ਅੰਬਰੀਸ਼

ਤੀਰਥ ਯਾਤਰੀ

ਰਾਸ਼ਟਰੀ ਸ਼ਾਹ ਮਾਰਗ ‘ਤੇ ਦੌੜ ਰਹੀਆਂ
ਕਾਰਾਂ ਟੈਕਸੀਆਂ ਬੱਸਾਂ ਤੇ ਵਾਹਨ ਦੋਪਹੀਆ

ਕੜਕਦੀ ਧੁੱਪ ਤੇ ਲੂੰਹਦੀ ਲੂਅ ‘ਚ, ਸਿਰ ਸੁੱਟੀ ਤੇ ਨੰਗੇ ਪੈਰੀਂ
ਜਾਂ ਉੱਧੜੇ ਬੂਟ, ਘਸੀਆਂ ਚੱਪਲਾਂ ਪਹਿਨੀਂ
ਸਿਰਾਂ ‘ਤੇ ਸੁਨਹਿਰੀ ਜਾਂ ਚਾਂਦੀ ਰੰਗ ਝਾਲਰਾਂ ਵਾਲੇ ਸੂਹੇ ਪਟਕੇ ਲਪੇਟੀ
ਮੋਢਿਆਂ ‘ਤੇ ਪਿੱਠੂਬੈਗ ਲਟਕਾਈ, ਹੱਥਾਂ ‘ਚ ਲਾਲ ਝੰਡੇ ਉਠਾਈ
ਦਿਨਾਂ ਸ਼ਾਇਦ ਹਫਤਿਆਂ ਤੋਂ ਤੁਰ ਰਹੇ ਨੇ ਤੀਰਥ ਯਾਤਰੀ
ਦੂਰ, ਦੂਰ ਉੱਪਰ ਪਹਾੜਾਂ ‘ਚ ਕਿਤੇ, ਕਿਸੇ ਦੇਵੀ ਜਾਂ ਦੇਵਤਾ ਦੇ ਦਰਸ਼ਨਾਂ ਲਈ

ਵਾਤਾਨਕੂਲਿਤ ਕਾਰ ‘ਚ ਹਾਂ ਬੇਸ਼ਕ, ਪਰ ਅਭਿਲਾਸ਼ੀ ਦੋਇਮ ਨਹੀਂ ਹਾਂ

ਕੀ ਹੋਇਆ ਜੇ ਆਸਥਾ ਮੇਰੀ ਦਾ ਨਿਸ਼ਾਨ ਕੋਈ ਦਿਸਦਾ ਨਹੀਂ
ਕੀ ਪਤਾ ਉਨ੍ਹਾਂ ਜਿੰਨਾ ਜਾਂ ਉਨ੍ਹਾਂ ਤੋਂ ਵੱਧ ਮੈਂ ਤੀਰਥੀ ਹੋਵਾਂ!

ਉਨ੍ਹਾਂ ਤੋਂ ਜਿਹੜੇ ਦਿਨਾਂ ਸ਼ਾਇਦ ਹਫ਼ਤਿਆਂ ਤੋਂ
ਉਹ ਦੂਰ ਦਿਸਦੀਆਂ ਚੋਟੀਆਂ ਚਿੱਟੀਆਂ
ਅੰਗਿਆਰ-ਲਾਲ ਫੁੱਲਾਂ ਵਾਲੇ ਗੁਲਮੋਹਰਾਂ
ਪੀਲੇ ਕਲੀਰਿਆਂ ਜਿਹੀਆਂ ਫੁੱਲਝੜੀਆਂ ਵਾਲੇ ਅਮਲਤਾਸਾਂ
ਤੇ ਗੁਲਾਬਾਸੀ ਦੇ ਵੱਡੇ, ਧੂਤਿਆਂ ਜਿਹੇ
ਗੁਲਾਬੀ-ਜਾਮਨੀ ਫੁੱਲਾਂ
ਤੇ ਹੋਰ ਸਭ ਮੌਜੂਦ ਨੂੰ ਅਣਵੇਖਿਆ ਕਰ
ਸਿਰ ਸੁੱਟੀ ਤੁਰੀ ਜਾ ਰਹੇ

ਰੇਲਵੇ ਸਟੇਸ਼ਨ ‘ਤੇ

ਗੱਡੀ ਦੇ ਪਹੁੰਚ-ਸਮੇਂ ਦੀ ਹੁਣ ਹੋਈ ਹੈ ਘੋਸ਼ਣਾ
ਪਰ ਅਜੇ ਵਾਹਵਾ ਵਕਤ ਬਚਿਆ

ਫਿਰ ਵੀ ਯਾਤਰੀਆਂ ਚੁੱਕ ਲਏ ਅਟੈਚੀ
ਅੱਖਾਂ ਵਿਚ ਤੇ ਚਿਹਰਿਆਂ ‘ਤੇ
ਓਢ ਲਈ ਹੈ ਕਾਹਲੀ ਤੇ ਹੜਬੜੀ

ਡੱਬਾ ਉਨ੍ਹਾਂ ਦਾ ਕਿੱਥੇ ਹੋਏਗਾ, ਫਿਕਰ ਕਰਦੇ
ਕੁਝ ਹਰ ਮਿੰਟ ਮਗਰੋਂ ਵਕਤ ਵੇਖਦੇ
ਕੁਝ ਪਲੇਟਫਾਰਮ ਦੇ ਐਨ ਕੰਢੇ ਖਲੋਅ
ਪਟੜੀ ਵੱਲ ਨੂੰ ਉੱਲਰਦੇ
ਜਿਉਂ ਅਣਦਿਸਦੀ ਗੱਡੀ ਨੂੰ ਮਾਤਰ ਨੀਝ ਨਾਲ
ਉਹ ਖਿੱਚ ਲੈਣਗੇ

ਬੱਦਲਵਾਈ, ਬਿਲੌਰੀ, ਕੂਲੀ ਹਵਾ
ਦੁਆਲੇ ਧੁਪੇ, ਪੀਲੇ ਫੁੱਲਾਂ ਭਰੇ ਕਿੱਕਰ
ਵਿਚ ਕੀਟ-ਖਾਊ ਹਰੀਆਂ ਚਿੜੀਆਂ
ਮੱਧਮ ਟਿਰਰ-ਟੀਂ ਕਰਦੀਆਂ
ਕਰਤਬੀ, ਛੋਹਲੀਆਂ ਉੱਡਦੀਆਂ
ਪੂਰਬ ਵੱਲ ਨੀਲੇ ਉੱਜਲ ਪਹਾੜ ਲਿਸ਼ਕਦੇ

ਯਾਤਰਾ ਲਈ ਕਾਹਲੇ ਯਾਤਰੀ
ਜਾਣ ਨਹੀਂ ਸਕਣਗੇ ਕਦੇ
ਕਿ ਏਥੇ ਵੀ ਉਹ ਆਪਣੀ ਆਪਣੀ
ਮੰਜਲ ‘ਤੇ ਖੜ੍ਹੇ ਨੇ