
ਵੰਝਲੀ
ਸੀਨੇ ਚ ਛੇਕ ਹੁੰਦੇ ਸਾਰ ਹੀ
ਮੇਰੇ ਅੰਦਰੋਂ
ਉੱਠੀ ਹੂਕ ਇੱਕ ਐਸੀ
ਰਾਹੀ ਪੈਰ ਮਲ ਕੇ ਖੜੋ ਗਏ
ਬਿਰਹੋਂ ਮਾਰੀ ਕੋਈ
ਕਾਲਜਾ ਮੁੱਠੀ ‘ਚ ਲੈ
ਸਿਸਕਣ ਲੱਗੀ
ਪੰਛੀ
ਮੇਰੀ ਅਵਾਜ਼ ਦੇ ਆਭਾ ਮੰਡਲ ‘ਚ
ਕੈਦ ਹੋ ਗਏ
ਜੋ ਵੀ ਨੇੜੇ ਆਇਆ ਮੋਹਿਆ ਗਿਆ
ਇਹ ਕੋਈ ਮੇਰੇ ਹੁਨਰ ਦੀ
ਵਡਿਆਈ ਨਹੀਂ ਹੈ
ਮੈਂ ਤਾਂ ਆਪਣਾ ਦਰਦ ਗਾਇਆ ਸੀ
ਬੱਸ ਉਸ ਵਿੱਚੋਂ
ਹਰ ਇੱਕ ਨੇ
ਆਪਣੀ ਪੀੜ੍ਹ ਦੇ ਨਕਸ਼ ਪਛਾਣ ਲਏ ਸਨ
ਰੁਕਿਓ ਜ਼ਰਾ
ਰੁਕਿਓ ਜ਼ਰਾ
ਸੋਚ ਲਵਾਂ
ਬਲਾਤਕਾਰ ‘ਤੇ ਕਵਿਤਾ ਲਿਖਣੀ ਹੈ
ਜਾਂ ਮਾਸੂਮ ਬੱਚੀ ਦੇ ਹੱਥ ਵਿੱਚ
ਹਥਿਆਰ ਦੇਣਾ ਹੈ
ਜੋ ਹੋ ਰਿਹਾ ਹੈ
ਦੂਰ ਦੁਰਾਡੇ
ਉਸ ਤੇ ਸ਼ਰਮਸਾਰ ਹੋਣਾ ਹੈ
ਨਿੰਦਾ ਕਰਨੀ ਹੈ
ਗ਼ਾਲਾਂ ਕੱਢਣੀਆਂ ਨੇ
ਕਿਸੇ ਦਾ ਧਰਮ ਪੁਨਣਾ ਹੈ
ਧਰਮ ਅਸਥਾਨ ਨੂੰ
ਬੁਰਾ ਭਲਾ ਕਹਿਣਾ ਹੈ
ਤੇ ਇਹ ਸਭ ਕੁਝ ਕਰਦਿਆਂ
ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖਣੀ ਹੈ
ਆਪਣੀ ਸੁਰੱਖਿਅਤਾ
ਵੈਣ ਪਾਉਣੇ ਨੇ
ਦੁਹੱਥੜੀਂ ਪਿੱਟਣਾ ਹੈ
ਬਾਜ਼ ਅੱਖ
ਆਪਣੇ ਭੱਜਣ ਦੇ ਰਾਹ ‘ਤੇ ਟਿਕਾਈ ਰੱਖਣੀ
ਜੋ ਦਿੱਸਦਾ ਉਸੇ ਨੂੰ ਸੱਚ ਸਮਝਣਾ
ਪਿੱਛੇ ਲੁਕੀ ਗਹਿਰੀ ਸਾਜਿਸ਼ ਨੂੰ
ਅਣਗੌਲੇ ਹੀ ਰਹਿਣ ਦੇਣਾ
ਬੱਸ ਏਨੀ ਕੁ ਗੱਲ ਹੈ
ਰੁਕਿਓ ਜ਼ਰਾ
ਮੈਂ ਆਪਣੇ ਹਿੱਸੇ ਦਾ ਲੋਕ ਪੱਖੀ
ਮਜ਼ਲੂਮ ਹਾਮੀ
ਤੇ ਦਰਿੰਦਗੀ ਵਿਰੋਧੀ ਹੋ ਲਵਾਂ
ਰੁਕਿਓ ਜ਼ਰਾ
ਵਧ ਰਹੇ ਹਨੇਰੇ ‘ਚ
ਮੋਮਬੱਤੀਆਂ ਬਾਲਣ ਤੁਹਾਡੇ ਨਾਲ ਚੱਲਾਂਗਾ
ਬੁਝਦੀ ਮੋਮਬੱਤੀ ਦੇ ਧੂੰਏਂ ਨੂੰ
ਸੌਂਪ ਦਿਆਂਗਾ
ਆਪਣੀ ਸੰਵੇਦਨਾ
ਤੇ ਕਿਸੇ ਹਨੇਰੀ ਜਿਹੀ ਨੁੱਕਰੇ
ਹਵਾ ਪਿਆਜ਼ੀ ਹੋ
ਮਨ ਹੀ ਮਨ
ਆਪਣੀ ਸਹਿਕਰਮਣ ਦੇ
ਜਿਸਮ ਦਾ
ਜੁਗਰਾਫੀਆ ਮਿਣਾਂਗਾ
ਤੇ ਆਪਣੀ ਵਹਿਸ਼ਤ ਦੀ ਜੁਗਾਲੀ ਕਰਾਂਗਾ
ਜ਼ਰਾ ਰੁਕਿਓ
ਨਜ਼ਮ
ਬੜੇ ਖੁਸ਼ਕਿਸਮਤ ਹਾਂ ਅਸੀਂ
ਇਤਿਹਾਸ ਦੇ ਉਸ ਦੌਰ ਵਿੱਚ ਜਨਮੇ ਹਾਂ
ਜਦੋਂ ਲੜੀ ਜਾ ਰਹੀ ਹੈ
ਸਾਡੇ ਸਮਿਆਂ ਦੀ ਸਭ ਤੋਂ
ਫ਼ੈਸਲਾਕੁੰਨ ਜੰਗ
ਜੰਗ
ਮਹਿਕਦੇ ਸਾਹਾਂ
ਤੇ ਨਾ ਪੂਰੀਆਂ ਹੋਣ ਵਾਲੀਆਂ ਸੱਧਰਾਂ ਵਿਚਾਲੇ
ਜੰਗ
ਤਲਖ਼ ਮੌਸਮਾਂ
ਅਤੇ ਯਖ਼ ਹਵਾਵਾਂ ਵਿਚਾਲੇ
ਜੰਗ
ਅੱਖਾਂ ਵਿੱਚ ਸੁੱਕ ਗਏ ਹੰਝੂਆਂ
ਤੇ ਸੀਨੇ ਚ ਸਿਸਕਦੇ
ਹੌਕਿਆਂ ਵਿਚਾਲੇ
ਲੜੀ ਜਾ ਰਹੀ ਹੈ
ਤੇ ਅਸੀਂ ਬਰਬਰੀਕ ਨਹੀਂ ਹਾਂ
ਕਿ ਸਾਡਾ ਸਿਰ ਵੱਢ ਕੇ
ਕੋਈ ਕ੍ਰਿਸ਼ਨ
ਟੰਗ ਦੇਵੇ ਮਜਬੂਰੀਆਂ ਦੇ ਦਰੱਖ਼ਤ ਉੱਤੇ
ਅਸੀਂ ਮੂਕ ਦਰਸ਼ਕ ਬਣ ਕੇ
ਵੇਖਦੇ ਰਹੀਏ
ਆਪਣੇ ਸਮਿਆਂ ਦੀ
ਸਭ ਤੋਂ ਫ਼ੈਸਲਾਕੁੰਨ ਜੰਗ
ਅਸੀਂ ਇਸ ਜੰਗ ਵਿੱਚ ਸ਼ਾਮਲ ਹਾਂ
ਜਿਵੇਂ
ਚੰਨ ਵਿੱਚ
ਮੱਠੀ ਮੱਠੀ ਰੌਸ਼ਨੀ ਹੁੰਦੀ ਹੈ
ਸੂਰਜ ਵਿੱਚ ਤਪਸ਼
ਸਾਹਾਂ ਵਿੱਚ ਮਹਿਕ
ਅਸੀਂ ਇਸ ਜੰਗ ਦਾ ਹਿੱਸਾ ਹਾਂ…….
ਅਸੀਂ ਇਸ ਜੰਗ ਦਾ ਹਿੱਸਾ ਹਾਂ ………..
ਖ਼ੁਦ ਨਾਲ ਲੜੀਏ
ਜਾਂ ਜੱਗ ਨਾਲ ਲੜੀਏ
ਲੜ ਰਹੇ ਹਾਂ ।
ਲੜਦੇ ਰਹਾਂਗੇ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼