ਸੰਯੁਕਤਾ ਮੋਹੰਤੀ
1957 ਵਿੱਚ ਉੜੀਸਾ ਦੇ ਪਿੰਡ ਬੋਰੀਕੀਨਾ, ਜ਼ਿਲ੍ਹਾ ਜਗਤਸਿੰਘਪੁਰ ਵਿਚ ਜਨਮ ਲਿਆ। 1978 ਵਿੱਚ ਉਤਕਲ ਯੂਨੀਵਰਸਿਟੀ ਦੇ ਅਧੀਨ ਆਉਂਦੇ ਰੇਵਨਸ਼ਾ ਕਾਲਜ ਤੋਂ ਐਮ.ਐਸ.ਸੀ (ਬੋਟਨੀ) ਪਾਸ ਕੀਤੀ। ਸੰਯੁਕਤਾ ਦੇ ਪਿਤਾ ਦਾ ਨਾਮ ਰਾਧਾ ਚਰਨ ਮੋਹੰਤੀ ਤੇ ਮਾਤਾ ਦਾ ਨਾਮ ਚੁਨਲਤਾ ਮੋਹੰਤੀ ਹੈ। ਉਹ ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਚੀਫ਼ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਦੀਆਂ 19 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਦੀਆਂ ਕਿਤਾਬਾਂ, 13 ਨਾਵਲ, 11 ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਨ੍ਹਾਂ ਵੱਲੋਂ 4 ਕਿਤਾਬਾਂ ਕਹਾਣੀ ਅਤੇ ਨਾਵਲ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਇੱਕ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਨੇਪਾਲੀ ਵਿੱਚ ਅਨੁਵਾਦ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਨਾਵਲ ਲਈ ਰਾਜਾਧਨੀ ਪੁਸਤਕ ਮੇਲਾ ਪੁਰਸਕਾਰ, ਛੋਟੀ ਕਹਾਣੀ ਲਈ ਅਮ੍ਰਿਤਯਾਨ ਸਨਮਾਨ, ਬਿਜਯਕ੍ਰਿਸ਼ਨ ਮੋਹੰਤੀ ਗਲਪ ਸਨਮਾਨ, ਉਤਕਲ ਸਾਹਿਤ ਸਮਾਜ ਤੋਂ ਫਕੀਰਮੋਹਨ ਗਲਪਸੰਮਨ, ਗੋਕਰਨਿਕਾ ਉਪਨਿਆਸ ਸਨਮਾਨ, ਗੰਗਾਧਰ ਫਾਊਂਡੇਸ਼ਨ ਤੋਂ ਬਿਨਾਪਾਨੀ ਮੋਹੰਤੀ ਕਥਾ ਸਾਹਿਤ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ।
ਅਨੁਵਾਦ : ਜਸਵਿੰਦਰ ਕੌਰ ਬਿੰਦਰਾ
ਜਸਵਿੰਦਰ ਕੌਰ ਬਿੰਦਰਾ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਦੀ ਲੇਖਿਕਾ, ਅਨੁਵਾਦਕ ਤੇ ਸਮਾਲੋਚਕ ਹੈ। ਹੁਣ ਤੱਕ ਉਨ੍ਹਾਂ ਦੀਆਂ ਅੰਗ੍ਰੇਜ਼ੀ ਤੇ ਪੰਜਾਬੀ-ਹਿੰਦੀ ਵਿਚ 75 ਤੋਂ ਵੱਧ ਪੁਸਤਕਾਂ ਦਾ ਅਨੁਵਾਦ : ਨੇ.ਬੁ.ਟਰਸੱਟ, ਵਾਣੀ ਪ੍ਰਕਾਸ਼ਨ, ਭਾਰਤੀ ਸਾਹਿਤ ਅਕਾਦਮੀ, ਭਾਰਤੀ ਗਿਆਨਪੀਠ, ਪ੍ਰਭਾਤ ਪ੍ਰਕਾਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਇਮੰਡ ਬੁਕਸ, ਰੀਥਿੰਕ ਪਬਲੀਕੇਸ਼ਨ, ਮਾਨ ਬੁਕ ਸਟੋਰ, 21ਵੀਂ ਸੈਂਚਰੀ ਪ੍ਰਕਾਸ਼ਨ ਤੇ ਹੋਰ ਅਨੇਕਾਂ ਪ੍ਰਕਾਸ਼ਨਾਂ ਤੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਬਿੰਦਰਾ ਦੀਆਂ ਆਲੋਚਨਾ ਦੀਆਂ ਪੰਜ ਮੌਲਿਕ ਪੁਸਤਕਾਂ ਦੇ ਨਾਲ, ਹਿੰਦੀ-ਪੰਜਾਬੀ ਦੀਆਂ 40 ਤੋਂ ਵੱਧ ਅਨੇਕਾਂ ਪੁਸਤਕਾਂ ਵਿੱਚ ਆਲੋਚਨਾ ਸੰਬੰਧੀ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ। ਹਿੰਦੀ-ਪੰਜਾਬੀ ਦੀਆਂ ਅਨੇਕ ਪਤ੍ਰਿਕਾਵਾਂ ਵਿੱਚ ਨਿਰੰਤਰ ਲੇਖ, ਸਮੀਖਿਆਵਾਂ, ਖੋਜ-ਪੱਤਰ ਤੇ ਅਨੁਵਾਦ ਪ੍ਰਕਾਸ਼ਿਤ। ਮੌਲਿਕ ਕਵਿਤਾਵਾਂ-ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ।
ਜਸਵਿੰਦਰ ਕੌਰ ਬਿੰਦਰਾ ਨੇ ਸੈਂਕੜੇ ਸੈਮੀਨਾਰਾਂ, ਗੋਸ਼ਟੀਆਂ ਵਿਚ ਪੇਪਰ ਪੜ੍ਹਨ ਦੇ ਨਾਲ-ਨਾਲ ਬਹੁਤ ਸਾਰੇ ਕਾਵਿ-ਦਰਬਾਰਾਂ ਵਿਚ ਸ਼ਿਰਕਤ ਕੀਤੀ ਹੈ। ਉਹ ਦੇਸ਼ ਦੀਆਂ ਪ੍ਰਤਿਸ਼ਠਿਤ ਕੰਪਨੀਆਂ ਨਾਲ ਭਾਸ਼ਾ ਵਿਸ਼ੇਸ਼ਗ ਤੇ ਅਨੁਵਾਦਕ ਦੇ ਤੌਰ ‘ਤੇ ਕਾਰਜਸ਼ੀਲ ਹਨ। ਉਨ੍ਹਾਂ ‘ਡਾਇਲੌਗ ਵਿਦ ਡਾਇਸਪੋਰਾ’ ਦੇ ਤਹਿਤ ਪ੍ਰਵਾਸੀ ਲੇਖਕਾਂ ਨਾਲ ਸੰਵਾਦ, ਕਈ ਕਾਲਜਾਂ ਨਾਲ ‘ਡਾਇਸਪੋਰਾ: ਸ਼ੋਰਟ ਟਰਮ ਕੋਰਸ’ ਦਾ ਆਯੋਜਨ, ਗਦਰ ਅੰਦੋਲਨ ਉਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਤੇ ਸੰਚਾਲਨ ਕੀਤਾ। ਉਹ ‘ਰਾਸ਼ਟਰੀ ਅਨੁਵਾਦ ਮਿਸ਼ਨ’ ਵਿਚ ਬਤੌਰ ਅਨੁਵਾਦਕ ਰਜਿਸਟਡ ਹਨ। ਉਨ੍ਹਾਂ ਨੂੰ ਪੰਜਾਬੀ ਐਕਡਮੀ ਤੋਂ ਅਨੁਵਾਦ ਪੁਰਸਕਾਰ ਮਿਲ ਚੁੱਕਾ ਹੈ ਤੇ ਇੰਡੀਆਨੇਟ ਬੁਕਸ ਵਲੋਂ ਅਨੁਵਾਦ ਲਈ ਸਨਮਾਨਿਤ ਹੋ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਕਹਾਣੀ ਵਿਚ ਨਾਰੀ ਪਰਿਪੇਖ’ ਨਾਮਕ ਖੋਜ ਪ੍ਰੋਜੇਕਟ ਲਈ ਪੰਜਾਬੀ ਅਕੈਡਮੀ ਤੋਂ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਸਭਾ ਦਿੱਲੀ ਤੋਂ ‘ਪੰਜਾਬੀ ਨਾਵਲ : ਸਮਕਾਲ, ਸਰੋਕਾਰ ਤੇ ਸੰਤਾਪ’ ਨਾਮਕ ਖੋਜ ਪ੍ਰੋਜੇਕਟ ਲਈ ਫੈਲੋਸ਼ਿਪ ਪ੍ਰਾਪਤ ਕੀਤੀ।
ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਨ ਦੇ ਨਾਲ, ਲੰਮੇ ਅਰਸੇ ਤਕ ਸ੍ਰੀ ਗੁਰੁ ਨਾਨਕ ਦੇਵ ਖਾਲਸਾ ਕਾਲਜ ਵਿਚ ਪ੍ਰਾਧਿਆਪਕ ਵਜੋਂ ਸੇਵਾਵਾਂ ਨਿਭਾਅਈਆਂ।
੯੮੬੮੧-੮੨੮੩੫
5mail : jasvinderkaurbindra0gmail.com
ਬੇਬਸ : (ਉੜੀਆ ਕਹਾਣੀ)
ਇਸ ਸਾਲ ਦਸੰਬਰ ਵਿੱਚ ਠੰਢ ਘੱਟ ਸੀ। ਸ਼ਾਮ ਦੇ ਸਾਢੇ ਛੇ ਵਜੇ ਵੀ ਅਸਮਾਨ ਉਤੇ ਹਲਕੀ ਜਿਹੀ ਲਾਲੀ ਛਾਈ ਹੋਈ ਸੀ।ਇਸ ਨਵੇਂ ਆਫਿਸ ਵਿੱਚ ਛੁੱਟੀ ਤੋਂ ਬਾਅਦ ਨਿਕਲਦੇ ਹੋਏ ਸ਼ਾਮ ਦੀ ਆਰਤੀ ਖ਼ਤਮ ਹੋ ਜਾਂਦੀ ਸੀ।ਆਫਿਸ ਵਿੱਚ ਕੰਮ ਦੌਰਾਨ ਵੀ ਮੰਦਰ ਦੇ ਟੱਲ ਦੂਰੋਂ ਸੁਣਾਈ ਦੇਂਦੇ ਸਨ। ਅਪੂਰਵਾ ਮਨ ਵਿੱਚ ਸੋਚਦੀ, ਉਸ ਦੀ ਜ਼ਿੰਦਗੀ ਸਵੇਰੇ ਦੀ ਧੁੰਦ ਤੋਂ ਲੈ ਕੇ ਸ਼ਾਮ ਦੀ ਆਰਤੀ ਤਕ ਸਿਮਟ ਕੇ ਹੀ ਰਹਿ ਗਈ ਹੈ।
ਆਫਿਸ ਗੇਟ ਤੋਂ ਬਾਹਰ ਆ ਕੇ ਉਹ ਰਿਕਸ਼ਾ ਲੱਭਣ ਲੱਗੀ। ਉਦੋਂ ਤੱਕ ਚਪੜਾਸੀ ਨੇ ਗੇਟ ਨੂੰ ਤਾਲਾ ਲੱਗਾ ਦਿੱਤਾ। ਧੁੰਦਲਕਾ ਹੋਣ ਕਾਰਣ ਦੂਰ ਤਕ ਨਜ਼ਰ ਨਹੀਂ ਆ ਰਿਹਾ ਸੀ। ਹਨੇਰੇ ਵਿੱਚ ਉਸ ਨੂੰ ਦੂਰੋਂ ਇੱਕ ਰਿਕਸ਼ਾ ਆਉਂਦਾ ਦਿਖਾਈ ਦਿੱਤਾ। ਸ਼ਾਮ ਦਾ ਸਮਾਂ ਤੇ ਇਕੱਲੇ ਹੋਣ ਕਾਰਨ ਉਹ ਰਿਕਸ਼ੇਵਾਲ਼ੇ ਦਾ ਚਿਹਰਾ ਦੇਖ ਕੇ ਥੋੜ੍ਹਾ ਜਿਹਾ ਡਰ ਗਈ। ਉਹ ਹੱਟਾ-ਕੱਟਾ, ਛੋਟੀ ਉਮਰ ਦਾ ਚੋਬਰ ਸੀ। ਪਰ ਉਸ ਦੇ ਚਿਹਰੇ ਉਤੇ ਦਾੜੀ-ਮੁੱਛ ਸੀ। ਉਸ ਦੇ ਤਕੜੇ ਸਰੀਰ ਨੂੰ ਦੇਖ ਕੇ ਉਸ ਨੂੰ ਲੱਗਾ, ਇਹ ਛੇਤੀ ਉਸ ਨੂੰ ਘਰ ਤੱਕ ਪਹੁੰਚਾ ਦੇਵੇਗਾ।
“ਕੇਦਾਰਗੌਰੀ ਅਪਾਰਟਮੈਂਟ ਚਲੇਗਾ?”
“ਹਾਂ ਜੀ, ਚਲਾਂਗਾ।”
“ਕਿੰਨੇ ਪੈਸੇ …?”
ਜੀ, ਦਸ ਰੁਪਏ।”
ਉਸ ਨੇ ਇਕਦਮ ਸਹੀ ਰੇਟ ਕਿਹਾ। ਅਪੂਰਵਾ ਰੋਜ਼ਾਨਾ ਦਸ ਰੁਪਏ ਦੇ ਕੇ ਹੀ ਆਇਆ-ਜਾਇਆ ਕਰਦੀ ਸੀ। ਪਰ ਇਸ ਰਿਕਸ਼ੇ ਦੀ ਹਾਲਤ ਦੇਖ ਕੇ ਉਸ ਨੂੰ ਥੋੜ੍ਹਾ ਅਜੀਬ ਜਿਹਾ ਲੱਗ ਰਿਹਾ ਸੀ। ਬੈਠਣ ਤੋਂ ਪਹਿਲਾ ਉਸ ਨੇ ਆਸੇ-ਪਾਸੇ ਦੇਖਿਆ।ਰਿਕਸ਼ੇ ਦੀ ਹਾਲਤ ਬਹੁਤ ਮਾੜੀ ਸੀ। ਅਜਿਹੇ ਟੁੱਟੇ-ਭੱਜੇ ਰਿਕਸ਼ੇ ਵਿੱਚ ਜਾਣ ਨਾਲੋਂ ਤੋਂ ਪੈਦਲ ਜਾਣਾ ਹੀ ਠੀਕ ਸੀ। ਪਰ ਆਫਿਸ ਤੋਂ ਬਾਅਦ ਇਸ ਹਨੇਰੇ ਵਿੱਚ ਇੱਥੇ ਇੱਕਲੇ ਖੜੇ ਰਹਿ ਕੇ ਕਿਸੇ ਦੂਜੇ ਰਿਕਸ਼ੇ ਦੀ ਉਡੀਕ ਕਰਨਾ ਵੀ ਠੀਕ ਨਹੀਂ ਲੱਗ ਰਿਹਾ ਸੀ। ਇਸ ਕਰਕੇ ਉਸ ਨੇ ਚਪੜਾਸੀ ਦੇ ਹੱਥੋਂ ਚਾਬੀਆਂ ਦਾ ਗੁੱਛਾ ਫੜਿਆ ਤੇ ਰਿਕਸ਼ੇ ‘ਤੇ ਬੈਠ ਗਈ।
ਅਪੂਰਵਾ ਨੇ ਸੋਚਿਆ, ਜੇ ਰਿਕਸ਼ੇ ਵਾਲ਼ਾ ਬੀ.ਜੇ.ਬੀ ਇੰਗਲਿਸ਼ ਮੀਡੀਅਮ ਸਕੂਲ ਦੀ ਪਿਛਲੀ ਗਲੀ ਵਿਚੋਂ ਲੈ ਕੇ ਜਾਏਗਾ ਤਾਂ ਵੀ ਹਨੇਰੇ ਵਿੱਚ ਕੋਈ ਡਰ ਨਹੀਂ।ਪਰ ਉਹ ਉਸ ਗਲੀ ਵਿਚ ਨਾ ਜਾ ਕੇ, ਮੇਨ ਸੜਕ ਵੱਲ ਪੈ ਗਿਆ। ਜਿੱਥੇ ਰੋਸ਼ਨੀ ਸੀ। ਸਮਾਂ ਬਿਤਾਉਣ ਲਈ ਉਹ ਰਿਕਸ਼ੇਵਾਲ਼ੇ ਨਾਲ ਗੱਲਾਂ ਕਰਨ ਲੱਗ ਪਈ। ਪਤਾ ਲੱਗਾ, ਉਹ ਸਕੂਲ ਦੇ ਬੱਚਿਆਂ ਨੂੰ ਰਿਕਸ਼ੇ ‘ਤੇ ਲੈ ਕੇ ਤੇ ਛੱਡ ਕੇ ਆਉਂਦਾ ਸੀ। ਜਦੋਂ ਉਹ ਮੌਸੀ ਮੰਦਰ ਦੇ ਚੌਰਾਹੇ ਤੋਂ ਵਿਵੇਕਾਨੰਦ ਮਾਰਗ ਵੱਲ ਵੱਧਣ ਲੱਗਾ ਤਾਂ ਅਪੂਰਵਾ ਨੂੰ ਕੁਝ ਸ਼ੱਕ ਹੋਇਆ।ਉਸ ਵਲੋਂ ਪੁੱਛਣ ‘ਤੇ ਉਸ ਨੇ ਬੰਗਲਿਆਂ ਵੱਲ ਇਸ਼ਾਰਾ ਕੀਤਾ। ਆਫਿਸ ਤੋਂ ਥੱਕੀ-ਟੁੱਟੀ ਨਿਕਲੀ ਅਪੂਰਵਾ ਥੋੜ੍ਹੀ ਪਰੇਸ਼ਾਨ ਹੋ ਗਈ।
ਉਸ ਨੇ ਦੁਬਾਰਾ ਪੁੱਛਿਆ, “ਤੈਨੂੰ ਕੇਦਾਰਗੌਰੀ ਅਪਾਰਟਮੈਂਟ ਜਾਣ ਲਈ ਕਿਹਾ ਸੀ। ਤੂੰ ਕਿੱਧਰ ਲੈ ਕੇ ਜਾ ਰਿਹਾ ਏਂ?”
“ਉੱਧਰ ਜਾਣ ਲਈ ਪੈਸੇ ਜ਼ਿਆਦਾ ਲੱਗਣਗੇ!” ਰਿਕਸ਼ੇਵਾਲ਼ੇ ਨੇ ਕਿਹਾ।
“ਜ਼ਿਆਦਾ ਕਿਉਂ? ਮੈਂ ਤਾਂ ਰੋਜ਼ ਦਸ ਰੁਪਏ ਵਿੱਚ ਹੀ ਜਾਂਦੀ ਹਾਂ। ਠੀਕ ਹੈ, ਰਹਿਣ ਦੇ। ਮੈਂ ਇੱਥੇ ਹੀ ਉਤਰ ਜਾਂਦੀ ਹਾਂ।” ਕਹਿੰਦੇ ਹੋਏ ਉਹ ਉਤਰਣ ਲੱਗੀ।
“ਮੈਡਮ, ਪੈਸੇ ਤਾਂ ਦਿਓ।”
“ਕਿੰਨੇ…?”
“ਦਸ ਰੁਪਏ।”
“ਕੀ! ਉਥੋਂ ਦੀ ਇੱਥੇ ਤਕ ਆਉਣ ਦੇ ਦਸ ਰੁਪਏ?”
“ਹਾਂ ਮੈਡਮ! ਮੈਂ ਐਨੇ ਹੀ ਲੈਂਦਾ ਹਾਂ।”
“ਨਹੀਂ, ਮੈਂ ਨਹੀਂ ਦੇਵਾਂਗੀ। ਜਿੱਥੋਂ ਦੀ ਗੱਲ ਤੈਅ ਹੋਈ ਸੀ, ਉਥੇ ਪਹੁੰਚ ਕੇ ਹੀ ਤੈਨੂੰ ਪੂਰੇ ਪੈਸੇ ਦੇਵਾਂਗੀ।ਇੱਥੇ ਤੱਕ ਦੇ ਪੂਰੇ ਪੈਸੇ ਮੰਗ ਰਿਹਾ ਏਂ। ਦੂਜੇ ਰਿਕਸ਼ੇ ਵਾਲ਼ੇ ਨੂੰ ਵੀ ਫਿਰ ਪੈਸੇ ਦੇਵਾਂਗੀ।ਉਥੇ ਹੀ ਲੈ ਕੇ ਚਲ।”
ਰਿਕਸ਼ਾਵਾਲ਼ਾ ਅੜ ਗਿਆ। ਉਹ ਹੌਲੀ-ਹੌਲੀ ਚਲਦਾ ਰਿਹਾ। ਸ਼ਾਇਦ ਉਸ ਚੋਬਰ ਦਾ ਮੂਡ ਪਹਿਲੇ ਹੀ ਖਰਾਬ ਸੀ।ਇਸ ਕਰਕੇ ਹੁਣ ਉਹ ਰਿਕਸ਼ਾ ਰੋਕ ਕੇ ਖੜ੍ਹਾ ਹੋ ਗਿਆ।
ਉਥੇ ਕਈ ਯਾਤਰੀ ਪੁਰੀ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ।ਉਹ ਉਨ੍ਹਾਂ ਲੋਕਾਂ ਵੱਲ ਦੇਖਣ ਲੱਗ ਪਿਆ, ਜਿਵੇਂ ਉਹ ਉਸ ਦੇ ਪੱਖ ਵਿੱਚ ਕੁਝ ਕਹਿਣਗੇ। ਪਰ ਲੋਕਾਂ ਨੇ ਇਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ। ਅਚਾਨਕ ਦੋ-ਤਿੰਨ ਮੁੰਡੇ ਉਨ੍ਹਾਂ ਦੇ ਨੇੜੇ ਆ ਗਏ ਤੇ ਪੁੱਛਣ ਲੱਗੇ। ਅਪੂਰਵਾ ਨੂੰ ਥੋੜ੍ਹਾ ਜਿਹਾ ਅਜੀਬ ਲੱਗਾ, ਜੇ ਇਸ ਦੌਰਾਨ ਕਈ ਲੋਕ ਉਸ ਨੂੰ ਘੇਰ ਕੇ ਖੜੇ ਹੋ ਗਏ ਤਾਂ ਉਹ ਇੱਕਲੀ ਕੀ ਕਰੇਗੀ! ਭੀੜ ਦੇ ਲੋਕਾਂ ਨਾਲ ਉਹ ਬਹਿਸ ਨਹੀਂ ਕਰਨਾ ਚਾਹੁੰਦੀ ਸੀ। ਉਸ ਦੀ ਇਮੇਜ ਖਰਾਬ ਹੋਏਗੀ ਜਦਕਿ ਇਸ ਰਿਕਸ਼ੇਵਾਲ਼ੇ ਦਾ ਕੀ ਵਿਗੜੇਗਾ। ਇਹ ਸੋਚਦੇ ਹੋਏ ਉਸ ਨੇ ਸਾਰੀ ਗੱਲ ਦੱਸੀ। ਰਿਕਸ਼ੇ ਵਾਲ਼ਾ ਕਹਿਣ ਲੱਗਾ, “ਮੈਂ ਇਨ੍ਹਾਂ ਨੂੰ ਬਰਗੜ੍ਹ ਸਕੂਲ ਤੋਂ ਲੈ ਕੇ ਆ ਰਿਹਾ ਹਾਂ।”
“ਹਾਏ! ਤੂੰ ਝੂਠ ਕਿਉਂ ਬੋਲ ਰਿਹਾ ਏਂ। ਬਰਗੜ੍ਹ ਤੋਂ ਆਇਆ ਹੈ ਜਾਂ ਬੀ.ਜੇ.ਬੀ. ਸਕੂਲ ਵਲੋਂ। ਕਿੰਨੇ ਆਰਾਮ ਨਾਲ ਤੂੰ ਸਾਡੇ ਸਾਹਮਣੇ ਝੂਠ ਬੋਲ ਰਿਹਾ ਏਂ।” ਨਿਪਟਾਰਾ ਕਰਨ ਵਾਲ਼ੇ ਇੱਕ ਆਦਮੀ ਨੇ ਅੱਗੇ ਵੱਧ ਕੇ ਕਿਹਾ, “ਤੈਨੂੰ ਪਤਾ ਨਹੀਂ ਕੇਦਾਰਗੌਰੀ ਅਪਾਰਟਮੈਂਟ ਕਿੱਥੇ ਹੈ? ਗੈਰਾਜ ਚੌਕ ਕੋਲ ਹੀ ਤਾਂ ਹੈ ਇੱਥੋਂ ਰਵੀ ਟੌਕੀਜ ਲਈ ਪੰਜ ਰੁਪਏ ਲੱਗਦੇ ਹਨ, ਕੇਦਾਰਗੌਰੀ ਜਾਣ ਲਈ ਹੋਰ ਕਿੰਨੇ ਲੱਗਣਗੇ? ਚਲ ਜਾ। ਮੈਡਮ ਤੋਂ ਇਕ-ਦੋ ਰੁਪਏ ਵੱਧ ਲੈ ਲਵੀਂ। ਐਵੇਂ ਕਿਸੇ ਨੂੰ ਪਰੇਸ਼ਾਨ ਕਿਉਂ ਕਰਦਾ ਏਂ?”
ਅਪੂਰਵਾ ਨੂੰ ਹਾਰ ਕੇ ਰਿਕਸ਼ੇ ਵਿੱਚ ਬੈਠਣਾ ਹੀ ਪਿਆ। ਹਾਲਾਂਕਿ ਉਸ ਦਾ ਮਨ ਇਸ ਨੂੰ ਇੱਕ ਰੁਪਿਆ ਦੇਣ ਤੇ ਵੀ ਨਹੀਂ ਕਰ ਰਿਹਾ ਸੀ। ਚਾਰੋਂ ਪਾਸੇ ਸੋਸ਼ਣ ਤੇ ਬੇਇਨਾਸਫੀ ਨਾਲ ਜੂਝਣ ਕਰਕੇ ਉਹ ਬੇਚੈਨ ਹੋਣ ਲੱਗੀ। ਗੱਲ ਦੋ ਰੁਪਏ ਜਾਂ ਦੋ ਹਜ਼ਾਰ ਦੀ ਨਹੀਂ। ਅੱਜ ਦੇ ਯੁਗ ਵਿੱਚ ਲੋਕ ਮਿਹਨਤ ਕਰਨਾ ਹੀ ਨਹੀਂ ਚਾਹੁੰਦੇ।ਕੀ ਸਹੀ ਹੈ, ਕੀ ਗਲਤ ਇਸ ਦੀ ਕਿਸੇ ਨੂੰ ਪਰਵਾਹ ਹੀ ਨਹੀਂ। ਸਿਰਫ਼ ਲੋਕਾਂ ਨੂੰ ਪਰੇਸ਼ਾਨ ਕਰਕੇ, ਉਨ੍ਹਾਂ ਤੋਂ ਪੈਸੇ ਮੁੱਛਣਾ ਹੀ ਅਜਿਹੇ ਲੋਕਾਂ ਦੀ ਨੀਅਤ ਬਣ ਚੁੱਕੀ ਹੈ।
ਰਸਤੇ ਤੋਂ ਲੰਘਦੇ ਹੋਏ ਉਹ ਅਜੇ ਸੋਚੀ ਪਈ ਹੋਈ ਸੀ।ਰਿਕਸ਼ੇਵਾਲ਼ੇ ਦੇ ਅਜੀਬ ਵਿਹਾਰ ਕਾਰਨ ਉਸ ਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਉਸ ਨੂੰ ਲੱਗਾ, ਜੇ ਕਿਸੇ ਜਾਣ-ਪਛਾਣ ਵਾਲ਼ੇ ਨੇ ਉਸ ਨੂੰ ਦੇਖ ਲਿਆ ਹੋਏਗਾ ਤਾਂ ਉਹ ਕੀ ਸੋਚੇਗਾ।ਫਿਰ ਵੀ ਉਸ ਨੇ ਹਿੰਮਤ ਕਰਕੇ ਕਿਹਾ, “ਤੇਰੇ ਰਿਕਸ਼ੇ ਵਿੱਚ ਬੈਠਣ ਤੋਂ ਚੰਗਾ ਤਾਂ ਪੈਦਲ ਚਲਣਾ ਹੈ। ਤੂੰ ਰਿਕਸ਼ਾ ਐਨੇ ਹੌਲੀ ਕਿਉਂ ਚਲਾ ਰਿਹਾ ਏਂ?”
ਉਸ ਨੇ ਅੱਗੋਂ ਲਾਪਰਵਾਹੀ ਨਾਲ ਕਿਹਾ, “ਕੀ ਹੋਇਆ?”
“ਕੀ ਹੋਇਆ? ਐਨੇ ਟੁੱਟੇ-ਭੱਜੇ ਰਿਕਸ਼ੇ ਵਿੱਚ ਕਿਸੇ ਔਰਤ ਨੂੰ ਬਿਠਾਉਂਦੇ ਹੋਏ ਤੈਨੂੰ ਜ਼ਰਾ ਵੀ ਮਾੜਾ ਨਹੀਂ ਲੱਗ ਰਿਹਾ।”
“ਇਸ ਵਿੱਚ ਮਾੜਾ ਲੱਗਣ ਦੀ ਕਿਹੜੀ ਗੱਲ ਹੈ? ਬਰਗੜ੍ਹ ਸਕੂਲ ਵਾਲੀ ਦੀਦੀ ਤਾਂ ਹਮੇਸ਼ਾ ਇਸੇ ਰਿਕਸ਼ੇ ਵਿੱਚ ਬੈਠ ਕੇ ਆਉਂਦੀ-ਜਾਂਦੀ ਹੈ। ਉਸ ਨੇ ਤਾਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ।”
ਮੈਨੂੰ ਲੱਗਾ, ਰਿਕਸ਼ੇ ਵਾਲ਼ਾ ਝੂਠ ਬੋਲ ਰਿਹਾ ਹੈ। ਆਪਣੀ ਗਲਤ ਗੱਲ ਨੂੰ ਛੁਪਾਉਣ ਲਈ ਕੁਝ ਵੀ ਬਕਵਾਸ ਕਰ ਹਿਰਾ ਹੈ। ਉਹ ਇਹ ਵੀ ਕਹਿ ਸਕਦਾ ਸੀ, ਸਾਨੂੰ ਗਰੀਬਾਂ ਨੂੰ ਆਖ਼ਰ ਰਿਕਸ਼ਾ ਚਲਾਉਣ ‘ਤੇ ਕਿੰਨੀ ਕੁ ਮਜ਼ਦੂਰੀ ਮਿਲਦੀ ਹੈ? ਇਸ ਟੁੱਟੇ-ਭੱਜੇ ਰਿਕਸ਼ੇ ਕਾਰਨ ਮਾਲਕ ਨੂੰ ਘੱਟ ਕਿਰਾਇਆ ਦੇਣਾ ਪੈਂਦਾ ਹੈ। ਪਰ ਉਹ ਤਾਂ ਵੱਧ ਮਜ਼ਦੂਰੀ ਲੈਣ ਦੇ ਚੱਕਰ ਵਿੱਚ ਘੁੰਮਾ-ਫਿਰਾ ਕੇ ਗੱਲਾਂ ਕਰ ਰਿਹਾ ਹੈ। ਅਪੂਰਵਾ ਨੂੰ ਮਹਿਸੂਸ ਹੋਇਆ, ਇਹ ਮੁੰਡਾ ਬਹੁਤ ਹੀ ਨੀਚ ਬਿਰਤੀ ਵਾਲ਼ਾ ਹੈ।
ਰਿਕਸ਼ਾ ਚਲਾਉਂਦੇ ਹੋਏ ਉਸ ਨੇ ਅਚਾਨਕ ਬਰੇਕ ਲਗਾਈ ਤੇ ਸਾਹਮਣੇ ਅਪਾਰਟਮੈਂਟਾਂ ਵੱਲ ਦੇਖਦੇ ਹੋਏ ਪੁੱਛਣ ਲੱਗਾ, “ਉਥੇ ਹੀ ਜਾਣਾ ਹੈ ਨ!” ਉਸ ਦੀਆਂ ਗੱਲਾਂ ਸੁਣ ਕੇ ਉਹ ਤਿਲਮਿਲਾ ਗਈ। ਕਹਿਣ ਲੱਗੀ, “ਤੈਨੂੰ ਉਸ ਆਦਮੀ ਨੇ ਐਨੇ ਚੰਗੇ ਤਰੀਕੇ ਨਾਲ ਸਮਝਾਇਆ, ਫਿਰ ਵੀ ਤੈਨੂੰ ਸਮਝ ਵਿੱਚ ਨਹੀਂ ਆਇਆ।”
ਫਿਰ ਇੱਕ ਹੋਟਲ ਦੇਖ ਕੇ ਉਸ ਨੂੰ ਯਾਦ ਆਇਆ, “ਹਾਂ, ਇਹੀ ਹੈ!” ਔਹ ਹੋ! ਅੱਜ ਸਵੇਰੇ ਕਿਸ ਦਾ ਮੂੰਹ ਦੇਖਿਆ ਸੀ ਕਿ ਇਸ ਰਿਕਸ਼ੇ ਵਿੱਚ ਬੈਠਣਾ ਪਿਆ।ਇਹ ਆਦਮੀ ਤਾਂ ਬੜਾ ਅਜੀਬ ਹੈ। ਉਸ ਨੇ ਮਨ ਹੀ ਮਨ ਸੋਚਿਆ, ਰਿਕਸ਼ੇ ਤੋਂ ਉਤਰ ਕੇ ਇਸ ਨੂੰ ਦੋ ਰੁਪਏ ਜ਼ਿਆਦਾ ਦੇ ਦੇਵਾਂਗੀ ਪਰ ਇਸ ਨੂੰ ਸੁਣਾਵਾਂਗੀ ਜ਼ਰੂਰ ਕਿ ਇਸ ਨੇ ਮੈਨੂੰ ਕਿੰਨਾ ਪਰੇਸ਼ਾਨ ਕੀਤਾ ਹੈ। ਸੋਚਦੇ ਹੋਏ ਹੀ ਉਸ ਦੀ ਨਜ਼ਰ ਟੈਲੀਫੋਨ ਬੂਥ ‘ਤੇ ਜਾ ਪਈ।
***
ਇਸ ਵੱਲ ਦੇਖਦੇ ਹੀ ਉਸ ਨੂੰ ਕਾਲਿਆ ਨਾਂ ਦਾ ਉਹ ਬਦਤਮੀਜ਼ ਆਦਮੀ ਦਾ ਧਿਆਨ ਆ ਗਿਆ। ਜਿਸ ਨੇ ਪੂਜਾ ਖ਼ਤਮ ਹੁੰਦੇ ਹੀ ਆਫਿਸ ਆ ਕੇ ਚੰਦਾ ਮੰਗਣਾ ਸ਼ੁਰੂ ਕਰ ਦਿੱਤਾ।ਜਦੋਂ ਪੁੱਛਿਆ ਗਿਆ ਕਿ ਪੂਜਾ ਤੋਂ ਬਾਅਦ ਕਿਸ ਗੱਲ ਦਾ ਚੰਦਾ ਵਸੂਲ ਰਿਹਾ ਏਂ?
ਤਾਂ ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾ, “ਨਹੀਂ, ਮੈਂ ਚੰਦਾ ਨਹੀਂ ਵਸੂਲ ਰਿਹਾ। ਤੁਸੀਂ ਬਸ ਮੈਨੂੰ ਵੀਹ ਰੁਪਏ ਦੇ ਦਿਓ।”
ਉਸ ਦੀ ਗੱਲ ਸੁਣ ਕੇ ਅਪੂਰਵਾ ਨੂੰ ਬਹਤੁ ਹੈਰਾਨੀ ਹੋਈ।ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਪੂਜਾ ਤੋਂ ਪਹਿਲਾ ਉਨ੍ਹਾਂ ਨੂੰ ਪੰਜਾਹ ਰੁਪਏ ਚੰਦੇ ਲਈ ਦਿੱਤੇ ਗਏ ਸਨ।ਜਦੋਂ ਉਸ ਨੇ ਇਹ ਗੱਲ ਕਹੀ ਤਾਂ ਉਹ ਬੇਸ਼ਰਮੀ ਨਾਲ ਕਹਿਣ ਲੱਗਾ, “ਤੁਹਾਡਾ ਇਸ ਗੱਲ ਨਾਲ ਕੀ ਲੈਣਾ-ਦੇਣਾ। ਮੈਂ ਇੱਥੋਂ ਦੀ ਸਜਾਵਟ ਕਰ ਰਿਹਾ ਹਾਂ ਤੇ ਪੈਸੇ ਉਹ ਲੋਕ ਕਿਵੇਂ ਲੈਣਗੇ।”
ਉਸ ਨੇ ਆਪਣੀ ਸਫਾਈ ਦੇਂਦੇ ਹੋਏ ਸਮਝਾਇਆ ਕਿ ਪੈਸੇ ਲੈਣ ਦਾ ਅਸਲੀ ਹੱਕਦਾਰ ਉਹ ਹੈ। ਕੁਝ ਦੇਰ ਤਕ ਉਹ ਖੜ੍ਹਾ ਰਿਹਾ। ਅਜੇ ਕੁਝ ਦਿਨ ਪਹਿਲਾ ਹੀ ਆਫਿਸ ਦਾ ਕੰਮ ਦਿਖਾ ਕੇ ਉਸ ਨੇ ਪੰਜਾਹ ਰੁਪਏ ਦਾ ਬਿਲ ਬਣਾ ਕੇ ਦਿੱਤਾ ਸੀ। ਹੁਣ ਫਿਰ ਵੀਹ ਰੁਪਏ ਇਸ ਨੂੰ ਕਿੱਥੋਂ ਦੇ ਦਿੱਤੇ ਜਾਣ। ਜਦਕਿ ਉਹ ਵਾਰ-ਵਾਰ ਵੀਹ ਰੁਪਏ ਦੀ ਰਟ ਲਗਾਉਂਦਾ ਰਿਹਾ।ਅਖ਼ੀਰ ਲੱਗਾ, ਜਿਵੇਂ ਉਸ ਨੂੰ ਗੱਲ ਸਮਝ ਵਿੱਚ ਆ ਗਈ ਹੋਵੇ। ਇਸੇ ਕਰਕੇ ਉਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ।
ਉਸ ਆਦਮੀ ਦੇ ਜਾਣ ਤੋਂ ਬਾਅਦ ਉਸ ਦੇ ਸਾਹਮਣੇ ਬੈਠੇ ਗਾਹਕ ਨੇ ਫੋਨ ਦਾ ਰਿਸੀਵਰ ਚੁੱਕਿਆ ਤਾਂ ਦੇਖਿਆ ਕਿ ਫੋਨ ਤਾਂ ਡੈੱਡ ਪਿਆ ਹੈ। ਉਸ ਨੇ ਮੱਥੇ ਉਤੇ ਹੱਥ ਮਾਰਦੇ ਹੋਏ ਮੈਨੇਜਰ ਨੂੰ ਪੁੱਛਿਆ, ‘ਕਿੱਧਰੇ ਇਸ ਆਦਮੀ ਨੇ ਹੀ ਤਾਂ ਕੋਈ ਕਾਰਸਤਾਨੀ ਨਹੀਂ ਕੀਤੀ?” ਉਸ ਦਾ ਸਾਥ ਦੇਂਦੇ ਹੋਏ ਦੂਜੇ ਗਾਹਕ ਨੇ ਕਿਹਾ, ‘ਹੋ ਸਕਦਾ ਹੈ। ਇਸ ਵਿੱਚ ਕੋਈ ਵੱਡੀ ਗੱਲ ਨਹੀਂ।”
***
ਇਸ ਤਰ੍ਹਾਂ ਕਰੀਬ ਪੰਦਰਾਂ ਦਿਨ ਬੀਤ ਗਏ।ਫੋਨ ਦੇ ਬਗੈਰ ਸਾਰੇ ਪਰੇਸ਼ਾਨ ਸਨ। ਸਾਰਿਆਂ ਨੂੰ ਜ਼ਰੂਰੀ ਗੱਲਾਂ ਦੀ ਜਾਣਕਾਰੀ ਮਿਲਣ ਵਿੱਚ ਮੁਸ਼ਕਲ ਹੋ ਰਹੀ ਸੀ। ਸਹਿਕਰਮੀਆਂ ਦਾ ਹਾਸਾ ਮੇਰੇ ਕੰਨਾਂ ਨੂੰ ਚੁੱਭਦਾ ਰਹਿੰਦਾ।
ਮੈਨੂੰ ਯਾਦ ਹੈ, ਕੋਈ ਕਹਿ ਰਿਹਾ ਸੀ, ‘ਇਕ ਵਾਰ ਮੈਂ ਘਰ ਨਹੀਂ ਸੀ ਤਾਂ ਮੇਰੀ ਬੀਵੀ ਨੇ ਫੋਨ ਵਾਲ਼ੇ ਨੂੰ ਵੀਹ ਰੁਪਏ ਨਾ ਦਿੱਤੇ ਤੇ ਵਾਪਸ ਭੇਜ ਦਿੱਤਾ ਸੀ।ਉਸ ਤੋਂ ਬਾਅਦ ਉਸ ਟੈਲੀਫੋਨ ਐਕਸਚੇਂਜ ਵੱਲ ਚੱਕਰ ਮਾਰਦੇ ਹੋਏ ਮੇਰੀਆਂ ਚੱਪਲਾਂ ਹੀ ਘਿਸ ਗਈਆਂ ਸਨ। ਮੈਨੂੰ ਪਰੇਸ਼ਾਨ ਦੇਖ ਕੇ ਅਖ਼ੀਰ ਇੱਕ ਜੂਨੀਅਰ ਇੰਜੀਨੀਅਰ ਨੇ ਕਿਹਾ, ‘ਉਸ ਲਾਇਨਮੈਨ ਦੇ ਹੱਥ ਵਿੱਚ ਪੰਜਾਹ ਰੁਪਏ ਕਿਉਂ ਨਹੀਂ ਰੱਖ ਦੇਂਦੇ। ਤੁਹਾਡਾ ਕੰਮ ਹੁਣੇ ਹੋ ਜਾਏਗਾ।ਉਸ ਵੇਲੇ ਮੈਂ ਚੁੱਪ ਰਿਹਾ। ਫਿਰ ਪੰਜਾਹ ਰੁਪਏ ਕੱਢ ਕੇ ਉਸ ਨੂੰ ਦਿੱਤੇ ਤੇ ਕਿਹਾ, ‘ਮੈਨੂੰ ਮਾਫ਼ ਕਰਨਾ। ਆਪਣੇ ਪੈਸੇ ਲੈ ਕੇ ਜਲਦੀ ਨਾਲ ਆਪਣਾ ਕੰਮ ਪੂਰਾ ਕਰ ਦਿਓ।’
ਮੇਰੇ ਮੂੰਹੋਂ ਅਜਿਹੇ ਮਜ਼ਾਕ ਭਰੇ ਬੋਲ ਸੁਣ ਕੇ ਉਹ ਹੋਰ ਵੀ ਗੰਭੀਰ ਹੋ ਗਿਆ। ਉਸ ਦਿਨ ਉਹ ਪੰਜਾਹ ਰੁਪਏ ਦੇ ਵਾਊਚਰ ਉਤੇ ਸਾਈਨ ਕਰਨ ਲਈ ਬਿਲਕੁਲ ਵੀ ਰਾਜ਼ੀ ਨ ਹੋਇਆ। ਪਰ ਮੈਨੇਜਰ ਨੇ ਸਮਝਾਉਂਦੇ ਹੋਏ ਕਿਹਾ, ‘ਫਾਲਸ ਦਿਖਾ ਕੇ, ਦਸਖ਼ਤ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ। ਇੰਜ ਲੱਗ ਰਿਹਾ ਸੀ, ਜਿਵੇਂ ਉਸ ਨੂੰ ਝੂਠਾ ਸਨਮਾਨ ਦੇਣ ਕਾਰਣ ਉਹ ਬਹੁਤ ਡਰਿਆ ਹੋਇਆ ਸੀ। ਸਰਵਿਸ ਨ ਦੇਣ ਦਾ ਡਰ ਉਸ ਦੀਆਂ ਅੱਖ਼ਾਂ ਵਿੱਚ ਸਾਫ਼ ਝਲਕ ਰਿਹਾ ਸੀ। ਮਜ਼ਬੂਰੀਵੱਸ ਉਸ ਨੂੰ ਪੈਸੇ ਦੇਣੇ ਪਏ। ਇਸ ਕਰਕੇ ਉਸ ਨੇ ਗੁੱਸੇ ਨਾਲ ਕਿਹਾ, “ਇਹ ਸਰਕਾਰੀ ਵਿਭਾਗ ਦਾ ਦਫ਼ਤਰ ਹੈ। ਇਹ ਇੱਕ ਜ਼ਰੂਰੀ ਸੰਸਥਾ ਹੈ। ਇੱਥੇ ਕੁਝ ਵੀ ਖਰਾਬ ਹੋਣ ਤੇ ਇਹ ਪੈਸੇ ਕਿਉਂ ਲਏਗਾ। ਚਲੋ, ਇਸ ਦੇ ਅਫਸਰ ਨੂੰ ਚਲ ਕੇ ਸ਼ਿਕਾਇਤ ਕਰੀਏ।”
ਸਭ ਬੇਕਾਰ ਦੀਆਂ ਗੱਲਾਂ ਹਨ। ਅੱਜ-ਕੱਲ੍ਹ ਕੌਣ ਕਿਸ ਦੀ ਸੁਣਦਾ ਹੈ! ਹੁਣੇ ਤਾਂ ਇਸ ਨੂੰ ਐਨੀ ਚੰਗੀ ਤਰ੍ਹਾਂ ਨਾਲ ਸਮਝਾਇਆ। ਫਿਰ ਵੀ ਉਸ ਨੇ ਕੋਈ ਜਵਾਬ ਨਾ ਦਿੱਤਾ।
ਉਸ ਦਿਨ ਇੱਛਾ ਨਾ ਹੋਣ ‘ਤੇ ਵੀ ਕੰਮ ਕਰਦੇ ਹੋਏ, ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ ਰਿਹਾ। ਹੁਣ ਚਾਰੇ ਪਾਸੇ ਬਦਮਾਸ਼ਾਂ ਦੀ ਗੁੰਡਾਗਰਦੀ ਵੱਧਣ ਲੱਗੀ ਹੈ।
***
ਕਰੀਬ ਹਫਤੇ ਬਾਅਦ ਉਹ ਆਦਮੀ ਫਿਰ ਆਫਿਸ ਆਇਆ।ਅਚਾਨਕ ਉਸ ਨੂੰ ਸਾਹਮਣੇ ਦੇਖ ਕੇ ਵੀ ਉਹ ਪਛਾਣ ਨਾ ਸਕੀ। ਪਰ ਉਹ ਆਫਿਸ ਕਿਉਂ ਆਇਆ ਸੀ। ਸਿਰਫ਼ ਚੱਕਰ ਮਾਰਨ ਜਾਂ ਫਿਰ ਕੁਝ ਖੋਜ-ਪੜਤਾਲ ਕਰਨ ਲਈ ਕਿ ਫੋਨ ਠੀਕ ਹੈ ਕਿ ਨਹੀਂ? ਉਸ ਦੇ ਜਾਣ ਦੇ ਕੁਝ ਦੇਰ ਬਾਅਦ ਹੀ ਫੋਨ ਫਿਰ ਡੈੱਡ ਹੋ ਗਿਆ ਸੀ।
ਹੁਣ ਉਸ ਦਾ ਸਬਰ ਖ਼ਤਮ ਹੋਣ ਲੱਗ ਪਿਆ। ਵਾਰ-ਵਾਰ ਅਜਿਹੀਆਂ ਗੱਲਾਂ ਤੋਂ ਉਸ ਦੇ ਮਨ ਨਿਰਾਸ਼ ਹੋ ਗਿਆ ਸੀ। ਐਨੀ ਵਾਰ ਸ਼ਿਕਾਇਤ ਦੀ ਅਰਜ਼ੀ ਦੇਣ ਦੇ ਬਾਵਜੂਦ ਕੋਈ ਵੀ ਆਦਮੀ ਫੋਨ ਠੀਕ ਕਰਨ ਲਈ ਨ ਆਇਆ।ਇਕ ਦਿਨ ਆਫਿਸ ਦੇ ਸਾਰੇ ਲੋਕਾਂ ਨੇ ਦੇਖਿਆ, ਉਹ ਆਦਮੀ ਫੋਨ ਦੇ ਖੰਭੇ ਤੇ ਚੜ੍ਹ ਕੇ ਕੁਝ ਦੇਖ ਰਿਹਾ ਸੀ। ਉਸ ਨੂੰ ਪਛਾਣਦੇ ਹੋਏ, ਮੈਂ ਉੱਚੀ ਆਵਾਜ਼ ਵਿੱਚ ਕਿਹਾ, ‘ਇਸ ਨੂੰ ਠੀਕ ਕਿਉਂ ਨਹੀਂ ਕਰ ਰਹੇ ਹੋ।ਕੀ ਖ਼ਰਾਬੀ ਹੈ।’
ਉਸ ਨੇ ਮੁਸਕਰਾਉਂਦੇ ਹੋਏ ਕਿਹਾ, ‘ਕੇਬਲ ਵਿੱਚ ਫੋਲਟ ਹੈ। ਤੁਸੀਂ ਜੇ.ਈ. ਨੂੰ ਫੋਨ ਕਰੋ। ਸ਼ਾਇਦ ਬੋਰਡ ਵਿੱਚ ਕੋਈ ਡਿਫੇਕਟ ਹੋ ਸਕਦਾ ਹੈ।’
ਉਸ ਦੀ ਗੱਲ ਸੁਣਦੇ ਹੀ ਮੈਂ ਆਪਣੀ ਗੱਡੀ ਨੂੰ ਪਾਰਕ ਕੀਤਾ ਤੇ ਦੌੜ ਕੇ ਸਾਰਿਆਂ ਨੂੰ ਦੱਸਿਆ ਕਿ ਉਹ ਆਦਮੀ ਖੰਭੇ ਤੇ ਚੜ੍ਹ ਕੇ ਕੰਮ ਕਰ ਰਿਹਾ ਹੈ। ਇਹ ਸੁਣਦੇ ਹੀ ਆਫਿਸ ਦੇ ਸਾਰੇ ਲੋਕ ਖੰਭੇ ਕੋਲ ਆ ਕੇ ਦੇਖਣ ਲੱਗ ਪਏ, ਜਿਵੇਂ ਉਨ੍ਹਾਂ ਦੇ ਹੱਥ ਕੋਈ ਲਾਟਰੀ ਲੱਗ ਗਈ ਹੋਵੇ। ਕੋਈ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਕੋਈ ਪਿਆਰ ਨਾਲ ਕਹਿ ਰਿਹਾ ਸੀ, ਜਿੰਨੇ ਵੀ ਪੈਸੇ ਚਾਹੀਦੇ ਹਨ, ਲੈ ਲੈ। ਪਰ ਅੱਜ ਕੰਮ ਪੂਰਾ ਕਰਕੇ ਜਾਈਂ।
ਉਸ ਵੇਲੇ ਉਸ ਆਦਮੀ ਦਾ ਮਹੱਤਵ ਐਨਾ ਵੱਧ ਗਿਆ ਜਿਵੇਂ ਪ੍ਰਤੱਖ ਈਸ਼ਵਰ ਸਾਹਮਣੇ ਆ ਗਿਆ ਹੋਵੇ। ਇਸੇ ਕਰਕੇ ਸਾਰੇ ਲੋਕ ਉਸ ਅੱਗੇ ਗੋਡੇ ਟੇਕ ਰਹੇ ਸਨ। ਮੈਂ ਆਪਣੇ ਘਰ ਦੀ ਬਾਲਕੋਨੀ ਤੋਂ ਇਹ ਸਭ ਦੇਖ ਰਿਹਾ ਸੀ ਕਿ ਜਦੋਂ ਬੰਦੇ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਹੁੰਦਾ ਤਾਂ ਬੰਦਾ ਕਿੰਨਾ ਬੇਬਸ ਹੋ ਜਾਂਦਾ ਹੈ। ਉਸ ਦਾ ਚਿਹਰਾ ਕਿੰਨਾ ਦੀਨ-ਹੀਨ ਜਿਹਾ ਹੋ ਜਾਂਦਾ ਹੈ।’
ਅਖ਼ੀਰ ਮੈਂ ਆਪ ਹੇਠਾਂ ਉਤਰ ਕੇ, ਆਫਿਸ ਦੇ ਚਪੜਾਸੀ ਨੂੰ ਕਿਹਾ, ‘ਉਸ ਨੂੰ ਕਹਿ, ਜਿੰਨੇ ਵੀ ਪੈਸੇ ਲੈਣੇ ਹਨ, ਲਵੇ, ਪਰ ਕੰਮ ਅੱਜ ਪੂਰਾ ਕਰਕੇ ਜਾਵੇ।’ ਉਸ ਦਿਨ ਮੈਨੂੰ ਆਪਣੀਆਂ ਗੱਲਾਂ ਤੋਂ ਲੱਗਾ ਕਿ ਮੈਂ ਕਿੰਨਾ ਬੇਬਸ ਹੋ ਗਿਆ ਹਾਂ। ਹੁਣ ਤਾਂ ਮੇਰੇ ਕੋਲ ਜ਼ੋਰ ਨਾਲ ਚੀਖਣ ਦੀ ਹਿੰਮਤ ਵੀ ਨਹੀਂ ਰਹੀ। ਹੁਣ ਮੇਰੇ ਕੋਲ ਬੇਇਨਸਾਫ਼ੀ ਦੇ ਵਿਰੁੱਧ ਕੁਝ ਵੀ ਕਹਿਣ ਲਈ ਨ ਤਾਕਤ ਬਚੀ ਸੀ ਤੇ ਨਾ ਹੀ ਵਕਤ ਰਿਹਾ ਸੀ। ਮੈਂ ਆਪਣੀ ਜੇਬ ਵਿਚੋਂ ਵੀਹ ਦਾ ਨੋਟ ਕੱਢ ਕੇ ਉਸ ਵੱਲ ਵੱਧਾ ਦਿੱਤਾ। ਇਸ ਤੋਂ ਪਹਿਲਾਂ ਵੀ ਜੋ ਆਦਮੀ ਮੇਰੇ ਤੋਂ ਵੀਹ ਰੁਪਏ ਲੈ ਕੇ ਗਿਆ ਸੀ, ਉਸ ਦੀ ਤਾਂ ਨੌਕਰੀ ਹੀ, ਇਹ ਕੰਮ ਕਰਨ ਦੀ ਸੀ। ਉਸ ਦੀ ਜ਼ਿੰਮੇਵਾਰੀ ਸੀ ਕਿ ਇਹ ਕੰਮ ਉਹ ਆਪ ਹੀ ਕਰੇ। ਪਰ ਉਸ ਨੇ ਤਾਂ ਪੈਸੇ ਲੈ ਕੇ ਵੀ ਇਹ ਕੰਮ ਨਹੀਂ ਕੀਤਾ ਸੀ।
***
ਜੇ ਇਹ ਰਿਕਸ਼ੇ ਵਾਲ਼ਾ ਉਸ ਨੂੰ ਝੂਠ ਬੋਲ ਕੇ ਰਸਤੇ ਦੇ ਵਿਚਕਾਰ ਤੰਗ ਨਾ ਕਰਦਾ ਤਾਂ ਉਹ ਵੀ ਉਸ ਨੂੰ ਦੋ ਰੁਪਏ ਜ਼ਿਆਦਾ ਦੇਣ ਵਿੱਚ ਕੋਈ ਆਨਾਕਾਨੀ ਨਾ ਕਰਦੀ। ਪਰ ਬੰਦਾ ਸਮਾਜ ਦੇ ਹਰ ਖੇਤਰ ਵਿੱਚ ਬੇਇਨਸਾਫ਼ੀ ਦਾ ਵਿਰੋਧ ਨਹੀਂ ਕਰ ਸਕਦਾ। ਅਜਿਹਾ ਨ ਕਰਕੇ ਉਹ ਆਪਣੀ ਅੰਤਰ-ਆਤਮਾ ਨੂੰ ਹੋਰ ਕਾਇਰ ਹੀ ਬਣਾ ਕੇ ਸਜ਼ਾ ਦੇਂਦਾ ਹੈ। ਬੰਦੇ ਲਈ ਦੂਜਿਆਂ ਦੀ ਨਜ਼ਰ ਵਿੱਚ ਬੇਇੱਜ਼ਤ ਹੋਣ ਦੀ ਬਜਾਏ ਆਪਣੀਆਂ ਨਜ਼ਰਾਂ ਵਿੱਚ ਬੇਇੱਜ਼ਤ ਹੋਣ ਦੀ ਭਿਆਨਕ ਤਕਲੀਫ਼ ਨੂੰ ਸਹਿਣ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।
ਇਨ੍ਹਾਂ ਸੋਚਾਂ ਵਿੱਚ ਡੁੱਬੀ ਹੀ ਮੈਂ ਆਪਣੇ ਅਪਾਰਟਮੈਂਟ ਕੋਲ ਪਹੁੰਚ ਗਈ। ਉਦੋਂ ਮੈਂ ਰਿਕਸ਼ੇ ਵਾਲ਼ੇ ਨੂੰ ਕਿਹਾ, “ਉਸ ਸੱਜਣ ਬੰਦੇ ਨੇ ਤੈਨੂੰ ਦੋ ਰੁਪਏ ਵਾਧੂ ਦੇਣ ਲਈ ਕਿਹਾ ਸੀ, ਇਸ ਕਰਕੇ ਜ਼ਿਆਦਾ ਰੁਪਏ ਦੇ ਰਹੀ ਹਾਂ।ਪਰ ਹਾਂ, ਅੱਜ ਤੋਂ ਬਾਅਦ ਕਿਸੇ ਨੂੰ ਵੀ ਆਪਣੇ ਰਿਕਸ਼ੇ ਵਿੱਚ ਬਿਠਾਉਣ ਤੋਂ ਪਹਿਲਾ ਚੰਗੀ ਤਰ੍ਹਾਂ ਪੁੱਛ ਕੇ ਹੀ ਬਿਠਾਈਂ। ਇੰਜ ਅੱਧੇ ਰਸਤੇ ਵਿੱਚ ਪਰੇਸ਼ਾਨ ਨਾ ਕਰੀਂ।”
ਇਹ ਕਹਿੰਦੇ ਹੋਏ ਮੈਂ ਵਿਸ਼ਵਾਸ ਨਾਲ ਮੁੜੀ ਤੇ ਆਪਣੇ ਘਰ ਵੱਲ ਚਲ ਪਈ।



Read more
ਮੈਂ ਕੌਣ ਹਾਂ : (ਤੇਲਗੂ ਕਹਾਣੀ)
ਧੂੰਆਂ : (ਉਰਦੂ ਕਹਾਣੀ)
ਅਦਮ ਖ਼ਾਂ ਤੇ ਦੁਰਖ਼ਾਨੀ (ਪਸ਼ਤੂਨ ਪ੍ਰੇਮ ਕਹਾਣੀ)