January 17, 2026

ਧੂੰਆਂ : (ਉਰਦੂ ਕਹਾਣੀ)

ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ ਦੀ ਉਰਦੂ ਕਹਾਣੀ ‘ਧੂੰਆਂ’ ਉਸ ਦੇ ਉਰਦੂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ‘ਧੂੰਆਂ’ ਵਿਚ ਸਾਲ 1941 ਦੌਰਾਨ ਛਪੀ ਸੀ। ਇਹ ਕਹਾਣੀ ਮਸਊਦ ਨਾਮ ਦੇ ਇੱਕ ਅਜਿਹੇ ਮੁੰਡੇ ਦੀ ਹੈ ਜਿਸ ਦੇ ਅੰਦਰ ਕਿਸ਼ੋਰ ਅਵਸਥਾ ਦੌਰਾਨ ਆ ਰਹੀਆਂ ਮਾਨਸਿਕ ਤਬਦੀਲੀਆਂ ਅਤੇ ਉਸ ਦੇ ਬੇਕਾਬੂ ਖ਼ਿਆਲਾਂ ਬਾਰੇ ਜ਼ਿਕਰ ਹੈ ਕਿ ਮਸਊਦ ਆਪਣੀ ਜ਼ਿੰਦਗੀ ਦੇ ਇਸ ਅਹਿਮ ਹਿੱਸੇ ਦੌਰਾਨ ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਵਿੱਚੋਂ ਗ਼ੁਜ਼ਰ ਰਿਹਾ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਇਸ ਸਾਂਝੀ ਕਹਾਣੀ ਵਿਚ ਮੰਟੋ ਨੇ ਮਸਊਦ ਜਿਹੇ ਬਹੁਤ ਸਾਰੇ ਮੁੰਡਿਆਂ ਦੀ ਮਨੋਦਸ਼ਾ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਅਸੀਂ ਇਸ ਅੰਕ ਵਿੱਚ ਉਨ੍ਹਾਂ ਦੀ ਇਸ ਕਹਾਣੀ ਨੂੰ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ—

ਅਨੁਵਾਦ : ਸ਼ਹਿਬਾਜ਼ ਖ਼ਾਨ

ਕਿੱਤੇ ਵਜੋਂ ਅਧਿਆਪਕ ਹੋਣ ਦੇ ਨਾਲ-ਨਾਲ ਸ਼ਹਿਬਾਜ਼ ਖ਼ਾਨ ਇੱਕ ਲੇਖਕ ਅਤੇ ਸ਼ਾਇਰ ਵੀ ਹਨ। ਜਿੱਥੇ ਉਹਨਾਂ ਨੇ ਆਪਣੇ ਕਾਵਿ-ਸੰਗ੍ਰਹਿ “ਤਾਬੀਰ” ਨਾਲ ਸਾਹਿਤ ਜਗਤ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਉੱਥੇ ਹੀ ਉਹਨਾਂ ਨੇ ਹੁਣ ਤੱਕ ਚਾਰ ਪੁਸਤਕਾਂ ਸੰਪਾਦਨ ਕੀਤੀਆਂ ਅਤੇ ਲਹਿੰਦੇ ਪੰਜਾਬ ਦੀਆਂ ਦੋ ਸ਼ਾਹਮੁਖੀ ਪੁਸਤਕਾਂ ਨੂੰ ਗੁਰਮੁਖੀ ਰੂਪ ਵੀ ਦਿੱਤਾ।
ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾ ਦਾ ਗਿਆਨ ਰੱਖਣ ਦੇ ਨਾਲ-ਨਾਲ ਫ਼ੋਟੋਗਰਾਫ਼ੀ ਅਤੇ ਸੰਗੀਤ ਦਾ ਸ਼ੌਕ ਰੱਖਣ ਵਾਲ਼ੇ ਸ਼ਹਿਬਾਜ਼ ਖ਼ਾਨ ਨੂੰ ਆਪਣੀਆਂ ਸਾਹਿਤਕ ਸੇਵਾਵਾਂ ਲਈ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦੀਆਂ ਸਾਹਿਤਕ ਅਤੇ ਵਿੱਦਿਅਕ ਸੇਵਾਵਾਂ ਲਈ ਸਮੇਂ-ਸਮੇਂ ਉੱਤੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਵੈੱਬ ਰੇਡੀਓ ਰੰਗ ਐੱਫ਼ ਐੱਮ ਵਿੱਚ ਬਤੌਰ ਸਲਾਹਕਾਰ ਅਤੇ ਪ੍ਰੋਗਰਾਮ ਹੋਸਟ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਦੋਨਾ ਦੇ ਜੰਮਪਲ ਸ਼ਹਿਬਾਜ਼ ਖ਼ਾਨ ਨੂੰ ਸਾਹਿਤ ਦੀ ਗੁੜ੍ਹਤੀ ਆਪਣੇ ਪਿਤਾ ਜਨਾਬ ਕੰਵਰ ਇਮਤਿਆਜ਼ ਵੱਲੋਂ ਮਿਲੀ। ਜਿਹਨਾਂ ਦੀ ਅਦਬੀ ਵਿਰਾਸਤ ਨੂੰ ਸ਼ਹਿਬਾਜ਼ ਨੇ ਨਾ ਸਿਰਫ਼ ਸੰਭਾਲਿਆ, ਸਗੋਂ ਅੱਗੇ ਵੀ ਤੋਰਿਆ। ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਇਹਨਾਂ ਨੂੰ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਸਮੇਂ-ਸਮੇਂ ਉੱਤੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਦਿੰਦਾ ਆ ਰਿਹਾ ਹੈ ਜਿਸਨੂੰ ਸ਼ਹਿਬਾਜ਼ ਖ਼ਾਨ ਨੇ ਬਾਖ਼ੂਬੀ ਨਿਭਾਇਆ ਹੈ। ਇਹਨਾਂ ਦੁਆਰਾ ਕੀਤਾ ਗਿਆ ਵੱਖ-ਵੱਖ ਪੁਸਤਕਾਂ ਦਾ ਵਿਸ਼ਲੇਸ਼ਣ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦਾ ਆ ਰਿਹਾ ਹੈ। ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿੱਚ ਬਤੌਰ ਜਨਰਲ ਸਕੱਤਰ ਅਤੇ ਅਦਬੀ ਸ਼ਾਮ ਕਪੂਰਥਲਾ ਵਿੱਚ ਬਤੌਰ ਪ੍ਰਧਾਨ ਸੇਵਾਵਾਂ ਦੇਣਾ ਵੀ ਇਹਨਾਂ ਦੇ ਲਈ ਖ਼ੁਸ਼ੀ ਅਤੇ ਮਾਣ ਵਾਲ਼ਾ ਕਾਰਜ ਹੈ।
70874-15886

ਉਹ ਜਦ ਸਕੂਲ ਵੱਲ ਰਵਾਨਾ ਹੋਇਆ ਤਾਂ ਉਸਨੇ ਰਸਤੇ ਵਿੱਚ ਇੱਕ ਕਸਾਈ ਵੇਖਿਆ, ਜਿਸਦੇ ਸਿਰ ਉੱਤੇ ਇੱਕ ਬਹੁਤ ਵੱਡਾ ਟੋਕਰਾ ਸੀ। ਉਸ ਟੋਕਰੇ ਵਿੱਚ ਦੋ ਤਾਜ਼ਾ ਜ਼ਿਬਾਹ ਕੀਤੇ ਹੋਏ ਬੱਕਰੇ ਸਨ, ਖੱਲਾਂ ਉਤਰੀਆਂ ਹੋਈਆਂ ਸਨ ਅਤੇ ਉਹਨਾਂ ਦੇ ਨੰਗੇ ਗੋਸ਼ਤ ਵਿੱਚੋਂ ਧੂੰਆਂ ਉੱਠ ਰਿਹਾ ਸੀ। ਜਗ੍ਹਾ-ਜਗ੍ਹਾ ‘ਤੇ ਇਹ ਗੋਸ਼ਤ ਜਿਸ ਨੂੰ ਦੇਖ ਕੇ ਮਸੂਦ ਦੀਆਂ ਠੰਢੀਆਂ ਗੱਲ੍ਹਾਂ ਉੱਤੇ ਗਰਮੀ ਦੀ ਲਹਿਰ ਜਿਹੀ ਦੌੜ ਜਾਂਦੀ ਸੀ, ਫੜਕ ਰਿਹਾ ਸੀ ਜਿੱਦਾਂ ਕਦੀ-ਕਦੀ ਉਸਦੀ ਅੱਖ ਫੜਕਿਆ ਕਰਦੀ ਹੈ।
ਉਸ ਵਕਤ ਸਵਾ ਨੌਂ ਵੱਜੇ ਹੋਣਗੇ ਪਰ ਝੁਕੇ ਹੋਏ ਮਿੱਟੀ ਰੰਗੇ ਬੱਦਲਾਂ ਦੇ ਕਰਕੇ ਇੰਝ ਮਹਿਸੂਸ ਹੁੰਦਾ ਸੀ ਕਿ ਬਹੁਤ ਸਵੇਰਾ ਹੈ। ਸਰਦੀ ਵਿੱਚ ਤੀਬਰਤਾ ਨਹੀਂ ਸੀ ਪਰ ਰਾਹ ਚੱਲਦੇ ਆਦਮੀਆਂ ਦੇ ਮੂੰਹ ਤੋਂ ਗਰਮ-ਗਰਮ ਸਮਾਵਾਰ ਦੇ ਮੂੰਹ ਵਾਂਗਰ ਗਾੜ੍ਹਾ ਸਫ਼ੈਦ ਧੂੰਆਂ ਨਿਕਲ ਰਿਹਾ ਸੀ। ਹਰ ਸ਼ੈਅ ਭਾਰੀ ਦਿਖ ਰਹੀ ਸੀ ਜਿਵੇਂ ਬੱਦਲਾਂ ਦੇ ਭਾਰ ਥੱਲੇ ਦੱਬੀ ਹੋਵੇ। ਮੌਸਮ ਕੁਝ ਐਸੀ ਹੀ ਹਾਲਤ ਦਾ ਗਵਾਹ ਸੀ, ਜੋ ਰਬੜ ਦੀ ਜੁੱਤੀ ਪਾ ਕੇ ਚੱਲਣ ਤੋਂ ਪੈਦਾ ਹੁੰਦੀ ਹੋਵੇ। ਇਸ ਦੇ ਬਾਵਜੂਦ ਵੀ ਬਾਜ਼ਾਰ ਵਿੱਚ ਲੋਕਾਂ ਦਾ ਆਉਣਾ-ਜਾਣਾ ਜਾਰੀ ਸੀ ਅਤੇ ਦੁਕਾਨਾਂ ਵਿੱਚ ਜ਼ਿੰਦਗੀ ਦੇ ਆਸਾਰ ਪੈਦਾ ਹੋ ਚੁੱਕੇ ਸਨ, ਆਵਾਜ਼ਾਂ ਮੱਧਮ ਸਨ। ਜਿਵੇਂ ਕਾਨਾਫੂਸੀਆਂ ਹੋ ਰਹੀਆਂ ਹਨ, ਚੁੱਪ-ਚੁਪੀਤੇ, ਹੌਲੀ-ਹੌਲੀ ਗੱਲਾਂ ਹੋ ਰਹੀਆਂ ਹਨ, ਹੌਲੀ-ਹੌਲੀ ਲੋਕ ਕਦਮ ਚੁੱਕ ਰਹੇ ਨੇ ਕਿ ਜ਼ਿਆਦਾ ਉੱਚੀ ਆਵਾਜ਼ ਪੈਦਾ ਨਾ ਹੋਵੇ।
ਮਸਊਦ ਬਗਲ ਵਿੱਚ ਬਸਤਾ ਨੱਪੀ ਸਕੂਲ ਜਾ ਰਿਹਾ ਸੀ। ਅੱਜ ਉਸ ਦੀ ਚਾਲ ਵੀ ਸੁਸਤ ਸੀ। ਜਦ ਉਸਨੇ ਬਿਨ੍ਹਾਂ ਖੱਲ ਦੇ ਤਾਜ਼ਾ ਜ਼ਿਬਾਹ ਕੀਤੇ ਹੋਏ ਬੱਕਰਿਆਂ ਦੇ ਗੋਸ਼ਤ ਤੋਂ ਸਫ਼ੈਦ-ਸਫ਼ੈਦ ਧੂੰਆਂ ਉੱਠਦਾ ਦੇਖਿਆ ਤਾਂ ਉਹਨੂੰ ਰਾਹਤ ਮਹਿਸੂਸ ਹੋਈ। ਉਸ ਧੂੰਏਂ ਨੇ ਉਸ ਦੀਆਂ ਠੰਢੀਆਂ-ਠੰਢੀਆਂ ਗੱਲ੍ਹਾਂ ਉੱਤੇ ਗਰਮ-ਗਰਮ ਲਕੀਰਾਂ ਦਾ ਇੱਕ ਜਾਲ ਜਿਹਾ ਬੁਣ ਦਿੱਤਾ। ਉਸ ਗਰਮੀ ਨੇ ਉਹਨੂੰ ਰਾਹਤ ਪਹੁੰਚਾਈ ਅਤੇ ਉਹ ਸੋਚਣ ਲੱਗਾ ਕਿ ਸਰਦੀਆਂ ਵਿੱਚ ਠੰਢੇ ਬਰਫ਼ ਹੱਥਾਂ ਉੱਤੇ ਬੈਂਤ ਖਾਣ ਦੇ ਬਾਅਦ ਜੇਕਰ ਇਹ ਧੂੰਆਂ ਮਿਲ ਜਾਇਆ ਕਰੇ ਤਾਂ ਕਿੰਨਾ ਚੰਗਾ ਹੋਵੇ।

ਮਸਊਦ ਜਦ ਸਕੂਲ ਪਹੁੰਚਿਆ ਤਾਂ ਉਸਨੂੰ ਆਪਣੇ ਸਹਿਪਾਠੀਆਂ ਤੋਂ ਇਹ ਪਤਾ ਕਰਕੇ ਬਿਲਕੁਲ ਵੀ ਖ਼ੁਸ਼ੀ ਨਾ ਹੋਈ ਕਿ ਸਕੂਲ ਸਿਕੰਦਰ ਸਾਹਿਬ ਦੀ ਮੌਤ ਦੇ ਕਰਕੇ ਬੰਦ ਕਰ ਦਿੱਤਾ ਗਿਆ ਹੈ। ਸਾਰੇ ਮੁੰਡੇ ਖ਼ੁਸ਼ ਸਨ ਜਿਸ ਦਾ ਸਬੂਤ ਇਹ ਸੀ ਕਿ ਉਹ ਆਪਣੇ ਬਸਤੇ ਇੱਕ ਜਗ੍ਹਾ ਉੱਤੇ ਰੱਖ ਕੇ ਸਕੂਲ ਦੇ ਵਿਹੜੇ ਵਿੱਚ ਊਟ ਪਟਾਂਗ ਖੇਡਾਂ ਖੇਡਣ ਵਿੱਚ ਰੁੱਝੇ ਹੋਏ ਸਨ। ਕੁਝ ਛੁੱਟੀ ਦਾ ਪਤਾ ਕਰਕੇ ਹੀ ਘਰ ਚਲੇ ਗਏ। ਕੁਝ ਆ ਰਹੇ ਸੀ ਤੇ ਕੁਝ ਨੋਟਿਸ ਬੋਰਡ ਦੇ ਕੋਲ ਜਮ੍ਹਾਂ ਸਨ ਤੇ ਵਾਰ-ਵਾਰ ਇੱਕ ਹੀ ਲਿਖਤ ਪੜ੍ਹ ਰਹੇ ਸਨ।
ਮਸਊਦ ਨੇ ਜਦ ਸੁਣਿਆ ਕਿ ਸਿਕੰਦਰ ਸਾਹਿਬ ਮਰ ਗਏ ਹਨ ਤਾਂ ਉਹਨੂੰ ਬਿਲਕੁਲ ਵੀ ਅਫ਼ਸੋਸ ਨਾ ਹੋਇਆ। ਉਸਦਾ ਦਿਲ ਜਜ਼ਬਾਤ ਤੋਂ ਬਿਲਕੁਲ ਖ਼ਾਲੀ ਸੀ। ਬਿਨਾਂ ਸ਼ੱਕ ਉਸਨੇ ਇਹ ਜਰੂਰ ਸੋਚਿਆ ਕਿ ਪਿਛਲੇ ਸਾਲ ਜਦ ਉਸਦੇ ਦਾਦਾ ਜੀ ਦੀ ਮੌਤ ਇਨ੍ਹਾਂ ਹੀ ਦਿਨਾਂ ਵਿੱਚ ਹੋਈ ਸੀ ਤਾਂ ਉਹਨਾਂ ਦਾ ਜਨਾਜ਼ਾ ਲਿਜਾਣ ਵਿੱਚ ਬੜੀ ਦਿੱਕਤ ਹੋਈ ਸੀ ਇਸ ਲਈ ਕਿ ਬਾਰਿਸ਼ ਸ਼ੁਰੂ ਹੋ ਗਈ ਸੀ। ਉਹ ਵੀ ਜਨਾਜ਼ੇ ਦੇ ਨਾਲ ਗਿਆ ਸੀ ਤੇ ਕਬਰਸਤਾਨ ਵਿੱਚ ਚੀਕਣੇ ਚਿੱਕੜ ਦੇ ਕਰਕੇ ਇੰਞ ਤਿਲਕਿਆ ਕਿ ਪੱਟੀ ਹੋਈ ਕਬਰ ਵਿੱਚ ਡਿਗਦੇ-ਡਿਗਦੇ ਬਚਿਆ।
ਇਹ ਸਭ ਗੱਲਾਂ ਉਹਨੂੰ ਚੰਗੀ ਤਰ੍ਹਾਂ ਯਾਦ ਸਨ। ਸਰਦੀ ਦਾ ਜ਼ੋਰ, ਉਹਦੇ ਚਿੱਕੜ ਨਾਲ ਲਿੱਬੜੇ ਕੱਪੜੇ, ਲਾਲ ਨੀਲੇ ਹੱਥ ਜਿਨ੍ਹਾਂ ਨੂੰ ਦਬਾਉਣ ਨਾਲ ਸਫ਼ੈਦ-ਸਫ਼ੈਦ ਧੱਬੇ ਪੈ ਜਾਂਦੇ ਹਨ। ਨੱਕ ਜੋ ਕਿ ਬਰਫ ਦੀ ਡਲੀ ਵਾਂਗਰ ਹੁੰਦੀ ਸੀ ਅਤੇ ਫਿਰ ਆ ਕੇ ਹੱਥ ਪੈਰ ਧੋਣੇ ਤੇ ਕੱਪੜੇ ਬਦਲਣ ਦਾ ਕੰਮ, ਇਹ ਸਭ ਉਸਨੂੰ ਚੰਗੀ ਤਰ੍ਹਾਂ ਯਾਦ ਸੀ। ਇਸ ਲਈ ਉਸਨੇ ਸਿਕੰਦਰ ਸਾਹਿਬ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਹਨੂੰ ਇਹ ਬੀਤੀਆਂ ਹੋਈਆਂ ਗੱਲਾਂ ਯਾਦ ਆ ਗਈਆਂ ਅਤੇ ਉਸਨੇ ਸੋਚਿਆ ਜਦ ਸਿਕੰਦਰ ਸਾਹਿਬ ਦਾ ਜਨਾਜ਼ਾ ਉੱਠੇਗਾ ਤਾਂ ਬਾਰਿਸ਼ ਸ਼ੁਰੂ ਹੋ ਜਾਏਗੀ ਤੇ ਕਬਰਿਸਤਾਨ ਵਿੱਚ ਏਨਾ ਚਿੱਕੜ ਹੋ ਜਾਏਗਾ ਕਿ ਲੋਕ ਤਿਲਕਣਗੇ ਤੇ ਉਹਨਾਂ ਨੂੰ ਅਜਿਹੀਆਂ ਸੱਟਾਂ ਲੱਗਣਗੀਆਂ ਕਿ ਉਹ ਤੜਫ਼ ਉੱਠਣਗੇ।
ਮਸਊਦ ਇਹ ਖ਼ਬਰ ਸੁਣ ਕੇ ਸਿੱਧਾ ਆਪਣੇ ਕਮਰੇ ਵੱਲ ਤੁਰ ਪਿਆ। ਕਮਰੇ ਵਿੱਚ ਪਹੁੰਚ ਕੇ ਉਹਨੇ ਆਪਣੇ ਡੈੱਸਕ ਦਾ ਜਿੰਦਰਾ ਖੋਲ੍ਹਿਆ। ਦੋ ਤਿੰਨ ਕਿਤਾਬਾਂ ਜੋ ਕਿ ਉਸਨੇ ਅਗਲੇ ਦਿਨ ਫ਼ਿਰ ਲਿਆਉਣੀਆਂ ਸੀ, ਉਸ ਵਿੱਚ ਰੱਖੀਆਂ ਤੇ ਬਾਕੀ ਬਸਤਾ ਚੁੱਕ ਕੇ ਘਰ ਦੇ ਵੱਲ ਤੁਰ ਪਿਆ।
ਰਸਤੇ ਵਿੱਚ ਉਸਨੇ ਫਿਰ ਉਹੀ ਦੋ ਤਾਜ਼ਾ ਜ਼ਿਬਾਹ ਕੀਤੇ ਹੋਏ ਬੱਕਰੇ ਦੇਖੇ। ਉਹਨਾਂ ਵਿੱਚੋਂ ਇੱਕ ਨੂੰ ਹੁਣ ਕਸਾਈ ਨੇ ਲਟਕਾ ਦਿੱਤਾ ਸੀ, ਦੂਸਰਾ ਤਖ਼ਤੇ ਦੇ ਉੱਤੇ ਪਿਆ ਹੋਇਆ ਸੀ। ਜਦ ਮਸਊਦ ਦੁਕਾਨ ਅੱਗਿਓਂ ਲੰਘਿਆ ਤਾਂ ਉਸਦੇ ਦਿਲ ਵਿੱਚ ਖ਼ਾਹਿਸ਼ ਪੈਦਾ ਹੋਈ ਕਿ ਉਹ ਗੋਸ਼ਤ ਨੂੰ ਜਿਸ ਦੇ ਵਿੱਚੋਂ ਧੂੰਆਂ ਉੱਠ ਰਿਹਾ ਸੀ, ਨੂੰ ਹੱਥ ਲਾ ਕੇ ਦੇਖੇ। ਇਸੇ ਵਾਸਤੇ ਅੱਗੇ ਵਧ ਕੇ ਉਹਨੇ ਉਂਗਲੀ ਨਾਲ ਬੱਕਰੇ ਦੇ ਉਸ ਹਿੱਸੇ ਨੂੰ ਛੂਹ ਕੇ ਦੇਖਿਆ ਜੋ ਹਾਲੇ ਫੜਕ ਰਿਹਾ ਸੀ, ਗੋਸ਼ਤ ਗਰਮ ਸੀ। ਮਸਊਦ ਦੀ ਠੰਢੀ ਉਂਗਲੀ ਨੂੰ ਇਹ ਗਰਮੀ ਬਹੁਤ ਚੰਗੀ ਲੱਗੀ। ਕਸਾਈ ਦੁਕਾਨ ਦੇ ਅੰਦਰ ਛੁਰੀਆਂ ਤੇਜ਼ ਕਰਨ ਦੇ ਵਿੱਚ ਰੁੱਝਿਆ ਹੋਇਆ ਸੀ। ਇਸੇ ਕਰਕੇ ਮਸਊਦ ਨੇ ਇੱਕ ਵਾਰ ਫਿਰ ਗੋਸ਼ਤ ਨੂੰ ਛੂਹ ਕੇ ਦੇਖਿਆ ਤੇ ਉਥੋਂ ਤੁਰ ਪਿਆ।
ਘਰ ਪਹੁੰਚ ਕੇ ਉਸ ਨੇ ਜਦ ਆਪਣੀ ਮਾਂ ਨੂੰ ਸਿਕੰਦਰ ਸਾਹਿਬ ਦੀ ਮੌਤ ਦੀ ਖ਼ਬਰ ਸੁਣਾਈ ਤਾਂ ਉਹਨੂੰ ਇਹ ਮਾਲੂਮ ਹੋਇਆ ਕਿ ਉਹਦੇ ਅੱਬਾ ਜੀ ਵੀ ਉਸੇ ਦੇ ਜਨਾਜ਼ੇ ਉੱਤੇ ਗਏ ਹਨ। ਹੁਣ ਘਰ ਵਿੱਚ ਸਿਰਫ਼ ਦੋ ਜਾਣੇ ਹੀ ਸਨ, ਮਾਂ ਤੇ ਵੱਡੀ ਭੈਣ। ਮਾਂ ਰਸੋਈ ਵਿੱਚ ਬੈਠੀ ਸਾਲਣ ਪਕਾ ਰਹੀ ਸੀ ਤੇ ਵੱਡੀ ਭੈਣ ਕੁਲਸੂਮ ਕੋਲ ਹੀ ਇੱਕ ਕੰਗੜੀ ਫੜੀ ਦਰਬਾਰੀ ਦੀ ਸਰਗਮ ਯਾਦ ਕਰ ਰਹੀ ਸੀ।
ਕਿਉਂਕਿ ਗਲੀ ਦੇ ਦੂਜੇ ਮੁੰਡੇ ਗੌਰਮਿੰਟ ਸਕੂਲ ਵਿੱਚ ਪੜ੍ਹਦੇ ਸੀ, ਜਿਸ ਉੱਤੇ ਇਸਲਾਮੀਆ ਸਕੂਲ ਦੇ ਸਿਕੰਦਰ ਦੀ ਮੌਤ ਦਾ ਕੋਈ ਅਸਰ ਨਹੀਂ ਪਿਆ ਸੀ। ਇਸ ਲਈ ਮਸਊਦ ਨੇ ਖ਼ੁਦ ਨੂੰ ਬਿਲਕੁਲ ਬੇਕਾਰ ਮਹਿਸੂਸ ਕੀਤਾ। ਸਕੂਲ ਦਾ ਕੋਈ ਵੀ ਕੰਮ ਨਹੀਂ ਸੀ। ਛੇਵੀਂ ਜਮਾਤ ਵਿੱਚ ਜੋ ਕੁੱਝ ਪੜ੍ਹਾਇਆ ਜਾਂਦਾ ਹੈ ਉਹ ਘਰ ਵਿੱਚ ਆਪਣੇ ਅੱਬਾ ਜੀ ਤੋਂ ਪੜ੍ਹ ਚੁੱਕਾ ਸੀ। ਖੇਡਣ ਦੇ ਲਈ ਵੀ ਉਹਦੇ ਕੋਲ ਕੋਈ ਚੀਜ਼ ਨਹੀਂ ਸੀ।
ਇੱਕ ਮੈਲਾ ਕੁਚੈਲਾ ਤਾਸ਼ ਆਲ਼ੇ ਵਿੱਚ ਪਿਆ ਸੀ ਪਰ ਉਸ ਵਿੱਚ ਮਸਊਦ ਨੂੰ ਕੋਈ ਦਿਲਚਸਪੀ ਨਹੀਂ ਸੀ। ਲੂਡੋ ਅਤੇ ਇਸੇ ਕਿਸਮ ਦੇ ਦੂਸਰੇ ਖੇਡ ਜੋ ਉਸ ਦੀ ਵੱਡੀ ਭੈਣ ਆਪਣੀ ਸਹੇਲੀਆਂ ਦੇ ਨਾਲ ਹਰ ਰੋਜ਼ ਖੇਡਦੀ ਸੀ, ਉਸ ਦੀ ਸਮਝ ਤੋਂ ਬਾਹਰ ਸਨ। ਸਮਝ ਤੋਂ ਬਾਹਰ ਇੰਞ ਸਨ ਕਿ ਮਸਊਦ ਨੇ ਕਦੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਉਸ ਨੂੰ ਆਦਤਨ ਅਜਿਹੀਆਂ ਖੇਡਾਂ ਦੇ ਨਾਲ ਕੋਈ ਲਗਾਵ ਨਹੀਂ ਸੀ।
ਬਸਤਾ ਆਪਣੀ ਜਗ੍ਹਾ ਉੱਤੇ ਰੱਖਣ ਤੇ ਕੋਟ ਉਤਾਰਨ ਤੋਂ ਬਾਅਦ ਉਹ ਰਸੋਈ ਵਿੱਚ ਆਪਣੀ ਮਾਂ ਦੇ ਕੋਲ ਬੈਠ ਗਿਆ ਤੇ ਦਰਬਾਰੀ ਦੀ ਸਰਗਮ ਸੁਣਦਾ ਰਿਹਾ ਜਿਸ ਵਿੱਚ ਕਈ ਵਾਰ ਸਾਰੇਗਾਮਾ ਆਉਂਦਾ ਸੀ। ਉਸਦੀ ਮਾਂ ਪਾਲਕ ਕੱਟ ਰਹੀ ਸੀ। ਪਾਲਕ ਕੱਟਣ ਦੇ ਬਾਅਦ ਉਸ ਨੇ ਹਰੇ-ਹਰੇ ਪੱਤਿਆਂ ਦਾ ਗਿੱਲਾ-ਗਿੱਲਾ ਢੇਰ ਚੁੱਕ ਕੇ ਤੌੜੀ ਵਿੱਚ ਪਾ ਦਿੱਤਾ। ਥੋੜ੍ਹੀ ਦੇਰ ਦੇ ਬਾਅਦ ਜਦ ਪਾਲਕ ਨੂੰ ਸੇਕ ਲੱਗਿਆ ਤਾਂ ਉਹਦੇ ਵਿੱਚੋਂ ਸਫ਼ੈਦ-ਸਫ਼ੈਦ ਧੂੰਆਂ ਉੱਠਣ ਲੱਗਾ। ਉਸ ਧੂੰਏਂ ਨੂੰ ਦੇਖ ਕੇ ਮਸਊਦ ਨੂੰ ਬੱਕਰੇ ਦਾ ਗੋਸ਼ਤ ਯਾਦ ਆ ਗਿਆ।
ਇਸ ਲਈ ਉਹਨੇ ਆਪਣੀ ਮਾਂ ਨੂੰ ਕਿਹਾ, ”ਅੰਮੀ ਜਾਨ! ਅੱਜ ਮੈਂ ਕਸਾਈ ਦੀ ਦੁਕਾਨ ‘ਤੇ ਦੋ ਬੱਕਰੇ ਦੇਖੇ। ਖੱਲ ਉੱਤਰੀ ਹੋਈ ਸੀ ਤੇ ਉਹਨਾਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਬਿਲਕੁਲ ਉਵੇਂ ਹੀ ਜਿਸ ਤਰ੍ਹਾਂ ਸੁਬਹ-ਸਵੇਰੇ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ।”
”ਅੱਛਾ!” ਇਹ ਕਹਿ ਕੇ ਉਸਦੀ ਮਾਂ ਚੁੱਲ੍ਹੇ ਵਿੱਚ ਲੱਕੜਾਂ ਦਾ ਕੋਲਾ ਝਾੜਨ ਲੱਗੀ।
”ਹਾਂ ਤੇ ਮੈਂ ਗੋਸ਼ਤ ਨੂੰ ਆਪਣੀ ਉਂਗਲ ਨਾਲ ਛੂਹ ਕੇ ਦੇਖਿਆ ਤਾਂ ਉਹ ਗਰਮ ਸੀ।”
”ਅੱਛਾ!” ਇਹ ਕਹਿ ਕੇ ਉਹਦੀ ਮਾਂ ਨੇ ਉਹ ਭਾਂਡਾ ਚੁੱਕਿਆ, ਜਿਸ ਵਿੱਚ ਉਸਨੇ ਪਾਲਕ ਦਾ ਸਾਗ ਧੋਤਾ ਸੀ ਤੇ ਰਸੋਈ ਤੋਂ ਬਾਹਰ ਚਲੀ ਗਈ।
”ਤੇ ਇਹ ਗੋਸ਼ਤ ਕਈ ਜਗ੍ਹਾ ਤੇ ਫੜਕਦਾ ਵੀ ਪਿਆ ਸੀ।”
”ਅੱਛਾ” ਮਸਊਦ ਦੀ ਵੱਡੀ ਭੈਣ ਨੇ ਦਰਬਾਰੀ ਸਰਗਮ ਯਾਦ ਕਰਨਾ ਛੱਡ ਦਿੱਤਾ ਤੇ ਉਹਦੇ ਵੱਲ ਧਿਆਨ ਮੋੜਦੀ ਹੋਈ’। ‘ਕਿੱਦਾਂ ਫੜਕਦਾ ਸੀ?’
‘ਏਦਾਂ… ਏਦਾਂ” ਮਸਊਦ ਨੇ ਉਂਗਲੀਆਂ ਦੀ ਫੜਕਣ ਪੈਦਾ ਕਰਕੇ ਆਪਣੀ ਭੈਣ ਨੂੰ ਦਿਖਾਈ।
‘ਤੇ ਫ਼ਿਰ ਕੀ ਹੋਇਆ?’
ਇਹ ਸਵਾਲ ਕੁਲਸੂਮ ਨੇ ਆਪਣੇ ਸਰਗਮ ਭਰੇ ਦਿਮਾਗ਼ ਤੋਂ ਕੁਝ ਇਸ ਤਰ੍ਹਾਂ ਕੱਢਿਆ ਕਿ ਮਸਊਦ ਇੱਕ ਲਹਿਜ਼ੇ ਦੇ ਲਈ ਬਿਲਕੁਲ ਖ਼ਾਲੀ ਦਿਮਾਗ਼ ਹੋ ਗਿਆ। ‘ਫ਼ਿਰ ਕੀ ਹੋਣਾ ਸੀ, ਮੈਂ ਤਾਂ ਇੱਦਾਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਸਾਈ ਦੀ ਦੁਕਾਨ ‘ਤੇ ਗੋਸ਼ਤ ਫੜਕ ਰਿਹਾ ਸੀ। ਮੈਂ ਉਂਗਲੀ ਨਾਲ ਛੂਹ ਕੇ ਵੀ ਦੇਖਿਆ ਸੀ, ਗਰਮ ਸੀ।”
”ਗਰਮ ਸੀ” ਅੱਛਾ ਮਸਊਦ ਇਹ ਦੱਸ ਤੂੰ ਮੇਰਾ ਕੰਮ ਕਰੇਂਗਾ?
”ਦੱਸੋ”
”ਆ, ਮੇਰੇ ਨਾਲ ਆ।”
”ਨਹੀਂ ਤੁਸੀਂ ਪਹਿਲਾਂ ਦੱਸੋ, ਕੰਮ ਕੀ ਹੈ।”
”ਤੂੰ ਆ ਤਾਂ ਸਹੀ, ਮੇਰੇ ਨਾਲ।”
”ਜੀ ਨਹੀਂ… ਤੁਸੀਂ ਪਹਿਲਾਂ ਕੰਮ ਦੱਸੋ।”
”ਦੇਖ ਮੇਰੀ ਕਮਰ ਵਿੱਚ ਬੜਾ ਦਰਦ ਹੋ ਰਿਹਾ ਹੈ” ਮੈਂ ਮੰਜੇ ਉੱਤੇ ਲੇਟਦੀ ਆਂ ਤੂੰ ਜ਼ਰਾ ਪੈਰ ਦੇ ਨਾਲ ਦਬਾ ਦੇ। ਮੇਰਾ ਚੰਗਾ ਭਰਾ ਜੋ ਹੋਇਆ। ਅੱਲਾਹ ਦੀ ਕਸਮ ਬੜਾ ਦਰਦ ਹੋ ਰਿਹਾ ਹੈ।… ਇਹ ਕਹਿ ਕੇ ਮਸਊਦ ਦੀ ਭੈਣ ਨੇ ਆਪਣੀ ਕਮਰ ਉੱਤੇ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
”ਇਹ ਤੁਹਾਡੀ ਕਮਰ ਨੂੰ ਕੀ ਹੋ ਜਾਂਦਾ? ਜਦੋਂ ਦੇਖੋ ਦਰਦ ਹੋ ਰਿਹਾ ਤੇ ਫ਼ਿਰ ਤੁਸੀਂ ਘੁਟਵਾਉਂਦੇ ਵੀ ਮੇਰੇ ਕੋਲੋਂ ਹੀ ਹੋ। ਆਪਣੀਆਂ ਸਹੇਲੀਆਂ ਨੂੰ ਕਿਉਂ ਨਹੀਂ ਕਹਿੰਦੇ?” ਮਸਊਦ ਉੱਠ ਖੜ੍ਹਾ ਹੋਇਆ।
”ਚਲੋ… ਪਰ ਇਹ ਤੁਹਾਨੂੰ ਆਖ ਦਿਆਂ ਕਿ ਦਸ ਮਿੰਟ ਤੋਂ ਜ਼ਿਆਦਾ ਬਿਲਕੁਲ ਨਹੀਂ ਘੁੱਟਾਂਗਾ।”
”ਸ਼ਾਬਾਸ਼.. ਸ਼ਾਬਾਸ਼…।” ਉਹਦੀ ਭੈਣ ਉੱਠ ਖੜ੍ਹੀ ਹੋਈ ਤੇ ਆਪਣੀ ਸਰਗਮ ਵਾਲੀ ਕਾਪੀ ਸਾਹਮਣੇ ਆਲ਼ੇ ਵਿੱਚ ਰੱਖ ਕੇ ਉਸ ਕਮਰੇ ਦੀ ਤਰਫ਼ ਚੱਲ ਪਈ, ਜਿੱਥੇ ਉਹ ਤੇ ਮਸਊਦ ਦੋਵੇਂ ਸੌਂਦੇ ਸੀ।
ਵਿਹੜੇ ਵਿੱਚ ਪਹੁੰਚ ਕੇ ਉਹਨੇ ਆਪਣੀ ਦੁਖਦੀ ਹੋਈ ਕਮਰ ਸਿੱਧੀ ਕੀਤੀ ਤੇ ਉੱਪਰ ਅਸਮਾਨ ਦੀ ਤਰਫ਼ ਦੇਖਿਆ। ਮਿੱਟੀ ਰੰਗੇ ਬੱਦਲ ਝੁਕੇ ਹੋਏ ਸੀ। ”ਮਸਊਦ ਅੱਜ ਜ਼ਰੂਰ ਬਾਰਿਸ਼ ਹੋਵੇਗੀ।”
ਇਹ ਕਹਿ ਕੇ ਉਹਨੇ ਮਸੂਦ ਵੱਲ ਦੇਖਿਆ ਪਰ ਉਹ ਅੰਦਰ ਆਪਣੇ ਮੰਜੇ ਉੱਤੇ ਲੇਟਿਆ ਹੋਇਆ ਸੀ।
ਜਦ ਕੁਲਸੂਮ ਆਪਣੇ ਮੰਜੇ ਉੱਤੇ ਮੂਧੇ ਮੂੰਹ ਲੇਟ ਗਈ ਤਾਂ ਮਸਊਦ ਨੇ ਉੱਠ ਕੇ ਘੜੀ ਵਿੱਚ ਵਕਤ ਦੇਖਿਆ।
”ਦੇਖੋ ਬਾਜੀ ਗਿਆਰਾਂ ਵੱਜਣ ਵਿੱਚ ਦਸ ਮਿੰਟ ਬਾਕੀ ਨੇ। ਮੈਂ ਪੂਰੇ ਗਿਆਰਾਂ ਵਜੇ ਤੁਹਾਡੀ ਕਮਰ ਘੁੱਟਣੀ ਛੱਡ ਦਿਆਂਗਾ।”
ਬਹੁਤ ਅੱਛਾ, ਪਰ ਤੂੰ ਹੁਣ ਰੱਬ ਦੇ ਵਾਸਤੇ ਜ਼ਿਆਦਾ ਨਖ਼ਰੇ ਨਾ ਦਿਖਾ। ਏਧਰ ਮੇਰੇ ਮੰਜੇ ਉੱਤੇ ਆ ਕੇ ਜਲਦੀ ਕਮਰ ਘੁੱਟ ਵਰਨਾ ਯਾਦ ਰੱਖੀਂ ਬੜੇ ਜ਼ੋਰ ਨਾਲ ਕੰਨ ਖਿੱਚਾਂਗੀ।… ਕੁਲਸੂਮ ਨੇ ਮਸਊਦ ਨੂੰ ਝਿੜਕਿਆ।
ਮਸਊਦ ਨੇ ਆਪਣੀ ਵੱਡੀ ਭੈਣ ਦੇ ਹੁਕਮ ਦੀ ਤਾਮੀਲ ਕੀਤੀ ਤੇ ਕੰਧ ਦਾ ਸਹਾਰਾ ਲੈ ਕੇ ਪੈਰ ਦੇ ਨਾਲ ਉਹਦੀ ਕਮਰ ਘੁੱਟਣੀ ਸ਼ੁਰੂ ਕਰ ਦਿੱਤੀ। ਮਸਊਦ ਦੇ ਭਾਰ ਦੇ ਥੱਲੇ ਕੁਲਸੂਮ ਦੀ ਚੌੜੀ ਚਕਲੀ ਕਮਰ ਵਿੱਚ ਹਲਕਾ ਜਿਹਾ ਝੁਕਾਅ ਪੈਦਾ ਹੋ ਗਿਆ। ਜਦ ਉਸਨੇ ਪੈਰਾਂ ਨਾਲ ਘੁੱਟਣਾ ਸ਼ੁਰੂ ਕੀਤਾ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮਜ਼ਦੂਰ ਮਿੱਟੀ ਗੁੰਨ੍ਹਦੇ ਨੇ ਤੇ ਕੁਲਸੂਮ ਨੇ ਮਜ਼ਾ ਲੈਣ ਦੀ ਖ਼ਾਤਰ ਹੌਲੀ-ਹੌਲੀ ਹਾਏ-ਹਾਏ ਕਰਨਾ ਸ਼ੁਰੂ ਕਰ ਦਿੱਤਾ।
ਕੁਲਸੂਮ ਦੀ ਕਮਰ ਉੱਤੇ ਗੋਸ਼ਤ ਜ਼ਿਆਦਾ ਸੀ। ਜਦ ਮਸਊਦ ਦਾ ਪੈਰ ਉਸ ਹਿੱਸੇ ਉੱਤੇ ਪਿਆ ਤਾਂ ਉਹਨੂੰ ਇਹ ਮਹਿਸੂਸ ਹੋਇਆ ਕਿ ਉਹ ਉਸ ਬੱਕਰੇ ਦਾ ਗੋਸ਼ਤ ਦਬਾ ਰਿਹਾ ਹੈ, ਜਿਹੜਾ ਉਹਨੇ ਕਸਾਈ ਦੀ ਦੁਕਾਨ ‘ਤੇ ਆਪਣੀ ਉਂਗਲੀ ਨਾਲ ਛੂਹ ਕੇ ਦੇਖਿਆ ਸੀ। ਇਸ ਅਹਿਸਾਸ ਨੇ ਕੁਝ ਪਲ ਦੇ ਲਈ ਉਹਦੇ ਦਿਲ ਅਤੇ ਦਿਮਾਗ਼ ਵਿੱਚ ਐਸੇ ਖ਼ਿਆਲ ਪੈਦਾ ਕੀਤੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਸੀ, ਉਹ ਉਹਨਾਂ ਦਾ ਮਤਲਬ ਨਾ ਸਮਝ ਸਕਿਆ ਅਤੇ ਸਮਝਦਾ ਵੀ ਕਿਵੇਂ ਜਦਕਿ ਕੋਈ ਖ਼ਿਆਲ ਮੁਕੰਮਲ ਨਹੀਂ ਸੀ।
ਇਕ ਦੋ ਵਾਰ ਮਸਊਦ ਨੇ ਇਹ ਵੀ ਮਹਿਸੂਸ ਕੀਤਾ ਕਿ ਉਸਦੇ ਪੈਰਾਂ ਦੇ ਥੱਲੇ ਗੋਸ਼ਤ ਦੇ ਲੋਥੜੇ ਵਿੱਚ ਹਰਕਤ ਪੈਦਾ ਹੋਈ ਹੈ, ਉਸੇ ਕਿਸਮ ਦੀ ਹਰਕਤ ਜੋ ਉਸਨੇ ਬੱਕਰੇ ਦੇ ਗਰਮ-ਗਰਮ ਗੋਸ਼ਤ ਵਿੱਚ ਦੇਖੀ ਸੀ। ਉਸਨੇ ਬੜੀ ਬਦ-ਦਿਲੀ ਦੇ ਨਾਲ ਕਮਰ ਘੁੱਟਣੀ ਸ਼ੁਰੂ ਕਰ ਦਿੱਤੀ ਪਰ ਹੁਣ ਉਸਨੂੰ ਇਸ ਕੰਮ ਵਿੱਚ ਸ਼ਰਮ ਮਹਿਸੂਸ ਹੋਣ ਲੱਗੀ। ਉਸਦੇ ਵਜ਼ਨ ਦੇ ਥੱਲੇ ਕੁਲਸੂਮ ਹੌਲੀ-ਹੌਲੀ ਕਰਾਹ ਰਹੀ ਸੀ। ਇਹ ਦੱਬੀ-ਦੱਬੀ ਆਵਾਜ਼ ਜੋ ਕਿ ਮਸਊਦ ਦੇ ਪੈਰਾਂ ਦੀ ਹਰਕਤ ਦਾ ਸਾਥ ਦੇ ਰਹੀ ਸੀ, ਇਸ ਗੁੰਮਨਾਮ ਜਿਹੇ ਸਰੂਰ ਨੂੰ ਹੋਰ ਵਧਾ ਰਹੀ ਸੀ।
ਟਾਈਮ ਪੀਸ ਵਿਚ ਗਿਆਰਾਂ ਵੱਜ ਗਏ ਪਰ ਮਸਊਦ ਆਪਣੀ ਭੈਣ ਕੁਲਸੂਮ ਦੀ ਕਮਰ ਘੁੱਟਦਾ ਰਿਹਾ। ਜਦ ਕਮਰ ਚੰਗੀ ਤਰ੍ਹਾਂ ਘੁੱਟੀ ਜਾ ਚੁੱਕੀ ਤਾਂ ਕੁਲਸੂਮ ਸਿੱਧੀ ਲੇਟ ਗਈ ਤੇ ਕਹਿਣ ਲੱਗੀ ”ਸ਼ਾਬਾਸ਼ ਮਸਊਦ, ਸ਼ਾਬਾਸ਼। ਲੈ ਹੁਣ ਲੱਗੇ ਹੱਥ ਲੱਤਾਂ ਵੀ ਘੁੱਟ ਦੇ। ਬਿਲਕੁਲ ਉਸੇ ਤਰ੍ਹਾਂ” ਸ਼ਾਬਾਸ਼ ਮੇਰੇ ਭਰਾ।”
ਮਸਊਦ ਨੇ ਕੰਧ ਦਾ ਸਹਾਰਾ ਲੈ ਕੇ ਕੁਲਸੂਮ ਦੀਆਂ ਲੱਤਾਂ ਉੱਤੇ ਆਪਣਾ ਪੂਰਾ ਭਾਰ ਪਾਇਆ ਤਾਂ ਉਹਦੇ ਪੈਰਾਂ ਦੇ ਥੱਲੇ ਮੱਛੀਆਂ ਜਿਹੀਆਂ ਤੜਪ ਗਈਆਂ। ਬੇਧਿਆਨੇ ਉਹ ਹੱਸ ਪਈ ਤੇ ਦੋਹਰੀ ਹੋ ਗਈ। ਮਸਊਦ ਡਿੱਗਦੇ-ਡਿੱਗਦੇ ਬਚਿਆ ਪਰ ਉਸ ਦੀਆਂ ਤਲੀਆਂ ਵਿੱਚ ਮੱਛੀਆਂ ਦੀ ਉਹ ਤੜਪ ਸਮਾ ਗਈ। ਉਸ ਦੇ ਦਿਲ ਵਿੱਚ ਖ਼ਾਹਿਸ਼ ਪੈਦਾ ਹੋਈ ਕਿ ਉਹ ਫ਼ਿਰ ਇਸੇ ਤਰ੍ਹਾਂ ਕੰਧ ਦਾ ਸਹਾਰਾ ਲੈ ਕੇ ਆਪਣੀ ਭੈਣ ਦੀਆਂ ਲੱਤਾਂ ਘੁੱਟੇ। ਇਸੇ ਕਰਕੇ ਉਹਨੇ ਕਿਹਾ ”ਇਹ ਤੁਸੀਂ ਹੱਸਣਾ ਕਿਉਂ ਸ਼ੁਰੂ ਕਰ ਦਿੱਤਾ। ਸਿੱਧੇ ਲੇਟ ਜਾਓ। ਮੈਂ ਤੁਹਾਡੀਆਂ ਲੱਤਾਂ ਘੁੱਟ ਦਿਆਂ।”
ਕੁਲਸੂਮ ਸਿੱਧੀ ਲੇਟ ਗਈ। ਲੱਤਾਂ ਦੀਆਂ ਮੱਛੀਆਂ ਇਧਰ ਉਧਰ ਹੋਣ ਕਰਕੇ ਜੋ ਗੁਦਗੁਦੀ ਪੈਦਾ ਹੋਈ ਸੀ ਉਸਦਾ ਅਸਰ ਹਾਲੇ ਤੱਕ ਉਸਦੀ ਜਿਸਮ ਵਿੱਚ ਬਾਕੀ ਸੀ। ”ਨਾ ਭਾਈ ਮੇਰੇ ਗੁਦਗੁਦੀ ਹੁੰਦੀ ਹੈ, ਤੂੰ ਊਟ-ਪਟਾਂਗ ਤਰੀਕੇ ਨਾਲ ਘੁੱਟਦਾ ਏਂ।”
ਮਸਊਦ ਨੇ ਖ਼ਿਆਲ ਕੀਤਾ ਕਿ ਸ਼ਾਇਦ ਉਸ ਨੇ ਗ਼ਲਤ ਤਰੀਕਾ ਇਸਤੇਮਾਲ ਕੀਤਾ ਹੈ। ”ਨਹੀਂ ਇਸ ਵਾਰ ਮੈਂ ਪੂਰਾ ਭਾਰ ਤੁਹਾਡੇ ਉੱਤੇ ਨਹੀਂ ਪਾਵਾਂਗਾ” ਤੁਸੀਂ ਆਰਾਮ ਨਾਲ ਰਹੋ। ”ਹੁਣ ਇਨੀ ਚੰਗੀ ਤਰ੍ਹਾਂ ਘੁੱਟਾਂਗਾ ਕਿ ਤੁਹਾਨੂੰ ਕੋਈ ਤਕਲੀਫ਼ ਨਹੀਂ ਹੋਵੇਗੀ।”
ਕੰਧ ਦਾ ਸਹਾਰਾ ਲੈ ਕੇ ਮਸਊਦ ਨੇ ਆਪਣੇ ਜਿਸਮ ਨੂੰ ਤੋਲਿਆ ਤੇ ਇਸ ਅੰਦਾਜ਼ ਵਿੱਚ ਹੌਲੀ-ਹੌਲੀ ਕੁਲਸੂਮ ਦੀਆਂ ਲੱਤਾਂ ਉੱਤੇ ਆਪਣੇ ਪੈਰ ਜਮਾਏ ਕਿ ਉਸਦਾ ਅੱਧਾ ਭਾਰ ਕਿਤੇ ਗ਼ਾਇਬ ਹੋ ਗਿਆ।
ਹੌਲੀ-ਹੌਲੀ ਬੜੀ ਹੁਸ਼ਿਆਰੀ ਨਾਲ ਉਸਨੇ ਆਪਣੇ ਪੈਰ ਚਲਾਉਣੇ ਸ਼ੁਰੂ ਕੀਤੇ। ਕੁਲੂਸੂਮ ਦੀਆਂ ਲੱਤਾਂ ਵਿੱਚ ਆਕੜੀਆਂ ਹੋਈ ਮੱਛੀਆਂ ਉਸਦੇ ਪੈਰਾਂ ਦੇ ਥੱਲੇ ਦੱਬ ਕੇ ਇਧਰ ਉਧਰ ਤਿਲਕਣ ਲੱਗੀਆਂ। ਮਸਊਦ ਨੇ ਇੱਕ ਵਾਰ ਸਕੂਲ ਵਿੱਚ ਤਣੇ ਹੋਏ ਰੱਸੇ ਉੱਤੇ ਇੱਕ ਬਾਜ਼ੀਗਰ ਨੂੰ ਚੱਲਦੇ ਦੇਖਿਆ ਸੀ। ਉਸਨੇ ਸੋਚਿਆ ਕਿ ਬਾਜ਼ੀਗਰ ਦੇ ਪੈਰਾਂ ਦੇ ਥੱਲੇ ਤਣਿਆ ਹੋਇਆ ਰੱਸਾ ਇਸੇ ਤਰ੍ਹਾਂ ਹੀ ਤਿਲਕਦਾ ਹੋਵੇਗਾ।
ਇਸ ਤੋਂ ਪਹਿਲਾਂ ਕਈ ਵਾਰ ਉਸਨੇ ਆਪਣੀ ਭੈਣ ਕੁਲਸੂਮ ਦੀਆਂ ਲੱਤਾਂ ਘੁੱਟੀਆਂ ਸਨ ਪਰ ਉਹ ਸਵਾਦ ਜੋ ਕਿ ਉਸ ਨੂੰ ਹੁਣ ਮਹਿਸੂਸ ਹੋ ਰਿਹਾ ਸੀ, ਪਹਿਲਾਂ ਕਦੀ ਮਹਿਸੂਸ ਨਹੀਂ ਸੀ ਹੋਇਆ। ਬੱਕਰੇ ਦੇ ਗਰਮ ਗਰਮ ਗੋਸ਼ਤ ਦਾ ਉਸ ਨੂੰ ਵਾਰ-ਵਾਰ ਖਿਆਲ ਆਉਂਦਾ ਸੀ ਇੱਕ ਦੋ ਵਾਰ ਉਸਨੇ ਸੋਚਿਆ ਕੁਲਸੂਮ ਨੂੰ ਜੇਕਰ ਜ਼ਿਬਹਾ ਕਰ ਦਿੱਤਾ ਜਾਵੇ ਤੇ ਖੱਲ ਉੱਤਰ ਜਾਣ ‘ਤੇ ਕੀ ਇਸਦੇ ਗੋਸ਼ਤ ਵਿੱਚੋਂ ਵੀ ਧੂੰਆਂ ਨਿਕਲੇਗਾ? ਲੇਕਿਨ ਅਜਿਹੀਆਂ ਬੇਹੁਦਾ ਗੱਲਾਂ ਸੋਚਣ ਨਾਲ ਉਸਨੇ ਆਪਣੇ ਆਪ ਨੂੰ ਮੁਜਰਿਮ ਮਹਿਸੂਸ ਕੀਤਾ ਤੇ ਦਿਮਾਗ਼ ਨੂੰ ਇਸ ਤਰ੍ਹਾਂ ਸਾਫ਼ ਕਰ ਦਿੱਤਾ ਜਿਵੇਂ ਉਹ ਸਲੇਟ ਨੂੰ ਸਪੰਜ ਦੇ ਨਾਲ ਸਾਫ਼ ਕਰਦਾ ਸੀ।
”ਬੱਸ ਬੱਸ।” ਕੁਲਸੂਮ ਥੱਕ ਗਈ। ”ਬੱਸ ਬੱਸ।”
ਮਸਊਦ ਨੂੰ ਇਕਦਮ ਸ਼ਰਾਰਤ ਸੁੱਝੀ ਉਹ ਪਲੰਘ ਤੋਂ ਥੱਲੇ ਉਤਰ ਲੱਗਾ ਤਾਂ ਉਸਨੇ ਕੁਲਸੂਮ ਦੀਆਂ ਦੋਹਾਂ ਬਗਲਾਂ ਵਿੱਚ ਗੁਦਗਦੀ ਕਰਨੀ ਸ਼ੁਰੂ ਕਰ ਦਿੱਤੀ, ਹਾਸੇ ਦੇ ਮਾਰੇ ਉਹ ਲੋਟਪੋਟ ਹੋ ਗਈ। ਉਸ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਮਸਊਦ ਦੇ ਹੱਥਾਂ ਨੂੰ ਪਰ੍ਹਾਂ ਝਟਕ ਦੇਵੇ ਪਰ ਜਦ ਉਸਨੇ ਇਰਾਦਾ ਕਰਕੇ ਉਸਦੇ ਲੱਤ ਮਾਰਨੀ ਚਾਹੀ ਤਾਂ ਮਸਊਦ ਉੱਛਲ ਕੇ ਉਸ ਝਟਕੇ ਤੋਂ ਬਾਹਰ ਹੋ ਗਿਆ ਤੇ ਆਪਣੇ ਸਲੀਪਰ ਪਾ ਕੇ ਕਮਰੇ ਤੋਂ ਬਾਹਰ ਨਿਕਲ ਗਿਆ।
ਜਦੋਂ ਉਹ ਵਿਹੜੇ ਵਿੱਚ ਦਾਖ਼ਿਲ ਹੋਇਆ ਤਾਂ ਉਸਨੇ ਦੇਖਿਆ ਕਿ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ। ਬੱਦਲ ਹੋਰ ਵੀ ਝੁਕ ਆਏ ਸੀ। ਪਾਣੀ ਦੇ ਨਿੱਕੇ-ਨਿੱਕੇ ਕਤਰੇ ਆਵਾਜ਼ ਪੈਦਾ ਕੀਤੇ ਬਗ਼ੈਰ ਵਿਹੜੇ ਦੀਆਂ ਇੱਟਾਂ ਵਿੱਚ ਹੌਲੀ-ਹੌਲੀ ਜਜ਼ਬ ਹੋ ਰਹੇ ਸੀ। ਮਸਊਦ ਦਾ ਜਿਸਮ ਇੱਕ ਦਿਲ ਖ਼ੁਸ਼ ਕਰਨ ਵਾਲੀ ਧੜਕਣ ਮਹਿਸੂਸ ਕਰ ਰਿਹਾ ਸੀ। ਜਦ ਹਵਾ ਦਾ ਠੰਢਾ-ਠੰਢਾ ਬੁੱਲਾ ਉਸ ਦੀਆਂ ਗੱਲ੍ਹਾਂ ਦੇ ਨਾਲ ਛੂਹਿਆ ਅਤੇ ਦੋ ਤਿੰਨ ਨਿੱਕੀਆਂ-ਨਿੱਕੀਆਂ ਬੂੰਦਾਂ ਉਸ ਦੇ ਨੱਕ ‘ਤੇ ਪਈਆਂ ਤਾਂ ਇੱਕ ਕੰਬਣੀ ਜਿਹੀ ਉਸਦੇ ਜਿਸਮ ਵਿੱਚ ਲਹਿਰਾ ਉੱਠੀ।
ਸਾਹਮਣੇ ਕੋਠੇ ਦੀ ਕੰਧ ਉੱਤੇ ਇੱਕ ਕਬੂਤਰ ਤੇ ਕਬੂਤਰੀ ਨੇੜੇ-ਨੇੜੇ ਖੰਭ ਖਿਲਾਰੀ ਬੈਠੇ ਸੀ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਦੋਵੇਂ ਪੱਕੀਆਂ ਹੋਈਆਂ ਤੌੜੀਆਂ ਦੀਆਂ ਤਰ੍ਹਾਂ ਗਰਮ ਨੇ। ਗੁਲਦੌਦੀ ਤੇ ਨਿਆਜ਼ਬੋ ਦੇ ਹਰੇ-ਹਰੇ ਪੱਤੇ ਉੱਪਰ ਲਾਲ-ਲਾਲ ਗਮਲਿਆਂ ਵਿੱਚ ਨਹਾ ਰਹੇ ਸੀ। ਹਵਾ ਵਿੱਚ ਨੀਂਦ ਘੁਲੀ ਹੋਈ ਸੀ ਐਸੀ ਨੀਂਦ ਜਿਸ ਵਿੱਚ ਹੋਸ਼ ਜ਼ਿਆਦਾ ਹੁੰਦੀ ਹੈ ਤੇ ਇਨਸਾਨ ਦੇ ਇਰਦ-ਗਿਰਦ ਨਰਮ-ਨਰਮ ਖ਼ਵਾਬ ਇੰਞ ਲਿਪਟ ਜਾਂਦੇ ਨੇ ਜਿਵੇਂ ਉੱਨ ਦੇ ਕੱਪੜੇ। ਮਸਊਦ ਅਜਿਹੀਆਂ ਗੱਲਾਂ ਸੋਚਣ ਲੱਗਾ ਜਿਸ ਦਾ ਮਤਲਬ ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ। ਉਹ ਉਹਨਾਂ ਗੱਲਾਂ ਨੂੰ ਛੂਹ ਕੇ ਦੇਖ ਸਕਦਾ ਸੀ ਪਰ ਉਹਨਾਂ ਦਾ ਮਤਲਬ ਉਸਦੀ ਪਕੜ ਤੋਂ ਬਾਹਰ ਸੀ, ਫ਼ਿਰ ਵੀ ਇੱਕ ਗੁੰਮਨਾਮ ਜਿਹਾ ਮਜ਼ਾ ਇਸ ਸੋਚ ਵਿਚਾਰ ਵਿੱਚ ਉਹਨੂੰ ਆ ਰਿਹਾ ਸੀ।
ਬਾਰਿਸ਼ ਵਿੱਚ ਕੁਝ ਦੇਰ ਖੜ੍ਹੇ ਰਹਿਣ ਦੇ ਬਾਅਦ ਜਦ ਮਸਊਦ ਦੇ ਹੱਥ ਬਿਲਕੁਲ ਠੰਢੇ ਹੋ ਗਏ ਅਤੇ ਦਬਾਉਣ ਨਾਲ ਉਹਨਾਂ ਉੱਤੇ ਸਫ਼ੈਦ ਧੱਬੇ ਪੈਣ ਲੱਗੇ ਤਾਂ ਉਸ ਨੇ ਮੁੱਠੀਆਂ ਕੱਸ ਲਈਆਂ ਤੇ ਉਹਨਾਂ ਨੂੰ ਮੂੰਹ ਦੀ ਭਾਫ਼ ਦੇ ਨਾਲ ਗਰਮ ਕਰਨਾ ਸ਼ੁਰੂ ਕਰ ਦਿੱਤਾ। ਹੱਥਾਂ ਨੂੰ ਇਸ ਤਰੀਕੇ ਨਾਲ ਕੁਝ ਗਰਮੀ ਤਾਂ ਮਿਲੀ ਪਰ ਉਹ ਸਿੱਲ੍ਹੇ ਹੋ ਗਏ। ਇਸੇ ਕਰਕੇ ਅੱਗ ਸੇਕਣ ਲਈ ਉਹ ਰਸੋਈ ਵਿੱਚ ਚਲਾ ਗਿਆ। ਖਾਣਾ ਤਿਆਰ ਸੀ। ਹਾਲੇ ਉਸਨੇ ਪਹਿਲੀ ਬੁਰਕੀ ਹੀ ਚੱਕੀ ਸੀ ਕਿ ਉਸਦਾ ਬਾਪ ਕਬਰਿਸਤਾਨ ਤੋਂ ਵਾਪਸ ਆ ਗਿਆ।
ਬਾਪ-ਬੇਟੇ ਵਿੱਚ ਕੋਈ ਗੱਲ ਨਾ ਹੋਈ। ਮਸਊਦ ਦੀ ਮਾਂ ਉੱਠ ਕੇ ਜਲਦੀ ਦੂਸਰੇ ਕਮਰੇ ਵਿੱਚ ਚਲੀ ਗਈ ਅਤੇ ਉਥੇ ਦੇਰ ਤੱਕ ਆਪਣੇ ਘਰਵਾਲ਼ੇ ਦੇ ਨਾਲ ਗੱਲਾਂ ਕਰਦੀ ਰਹੀ। ਖਾਣੇ ਤੋਂ ਵਿਹਲੇ ਹੋ ਕੇ ਮਸਊਦ ਬੈਠਕ ਵਿੱਚ ਚਲਾ ਗਿਆ ਤੇ ਤਾਕੀ ਖੋਲ੍ਹ ਕੇ ਫਰਸ਼ ਉੱਤੇ ਲੇਟ ਗਿਆ। ਬਾਰਿਸ਼ ਦੀ ਵਜ੍ਹਾ ਨਾਲ ਸਰਦੀ ਵੱਧ ਗਈ ਸੀ, ਕਿਉਂਕਿ ਹੁਣ ਹਵਾ ਵੀ ਚੱਲ ਰਹੀ ਸੀ ਪਰ ਇਹ ਸਰਦੀ ਬੇਆਰਾਮੀ ਨਹੀਂ ਲੱਗਦੀ ਸੀ। ਤਲਾਬ ਦੇ ਪਾਣੀ ਦੀ ਤਰ੍ਹਾਂ ਉੱਪਰੋਂ ਠੰਢੀ ਤੇ ਅੰਦਰੋਂ ਗਰਮ ਸੀ।
ਮਸਊਦ ਜਦ ਫ਼ਰਸ਼ ਉੱਤੇ ਲੇਟਿਆ ਤਾਂ ਉਸ ਦੇ ਦਿਲ ਵਿੱਚ ਖ਼ਵਾਹਿਸ਼ ਪੈਦਾ ਹੋਈ ਕਿ ਉਹ ਇਸ ਸਰਦੀ ਦੇ ਅੰਦਰ ਧਸ ਜਾਵੇ ਜਿੱਥੇ ਉਸਦੇ ਜਿਸਮ ਨੂੰ ਰਾਹਤ ਵਾਲ਼ਾ ਨਿੱਘ ਪਹੁੰਚੇ। ਦੇਰ ਤੱਕ ਉਹ ਅਜਿਹੀ ਠੰਢੀਆਂ-ਮਿੱਠੀਆਂ ਗੱਲਾਂ ਬਾਰੇ ਸੋਚਦਾ ਰਿਹਾ ਜਿਸ ਦੇ ਕਰਕੇ ਉਸਦੇ ਪੱਠਿਆਂ ‘ਚ ਹਲਕੀ-ਹਲਕੀ ਦਰਦ ਪੈਦਾ ਹੋ ਗਈ।
ਇਕ ਦੋ ਵਾਰ ਉਸ ਨੇ ਅੰਗੜਾਈ ਲਈ ਤਾਂ ਉਸ ਨੂੰ ਮਜ਼ਾ ਆਇਆ। ਉਸਦੇ ਜਿਸਮ ਦੇ ਕਿਸੇ ਹਿੱਸੇ ਵਿੱਚ, ਇਹ ਉਸਨੂੰ ਪਤਾ ਨਹੀਂ ਸੀ ਕਿ ਕਿੱਥੇ ਕੋਈ ਚੀਜ਼ ਅਟਕ ਜਿਹੀ ਗਈ ਸੀ। ਇਹ ਚੀਜ਼ ਕੀ ਸੀ। ਇਸ ਦੇ ਬਾਰੇ ਵੀ ਮਸਊਦ ਨੂੰ ਇਲਮ ਨਹੀਂ ਸੀ ਸਗੋਂ ਇਸ ਅਟਕਾਵ ਨੇ ਉਸ ਦੇ ਸਾਰੇ ਜਿਸਮ ਵਿੱਚ ਬੇਆਰਾਮੀ, ਇੱਕ ਦੱਬੀ ਹੋਈ ਬੇਆਰਾਮੀ ਦੀ ਇਸ ਤਰ੍ਹਾਂ ਦੀ ਹਾਲਤ ਪੈਦਾ ਕਰ ਦਿੱਤੀ ਸੀ। ਉਸ ਦਾ ਸਾਰਾ ਜਿਸਮ ਖਿੱਚ ਕੇ ਲੰਬਾ ਹੋ ਜਾਣ ਦਾ ਇਰਾਦਾ ਕਰ ਬੈਠਾ ਸੀ। ਦੇਰ ਤੱਕ ਗੁਦਗੁਦੇ ਕਲੀਨ ਉੱਤੇ ਕਰਵਟਾਂ ਬਦਲਣ ਦੇ ਬਾਅਦ ਉਹ ਉੱਠਿਆ ਅਤੇ ਰਸੋਈ ਤੋਂ ਹੁੰਦਾ ਹੋਇਆ ਵਿਹੜੇ ਵਿੱਚ ਆ ਨਿਕਲਿਆ। ਨਾ ਕੋਈ ਰਸੋਈ ਵਿੱਚ ਸੀ ਤੇ ਨਾ ਹੀ ਵਿਹੜੇ ਵਿੱਚ। ਇੱਧਰ ਓਧਰ ਜਿੰਨੇ ਕਮਰੇ ਸਨ, ਸਭ ਬੰਦ ਸਨ। ਬਾਰਿਸ਼ ਹੁਣ ਰੁਕ ਗਈ ਸੀ। ਮਸਊਦ ਨੇ ਹਾਕੀ ਅਤੇ ਗੇਂਦ ਕੱਢੀ ਤੇ ਵਿਹੜੇ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਜਦ ਉਸਨੇ ਜ਼ੋਰ ਨਾਲ ਹਿੱਟ ਲਈ ਤਾਂ ਗੇਂਦ ਵਿਹੜੇ ਦੇ ਸੱਜੇ ਹੱਥ ਵਾਲ਼ੇ ਕਮਰੇ ਦੇ ਦਰਵਾਜ਼ੇ ‘ਤੇ ਲੱਗੀ ਅੰਦਰੋਂ ਮਸਊਦ ਦੇ ਬਾਪ ਦੀ ਆਵਾਜ਼ ਆਈ ‘ਕੌਣ?’
‘ਜੀ, ਮੈਂ ਹਾਂ ਮਸਊਦ।’
ਅੰਦਰੋਂ ਆਵਾਜ਼ ਆਈ, ‘ਕੀ ਕਰ ਰਿਹਾ ਏਂ?’
‘ਜੀ, ਖੇਡ ਰਿਹਾ ਹਾਂ।’
‘ਖੇਡੋ… ਫ਼ਿਰ ਥੋੜ੍ਹੇ ਜਿਹੇ ਵਕਫ਼ੇ ਤੋਂ ਬਾਅਦ ਉਸਦੇ ਬਾਪ ਨੇ ਕਿਹਾ ‘ਤੇਰੀ ਮਾਂ ਮੇਰਾ ਸਿਰ ਘੁੱਟ ਰਹੀ ਹੈ… ਜ਼ਿਆਦਾ ਰੌਲਾ ਨਾ ਪਾ।’
ਇਹ ਸੁਣ ਕੇ ਮਸਊਦ ਨੇ ਗੇਂਦ ਉਥੇ ਹੀ ਪਈ ਰਹਿਣ ਦਿੱਤੀ ਤੇ ਹਾਕੀ ਹੱਥ ਵਿੱਚ ਲੈ ਕੇ ਸਾਹਮਣੇ ਵਾਲ਼ੇ ਕਮਰੇ ਵੱਲ ਚਲਾ ਗਿਆ। ਉਸ ਦਾ ਇੱਕ ਦਰਵਾਜ਼ਾ ਬੰਦ ਸੀ ਤੇ ਦੂਸਰਾ ਭੇੜਿਆ ਹੋਇਆ ਸੀ। ਮਸਊਦ ਨੂੰ ਇੱਕ ਸ਼ਰਾਰਤ ਸੁੱਝੀ। ਦੱਬੇ ਪੈਰ ਉਹ ਭੇੜੇ ਹੋਏ ਦਰਵਾਜ਼ੇ ਵੱਲ ਵਧਿਆ ਤੇ ਧਮਾਕੇ ਨਾਲ ਦੋਵੇਂ ਪੱਲੇ ਖੋਲ੍ਹ ਦਿੱਤੇ। ਦੋ ਚੀਕਾਂ ਸੁਣੀਆਂ ਅਤੇ ਕੁਲਸੂਮ ਤੇ ਉਸਦੀ ਸਹੇਲੀ ਬਿਮਲਾ ਨੇ ਜੋ ਕਿ ਉਸ ਦੇ ਕੋਲ ਲੇਟੀ ਹੋਈ ਸੀ, ਡਰ ਕੇ ਫਟਾਫਟ ਚਾਦਰ ਲੈ ਲਈ।
ਬਿਮਲਾ ਦੇ ਬਲਾਊਜ਼ ਦੇ ਬਟਨ ਖੁੱਲ੍ਹੇ ਹੋਏ ਸੀ ਤੇ ਕੁਲਸੂਮ ਉਸ ਦੇ ਸੀਨੇ ਨੂੰ ਘੂਰ ਰਹੀ ਸੀ।
ਮਸਊਦ ਕੁਝ ਸਮਝ ਨਾ ਸਕਿਆ। ਉਸ ਦੇ ਦਿਮਾਗ਼ ਵਿੱਚ ਧੂੰਆਂ ਜਿਹਾ ਛਾ ਗਿਆ। ਉਥੋਂ ਪੁੱਠੇ ਪੈਰੀਂ ਵਾਪਸ ਆ ਕੇ ਉਹ ਜਦ ਬੈਠਕ ਵੱਲ ਗਿਆ ਤਾਂ ਉਸ ਨੂੰ ਆਪਣੇ ਅੰਦਰ ਇੱਕ ਅਥਾਹ ਤਾਕਤ ਦਾ ਅਹਿਸਾਸ ਹੋਇਆ, ਜਿਸ ਨੇ ਕੁਝ ਦੇਰ ਦੇ ਲਈ ਉਸ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਬਿਲਕੁਲ ਕਮਜ਼ੋਰ ਕਰ ਦਿੱਤਾ।
ਬੈਠਕ ਵਿੱਚ ਤਾਕੀ ਦੇ ਕੋਲ ਬੈਠ ਕੇ ਜਦ ਮਸਊਦ ਨੇ ਹਾਕੀ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਗੋਡਿਆਂ ਉੱਤੇ ਰੱਖਿਆ ਤਾਂ ਸੋਚਿਆ ਕਿ ਹਲਕਾ ਜਿਹਾ ਦਬਾਅ ਪਾਉਣ ਨਾਲ ਹੀ ਹਾਕੀ ਵਿੱਚ ਲਚਕ ਪੈਦਾ ਹੋ ਜਾਏਗੀ ਅਤੇ ਜ਼ਿਆਦਾ ਜ਼ੋਰ ਲਾਉਣ ਨਾਲ ਹੈਂਡਲ ਤੜੱਕ ਕਰਕੇ ਟੁੱਟ ਜਾਏਗਾ ਉਸਨੇ ਗੋਡੇ ਉੱਤੇ ਹਾਕੀ ਦੇ ਹੈਂਡਲ ਵਿੱਚ ਲਚਕ ਤਾਂ ਪੈਦਾ ਕਰ ਲਈ ਪਰ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਲਾਉਣ ‘ਤੇ ਵੀ ਉਹ ਟੁੱਟ ਨਾ ਸਕੀ। ਦੇਰ ਤੱਕ ਉਹ ਹਾਕੀ ਦੇ ਨਾਲ ਕੁਸ਼ਤੀ ਲੜਦਾ ਰਿਹਾ। ਜਦ ਤੱਕ ਉਹ ਥੱਕ ਕੇ ਹਾਰ ਗਿਆ ਤੇ ਤ੍ਰਭਕ ਕੇ ਉਸਨੇ ਹਾਕੀ ਪਰ੍ਹਾਂ ਸੁੱਟ ਦਿੱਤੀ।