January 18, 2026

ਦੋ ਸ਼ਬਦ…

ਡਾ. ਕੁਲਜੀਤ ਸਿੰਘ ਜੰਜੂਆ

(416) 473-7283

ਕਈ ਸਾਲਾਂ ਤੋਂ ਸਾਹਿਤਕ ਗਲਿਆਰਿਆਂ ‘ਚ ਵਿਚਰਦਿਆਂ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਵਿਦੇਸ਼ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਹਿਤ ਕੋਈ ਨਾ ਕੋਈ ਵਿਸ਼ੇਸ਼ ਕਾਰਜ ਆਰੰਭ ਕਰਨ ਦੀ ਬੇਹੱਦ ਜ਼ਰੂਰਤ ਹੈ। ਇਹ ਵੀ ਬੇਹੱਦ ਜ਼ਰੂਰੀ ਹੈ ਕਿ ਆਰੰਭਿਆ ਕਾਰਜ ਨਿਰੋਲ ਸਾਹਿਤਕ ਹੋਵੇ, ਜਿਸ ਵਿਚ ਹਰ ਉਮਰ ਵਰਗ ਅਤੇ ਸਥਾਪਿਤ ਅਤੇ ਉੱਭਰਦੀਆਂ ਸਾਹਿਤਕ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਹੋਵੇ। ਇਸ ਕਾਰਜ ਨੂੰ ਮੈਂ ਆਪਣੀ ਟੀਮ ਸਮੇਤ ‘ਪੰਜਾਬੀ ਨਕਸ਼’ ਮੈਗਜ਼ੀਨ ਰਾਹੀਂ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਇਸ ਕੋਸ਼ਿਸ਼ ਦਾ ਆਗ਼ਾਜ਼ ਹੋਇਆਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਸਾਨੂੰ ਉਮੀਦ ਤੋਂ ਵੱਧ ਪਾਠਕੀ ਹੁੰਗਾਰਾ ਮਿਲਿਆ ਹੈ, ਇਸ ਪਿਆਰ ਲਈ ਅਸੀਂ ਆਪ ਸਭ ਦੇ ਰਿਣੀ ਹਾਂ। ਇਸ ਮੈਗਜ਼ੀਨ ਦਾ ਸਾਹਿਤਕ ਮਿਆਰ ਬਰਕਰਾਰ ਰੱਖਣ ਦੀ ਅਸੀਂ ਸਦਾ ਹੀ ਕੋਸ਼ਿਸ਼ ਕੀਤੀ ਹੈ।
ਇਸ ਸਫ਼ਰ ਵਿਚ ਭਾਰਤ ਅਤੇ ਕੈਨੇਡਾ ਵਿਚ ਕੀਤੇ ਗਏ ਸਾਹਿਤਕ ਪ੍ਰੋਗਰਾਮ ਵੀ ਸ਼ਾਮਿਲ ਹਨ, ਜੋ ਬੇਹੱਦ ਸਫ਼ਲ ਰਹੇ। ਇਸ ਦੇ ਨਾਲ ਹੀ ‘ਪੰਜਾਬੀ ਨਕਸ਼’ ਯੁਵਾ ਪੁਰਸਕਾਰ ਦਾ ਆਰੰਭ ਵੀ ਇਸੇ ਸਾਲ ਕੀਤਾ ਗਿਆ। ਇਸ ਸੰਬੰਧੀ ਪੰਜਾਬੀ ਭਵਨ ਲੁਧਿਆਣਾ ਵਿਚ ਸਾਹਿਤਕ ਸਮਾਗਮ ਉਲੀਕਦਿਆਂ ਇਹ ਪੁਰਸਕਾਰ ਨੌਜਵਾਨ ਸ਼ਾਇਰ ਰਾਜਵੀਰ ਮੱਤਾ ਨੂੰ ਦਿੱਤਾ ਗਿਆ। ਆਉਣ ਵਾਲੇ ਸਾਲਾਂ ਵਿਚ ਵੀ ਇਹ ਪੁਰਸਕਾਰ ਜਾਰੀ ਰਹੇਗਾ। ਦੂਜੇ ਸਾਲ ਦੇ ਇਸ ਪ੍ਰਵੇਸ਼ ਅੰਕ ਨਾਲ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਮੈਂ ਅਤੇ ਮੇਰੀ ਸਮੁੱਚੀ ਟੀਮ ‘ਪੰਜਾਬੀ ਨਕਸ਼’ ਨੂੰ ਹੋਰ ਬਿਹਤਰੀਨ ਬਣਾਉਣ ਲਈ ਨਿਰੰਤਰ ਮਿਹਨਤ ਕਰਦੇ ਰਹਾਂਗੇ।

ਡਾ. ਕੁਲਜੀਤ ਸਿੰਘ ਜੰਜੂਆ
ਸਰਪ੍ਰਸਤ
(‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ, ਕੈਨੇਡਾ)