ਸੱਚੀ ਖ਼ੁਸ਼ੀ (ਤੇਲਗੂ ਕਹਾਣੀ)

ਆਰ. ਟੀ. ਸ਼੍ਰੀਵੱਲੀ ਰਾਧਿਕਾ

ਸਿੱਖਿਆ: ਤੇਲਗੂ ਸਾਹਿਤ ਵਿੱਚ ਐਮਟੈਕ, ਪੀਐਚ.ਡੀ.। ਪ੍ਰਕਾਸ਼ਿਤ ਰਚਨਾਵਾਂ: 6 ਛੋਟੀਆਂ ਕਹਾਣੀਆਂ ਸੰਗ੍ਰਹਿ, 4 ਕਵਿਤਾ ਸੰਗ੍ਰਹਿ, 3 ਨਾਵਲ, ਕਈ ਸਾਹਿਤਕ ਆਲੋਚਨਾ ਲੇਖ ਅਤੇ ਗੀਤ। ਬਾਲ ਸਾਹਿਤ ਅਤੇ ਅਧਿਆਤਮਿਕ ਸਾਹਿਤ ਵਿੱਚ ਵੀ ਯੋਗਦਾਨ ਪਾਇਆ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਿੰਦੀ, ਮਰਾਠੀ, ਉੜੀਆ, ਕੰਨੜ, ਤਾਮਿਲ, ਅੰਗਰੇਜ਼ੀ, ਪੰਜਾਬੀ ਅਤੇ ਨੇਪਾਲੀ ਵਰਗੀਆਂ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ। ਜ਼ਿਕਰਯੋਗ ਐਵਾਰਡ : ਕਥਾ, ਦਿੱਲੀ ਵੱਲੋਂ ‘ਸਰਵੋਤਮ ਲਘੂ ਕਹਾਣੀ ਪੁਰਸਕਾਰ’; ਭਾਰਤੀ ਭਾਸ਼ਾ ਪ੍ਰੀਸ਼ਦ, ਕੋਲਕਾਤਾ ਤੋਂ ‘ਯੁਵਾ ਪੁਰਸਕਾਰ’; ਤੇਲਗੂ ਯੂਨੀਵਰਸਿਟੀ, ਹੈਦਰਾਬਾਦ ਤੋਂ ‘ਕੀਰਤੀ ਪੁਰਸਕਾਰ’; ਭਾਰਤੀ ਭੂਮਿਕਾ, ਹੈਦਰਾਬਾਦ ਤੋਂ ‘ਵਿਸ਼ਵਨਾਥ ਵੈਂਗਮਈ ਪੁਰਸਕਾਰ’; ਵੱਖ-ਵੱਖ ਐਸੋਸੀਏਸ਼ਨਾਂ ਜਿਵੇਂ ਕਿ ਲੇਖਨੀ, ਹੈਦਰਾਬਾਦ ਤੋਂ ‘ਸਰਬੋਤਮ ਲਘੂ ਕਹਾਣੀ ਲੇਖਕ ਪੁਰਸਕਾਰ’; ਆਂਧਰਾ ਸਰਸਵਤਾ ਪਰਿਸ਼ਦ, ਮਛਲੀਪਟਨਮ; ਅਪੂਰੁਪਾ ਪੁਰਸਕਰਮ, ਹੈਦਰਾਬਾਦ ਅਤੇ ਕਲਾਮਿਤਰ ਮੰਡਲੀ, ਓਂਗੋਲ।

ਅਨੁਵਾਦ

ਜਸਵਿੰਦਰ ਕੌਰ ਬਿੰਦਰਾ

98681-82835

ਬਿਊਟੀਸ਼ਿਅਨ ਦੀਆਂ ਕੋਮਲ ਉਂਗਲਾਂ ਮੇਰੇ ਚਿਹਰੇ ਉਤੇ ਲੈਅਬੱਧ ਘੁੰਮ ਰਹੀਆਂ ਸਨ। ਮੇਰੀਆਂ ਅੱਖਾਂ ਖੁਮਾਰੀ ਨਾਲ ਮੁੰਦ ਰਹੀਆਂ ਸਨ।
ਕੱਲ੍ਹ ਦੀ ਪਾਰਟੀ ਲਈ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਸਨ। ਬਲੀਚਿੰਗ, ਫੈਸ਼ਿਅਲ… ਨਵੀਂ ਸਾੜੀ ਤੇ ਫਾਲ ਲਗਾਉਣਾ। ਦਰਜੀ ਕੋਲ਼ੋਂ ਬਲਾਊਜ਼ ਮੰਗਵਾਉਣਾ।
ਮੈਂ ਇੱਥੇ.. ਬਿਊਟੀ ਪਾਰਲਰ ਵਿੱਚ ਹਾਂ, ਪਰ ਮਨ ਤਾਂ ਕਲ੍ਹ ਦੀ ਪਾਰਟੀ ਵਿੱਚ ਪਹੁੰਚ ਕੇ, ਉਥੋਂ ਦੀ ਸੈਰ ਕਰ ਰਿਹਾ ਹੈ।
ਜਗਮਗ ਰੌਸ਼ਨੀ ਵਿੱਚ ਮੇਰਾ ਹੁਸਨ… ਸਾਰਿਆਂ ਨੂੰ ਚਕਿਤ ਕਰ ਦੇਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ।
ਇਸ ਪਾਰਟੀ ਲਈ ਮੈਂ ਟਮਾਟਰੀ ਰੰਗ ਦੀ ਸਾੜ੍ਹੀ ਦੀ ਚੋਣ ਕੀਤੀ, ਉਸ ਉਤੇ ਨਵਾਂ ਨੇਕਲੈਸ। ਕੰਨਾਂ ਲਈ ਨਵੇਂ ਝੁਮਕੇ…!
ਸ਼ਰਤ ਦੀਆਂ ਅੱਖਾਂ ਦੀ ਚਮਕ ਮੈਨੂੰ ਹੁਣੇ ਹੀ ਦਿੱਸ ਰਹੀ ਹੈ।
“ਮੈਡਮ!” ਬਿਊਟੀਸ਼ਿਅਨ ਦੀ ਆਵਾਜ਼ ਸੁਣ ਕੇ ਮੈਂ ਅੱਖਾਂ ਖੋਲ੍ਹੀਆਂ।
“ਤੁਸੀਂ ਸਟੀਮ ਲੈ ਲਓ…” ਉਸ ਨੇ ਹੱਸਦੇ ਹੋਏ ਕਿਹਾ।
“ਤੇਰੀ ਮਸਾਜ ਨਾਲ ਮੇਰੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਸਨ।” ਮੈਂ ਵੀ ਹੱਸਦੇ ਹੋਏ ਕਿਹਾ।
ਇਹ ਸੁਣ ਕੇ ਉਸ ਦੀਆਂ ਅੱਖਾਂ ਮਾਣ ਨਾਲ ਚਮਕ ਪਈਆਂ।
ਦੋ ਸਾਲ ਪਹਿਲਾਂ ਹੀ ਇਸ ਨੇ ਇੱਥੇ ਬਿਊਟੀ ਪਾਰਲਰ ਖੋਲ੍ਹਿਆ ਸੀ। ਕੋਈ ਖ਼ਾਸ ਪ੍ਰਚਾਰ ਵੀ ਨਹੀਂ ਕੀਤਾ ਸੀ।ਪਰ ਦੋ ਹੀ ਸਾਲਾਂ ਵਿੱਚ ਇਸ ਨੇ ਬਹੁਤ ਨਾਂ ਕਮਾ ਲਿਆ।
ਸ਼ਾਇਦ ਇਸ ਦੇ ਪਾਰਲਰ ਵਿੱਚ ਆਉਣ ਤੋਂ ਬਾਅਦ ਲੋਕਾਂ ਨੇ ਦੂਜੇ ਪਾਰਲਰ ਵਿੱਚ ਜਾਣਾ ਹੀ ਛੱਡ ਦਿੱਤਾ ਹੋਏਗਾ।
“ਪਤਾ ਨਹੀਂ ..ਕੀ ਜਾਦੂ ਕਰਦੀ ਹੈ..” ਮੈਂ ਉਸ ਛੋਟੀ ਜਿਹੇ, ਮੱਧਰੇ ਕਦ ਵਾਲੀ ਬਿਊਟੀਸ਼ਿਅਨ ਨੂੰ ਦੇਖ ਕੇ ਸੋਚਿਆ।
ਮੇਰੇ ਚਿਹਰੇ ਉਤੇ ਮਾਸਕ ਤੇ ਅੱਖਾਂ ਉਤੇ ਰੂੰ ਦੇ ਫਾਹੇ ਰੱਖ ਕੇ ਉਹ ਦੂਜੇ ਪਾਸੇ ਚਲੀ ਗਈ।
ਮੈਂ ਫਿਰ ਪਾਰਟੀ ਬਾਰੇ ਹੀ ਸੋਚਣ ਲੱਗ ਪਈ। “ਕੱਲ੍ਹ ਦੀ ਪਾਰਟੀ ਦਾ ਮੁੱਖ ਕੇਂਦਰ ਤਾਂ ਤੁਸੀਂ ਹੀ ਹੋਵੇਗੇ।ਮੈਂ ਤਾਂ ਸਿਰਫ਼ ਤੁਹਾਡੇ ਲਈ ਹੀ ਆਵਾਂਗਾ।” ਸ਼ਰਤ ਦੀਆਂ ਗੱਲਾਂ ਬਾਰ-ਬਾਰ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਸਨ।
….
ਉਸ ਨੂੰ ਕਿਸੇ ਹੋਰ ਲਈ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਨਹੀਂ ਸੁਣਿਆ ਸੀ।ਉਸ ਉਤੇ ਮਰਨ ਵਾਲੀਆਂ ਔਰਤਾਂ ਨੂੰ ਜ਼ਰੂਰ ਦੇਖਿਆ ਸੀ।ਪਰ ਉਸ ਦਾ ਮੇਰੀ ਤਾਰੀਫ ਕਰਨਾ ਕੁਝ ਖ਼ਾਸ ਸੀ।
ਇਕ ਸਾਲ ਪਹਿਲਾਂ ਉਹ ਮੇਰੇ ਪਤੀ ਨੂੰ ਮਿਲਣ ਲਈ ਆਇਆ ਸੀ।
ਬੈਠਕ ਵਿੱਚ ਬੈਠ ਕੇ ਉਹ ਗੱਲਾਂ ਕਰ ਰਹੇ ਸਨ।ਉਸ ਦੀ ਆਵਾਜ਼ ਤੇ ਅੰਗ੍ਰੇਜ਼ੀ ਦਾ ਸਪੱਸ਼ਟ ਉਚਾਰਣ!
ਉਸ ਨੂੰ ਦੇਖਦੇ ਹੀ ਮੈਂ ਉਸ ਵੱਲ ਖਿੱਚੀ ਗਈ।ਕੌਫੀ ਲੈ ਕੇ ਜਦੋਂ ਮੈਂ ਗਈ ਤਾਂ ਉਹ ਕਹਿ ਰਿਹਾ ਸੀ, “ਚੌਵੀ ਘੰਟੇ ਕੰਮ ਕਰਨ ਦੇ ਮੇਰੇ ਕੋਲ ਪੱਚੀ ਕਾਰਨ ਹਨ। ਪਹਿਲਾ ਕਾਰਨ… ਸੱਚੀ ਖ਼ੁਸ਼ੀ ਤਾਂ ਕੰਮ ਕਰਨ ਤੇ ਹੀ ਮਿਲਦੀ ਹੈ।ਦੂਜਾ..ਮੈਂ ਦਿਨ ਦੇ ਪਹਿਲੇ ਘੰਟੇ ਦਾ ਅਨੰਦ ਲੈਂਦਾ ਹੈ। ਇਸੇ ਤਰ੍ਹਾਂ ਦੂਜੇ, ਫਿਰ ਤੀਜੇ… ਚੌਥੇ…!”
ਉਸ ਦੀ ਗੱਲ ਸੁਣ ਕੇ ਉਥੇ ਬੈਠੇ ਸਾਰੇ ਹੀ ਹੱਸ ਪਏ। ਉਹ ਕੰਧ ਉਤੇ ਟੰਗੀ ਪੈਂਟਿੰਗ ਵੱਲ ਦੇਖ ਰਿਹਾ ਸੀ, ਜਦੋਂ ਮੈਂ ਕਮਰੇ ਵਿੱਚ ਕਦਮ ਰੱਖਿਆ।ਉਸ ਨੇ ਮੇਰੇ ਵੱਲ ਦੇਖਿਆ ਤੇ ਫਿਰ ਪੈਂਟਿੰਗ ਛੱਡ ਮੈਨੂੰ ਹੀ ਦੇਖਣ ਲੱਗ ਪਿਆ।ਕਿਸੇ ਅਦਭੁੱਤ ਦ੍ਰਿਸ਼ ਵਾਂਗ!
ਪਤੀ ਨੇ ਮੇਰਾ ਪਰਿਚੈ ਕਰਵਾਇਆ, “ਮੇਰੀ ਪਤਨੀ ਵਿਸ਼ਾਲਾ!“ ਮੈਂ ਉਸ ਨੂੰ ‘ਨਮਸਤੇ’ ਕਿਹਾ।
ਪਰ ਉਹ ਸੋਫੇ ਨਾਲ ਟੇਕ ਲੱਗਾ ਕੇ ਇੱਕ ਟਕ ਮੈਨੂੰ ਦੇਖਣ ਲੱਗ ਪਿਆ।ਫਿਰ ਪੈਂਟਿੰਗ ਵੱਲ ਦੇਖਦੇ ਹੋਏ ਕਹਿਣ ਲੱਗਾ, “ਬਹੁਤ ਵਧੀਆ ਪੈਂਟਿੰਗ ਹੈ।”
“ਜੀ, ਮੈਨੂੰ ਬਹੁਤ ਪਸੰਦ ਹੈ। ਮੇਰੀ ਪਤਨੀ ਨੇ ਬਣਾਈ ਹੈ।”
ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ।“ਅਦਭੁੱਤ”! ਮੈਨੂੰ ਲੱਗਾ, ਕਿਸੇ ਵੱਡੇ ਆਰਟਿਸਟ ਦੀ ਬਣੀ ਹੋਈ ਹੈ।”
ਇਹ ਸੁਣ ਕੇ ਮੈਂ ਥੋੜੀ ਜਿਹੀ ਝੇਂਪ ਗਈ ਤੇ ਮੁਸਕਰਾਉਂਦੇ ਹੋਏ ਅੰਦਰ ਚਲੀ ਗਈ।
ਚਾਰ ਦਿਨਾਂ ਬਾਅਦ ਉਸ ਦਾ ਫੋਨ ਆਇਆ। ਮੇਰੇ ਪਤੀ ਬਾਰੇ ਪੁੱਛਿਆ। ਸੱਚ-ਮੁੱਚ ਉਸ ਨੇ ਪਤੀ ਲਈ ਹੀ ਫੋਨ ਕੀਤਾ ਸੀ? ਮੈਨੂੰ ਇਸ ਬਾਰੇ ਸੰਸਾ ਹੈ।ਕਿਹਾ, “ਕੋਈ ਗੱਲ ਨਹੀਂ। ਮੈਨੂੰ ਉਨ੍ਹਾਂ ਨਾਲ ਕੁਝ ਕੰਮ ਸੀ। ਆਫ਼ਿਸ ਵਿਚ ਨਹੀਂ ਸਨ, ਇਸ ਕਰਕੇ ਮੈਂ ਘਰ ਫੋਨ ਕਰ ਲਿਆ।”
ਉਸ ਤੋਂ ਬਾਅਦ ਉਸ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੇਰੀ ਪਸੰਦ ਬਾਰੇ, ਮੇਰੀ ਰੁਚੀ ਬਾਰੇ।ਬਸ, ਉਸੀ ਜਾਣ-ਪਛਾਣ ਦਾ ਸੂਤਰ ਫੜ, ਉਸ ਨੇ ਚਾਰ ਦਿਨਾਂ ਬਾਅਦ ਫਿਰ ਇੱਕ ਫੋਨ ..ਫਿਰ ਫੋਨ… ਫੋਨ।
ਇਹ ਗੱਲਾਂ ਹੁਣ ਪਤੀ ਨੂੰ ਕਿਵੇਂ ਦੱਸਾਂ, ਸਮਝ ਵਿੱਚ ਨਹੀਂ ਆ ਰਿਹਾ ਸੀ।ਚਾਰ ਮਹੀਨੇ  ਬਾਅਦ ਜਦੋਂ ਅਸੀਂ ਸਾਰੇ ਕਿਸੇ ਜਗ੍ਹਾ ਉਤੇ ਮਿਲੇ ਤਾਂ ਉਸ ਨੇ ਆਪ ਹੀ ਇਸ ਗੱਲ ਦਾ ਜ਼ਿਕਰ ਕੀਤਾ, ‘ਮੈਨੂੰ ਤੁਹਾਡੀ ਬੀਵੀ ਦੀਆਂ ਰੁਚੀਆਂ ਬਹੁਤ ਪਸੰਦ ਹਨ। ਉਨ੍ਹਾਂ ਨਾਲ ਫੋਨ ਉਤੇ ਗੱਲਾਂ ਕਰਨ ਤੇ ਮੈਨੂੰ ਇਹ ਸਭ ਪਤਾ ਲੱਗਾ।”
……


ਜਿਉਂ ਹੀ ਬਿਊਟੀਸ਼ਿਅਨ ਨੇ ਮੇਰੀਆਂ ਅੱਖਾਂ ਤੋਂ ਰੂੰ ਹਟਾਈ ਤਾਂ ਮੇਰੀ ਸੋਚ ਨੂੰ ਇਕਦਮ ਬਰੇਕ ਲੱਗ ਗਿਆ।ਚਿਹਰੇ ਦੇ ਫੈਸ਼ੀਅਲ ਤੋਂ ਬਾਅਦ ਮੈਂ ਬਾਹਰ ਆ ਗਈ।
ਸ਼ੌਪਿੰਗ ਕਰਕੇ, ਘਰ ਪਹੁੰਚਦੇ ਹੋਏ ਅੱਠ ਵਜ ਗਏ।ਵਿਹੜੇ ਵਿੱਚ ਪੈਰ ਰੱਖਦੇ ਹੀ ਭੈਣ ਨੂੰ ਦੇਖਿਆ।
“ਓਹ! ਕਦੋਂ ਆਈ?” ਮੈਂ ਹੈਰਾਨੀ ਨਾਲ ਪੁੱਛਿਆ।
“ਦੁਪਹਿਰ ਵੇਲੇ ਆਈ ਸੀ। ਬਸ ਤੂੰ ਘਰੋਂ ਨਿਕਲੀ ਤੇ ਮੈਂ ਪਹੁੰਚ ਗਈ।” ਸ਼ੈਲਜਾ ਨੇ ਕਿਹਾ।
“ਹੱਛਾ, ਉਸ ਵੇਲੇ ਤੇਰੇ ਜੀਜਾ ਜੀ ਘਰ ਸਨ?” ਕਹਿੰਦੇ ਹੋਏ ਮੈਂ ਉਸ ਨੂੰ ਕਲਾਵੇ ਵਿੱਚ ਭਰ ਲਿਆ।
ਇਕ ਪਲ ਲਈ ਮੈਂ ਉਸ ਨੂੰ ਦੇਖ ਕੇ ਖੁਸ਼ ਹੋਈ ਤੇ ਫਿਰ ਝੱਟ ਹੀ ਸੋਚ ਵਿੱਚ ਡੁੱਬ ਗਈ, ‘ਹਾਏ! ਕੱਲ੍ਹ ਮੈਂ ਪਾਰਟੀ ਉਤੇ ਕਿਵੇਂ ਜਾਵਾਂਗੀ?”
ਕੱਲ੍ਹ ਪਾਰਟੀ ਵਿੱਚ ਜਾਣ ਤੋਂ ਪਹਿਲਾ ਮੈਂ ਪਾਰਲਰ ਜਾ ਕੇ ਤਿਆਰ ਹੋਣਾ ਸੀ। ਸ਼ੈਲੂ ਇਹ ਗੱਲ ਕਿੱਥੋਂ ਸਮਝੇਗੀ? ਉਸ ਨੂੰ ਤਾਂ ਸੈਰ-ਸਪਾਟਾ ਚੰਗਾ ਹੀ ਨਹੀਂ ਲੱਗਦਾ। ਪੂਰੀ ਦਾਦੀ ਮਾਂ ਹੈ।”
“ਦੀਦੀ, ਕੀ ਸੋਚ ਰਹੀ ਏਂ?”
ਮੈਂ ਹੱਸ ਪਈ।“ਇੱਕਲੀ ਆਈ ਏਂ?”
“ਹਾਂ, ਉਹ ਕਿਅੰਪ ਗਏ ਹਨ। ਤੈਨੂ ਮਿਲਣ ਦਾ ਮਨ ਕਰ ਰਿਹਾ ਸੀ। ਇਸ ਕਰਕੇ ਮੈਂ ਇੱਥੇ ਆ ਗਈ।” ਉਸ ਨੇ ਛੋਟੀ ਬੱਚੀ ਵਾਂਗ ਦੱਸਿਆ।
“ਚੰਗਾ ਕੀਤਾ।” ਮੈਂ ਖੁਸ਼ ਹੁੰਦੇ ਹੋਏ ਕਿਹਾ।
ਸ਼ੈਲਜਾ ਦੀਆਂ ਗੱਲਾਂ ਵਿੱਚ, ਆਦਤਾਂ ਵਿੱਚ ਮੇਰੇ ਪ੍ਰਤੀ ਹਰ ਵੇਲੇ ਪ੍ਰਸੰਸਾ ਦਾ ਭਾਵ ਰਹਿੰਦਾ ਹੈ।ਮੇਰੀ ਮੌਜੂਦਗੀ
ਨਾਲ ਹੀ ਉਹ ਖਿੜ ਜਾਂਦੀ ਹੈ। ਜਦਕਿ ਮੇਰੇ ਲਈ ਅਨੰਦ ਦੇ  ਅਜਿਹੇ ਪਲ ਮਾਨਣਾ ਦੂਰ ਦੀ ਗੱਲ ਹੈ।
ਮੈਂ ਸਿੱਧੇ ਰਸੋਈ ਵਿੱਚ ਜਾਣ ਲੱਗੀ। “ਖਾਣਾ ਬਣਾ ਦਿੱਤਾ ਹੈ ਮੈਂ।” ਉਸ ਨੇ ਪਿੱਛੋਂ ‘ਵਾਜ਼ ਮਾਰੀ।
ਗਰਮਾਗਰਮ ਸਾਂਬਰ, ਚਾਵਲ… ਸਬਜ਼ੀ.. ਅਚਾਰ… ਡਾਇਨਿੰਗ ਟੇਬਲ ਉਤੇ ਸਭ ਕੁਝ।
ਸਜਿਆ ਹੋਇਆ ਟੇਬਲ ਦੇਖ ਕੇ ਮੈਨੂੰ ਸ਼ਰਮ ਜਿਹੀ ਆਈ, “ਆਉਂਦੇ ਹੀ ਕੰਮ ‘ਤੇ ਲੱਗ ਗਈ ਤੂੰ?”
“ਪਰ ਖਾਣਾ ਬਣਾਉਣਾ ਮੈਨੂੰ ਕਦੇ ਕੰਮ ਲੱਗਦਾ ਹੀ ਨਹੀਂ। ਮੈਨੂੰ ਹੋਰ ਕੁਝ ਆਉਂਦਾ ਵੀ ਨਹੀਂ। ਇਸੇ ਲਈ…!“ ਕਹਿੰਦੇ ਹੋਏ ਉਹ ਹੱਸ ਪਈ।
ਸ਼ੈਲਜਾ ਜ਼ਿਆਦਾ ਪੜ੍ਹੀ ਨਹੀਂ ਸੀ। ਮੁਸ਼ਕਲ ਨਾਲ ਉਸ ਨੇ ਇੰਟਰ ਪਾਸ ਕੀਤਾ ਸੀ। ਉਸ ਤੋਂ ਬਾਅਦ ਘਰ ਵਿੱਚ ਮਾਂ ਦਾ ਹੱਥ ਵਟਾਉਣ ਲੱਗੀ।ਤੇ ਮੈਂ ਐਮ.ਐਸ.ਸੀ. ਪੂਰੀ ਕੀਤੀ, ਸੰਗੀਤ ਵਿੱਚ ਡਿਪਲੋਮਾ ਕੀਤਾ ਤੇ ਪੇਂਟਿੰਗਜ਼ ਲਈ ਸਾਬਾਸ਼ੀ ਲਈ।
ਇਸੇ ਕਾਰਨ ਉਸ ਦੇ ਮਨ ਵਿੱਚ ਮੇਰੇ ਲਈ ਬਹੁਤ ਆਦਰ ਭਾਵ ਹੈ। ਉਹ ਮੈਨੂੰ ਬਹੁਤ ਮਹਾਨ ਸਮਝਦੀ ਹੈ।
“ਦੀਦੀ, ਕੀ ਗੱਲ! ਕਿੱਥੇ ਗੁਆਚ ਗਈ?”
“ਹੱਛਾ, ਇਹ ਸਭ ਛੱਡ।ਇਹ ਛੋਲੇ ਤੇ ਕੇਲੇ…ਕਿੱਥੋਂ ਆਏ?” ਮੈਂ ਉਸ ਦੀ ਗੱਲ ਟਾਲਦੇ ਹੋਏ ਪੁੱਛਿਆ।
“ਉਹ ਤੁਹਾਡੇ ਗਵਾਂਢੀਆਂ ਨੇ ‘ਪੇਰੰਟਮ’ (ਘਰ ਵਿੱਚ ਸ਼ੁਭ ਕਾਰਜ ਲਈ ਸੁਹਾਗਣਾਂ ਨੂੰ ਦਿੱਤੀ ਜਾਣ ਵਾਲੀ ਭੇਟਾ) ਲਈ ਬੁਲਾਇਆ ਸੀ।” ਉਸ ਨੇ ਇਕਦਮ ਸਹਿਜਤਾ ਨਾਲ ਕਿਹਾ।
“ਹਾਏ ਰੱਬਾ! ਤੂੰ ਤਾਂ ਉਨ੍ਹਾਂ ਨੂੰ ਜਾਣਦੀ ਵੀ ਨਹੀਂ।”
“ਤੈਨੂੰ ਤਾਂ ਜਾਣਦੇ ਹਨ। ਇਸੇ ਕਰਕੇ ਤਾਂ ਬੁਲਾਇਆ ਸੀ। ਮੈਂ ਤੇਰੇ ਕਰਕੇ ਹੀ ਚਲੀ ਗਈ। ਸਗੋਂ ਉਥੇ ਦੋ ਗੀਤ ਸੁਣਾਏ ਤੇ ਤੇਰਾ ਤੇ ਆਪਣਾ ‘ਤਾਂਬੂਲ’ (ਭੇਂਟਾ) ਲੈ ਆਈ।”
ਮੈਨੂੰ ਇਹ ਸਾਰੀਆਂ ਗੱਲਾਂ ਬਹੁਤ ਅਜੀਬ ਲੱਗਦੀਆਂ ਹਨ।ਪਰ ਅੱਜ ਮੈਂ ਉਸ ਨੂੰ ਕੁਝ ਕਿਹਾ ਨਹੀਂ।ਸੋਚਿਆ, ‘ਵਿਚਾਰੀ, ਇਹੋ ਜਿਹੀਆਂ ਗੱਲਾਂ ਨਾਲ ਖੁਸ਼ ਹੋ ਜਾਂਦੀ ਹੈ। ਹੋਰ ਹੈ ਹੀ ਕੀ?’
ਰੋਟੀ ਖਾ ਕੇ ਮੇਰੇ ਕੋਲ ਆ ਕੇ ਲੰਮੀ ਪੈ ਗਈ। ਪਤੀ ਦੂਜੇ ਕਮਰੇ ਵਿੱਚ ਸੌਣ ਚਲੇ ਗਏ। ਕਹਿਣ ਲੱਗੀ, “ਅਸੀਂ ਸਾਰੀ ਰਾਤ ਗੱਲਾਂ ਕਰਾਂਗੇ!” ਉਹ ਬਹੁਤ ਕੁਝ ਦੱਸਣਾ ਚਾਹੁੰਦੀ ਸੀ ਪਰ ਮੈਨੂੰ ਲੱਗਾ, ਦੇਰ ਰਾਤ ਤਕ ਜਾਗਣਾ ਮੇਰੇ ਲਈ ਠੀਕ ਨਹੀਂ ਹੋਏਗਾ। ਕਲ੍ਹ ਪਾਰਟੀ ਵਿੱਚ ਜਾਣਾ ਹੈ। ਨੀਂਦ ਪੂਰੀ ਨ ਹੋਣ ਤੇ ਚਿਹਰਾ ਸਵੇਰ ਤਕ ਸੁੰਗੜ ਜਾਏਗਾ। ਅੱਖਾਂ ਵੀ ਸੁੱਜ ਜਾਣਗੀਆਂ। ਇਸ ਤਰ੍ਹਾਂ ਪਾਰਟੀ ਵਿੱਚ ਮੈਂ ਸਭ ਦੀਆਂ ਨਜ਼ਰਾਂ ਦਾ ਕੇਂਦਰ ਕਿਵੇਂ ਬਣਾਂਗੀ?
“ਸਂੌ ਜਾ, ਸਵੇਰੇ ਗੱਲਾਂ ਕਰਾਂਗੇ!” ਮੈਂ ਪਿਆਰ ਨਾਲ ਕਿਹਾ।
ਸਵੇਰ ਉੱਠਦੇ ਹੀ ਭੱਜਦੌੜ ਸ਼ੁਰੂ ਹੋ ਗਈ।ਸਿਰ ਸਮੇਤ ਨਹਾਉਣਾ। ਵਾਲ ਸੈਟ ਕਰਨੇ। ਨੇਲ ਪਾਲਿਸ਼ ਲਗਾਉਣਾ।
ਤਿੰਨ ਵਜੇ ਤੋਂ ਹੀ ਘਬਰਾਹਟ ਹੋਣ ਲੱਗੀ। ਸ਼ੈਲੂ ਨੂੰ ਇੱਕਲੇ ਛੱਡ ਕੇ ਕਿਵੇਂ ਜਾਵਾਂ? ਉਹ ਸੋਚੇਗੀ, ‘ਪਾਰਟੀ ਮੇਰੇ ਤੋਂ ਵੱਧ ਕੇ ਹੈ ਕੀ!’ ਫਿਰ ਵੀ ਮੈਂ ਤਿਆਰ ਹੋਣ ਲਈ ਬਿਊਟੀ ਪਾਰਲਰ ਲਈ ਨਿਕਲ ਪਈ।ਸ਼ੈਲੂ ਨੂੰ ਕਿਹਾ, “ਤੂੰ ਬੁਰਾ ਨ ਮੰਨੀ। ਮੇਰਾ ਇਸ ਪਾਰਟੀ ਵਿੱਚ ਜਾਣਾ ਜ਼ਰੂਰੀ ਹੈ। ਨਹੀਂ ਤਾਂ ਲੋਕ ਗੱਲਾਂ ਕਰਨਗੇ। ਕਲ੍ਹ ਅਸੀਂ ਢੇਰ ਸਾਰੀਆਂ ਗੱਲਾਂ ਕਰਾਂਗੇ।ਠੀਕ ਹੈ ਨ!”
“ਦੀਦੀ, ਲੋਕ ਬੁਰਾ ਮੰਨਣ ਨ ਮੰਨਣ, ਪਰ ਮੈਨੂੰ ਪਤਾ ਹੈ, ਤੈਨੂੰ ਇਹ ਸਭ ਕਿੰਨਾ ਪਸੰਦ ਹੈ।ਫਿਰ ਐਨੀ ਜਿਹੀ ਗੱਲ ਲਈ ਮੈਂ ਨਾਰਾਜ਼ ਕਿਉਂ ਹੋਵਾਂਗੀ। ਹਰ ਬੰਦੇ ਨੂੰ ਅਲੱਗ-ਅਲੱਗ ਗੱਲਾਂ ਵਿੱਚ ਖੁਸ਼ੀ ਮਿਲਦੀ ਹੈ। ਕਲ੍ਹ ਜਦੋਂ ਮੈਂ ਪੇਂਰਟਮ ਲਈ ਗਈ ਸੀ, ਮੈਨੂੰ ਪਤਾ ਹੈ, ਤੈਨੂੰ ਚੰਗਾ ਨਹੀਂ ਲੱਗਾ ਹੋਣਾ। ਪਰ ਤੂੰ ਮੈਨੂੰ ਕੁਝ ਨਹੀਂ ਕਿਹਾ।”
ਮੈਂ ਚੌਂਕ ਗਈ। ਪਾਗਲ! ਇਸ ਨੂੰ ਮੇਰਾ ਪਾਰਟੀ ਵਿੱਚ ਜਾਣਾ ਤੇ ਪੇਂਰਟਮ ਵਿੱਚ ਜਾਣਾ ਇਕੋ ਜਿਹਾ ਲੱਗਦਾ ਹੈ!
……
ਆਟੋ ਵਿੱਚ ਜਾਂਦੇ ਹੋਏ ਮੈਨੂੰ ਉਸ ਉਤੇ ਤਰਸ ਆਉਣ ਲੱਗਾ। ਉਸ ਦੀ ਜ਼ਿੰਦਗੀ ਵਿੱਚ ਇਹੋ ਜਿਹੀ ਗੱਲਾਂ ਹੀ ਰਹਿ ਗਈਆਂ ਹਨ।ਉਹ ਕਹਿ ਰਹੀ ਸੀ, “ਦੀਦੀ, ਜੋ ਤੈਨੂੰ ਚੰਗਾ ਲੱਗਦਾ ਹੈ, ਤੈਨੂੰ ਉਂਜ ਹੀ ਕਰਨਾ ਚਾਹੀਦਾ ਹੈ।“ ਮੈਨੂੰ ਲੱਗਾ, ਉਹ ਮੇਰੇ ਪੱਧਰ ਤੇ ਪਹੁੰਚ ਕੇ ਗੱਲ ਕਰ ਰਹੀ ਹੈ। ਪਰ ਬਾਅਦ ਵਿੱਚ ਲੱਗਾ, ਸ਼ਾਇਦ ਮੈਂ ਉਸ ਦੇ ਪੱਧਰ ਤੇ ਹੇਠਾਂ ਉਤਰ ਕੇ ਸੋਚ ਰਹੀ ਹਾਂ।
‘ਕੀ ਇਹ ਦੋਵੇਂ ਗੱਲਾਂ ਇਕੋ ਜਿਹੀਆਂ ਹੀ ਹਨ?’ ਮਨ ਦੇ ਇੱਕ ਪਾਸਿਓਂ ਜਵਾਬ ਆਇਆ, ‘ਹੋਰ ਕੀ?’ ਲੱਗਾ ਕਿਸੇ ਨੇ ਮੂੰਹ ਉਤੇ ਥੱਪੜ ਮਾਰ ਦਿੱਤਾ ਹੋਵੇ।
‘ਜਦੋਂ ਜੀਵਨ ਵਿੱਚ ਸੁਖ-ਸਹੂਲਤਾਂ ਦੀ, ਆਰਾਮ ਦੀ ਅਹਿਮਇਤ ਘੱਟ ਗਈ ਤਾਂ ਆਪਣੀ ਪ੍ਰਤਿਭਾ ਤੇ ਮਿਹਨਤ ਨੂੰ ਭੁੱਲ ਹੀ ਗਈ ਤੇ ਸਮਝਣ ਲੱਗੀ ਕਿ ਜੀਵਨ ਸਿਰਫ਼ ਮਜ਼ੇ ਕਰਨ ਤੇ ਅਨੰਦ ਮਾਨਣ ਲਈ ਹੀ ਹੈ। ਫਿਰ ਮੈਂ ਉਸ ਤੋਂ ਕਿਸ ਤਰ੍ਹਾਂ ਵੱਡੀ ਤੇ ਮਹਾਨ ਹੋਈ…!’
ਹਾਂ! ਸੱਚ ਹੈ। ਖੁਸ਼ੀ ਹਾਸਲ ਕਰਨਾ ਹੀ ਜੀਵਨ ਦਾ ਮਕਸਦ ਹੈ ਤਾਂ ਸ਼ੈਲੂ ਮੇਰੇ ਤੋਂ ਕਿਤੇ ਵੱਧ ਖੁਸ਼ ਹੈ। ਮੈਂ ਉਸ ਨੂੰ ਤਰਸ ਭਾਵ ਨਾਲ ਕਿਉਂ ਦੇਖ ਰਹੀ ਹਾਂ?’
ਐਤਵਾਰ ਹੋਣ ਕਾਰਨ ਪਾਰਲਰ ਬੰਦ ਸੀ, ਪਰ ਬਿਊਟੀਸ਼ਿਅਨ ਮੇਰੇ ਕਹਿਣ ਤੇ ਕੁਝ ਦੇਰ ਲਈ ਪਾਰਲਰ ਆ ਗਈ ਸੀ।
“ਤੁਹਾਨੂੰ ਤਕਲੀਫ਼ ਦਿੱਤੀ।” ਮੈਂ ਕਿਹਾ।
“ਕੋਈ ਨਹੀਂ ਜੀ।ਅਜੇ ਤਾਂ ਚਾਰ ਹੀ ਵਜੇ ਹਨ। ਟੀਵੀ ਉਤੇ ਪਿਕਚਰ ਸ਼ੁਰੂ ਹੋਣ ਵਿੱਚ ਅਜੇ ਬਹੁਤ ਟਾਈਮ ਹੈ।”
ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ। ਇਸ ਨੂੰ ਬੱਚਿਆਂ ਤਰ੍ਹਾਂ ਟੀਵੀ ਉਤੇ ਪਿਕਚਰ ਦੇਖਣ ਦਾ ਸ਼ੌਕ ਹੈ! ਮੈਂ ਉਸ ਤੋਂ ਇਹ ਗੱਲ ਨਿਮਰਤਾ ਨਾਲ ਪੁੱਛ ਹੀ ਲਈ। ਉਹ ਕਹਿਣ ਲੱਗੀ, “ਹਰ ਇੱਕ ਦੇ ਰਿਲੈਕਸ ਹੋਣ ਦਾ ਢੰਗ ਵੱਖੋਂ-ਵੱਖਰਾ ਹੁੰਦਾ ਹੈ।ਮੈਂ ਹਰ ਹਫਤੇ ਸਾਢੇ ਪੰਜ ਵਜੇ ਘਰ ਦੇ ਸਾਰੇ ਕੰਮ ਮੁੱਕਾ ਕੇ ਦੀਵਾਨ ਤੇ ਪੈਰ ਫੈਲਾ ਕੇ, ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਟਾਈਟਲ ਤੋਂ ਅਖ਼ੀਰ ਤਕ ਪਿਕਚਰ ਦੇਖਦੀ ਹਾਂ। ਭਾਵੇਂ ਪਿਕਚਰ ਮਾੜੀ ਹੀ ਕਿਉਂ ਨ ਹੋਵੇ।”
ਉਹ ਅੱਗੇ ਦੱਸਣ ਲੱਗੀ, “ਉਂਜ ਸਾਰਾ ਦਿਨ ਪਾਰਲਰ ਵਿੱਚ ਹੀ ਬੀਤ ਜਾਂਦਾ ਹੈ। ਹੋਰ ਕਿੱਧਰੇ ਜਾ-ਆ ਨਹੀਂ ਸਕਦੀ। ਇਸ ਕਰਕੇ ਕੰਮ ਵਿੱਚ ਬਿਜੀ ਹੋਣ ਤੇ ਐਤਵਾਰ ਨੂੰ ਪਿਕਚਰ ਦੇਖਣ ਬਾਰੇ ਸੋਚ ਕੇ ਹੀ ਮੈਂ ਖੁਸ਼ ਹੋ ਜਾਂਦੀ ਹਾਂ। ਉਦੋਂ ਪੂਰੇ ਹਫਤੇ ਦੀ ਭੱਜਦੌੜ ਤੋਂ ਬਾਅਦ ਬਹੁਤ ਆਰਾਮ ਨਾਲ ਪਿਕਚਰ ਦੇਖਣ ਤੇ ਬਹੁਤ ਖੁਸ਼ੀ ਮਿਲਦੀ ਹੈ।ਇਹ ਤਾਂ ਬਸ ਇੱਕ ਜੀਵਨ ਚੱਕਰ ਹੈ।ਖੁਦ ਨੂੰ ਬੋਰਿਅਤ ਤੋਂ ਬਚਾਉਣ ਲਈ ਵੀ।” ਕਹਿੰਦੇ ਹੋਏ ਉਹ ਬੱਚਿਆਂ ਤਰ੍ਹਾਂ ਹੱਸ ਪਈ।
ਮੈਂ ਹੱਸ ਨ ਸਕੀ। ਉਸ ਦੇ ਚਿਹਰੇ ਉਤੇ ਪਸਰੀ ਖੁਸ਼ੀ ਦੀ ਚਮਕ ਦੇਖ ਕੇ ਹੈਰਾਨ ਹੋ ਗਈ।
……


ਮੇਰੇ ਹੋਟਲ ਪਹੁੰਚਣ ਤੱਕ ਸਾਢੇ ਛੇ ਵਜ ਚੁੱਕੇ ਸਨ। ‘ਹੈਲੋ’ ਕਹਿੰਦੇ ਹੋਏ ਸ਼ਾਰਦਾ ਨੇ ਮੇਰਾ ਸਵਾਗਤ ਕੀਤਾ। ਕੱਟੇ ਹੋਏ ਵਾਲ, ਖੁਲ੍ਹ ਕੇ ਹੱਸਦੀ ਹੋਈ, ਨੀਲੀ ਸਾੜੀ, ਮੋਤਿਆਂ ਦਾ ਹਾਰ..। ਪੰਜਾਹ ਵਰ੍ਹੇ ਦੀ ਆਯੂ ਵਿੱਚ ਵੀ ਉਹ ਬਹੁਤ ਸੁਹਣੀ ਲੱਗ ਰਹੀ ਸੀ। ਮੈਂ ਸੋਚਿਆ, ‘ਸੁਹਣੇ ਰਹਿਣ ਦਾ ਵਿਚਾਰ ਹੋਣਾ ਚਾਹੀਦਾ ਹੈ। ਸੁਹਣਾ ਬਣੇ ਰਹਿਣਾ ਕੋਈ ਵੱਡੀ ਗੱਲ ਨਹੀਂ।’
ਪਰ ਮਨ ਬੇਚੈਨ ਹੋਣ ਲੱਗ ਪਿਆ। ‘ਬਸ। ਐਨਾ ਹੀ ਕਾਫੀ ਹੈ ਕੀ?’
ਐਨੇ ਨੂੰ ਸ਼ਰਤ ਕੋਲ ਆ ਗਿਆ। ਉਸ ਦੀਆਂ ਅੱਖਾਂ ਤਾਰੀਫਾਂ ਨਾਲ ਭਰੀਆਂ ਹੋਈਆਂ। ਪਰ ਅੱਜ ਮੈਂ ਪਰੇਸ਼ਾਨ ਹੋਣ ਲੱਗੀ। ਪਤਾ ਨਹੀਂ ਕਿਉਂ? ਮੈਨੂੰ ਲੱਗਾ, ਜਿਵੇਂ ਮੈਂ ਇਸ ਤਾਰੀਫ ਦੀ ਹੱਕਦਾਰ ਨਹੀਂ। ਉਹ ਮੇਰੇ ਸਾਹਮਣੇ ਖੜਾ ਸੀ।ਉਸ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਤੱਕਿਆ ਤੇ ਮੁਸਕਰਾ ਪਿਆ।
ਮੈਂ ਸੋਚਣ ਲੱਗੀ, ‘ਮੇਰੀ ਸਾੜੀ ਕਿਸ ਨੇ ਡਿਜ਼ਾਇਨ ਕੀਤੀ ਹੋਏਗੀ।ਮੈਨੂੰ ਤਿਆਰ ਕਰਨ ਤੇ ਸੰਵਾਰਨ ਵਾਲੀ, ਇਕਾਗਰ ਮਨ ਨਾਲ ਮੈਨੂੰ ਸ਼ਿੰਗਾਰਦੀ ਉਹ ਬਿਊਟੀਸ਼ਿਅਨ ਇੱਕ ਪਲ ਲਈ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਈ। ਸ਼ਰਤ ਦੀਆਂ ਅੱਖਾਂ ਤੇ ਹੋਂਠਾਂ ਉਤੇ ਸ਼ਰਾਰਤ ਭਰੀ ਮੁਸਕਰਾਹਟ।
ਮੈਨੂੰ ਚੱਕਰ ਜਿਹਾ ਆ ਗਿਆ। ਕੁਰਸੀ ਦਾ ਸਹਾਰਾ ਲੈਣ ਲੱਗੀ ਤਾਂ ਦੋਵਾਂ ਨੇ ਘਬਰਾ ਕੇ ਪੁੱਛਿਆ, “ਕੀ ਹੋਇਆ… ਕੀ ਹੋਇਆ?”
“ਇੱਥੇ ਬੈਠੋ।” ਸ਼ਾਰਦਾ ਨੇ ਕਿਹਾ।
“ਮੈਂ ਜਾਵਾਂਗੀ।” ਮੈਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ।
“ਓਏ ਨਹੀਂ। ਕੁਝ ਦੇਰ ਤਾਂ ਬੈਠੋ। ਫਿਰ ਜਾਣਾ” ਸ਼ਾਰਦਾ ਦੀ ਗੱਲ ਪੂਰੀ ਹੋਣ ਤੋਂ ਪਹਿਲਾ ਹੀ ਸ਼ਰਤ ਨੇ ਕਿਹਾ, “ਚਲੋ, ਮੈਂ ਤੁਹਾਨੂੰ ਛੱਡ ਆਉਂਦਾ ਹਾਂ।”
ਅਸੀਂ ਦੋਵੇਂ ਬਾਹਰ ਨਿਕਲ ਕੇ ਕਾਰ ਵਿੱਚ ਬੈਠ ਗਏ। ਡਰਾਇਵ ਕਰਦੇ ਹੀ ਉਹ ਗੱਲਾਂ ਕਰਨ ਲੱਗ ਪਿਆ। ਗੱਲਾਂ ਕਰਨ ਵਿੱਚ ਸ਼ਰਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਸ ਦੀਆਂ ਇਨ੍ਹਾਂ ਗੱਲਾਂ ਕਰਕੇ ਹੀ ਮੈਂ ਇਸ ਵੱਲ ਖਿੱਚੀ ਗਈ ਸੀ।
ਪਰ ਅੱਜ ਇਸ ਦੀਆਂ ਇਹ ਗੱਲਾਂ ਮੇਰੇ ਤਕ ਨਹੀਂ ਪਹੁੰਚ ਰਹੀਆਂ।ਉਹ ਪਤਾ ਨਹੀਂ ਕੀ-ਕੀ ਕਹਿੰਦਾ ਜਾ ਰਿਹਾ ਸੀ।
ਉਸ ਨੇ ਕਿਹਾ ਸੀ, ‘ਜੀਵਨ ਦਾ ਅਨੰਦ ਲੈਣਾ ਹੀ ਜੀਵਨ ਜਿਉਣਾ ਹੁੰਦਾ ਹੈ।’
ਪਰ ਇਹ ਕੰਮ ਮੈਂ ਕਦੋਂ ਤੋਂ ਨਹੀਂ ਕੀਤਾ? ਜਦਕਿ ਮੇਰਾ ਬਚਪਨ ਕਿੰਨਾ ਅਨੰਦ ਭਰਿਆ ਰਿਹਾ ਸੀ।
‘ਵੱਡਿਆਂ ਦਾ ਆਸ਼ੀਰਵਾਦ, ਤਾਰੀਫ..’ ਮਾਤਾ-ਪਿਤਾ ਦੀਆਂ ਅੱਖਾਂ ਵਿੱਚ ਮਾਣ ਦੀ ਚਮਕ, ਭੈਣ ਦੀਆਂ ਅੱਖਾਂ ਵਿੱਚ ਉਸਤਤ ਭਾਵ। ਇਨ੍ਹਾਂ ਤੋਂ ਵੱਧ ਕੇ ਅਜਿਹਾ ਕਿਹੜਾ ਅਨੰਦ ਹੈ, ਜੋ ਮੈਨੂੰ ਸ਼ਰਤ ਤੋਂ ਮਿਲ ਰਿਹਾ ਹੈ?’
ਮੈਂ ਸਿਰ ਘੁੰਮਾ ਕੇ ਸ਼ਰਤ ਵੱਲ ਦੇਖਿਆ।ਉਹ ਮੇਰੇ ਵੱਲ ਇਕਟਕ ਦੇਖਦੇ ਹੋਏ, ਮੁਸਕਰਾ ਰਿਹਾ ਸੀ।
ਮੈਨੂੰ ਆਪਣੇ ਵਿਆਹ ਵਾਲੀ ਰਾਤ ਯਾਦ ਆਈ। ਆਪਣੇ ਪਤੀ ਦੀਆਂ ਨਜ਼ਰਾਂ ਯਾਦ ਆਈਆਂ। ਕਿਸੇ ਦਾ ਇਸ ਤਰ੍ਹਾਂ ਇਕਟਕ ਦੇਖਣਾ! ਅਸਲ ਵਿੱਚ ਮੇਰੇ ਨਾਲ ਉਹ ਕੀ ਕਰਨ ‘ਕੀ ਕਹਿਣ’। ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ।
ਉਸ ਦਿਨ ਹੀ ਨਹੀਂ, ਅੱਜ ਵੀ ਪਤੀ ਦੀਆਂ ਨਜ਼ਰਾਂ ਵਿੱਚ ਇਹੀ ਭਾਵ ਦਿੱਸਦਾ ਹੈ।ਉਹ ਕਹਿੰਦੇ ਹਨ, ‘ਮੇਰੇ ਵਿੱਚ ਰੱਬ ਨੇ ਅਜਿਹਾ ਕੀ ਦੇਖਿਆ ਹੋਏਗਾ, ਜੋ ਉਸ ਨੇ ਤੈਨੂੰ ਮੇਰੇ ਲਈ ਸਿਰਜਿਆ।’
ਮੇਰੀ ਸੁੰਦਰਤਾ ਦੀ ਤਾਰੀਫ ਪਤੀ ਨੇ ਸ਼ਰਤ ਤੋਂ ਕਿਤੇ ਵੱਧ ਕੀਤੀ ਸੀ। ਇਹ ਸੋਚਦੇ ਹੀ ਮੇਰਾ ਮਨ ਉਦਾਸ ਹੋ ਗਿਆ।
ਮੈਨੂੰ ਲੱਗਾ, ਆਪਣੇ ਆਪ ਨੂੰ ਅਕਲਮੰਦ ਸਮਝਣਾ ਹੀ ਸ਼ਾਇਦ ਮੂਰਖ਼ ਹੋਣ ਦੀ ਪਰਿਭਾਸ਼ਾ ਹੈ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਅੱਖਾਂ ਬੰਦ ਕਰ ਲਈਆਂ।
ਅਚਾਨਕ ਸ਼ਰਤ ਨੇ ਮੇਰੇ ਹੱਥ ਉਤੇ ਆਪਣਾ ਹੱਥ ਰੱਖ ਦਿੱਤਾ। ਮੇਰੇ ਪੈਰ ਕੰਬਣ ਲੱਗ ਪਏ।
“ਹੁਣ ਕਿਵੇਂ ਲੱਗ ਰਿਹਾ ਹੈ?” ਉਹ ਪੁੱਛ ਰਿਹਾ ਸੀ। ਮੈਂ ਕੋਈ ਜਵਾਬ ਨ ਦਿੱਤਾ। ਅੱਖਾਂ ਖੋਲ੍ਹਦੇ ਹੀ ਉਹ ਕਹਿਣ ਲੱਗਾ, “ਮੈਨੂੰ ਲੱਗਦਾ ਹੈ, ਤੁਹਾਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਅੱਜ ਤੁਸੀਂ ਬਹੁਤ ਸੁਹਣੇ ਲੱਗ ਰਹੇ ਹੋ। ‘ਬਾਪੂ’ (ਆਂਧਰਾ ਦਾ ਵੱਡਾ ਚਿੱਤਰਕਾਰ) ਦੀ ਕਿਸੀ ਪੇਂਟਿੰਗ ਵਾਂਗ।”
ਮੇਰੀਆਂ ਅੱਖਾਂ ਝੱਟ ਖੁਲ੍ਹ ਗਈਆਂ। ਜਿਵੇਂ ਕਿਸੇ ਨੇ ਜ਼ੋਰ ਦਾ ਥੱਪੜ ਮਾਰ ਦਿੱਤਾ ਹੋਵੇ।
“ਕਾਰ ਰੋਕੋ ਸ਼ਰਤ। ਮੈਂ ਇੱਥੇ ਉਤਰਾਂਗੀ।” ਮੈਂ ਇਕਦਮ ਕਿਹਾ।
ਅਚਾਨਕ ਬਰੇਕ ਲਗਾਉਂਦੇ ਹੋਏ ਸ਼ਰਤ ਨੇ ਘਬਰਾ ਕੇ ਪੁੱਛਿਆ, “ਇੱਥੇ….। ਇਸ ਹਨੇਰੇ ਵਿਚ!”
“ਹਾਂ!” ਮੈਂ ਬਿਨਾ ਕਿਸੇ ਭਾਵ ਦੇ ਕਿਹਾ ਤੇ ਉਸ ਵੱਲ ਦੇਖਦੇ ਹੋਏ ਕਿਹਾ, “ਕੁਝ ਕੰਮ ਹੈ ਇੱਥੇ।” ਉਸ ਦੇ ਕੁਝ ਕਹਿਣ ਤੋਂ ਪਹਿਲਾ ਹੀ ਮੈਂ ਕਾਰ ਤੋਂ ਉਤਰ ਗਈ। ਮੁਸਕਰਾਉਂਦੇ ਹੋਏ ਉਸ ਨੂੰ ‘ਬਾਏ’ ਕਿਹਾ।
ਤੇਜ਼ੀ ਨਾਲ ਤੁਰਦੇ ਹੋਏ ਮੈਂ ਗਲੀ ਤੋਂ ਮੇਨ ਰੋਡ ਉਤੇ ਆਈ ਤੇ ਇੱਕ ਆਟੋ ਨੂੰ ਹੱਥ ਦੇ ਕੇ ਰੋਕ ਲਿਆ।
‘ਬਾਪੂ’ ਦੇ ਚਿੱਤਰ ਸਮਾਨ ਪੇਂਟਿੰਗ ਕਰਨ ਦਾ, ਕਦੇ ਮੇਰਾ ਸਪਨਾ ਰਿਹਾ ਸੀ। ਅਜਿਹੇ ਵਿਚਾਰਾਂ ਵਾਲੀ, ਬਾਪੂ ਵਰਗਾ ਬਣਨ ਵਾਲੀ ਮੈਂ ਅੱਜ ਸਿਰਫ਼ ਉਸ ਦੇ ਚਿੱਤਰ ਜਿਹੀ ਬਣ ਕੇ ਰਹਿ ਗਈ ਹਾਂ। ਆਟੋ ਤੋਂ ਉਤਰਦੇ ਹੀ, ਮੈਂ ਤੇਜ਼ੀ ਨਾਲ ਘਰ ਦੀਆਂ ਪੌੜੀਆਂ ਚੜ੍ਹ ਗਈ। “ਕੀ ਹੋਇਆ ਦੀਦੀ? ਐਨੀ ਜਲਦੀ ਕਿਵੇਂ ਆ ਗਈ ?” ਰਸੋਈ ਵਿੱਚ ਖੜ੍ਹੀ ਸ਼ੈਲਜਾ ਦਾ ਪੁੱਛਣਾ ਬਹੁਤ ਚੰਗਾ ਲੱਗਾ।
ਮੈਂ ਵਾਸ਼ਬੇਸਿਨ ਤੇ ਹੱਥ-ਮੂੰਹ ਧੋ ਕੇ ਸਿੱਧੇ ਆਪਣੇ ਕਮਰੇ ਵਿਚਲੀ ਅਲਮਾਰੀ ਕੋਲ ਗਈ। ਸਾੜੀ ਬਦਲ ਕੇ ਪੇਂਟਿੰਗ ਦਾ ਸਾਰਾ ਸਾਮਾਨ ਤੇ ਬੁਰਸ਼ ਕੱਢ ਕੇ ਕਮਰੇ ਵਿੱਚ ਢੇਰ ਲੱਗਾ ਦਿੱਤਾ।
ਸ਼ੈਲੂ ਗਰਮ-ਗਰਮ ਪਲੇਟ ਲੈ ਕੇ ਮੇਰੇ ਕੋਲ ਆਈ। “ਦੀਦੀ, ਛੋਲੇ ਖਾਏਂਗੀ? ਜਿਹੜੇ ਕਲ੍ਹ ਲਿਆਈ ਸੀ, ਉਸੇ ਦੀ ਸਬਜ਼ੀ ਬਣਾਈ ਹੈ।“ ਉਸ ਨੇ ਮੇਰੇ ਕੋਲ ਬੈਠਦੇ ਹੋਏ ਪੁੱਛਿਆ।ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ।
ਕਮਰੇ ਦੀ ਇੱਕ ਨੁਕਰ ਤੇ ਕੈਨਵਸ ‘ਤੇ ਇੱਕ ਅਧੂਰਾ ਚਿੱਤਰ ਉਸੇ ਤਰ੍ਹਾਂ ਹੀ ਪਿਆ ਸੀ। ਕੁਝ ਬੁਰਸ਼ ਵੀ ਉਥੇ ਹੀ ਪਏ ਸਨ। ਕੁਝ ਵਰਤੇ ਹੋਏ ਤੇ ਕੁਝ ਸਾਫ਼ ਸਾਰੇ ਪੁੱਠੇ-ਸਿੱਧੇ ਪਏ ਸਨ।ਹੈਰਾਨੀ ਦੀ ਗੱਲ ਸੀ, ਛੇ ਮਹੀਨਿਆਂ ਵਿੱਚ ਇਹ ਚਿੱਤਰ ਕੀੜਿਆਂ-ਮਕੌੜਿਆਂ ਤੋਂ ਬੱਚਿਆ ਰਿਹਾ ਸੀ।
ਹਰ ਬੁਰਸ਼ ਉਤੇ ਪੇਂਟ ਲੱਗਾ ਹੋਇਆ ਸੀ। ਉਨ੍ਹਾਂ ਨੂੰ ਜਿਨ੍ਹਾਂ ਸਾਫ ਕਰ ਰਹੀ ਸੀ, ਪੇਂਟ ਨਿਕਲ ਰਿਹਾ ਸੀ ਤੇ ਉਸ ਰੰਗ ਦੇ ਨਾਲ ਹੀ ਮੇਰੇ ਅੰਦਰੋਂ ਖੁਸ਼ੀ ਦੀ ਧਾਰਾ ਹਿਲੋਰੇ ਮਾਰ-ਮਾਰ ਕੇ ਵਹਿਣ ਲੱਗ ਪਈ ਸੀ।
ਸ਼ੈਲੂ ਨੇ ਜ਼ਬਰਦਸਤੀ ਮੇਰੇ ਮੂੰਹ ਵਿੱਚ ਛੋਲੇ ਭਰ ਦਿੱਤੇ…. ਮੈਂ ਬੜੇ ਚਾਵ ਨਾਲ ਉਨ੍ਹਾਂ ਨੂੰ ਖਾਣ ਲੱਗ ਪਈ।