ਸੋਨੀਆ ਮਨਜਿੰਦਰ
ਵੈਸੇ ਤਾਂ ਹਰ ਚੇਤੰਨ ਮਨੁੱਖ ਦਾ ਫ਼ਰਜ਼ ਹੁੰਦਾ ਹੈ ਕਿ ਆਪਣੇ ਚੁਫ਼ੇਰੇ ਅਤੇ ਸਮਾਜ ਦੀ ਬਿਹਤਰੀ ਲਈ ਕੋਸ਼ਿਸ਼ ਕਰਦਾ ਰਹੇ ਅਤੇ ਨਾਲੋ-ਨਾਲ ਪੈਦਾ ਹੋਈਆਂ ਸਮਾਜਿਕ ਵਿਸੰਗਤੀਆਂ ਦਾ ਪਰਦਾਫ਼ਾਸ਼ ਕਰਦਾ ਹੋਇਆ ਇਨ੍ਹਾਂ ਵਿਸੰਗਤੀਆਂ ਦੇ ਖ਼ਾਤਮੇ ਲਈ ਵਚਨਬੱਧ ਹੋਵੇ। ਨਿਰਸੰਦੇਹ! ਸਾਹਿਤ ਸਮਾਜ ਦਾ ਦਰਪਣ ਹੈ ਪਰ ਮੌਜੂਦਾ ਸਮੇਂ ਪੈਦਾ ਹੋ ਰਹੀ ਸਾਹਿਤਕ ਪਾਏਰੇਸੀ ਸਮਕਾਲੀ ਪੰਜਾਬੀ ਸਾਹਿਤ ਲਈ ਇੱਕ ਚੁਣੌਤੀ ਵਜੋਂ ਪੇਸ਼ ਹੈ। ਸੋ ਇੱਕ ਸਾਹਿਤਕ ਪੱਤਰਕਾਰ ਦਾ ਵੀ ਉਹੀ ਫ਼ਰਜ਼ ਹੈ ਜੋ ਅਖ਼ਬਾਰੀ ਜਾਂ ਮੀਡੀਆ ਪੱਤਰਕਾਰ ਦਾ ਹੈ। ਚੰਗੇ ਸਾਹਿਤ ਦੀ ਸਿਰਜਣਾ ਲਈ ਬੇਹੱਦ ਲਾਜ਼ਮੀ ਹੈ ਕਿ ਮਿਆਰੀ ਸਾਹਿਤ ਪੜ੍ਹਿਆ ਹੋਵੇ। ਇਸ ਸਮਤੋਲ ਵਿੱਚੋਂ ਪੈਦਾ ਹੋਇਆ ਸਾਹਿਤ ਲਾਜ਼ਮੀ ਤੌਰ ‘ਤੇ ਸਮਾਜ ਦੀ ਬਿਹਤਰੀ ਲਈ ਕਾਰਜਸ਼ੀਲ ਹੋਵੇਗਾ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕਿਹੜਾ ਸਾਹਿਤ ਮਿਆਰੀ ਹੈ ਤਾਂ ਇਸ ਦਾ ਉੱਤਰ ਮੇਰੇ ਅਨੁਸਾਰ ਇਹ ਹੈ ਕਿ ਜਿਸ ਸਾਹਿਤ (ਹਰ ਸਾਹਿਤਕ ਰੂਪ) ਮਨੁੱਖ ਅਤੇ ਸਮਾਜ ਦੀਆਂ ਦਰਪੇਸ਼ ਚਣੌਤੀਆਂ ਨੂੰ ਪੇਸ਼ ਕਰਦਿਆਂ ਨਜਿੱਠਣ ਦਾ ਹੌਸਲਾ ਮਿਲੇ, ਜੋ ਸਾਹਿਤ ਸੱਭਿਅਅਚਾਰ, ਲੋਕਧਾਰਾ, ਪਰੰਪਰਾ ਅਤੇ ਸਮਕਾਲ ਵਿਚਕਾਰ ਇੱਕ ਪ੍ਰਕਾਰ ਦਾ ਸੰਵਾਦ ਪੈਦਾ ਕਰਦਾ ਹੋਵੇ ਅਤੇ ਇਸ ਸੰਵਾਦ ਰਾਹੀ ਨਿੱਗਰ ਪ੍ਰਤੀਮਾਨਾਂ ਨੂੰ ਨਵਿਆ ਕੇ ਪੇਸ਼ ਕਰਦਾ ਹੋਵੇ ਜਾਂ ਜਿਸ ਸਾਹਿਤ ਵਿਚ ਮੌਜੂਦਾ ਕਰੂਰਤਾ ਭਰੇ ਜੀਵਨ ਵਿਹਾਰ ਵਿਚ ਵਿਚਰਦਿਆਂ ਵੀ ਚੰਗੇਰੇ ਮਨੁੱਖ ਹੋਣ ਦਾ ਸੰਕਲਪ ਪਿਆ ਹੋਵੇ ਜਾਂ ਇਸ ਸੰਕਲਪ ਦੀ ਇੱਛਾ ਪਈ ਹੋਵੇ ਉਹ ਸਾਹਿਤ ਮਿਆਰੀ ਹੈ। ਸੋ ਸਮਕਾਲ ਵਿਚ ਧੜਾਧੜ ਛਪ ਰਹੀਆਂ ਕਿਤਾਬਾਂ ਵਿਚੋਂ ਕੋਈ ਇੱਕ-ਅੱਧ ਕਿਤਾਬ ਵਿਚ ਹੀ ਉਪਰੋਕਤ ਪ੍ਰਕਾਰ ਦਾ ਸਾਹਿਤ ਪੇਸ਼ ਹੋ ਰਿਹਾ ਹੈ। ਕਈ ਵਾਰ ਹੁੰਦਾ ਹੈ ਕਿ ਕਿਸੇ ਸਥਾਪਿਤ ਸਾਹਿਤਕਾਰ ਦੁਆਰਾ ਕਿਤਾਬ ਦੇ ਮੁੱਖ ਬੰਦ ਨੂੰ ਪੜ੍ਹ ਕੇ ਹੀ ਕਿਤਾਬ ਖ਼ਰੀਦ ਲੈਂਦੇ ਹਾਂ ਪਰ ਕਿਤਾਬ ਵਿਚ ਪੇਸ਼ ਵਿਚਾਰ ਪੜ੍ਹ ਕੇ ਬੇਹੱਦ ਨਿਰਾਸ਼ਾ ਹੁੰਦੀ ਹੈ। ਸਥਾਪਿਤ ਸਾਹਿਤਕਾਰਾਂ ਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕਿਸੇ ਕਿਤਾਬ ਦੀ ਗੰਭੀਰ ਪੜ੍ਹਤ ਕਰਕੇ ਹੀ ਉਸ ਬਾਰੇ ਲਿਖਿਆ ਜਾਵੇ ਜੋ ਨਾ ਛਪਣਯੋਗ ਹੋਵੇ ਉਸ ਨੂੰ ਰੱਦ ਕਰਦਿਆਂ ਲੇਖਕ ਨੂੰ ਹੋਰ ਮਿਹਨਤ ਦਾ ਮਸ਼ਵਰਾ ਦਿੱਤਾ ਜਾਵੇ। ਨਵੇਂ ਲੇਖਕਾਂ ਨੂੰ ਵੀ ਇਸ ਬਾਰੇ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਲਿਖੇ ਗਏ ਵਿਚਾਰ ਇੱਕ ਦਸਤਾਵੇਜ਼ ਰਾਹੀਂ ਅਗਲੀ ਪੀੜ੍ਹੀ ਤੱਕ ਪਹੁੰਚਦੇ ਹਨ। ਸੋ ਰਚਨਾ ਕਰਦਿਆਂ ਇਸ ਗੱਲ ਦਾ ਧਿਆਨ ਧਰਨਾ ਲਾਜ਼ਮੀ ਹੈ ਕਿ ਇਸ ਸਿਰਜਣਾ ਨੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਨੀ ਹੈ। ਸੋ ਸਿਰਜਣਾਤਮਕ ਸਾਹਿਤ ਵਿਚ ਮੌਲਿਕਤਾ ਦੇ ਨਾਲ-ਨਾਲ ਸੁਨੇਹਾ ਹੋਣਾ ਲਾਜ਼ਮੀ ਹੈ। ਸਾਹਿਤਕ ਜੁਗਾੜਬੰਦੀਆਂ ਨੇ ਸਦਾ ਹੀ ਅਤੇ ਪੰਜਾਬੀ ਮਾਂ ਬੋਲੀ ਦਾ ਨੁਕਸਾਨ ਕੀਤਾ ਹੈ ਸੋ ਜੁਗਾੜਬੰਦੀਆਂ ਤੋਂ ਉੱਪਰ ਉੱਠ ਪੰਜਾਬੀ ਸਾਹਿਤ ਦੀ ਪਰਫੁੱਲਤਾ ਲਈ ਹਰ ਚੇਤੰਨ ਮਨੁੱਖ ਨੂੰ ਇਸ ਸੇਵਾ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਰਾਸ਼ਟਰੀ/ਅੰਤਰਰਾਸ਼ਟਰੀ ਸਾਹਿਤਕ ਸਭਾਵਾਂ ਨੂੰ ਸਾਹਿਤਕ ਪਾਏਰੇਸੀ ਅਤੇ ਸਾਹਿਤ ਦੀ ਓਟ ਹੇਠ ਪੈਦਾ ਹੋ ਰਹੇ ਅਸਾਹਿਤਕ ਵਰਤਾਰੇ ਪ੍ਰਤੀ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਆਓ ਦੋਸਤੋ! ਇਸ ਰੌਸ਼ਨੀ ਦੇ ਤਿਉਹਾਰ ‘ਤੇ ਆਪਣੇ-ਆਪ ਨਾਲ ਚੰਗੀ ਸਾਹਿਤ ਸਿਰਜਣਾ ਦੇ ਨਾਲ-ਨਾਲ ਚੰਗੇਰੇ ਸਮਾਜ ਦੀ ਸਿਰਜਣਾ ਕਰਨ, ਪੰਜਾਬੀ ਮਾਂ ਬੋਲੀ ਦੇ ਸੱਚੇ ਸੇਵਾਦਾਰ ਹੋਣ ਦਾ ਸੰਕਲਪ ਲਈਏ।
ਮਨਾਂ ਦੇ ਕੋਨਿਆਂ ਅੰਦਰ ਵੀ ਯਾਰੋ ਦੀਪ ਬਾਲੋ
ਹਨੇਰਾ ਭਾਲਿਆਂ ਲੱਭੇ ਨਾ ਸਾਡੇ ਅੰਦਰਾਂ ‘ਚੋਂ
—ਸੋਨੀਆ ਮਨਜਿੰਦਰ
Read more
ਕਿਸੇ ਵੀ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ ‘ਅਨੁਵਾਦ’
ਦੋ ਸ਼ਬਦ…
ਆਓ, ਮਾਂ ਬੋਲੀ ਨੂੰ ਸਤਿਕਾਰੀਏ ਅਤੇ ਪਰਚਾਰੀਏ…