November 3, 2024

ਅਮਰਜੀਤ ਕੌਂਕੇ

ਕੁਝ ਨਹੀਂ ਹੋਵੇਗਾ

ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾਂ
ਸਭ ਕੁਝ ਹੋਵੇਗਾ
ਮੇਰੇ ਕੋਲ
ਤੇਰੀ ਮੁਹੱਬਤ ਭਰੀ
ਇਕ ਤੱਕਣੀ ਤੋਂ ਸਿਵਾਅ
ਢਕ ਲਵਾਂਗੇ
ਅਸੀਂ ਪਦਾਰਥ ਨਾਲ
ਆਪਣਾ ਆਪ
ਇਕ ਸਿਰੇ ਤੋਂ
ਦੂਜੇ ਸਿਰੇ ਤੀਕ
ਪਰ
ਕਦੇ ਮਹਿਸੂਸ ਕਰ ਕੇ ਵੇਖੀਂ
ਕਿ ਸਭ ਕੁਝ ਹੋਣ ਦੇ
ਬਾਵਜੂਦ ਵੀ
ਕੁਝ ਨਹੀਂ ਹੋਵੇਗਾ
ਸਾਡੇ ਕੋਲ
ਆਪਣੇ ਸੁੱਚੇ ਦਿਨਾਂ ਦੀ
ਮੁਹੱਬਤ ਜਿਹਾ
ਜਦੋਂ
ਤੇਰੇ ਕੋਲ
ਕੁਝ ਨਹੀਂ ਸੀ
ਜਦੋਂ
ਮੇਰੇ ਕੋਲ
ਕੁਝ ਨਹੀਂ ਸੀ……

ਮੈਨੂੰ ਪਤਾ ਹੈ

ਮੈਨੂੰ ਪਤਾ ਹੈ
ਕਿ ਮੇਰੀਆਂ ਕਵਿਤਾਵਾਂ
ਤੂੰ ਕਦੇ ਨਹੀਂ ਪੜ੍ਹਨੀਆਂ
ਫਿਰ ਵੀ
ਅੰਤਾਂ ਦੇ ਜਨੂੰਨ ਵਿਚ
ਲਿਖੀ ਜਾ ਰਿਹਾ ਹਾਂ
ਕਵਿਤਾਵਾਂ

ਮੇਰੇ ਬੋਲ ਗੂੰਜਣਗੇ
ਹਵਾ ਵਿਚ
ਪੌਣਾਂ ਵਿਚ ਘੁਲ ਜਾਏਗੀ
ਮੇਰੀ ਆਵਾਜ਼
ਬ੍ਰਹਿਮੰਡ ‘ਚ ਖਿੱਲਰ ਜਾਣਗੇ
ਸ਼ਬਦ ਮੇਰੇ

ਹਵਾ ‘ਚੋਂ ਧਰਤੀ ਤੇ ਡਿੱਗ ਪੈਣਗੇ
ਕੁਝ ਸ਼ਬਦ
ਕੁਝ ਉਗ ਪੈਣਗੇ ਬੀਜ ਬਣਕੇ
ਮਹਿਕ ਪੈਣਗੇ ਫਿਜ਼ਾ ‘ਚ
ਖੁਸ਼ਬੂ ਉਨ੍ਹਾਂ ਦੀ
ਕਿਤੇ ਨਾ ਕਿਤੇ
ਕਦੇ ਨਾ ਕਦੇ ਜਾ ਰਲੇਗੀ
ਸਾਹਾਂ ‘ਚ ਤੇਰੇ

ਬਸ ਇਹੀ ਸੋਚ ਕੇ
ਅੰਤਾਂ ਦੇ ਜਨੂੰਨ ‘ਚ
ਲਿਖੀ ਜਾ ਰਿਹਾ ਹਾਂ
ਕਵਿਤਾਵਾਂ …..

ਫ਼ਰਕ

ਮੈਂ ਕਿਹਾ-

ਕਿ ਜਦੋਂ ਦੀ ਮੈਨੂੰ ਤੂੰ ਮਿਲੀ ਹੈਂ
ਮੈਨੂੰ ਆਪਣਾ ਆਪ
ਗਵਾਚਾ ਹੋਇਆ ਲੱਗੇ
ਹਰ ਵੇਲੇ ਹੀ ਅੱਚਵੀ ਜੇਹੀ
ਮਨ ਵਿੱਚ ਛਿੜਦੀ
ਘਰ ਦੇ ਅੰਦਰ ਘਰ ਦੇ ਬਾਹਰ
ਕਿਧਰੇ ਵੀ ਇਹ ਰੂਹ ਨਾ ਪਰਚੇ
ਕਿਸੇ ਗੱਲ ਵਿਚ ਮਨ ਨਾ ਲੱਗੇ

ਉਹ ਬੋਲੀ-

ਪਤਾ ਨਹੀਂ ਪਰ
ਜਦੋਂ ਦਾ ਮੈਨੂੰ ਤੂੰ ਮਿਲਿਆ ਹੈਂ
ਮੈਨੂੰ ਆਪਣਾ ਆਪ ਗਵਾਚਾ
ਲੱਗਦਾ ਹੈ ਜਿਵੇਂ ਲੱਭ ਪਿਆ ਹੈ

ਸਾਰੇ ਪਾਸੇ
ਚਾਰੇ ਪਾਸੇ
ਦਿਸਦਾ ਜੀਕੁਣ ਰੱਬ ਪਿਆ ਹੈ ………