December 3, 2024

‘ਪੰਜਾਬੀ ਨਕਸ਼’ ਦਾ ਨਵਾਂ ਵਰ੍ਹਾ! ਨਵੀਆਂ ਪੈੜਾਂ…

ਸੋਨੀਆ ਮਨਜਿੰਦਰ

ਸੰਪਾਦਕ

‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ ਨੇ ਇੱਕ ਸਾਲ ਦਾ ਸਫ਼ਰ ਤੈਅ ਕਰ ਲਿਆ ਹੈ। ਵਰ੍ਹੇਗੰਢ ‘ਤੇ ਛਪ ਰਹੇ ਇਸ ਅੰਕ ਨੂੰ ਉੱਭਰ ਰਹੇ ਅਤੇ ਨਵੇਂ ਪ੍ਰਤੀਮਾਨ ਸਿਰਜ ਰਹੇ ਸਥਾਪਤ ਨੌਜਵਾਨ ਸਾਹਿਤਕਾਰ ਮੁੰਡੇ-ਕੁੜੀਆਂ ਨੂੰ ਸਮਰਪਿਤ ਕਰ ਰਹੇ ਹਾਂ।
ਬੇਸ਼ਕ ਅਸੀਂ ਪਹਿਲਾਂ ਹੀ ਕੋਸੇ ਚਾਨਣ ਦੇ ਸਿਰਲੇਖ ਅਧੀਨ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਦੇ ਆਏ ਹਾਂ, ਪਰ ਪੰਜਾਬੀ ਨਕਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰੀ ਦਿਲੀ ਖ਼ਾਹਿਸ਼ ਸੀ ਕਿ ਮੈਗਜ਼ੀਨ ਦੇ ਸ਼ੁਰੂ ਹੋਣ ‘ਤੇ ਇੱਕ ਨੌਜਵਾਨ ਸਾਹਿਤਕਾਰ ਵਿਸ਼ੇਸ਼ ਅੰਕ ਜ਼ਰੂਰ ਪ੍ਰਕਾਸ਼ਿਤ ਕਰਨਾ ਹੈ, ਸੋ ਹੁਣ ਤੱਕ ”ਪੰਜਾਬੀ ਨਕਸ਼” ਦੇ ਤਿੰਨ ਅੰਕ ਆ ਚੁੱਕੇ ਹਨ। ਮੇਰੀ ਦਿਲੀ ਇੱਛਾ ਇਸ ਅੰਕ ਰਾਹੀਂ ਪੂਰੀ ਹੋਣ ਜਾ ਰਹੀ ਹੈ।
ਮੇਰੀ ਟੀਮ ਨੇ ਮੇਰੀ ਇੱਛਾ ਦਾ ਭਰਪੂਰ ਸੁਆਗਤ ਕੀਤਾ ਹੈ ਅਤੇ ਦਿਲੋਂ ਸਹਿਯੋਗ ਦਿੱਤਾ ਹੈ। ਹਰ ਅੰਕ ਦੀ ਤਰਤੀਬ ਅਨੁਸਾਰ ਹੀ ਇਸ ਅੰਕ ਨੂੰ ਵਿਉਂਤਿਆ ਗਿਆ ਹੈ ਪਰ ਇਸ ਅੰਕ ਵਿਚ ਛਪਣ ਲਈ ਉਮਰ ਹੱਦ ਚਾਲ਼ੀ ਸਾਲ ਮਿੱਥੀ ਗਈ ਸੀ। ਇਸ ਅੰਕ ਦੀ ਤਿਆਰੀ ਸਮੇਂ ਪਹੁੰਚੀਆਂ ਰਚਨਾਵਾਂ ਨੂੰ ਪੜ੍ਹਦਿਆਂ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਕਿ ਮੌਜੂਦਾ ਸਮੇਂ ਸਾਹਿਤ ਸਿਰਜਣਾ ਕਰ ਰਹੀ ਪੀੜ੍ਹੀ ਕੋਲ਼ ਬਿਲਕੁਲ ਨਵੇਂ ਵਿਸ਼ੇ, ਬਿੰਬ, ਪ੍ਰਤੀਕ ਅਤੇ ਵੱਖਰੀ ਖ਼ਿਆਲ ਉਡਾਰੀ ਹੈ, ਜੋ ਉਨ੍ਹਾਂ ਨੂੰ ਪਹਿਲੀਆਂ ਪੀੜ੍ਹੀਆਂ ਤੋਂ ਵੱਖਰਿਉਂਦੀ ਹੈ। ਇਸ ਨਵੀਂ ਪੀੜ੍ਹੀ ਕੋਲ ਵੱਖਰਾ ਦ੍ਰਿਸ਼ਟੀਕੋਣ ਹੀ ਨਹੀਂ ਨਵੀਂ ਦ੍ਰਿਸ਼ਟੀ ਵੀ ਹੈ, ਇਹ ਦ੍ਰਿਸ਼ਟੀ ਬੜੀ ਸਪਸ਼ਟ ਅਤੇ ਬੇਬਾਕ ਹੈ।
ਹਰ ਅੰਕ ਵਿਚ ਅਸੀਂ ਮੁਲਾਕਾਤ ਅਤੇ ਸ਼ਖ਼ਸੀਅਤ ਕਾਲਮ ਰਾਹੀਂ ਸਮਰੱਥ ਸਾਹਿਤਕਾਰਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਉਂਦੇ ਹਾਂ। ਮੇਰੇ ਲਈ ਬੜਾ ਔਖਾ ਕਾਰਜ ਸੀ ਕਿ ਪੰਜਾਬ ‘ਚੋਂ ਕਿਸ ਨੌਜਵਾਨ ਸਾਹਿਤਕਾਰ ਨੂੰ ਮੁਲਾਕਾਤ ਅਤੇ ਸ਼ਖ਼ਸੀਅਤ ਕਾਲਮ ਲਈ ਚੁਣਿਆਂ ਜਾਵੇ, ਇਸ ਲਈ ਅਜੇ ਚੋਣ ਕੀਤੀ ਹੀ ਸੀ ਕਿ ਸ਼ਾਇਰ ‘ਤਲਵਿੰਦਰ ਸ਼ੇਰਗਿੱਲ ਨੂੰ ‘ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ’ ਮਿਲ ਗਿਆ। ਸਾਡੀ ਚੋਣ ‘ਤੇ ਫ਼ਖ਼ਰ ਮਹਿਸੂਸ ਹੋਇਆ। ਇਸੇ ਤਰ੍ਹਾਂ ਸ਼ਾਇਰ ਸੰਦੀਪ ‘ਚਿੱਤ ਦਾ ਜੁਗਰਾਫ਼ੀਆ’ ਦੇ ਰਚੇਤਾ ਦੀਆਂ ਨਜ਼ਮਾਂ ਇਸ ਅੰਕ ਲਈ ਆਈਆਂ ਹੋਈਆਂ ਸਨ, ਸੰਦੀਪ ਨੂੰ ਵੀ ‘ਸਾਹਿਤ ਅਕਾਦਮੀ ਯੁਵਾ ਪੁਰਸਕਾਰ’ ਮਿਲ ਗਿਆ, ਮੇਰੀ ਖ਼ੁਸ਼ੀ ਦੀ ਹੱਦ ਨਾ ਰਹੀ। ਸੰਦੀਪ ਦੀਆਂ ਨਜ਼ਮਾਂ ਪੜ੍ਹਦਿਆਂ ਅਤੇ ਉਸ ਨਾਲ ਮੁਲਾਕਾਤ ਕਰਦਿਆਂ ਮਹਿਸੂਸ ਹੋਇਆ ਕਿ ਇਹ ਪੁਰਸਕਾਰ ਬਿਲਕੁਲ ਲਾਇਕ ਕਵੀ ਨੂੰ ਪ੍ਰਾਪਤ ਹੋਇਆ ਹੈ, ਸੋ ਇੱਕ ਹੀਰੇ ਦੀ ਭਾਲ ਸੀ ਦੋ ਮਿਲ ਗਏ। ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਮਰੱਥ ਕਹਾਣੀਕਾਰ ਸਿਮਰਨ ਧਾਲੀਵਾਲ (ਯੁਵਾ ਸਾਹਿਤ ਪੁਰਸਕਾਰ 2015) ਕਹਾਣੀ ਸੰਗ੍ਰਹਿ (ਆਸ ਅਜੇ ਬਾਕੀ ਹੈ, ਢਾਹਾਂ ਪੁਰਸਕਾਰ 2016 (ਓਸ ਪਲ) ਵੀ ਇਸ ਅੰਕ ਦਾ ਹਿੱਸਾ ਹਨ।
ਸਾਡੀ ਟੀਮ ਲਈ ਇਹ ਭਾਲ ਵੀ ਸੁਖਾਲੀ ਨਹੀਂ ਸੀ ਕਿ ਸ਼ਖ਼ਸੀਅਤ ਸਿਰਲੇਖ ਵਿਚ ਕਿਸ ਨੌਜਵਾਨ ਸਾਹਿਤਕਾਰ ਨੂੰ ਛਾਪਿਆ ਜਾਵੇ, ਤਾਂ ਮੇਰੀ ਨਜ਼ਰ ਗੁਰਜੰਟ ਰਾਜੇਆਣਾ ‘ਤੇ ਪਈ, ਜਿਸ ਨੇ ਇਸ ਅੰਕ ਲਈ ਤਕਰੀਬਨ 17-18 ਨੌਜਵਾਨ ਸ਼ਾਇਰਾਂ/ਕਹਾਣੀਕਾਰਾਂ ਦੇ ਨਾਮ ਸੁਝਾਏ ਹੀ ਨਹੀਂ ਉਨ੍ਹਾਂ ਦੀਆਂ ਰਚਨਾਵਾਂ ਵੀ ਮੇਰੇ ਤੱਕ ਪਹੁੰਚਦੀਆਂ ਕੀਤੀਆਂ ਅਤੇ ਖ਼ੁਦ ਦੀਆਂ ਰਚਨਾਵਾਂ ਬਹੁਤ ਝਿਜਕਦਿਆਂ ਪੱਛੜ ਕੇ ਭੇਜੀਆਂ। ਫਿਰ ਸਾਡੀ ਟੀਮ ਨੇ ਰਚਨਾਵਾਂ ਭੇਜਣ ਵਾਲੇ ਹਰ ਨੌਜਵਾਨ ਸਾਹਿਤਕਾਰ (ਮੁੰਡੇ, ਕੁੜੀਆਂ) ਦੇ ਜੀਵਨ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਸ਼ਖ਼ਸੀਅਤ ਸਿਰਲੇਖ ਲਈ ਗੁਰਜੰਟ ਰਾਜੇਆਣਾ ਦੀ ਚੋਣ ਹੋਈ। ਸ਼ਾਇਰ ਅਨੀ ਕਾਠਗੜ੍ਹ ਨੂੰ ਇਸ ਅੰਕ ਦੇ ਵਿਸ਼ੇਸ਼ ਸ਼ਾਇਰ ਵਜੋਂ ਚੁਣਿਆ ਗਿਆ।
ਮੌਜੂਦਾ ਸਮੇਂ ਜ਼ਿੰਦਗੀ ਜਿਊਣ ਸਮੇਂ ਪੇਸ਼ ਆ ਰਹੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ਼ ਇਹ ਸਾਹਿਤਕਾਰ ਅੜ ਕੇ ਖੜ੍ਹਦੇ ਹਨ। ਇਸ ਅੰਕ ਦਾ ਵਿਸਥਾਰ ਪੂਰਵਕ ਤਬਸਰਾ ਨੌਜਵਾਨ ਚਿੰਤਕ ਡਾ. ਹਰਪ੍ਰੀਤ ਜੀ ਨੇ ਇਸ ਅੰਕ ਵਿਚ ਆਰਟੀਕਲ ਦੇ ਰੂਪ ਵਿਚ ਪੇਸ਼ ਕੀਤਾ ਹੈ। ਡਾ. ਹਰਪ੍ਰੀਤ ਹੋਰਾਂ ਦੀ ਸਮਕਾਲੀ ਪੰਜਾਬੀ ਕਾਵਿ ਆਲੋਚਨਾ ਵਿਚ ਖ਼ਾਸ ਪਹਿਚਾਣ ਬਣ ਚੁੱਕੀ ਹੈ। ਕਾਵਿ ਆਲੋਚਨਾ ਤੋਂ ਇਲਾਵਾ ਸੰਪਾਦਨ ਅਤੇ ਅਨੁਵਾਦ ਰਾਹੀਂ ਡਾ. ਹਰਪ੍ਰੀਤ ਜੀ ਨੇ ਪੰਜਾਬੀ ਸਾਹਿਤ ਲਈ ਗੌਲਣਯੋਗ ਕਾਰਜ ਕੀਤਾ ਹੈ, ਹੁਣ ਤੱਕ ਉਨ੍ਹਾਂ ਦੀਆਂ 6 ਪੁਸਤਕਾਂ (ਦੋ ਕਾਵਿ ਆਲੋਚਨਾ ਅਤੇ ਚਾਰ ਅਨੁਵਾਦ) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮੈਂ ਡਾ. ਹਰਪ੍ਰੀਤ ਜੀ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ।
ਵੀਰ ਕੌਰ ਜੀ ਨੇ ਇਸ ਅੰਕ ਵਿਚ ਲੇਖ, ਕਹਾਣੀ, ਨਾਵਲ ਸਬੰਧੀ ਤਬਸਰਾ ਪੇਸ਼ ਕੀਤਾ ਹੈ। ਸਾਹਿਤਕ ਦਾਇਰੇ ਅੰਦਰ ਵੀਰ ਕੌਰ ਦੀ ਪਛਾਣ ਗਲਪ ਚਿੰਤਕ ਵਜੋਂ ਬਣ ਰਹੀ ਹੈ। ਨਾਵਲ ਆਲੋਚਨਾ ਨਾਲ ਸੰਬੰਧਿਤ ਉਨ੍ਹਾਂ ਦੀਆਂ ਦੋ ਆਲੋਚਨਾ ਪੁਸਤਕਾਂ ਛਪ ਚੁੱਕੀਆਂ ਹਨ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ.ਐਚ.ਡੀ. ਦੀ ਖੋਜ ਵਿਦਿਆਰਥਣ ਹੈ। ਮੈਂ ਵੀਰ ਕੌਰ ਜੀ ਦਾ ਇਸ ਅੰਕ ਲਈ ਤਬਸਰਾ ਪੇਸ਼ ਕਰਨ ‘ਤੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਜਿਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੂੰ ਅਸੀਂ ਇਸ ਅੰਕ ਦਾ ਹਿੱਸਾ ਨਹੀਂ ਬਣਾ ਸਕੇ, ਉਹ ਹੋਰ ਮਿਹਨਤ ਕਰਨ, ਆਉਣ ਵਾਲੇ ਸਮੇਂ ਵਿਚ ਅਸੀਂ ਉਨ੍ਹਾਂ ਦੀਆਂ ਰਚਨਾਵਾਂ ਜ਼ਰੂਰ ਛਾਪਾਂਗੇ। ਇਸ ਅੰਕ ਦੀ ਤਿਆਰੀ ਸਮੇਂ ਮੇਰੀ ਮਦਦ ਕਰਨ ਵਾਲੇ ਹਰ ਸ਼ਖ਼ਸ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ। ਆਉਣ ਵਾਲੇ ਸਮੇਂ ਵਿਚ ਹੋਰ ਚੰਗਾ ਕੰਮ ਕਰਨ ਦੇ ਵਾਅਦੇ ਨਾਲ ਸਭ ਨੌਜਾਵਾਨ ਸਾਹਿਤਕਾਰਾਂ ਦਾ ਧੰਨਵਾਦ ਕਰਦੀ ਹਾਂ ਅਤੇ ਸਭ ਦੇ ਉੱਜਲ ਭਵਿੱਖ ਲਈ ਦਿਲੋਂ ਦੁਆਵਾਂ ਕਰਦੀ ਹਾਂ। ਆਓ ਦੋਸਤੋ ਪੰਜਾਬੀ ਸਾਹਿਤਕਾਰੀ ਭਵਿੱਖ ਦੇ ਰੂ-ਬ-ਰੂ ਹੋਈਏ।

ਮੈਂ ਮਨ ‘ਚ ਦੱਬੀ ਚਿਣਗ ਹਾਂ
ਜੇ ਬਲ਼ ਗਈ ਤਾਂ ਹੋਵੇਗੀ
ਮੇਰੀ ਲਾਟ ਅੰਬਰਾਂ ਤਾਈਂ….