ ਬਾਅਦ ਨਵਾਂ ਬਲੂ ਪ੍ਰਿੰਟ ਪਰਪੱਕ ਹੋਣ ਲੱਗਦਾ ਹੈ ( 21 days are minimum)।
ਕੇਸਰ ਨੂੰ ਲੱਗਾ ਕਿ ਪਿਛਲੇ ਸਵਾ ਮਹੀਨੇ ਵਿਚ ਉਸ ਦੀ ਸੋਚ ਫ਼ਕੀਰ ਦੇ ਰੰਗ ਵਿੱਚ ਰੰਗੀ ਗਈ ਸੀ। (‘ਚਾਲੀ ਦਿਨ’ ਸਫਾ 152)
‘ਚਾਲ਼ੀ ਦਿਨ’ ਪੁਸਤਕ ਦਾ ਰਚੇਤਾ ਡਾ. ਧੁੱਗਾ ਗੁਰਪ੍ਰੀਤ ਨੇ ਮਨੁੱਖੀ ਸਰੀਰ ਦੀਆਂ ਕੁਦਰਤੀ ਪ੍ਰਕਿਰਤਕ ਰੁਚੀਆਂ ਜਾਂ ਇੰਦਰੀਆਂ (ਲੋਭ ਮੋਹ ਹੰਕਾਰ ਕ੍ਰੋਧ ਕਾਮ ਤੇ receptive sense of 6th sense) ਦੀ ਗਹਿਰ ਗੰਭੀਰ ਸਮਝ ਅਤੇ ਆਪਣੇ ਪੁਰਖਿਆਂ ਰਾਹੀਂ ਆਤਮਸਾਤ ਕੀਤੇ ਅਨੁਭਵੀ ਆਤਮ-ਚਾਨਣ ਨੂੰ ਜਿਸ ਸਹਿਜ ਹਲੀਮੀ ਨਾਲ ਆਪਣੇ ਸ਼ਬਦਾਂ ਰਾਹੀਂ ਏਸ ਪੁਸਤਕ ਵਿੱਚ ਵਿਦਮਾਨ ਕੀਤਾ ਹੈ, ਉਹ ਹੀ ਏਸ ਮੁਲਵਾਨ, ਨਿਵੇਕਲੀ ਪੁਸਤਕ ਦਾ ਵੱਡਾ ਹਾਸਿਲ ਹੈ ਜੋ ਪਾਠਕ ਨੂੰ ਪੂਰੀ ਕਿਤਾਬ ਪੜ੍ਹਨ ਲਈ ਮਜਬੂਰ ਕਰਦਾ ਹੈ ।
‘ਚਾਲੀ ਦਿਨ’ ਕਿਤਾਬ ਮਨੁੱਖੀ ਜੀਵਨ ਜਾਚ ਤੇ ਮਨੁੱਖੀ ਜ਼ਿੰਦਗੀ ਦੇ ਕੌੜੇ ਤੱਥ/ਸੱਚ ਵਿਚਾਰਨ ਵਾਲੀ ਐਸੀ ਕੁੰਜੀ ਹੈ, ਜਿਸ ਦਾ ਭੇਦ ਪੁਸਤਕ ਰਚਨਾਕਾਰ ਨੇ ਵਿਲੱਖਣ ਵਾਰਤਾਲਾਪ ਰਾਹੀਂ ਉਜਾਗਰ ਕਰਨ ਦੀ ਜੁੱਗਤ ਵਰਤੀ ਹੈ ।
ਮੁੱਖ ਵਾਰਤਾਕਾਰ ਨੇ ਲੰਬੀ ਦਾਹੜੀ ਵਾਲਾ ਫ਼ਕੀਰ ਤੇ ਕੇਸਰ ।
ਕੇਸਰ ਦੀ ਸੋਚ ਸ਼ਕਤੀ ਤੇ ਉਸ ਦਾ ਚਿਤਵਿਆ ਸੰਸਾਰ / ਪਿਆਰ ਕਿਸੇ ਇੱਕ ਉਮਰ ਵਰਗ ਲਈ ਪ੍ਰੇਰਨਾਦਾਇਕ ਸਮੱਗਰੀ ਜਾਪਦੇ ਨੇ ਤੇ ਜੀਤੀ ਦਾ ਕੇਸਰ ਦੇ ਇੰਤਖ਼ਾਬੀ ਸੰਸਾਰ ਵਿੱਚ ਚੁੱਪ ਰਹਿਣਾ /ਚੁੱਪ ਦੀ ਭਾਸ਼ਾ ਵਿੱਚ ਹੀ ਕਹਿਣਾ ਸੁਣਨਾ, ਸੋਚਣਾ ਸਹਿਣਾ / ਬਿਨ ਵੇਖਿਆਂ ਵੇਖਦੇ ਰਹਿਣਾ, ਮਨੁੱਖੀ ਮਨ ਦੀਆਂ ਸਾਂਝਾਂ ਦੇ ਨਿੱਘ ਦਾ ਸਾਬਤ- ਸਬੂਤਾ ਅਹਿਸਾਸ-ਨੁਮਾ ਪ੍ਰਗਟਾਅ, ਵਿਗੱਸ -ਵਿਗਾਸ, ਸ਼ਹਿਦ ਦੇ ਸ਼ੱਤੇ ‘ਚ ਛੁਪੀ ਮਧੂ ਮੱਖੀ ਵਰਗਾ ਹੈ ਜਿਸ ਦਾ ਡੰਗ ਤੇ ਮਿਠਾਸ ਜਿਉਂਦੇ ਜਾਗਦੇ ਮਨੁੱਖ ਲਈ ਅਹਿਮ ਪਹਿਲੂ ਨੇ।
ਗੁਰਬਾਣੀ ਮਹਾਂਵਾਕਾਂ  ਦਾ ਸਾਰਅੰਸ਼ ਤੇ ਫ਼ਕੀਰ ਦਾ ਆਤਮ-ਬੋਧ  ਸਮੁੱਚੀ ਲਿਖਤ-ਸਮੱਗਰੀ ਰਾਹੀਂ ਪਾਠਕ ਤੋਂ ਕਿਸੇ ਹੱਦ ਤੱਕ ਆਤਮ-ਸੋਧ  -ਸਮਝ ਦੀ ਮੰਗ ਕਰਦਾ ਜਾਪਦਾ ਹੈ ਜੋ ਏਸ ਪੁਸਤਕ ਨੂੰ ਨਿਹਾਇਤ ਪ੍ਰੇਰਣਾਦਾਇਕ ਸਿੱਧ ਕਰਦਾ ਹੈ ।
ਸਾਰਅੰਸ਼ : ‘ਚਾਲ਼ੀ ਦਿਨ’ ਅਣਮੁੱਲੀ ਪੁਸਤਕ ਦੇ ਜਿੱਥੇ ਮੁੱਖ ਸੂਤਰਧਾਰ ਕੇਸਰ ਤੇ ਫ਼ਕੀਰ ਨੇ ਓਥੇ  ਜੀਤੀ ਜੀਵਨ ਉਮਾਹ ਹੈ, ਮਨੁੱਖੀ ਜੀਵਨ ਦਾ ਸੁਹੱਪਣ ਹੈ, ਸੋਹਜ ਹੈ ਜਿਸ ਨੂੰ ਹਰ ਇੱਕ ਜੀਵਤ ਪ੍ਰਾਣੀ ਲੋਚਦਾ ਹੈ, ਏਹੀ ਮਨ ਦੀ ਮੁਢਲੀ ਲੋਚਾ ਹੈ , ਚਾਹੁਣਾ ਤੇ ਚਾਹੇ ਜਾਣਾ!
ਇੱਕ ਹੋਰ ਅਹਿਮ ਪੱਖ ਕਿ ਅਣਦਿਸਦਾ, ਅਣਲਿਖਿਆ ਯੋਗੀ ਰੂਪੀ ਸਾਧਕ ਏਸ ਕਿਤਾਬ ਵਿੱਚ ਸੰਮਮਿਲਤ ਐਸਾ ਸ਼ਬਦ – ਸਿਰਜਕ ਹੈ ( ਡਾ. ਧੁੱਗਾ) ਜੋ  ਮਨੁੱਖੀ ਜੀਵਨ ਪੀੜਾ ਆਪਣੇ ਅੰਗੀਂ ਹੰਡਾਉਂਦਾ ਹੋਇਆ ਅਸਲ ਜੀਵਨ ਲਈ ਪ੍ਰੈਕਟੀਕਲ ਸੰਭਾਵਨਾਵਾਂ ਨੂੰ ਖੋਜਣ ਦਾ ਰਾਹ ਅਪਣਾਉਂਦਾ ਹੈ , ਤੇ ਆਪਣੇ ਪਾਠਕ ਦੀ ਗਹਿਰੀ ਸਮਝਣ ਸ਼ਕਤੀ ਨੂੰ ਠੋਰਦਾ ਹੈ, ਕਦੇ ਗੁਰਬਾਣੀ ਦੇ ਮਹਾਂਵਾਕਾਂ ਰਾਹੀਂ, ਕਦੇ ਲੋਕ ਤੱਥਾਂ ਰਾਹੀਂ ਤੇ ਕਦੇ ਵਿਗਿਆਨਿਕ ਪ੍ਰਮਾਣਾ ਰਾਹੀਂ ।
ਸੰਖੇਪ ‘ਚ : ‘ਏਸ ਕਿਤਾਬ ਦਾ ਰਚੇਤਾ ਹਰ ਇੱਕ ਚੈਪਟਰ ਦੀ ਸ਼ੁਰੂਆਤ ਤੇ ਐਗਜ਼ਿਟ ਵਿਧੀ ਰਾਹੀਂ ਸਮੁੱਚੇ ਵਾਰਤਾਲਾਪ ਨੂੰ ਕਨਸੈਪਚੁਆਲਾਈਜ਼ ਕਰ ਦੇਂਦਾ ਹੈ, ਜੋ ਇੱਕ ਬੋਧਿਕ ਨੈਰੇਟਰ ਦਾ ਵਿਵੇਕੀ ਪੱਖ ਵੀ ਹੈ ਤੇ ਆਪਣੀ ਸਿਰਜਣਾਤਮਿਕ ਪੁਖਤਗੀ ਦਾ ਪ੍ਰਮਾਣ ਵੀ ।
ਪੁਰਜ਼ੋਰ ਬੇਨਤੀ : ਜੇਕਰ ਤੁਸੀਂ ਬੌਧਿਕ ਰਸ ਦੇ ਰਸੀਏ ਹੋ ਤਾਂ ਏਸ ਕਿਤਾਬ ਨੂੰ ਜ਼ਰੂਰ ਪੜ੍ਹਨਾ!
‘ਅੱਖਾਂ ਤੋਂ ਦੂਰ , ਸੋਚ ਤੋਂ ਅੱਗੇ, ਕੋਈ ਵੀ ਸੱਚ, ਅੰਤਿਮ ਸੱਚ ਨਹੀਂ ਹੁੰਦਾ। (‘ਚਾਲੀ ਦਿਨ’ ਸਫਾ 114.)