January 19, 2026

ਅਦਮ ਖ਼ਾਂ ਤੇ ਦੁਰਖ਼ਾਨੀ (ਪਸ਼ਤੂਨ ਪ੍ਰੇਮ ਕਹਾਣੀ)

ਅਦਮ ਖ਼ਾਂ ਤੇ ਦੁਰਖ਼ਾਨੀ

ਸਦੀਆਂ ਤੋਂ ਹਸੀਨ ਸਵਾਤ ਘਾਟੀ ਦੇ ਬਰਫ਼ੀਂ ਕੱਜੇ ਪਹਾੜਾਂ ‘ਚ ਦੁਰਖ਼ਾਨੀ-ਅਦਮ ਖ਼ਾਨ ਦਾ ਕਿੱਸਾ ਗੂੰਜ ਰਿਹਾ ਹੈ। ਕੂਜੇ-ਬਜ਼ਦਾਰੇ ਦੇ ਸਰਦਾਰ ਹਸਨ ਖ਼ਾਨ ਦਾ ਇਕਲੌਤਾ ਛੋਕਰਾ ਰਬਾਬੀ ਅਦਮ ਖ਼ਾਨ ਬਾਰੇ-ਬਜ਼ਦਾਰੇ ਦੇ ਰਈਸ ਤਵਸ ਖ਼ਾਨ ਦੀ ਇਕਲੌਤੀ ਖੂਬਸੂਰਤ ਧੀ ਦੁਰਖ਼ਾਨੀ ਦੇ ਇਸ਼ਕ ਵਿੱਚ ਆਪਾ ਨਿਛਾਵਰ ਕਰ ਗਿਆ। ਸੱਭਿਅਕ ਸਮਾਜ ਦੇ ਸਾਰੇ ਹੱਦਾਂ-ਬੰਨੇ ਤੋੜ ਦੋਹਾਂ ਨੇ ਇਕੱਠਿਆਂ ਹੋਣ ਲਈ ਅਣਥੱਕ ਯਤਨ ਕੀਤੇ, ਪਰ ਕਬਾਇਲੀ ਰਿਵਾਜਾਂ ਨੇ ਦੋਹਾਂ ਦੀ ਸਰੀਰਕ ਅਲਹਿਦਗੀ ਲਿਖ ਦਿੱਤੀ। ਫੇਰ ਰੂਹਾਂ ਨੇ ਸੰਤਾਪ ਝੱਲਿਆ। ਵਿਛੋੜਾ ਹੰਢਾਉਂਦੇ ਅਦਮ ਖ਼ਾਨ ਨੂੰ ਜੋਗ ਮਿਲਿਆ ਤੇ ਬੇਬਸ ਦੁਰਖ਼ਾਨੀ ਅਦਮ ਨੂੰ ਯਾਦ ਕਰਦੀ ਬਉਲੀ ਹੋ ਗਈ। ਮੌਤ ਦੋਹਾਂ ਇਸ਼ਕ-ਵਣਜਾਰਿਆਂ ਲਈ ਮਲ੍ਹਮ ਬਣ ਕੇ ਬੌਹੜੀ। ਆਖ਼ਰ ਦੋ ਸਰੀਰਾਂ ਨੂੰ ਇੱਕ ਕਬਰ ਨਸੀਬ ਹੋਈ ਅਤੇ ਰੂਹਾਂ ਦਾ ਮੇਲ ਹੋਇਆ। ਪੰਜਾਬੀ ‘ਚ ਪਹਿਲੀ ਵਾਰ ਪਸ਼ਤੋ ਭਾਸ਼ਾ ਦਾ ਇਹ ਲਾਸਾਨੀ ਕਿੱਸਾ ਲੈ ਕੇ ਹਾਜ਼ਰ ਹੋ ਰਹੇ ਹਾਂ। ਇਸ ਅੰਕ ਵਿੱਚ… —ਸੋਨੀਆ ਮਨਜਿੰਦਰ

 

ਮਨਦੀਪ ਸਿੰਘ ਚਹਿਲ

ਕੋਟਕਪੂਰੇ ਦੇ ਰਹਿਣ ਵਾਲ਼ੇ ਮਨਦੀਪ ਸਿੰਘ ਚਹਿਲ ਨੇ ਵਿਗਿਆਨ ਨਾਲ ਜੁੜੀਆਂ ਚਾਰ ਕਿਤਾਬਾਂ ਲਿਖੀਆਂ ਹਨ। ਇਹਨਾਂ ਪੁਸਤਕਾਂ ‘ਚ ਗਲੀਲੀਓ-ਨਿਊਟਨ ਤੋਂ ਲੈ ਕੇ ਅਜੋਕੀ ਸਟਰਿੰਗ ਥਿਊਰੀ ਤੱਕ ਚਾਰ ਸੌ ਸਾਲ ਦੇ ਵਿਗਿਆਨ ਦੇ ਸਫ਼ਰ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਕੁਆਂਟਮ ਥਿਊਰੀ ‘ਤੇ ਲਿਖੀ ਮਨਦੀਪ ਦੀ ਪੁਸਤਕ ਵਿਗਿਆਨ ਦੇ ਅਧਿਆਪਕਾਂ ਦੀ ਵੀ ਪਹਿਲੀ ਪਸੰਦ ਰਹੀ ਹੈ। ਆਟਮ ਆਰਟ ਅਤੇ ਪੀਪਲਜ਼ ਫੋਰਮ ਬਰਗਾੜੀ ਦੁਆਰਾ ਪ੍ਰਕਾਸ਼ਤ ਇਹ ਪੁਸਤਕਾਂ ਵਿਗਿਆਨ ਵਿੱਚ ਰੁਚੀ ਨਾ ਲੈਣ ਵਾਲ਼ੇ ਪਾਠਕਾਂ ‘ਚ ਵੀ ਕਾਫੀ ਮਕਬੂਲ ਹਨ। ਪੰਜਾਬੀ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਰਿਸਰਚ ਜਰਨਲਾਂ ‘ਚ ਮਨਦੀਪ ਦੇ ਲਿਖੇ ਆਰਟੀਕਲ ਸਮੇਂ-ਸਮੇਂ ਸਿਰ ਛਪਦੇ ਰਹਿੰਦੇ ਹਨ। ਮਨਦੀਪ ਪਿਛਲੇ ਤੇਈ-ਚੌਵੀ ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦਾ ਅਧਿਆਪਕ ਹੈ। ਉਸਨੇ ਸਕੂਲਾਂ, ਡਿਗਰੀ ਕਾਲਜਾਂ ਅਤੇ ਤਕਨੀਕੀ ਅਤੇ ਮੈਨਜਮੈਂਟ ਕਾਲਜਾਂ ‘ਚ ਅੰਗਰੇਜ਼ੀ ਭਾਸ਼ਾ ਦੀਆਂ ਪੇਚੀਦਗੀਆਂ ਅਤੇ ਸਾਹਿਤਕ ਕਲਾਵਾਂ ਨਾਲ ਜਿਗਿਆਸੂ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਹੈ।

ਰਸਮਾਂ-ਰਿਵਾਜਾਂ ਦੀ ਜ਼ਾਲਮ ਤੰਗਲੀ ਵੀ ਅਦਮ ਤੇ ਦੁਰਖ਼ਾਨੀ ਨੂੰ ਨਾ ਕਰ ਸਕੀ ਵੱਖ

ਅਜ਼ਲਾਂ ਦਾ ਵੇਲਾ। ਪਸਾਰੇ ਦੀ ਹੋਂਦ ਤੋਂ ਕੁਝ ਪਲ ਪਹਿਲਾਂ। ਪ੍ਰਕਾਸ਼ ਰੂਪੀ ਦੋ ਪਵਿੱਤਰ ਰੂਹਾਂ ਦਾ ਮੇਲ ਹੋਇਆ। ਦੋਹਾਂ ਇੱਕ-ਦੂਜੇ ਦੀ ਪਰਕਰਮਾ ਕੀਤੀ। ਵੱਡੇ ਵਕਫ਼ੇ ਮਗਰੋਂ ਦੋਹਾਂ ਨੇ ਧਰਤਾਂ ‘ਤੇ ਮਿਲਣੇ ਦਾ ਅਹਿਦ ਕੀਤਾ। ਅਹਦ ਮੁਕਾ ਰੂਹਾਂ ਪ੍ਰਕਾਸ਼ ਦੀ ਡਾਰ ਬਣ ਇੱਕ-ਦੂਜੇ ਤੋਂ ਉਲਟ ਦਿਸ਼ਾ ‘ਚ ਅਲੋਪ ਹੋ ਗਈਆਂ। ਨਾਲ਼ ਹੀ ਅਣਗਿਣਤ-ਅਣਗਿਣਤ ਹੋਰ ਰੂਹਾਂ ਨੇ ਪ੍ਰਕਾਸ਼ ਬਣ ਆਪੋ-ਆਪਣਾ ਸਫ਼ਰ ਸ਼ੁਰੂ ਕੀਤਾ। ਫਿਰ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ। ਅਰਬਾਂ ਸਾਲਾਂ ਬਾਅਦ ਦੋ ਪਾਕ ਰੂਹਾਂ ਦਾ ਧਰਤ ‘ਤੇ ਸੁਰਗ ਕਹੇ ਜਾਣ ਵਾਲੀ ਸਵਾਤ ਘਾਟੀ ਵਿੱਚ ਮਿਲਣਾ ਤੈਅ ਸੀ। ਅਦਮ ਤੇ ਦੁਰਖ਼ਾਨੀ ਦਾ ਰੂਪ ਲੈ ਕੇ।)

 

ਉੱਤਰੀ ਪਾਕਿਸਤਾਨ ਦੀ ਸਵਾਤ ਘਾਟੀ। ਇਹ ਘਾਟੀ ਦੁਨੀਆ ਦੇ ਖੂਬਸੂਰਤ ਇਲਾਕਿਆਂ ‘ਚ ਸਦਾ ਸ਼ੁਮਾਰ ਰਹੀ ਹੈ। ਪੱਥਰਾਂ ਉੱਤੋਂ ਲੰਘਦਾ ਚਾਂਦੀ ਰੰਗਾ ਦਰਿਆ, ਮਨਮੋਹਕ ਬਨਸਪਤੀ, ਰੰਗ-ਬਿਰੰਗੇ ਪੰਛੀ ਅਤੇ ਖੂੰਖਾ

ਰ ਪਹਾੜੀ ਜਾਨਵਰ ਇਲਾਕੇ ਦੀ ਵੰਨ-ਸਵੰਨਤਾ ਨੂੰ ਅਮੀਰ ਕਰਦੇ ਹਨ। ਹਿੰਦ-ਕੁਸ਼ ਪਰਬਤ ਲੜੀ ਦੇ ਇਸ ਪੂਰਬੀ ਹਿੱਸੇ ਨੂੰ ਸਦੀਆਂ ਤੋਂ ਸਵਾਤ ਦਰਿਆ ਨੇ ਜ਼ਰਖੇਜ਼ ਕੀਤਾ ਹੈ। ਖੈਬਰ-ਪਖਤੂਨਵਾ ਦੇ ਮਾਲਕੰਦ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਸਵਾਤ ਘਾਟੀ ਕੁਦਰਤੀ ਨਜ਼ਾਰਿਆਂ ਵਿੱਚ ਲਬਰੇਜ਼ ਹੋ, ਚਿਤ੍ਰਾਲ ਜ਼ਿਲ੍ਹੇ ਤੱਕ ਫੈਲੀ ਹੋਈ ਹੈ। ਅੱਜ ਇਹ ਇਲਾਕਾ ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਪ੍ਰਾਂਤ (NW6P) ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਤਕਰੀਬਨ ਪੰਜ ਸੌ ਸਾਲ ਦੇ ਅਮੀਰ ਅਰਸੇ ਤੋਂ ਪਹਿਲਾਂ ਇਸ ਇਲਾਕੇ ਵਿੱਚ ਯੂਸਫ਼ਜ਼ਈ ਕਬੀਲੇ ਨਾਲ਼ ਹਿੰਦੁਸਤਾਨ ਦੇ ਸਿਰਮੌਰ ਬਾਦਸ਼ਾਹ ਜਲਾਲੂਦੀਨ ਅਕਬਰ ਦੀਆਂ ਫੌਜਾਂ ਦੀ ਲੜਾਈ ਦੇ ਸਬੂਤ ਮਿਲਦੇ ਹਨ। ਉਹਨਾਂ ਦਿਨਾਂ ਵਿੱਚ ਇਸ ਇਲਾਕੇ ਵਿੱਚ ਅਦਮ ਖ਼ਾਨ ਅਤੇ ਦੁਰਖ਼ਾਨੀ ਦਾ ਕਿੱਸਾ ਬੜਾ ਮਕਬੂਲ ਸੀ। ਇਸ ਕਿੱਸੇ ਨੂੰ ਲਿਖਣ ਵਾਲ਼ੇ ਕਈ ਪਸ਼ਤੂਨ ਕਵੀ ਹੋਏ ਹਨ, ਜਿਨ੍ਹਾਂ ‘ਚੋਂ ਪ੍ਰਮੁੱਖ ਹੈ ਸਦਰ ਖ਼ਾਨ। ਸਦਰ ਖ਼ਾਨ ‘ਖ਼ਟਕ’ ਨੇ ਇਹ ਕਿੱਸਾ ਸਾਲ 1118 ਹਿਜਰੀ ਵਿੱਚ ਲਿਖਿਆ ਸੀ ਜੋ ਤਕਰੀਬਨ 1706-07 ਈਸਵੀਂ ਬਣਦਾ ਹੈ। ਪਰ ਇਸ ਤੋਂ ਵੀ ਪਹਿਲਾਂ ਅਕਬਰ ਕਾਲ ਦੇ ਸਮਕਾਲੀ ਸਾਹਿਤ ਵਿੱਚ ਇਸ ਕਿੱਸੇ ਦਾ ਜ਼ਿਕਰ ਆਉਂਦਾ ਹੈ। ਲੋਕ ਗੀਤਾਂ ਵਿੱਚ ਵੀ ਇਸ ਕਿੱਸੇ ਦੇ ਮੌਖਿਕ ਰੂਪ ‘ਚ ਪ੍ਰਚਲਤ ਹੋਣ ਦੇ ਪੁਖਤਾ ਸਬੂਤ ਮਿਲਦੇ ਹਨ। ਸਰੋਤਾਂ ਨੂੰ ਇੱਕਠੇ ਕਰ ਪਸ਼ਤੋ ਅਕੈਡਮੀ ਨੇ ਪਹਿਲੀ ਵਾਰ ਇਹ ਕਿੱਸਾ 1959 ਈਸਵੀਂ ਵਿੱਚ ਛਪਵਾਇਆ ਸੀ। ਉਸ ਅਕੈਡਮੀ ਮੁਤਾਬਕ ਇਸ ਕਿੱਸੇ ਵਿਚਲਾ ਵਿਲੱਖਣ ਅਦਮ ਖ਼ਾਨ ਮਹਾਰਾਜਾ ਅਕਬਰ ਦਾ ਸਮਕਾਲੀ ਸੀ। ਅਦਮ ਕੂਜੇ-ਬਜ਼ਦਾਰੇ ਦਾ ਰਹਿਣ ਵਾਲ਼ਾ ਸੀ ਅਤੇ ਦੁਰਖ਼ਾਨੀ ਬਾਰੇ-ਬਜ਼ਦਾਰੇ ਦੀ। ਅੱਜ ਵੀ ਇਸ ਇਲਾਕੇ ਵਿੱਚ ਦੋਹਾਂ ਮੁਹੱਬਤੀ ਰੂਹਾਂ ਦੀ ਸਾਂਝੀ ਵੱਡੀ ਕਬਰ ਵੇਖੀ ਜਾ ਸਕਦੀ ਹੈ। ਇਸ਼ਕੇ ਦੀਆਂ ਤੰਦਾਂ ਤਣਦੇ ਦੋ ਨੌਜਵਾਨ ਦਿਲਾਂ ਨੂੰ ਇਸ ਵਰਤਾਰੇ ਨੂੰ ਇਓਂ ਆਪਣੇ ਅੰਦਰ ਵਲ੍ਹੇਟਿਆ ਕਿ ਰਸਮਾਂ-ਰਿਵਾਜਾਂ ਦੀ ਜਾਲਮ ਤੰਗਲੀ ਵੀ ਉਹਨਾਂ ਨੂੰ ਅੱਡ ਨਾ ਕਰ ਸਕੀ। ਉਹ ਇੱਕ-ਮਿਕ ਹੋ, ਇਸ ਘਾਟੀ ਅੰਦਰ ਸਦੀਆਂ ਤੋਂ ਇਸ਼ਕ-ਮਿਜਾਜ਼ੀ ਦੀਆਂ ਖੁਸ਼ਬੋਆਂ ਬਿਖੇਰ ਰਹੇ ਹਨ।

ਸਮਾਂ : 970 ਹਿਜਰੀ
ਸਥਾਨ : ਬਾਰੇ-ਬਜ਼ਦਾਰੇ ਦੀ ਇੱਕ ਹਸੀਨ ਸ਼ਾਮ
ਦਾਸਤਾਂ ਦੁਰਖ਼ਾਨੀ-ਅਦਮ ਖ਼ਾਨ

ਮੌਸਮ ਦੇ ਬਦਲਦੇ ਮਿਜ਼ਾਜ਼ ਸਦਕਾ ਪਤਝੜ ਦੀ ਰੁੱਤੇ। ਬਲਿਹਾਰੀ ਹਰੀ ਸਵਾਤ ਘਾਟੀ ਸੋਨੇ ਰੰਗੇ ਰੰਗਾਂ ‘ਚ ਤਬਦੀਲ ਹੋ ਰਹੀ ਸੀ। ਚਾਂਦੀ ਰੰਗਾ ਪਾਣੀ ਢੋਂਹਦਾ ਸਵਾਤ ਦਰਿਆ ਆਪਣੇ ਵੇਗ ਨੂੰ ਘਟਾ ਰਿਹਾ ਸੀ। ਜਿਵੇਂ ਨਿਰਾ-ਪੁਰਾ ਸੁਰਗ ਧਰਤ ‘ਤੇ ਆਣ ਡਿੱਗਾ ਹੋਵੇ। ਉੱਤਰ ਵਲੋਂ ਆਉਂਦੀਆਂ ਮਨਮੋਹਕ ਠੰਢੀਆਂ ਹਵਾਵਾਂ ਆਪਣੇ ਨਾਲ਼ ਸਰਦ ਰੁੱਤ ਲੈ ਕੇ ਆ ਰਹੀਆਂ ਸਨ। ਅਜਿਹੇ ਵਿੱਚ ਇੱਕ ਖਾਸ ਦਿਨ ਬਾਰੇ ਬਜ਼ਦਾਰੇ ਦੇ ਨੌਜਵਾਨ ਮੁੰਡੇ-ਕੁੜੀਆਂ ਸਜ-ਧਜ ਕੇ ਦਾਅਵਤਾਂ ਲਈ ਇੱਕਠੇ ਹੋ, ਖਰਮਸਤੀਆਂ ਕਰ ਰਹੇ ਸਨ। ਬਾਰੇ ਦੇ ਚੋਬਰ ਬਬਰਾਕ ਖ਼ਾਨ ਦਾ ਨਿਕਾਹ ਇਸੇ ਪਿੰਡ ਦੀ ਹੀ ਖੂਬਸੂਰਤ ਆਇਸ਼ਾ ਨਾਲ਼ ਮੁਕੱਰਰ ਹੋਇਆ ਸੀ। ਸ਼ਾਦੀ ਵਾਲ਼ੇ ਦਿਨ ਤੋਂ ਇੱਕ ਰਾਤ ਪਹਿਲਾਂ ਦੋਹਾਂ ਘਰਾਂ ਵਲੋਂ ਰੱਖੀਆਂ ਗਈਆਂ ਇਸ਼ਰਤਾਂ ਦਾ ਦੌਰ ਜ਼ੋਰਾਂ ‘ਤੇ ਸੀ। ਬਬਰਾਕ ਦਾ ਪੱਗ-ਵੱਟ ਭਰਾ ਤੇ ਪਿੰਡ ਦਾ ਰਈਸ ਨੌਜਵਾਨ ਪੀਯੂ ਖ਼ਾਨ ਸਾਰੇ ਪ੍ਰਬੰਧ ਨੂੰ ਵੇਖ ਰਿਹਾ ਸੀ। ਮੁੰਡਿਆਂ ਲਈ ਸ਼ਾਮ ਦੀ ਮਹਿਫ਼ਲ ਅਤੇ ਦਾਅਵਤ ਪੀਯੂ ਦੇ ਹੀ ਨਵੇਂ ਉਸਰੇ ‘ਹੁਜਰੇ’ ਵਿੱਚ ਸਜਾਈ ਗਈ ਸੀ। ਮਹਿਫ਼ਲ ਵਿੱਚ ਸੰਗੀਤ ਭਰਨ ਲਈ ਪੀਯੂ ਨੇ ਕੂਜੇ ਦੇ ਪ੍ਰਚਲਤ ਨੌਜਵਾਨ ਰਬਾਬੀ ਅਦਮ ਖ਼ਾਨ ਨੂੰ ਸੱਦਿਆ ਸੀ। ਅਦਮ ਦੀ ਰਹੱਸਮਈ ਰਬਾਬ ਦੀਆਂ ਧੁਨਾਂ ‘ਚੋਂ ਮੰਤਰ-ਮੁਗਧ ਕਰਦਾ ਨਿਰਾ ਜਾਦੂ ਨਿਕਲਦਾ ਸੀ।
ਸ਼ਿੰਗਾਰੇ ਹੋਏ ਹੁਜਰੇ ਦੇ ਗੁਆਂਢ ਹੀ ਹੋਣ ਵਾਲੀ ਦੁਲਹਨ ਆਇਸ਼ਾ ਦਾ ਘਰ ਸੀ। ਲਾੜੀ ਦੇ ਘਰ ਪਿੰਡ ਦੀਆਂ ਕੁੜੀਆਂ ਬਹੁ-ਰੰਗੀ ਰੇਸ਼ਮੀ ਕੂਚੀਆਂ ਪਹਿਨ ਇਕੱਠੀਆਂ ਹੋ ਰਹੀਆਂ ਸਨ। ਉਨ੍ਹਾਂ ਵਿੱਚ ਖੂਬਸੂਰਤ ਦੁਰਖ਼ਾਨੀ ਵੀ ਸ਼ੁਮਾਰ ਸੀ। ਦੁਰਖ਼ਾਨੀ ਦਾ ਨਿਕਾਹ ਪੀਯੂ ਖ਼ਾਨ ਨਾਲ਼ ਤੈਅ ਹੋਇਆ ਸੀ। ਤਿੰਨ ਮਹੀਨਿਆਂ ਮਗਰੋਂ ਉਨ੍ਹਾਂ ਦੀ ਵੀ ਸ਼ਾਦੀ ਹੋਣੀ ਸੀ। ਪਰ ਦੁਰਖ਼ਾਨੀ ਨੇ ਕਦੇ ਪੀਯੂ ਖ਼ਾਨ ਨੂੰ ਵੇਖਿਆ ਨਹੀਂ ਸੀ। ਅੱਜ ਸਾਂਝੀ ਕੰਧ ਦੇ ਦੋਹੇਂ ਪਾਸੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਵੱਖੋ-ਵੱਖਰੀ ਮਹਿਫ਼ਲ ਸਜੀ ਹੋਈ ਸੀ।
ਅਜਿਹੇ ਖੂਬਸੂਰਤ ਮਾਹੌਲ ਵਿੱਚ ਰਬਾਬੀ ਅਦਮ ਖ਼ਾਨ ਦੀ ਰਬਾਬ ਦੀ ਫ਼ਰਮਾਇਸ਼ ਉੱਠੀ। ਅਦਮ ਹੁਜਰੇ ਦੇ ਐਨ ਵਿਚਾਲੇ ਆਸਨ ‘ਤੇ ਆਣ ਬੈਠਦਾ ਹੈ। ਖੁਸ਼ਨੁਮਾ ਇਲਾਹੀ ਤਾਲ ‘ਤੇ ਤਾਰਾਂ ਸੇਧਦਾ-ਸੇਧਦਾ ਉਹ ਅਚਾਨਕ ‘ਪਖਤਾਈ’ ਧੁਨ ਛੇੜ ਦਿੰਦਾ ਹੈ। ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਉਸ ਦੁਆਲੇ ਨੌਜਵਾਨ ਝੂਮਦੇ ਹੋਏ ਪਸ਼ਤੋ ਨਾਚ ‘ਆਤਨ’ ਸ਼ੁਰੂ ਕਰ, ਝੂਮਣ ਲੱਗ ਜਾਂਦੇ ਹਨ। ਡੁੱਬਦੇ ਸੂਰਜ ਦੀ ਲਾਲੀ ਫਿਜ਼ਾ ‘ਚ ਮਦਹੋਸ਼ੀ ਭਰ ਦਿੰਦੀ ਹੈ। ਕੰਧੋਂ ਪਾਰ ਬੈਠੀਆਂ ਅੱਲੜ ਮੁਟਿਆਰਾਂ ਇੱਕ-ਦੂਜੀ ਨੂੰ ਸੈਨਤਾਂ ਮਾਰਦੀਆਂ ਅਚਾਨਕ ਧੁਨਾਂ ਦੇ ਏਸ ਵਹਿਣ ਵਿੱਚ ਵਹਿ ਤੁਰਦੀਆਂ ਹਨ।
ਹਨ੍ਹੇਰਾ ਹੁੰਦੇ-ਹੁੰਦੇ ਇਸ਼ਰਤਾਂ ਦਾ ਦੌਰ ਤੇਜ਼ ਹੋ ਜਾਂਦਾ ਹੈ। ਰਬਾਬੀ ਸੰਗੀਤ ਦੀਆਂ ਧੁਨਾਂ ਨਾਲ਼ ਗੱਭਰੂਆਂ ਦੇ ਦਿਲ ਸੱਲੇ ਗਏ। ਥਿਰਕਦੀਆਂ-ਕੰਬਦੀਆਂ ਰਬਾਬ ਦੀਆਂ ਤਾਰਾਂ ‘ਚੋਂ ਨਿਕਲਦਾ ਜਾਦੂ ਹਰ ਮੁਟਿਆਰ ਦੇ ਸਿਰ ਚੜ੍ਹ ਬੋਲਣ ਲੱਗਾ। ਰੱਬ ਵੱਲ ਨੂੰ ਹੱਥ ਕਰ, ਉਹ ਵੇਗ ਭਰੀਆਂ ਹਾਕਾਂ ਮਾਰ ਰਹੀਆਂ ਸਨ। ਹੁਣ ਮੁਟਿਆਰਾਂ ਰਬਾਬੀ ਅਦਮ ਖ਼ਾਨ ਦੀ ਇੱਕ ਝਲਕ ਲਈ ਉਤਾਵਲੀਆਂ ਹੋ ਰਹੀਆਂ ਸਨ। ਅਦਮ ਵੀ ਅੱਜ ਨੀਲੇ ਅਸਮਾਨੀ ਘੋੜੇ ‘ਤੇ ਸਵਾਰ ਸੀ। ਉਸ ਦੀ ਰਬਾਬ ਨੇ ਸਮੇਂ ਦੇ ਵਹਿਣ ਨੂੰ ਕਿਤੇ ਬੰਨ੍ਹ ਦਿੱਤਾ ਸੀ। ਸੰਗੀਤ ਰੂਹਾਂ ਤੱਕ ਘਰ ਕਰਦਾ ਜਾ ਰਿਹਾ ਸੀ। ਜ਼ੱਰੇ-ਜ਼ੱਰੇ ‘ਚ ਹੁਣ ਧੁਨਾਂ ਵਾਸ ਕਰ ਗਈਆਂ ਸਨ।
ਸਦਾ ਪਰਦੇ ‘ਚ ਕੱਜੀਆਂ ਰਹਿਣ ਵਾਲੀਆਂ ਮੁਟਿਆਰਾਂ ਦੇ ਟੋਲੇ ਲਈ ਗੱਲ ਵੱਸੋਂ ਬਾਹਰ ਹੋ ਰਹੀ ਸੀ। ਉਹਨਾਂ ਬਾਰੇ-ਬਜ਼ਦਾਰੇ ਦੀਆਂ ਕੁੜੀਆਂ ਲਈ ਅਦਮ ਸਦਾ ਹੀ ਦੇਵਲੋਕ ਤੋਂ ਆਇਆ ਇੱਕ ਮਤਵਾਲ਼ਾ ਸੀ। ਵਰ੍ਹੇ-ਛਿਮਾਹੀ ਹੀ ਉਸ ਦੇ ਦਰਸ਼ਨ ਹੁੰਦੇ ਸਨ। ਪਰ ਦੁਰਖ਼ਾਨੀ ਉਸ ਦੀ ਅਲੌਕਿਕ ਦਿੱਖ ਦੇ ਜਮਾਲ ਤੋਂ ਵਾਕਿਫ਼ ਤੱਕ ਨਹੀਂ ਸੀ। ਪਰ ਉਸ ਨੂੰ ਤਾਂ ਅਦਮ ਦਾ ਰਬਾਬ ਹੀ ਲੁੱਟ ਕੇ ਲੈ ਗਿਆ। ਪਿਯੂ ਨੂੰ ਵੇਖਣ ਦੀ ਆਸ ‘ਚ ਆਈ ਦੁਰਖ਼ਾਨੀ ਆਪਣੇ ਹੋਣ ਵਾਲ਼ੇ ਭਵਿੱਖ ਨੂੰ ਕੁਝ ਪਲਾਂ ਲਈ ਆਪਣੇ ਜ਼ਹਿਨ ‘ਚੋਂ ਹੀ ਕੱਢ ਬੈਠਦੀ ਹੈ। ਅਦਮ ਦੀ ਰਬਾਬ ਚੋਂ ਨਿਕਲਦੀ ਹਰ ਧੁਨ ਉਸ ਨੂੰ ਹੋਰ ਬੇਬਸ ਕਰਦੀ ਜਾਂਦੀ ਸੀ।
“ਜਾਪਦੈ ਮੈਂ ਹੀ ਰਬਾਬ ਹਾਂ, ਤਾਰਾਂ ਦੀ ਕੰਬਣੀ ‘ਤੇ ਮੇਰੀ ਰੂਹ ਧੁਰ ਅੰਦਰੋਂ ਨੱਚ ਰਹੀ ਹੈ”, ਸੰਗੀਤ ਦੀ ਖੁਮਾਰੀ ਵਿੱਚ ਚੂਰ-ਚੂਰ ਦੁਰਖ਼ਾਨੀ ਦੇ ਮੂਹੋਂ ਆਪ ਮੁਹਾਰੇ ਆਖਿਆ ਗਿਆ।
“ਤੇ ਜੇ ਤੂੰ ਅਲਬੇਲਾ ਰਬਾਬੀ ਵੇਖ ਲਿਆ ਤਾਂ ਤੇਰਾ ਕੀ ਹਾਲ ਹੋਣੈ”, ਜੁੜ ਬੈਠੀਆਂ ਅੱਲੜ ਮੁਟਿਆਰਾਂ ਵਿੱਚੋਂ ਇੱਕ ਮੁਟਿਆਰ ਨੇ ਮਸ਼ਕਰੀ ਕਰਦਿਆਂ ਕਿਹਾ।
ਦੂਜੀ ਮੁਟਿਆਰ ਨੇ ਪਹਿਲ ਕਰਦਿਆਂ ਆਖਿਆ “ਜੇਕਰ ਬਨੇਰੇ ਚੜ੍ਹ ਜਾਈਏ ਤਾਂ ਅਲਮਸਤ ਰਬਾਬੀ ਦੀ ਇੱਕ ਝਲਕ ਵੀ ਨਸੀਬ ਹੋ ਸਕਦੀ ਹੈ”। ਪਹਿਲੀ ਮੁਟਿਆਰ ਨੇ ਬਨੇਰੇ ਚੜ੍ਹ ਜਦ ਪਰਦੇ ‘ਚੋਂ ਅਦਮ ਨੂੰ ਤੱਕਿਆ ਤਾਂ ਆਪ ਮੁਹਾਰੇ ਬੋਲੀ, “ਤੇਰੀ ਇੱਕ ਝਲਕ ‘ਤੋਂ ਸੌ ਜਨਮ ਕੁਰਬਾਨ, ਵੇ ਅਲਮਸਤਾ”।
ਵਾਰੋ-ਵਾਰੀ ਕੁੜੀਆਂ ਬਨ੍ਹੇਰੇ ਚੜ੍ਹ, ਰਬਾਬੀ ਨੂੰ ਇੱਕ ਛਿਣ ਤੱਕਦੀਆਂ। ਅਗਲੇ ਪਲ ਹੀ ਲਟਬੌਰੀਆਂ ਹੋ, ਵਿਹੜੇ ‘ਚ ਵਿੱਛੇ ਗਲੀਚੇ ‘ਤੇ ਖਰਮਸਤੀਆਂ ਕਰਦੀਆਂ ਆਣ ਡਿੱਗਦੀਆਂ। ਹੁਣ ਦੁਰਖ਼ਾਨੀ ਦੀ ਵਾਰੀ ਸੀ। ਰਬਾਬੀ ਧੁਨ ‘ਤੇ ਸਵਾਰ ਉਹ ਪਹਿਲਾਂ ਹੀ ਦੂਰ ਕਿਤੇ ਸੁੰਨੇ ਬਰਫ਼ੀਂ ਕੱਜੇ ਪਹਾੜਾਂ ਵੱਲ ਨੂੰ ਲੰਘ ਗਈ ਸੀ। ਅਚਾਨਕ ਆਦਮ ਨੇ ਨਵੀਂ ਧੁਨ ਛੇੜ ਦਿੱਤੀ। ਇਸ ਧੁਨ ਨਾਲ਼ ਉਹ ਪਹਿਲਾਂ ਤੋਂ ਹੀ ਵਾਕਿਫ਼ ਸੀ। ਇਸੇ ਧੁਨ ਨੇ ਹਜ਼ਾਰਾਂ ਵਾਰ ਦੁਰਖ਼ਾਨੀ ਨੂੰ ਗੂੜ੍ਹੀ ਨੀਂਦੋਂ ਅਚਨਚੇਤੀਂ ਆਣ ਜਗਾਇਆ ਸੀ। ਅੱਜ ਸੁਫ਼ਨਿਆਂ ‘ਚੋਂ ਬਾਹਰ ਨਿਕਲ ਇਹ ਧੁਨ ਹਕੀਕੀ ਰੂਪ ‘ਚ ਉਸਦੇ ਪ੍ਰਤੱਖ ਹੋਈ ਸੀ। ਮਦਮਸਤ ਪੈੜਾਂ ਨਾਲ਼ ਉਸ ਨੇ ਬਨੇਰੇ ਤੱਕ ਦਾ ਪੈਂਡਾ ਮਸਾਂ ਪੂਰਾ ਕੀਤਾ। ਉਸਨੇ ਪੀਯੂ ਖ਼ਾਨ ਦੇ ਹੁਜਰੇ ਵੱਲ ਨੂੰ ਵੇਖਿਆ। ਫੇਰ ਇੱਕ ਛਿਣ ਲਈ ਉਸਦੇ ਸਿਰ ਉੱਤਲਾ ਪਰਦਾ ਸਰਕਿਆ ਤੇ ਉਸਦਾ ਦੈਵੀ ਹੁਸਨ ਨਸ਼ਰ ਹੋਇਆ। ਐਨ ਉਸੇ ਵੇਲੇ ਹੁਜਰੇ ਵਿੱਚ ਇੱਕਠੇ ਹੋਏ ਨੌਜਵਾਨਾਂ ਦੇ ਐਨ ਵਿਚਾਲੇ ਬੈਠੇ ਅਦਮ ਖ਼ਾਨ ਨੇ ਬਨੇਰੇ ਵੱਲ ਨੂੰ ਸਿਰ ਘੁਮਾਇਆ।
ਅੱਖ਼ਾਂ ਮਿਲੀਆਂ। ਪਲਾਂ ਵਿੱਚ ਚਾਰ ਹੋ ਗਈਆਂ। ਅਜ਼ਲਾਂ ਵੇਲੇ ਦਾ ਮੁਕੱਰਰ ਕੀਤਾ, ਇਹ ਇਲਾਹੀ ਵਸਲ ਦਾ ਅਸਲ ਵੇਲਾ ਸੀ।
ਇੱਕ ਤੱਕਣੀ ਨਾਲ਼ ਸਭ ਕੁਝ ਬਦਲ ਗਿਆ – ਕੀ ਧਰਤ ਤੇ ਕੀ ਸੁਰਗ। ਅਦਮ ਆਪਣੀ ਹੋਸ਼ ਗੁਆ ਬੈਠਾ ਸੀ। ਰਬਾਬ ਕੋਹਾਂ ਦੂਰ ਕਿਤੇ ਪਿੱਛੇ ਰਹਿ ਗਈ ਸੀ। ਅਦਮ ਦੇ ਸ਼ਾਂਤ ਹੋਣ ‘ਤੇ ਮਹਿਫ਼ਲ ਟੁੱਟ ਗਈ। ਦੁਰਖ਼ਾਨੀ ਵੀ ਡਿੱਗਦੀ-ਢਹਿੰਦੀ ਬੇਸੁਰਤੀ’ ਵਾਪਸ ਸਹੇਲੀਆਂ ਵਿੱਚ ਪਰਤੀ। ਪੌੜੀਓਂ ਉੱਤਰਦੀ ਦਾ ਪੈਰ ਸਰਕ ਗਿਆ। ਉਹ ਸਹੇਲੀਆਂ ਦੇ ਹੱਥਾਂ ‘ਚ ਆਣ ਧੜੱਮ ਡਿੱਗੀ। ਗਿੱਟੇ ‘ਤੇ ਮਾਮੂਲੀ ਮੋਚ ਸੀ। ਪਰ ਉਸ ਤੋਂ ਕਿਤੇ ਵੱਡੀ ਸੱਟ ਕਿਤੇ ਹੋਰ ਸੀ। ਦੁਰਖ਼ਾਨੀ ਅੰਦਰ ਚੁੱਪ ਛਾ ਗਈ। ਸਾਰੀਆਂ ਸਹੇਲੀਆਂ ਪੁੱਛ ਰਹੀਆਂ ਸਨ। ਪਰ ਦੁਰਖ਼ਾਨੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮਹਿਫ਼ਲ ਛੱਡ, ਉਹ ਮਹਿਮਾਨਖ਼ਾਨੇ ਜਾ ਬੈਠ ਗਈ। ਸੋਚਾਂ ਵਿੱਚ ਸਾਰੀ ਰਾਤ ਲੰਘ ਗਈ। ਨੀਂਦ ਕਿੱਥੋਂ ਆਉਣੀ ਸੀ? ਦੁਰਖ਼ਾਨੀ ਨੂੰ ਅਦਮ ਦੀ ਇੱਕ ਝਲਕ ਮਗਰੋਂ ਹੁਣ ਕੁਝ ਹੋਰ ਦਿਸ ਨਹੀਂ ਰਿਹਾ ਸੀ। ਆਪਣੀ ਭੈਣ ਦੇ ਵਿਆਹ ਵਿੱਚ ਆਈ ਦੁਰਖ਼ਾਨੀ ਆਪਣਾ ਆਪਾ ਗੁਆ ਬੈਠੀ ਸੀ।
ਦੁਰਖ਼ਾਨੀ ਭੁੱਲ ਗਈ ਕਿ ਪੀਯੂ ਖ਼ਾਨ ਨਾਲ਼ ਉਸ ਦਾ ਨਿਕਾਹ ਮੁਕੱਰਰ ਹੈ। ਉਹ ਭੁੱਲ ਗਈ ਕਿ ਉਸ ਦੇ ਅੱਬੂ ਤਵਸ ਖ਼ਾਨ ਨੇ ਪੀਯੂ ਦੇ ਬਾਪ ਨੂੰ ਪੱਕੀ ਜ਼ੁਬਾਨ ਦੇ ਰੱਖੀ ਹੈ। ਉਹ ਭੁੱਲ ਗਈ ਕਿ ਉਸ ਦੀ ਖ਼ਾਲਾ ਨੇ ਆਪਣੀ ਜ਼ਿੰਮੇਵਾਰੀ ‘ਤੇ, ਮਿੰਨਤ ਕਰ, ਉਸ ਦੇ ਅੱਬੂ ਤੋਂ ਉਸਦੀ ਭੈਣ ਦੀ ਸ਼ਾਦੀ ‘ਚ ਸ਼ਿਰਕਤ ਕਰਨ ਦੀ ਇਜਾਜ਼ਤ ਲਈ ਸੀ। ਉਹ ਪੀਯੂ ਖ਼ਾਨ ਦੇ ਭੇਜੇ ਬੇਸ਼ਕੀਮਤੀ ਤੋਹਫ਼ੇ ਭੁੱਲ ਗਈ। ਉਹ ਅਦਮ ਖ਼ਾਨ ਦੀਆਂ ਡੂੰਘੀਆਂ ਕਾਲੀਆਂ ਅੱਖ਼ਾਂ ਦੇ ਨੈਣ ਕਟੋਰੀਆਂ ਵਿੱਚ ਡੁੱਬ ਗਈ ਸੀ। ਰਬਾਬੀ ਧੁਨ ਉਸ ਨੂੰ ਵਹਾ ਕੇ ਕਿਤੇ ਦੂਰ ਅਣਜਾਣ ਜਗ੍ਹਾ ‘ਤੇ ਲੈ ਗਈ ਸੀ।
ਦੂਜੇ ਹੱਥ ਅਦਮ ਵੀ ਇੱਕ ਪਲ ਵਿੱਚ ਸਭ ਕੁਝ ਹਰ ਚੁੱਕਾ ਸੀ। ਇਸ਼ਕੇ ਨੇ ਉਸ ਦੀ ਰੂਹ ਨੂੰ ਧੁਰ-ਅੰਦਰੋਂ ਲੁੱਟ ਲਿਆ ਸੀ ਅਤੇ ਹੁਣ ਸਿਰਫ ਇੱਕ ਸੀ – ਦੁਰਖ਼ਾਨੀ। ਹੁਣ ਉਸ ਨੂੰ ਦੁਰਖ਼ਾਨੀ ਤੋਂ ਬਿਨਾ ਬਿਤਾਇਆ ਇੱਕ ਪਲ ਵੀ ਅਜਾਈਂ ਜਾਪਦਾ ਸੀ। ਨਾਲ਼ ਆਏ ਦੋਸਤ ਨੇ ਦੱਸਿਆ ਕਿ ਦੁਰਖ਼ਾਨੀ ਤਾਂ ਪੀਯੂ ਨਾਲ਼ ਮੰਗੀ ਹੋਈ ਹੈ। ਇਹ ਸੁਣ ਉਸ ਦਾ ਸਬਰ ਅੰਦਰੋਂ ਜਵਾਬ ਦੇ ਰਿਹਾ ਸੀ। ਉਸ ਨੇ ਪੀਯੂ ਨਾਲ਼ ਗੱਲ ਕਰਨ ਦਾ ਫੈਸਲਾ ਕਰ ਲਿਆ। ਬਿਨਾਂ ਅੰਜ਼ਾਮ ਦੀ ਫ਼ਿਕਰ ਕਰਦਿਆਂ ਉਸ ਨੇ ਪੀਯੂ ਨੂੰ ਸਾਰੀ ਗੱਲ ਜਾ ਦੱਸੀ। ਅੱਗੋਂ ਜਵਾਬ ਤੈਅ ਸੀ। ਤੈਸ਼ ‘ਚ ਆਏ ਪੀਯੂ ਨੇ ਕਿਹਾ, “ਜੇਕਰ ਤੂੰ ਮੇਰੇ ਹੁਜਰੇ ਦਾ ਮਹਿਮਾਨ ਨਾ ਹੁੰਦਾ ਤਾਂ ਜਿਉਂਦਿਆਂ ਦੀ ਕਿਤਾਬ ‘ਚ ਤੇਰਾ ਨਾਮ ਅੱਜ ਮਿਟ ਜਾਣਾ ਸੀ“। ਸਭੇ ਸਮਝਾਂ ਜਵਾਬ ਦੇ ਗਈਆਂ ਸਨ। ਇਸ਼ਕ ਮਜ਼ਾਜ਼ੀ ਦਾ ਆਪਣਾ ਰਾਹ-ਰਸਤਾ ਹੁੰਦਾ ਹੈ।
ਅਫ਼ਖ਼ਾਨ ਮੁਲਕ ਅੰਦਰ ਪਖਤੂਨਵਾ ਦੇ ਮਾਲਕੰਦ ਪ੍ਰਾਂਤ ਵਿੱਚ ਦੋ ਲਾਗਲੇ ਪਿੰਡ ਸਨ, ਕੂਜਾ ਬਜ਼ਦਾਰਾਂ ਤੇ ਬਾਰਾ ਬਜ਼ਦਾਰਾ। ਕੂਜੇ ਬਜ਼ਦਾਰੇ ਦਾ ਅਦਮ ਖ਼ਾਨ ਸਾਰੇ ਮਾਲਕੰਦ ਇਲਾਕੇ ਦਾ ਮੰਨਿਆ-ਪ੍ਰਮੰਨਿਆ ਰਬਾਬੀ ਸੀ। ਉੱਚਾ ਕੱਦ-ਕਾਠ, ਕਾਲੀਆਂ ਅੱਖ਼ਾਂ ਤੇ ਗੋਰੇ ਰੰਗ ਨਾਲ਼ ਅਦਮ ਸਿੱਧਾ ਅਰਸ਼ੋਂ ਉਤਰਿਆ ਜਾਪਦਾ ਸੀ। ਅਦਮ ਦਾ ਪਿਤਾ ਹਸਨ ਖ਼ਾਨ ਯੂਸਫ਼ਜ਼ਈ ਕਬੀਲੇ ਦਾ ਸਰਦਾਰ ਸੀ। ਸਾਲਾਂ ਪਹਿਲਾਂ ਇੱਕ ਪੀਰ ਦੀ ਬਖਸ਼ ਸਦਕਾ ਹਸਨ ਦੇ ਘਰ ਅਦਮ ਨੇ ਜਨਮ ਲਿਆ ਸੀ। ਉਸੇ ਪੀਰ ਦੀ ਅਸੀਸ ਸਦਕਾ ਬਾਰੇ-ਬਜ਼ਦਾਰੇ ਦੇ ਸਰਦਾਰ ਤਵਸ ਖ਼ਾਨ ਦੇ ਘਰ ਦੁਰਖ਼ਾਨੀ ਨੇ ਜਨਮ ਲਿਆ ਸੀ। ਦੁਰਖ਼ਾਨੀ ਆਪਣੇ ਪਿਤਾ ਦੀ ਇਕਲੌਤੀ ਧੀ ਸੀ। ਇਸ ਲਈ ਉਸ ਨੂੰ ਪੁੱਤਰਾਂ ਵਾਂਗ ਸਾਰੀ ਤਾਲੀਮ ਹਾਸਲ ਹੋਈ ਸੀ। ਹੁਸਨ ਦੀ ਰਹਿਬਰ ਦੁਰਖ਼ਾਨੀ ‘ਤੇ ਮੇਹਰਬਾਨ ਸੀ। ਉਸ ਦੀ ਖੂਬਸੂਰਤੀ ਖੂਬ ਬੇਮਿਸਾਲ ਸੀ। ਮੁਢਲੀ ਤਾਲੀਮ ਲਈ ਦੋਹਾਂ ਬੱਚਿਆਂ ਨੂੰ ਆਪਣੇ-ਆਪਣੇ ਇਲਾਕੇ ਦੇ ਮੌਲਵੀਆਂ ਪਾਸ ਭੇਜਿਆ ਗਿਆ। ਉਹਨੀਂ ਦਿਨੀਂ ਕੁਰਾਨ-ਕਰੀਮ ਵਿੱਚ ਤਾਲੀਮ ਤੋਂ ਇਲਾਵਾ ਮੌਲਵੀ ਗਣਿਤ, ਫ਼ਲਸਫ਼ਾ ਤੇ ਕਾਨੂੰਨ ਵੀ ਸਿਖਾਉਂਦੇ ਹੁੰਦੇ ਸਨ। ਪਿਤਾ ਹਸਨ ਆਪਣੇ ਪੁੱਤਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਸੀ। ਅਦਮ ਨੇ ਕਿਸੇ ਕਾਰੋਬਾਰ ਵਿੱਚ ਕਦੇ ਵੀ ਕੋਈ ਦਿਲਚਸਪੀ ਨਹੀਂ ਦਿਖਾਈ। ਉਹ ਤਾਂ ਗਰਜ਼ਾਂ ਤੋਂ ਕਿਤੇ ਪਰੇ ਇੱਕ ਨੇਕ ਦਿਲ ਅਨਭੋਲ ਰੂਹ ਸੀ। ਉਸ ਨੂੰ ਭਟਕਣ ਵਿੱਚ ਹੀ ਸੁਕੂਨ ਮਿਲਦਾ ਸੀ। ਇੱਕ-ਦੋ ਨੂੰ ਛੱਡ, ਉਸ ਦੇ ਕੋਈ ਜਿਆਦਾ ਦੋਸਤ-ਮਿੱਤਰ ਵੀ ਨਹੀਂ ਸਨ ਜਿਨ੍ਹਾਂ ਨਾਲ਼ ਉਹ ਦਿਲ ਦੀਆਂ ਸਾਂਝਾਂ ਪਾਉਂਦਾ। ਪਿੰਡੋਂ ਦੂਰ ਸਵਾਤ ਦਰਿਆ ਕੰਢੇ ਉਹ ਸੁੰਨੇ ਰਾਹਾਂ ਤੇ ਇਕੱਲਿਆਂ ਭਟਕਦਾ ਰਹਿੰਦਾ ਸੀ।
ਹਸਨ ਖ਼ਾਨ ਨੇ ਅਦਮ ਨੂੰ ਇੱਕ ਬੁੱਢੇ ਮਾਹਿਰ ਪਹਾੜੀ ਸ਼ਿਕਾਰੀ ਹੱਥੋਂ ਤੀਰ-ਅੰਦਾਜ਼ੀ ਦੇ ਗੁਰ ਸਿਖਾਏ ਸਨ। ਕੁਝ ਮਹੀਨਿਆਂ ਵਿੱਚ ਹੀ ਅਦਮ ਇੱਕ ਮਾਹਰ ਨਿਸ਼ਾਨਚੀ ਬਣ ਗਿਆ। ਹਸਨ ਖ਼ਾਨ ਕੋਲ ਖ਼ਾਨਦਾਨੀ ਦਸਤੀ ਬੰਦੂਕ ਵੀ ਸੀ। ਉਸ ਦਾ ਸੁਫ਼ਨਾ ਸੀ ਕਿ ਜਿਸ ਦਿਨ ਅਦਮ ਕਬੀਲੇ ਦਾ ਅਗਲਾ ਸਰਦਾਰ ਐਲਾਨਿਆ ਜਾਵੇਗਾ, ਪਿਤਾ ਵਲੋਂ ਤੋਹਫੇ ਵਜੋਂ ਦਸਤੀ ਬੰਦੂਖ ਅਦਮ ਨੂੰ ਸੌÎਂਪੀ ਜਾਵੇਗੀ। ਪਰ ਅਦਮ ਦੀ ਹਥਿਆਰਾਂ ਵਿੱਚ ਕੋਈ ਰੁਚੀ ਨਹੀਂ ਸੀ। ਅਜਿਹੇ ਵਿੱਚ ਇੱਕ ਪਹਾੜੀ ਮੇਲੇ ਦੌਰਾਨ ਨੌਜਵਾਨ ਕਜ਼ਾਕ ਸਰਦਾਰ ਮੀਰਮਾਈ ਨੇ ਯੂਸਫ਼ਜ਼ਈ ਕਬੀਲੇ ਦੇ ਸਰਦਾਰ ਹਸਨ ਖ਼ਾਨ ਦੀ ਤੌਹੀਨ ਕਰ ਦਿੱਤੀ। ਆਪਣੇ ਵਾਲਦ ਦੀ ਜਲਾਲਤ ਨਾ ਸਹਾਰਦਿਆਂ ਅਦਮ ਖ਼ਾਨ ਨੇ ਮੀਰਮਾਈ ਨੂੰ ਉਸ ਦੇ ਇਲਾਕੇ ਵਿੱਚ ਜਾ ਵੰਗਾਰਿਆ। ਖੈਰਆਬਾਦ ਦੀਆਂ ਪਹਾੜੀਆਂ ਵਿੱਚ ਦੋਹਾਂ ਵਿਚਾਲੇ ਤੀਰਅੰਦਾਜ਼ੀ ਦਾ ਮੁਕਾਬਲਾ ਹੋਇਆ ਅਤੇ ਆਖ਼ਰ ਵਿੱਚ ਅਦਮ ਨੇ ਮੀਰਮਾਈ ਦੀ ਕਮਾਨ ਦੇ ਦੋ ਹਿੱਸੇ ਕਰ ਦਿੱਤੇ। ਮੀਰਮਾਈ ਨੇ ਹਾਰ ਕਬੂਲਦਿਆਂ ਕੂਜੇ ਬਜ਼ਦਾਰੇ ਜਾ ਕੇ ਹਸਨ ਖ਼ਾਨ ਤੋਂ ਮੁਆਫ਼ੀ ਮੰਗੀ। ਆਪਣਾ ਪੁੱਤਰ ਸਮਝ ਹਸਨ ਨੇ ਮੀਰ ਨੂੰ ਮੁਆਫ਼ ਕਰ ਦਿੱਤਾ। ਮੀਰਮਾਈ ਅਤੇ ਅਦਮ ਦੀ ਦੋਸਤੀ ਹੋ ਗਈ। ਖੁਸ਼ੀ ਵਿੱਚ ਹਸਨ ਖ਼ਾਨ ਦੀ ਛਾਤੀ ਚੌੜੀ ਹੋ ਗਈ।
ਅਜਾਈਂ ਭਟਕਦਿਆਂ ਹੀ ਅਚਾਨਕ ਇੱਕ ਦਿਨ ਸਵਾਤ ਦਰਿਆ ਲਾਗੇ ਇੱਕ ਵੱਡੇ ਪੱਥਰ ਦੀ ਛਾਂ ਹੇਠ ਅਦਮ ਖ਼ਾਨ ਆਰਾਮ ਕਰ ਰਿਹਾ ਸੀ। ਉਸ ਨੂੰ ਇੱਕ ਡਰਾਉਣੀ ਚੀਖ ਸੁਣੀ। ਅਦਮ ਨੇ ਉੱਠ ਕੇ ਵੇਖਿਆ ਤਾਂ ਲੰਬੇ ਦਾਹੜੇ ਅਤੇ ਚਿੱਟੇ ਚੋਲੇ ਵਾਲ਼ਾ ਫ਼ਕੀਰ ਇੱਕ ਪਹਾੜੀ ਰਿੱਛ ਨਾਲ਼ ਲੜ ਰਿਹਾ ਸੀ। ਫ਼ਕੀਰ ਲਹੂ ਨਾਲ਼ ਲੱਥ-ਪੱਥ ਸੀ। ਆਪਣੀ ਕਮਾਨ ਸੰਭਾਲ, ਇੱਕ ਤੇਜ਼ ਤੀਰ ਨਾਲ਼ ਅਦਮ ਖ਼ਾਨ ਨੇ ਰਿੱਛ ਦਾ ਕੰਨ ਵਿੰਨ੍ਹ ਦਿੱਤਾ। ਜਾਨਵਰ ਡਰ ਕੇ ਦਰਿਆ ਪਾਰ ਲੰਘ ਗਿਆ। ਅਦਮ ਨੇ ਫ਼ਕੀਰ ਦੇ ਜ਼ਖਮ ਸਾਫ਼ ਕੀਤੇ। ਲਹੂ ਬਹੁਤ ਵਗ ਗਿਆ ਸੀ। ਫ਼ਕੀਰ ਦਾ ਆਖ਼ਰੀ ਸਮਾਂ ਆ ਗਿਆ ਸੀ। ਉਸ ਨੇ ਆਪਣੇ ਖੀਸੇ ‘ਚੋਂ ਇੱਕ ਹੱਡੀ ਦੀ ਬਣੀ ਘਸਮੈਲੀ ਜਿਹੀ ਤਿਕੋਣੀ ਡਿਕਰੀ ਕੱਢੀ ਅਤੇ ਅਦਮ ਦੀ ਤਲੀ ‘ਤੇ ਰੱਖ ਦਿੱਤੀ।
“ਮੈਂ ਰਬਾਬੀ ਹਾਂ। ਇਹ ਮੇਰੇ ਰਬਾਬ ਦੀ ਅਲੌਕਿਕ ਸ਼ਾਹਬਾਜ਼ ਹੈ। ਸਫ਼ਰ ਵਿੱਚ ਮੇਰਾ ਰਬਾਬ ਕਿਤੇ ਪਿੱਛੇ ਰਹਿ ਗਿਆ ਹੈ। ਇਸ ਨੂੰ ਸੰਭਾਲ ਲਈਂ, ਰਬਾਬ ਆਪੇ ਮਿਲ ਜਾਉ।“ ਜਾਂਦਾ ਹੋਇਆ ਉਹ ਇੱਕ ਨੁਕਤਾ ਦੱਸ ਗਿਆ,“ ਅੱਲ੍ਹਾ-ਤਾਲ੍ਹਾ ਦਾ ਨਾਮ ਲੈ ਇਸ ਨੂੰ ਰਬਾਬੀ ਤਾਰਾਂ ਤੇ ਚਲਾਈਂ, ਸੰਗੀਤ ਆਪ-ਮੁਹਾਰੇ ਤੇਰਾ ਰਾਹ ਰੁਸ਼ਨਾਏਗਾ।”
ਐਨਾ ਕਹਿ ਫ਼ਕੀਰ ਨੇ ਅਦਮ ਦੇ ਹੱਥਾਂ ਵਿੱਚ ਪ੍ਰਾਣ ਤਿਆਗ ਦਿੱਤੇ। ਸਵਾਤ ਕੰਢੇ ਅਦਮ ਖ਼ਾਨ ਨੇ ਫ਼ਕੀਰ ਲਈ ਕਬਰ ਪੁੱਟੀ। ਦੇਹ ਦਫ਼ਨ ਕਰਨ ਮਗਰੋਂ ਉਸ ਨੇ ਸ਼ਾਹਬਾਜ਼ ਵੀ ਨਾਲ਼ ਹੀ ਦਫ਼ਨਾ ਦਿੱਤੀ। ਨੇਕੀ ਮਗਰੋਂ ਉਹ ਬਜ਼ਦਾਰੇ ਵਾਪਸ ਆ ਗਿਆ। ਪਰ ਹੁਣ ਉਹ ਬੇਚੈਨ ਰਹਿਣ ਲੱਗਾ। ਰਾਤਾਂ ਨੂੰ ਰਬਾਬ ਦੀਆਂ ਮਦਹੋਸ਼ ਕਰਨ ਵਾਲੀਆਂ ਧੁੰਨਾਂ ਸੁਣ ਉਭੜਵਾਹੇ ਉੱਠ ਪੈਂਦਾ। ਫੇਰ ਆਪਣੀ ਮਾਂ ਨੂੰ ਪੁੱਛਦਾ ਕਿ ਉਸ ਨੂੰ ਵੀ ਰਬਾਬ ਸੁਣਾਈ ਦਿੰਦੀ ਹੈ। ਆਪਣੇ ਪਿੰਡ ਵਾਲਿਆਂ ਨੂੰ ਵੀ ਪੁੱਛਦਾ ਕਿ ਕਿਸੇ ਨੂੰ ਰਾਤਾਂ ਨੂੰ ਰਬਾਬ ਦੀ ਧੁਨ ਸੁਣਦੀ ਹੈ। ਪਰ ਕਿਤੋਂ ਕੋਈ ਰਾਹ ਨਾ ਮਿਲਦਾ।
ਇੱਕ ਰੋਜ਼ ਅਦਮ ਦਰਿਆ ਲਾਗੇ ਇੱਕ ਵੱਡੇ ਪੱਥਰ ਦੀ ਛਾਂ ਹੇਠਾਂ ਸੌਂ ਰਿਹਾ ਸੀ ਤਾਂ ਉਸ ਨੂੰ ਉਹੀ ਫ਼ਕੀਰ ਮੁੜ ਸੁਫ਼ਨੇ ਵਿੱਚ ਮਿਲਿਆ। “ਤੂੰ ਮੇਰਾ ਕਿਹਾ ਮੋੜ ਦਿੱਤਾ।” ਅਦਮ ਉੱਠਿਆ ਤਾਂ ਮੁੜ੍ਹਕੇ ਵਿੱਚ ਗੜੁੱਚਿਆ ਪਿਆ ਸੀ। ਉਹ ਤਿੱਖੜ ਦੁਪਹਿਰੇ ਸਵਾਤ ਦਰਿਆ ਵੱਲ ਨੂੰ ਤੁਰ ਪਿਆ, ਜਿੱਥੇ ਉਸ ਨੇ ਫ਼ਕੀਰ ਨੂੰ ਦਫ਼ਨ ਕੀਤਾ ਸੀ। ਉਸ ਨੇ ਕਬਰ ਨੂੰ ਮੁੜ ਖੋਲਿਆ। ਸ਼ਾਹਬਾਜ਼ ਨੂੰ ਬਾਹਰ ਕੱਢ ਉਸ ਨੇ ਕਬਰ ਨੂੰ ਮੁੜ ਢਕ ਦਿੱਤਾ। ਗੀਝੇ ‘ਚ ਉਸਨੂੰ ਸਾਂਭ, ਉਹ ਕਾਫ਼ੀ ਦਿਨ ਰਬਾਬ ਲੱਭਦਾ ਰਿਹਾ। ਨਵੀਂ ਰਬਾਬ ਤਾਂ ਮੇਲੇ ਵੇਲ੍ਹੇ ਹੀ ਮਿਲਣੀ ਸੀ। ਚਿਲਮ ਜੋਸ਼ ਦਾ ਮੇਲਾ ਜੁੜਨ ਵਿੱਚ ਅਜੇ ਚਾਰ ਮਹੀਨੇ ਪਏ ਸਨ।
ਇੱਕ ਦਿਨ ਸੈਦੂ ਸ਼ਰੀਫ ਦੇ ਜੰਗਲਾਂ ਵਿੱਚ ਭਟਕਦੇ-ਭਟਕਾਓਂਦੇ ਅਦਮ ਖ਼ਾਨ ਨੂੰ ਇੱਕ ਝੁੱਗੀ ਦਿਸੀ। ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਇੱਕ ਬਹੁਤ ਹੀ ਬੁੱਢੀ ਔਰਤ ਉਸ ਝੁੱਗੀ ਵਿੱਚ ਰਹਿ ਰਹੀ ਸੀ। ਉਸ ਕੋਲ ਇੱਕ ਵੱਡੇ ਸਿੰਗਾਂ ਵਾਲੀ ਦੁੱਧ ਚਿੱਟੇ ਰੰਗ ਦੀ ਪਹਾੜੀ ਬੱਕਰੀ ਸੀ। ਭੁੱਖੇ ਅਦਮ ਨੂੰ ਉਸ ਬੁੱਢੜੀ ਨੇ ਬੱਕਰੀ ਦੇ ਦੁੱਧ ‘ਚ ਰਾਤ ਦੀਆਂ ਬਣੀਆਂ ਬੇਹੀਆਂ ਰੋਟੀਆਂ ਰਲਾ ਕੇ ਦਿੱਤੀਆਂ। ਰੋਟ ਖ਼ਾਂਦਿਆਂ ਅਚਾਨਕ ਉਸ ਦੀ ਨਿਗਾਹ ਝੁੱਗੀ ਦੇ ਕੋਨੇ ਵਿੱਚ ਪਈ ਇੱਕ ਰਬਾਬ ‘ਤੇ ਜਾ ਟਿਕੀ। ਰਬਾਬ ਦੇ ਕੋਨੇ ਨਾਲ਼ ਇੱਕ ਖਾਲੀ ਸੂਤ ਦਾ ਧਾਗਾ ਲਟਕ ਰਿਹਾ ਸੀ। ਸ਼ਾਹਬਾਜ਼ ਮਨਫ਼ੀ ਸੀ। ਉਹ ਝੱਟ ਸਮਝ ਗਿਆ ਕਿ ਇਹ ਉਸੇ ਫ਼ਕੀਰ ਦੀ ਰਬਾਬ ਹੈ।
ਖੁਦਾ ਨੂੰ ਧਿਆ, ਉਸ ਨੇ ਗੀਝੇ ਚੋਂ ਫ਼ਕੀਰ ਦੀ ਦਿੱਤੀ ਸ਼ਾਹਬਾਜ਼ ਕੱਢ, ਖਾਲੀ ਧਾਗੇ ਨਾਲ਼ ਗੰਢ ਦਿੱਤੀ। ਸ਼ਾਹਬਾਜ਼ ਨੂੰ ਉਸ ਨੇ ਆਪਣੇ ਪੋਟਿਆਂ ‘ਚ ਘੁੱਟ ਲਿਆ। ਮਾਹਰ ਰਬਾਬੀ ਵਾਂਗ ਉਸ ਨੇ ਰਬਾਬ ਦੀਆਂ ਤਾਰਾਂ ਕਸੀਆਂ। ਡਰਦਿਆਂ, ਉਸ ਨੇ ਫ਼ਕੀਰ ਦੀ ਬਖਸ਼ੀ ਸ਼ਾਹਬਾਜ਼ ਨਾਲ਼ ਪਹਿਲੀ ਤਾਰ ਛੇੜੀ। ਰੂਹ ਤੱਕ ਪੁੱਜਣ ਵਾਲੀ ਧੁਨ ਉਪਜੀ। ਹੁਣ ਹੌਂਸਲੇ ਨਾਲ਼ ਉਸ ਨੇ ਬੁੱਢੀ ਔਰਤ ਨੂੰ ਆਵਾਜ਼ ਦਿੱਤੀ। ਪਰ ਸਬੱਬ ਨਾਲ਼ ਮਿਲੀ ਬੁੱਢੜੀ ਕਿਤੇ ਅਲੋਪ ਹੋ ਗਈ। ਅਦਮ ਨੂੰ ਕਿਤੋਂ ਕੋਈ ਜਵਾਬ ਨਾ ਆਇਆ। ਕੁਝ ਸਮਾਂ ਝੁੱਗੀ ‘ਚ ਬੈਠਾ ਉਹ ਬੁੱਢੜੀ ਨੂੰ ਉਡੀਕਦਾ ਰਿਹਾ ਤੇ ਰਬਾਬ ਦੀਆਂ ਤਾਰਾਂ ਛੇੜਦਾ ਰਿਹਾ। ਫੇਰ ਉਸ ਨੇ ਤੁਰਨ ਦਾ ਫੈਸਲਾ ਕਰ ਲਿਆ। ਆਪਣੀਆਂ ਸੋਨੇ ਦੀਆਂ ਨੱਤੀਆਂ ਲਾਹ ਉਸ ਨੇ ਰਬਾਬ ਵਾਲੀ ਜਗ੍ਹਾ ਰੱਖ ਦਿਤੀਆਂ।
ਰਬਾਬ ਚੁੱਕ ਉਹ ਵਾਪਸ ਬਜ਼ਦਾਰੇ ਨੂੰ ਤੁਰ ਪਿਆ। ਰਾਹ ਵਿੱਚ ਰੁੱਕ ਉਹ ਆਰਾਮ ਕਰਦਾ ਤੇ ਰਬਾਬ ਦੀਆਂ ਤਾਰਾਂ ਛੇੜਦਾ। ਉਸ ਦੀਆਂ ਉਂਗਲਾਂ ਦਿਆਂ ਪੋਟਿਆਂ ‘ਚ ਕੱਸਿਆ ਸ਼ਾਹਬਾਜ਼ ਰਬਾਬੀ ਤਾਰਾਂ ਤੇ ਇੰਜ ਦੌੜ ਰਿਹਾ ਸੀ ਜਿਵੇਂ ਕੋਈ ਮਾਹਰ ਰਬਾਬੀ ਹੋਵੇ। ਉਸ ਰਬਾਬ ਲਈ ਕੁਦਰਤ ਨੇ ਖੁਦ ਉਸ ਦੀ ਚੋਣ ਕੀਤੀ ਸੀ। ਉਹ ਅੱਲ੍ਹਾ-ਪਾਕ ਦਾ ਸ਼ੁਕਰ ਕਰ ਰਿਹਾ ਸੀ।
ਹੁਣ ਰਬਾਬ ਹੀ ਉਸ ਦੀ ਰੂਹ ਦਾ ਅਸਲ ਟਿਕਾਣਾ ਸੀ। ਜੇਕਰ ਉਸ ਨੂੰ ਲੱਭਣਾ ਹੁੰਦਾ ਤਾਂ ਵੱਸੋਂ ਤੋਂ ਦੂਰ ਕਿਸੇ ਬੀਆਬਾਨ ਇਲਾਕੇ ਵਿੱਚ ਰਬਾਬੀ ਧੁੰਨਾਂ ਦੀ ਆਮਦ ਸੰਗ ਉਸ ਤੱਕ ਪਹੁੰਚ ਕੀਤੀ ਜਾਂਦੀ। ਸਾਰਾ ਇਲਾਕਾ ਉਸ ਦੀ ਰਬਾਬ ਦਾ ਮੁਰੀਦ ਹੋ ਗਿਆ। ਦਿਨਾਂ-ਤਿਉਹਾਰਾਂ ‘ਤੇ ਉਸ ਨੂੰ ਰਬਾਬ ਦੀਆਂ ਤਾਰਾਂ ਛੇੜਣ ਦੀ ਮਿੰਨਤ ਕੀਤੀ ਜਾਂਦੀ। ਬਿਨਾ ਕਿਸੇ ਲੋਭ ਦੇ ਅਦਮ ਹਰ ਕਿਸੇ ਦਾ ਦਿਲ ਰੱਖਦਾ। ਉਸ ਦੀ ਨੇਕੀ ਤੇ ਫ਼ਕੀਰੀ ਦੇ ਚਰਚੇ ਪੂਰੀ ਸਵਾਤ ਘਾਟੀ ਵਿੱਚ ਹੁੰਦੇ। ਹੁਣ ਰਬਾਬ ਹੀ ਉਸ ਦਾ ਸੰਸਾਰ ਸੀ।
ਪਿੰਡੋਂ ਦੂਰ ਦਰਿਆ ਦੇ ਕੰਢੇ ਅਦਮ ਖ਼ਾਨ ਜਾ ਬੈਠਦਾ ਤੇ ਰਬਾਬ ਵਜਾਉਂਦਾ। ਦੁਨੀਆਂ ਦੀ ਸੁੱਧ-ਬੁੱਧ ਭੁੱਲ, ਰਿਜ਼ਕ-ਅਹਾਰ ਤਿਆਗ, ਉਹ ਰਬਾਬ ਦੀਆਂ ਤਣੀਆਂ ਤਾਰਾਂ ‘ਚੋਂ ਅਦਭੁਤ ਸਰਗਮ ਛੇੜਦਾ। ਆਪਣਾ ਕਮਾਨ-ਤਰਕਸ਼ ਵੀ ਉਸ ਨੇ ਤਿਆਗ ਦਿੱਤਾ। ਦਰਿਆ ਕੰਢੇ ਉੱਡਦੇ ਪੰਛੀ ਰਬਾਬ ਦੀਆਂ ਧੁੰਨਾਂ ਸੁਣ ਵਗਦਿਆਂ ਪਾਣੀਆਂ ‘ਤੇ ਕਲੋਲਬਾਜ਼ੀਆਂ ਕਰਦੇ। ਰੁੱਖਾਂ ਦੇ ਪੱਤੇ ਰਬਾਬੀ ਧੁੰਨਾਂ ‘ਤੇ ਝੂਮਣ ਲੱਗਦੇ। ਅਚਾਨਕ ਹਵਾਵਾਂ ਚੱਲ ਪੈਂਦੀਆਂ। ਸਾਰੀ ਫਿਜ਼ਾ ਰਬਾਬੀ ਸੁਰਾਂ ਸੰਗ ਜੋਬਨ ਰੂਪ ਵਿੱਚ ਪ੍ਰਤੱਖ ਹੋ, ਪ੍ਰਗਟ ਹੁੰਦੀ। ਪੂਰਾ ਅਲੌਕਿਕ ਨਜ਼ਾਰਾ ਬਣਦਾ। ਕੁਦਰਤ ਦਾ ਅਜਿਹਾ ਸੁਮੇਲ ਕਿਸੇ ਵਿਰਲੇ ਵਾਦਕ ਦੇ ਨਸੀਬ ਵਿੱਚ ਹੀ ਹੁੰਦਾ ਹੈ।
ਦੁਰਖ਼ਾਨੀ, ਤਵਸ ਦੀ ਸੁੰਨੀ ਹਵੇਲੀ ਦੀ ਭਰਪੂਰ ਰੌਣਕ ਸੀ। ਤਵਸ ਖ਼ਾਨ ਨੂੰ ਸਦਾ ਹੀ ਆਪਣੀ ਧੀ ਅੱਲ੍ਹਾ ਦਾ ਵਰਦਾਨ ਪ੍ਰਤੀਤ ਹੁੰਦੀ। ਉਸ ਮੁਤਾਬਕ ਉਸ ਦੇ ਪਰਿਵਾਰ ਦੇ ਕੋਈ ਚੰਗੇ ਕੀਤੇ ਕਰਮ ਅੱਗੇ ਆ ਗਏ। ਸਤਾਰਾਂ ਵਰ੍ਹੇ ਬੇ-ਔਲਾਦੀ ਹੰਢਾਉਣ ਮਗਰੋਂ ਤਵਸ ਦੀ ਹਵੇਲੀ ਵਿੱਚ ਇੱਕ ਫ਼ਕੀਰ ਦੀ ਰਹਿਮਤ ਸਦਕਾ ਦੁਰਖ਼ਾਨੀ ਦਾ ਜਨਮ ਹੋਇਆ ਸੀ। ਤਵਸ ਨੇ ਧੀ ਲਈ ਹਰ ਸਹੂਲਤ ਮੁਹਈਆ ਕਰਵਾ ਰੱਖੀ ਸੀ। ਸਮਿਆਂ ਦੇ ਉਲਟ ਜਾ ਉਸ ਨੇ ਮੌਲਵੀ ਪਾਸੋਂ ਦੁਰਖ਼ਾਨੀ ਦੀ ਤਾਲੀਮ ਦਾ ਬੰਦੋਬਸਤ ਕੀਤਾ। ਦੁਰਖ਼ਾਨੀ ਵਾਸਤੇ ਹਵੇਲੀ ਵਿੱਚ ਹਰ ਸ਼ੈ ਮੌਜੂਦ ਰਹਿੰਦੀ। ਜਦੋਂ ਉਹ ਅੱਠ ਵਰ੍ਹਿਆਂ ਦੀ ਹੋਈ ਤਾਂ ਤਵਸ ਖ਼ਾਨ ਨੇ ਉਸ ਲਈ ਆਲੀਸ਼ਾਨ ਚੁਬਾਰਾ ਤਿਆਰ ਕੀਤਾ। ਦੁਰਖ਼ਾਨੀ ਦੇ ਉੱਚੇ ਚੁਬਾਰੇ ਦੀ ਤਾਕੀ ਤੋਂ ਸਵਾਤ ਘਾਟੀ ਦਾ ਅਦਭੁਤ ਨਜ਼ਾਰਾ ਪੇਸ਼ ਹੁੰਦਾ ਸੀ।
ਦੁਰਖ਼ਾਨੀ ਦੀਆਂ ਕੋਈ ਜਿਆਦਾ ਸਹੇਲੀਆਂ ਵੀ ਨਹੀਂ ਸਨ। ਇਸ ਦਾ ਕਾਰਨ ਇਹ ਵੀ ਸੀ ਕਿ ਕਬੀਲੇ ਦੀਆਂ ਸਾਰੀਆਂ ਕੁੜੀਆਂ ਨੂੰ ਤਾਲੀਮ ਤੋਂ ਮਹਿਰੂਮ ਰੱਖਿਆ ਗਿਆ ਸੀ। ਦੂਜੇ ਹੱਥ ਦੁਰਖ਼ਾਨੀ ਦੀ ਸੂਝ ਸਾਰੀਆਂ ਸਹੇਲੀਆਂ ਤੋਂ ਕੁਝ ਵੱਖਰੀ ਸੀ। ਜਦੋਂ ਜੋਬਨ ਦੀ ਰੁੱਤ ਆਈ ਤਾਂ ਦੁਰਖ਼ਾਨੀ ਦੇ ਅਰਸ਼ੀਂ ਰਾਜ਼ ਅਫ਼ਸ਼ਾ ਹੋਏ। ਹੁਸਨ ਦੀ ਉਹ ਮੂਰਤ ਪੂਰੇ ਪਖ਼ਤੂਨ ਵਿੱਚ ਕਿਸੇ ਨੇ ਨਾ ਕਦੇ ਵੇਖੀ ਨਾ ਕਦੇ ਸੁਣੀ ਸੀ। ਦੁਰਖ਼ਾਨੀ ਦੇ ਹੁਸਨ ਦੀਆਂ ਚਰਚਾਵਾਂ ਦੂਰ-ਦੂਰ ਤੱਕ ਫੈਲਣ ਲੱਗੀਆਂ। ਕੰਮਾਂ ਤੋਂ ਵੇਹਲੇ ਹੋ ਕੇ ਨੌਜਵਾਨ ਉਸ ਦੇ ਸੁਹੱਪਣ ਦੀ ਚਰਚਾ ਕਰਦੇ। ਉਸ ਦੀਆਂ ਮਿਰਗਣੀਆਂ ਅੱਖਾਂ ਵੇਖਣ ਵਾਲ਼ੇ ਦੇ ਜ਼ਹਿਨ ‘ਚ ਡੂੰਘੀਆਂ ਧੁਰ ਅੰਦਰ ਉੱਤਰ ਜਾਂਦੀਆਂ। ਫ਼ਜ਼ਰ ਵੇਲੇ ਪੰਛੀ ਉਸ ਦੇ ਚੁਬਾਰੇ ਦੀ ਪਰਕਰਮਾ ਕਰਦੇ। ਜੇਕਰ ਸ਼ਾਮਾਂ ਵੇਲੇ ਉਸ ਨੂੰ ਕੋਈ ਵੇਖ ਲੈਂਦਾ ਤਾਂ ਪੁੰਨਿਆ ਦੇ ਚੰਨ ਦਾ ਭੁਲੇਖਾ ਪੈਂਦਾ। ਆਪਣੀ ਅੰਮੀ ਦੇ ਕਹਿਣ ‘ਤੇ ਦੁਰਖ਼ਾਨੀ ਨੇ ਆਪਣੇ ਆਪ ਨੂੰ ਪਰਦੇ ਵਿੱਚ ਕੱਜ ਲਿਆ। ਪਰ ਉਸ ਦੇ ਇੱਕ ਦੀਦਾਰੇ ਲਈ ਹਰ ਕੋਈ ਉਤਸੁਕ ਰਹਿੰਦਾ। ਸਾਰੇ ਉਸ ਨੂੰ ਅਰਸ਼ੋਂ ਉੱਤਰੀ ਪਰੀ ਮੰਨ ਬੈਠੇ ਸਨ। ਘਰ ਵਿੱਚ ਜੇਕਰ ਮਹਿਮਾਨ ਆਉਂਦੇ ਤਾਂ ਦੁਰਖ਼ਾਨੀ ਲਈ ਸਿਰ ਦੇ ਪਰਦੇ ਤੋਂ ਵਧੀਕ ਇੱਕ ਵੱਖਰਾ ਪਰਦਾ ਰੱਖਿਆ ਜਾਂਦਾ।
ਬਾਰੇ-ਬਜ਼ਦਾਰੇ ਦੇ ਪੀਯੂ ਖ਼ਾਨ ਨਾਮ ਦੇ ਨੌਜਵਾਨ ਨੇ ਦੁਰਖ਼ਾਨੀ ਦੇ ਹੁਸਨ ਦੇ ਚਰਚੇ ਸੁਣੇ ਅਤੇ ਬਿਨਾਂ ਦੇਖਿਆਂ ਹੀ ਉਸ ‘ਤੇ ਫ਼ਿਦਾ ਹੋ ਗਿਆ। ਦੁਰਖ਼ਾਨੀ ਬਾਰੇ ਸੋਚਦਾ ਪੀਯੂ ਅੰਦਰੋਂ ਹੀ ਅੰਦਰੋਂ ਖੁਰਨ ਲੱਗਾ। ਉਸ ਦਾ ਰੰਗ ਪੀਲਾ ਪੈ ਗਿਆ। ਫ਼ਿਕਰਮੰਦ ਮਾਪਿਆਂ ਨੇ ਮਦਾਵਾ ਕਰਨ ਲਈ ਨਾਮੀ ਵੈਦ ਤਲਬ ਕੀਤੇ। ਨਬਜ਼ ਵੇਖ ਇੱਕ ਸੁਲਝਿਆ ਵੈਦ ਝੱਟ ਪਛਾਣ ਗਿਆ ਕਿ ਸੱਜਰਾ ਦਿਲ ਦਾ ਰੋਗ ਹੈ। ਉਸ ਨੇ ਪੀਯੂ ਦੇ ਵਾਲਿਦ ਨੂੰ ਆਪਣੇ ਪੁੱਤਰ ਨਾਲ਼ ਇਸ ਬਾਰੇ ਚਰਚਾ ਕਰਨ ਦੀ ਸਲਾਹ ਦਿੱਤੀ। ਪੀਯੂ ਦਾ ਪਿਤਾ ਕਬੀਲੇ ਦਾ ਸਭ ਤੋਂ ਅਮੀਰ ਸਰਦਾਰ ਸੀ। ਪੀਯੂ ਨੇ ਝਿਜਕਦਿਆਂ ਆਪਣੇ ਬਾਪ ਕੋਲ ਆਪਣੇ ਦਿਲ ਦਾ ਰਾਜ਼ ਜ਼ਾਹਰ ਕੀਤਾ। ਸਰਦਾਰ ਨੂੰ ਸਾਰੀ ਗੱਲ ਝੱਟ ਸਮਝ ਆ ਗਈ। ਅਗਲੀ ਸਵੇਰ ਹੀ ਉਸ ਨੇ ਤਵਸ ਖ਼ਾਨ ਦੇ ਘਰ ਰਿਸ਼ਤਾ ਭੇਜ ਦਿੱਤਾ। ਤਵਸ ਨੇ ਘਰ ਵਿੱਚ ਸਲਾਹ ਕੀਤੀ ਅਤੇ ਨਾਂਹ ਕਰਨ ਦਾ ਕੋਈ ਕਾਰਨ ਨਹੀਂ ਸੀ। ਸੋ ਝੱਟ ਰਿਸ਼ਤੇ ਲਈ ਹਾਂ ਹੋ ਗਈ।
ਸੋ ਦੁਰਖ਼ਾਨੀ ਹੁਣ ਪੀਯੂ ਦੀ ਅਮਾਨਤ ਸੀ। ਤਵਸ ਤੇ ਪੀਯੂ ਦੇ ਪਿਤਾ ਨੇ ਇੱਕਠਿਆਂ ਬੈਠ, ਆਉਂਦੇ ਸ਼ਾਹਬਾਨ (ਮਾਘ) ਦੇ ਮਹੀਨੇ ਵਿੱਚ ਦੋਹਾਂ ਦਾ ਨਿਕਾਹ ਮੁਕੱਰਰ ਕਰ ਲਿਆ। ਦੁਰਖ਼ਾਨੀ ਹੁਣ ਉਸ ਸ਼ਖਸ ਦੀ ਬੇਗਮ ਹੋਣ ਜਾ ਰਹੀ ਸੀ ਜਿਸ ਨੂੰ ਉਸ ਨੇ ਵੇਖਿਆ ਤੱਕ ਨਹੀਂ ਸੀ। ਉਹ ਸ਼ਖਸ ਪੀਯੂ ਦੁਰਖ਼ਾਨੀ ਦੇ ਸੁਹਜ ਦਾ ਸ਼ੈਦਾਈ ਸੀ। ਹੁਸਨ ਤੋਂ ਵੱਧ ਉਹ ਦੁਰਖ਼ਾਨੀ ਦੀ ਤਾਲੀਮ ਨੂੰ ਲੈ ਕੇ ਜਿਆਦਾ ਹਲੀਮ ਸੀ। ਦੁਰਖ਼ਾਨੀ ਨੇ ਹਾਲਾਤਾਂ ਨਾਲ਼ ਸਮਝੌਤਾ ਜਿਹਾ ਕਰ ਲਿਆ। ਅੱਜ ਤੱਕ ਉਸ ਦੇ ਦਿਲ ‘ਤੇ ਕਿਸੇ ਨੇ ਦਸਤਕ ਨਹੀਂ ਦਿੱਤੀ ਸੀ। ਆਉਂਦੇ ਵੇਲਿਆਂ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ। ਮਨ ਹੀ ਮਨ ਉਹ ਆਪਣੇ ਆਪ ਨੂੰ ਆਉਣ ਵਾਲ਼ੇ ਵਕਤ ਲਈ ਤਿਆਰ ਕਰ ਰਹੀ ਸੀ।
ਉਸ ਨੇ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਕਰ ਦਿੱਤਾ। ਪਿੰਡ ਦੀਆਂ ਬੁੱਢੀਆਂ ਔਰਤਾਂ ਘਰੇ ਆਉਂਦੀਆਂ ਅਤੇ ਉਸ ਦੀ ਸ਼ਾਦੀ ਲਈ ਰੇਸ਼ਮੀ ਕੂਚੀਆਂ (ਪਸ਼ਤੋ ਕੁੜਤੀਆਂ) ਤਿਆਰ ਕਰਦੀਆਂ। ਪੀਯੂ ਦੀ ਅੰਮੀ ਨੇ ਵੀ ਦੁਰਖ਼ਾਨੀ ਲਈ ਕੀਮਤੀ ਤੋਹਫ਼ੇ ਭੇਜੇ। ਪਰ ਚੰਨ-ਚਾਨਣੀਆਂ ਰਾਤਾਂ ਨੂੰ ਅਕਸਰ ਦੁਰਖ਼ਾਨੀ ਨੂੰ ਸੁਫ਼ਨੇ ਵਿੱਚ ਰਬਾਬ ਦੀਆਂ ਧੁੰਨਾਂ ਸੁਣਦੀਆਂ। ਉਹ ਸੁੱਤੀ ਹੋਈ ਅੱਭੜਵਾਹੇ ਉੱਠ ਜਾਂਦੀ ਤੇ ਧੁਨ ਬੰਦ ਹੋ ਜਾਂਦੀ। ਜੇਕਰ ਸੁਫ਼ਨਾ ਲੰਬਾ ਚਲਦਾ ਤਾਂ ਸਵਾਤ ਦਰਿਆ ਦੀਆਂ ਉਛਾਲੇ ਮਾਰਦੀਆਂ ਉੱਚੀਆਂ-ਉੱਚੀਆਂ ਛੱਲਾਂ ਓਹਲੇ ਪੱਥਰਾਂ ਦੀ ਸੇਜ ਮਾਣਦਾ ਇੱਕ ਰੂਹਾਨੀ ਰਬਾਬੀ ਪ੍ਰਸਤਤ ਹੁੰਦਾ। ਉਹ ਰਬਾਬੀ ਵੇਖਣ ਲਈ ਸਿਰ ਘਮਾਉਂਦੀ ਤੇ ਸੁਫ਼ਨਾ ਟੁੱਟ ਜਾਂਦਾ। ਉਸ ਨੇ ਇਸ ਸੁਫ਼ਨੇ ਵਾਲ਼ੇ ਸਾਜ਼ੀ ਦੇ ਭੇਤ ਦੀ ਭਿਣਕ ਤੱਕ ਵੀ ਕਿਸੇ ਨੂੰ ਨਾ ਪੈਣ ਦਿੱਤੀ। ਪਰ ਅੰਦਰੋਂ ਹੀ ਅੰਦਰੋਂ ਉਹ ਬਹੁਤ ਉਦਾਸ ਹੋ ਜਾਂਦੀ।
ਬਾਰੇ-ਬਜ਼ਦਾਰੇ ਵਿੱਚ ਦੁਰਖ਼ਾਨੀ ਦੀ ਇੱਕ ਖ਼ਾਲਾ ਵੀ ਵਿਆਹੀ ਹੋਈ ਸੀ, ਜਿਸ ਦਾ ਘਰ ਪੀਯੂ ਦੇ ਗੁਆਂਢ ਵਿੱਚ ਸੀ। ਖ਼ਾਲਾ ਨੇ ਆਪਣੀ ਧੀ ਆਇਸ਼ਾ ਦੀ ਸ਼ਾਦੀ ਰਬੀ-ਅੱਲ-ਤਨੀ (ਮੱਘਰ) ਦੇ ਮਹੀਨੇ ਵਿੱਚ ਬਾਰੇ ਦੇ ਹੀ ਬਬਰਾਕ ਖ਼ਾਨ ਨਾਮ ਦੇ ਨੌਜਵਾਨ ਨਾਲ਼ ਮੁਕੱਰਰ ਕਰ ਰੱਖੀ ਸੀ। ਸ਼ਾਦੀ ਤੋਂ ਤਿੰਨ ਦਿਨ ਪਹਿਲਾਂ ਖ਼ਾਲਾ ਆਪਣੇ ਭਰਾ ਤਵਸ ਕੋਲ ਆਈ। ਉਸ ਦੀ ਇੱਛਾ ਸੀ ਕਿ ਆਇਸ਼ਾ ਤੇ ਦੁਰਖ਼ਾਨੀ ਬਚਪਨ ਤੋਂ ਇਕਠੀਆਂ ਖੇਡਦੀਆਂ ਰਹੀਆਂ ਹਨ, ਇਸ ਲਈ ਨਿਕਾਹ ਮੌਕੇ ਦੁਰਖ਼ਾਨੀ ਦਾ ਮੌਜੂਦ ਰਹਿਣਾ ਖੁਸ਼ਗਵਾਰ ਹੋਵੇਗਾ। ਪਰ ਤਵਸ ਇਸ ਦੇ ਹੱਕ ਵਿੱਚ ਨਹੀਂ ਸੀ। ਦੁਰਖ਼ਾਨੀ ਦਾ ਨਿਕਾਹ ਮੁਕੱਰਰ ਸੀ ਅਤੇ ਹੁਣ ਉਹ ਬੇਗਾਨੀ ਅਮਾਨਤ ਸੀ। ਨਾਲ਼ ਹੀ ਦੁਰਖ਼ਾਨੀ ਦਾ ਹੋਣ ਵਾਲ਼ਾ ਸਹੁਰਾ ਘਰ ਵੀ ਖ਼ਾਲਾ ਦੇ ਗੁਆਂਢ ‘ਚ ਹੀ ਸੀ। ਪਰ ਅੰਤ ਨੂੰ ਖ਼ਾਲਾ ਦਾ ਆਪਣੇ ਭਾਈ ਤਵਸ ‘ਤੇ ਜ਼ੋਰ ਚੱਲ ਗਿਆ ਅਤੇ ਆਪਣੀ ਜ਼ਿੰਮੇਦਾਰੀ ‘ਤੇ ਉਹ ਦੁਰਖ਼ਾਨੀ ਨੂੰ ਆਪਣੇ ਨਾਲ਼ ਲੈ ਆਈ। ਉਸ ਦੀ ਸ਼ਿਰਕਤ ਵੇਖ ਆਇਸ਼ਾ ਬਾਗੋ-ਬਾਗ ਸੀ। ਨਿਕਾਹ ਤੋਂ ਇੱਕ ਸ਼ਾਮ ਪਹਿਲਾਂ ਬਬਰਾਕ ਨੇ ਆਪਣੇ ਦੋਸਤ ਪੀਯੂ ਦੇ ਹੁਜਰੇ ਵਿੱਚ ਕੂਜੇ ਬਜ਼ਦਾਰੇ ਦੇ ਮਸ਼ਹੂਰ ਰਬਾਬੀ ਅਦਮ ਖ਼ਾਨ ਨੂੰ ਸੱਦਾ ਦਿੱਤਾ ਹੋਇਆ ਸੀ। ਨੌਜਵਾਨਾਂ ਨੂੰ ਸ਼ਾਦੀ ਤੋਂ ਇੱਕ ਰਾਤ ਪਹਿਲਾਂ ਰਬਾਬੀ ਸੁਰਾਂ ਸੰਗ ਪਸ਼ਤੋ ਨਾਚ ‘ਆਤਨ’ ਦੀ ਤਲਬ ਸੀ। ਆਤਨ ਮਗਰੋਂ ਬਬਰਾਕ ਤਰਫੋਂ ਦਾਵਤ ਵੀ ਰੱਖੀ ਗਈ ਸੀ। ਅਦਮ ਖ਼ਾਨ ਨੂੰ ਲੈ ਕੇ ਆਉਣ ਦਾ ਜ਼ਿੰਮਾ ਪੀਯੂ ਖ਼ਾਨ ਦਾ ਸੀ।
ਦਾਅਵਤ ਵਾਲੀ ਸ਼ਾਮ ਦੁਰਖ਼ਾਨੀ ਦੇ ਦਿਲ ‘ਤੇ ਅਦਮ ਖ਼ਾਨ ਨੇ ਆਣ ਦਸਤਕ ਦਿੱਤੀ। ਦੁਰਖ਼ਾਨੀ ਖਾਮੋਸ਼ ਸੀ। ਉਹ ਕੰਬ ਰਹੀ ਸੀ ਅਤੇ ਉਸ ਨਾਲ਼ ਕੁਝ ਨਿਵੇਕਲਾ ਵਾਪਰ ਰਿਹਾ ਸੀ। ਉਹ ਅਣਜਾਣ ਬਣੀ ਸਭ ਵੇਖ ਰਹੀ ਸੀ। ਅਜਿਹਾ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਉਸ ਅੰਦਰ ਅਣਸੁਲਝੇ ਸਵਾਲਾਂ ਦਾ ਵਾਵਰੋਲਾ ਚੱਲ ਰਿਹਾ ਸੀ। ਬਾਹਰੋਂ ਉਹ ਬੇਬਸ ਹੋਈ ਕੰਬਦੇ ਬੁੱਲਾਂ ਨਾਲ਼ ਆਪਣੀ ਖ਼ਾਲਾ ਨੂੰ ਆਵਾਜ਼ਾਂ ਦੇ ਰਹੀ ਸੀ। ਸਹੇਲੀਆਂ ਨੇ ਉਸ ਨੂੰ ਆਣ ਘੇਰ ਲਿਆ।
ਉਹ ਕਿਸ ਨਾਲ਼ ਗੱਲ ਕਰੇ? ਕਿਸੇ ਨਾਲ਼ ਉਸ ਦੀ ਐਨੀ ਚਿਰੋਕੀ ਗੂੜ੍ਹੀ ਸਾਂਝ ਵੀ ਨਹੀਂ ਸੀ। ਪਰ ਮਸਲਾ ਬਹੁਤ ਸੰਗੀਨ ਸੀ। ਕੋਈ ਤਾਂ ਉਸ ਦਾ ਹਮਦਰਦ ਹੋਵੇਗਾ? ਅਦਮ ਦੀ ਇੱਕ ਤੱਕਣੀ ਨੇ ਉਸ ਦੇ ਪੈਰਾਂ ਹੇਠਲੀ ਧਰਤ ਖਿੱਚ ਲਈ ਸੀ। ਕੀ ਕੁਦਰਤ ਕਦੇ ਉਸ ਨੂੰ ਅਦਮ ਦੀ ਖੈਰਾਤ ਬਖਸ਼ੇਗੀ? ਜੇਕਰ ਹਾਂ, ਤਾਂ ਉਹ ਸਭ ਕੁਝ ਹਰਨ ਲਈ ਤਿਆਰ ਸੀ। ਪਰ ਇਹ ਦਿਲਾਂ ਦੇ ਸੌਦੇ ਕਿਸੇ ਦੀ ਮਦਦ ਬਿਨਾਂ ਸੰਭਵ ਨਹੀਂ ਸਨ। ਕੀ ਉਹ ਖਾਲ਼ਾ ਨਾਲ਼ ਗੱਲ੍ਹ ਕਰੇ? ਜਾਂ ਕੀ ਪਰਵਦਗਾਰ ਦਾ ਭੇਜਿਆ ਕੋਈ ਫ਼ਰਿਸ਼ਤਾ ਉਸ ਨੂੰ ਇਸ ਕਸ਼ਮਕਸ਼ ‘ਚੋਂ ਬਾਹਰ ਖਿੱਚੇਗਾ? ਉਸ ਦਾ ਅਤੀਤ ਦੂਰ ਪਿੱਛੇ ਕਿਤੇ ਰਹਿ ਗਿਆ। ਬੱਸ ਅਦਮ, ਕਲਪਨਾ ਤੇ ਉਸ ਦੀਆਂ ਕਿਆਸਅਰਾਈਆਂ ਵਿੱਚ ਘੁੱਲ-ਮਿਲ ਗਿਆ ਸੀ।
ਸੁਫ਼ਨਿਆਂ ਵਿਚਲਾ ਰਬਾਬੀ ਸਾਰੀਆਂ ਧੁੰਨਾਂ ਸਮੇਤ ਉਸ ਦੇ ਦਰਪੇਸ਼ ਸੀ। ਜਾਗਦੀਆਂ ਅੱਖਾਂ ਨਾਲ਼ ਦੁਰਖ਼ਾਨੀ ਇੱਕ ਰਾਤ ‘ਚ ਹਜ਼ਾਰਾਂ ਦਰਿਆ ਲੰਘ ਆਈ। ਉਸ ਨੂੰ ਜਾਪਿਆ ਕਿ ਅਚਾਨਕ ਅਰਸ਼ੋਂ ਉੱਚੀ ਕੰਧ ਉਸ ਮੂਹਰੇ ਆਣ ਡਿੱਠੀ। ਅਦਮ ਤੇ ਥਿਰਕਦੀਆਂ ਰਬਾਬੀ ਤਾਰਾਂ ‘ਚੋਂ ਨਿਕਲਦੀਆਂ ਬੈਰਾਗੀ ਧੁੰਨਾਂ ਉਸ ਕੰਧ ਤੋਂ ਪਾਰ ਉਸ ਨੂੰ ਸੱਦ ਰਹੀਆਂ ਸਨ। ਜਿਸ ਦੁਨੀਆ ਦਾ ਉਹ ਸਦਾ ਦਮ ਭਰਦੀ ਰਹੀ, ਸਭ ਮਹਿਜ ਛਲਾਵਾ ਸੀ। ਅਗਲੇ ਦਿਨ ਭੈਣ ਦੀ ਸ਼ਾਦੀ ਹੋ ਗਈ ਪਰ ਦੁਰਖ਼ਾਨੀ ਉਸੇ ਕਮਰੇ ‘ਚ ਹੀ ਰਹੀ। ਇਸ਼ਕੇ ਨੇ ਉਸ ਨੂੰ ਆਣ ਲਲਕਾਰਿਆ ਸੀ। ਨੈਣਾਂ ਦੇ ਬਰੂਹੇ ਅਚਾਨਕ ਸੱਚ ਆਣ ਢੁਕਿਆ ਸੀ। ਸੋਚਾਂ ਵਿੱਚ ਗੁਆਚੀ ਦੁਰਖ਼ਾਨੀ ਨੇ ਆਪਣੀ ਪਿਆਰੀ ਖ਼ਾਲਾ ਨੂੰ ਆਪਣੀ ਤੜਪ ਬਿਆਨ ਕਰ ਦਿੱਤੀ।
ਤੇ ਡੌਰ-ਭੌਰ ਹੋਇਆ ਅਦਮ ਵੀ ਕੋਈ ਟਿਕਾਣਾ ਲੱਭ ਰਿਹਾ ਸੀ। ਕੋਈ ਮਹਿਫ਼ੂਜ਼ ਤੇ ਸ਼ਾਂਤ ਜਿਹੀ ਜਗ੍ਹਾ, ਜਿੱਥੇ ਬੈਠ ਉਹ ਆਪਣੇ ਰੂਹ ਦਾ ਕਰਾਰ ਮੁੜ ਹਾਸਲ ਕਰ ਸਕੇ। ਖਵਾਹਿਸ਼ਾਂ ਦੀ ਉਡਾਰੀ ਭਰਦਾ ਉਸ ਦਾ ਮਨ ਬੇਤਾਬ ਸੀ। ਉਹ ਮੁੜ ਤੋਂ ਦੁਰਖ਼ਾਨੀ ਦੀ ਇੱਕ ਝਲਕ ਪਾਉਣ ਲਈ ਉਤਾਵਲਾ ਸੀ। ਦੁਰਖ਼ਾਨੀ ਦੇ ਹੁਸਨ ਨੂੰ ਉਹ ਆਪਣੀ ਤੱਕਣੀ ‘ਚ ਸਮੇਟ ਕਿਤੇ ਦੂਰ ਲੰਘ ਜਾਣਾ ਲੋਚਦਾ ਸੀ। ਉਹ ਦਰਿਆਵਾਂ ਦੀ ਮੌਜ ਬਣ ਅਗਿਆਤ ਰਸਤਿਆਂ ‘ਤੇ ਵਗਣਾ ਚਾਹੁੰਦਾ ਸੀ। ਪਲਾਂ ਵਿੱਚ ਉਸ ਨੇ ਫ਼ਕੀਰੀ ਜਾਮਾ ਤਿਆਗ ਦਿੱਤਾ। ਪੀਯੂ ਨਾਲ਼ ਹਿਮਾਕਤ ਮਗਰੋਂ ਰੁਕਣ ਦਾ ਕੋਈ ਕਾਰਨ ਨਹੀਂ ਬਚਦਾ ਸੀ। ਉਹ ਅੱਧੀ ਰਾਤ ਨੂੰ ਆਪਣਾ ਰਬਾਬ ਚੁੱਕ ਸਵਾਤ ਦਰਿਆ ਵੱਲ ਨੂੰ ਤੁਰ ਪਿਆ। ਉਹ ਭੁੱਲ ਗਿਆ ਕਿ ਉਹ ਕੂਜੇ ਬਜ਼ਦਾਰੇ ਦਾ ਹੋਣ ਵਾਲ਼ਾ ਸਰਦਾਰ ਹੈ। ਉਸ ਦੇ ਦਿਲੋਂ-ਦਿਮਾਗ ‘ਚੋਂ ਇਹ ਮਿਟ ਗਿਆ ਕਿ ਉਹ ਯੂਸਫ਼ਜ਼ਈ ਕਬੀਲੇ ਦਾ ਭਵਿੱਖ ਹੈ। ਬਸ ਸਿਰਫ਼ ਤੇ ਸਿਰਫ਼ ਦੁਰਖ਼ਾਨੀ। ਜੇ ਨਹੀਂ, ਤਾਂ ਸਿਰਫ਼ ਇਕਾਂਤ, ਰਬਾਬ ਤੇ ਕੁਦਰਤ। ਸਾਰੀ ਰਾਤ ਤੁਰਦਾ ਉਹ ਸਵਾਤ ਘਾਟੀ ਲੰਘ ਆਇਆ। ਸਰਦ ਸਵੇਰ ਭੁੱਖੇ-ਭਾਣੇ ਉਹ ਪੱਥਰਾਂ ਤੇ ਜਾ ਬੈਠਾ। ਰਬਾਬ ‘ਤੇ ਵੈਰਾਗੀ ਧੁਨ ਕੱਢਣ ਲੱਗਾ। ਬਿਰਹੋਂ ਨੇ ਉਸ ਨੂੰ ਵੀ ਆਣ ਘੇਰਿਆ ਸੀ। ਪੱਥਰ ਉਸਨੂੰ ਉਸਦਾ ਦਰਦ ਸੁਣਦੇ ਪ੍ਰਤੀਤ ਹੁੰਦੇ। ਇਸੇ ਕਸ਼ਮਕਸ਼ ‘ਚ ਅਚਾਨਕ ਹੀ ਉਸ ਨੂੰ ਨੀਂਦ ਆ ਗਈ।
ਅਗਲੀ ਦੁਪਹਿਰੇ ਜਦ ਅਦਮ ਨੇ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਦੋ ਆਜੜੀ ਬੱਚੇ ਬੈਠੇ ਸਨ। ਉਹਨਾਂ ਨੇ ਤਾਜ਼ਾ ਦੁੱਧ ਗਰਮ ਕਰ, ਬੇਸੁਰਤੇ ਅਦਮ ਨੂੰ ਪਿਲਾਇਆ। ਸੁਰਤ ਸੰਭਾਲ ਉਹ ਪਿੱਛਲੇ ਦਿਨ ਦੀਆਂ ਘਟਨਾਵਾਂ ਬਾਰੇ ਸੋਚ ਰਿਹਾ ਸੀ। ਤੇ ਮੁੜ ਦੁਰਖ਼ਾਨੀ ਦਾ ਹਸੀਨ ਚਿਹਰਾ ਉਸ ਦੇ ਜਹਿਨ ‘ਚ ਆਇਆ। ਉਹ ਬਾਰੇ ਬਾਜ਼ਦਾਰੇ ਤੋਂ ਬਹੁਤ ਦੂਰ ਲੰਘ ਆਇਆ ਸੀ। ਪਰ ਜਾਪਦਾ ਸੀ ਕਿ ਆਪਣਾ ਸਭ ਕੁਝ ਉਹ ਉੱਥੇ ਹੀ ਛੱਡ ਆਇਆ ਸੀ। ਤੜਪ ਨੇ ਫੇਰ ਤੋਂ ਉਸਨੂੰ ਘੇਰ ਲਿਆ। ਸ਼ਾਹਬਾਜ਼ ਫੜ੍ਹ ਰਬਾਬੀ ਤਾਰਾਂ ‘ਤੇ ਉਸ ਦੀਆਂ ਉਂਗਲਾਂ ਦੇ ਪੋਟੇ ਮੁੜ ਨੱਚਣ ਲੱਗੇ। ਅੱਜ ਧੁਨ ਕੁਝ ਵੱਖਰੀ ਸੀ। ਤੇਜ਼ ਹਵਾਵਾਂ ਨੂੰ ਚੀਰਦੀ ਉਹ ਧੁਨ ਹੁਣ ਅਰਸ਼ਾਂ ਵੱਲ ਨੂੰ ਵਧ ਰਹੀ ਸੀ। ਇਹ ਬਿਰਹਾ ਦਾ ਨਾਦ ਸੀ। ਰੁੱਖ, ਦਰਿਆ, ਪੱਥਰ, ਪਾਣੀ ਸਭ ਝੂਮਦੇ ਜਾਪਦੇ ਸਨ। ਇਹ ਧੁਨ ਕਿੰਜ ਪ੍ਰਗਟ ਹੋਈ, ਉਹ ਖੁਦ ਵੀ ਨਹੀਂ ਜਾਣਦਾ ਸੀ। ਪਰ ਉਹ ਇੱਕ ਸੁਨੇਹਾ ਮਹਿਸੂਸ ਕਰ ਸਕਦਾ ਸੀ। ਕੁਦਰਤ ਨੇ ਉਸ ਨੂੰ ਉੱਥੇ ਲਿਆ ਖਲੋਇਆ ਸੀ, ਜਿੱਥੇ ਉਸ ਨੇ ਹਰ ਹਾਲ ਪੁੱਜਣਾ ਹੀ ਸੀ। ਜਿੰਨੇ ਰਸਤੇ ਉਸ ਨੇ ਗਾਹੇ ਸਨ, ਸਭ ਇੱਥੇ ਹੀ ਆਣ ਮੁੱਕਣੇ ਸਨ। ਦਰਿਆ ਕੰਢੇ ਦੋ ਜੌੜੇ ਪੱਥਰਾਂ ਹੇਠ, ਨਿੱਕੀ ਅਤੇ ਨਿੱਘੀ ਜਿਹੀ ਇੱਕ ਖੁੰਦਰ ਬਣਦੀ ਸੀ। ਭੁੱਖਣ-ਭਾਣਾ ਉਹ ਇੱਥੇ ਹੀ ਪੱਕਾ ਟਿਕਾਣਾ ਬਣਾ, ਰਹਿਣ ਲੱਗਾ। ਰਬਾਬ ਸੁਣ ਆਜੜੀ ਆਉਂਦੇ ਅਤੇ ਥੋੜ੍ਹਾ-ਬਹੁਤ ਖਾਣ ਨੂੰ ਦੇ ਜਾਂਦੇ। ਦਿਨ ਦੇ ਕਈ-ਕਈ ਪਹਿਰ ਉਹ ਦੁਰਖ਼ਾਨੀ ਨੂੰ ਯਾਦ ਕਰਦਾ ਬਿਤਾ ਦਿੰਦਾ। ਇਸ਼ਕ ਉਸ ਦੇ ਸਰੀਰ ਨੂੰ ਬੁਰਕੀ-ਬੁਰਕੀ ਕਰ, ਵਿਰਵਾ ਕਰ ਰਿਹਾ ਸੀ। ਪਰ ਰਬਾਬ ਫੇਰ ਤੋਂ ਉਸ ਅੰਦਰ ਨਵੀਂ ਊਰਜਾ ਭਰ ਜਾਂਦੀ। ਭੁੱਖਣ-ਭਾਣਾ ਉਹ ਮੁੜ ਰਬਾਬ ਵਜਾਉਣ ਲੱਗਦਾ। ਅਜਿਹੇ ਵਿੱਚ ਇੱਕ ਦਿਨ ਉਹ ਅਚਨਚੇਤ ਹੋ ਕੇ ਸੰਗੀਤ ਦੀਆਂ ਸਿਖਰਾਂ ‘ਤੇ ਜਾ ਪੁੱਜਾ ਸੀ ਕਿ ਉਸ ਦੇ ਸਾਹਮਣੇ ਦੁਰਖ਼ਾਨੀ ਆਣ ਖਲੋਤੀ। ਉਸ ਨੂੰ ਟਪਲਾ ਜਿਹਾ ਪ੍ਰਤੀਤ ਹੋਇਆ। ਪਰ ਉਹ ਸੱਚ ਸੀ। ਭਾਂਬੜ ਦੋਹਾਂ ਪਾਸੇ ਉੱਠ ਰਹੇ ਸਨ।
ਦੁਰਖ਼ਾਨੀ ਦੀ ਖ਼ਾਲਾ ਤੋਂ ਉਸ ਦਾ ਅਸਿਹ ਦਰਦ ਵੇਖਿਆ ਨਹੀਂ ਗਿਆ। ਖ਼ਾਲਾ ਨੂੰ ਆਪਣੀ ਜੋਬਨ ਰੁੱਤੇ ਹੰਢਾਈ ਪੀੜ੍ਹ ਯਾਦ ਆ ਗਈ। ਸਮੇਂ ਦੇ ਸੰਯੋਗ ਨਾਲ਼ ਬਗਾਵਤ ਕਰ, ਉਸ ਨੇ ਦੁਰਖ਼ਾਨੀ ਨੂੰ ਅਦਮ ਨਾਲ਼ ਮਿਲਾਉਣ ਦਾ ਹੀਲਾ ਕੀਤਾ। ਹਿੰਦ-ਕੁਸ਼ ਤੋਂ ਆਉਂਦੇ ਰਮਤੇ ਜੋਗੀਆਂ ਰਾਹੀਂ ਖ਼ਾਲਾ ਨੇ ਅਦਮ ਦਾ ਟਿਕਾਣਾ ਪੁੱਛਿਆ। ਅਤੇ ਕਬੀਲੇ ਤੋਂ ਚੋਰੀ, ਸਰਦ ਸਵੇਰ ਦੇ ਪਹਿਲੇ ਪਹਿਰ, ਧੁੰਦ ਦੀ ਚਾਦਰ ਹੇਠ, ਮੂੰਹ ਹਨੇਰ, ਦੋਹਾਂ ਇਸ਼ਕੇ ਦੇ ਮਰੀਜ਼ਾਂ ਨੂੰ ਮਿਲਾਉਣ ਲਈ ਤੁਰ ਪਈ। ਖ਼ਾਲਾ ਨੂੰ ਇੱਕ-ਇੱਕ ਪਲ ਸਦੀਆਂ ਵਾਂਗਰ ਜਾਪ ਰਿਹਾ ਸੀ। ਨਸ਼ਰ ਹੋਣ ‘ਤੇ ਸਭ ਕੁਝ ਇੱਕ ਛਿਣ ਵਿੱਚ ਖ਼ਤਮ ਵੀ ਹੋ ਸਕਦਾ ਸੀ। ਪਰ ਅੰਦਰੋਂ ਉਸ ਨੂੰ ਕੋਈ ਤਾਕਤ ਹਲਾਸ਼ੇਰੀ ਦੇ ਰਹੀ ਸੀ। ਉਸ ਨੇ ਬਿਰਹਾ ਦੀ ਪੀੜ੍ਹ ਹੰਢਾਉਂਦੇ ਦੋ ਪ੍ਰੇਮੀਆਂ ਨੂੰ ਆਹਮਣੇ-ਸਾਹਮਣੇ ਲਿਆ ਦਿੱਤਾ। ਦੁਰਖ਼ਾਨੀ ਨੂੰ ਸਾਹਮਣੇ ਵੇਖ ਅਦਮ ਨੂੰ ਇਲਾਹੀ ਪੈਗਾਮ ਸਪਸ਼ਟ ਹੋ ਗਿਆ। ਉਹ ਜਾਣ ਗਿਆ ਕਿ ਉਸ ਨਾਲ਼ ਜੋ ਵੀ ਵਾਪਰਿਆ, ਸਭ ਕੁਦਰਤ ਦਾ ਖੇਲ ਹੈ। ਦੁਰਖ਼ਾਨੀ ਪਹਿਲਾਂ ਤਾਂ ਸਹਿਮ ਗਈ ਪਰ ਅਗਲੇ ਹੀ ਪਲ ਅਦਮ ਦੇ ਕਲਾਵੇ ਵਿੱਚ ਜਾ, ਲੀਨ ਹੋ ਗਈ। ਖ਼ਾਲਾ ਨੇ ਦੋਹਾਂ ਨੂੰ ਕੁਝ ਸਮੇਂ ਵਾਸਤੇ ਇਕੱਲਿਆਂ ਛੱਡ ਦਿੱਤਾ।
ਇਹ ਅਦਮ ਤੇ ਦੁਰਖ਼ਾਨੀ ਦੇ ਵਸਲ ਦਾ ਪਲ ਸੀ। ਉਹ ਇੰਜ ਮਿਲੇ ਜਿਵੇਂ ਜਨਮਾਂ-ਜਨਮਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਣ। ਅਜ਼ਲਾਂ ਦੇ ਕੀਤੇ ਅਹਦ ਵਫ਼ਾ ਹੋ ਰਹੇ ਸਨ। ਦੋਹੇਂ ਕਾਫ਼ੀ ਦੇਰ ਇੱਕ-ਦੂਜੇ ਦੀਆਂ ਅੱਖਾਂ ‘ਚ ਵੇਖਦੇ ਰਹੇ। ਬਿਨਾ ਬੋਲੇ ਹੀ ਹਜ਼ਾਰਾਂ ਗੱਲ੍ਹਾਂ ਕਹਿ ਗਏ। ਜਨਮਾਂ-ਜਨਮਾਂ ਦੇ ਕੌਲ-ਕਰਾਰ ਹੋ ਗਏ। ਚਿੱਟੇ ਕੱਪੜੇ ‘ਚ ਲਪੇਟ ਦੁਰਖ਼ਾਨੀ ਆਪਣੇ ਆਸ਼ਿਕ ਲਈ ਪਿਛਲੀ ਰਾਤ ਦੀਆਂ ਬਣੀਆਂ ਦੋ ਤੰਦੂਰੀ ਰੋਟੀਆਂ ਤੇ ਕੁਝ ਗੁਲਗੁਲੇ ਲਕੋ ਕੇ ਲਿਆਈ ਸੀ। ਆਪਣੇ ਹੱਥਾਂ ਨਾਲ਼ ਤੋੜ ਉਸ ਨੇ ਅਦਮ ਨੂੰ ਗੁਲਗੁਲੇ ਖੁਆਏ। ਆਪਣੀ ਚੁੰਨੀ ਨਾਲ਼ ਉਸ ਨੇ ਅਦਮ ਦੇ ਹੰਝੂ ਪੂੰਝੇ। ਅੱਖਾਂ ਨਾਲ਼ ਹੀ ਦੋਹਾਂ ਨੇ ਅੰਦਰਲੇ ਵਲਵਲੇ ਇੱਕ-ਦੂਜੇ ਅੱਗੇ ਫਰੋਲ ਸੁੱਟੇ। ਪਰ ਇਹ ਸਮਾਂ ਜਿਵੇਂ ਖੰਭ ਲਾ ਕੇ ਉੱਡ ਰਿਹਾ ਸੀ ਅਤੇ ਮਿਲਾਪ ਦੀਆਂ ਇਹ ਘੜੀਆਂ ਹੱਥ ਵਿੱਚੋਂ ਰੇਤ ਵਾਂਗ ਕਿਰ ਰਹੀਆਂ ਸਨ। ਮਿਲਣੀ ਦਾ ਸਮਾਂ ਲੰਘ ਗਿਆ। ਖ਼ਾਲਾ ਆ ਕੇ ਦੁਰਖ਼ਾਨੀ ਨੂੰ ਆਪਣੇ ਨਾਲ਼ ਲੈ ਗਈ। ਪਰ ਦੁਰਖ਼ਾਨੀ ਦਾ ਸਭ ਕੁਝ ਪੱਥਰਾਂ ਹੇਠ ਬਣੇ ਅਦਮ ਦੇ ਠਾਣੇ ਵਿਖੇ ਹੀ ਢੇਰ ਹੋ ਗਿਆ ਸੀ।
ਜਦੋਂ ਅਦਮ ਨੂੰ ਘਰੋਂ ਬਾਹਰ ਆਇਆਂ ਲੰਬਾ ਸਮਾਂ ਬੀਤ ਗਿਆ ਤਾਂ ਹਸਨ ਖ਼ਾਨ ਨੇ ਉਸ ਦੀ ਭਾਲ ਸ਼ੁਰੂ ਕੀਤੀ। ਜਾਣਕਾਰਾਂ ਤੋਂ ਉਸ ਨੂੰ ਦੁਰਖ਼ਾਨੀ ਲਈ ਅਦਮ ਦੀ ਤੜਪ ਦਾ ਪਤਾ ਲੱਗਿਆ। ਆਜੜੀਆਂ ਰਾਹੀਂ ਉਸ ਨੇ ਆਪਣੇ ਪੁੱਤਰ ਦਾ ਨਵਾਂ ਟਿਕਾਣਾ ਮਲੂਮ ਕੀਤਾ। ਜਿਸ ਅਦਮ ਨੂੰ ਉਹ ਮਿਲਿਆ ਉਹ ਇੱਕ ਦੁਬਲਾ-ਪਤਲਾ ਕਮਜ਼ੋਰ ਜਿਹਾ ਨੌਜਵਾਨ ਸੀ। ਚਿੰਤਾਗ੍ਰਸਤ, ਹਸਨ ਉਸ ਨੂੰ ਆਪਣੇ ਨਾਲ਼ ਕੂਜੇ ਵਾਪਸ ਲੈ ਆਇਆ। ਕੁਝ ਦਿਨ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਮਗਰੋਂ ਅਦਮ ਦਾ ਜੁੱਸਾ ਮੁੜ ਤੋਂ ਆਪਣੇ ਪਹਿਲੇ ਰੂਪ ‘ਚ ਆ ਰਿਹਾ ਸੀ। ਪਰ ਅਜਿਹੇ ਵਿੱਚ ਉਸ ਨੂੰ ਦੁਰਖ਼ਾਨੀ ਦੀ ਯਾਦ ਪਲ-ਪਲ ਸਤਾਉਂਦੀ ਰਹਿੰਦੀ ਸੀ। ਸਿਆਲਾਂ ਦੀ ਰੁੱਤ ਸੀ। ਉਹ ਸਵੇਰ ਨੂੰ ਹੀ ਰਬਾਬ ਲੈ ਦਰਿਆ ‘ਤੇ ਚਲਾ ਜਾਂਦਾ ਅਤੇ ਛੱਲਾਂ ਸੰਗ ਸੰਗੀਤਕ ਧੁੰਨਾਂ ਛੇੜਦਾ। ਕਿਸੇ ਵੱਡੇ ਪਹਾੜ ਵਾਂਗ ਉਸ ਦੇ ਸਾਰੇ ਵਜੂਦ ਨੂੰ ਦੁਰਖ਼ਾਨੀ ਨਾਮ ਦੀ ਧੁੰਦ ਨੇ ਪੂਰੀ ਤਰ੍ਹਾਂ ਢੱਕ ਦਿੱਤਾ ਸੀ। ਰਬਾਬ ਦੀਆਂ ਤਾਰਾਂ ‘ਤੇ ਵੀ ਵੈਰਾਗਮਈ ਸੰਗੀਤ ਵਿਦਮਾਨ ਸੀ।
ਅਦਮ ਮਲੂਕ ਦੁਰਖ਼ਾਨੀ ਨੂੰ ਮਿਲਣਾ ਚਾਹੁੰਦਾ ਸੀ। ਪਰ ਕੋਈ ਹੀਲਾ ਨਹੀਂ ਹੋ ਰਿਹਾ ਸੀ। ਪੀਯੂ ਦੀ ਧਮਕੀ ਮਗਰੋਂ ਬਾਰੇ ਜਾਣਾ ਸੰਭਵ ਨਹੀਂ ਰਿਹਾ ਸੀ। ਦੁਰਖ਼ਾਨੀ ਵੀ ਆ ਨਹੀਂ ਸਕਦੀ ਸੀ। ਐਨੇ ਵਿੱਚ ਇੱਕ ਦੋਸਤ ਨੇ ਬਾਰੇ ਬਜ਼ਦਾਰੇ ਤੋਂ ਇੱਕ ਅਹਿਮ ਖ਼ਬਰ ਲੈ ਆਂਦੀ। ਉਸ ਨੇ ਦੱਸਿਆ ਕਿ ਦੁਰਖ਼ਾਨੀ ਦੇ ਨਿਕਾਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਆਪਣੇ ਪੁੱਤਰ ਦਾ ਦੁਖਾਂਤ ਵੇਖ ਹਸਨ ਖ਼ਾਨ ਨੇ ਅਦਮ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ। ਪਰ ਅਦਮ ਦੀ ਹਸਤੀ ਹਰ ਸਮਝ ਤੋਂ ਪਾਰ ਲੰਘ ਚੁੱਕੀ ਸੀ। ਹਾਰ ਮੰਨ ਹਸਨ ਨੇ ਅਦਮ ਨੂੰ ਉਸ ਦੇ ਹਾਲ ‘ਤੇ ਛੱਡ ਦਿੱਤਾ। ਪਰ ਅਦਮ ਦੇ ਦੋਸਤ ਉਸ ਦੀ ਮਦਦ ਕਰਨਾ ਚਾਹੁੰਦੇ ਸਨ। ਉਹਨਾਂ ਵਿੱਚੋਂ ਇੱਕ ਦੋਸਤ ਨੇ ਅਦਮ ਨੂੰ ਦੁਰਖ਼ਾਨੀ ਨਾਲ਼ ਮਿਲਾਉਣ ਦੀ ਵਿਉਂਤ ਬਣਾਈ। ਉਸ ਦੋਸਤ ਨੇ ਬਾਰੇ ਦੇ ਚੌਕੀਦਾਰ ਨੂੰ ਰਿਸ਼ਵਤ ਦੇ ਕੇ ਨਾਲ਼ ਰਲਾ ਲਿਆ। ਰਾਤ ਦੇ ਹਨ੍ਹੇਰੇ ਵਿੱਚ ਅਦਮ ਨੂੰ ਆਪਣੇ ਨਾਲ਼ ਲੈ, ਉਸ ਦੋਸਤ ਨੇ ਚੌਕੀਦਾਰ ਦੀ ਮਦਦ ਨਾਲ਼, ਅਦਮ ਨੂੰ ਦੁਰਖ਼ਾਨੀ ਦੇ ਚੁਬਾਰੇ ਤੱਕ ਪਹੁੰਚਦਾ ਕਰ ਦਿੱਤਾ।
ਚੰਨ-ਚਾਨਣੀ ਰਾਤ ਦਾ ਦੂਜਾ ਪਹਿਰ ਸ਼ੁਰੂ ਹੋ ਚੁੱਕਾ ਸੀ। ਪਰ ਦੁਰਖ਼ਾਨੀ ਤਾਰਿਆਂ ਸੰਗ ਜਾਗ ਰਹੀ ਸੀ। ਉਸ ਦੇ ਜ਼ਹਿਨ ‘ਤੇ ਅਦਮ ਤੇ ਰਬਾਬੀ ਧੁਨ ਬੱਦਲ ਬਣ ਛਾਏ ਹੋਏ ਸਨ। ਖਾਮੋਸ਼ ਬੈਠੀ ਖੁੱਲੀ ਤਾਕੀ ‘ਚੋਂ ਉਹ ਚੰਨ ਦੇ ਦੀਦਾਰੇ ਕਰ ਰਹੀ ਸੀ। ਉਸੇ ਵੇਲੇ ਉਸ ਨੂੰ ਇੱਕ ਪਰਛਾਵਾਂ ਆਪਣੇ ਵੱਲ ਨੂੰ ਆਉਂਦਾ ਦਿਸਿਆ। ਚਾਨਣੀ ਰਾਤ ਵਿੱਚ ਉਹ ਝੱਟ ਪਛਾਣ ਗਈ ਕਿ ਅਦਮ ਹੈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬੂਹਾ ਖੋਲ ਉਸ ਨੇ ਅਦਮ ਨੂੰ ਅੰਦਰ ਬੁਲਾ ਲਿਆ। ਪਿਛਲੀ ਮਿਲਣੀ ਤੋਂ ਇਹ ਮਿਲਣੀ ਬਿਲਕੁੱਲ ਵੱਖਰੀ ਸੀ। ਦੋਹਾਂ ਨੇ ਪਹਿਲੇ ਪਲ ਹੀ ਇੱਕ ਦੂਜੇ ਨੂੰ ਗਲਵਕੜੀ ‘ਚ ਲੈ ਲਿਆ। ਦੋ ਹਮਖ਼ਿਆਲ ਰੂਹਾਂ ਹੁਣ ਦੇਹਾਂ ਦਾ ਨਿੱਘ ਮਾਣ ਰਹੀਆਂ ਸਨ। ਕਾਫ਼ੀ ਦੇਰ ਉਹ ਖੁੱਲੀ ਤਾਕੀ ਕੋਲ ਇੱਕਮਿਕ ਹੋ, ਖਲੋਤੇ ਰਹੇ। ਫੇਰ ਅਦਮ ਨੇ ਚੁੱਪ ਤੋੜੀ।
“ਤੈਨੂੰ ਨੀਂਦ ਨਹੀਂ ਆ ਰਹੀ ਸੀ?” ਅਦਮ ਪੁੱਛਿਆ।
“ਨੀਂਦਾਂ ਤਾਂ ਇੱਕ ਰੋਜ਼ ਹੁਜਰੇ ‘ਚ ਆਇਆ ਰਬਾਬੀ ਆਪਣੇ ਨਾਲ਼ ਬੰਨ੍ਹ ਕੇ ਪਹਾੜਾਂ ਵੱਲ ਨੂੰ ਲੈ ਗਿਆ”, ਦੁਰਖ਼ਾਨੀ ਨੇ ਨਿਸ਼ੰਗ ਹੋ ਕਿਹਾ।
“ਤੇਰੇ ਨਿਕਾਹ ਦਾ ਵਖ਼ਤ ਨੇੜ੍ਹੇ ਹੈ?” ਅਦਮ ਆਖਿਆ।
ਉਸ ਬੇਝਿਜਕ ਕਿਹਾ “ਦੁਰਖ਼ਾਨੀ ਤਾਂ ਹੁਣ ਸਿਰਫ਼ ਅਦਮ ਦੀ ਅਮਾਨਤ ਹੈ। ਦੁਨੀਆ ਦੀ ਕੋਈ ਰਹੁ-ਰਸਮ ਮੈਨੂੰ ਤੇਰੇ ਤੋਂ ਜੁਦਾ ਨਹੀਂ ਕਰ ਸਕਦੀ।”
ਅਦਮ ਦਾ ਕੁਝ ਹੌਂਸਲਾ ਬੱਝਿਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਤੜਪ ਬੇਬੁਨਿਆਦ ਨਹੀਂ ਸੀ। ਉਸੇ ਪਲ ਉਸ ਦੀਆਂ ਅੱਖਾਂ ਅੰਦਰਲੇ ਦੁਖਾਂਤ ਨੂੰ ਖੇੜੇ ਨੇ ਬਦਲ ਦਿੱਤਾ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਝਲਕ ਵੇਖ ਦੁਰਖ਼ਾਨੀ ਨੂੰ ਹੁਜਰੇ ਵਾਲ਼ਾ ਮੰਜ਼ਰ ਮੁੜ ਪ੍ਰਸਤਤ ਹੋਇਆ। ਆਪਣਾ ਪੂਰਾ ਜ਼ੋਰ ਲਗਾ ਦੁਰਖ਼ਾਨੀ ਨੇ ਗਲਵਕੜੀ ਨੂੰ ਹੋਰ ਪੁਖਤਾ ਕਰ ਆਪਣੇ ਸੱਚੇ ਇਸ਼ਕ ਦਾ ਇਜ਼ਹਾਰ ਜਾਹਰ ਕੀਤਾ।
”ਤੇ ਜੇ ਤੂੰ ਮੇਰੇ ਨਾਲ਼ ਹੈਂ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਇੱਕ ਦੂਜੇ ਤੋਂ ਵੱਖ ਨਹੀਂ ਕਰ ਸਕਦੀ। ਤੂੰ ਮੇਰਾ ਇੰਤਜ਼ਾਰ ਕਰੀਂ, ਮੈਂ ਹਵਾਵਾਂ ਦੇ ਘੋੜੇ ‘ਤੇ ਸਵਾਰ ਹੋ ਕੇ ਆਵਾਂਗਾ ਅਤੇ ਤੈਨੂੰ ਆਪਣੇ ਨਾਲ਼ ਲੈ ਜਾਵਾਂਗਾ।” ਅਦਮ ਨੇ ਦਮ ਭਰਦਿਆਂ ਕਿਹਾ।
ਇੱਕ ਪਲ ਵਿੱਚ ਹੀ ਉਸ ਦਾ ਹੌਂਸਲਾ ਬੁਲੰਦੀ ‘ਤੇ ਸੀ। ਹੁਣ ਉਸ ਅੰਦਰਲਾ ਕੁਸ਼ਲ ਨਿਸ਼ਾਨਚੀ ਬੋਲ ਰਿਹਾ ਸੀ, ਜੋ ਸ਼ਰਤਾਂ ਲਾ, ਤੀਰ ਨਾਲ਼ ਕਿਸੇ ਵੀ ਨਿਸ਼ਾਨੇ ਨੂੰ ਵਿੰਨ੍ਹ ਦੇਣ ਦੀ ਅਲੌਕਿਕ ਸਮਰੱਥਾ ਰੱਖਦਾ ਸੀ।
“ਤੂੰ ਜਦੋਂ ਮਰਜ਼ੀ ਲੈ ਜਾਵੀਂ, ਜਿਉਂਦੇ-ਜੀ ਦੁਰਖ਼ਾਨੀ ਸਿਰਫ਼ ਤੇਰੀ ਹੀ ਰਹੇਗੀ” ਬੁਲੰਦ ਆਵਾਜ਼ ਵਿੱਚ ਦੁਰਖ਼ਾਨੀ ਨੇ ਕਿਹਾ।
ਐਨ ਉਸੇ ਵੇਲੇ ਚੌਕੀਦਾਰ ਜੋ ਸਹਿਮਿਆ ਹੋਇਆ ਸੀ, ਇਸ਼ਾਰੇ ਨਾਲ਼ ਅਦਮ ਨੂੰ ਵਾਪਸ ਸੱਦਦਾ ਹੈ। ਅਦਮ ਇੱਕ ਕੀਮਤੀ ਅੰਗੂਠੀ ਆਪਣੇ ਖੀਸੇ ਚੋਂ ਕੱਢ ਦੁਰਖ਼ਾਨੀ ਦੀ ਉਂਗਲ ‘ਚ ਪਾਉਂਦਾ ਹੈ। ਜਾਂਦੇ ਅਦਮ ਨੂੰ ਵੇਖ ਦੁਰਖ਼ਾਨੀ ਵੀ ਇੱਕ ਰੁਮਾਲ ਪੇਸ਼ ਕਰਦੀ ਹੈ ਜੋ ਉਸ ਨੇ ਅਦਮ ਲਈ ਕੱਢਿਆ ਸੀ। ਤੋਹਫ਼ੇ ਬਦਲ ਉਹ ਮੁੜ ਇੱਕ-ਦੂਜੇ ਨੂੰ ਗਲਵਕੜੀ ‘ਚ ਘੁੱਟਦੇ ਹਨ। ਮੁੜ ਮਿਲਣ ਦਾ ਵਾਅਦਾ ਕਰ ਉਹ ਜੁਦਾ ਹੋ ਜਾਂਦੇ ਹਨ। ਜਦੋਂ ਅਦਮ ਅਤੇ ਉਸ ਦਾ ਦੋਸਤ ਬਾਰੇ-ਬਜ਼ਦਾਰੇ ਦੀ ਜੂਹ ਲੰਘ ਗਏ ਤਾਂ ਚੌਕੀਦਾਰ ਦੇ ਸਾਹ ਵਿੱਚ ਸਾਹ ਆਇਆ। ਉਸ ਨੇ ਫੈਸਲਾ ਕਰ ਲਿਆ ਕਿ ਅਜਿਹੀ ਗੁਸਤਾਖੀ ਉਹ ਹੁਣ ਕਿਸੇ ਵੀ ਕੀਮਤ ‘ਤੇ ਨਹੀਂ ਕਰੇਗਾ।
ਦੋਹਾਂ ਨੇ ਇੱਕ-ਦੂਜੇ ਕੋਲ ਆਪਣੇ ਪਿਆਰ ਦਾ ਇਜ਼ਹਾਰ ਸਪੱਸ਼ਟ ਸ਼ਬਦਾਂ ਵਿੱਚ ਕਰ ਦਿੱਤਾ ਸੀ। ਪਰ ਸਮਾਜਿਕ ਰੀਤ-ਰਿਵਾਜਾਂ ਨਾਲ਼ ਉਹ ਲੋਹਾ ਨਹੀਂ ਲੈ ਸਕੇ। ਨਾ ਦੁਰਖ਼ਾਨੀ ਆਪਣੇ ਬਾਪ ਨੂੰ ਉਸ ਦੇ ਕੀਤੇ ਕੌਲ ਤੋਂ ਪਿੱਛੇ ਹਟਣ ਲਈ ਕਹਿ ਸਕੀ, ਨਾ ਅਦਮ ਆਪਣੇ ਵਾਲਿਦ ਨੂੰ ਮਨ੍ਹਾਂ ਸਕਿਆ। ਦੋਨੋਂ ਇੱਕ-ਦੂਜੇ ਦੇ ਦਿੱਤੇ ਤੋਹਫ਼ੇ ਵੇਖ ਲਾਚਾਰ ਮਹਿਸੂਸ ਕਰਦੇ ਰਹੇ। ਦੁਰਖ਼ਾਨੀ ਦੀ ਸ਼ਾਦੀ ਦਾ ਸਮਾਂ ਨੇੜੇ ਆ ਰਿਹਾ ਸੀ ਪਰ ਅਦਮ ਖ਼ਾਨ ਵਲੋਂ ਕੋਈ ਸੁਨੇਹਾ ਨਾ ਆਇਆ। ਸ਼ਾਦੀ ਵਾਲ਼ਾ ਦਿਨ ਵੀ ਆ ਗਿਆ ਅਤੇ ਦੁਰਖ਼ਾਨੀ ਦੀ ਵਿਦਾਈ ਵੀ ਹੋ ਗਈ। ਹੁਣ ਉਹ ਪੀਯੂ ਦੀ ਬੇਗਮ ਸੀ। ਪਰ ਅਦਮ ਵਲੋਂ ਅਜੇ ਵੀ ਕੋਈ ਸੁਨੇਹਾ ਨਹੀਂ ਆਇਆ।
ਪੀਯੂ ਇੱਕ ਨੇਕਦਿਲ ਤੇ ਸ਼ਰੀਫ ਨੌਜਵਾਨ ਸੀ, ਜੋ ਆਪਣੀ ਤਾਲੀਮ ਹਾਸਿਲ ਕੀਤੀ ਬੇਗਮ ਦੀ ਦਿਲੋਂ ਇੱਜ਼ਤ ਕਰਦਾ ਸੀ। ਉਹ ਖੁਦ ਤਾਲੀਮੋਂ-ਸੱਖਣਾ ਹੋਣ ਕਰਕੇ ਦੁਰਖ਼ਾਨੀ ਨਾਲ਼ ਗੱਲ ਕਰਨੋਂ ਝਿਜਕਦਾ ਸੀ। ਇਸ ਲਈ ਉਸ ਨੇ ਕੋਈ ਜਲਦਬਾਜ਼ੀ ਨਹੀਂ ਕੀਤੀ। ਸ਼ਾਦੀ ਤੋਂ ਦੂਸਰੇ ਦਿਨ ਜਦੋਂ ਉਹ ਦੁਰਖ਼ਾਨੀ ਨੂੰ ਮਿਲਿਆ ਤਾਂ ਉਸ ਦੀ ਬੇਗਮ ਨੇ ਉਸ ਤੋਂ ਕੁਝ ਸਮਾਂ ਮੰਗਿਆ। ਆਪਣੀ ਬੇਗਮ ਦੀ ਪਹਿਲੀ ਫਰਿਆਦ ਦਾ ਕਾਇਲ ਹੋ, ਉਸ ਨੇ ਉਸ ਤੋਂ ਦੂਰੀ ਬਣਾ ਕੇ ਰੱਖਣ ਦੀ ਹਾਮੀ ਭਰ ਦਿੱਤੀ। ਸਗੋਂ ਉਸ ਨੇ ਦੁਰਖ਼ਾਨੀ ਨਾਲ਼ ਇਹ ਵਾਅਦਾ ਵੀ ਕਰ ਲਿਆ ਕਿ ਦੁਰਖ਼ਾਨੀ ਦੀ ਇਜਾਜ਼ਤ ਬਿਨਾ ਉਹ ਉਸ ਦੇ ਨੇੜੇ ਬਿਲਕੁੱਲ ਵੀ ਨਹੀਂ ਆਵੇਗਾ। ਇਹਨਾਂ ਨਾਜ਼ੁਕ ਹਾਲਾਤਾਂ ਵਿੱਚ ਦੁਰਖ਼ਾਨੀ ਨੇ ਆਪਣੀ ਭੈਣ ਆਇਸ਼ਾ ਰਾਹੀਂ ਅਦਮ ਨੂੰ ਸੁਨੇਹਾ ਭੇਜਿਆ। ਦੂਜੇ ਹੱਥ ਪੀਯੂ ਆਪਣੇ ਦੋਸਤਾਂ ਨਾਲ਼ ਕੁਝ ਦਿਨਾਂ ਲਈ ਪਰਬਤਾਂ ਨੂੰ ਸ਼ਿਕਾਰ ਲਈ ਚਲਾ ਗਿਆ।
ਜਦੋਂ ਆਇਸ਼ਾ ਦਾ ਸੁਨੇਹਾ ਅਦਮ ਖ਼ਾਨ ਨੂੰ ਮਿਲਿਆ ਤਾਂ ਉਸ ਨੂੰ ਇੱਕ ਆਸ ਦੀ ਕਿਰਨ ਦਿਸੀ। ਕੂਜੇ ਦੇ ਆਪਣੇ ਇੱਕ ਦੋਸਤ ਮੇਰੂ ਤੋਂ ਉਸ ਨੇ ਲੈਲੀ ਨਾਮ ਦੀ ਸਫੈਦ ਹਿਰਜ਼ੀ ਨਸਲ ਦੀ ਤੇਜ਼ ਨੱਸਣ ਵਾਲੀ ਘੋੜੀ ਦਾ ਇੰਤਜਾਮ ਕਰ ਲਿਆ। ਮੌਕਾ ਵੇਖ ਦਿਨ ਦੇ ਆਖ਼ਰੀ ਪਹਿਰ ਉਹ ਬੜੀ ਤੇਜ਼ੀ ਨਾਲ਼ ਹਵਾ ਨਾਲ਼ ਗੱਲਾਂ ਕਰਦਾ ਬਾਰੇ ਵਿੱਚ ਦਾਖ਼ਿਲ ਹੋਇਆ ਅਤੇ ਪੀਯੂ ਖ਼ਾਨ ਦੀ ਹਵੇਲੀ ਪਹੁੰਚ ਦੁਰਖ਼ਾਨੀ ਨੂੰ ਆਵਾਜ਼ ਦਿੱਤੀ। ਉਸ ਵੇਲੇ ਘਰ ਵਿੱਚ ਸਿਰਫ਼ ਔਰਤਾਂ ਸਨ। ਦੁਰਖ਼ਾਨੀ ਨੇ ਵੀ ਕੋਈ ਸਮਾਂ ਨਾ ਲਿਆ ਅਤੇ ਝਟ ਹੀ ਸਭ ਕੁਝ ਛੱਡ ਅਦਮ ਨਾਲ਼ ਘੋੜੀ ‘ਤੇ ਸਵਾਰ ਹੋ ਗਈ। ਲੈਲੀ ਹਵਾ ਨਾਲ਼ ਗੱਲਾਂ ਕਰ ਰਹੀ ਸੀ। ਪਲਕ ਝਪਕਦੇ ਹੀ ਉਹ ਸਵਾਤ ਘਾਟੀ ਵਿੱਚ ਸਨ।
ਅੱਖਾਂ ਬੰਦ ਕਰ ਦੁਰਖ਼ਾਨੀ ਨੇ ਅਦਮ ਨੂੰ ਘੁੱਟ ਕੇ ਫੜਿਆ ਹੋਇਆ ਸੀ। ਉਸ ਨੂੰ ਭੋਰਾ ਸਰੋਕਾਰ ਨਹੀਂ ਸੀ ਕਿ ਉਹ ਅਦਮ ਨਾਲ਼ ਕਿੱਥੇ ਜਾ ਰਹੀ ਹੈ। ਉਸ ਨੂੰ ਬਸ ਆਪਣੇ ਪ੍ਰੇਮੀ ਦੇ ਕਲਾਵੇ ਦਾ ਨਿੱਘ ਮਾਨਣ ਦਾ ਹਰਸ਼ ਸੀ। ਇਸ ਤੋਂ ਵਧੀਕ ਉਸ ਲਈ ਇਸ ਸੰਸਾਰ ਵਿੱਚ ਹੁਣ ਕੁਝ ਵੀ ਨਹੀਂ ਸੀ। ਉਸ ਨੇ ਥੱਕ ਚੁੱਕੇ ਅਦਮ ਨੂੰ ਰੁੱਕ ਕੇ ਆਰਾਮ ਕਰਨ ਲਈ ਕਿਹਾ। ਪਰ ਅਦਮ ਅਜੇ ਰੁੱਕਣਾ ਨਹੀਂ ਚਾਹੁੰਦਾ ਸੀ। ਉਹ ਦੁਰਖ਼ਾਨੀ ਨਾਲ਼ ਕਿਸੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਣਾ ਚਾਹੁੰਦਾ ਸੀ। ਉਸ ਨੇ ਬਹੁਤ ਸੋਚਿਆ। ਉਸ ਨੂੰ ਆਪਣੇ ਪੁਰਾਣੇ ਦੁਸ਼ਮਣ ਤੋਂ ਦੋਸਤ ਬਣੇ ਕਜ਼ਾਕ ਸਰਦਾਰ ਮੀਰਮਾਈ ਦੀ ਯਾਦ ਆਈ। ਕਜ਼ਾਕਾਂ ਦਾ ਇੱਕ ਪੱਕਾ ਅਸੂਲ ਹੁੰਦਾ ਹੈ ਕਿ ਉਹ ਸ਼ਰਨ ਵਿੱਚ ਆਏ ਇਨਸਾਨ ਦੀ ਹਰ ਕੀਮਤ ‘ਤੇ ਰੱਖਿਆ ਕਰਦੇ ਹਨ। ਉਹ ਕਜ਼ਾਕ ਕਬੀਲੇ ਵੱਲ ਨੂੰ ਤੁਰ ਪਿਆ। ਰਾਤ ਦੇ ਤੀਸਰੇ ਪਹਿਰ ਉਹ ਕਜ਼ਾਕ ਕਬੀਲੇ ਬਾਰੀਕੋਟ ਵਿਖੇ ਪਹੁੰਚ ਗਏ। ਔਰਤ ਵੇਖ ਚੌਕੀਦਾਰ ਨੇ ਉਹਨਾਂ ਨੂੰ ਪਿੰਡ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਘੁੱਪ ਹਨ੍ਹੇਰੇ ਵਿੱਚ ਅਦਮ ਨੇ ਮੀਰਮਾਈ ਦੀ ਹਵੇਲੀ ਦੇ ਵੱਡੇ ਬੂਹੇ ‘ਤੇ ਜਾ ਦਸਤਕ ਦਿੱਤੀ। ਮੀਰਮਾਈ ਨੇ ਦਰਵਾਜ਼ਾ ਖੋਲਿਆ ਅਤੇ ਹਾਲਾਤ ਝਟ ਸਮਝ ਗਿਆ। ਪਖ਼ਤੂਨ ਰਿਵਾਜ਼ਾਂ ਮੁਤਾਬਕ ਉਸ ਨੇ ਦੋ ਪ੍ਰੇਮੀਆਂ ਨੂੰ ਸ਼ਰਨ ਦਿੱਤੀ ਅਤੇ ਉਹਨਾਂ ਦੀ ਹਿਫਾਜ਼ਤ ਕਰਨ ਦਾ ਵੀ ਬੀੜਾ ਚੁੱਕਿਆ।
ਸ਼ਿਕਾਰ ‘ਤੇ ਗਏ ਪੀਯੂ ਖ਼ਾਨ ਨੂੰ ਤੁਰਤ ਸੁਨੇਹਾ ਭੇਜਿਆ ਗਿਆ। ਆਪਣੀ ਬੇਗਮ ਦੀ ਇਸ ਬੇਗੈਰਤ ਹਰਕਤ ‘ਤੇ ਉਸ ਨੂੰ ਬਹੁਤ ਅਫ਼ਸੋਸ ਹੋਇਆ। ਦੁਰਖ਼ਾਨੀ ਲਈ ਉਸ ਦਾ ਪਿਆਰ ਇੱਕ ਪਲ ਅੰਦਰ ਨਫ਼ਰਤ ਵਿੱਚ ਤਬਦੀਲ ਹੋ ਗਿਆ। ਉਹ ਝੱਟ ਆਪਣੇ ਘਰ ਵਾਪਸ ਪਰਤਦਾ ਹੈ। ਆਪਣੇ ਕਬੀਲੇ ਦੇ ਸਿਆਣਿਆਂ ਦੀ ਸਲਾਹ ਨਾਲ਼ ਉਹ ਜਿਰਗਾ ਸੱਦਣ ਦਾ ਫੈਸਲਾ ਲੈਂਦਾ ਹੈ। ਪਖ਼ਤੂਨ ਰਿਵਾਜਾਂ ਮੁਤਾਬਕ ਜਿਰਗੇ ਵਿੱਚ ਸ਼ਾਹੀ ਇਮਾਮ ਦੇ ਦੱਸੇ ਟਿਕਾਣੇ ‘ਤੇ ਹਰ ਕਬੀਲੇ ਦੇ ਸਰਦਾਰ ਦਾ ਪਹੁੰਚਣਾ ਲਾਜ਼ਿਮ ਹੁੰਦਾ ਹੈ। ਨਾਲ਼ ਹੀ ਜੋ ਜਿਰਗੇ ਅੰਦਰ ਫ਼ੈਸਲਾ ਸੁਣਾਇਆ ਜਾਵੇਗਾ ਉਹ ਸਾਰੇ ਕਬੀਲਿਆਂ ‘ਤੇ ਲਾਗੂ ਹੋਵੇਗਾ। ਅਦਮ ਖ਼ਾਨ ਦੁਰਖ਼ਾਨੀ ਨੂੰ ਆਪਣੇ ਦੋਸਤ ਮੀਰਮਾਈ ਦੇ ਘਰ ਦੀਆਂ ਔਰਤਾਂ ਦੇ ਸਪੁਰਦ ਕਰ ਆਪਣੇ ਕਬੀਲੇ ਕੂਜੇ ਬਜ਼ਦਾਰੇ ਮੁੜ ਆਉਂਦਾ ਹੈ। ਰਿਵਾਜ਼ਾਂ ਮੁਤਾਬਕ ਅਦਮ ਤੇ ਦੁਰਖ਼ਾਨੀ ਇੱਕਠੇ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਦਾ ਨਿਕਾਹ ਨਹੀਂ ਹੋਇਆ ਹੈ। ਜਿਰਗੇ ਵਾਸਤੇ ਅਦਮ ਦੇ ਪਿਤਾ ਸਰਦਾਰ ਹਸਨ ਖ਼ਾਨ ਨੂੰ ਵੀ ਸੱਦਾ ਆਉਂਦਾ ਹੈ।
ਸ਼ਵਾਲ ਮਹੀਨੇ ਦੇ ਦੂਜੇ ਜੁੰਮੇ ਸਾਰੇ ਕਬੀਲਿਆਂ ਦੇ ਸਰਦਾਰ ਅਲ-ਕਾਦਿਰ ਦੀ ਮਸੀਤ ਦੇ ਬਾਹਰ ਇੱਕਠੇ ਹੁੰਦੇ ਹਨ। ਪੀਯੂ ਦੀ ਦਰਖ਼ਾਸਤ ‘ਤੇ ਅਦਮ ਖ਼ਾਨ ਨੂੰ ਵੀ ਪੇਸ਼ ਹੋਣਾ ਪੈਣਾ ਹੈ। ਅਦਮ ਆਪਣੇ ਦੋਸਤ ਮੇਰੂ ਸੰਗ ਹਾਜ਼ਰੀ ਭਰਦਾ ਹੈ। ਤਵਸ ਖ਼ਾਨ ਵੀ ਹਾਜ਼ਿਰ ਸੀ। ਜਿਗਰੇ ਵਿੱਚ ਸਭ ਤੋਂ ਪਹਿਲਾਂ ਅਦਮ ਖ਼ਾਨ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਜਾਂਦਾ ਹੈ। ਆਪਣੀ ਪੇਸ਼ੀ ਵਿੱਚ ਉਹ ਸਾਰੇ ਸਰਦਾਰਾਂ ਅੱਗੇ ਝੋਲੀ ਅੱਡ ਦੁਰਖ਼ਾਨੀ ਦੀ ਖੈਰਾਤ ਮੰਗਦਾ ਹੈ। ਉਹ ਪੀਯੂ ‘ਤੇ ਵੀ ਇਲਜ਼ਾਮ ਲਾਉਂਦਾ ਹੈ ਕਿ ਉਸ ਨੇ ਪੀਯੂ ਨੂੰ ਨਿਕਾਹ ਕਰਨ ਤੋਂ ਵਰਜਿਆ ਸੀ। ਪੀਯੂ ਵੀ ਇਸ ਬਾਤ ਨੂੰ ਕਬੂਲਦਾ ਹੈ। ਪਰ ਅਦਮ ਖ਼ਾਨ ਨੇ ਗਲ੍ਹਤ ਰਸਤਾ ਇਖਤਿਆਰ ਕਰ ਦੁਰਖ਼ਾਨੀ ਨੂੰ ਉਸ ਦੇ ਸਹੁਰੇ ਘਰ ਤੋਂ ਭਜਾ ਲਿਜਾਣ ਦੀ ਗੁਸਤਾਖੀ ਕੀਤੀ, ਜੋ ਜਿਰਗੇ ਨੂੰ ਨਾ-ਮਨਜ਼ੂਰ ਜਾਪੀ। ਪੀਯੂ ਦਾ ਪਲੜਾ ਭਾਰੀ ਰਿਹਾ ਅਤੇ ਮੀਰਮਾਈ ਨੂੰ ਹੁਕਮ ਹੋਇਆ ਕਿ ਦੁਰਖ਼ਾਨੀ ਨੂੰ ਪੀਯੂ ਦੇ ਹਵਾਲ਼ੇ ਕਰ ਦਿੱਤਾ ਜਾਵੇ। ਅਦਮ ਦੇ ਪਿਤਾ ਹਸਨ ਨੇ ਵੀ ਜਿਰਗੇ ਵਿੱਚ ਅਦਮ ਦਾ ਵਿਰੋਧ ਕੀਤਾ। ਦੁਰਖ਼ਾਨੀ ਦੀ ਮਨਸ਼ਾ ਕਿਸੇ ਨੇ ਨਹੀਂ ਵਿਚਾਰੀ। ਅਦਮ ਖ਼ਾਨ ਟੁੱਟ ਚੁੱਕਾ ਸੀ।
ਜਿਰਗੇ ਮਗਰੋਂ ਅਦਮ ਤੇ ਮੇਰੂ ਸਵਾਤ ਘਾਟੀ ‘ਚੋਂ ਲੰਘ ਰਹੇ ਸਨ ਕਿ ਪੀਯੂ ਨੇ ਆਪਣੇ ਚਾਰ ਦੋਸਤਾਂ ਨਾਲ਼ ਅਚਾਨਕ ਹਮਲਾ ਕਰ ਦਿੱਤਾ। ਅਦਮ ਨਿਹੱਥਾ ਸੀ ਅਤੇ ਮੇਰੂ ਕੋਲ ਇੱਕ ਸ਼ਮਸ਼ੀਰ ਸੀ। ਦੋਹੇਂ ਬਹਾਦੁਰੀ ਨਾਲ਼ ਲੜੇ ਅਤੇ ਹਮਲਾਵਰਾਂ ਨੂੰ ਮੂੰਹ ਦੀ ਖਾਣੀ ਪਈ। ਪਰ ਚਲਾਕੀ ਨਾਲ਼ ਪੀਯੂ ਨੇ ਦੂਰੋਂ ਤੀਰ ਚਲਾ ਮੇਰੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਹਮਲਾਵਰ ਉੱਥੋਂ ਨੱਸ ਗਏ। ਜ਼ਖਮੀ ਅਦਮ ਖ਼ਾਨ ਨੇ ਹਰ ਹੀਲਾ ਕਰ, ਬਿਨਾਂ ਕਿਸੇ ਸੁਚੱਜੇ ਸਾਧਨ ਦੇ, ਆਪਣੇ ਦੋਸਤ ਮੇਰੂ ਦੀ ਕਬਰ ਤਿਆਰ ਕੀਤੀ। ਦੋਸਤ ਨੂੰ ਦਫ਼ਨਾਉਣ ਮਗਰੋਂ ਉਸ ਨੇ ਕੂਜੇ ਨਾ ਜਾਣ ਦਾ ਫ਼ੈਸਲਾ ਕਰ ਲਿਆ। ਦੁਰਖ਼ਾਨੀ ਨੂੰ ਉਹ ਸਦਾ ਲਈ ਗੁਆ ਬੈਠਾ ਸੀ। ਮੇਰੂ ਦੇ ਘਰ ਖ਼ਬਰ ਭੇਜ, ਉਹ ਸਵਾਤ ਦਰਿਆ ਸੰਗ ਹਿੰਦ-ਕੁਸ਼ ਵੱਲ ਨੂੰ ਤੁਰ ਪਿਆ। ਕਈ ਦਿਨ ਉਹ ਭਟਕਦਾ ਰਿਹਾ। ਭੁੱਖ ਨਾ ਸਹਾਰਦਾ ਹੋਇਆ ਇੱਕ ਦਿਨ ਉਹ ਬੇਹੋਸ਼ ਹੋ ਕੇ ਡਿੱਗ ਪਿਆ।
ਜਦੋਂ ਹੋਸ਼ ਆਇਆ ਤਾਂ ਅਦਮ ਜੋਗੀਆਂ ਦੇ ਕਿਸੇ ਪਹਾੜੀ ਠਾਣੇ ਵਿੱਚ ਮੌਜੂਦ ਸੀ। ਹੋਸ਼ ਵਿੱਚ ਆਉਣ ਮਗਰੋਂ ਉਸ ਨੂੰ ਖਾਣਾ-ਪਾਣੀ ਦਿੱਤਾ ਗਿਆ, ਜਿਸ ਨਾਲ਼ ਉਸ ਅੰਦਰ ਮੁੜ ਜਾਨ ਆਈ। ਆਪਣਾ ਟਿਕਾਣਾ ਪੁੱਛਣ ‘ਤੇ ਉਸ ਨੇ ਜੋਗੀਆਂ ਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਜੋਗੀਆਂ ਨੂੰ ਅਦਮ ਖ਼ਾਨ ਰੱਬ ਦਾ ਬੰਦਾ ਜਾਪਿਆ। ਇਸ ਲਈ ਉਹਨਾਂ ਨੇ ਅਦਮ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ। ਉਹ ਸਾਰੇ ਜੋਗੀ ਕੂਜੇ ਤੇ ਬਾਰੇ ਬਜ਼ਦਾਰੇ ਤੋਂ ਚੰਗੀ ਤਰ੍ਹਾਂ ਨਾਲ਼ ਵਾਕਿਫ਼ ਸਨ। ਜੋਗੀਆਂ ਦੀ ਮਜਲਸ ਨੇ ਬਾਰੇ ਬਜ਼ਦਾਰੇ ਜਾ ਕੇ ਦੁਰਖ਼ਾਨੀ ਦੀ ਖ਼ਬਰ ਲੈਣ ਦਾ ਨਿਰਣਾ ਲਿਆ। ਇਸ ਕਾਰਜ ਵਾਸਤੇ ਮਜਲਸ ਨੇ ਦੋ ਨੌਜਵਾਨ ਜੋਗੀਆਂ ਨੂੰ ਜਿੰਮੇਵਾਰੀ ਦਿੱਤੀ।
ਜੋਗੀਆਂ ਦੇ ਠਾਣੇ ਰਹਿੰਦਿਆਂ ਅਦਮ ਖ਼ਾਨ ਨੇ ਵੀ ਜੋਗੀ ਭੇਸ਼ ਧਾਰਨ ਕਰ ਲਿਆ। ਉਸ ਨੇ ਸਿਰ ਦੇ ਵਾਲ਼ ਮੁੰਡ ਕੰਨੀਂ ਮੁੰਦਰਾਂ ਪਾ ਲਈਆਂ। ਕੁਝ ਸਮਾਂ ਉਹ ਹਿੰਦ-ਕੁਸ਼ ਵਿੱਚ ਜੋਗੀ ਬਣ ਭਟਕਦਾ ਰਿਹਾ। ਜੋਗੀ ਮਜਲਸ ਨੇ ਜਿਨ੍ਹਾਂ ਦੋ ਨੌਜਵਾਨ ਜੋਗੀਆਂ ਨੂੰ ਦੁਰਖ਼ਾਨੀ ਦੇ ਹਾਲਤ ਜਾਨਣ ਲਈ ਕਿਹਾ ਸੀ, ਆਖ਼ਰ ਉਹ ਦੁਰਖ਼ਾਨੀ ਦੀ ਖ਼ਬਰ ਲੈ ਆਏ। ਦੁਰਖ਼ਾਨੀ ਹੁਣ ਨਰਕਾਂ ਵਰਗੀ ਜ਼ਿੰਦਗੀ ਹੰਢਾ ਰਹੀ ਸੀ। ਪੀਯੂ ਦਾ ਉਸ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਸੀ। ਸਹੁਰੇ ਪਰਿਵਾਰ ਵਿੱਚ ਉਸ ਦੀ ਸਾਰ ਲੈਣ ਵਾਲ਼ਾ ਕੋਈ ਵੀ ਨਹੀਂ ਸੀ। ਉਸ ਦਾ ਹੁਸਨ ਵੀ ਉਸ ਦਾ ਸਾਥ ਛੱਡ ਚੁੱਕਾ ਸੀ। ਤਵਸ ਖ਼ਾਨ ਨੇ ਵੀ ਆਪਣੀ ਪਿਆਰੀ ਧੀ ਨੂੰ ਵਿਸਾਰ ਦਿੱਤਾ ਅਤੇ ਖ਼ੁਦ ਬਿਮਾਰ ਰਹਿਣ ਲੱਗਾ ਸੀ। ਸਾਰਾ ਦਿਨ ਫਟੇ-ਪੁਰਾਣੇ ਕੱਪੜਿਆਂ ‘ਚ ਬੈਠੀ ਦੁਰਖ਼ਾਨੀ ਆਪਣੀ ਮੌਤ ਨੂੰ ਉਡੀਕਦੀ ਰਹਿੰਦੀ। ਸਹੁਰੇ ਪਰਿਵਾਰ ਨੂੰ ਸ਼ੱਕ ਸੀ ਕਿ ਦੁਰਖ਼ਾਨੀ ਅੰਦਰ ਅਤ੍ਰਿਪਤ ਰੂਹਾਂ ਨੇ ਵਾਸ ਕਰ ਲਿਆ। ਪੀਰਾਂ ਦੀਆਂ ਦਰਗਾਹਾਂ ‘ਤੇ ਉਸ ਨੂੰ ਲਿਜਾ ਕੇ ਨੱਕ ਰਗੜਾਏ ਗਏ ਪਰ ਕੋਈ ਅਸਰ ਨਾ ਦਿਸਿਆ। ਉਸ ਨੂੰ ਉਸ ਦੇ ਹਾਲ ‘ਤੇ ਛੱਡ ਦਿੱਤਾ ਗਿਆ।
ਜਾਣਕਾਰੀ ਹਾਸਲ ਕਰਨ ਮਗਰੋਂ ਅਦਮ ਜੋਗੀਆਂ ਦੇ ਟੋਲੇ ਨਾਲ਼ ਮੁੜ ਬਾਰੇ ਬਜ਼ਦਾਰੇ ਜਾਂਦਾ ਹੈ। ਇਸ ਵਾਰ ਉਹ ਹਵਾ ‘ਤੇ ਸਵਾਰ ਘੋੜਸਵਾਰ ਨਹੀਂ ਸਗੋਂ ਜੋਗੀ ਬਣ ਕੇ ਪਰਤਿਆ ਸੀ। ਰਾਹ ਵਿੱਚ ਕਿਸੇ ਨੇ ਉਸ ਨੂੰ ਪਛਾਣਿਆ ਨਹੀਂ। ਪੀਯੂ ਦੀ ਹਵੇਲੀ ਪਹੁੰਚ ‘ਅਲਖ-ਨਿਰੰਜਨ’ ਕਹਿ ਚਾਰ ਜੋਗੀਆਂ ਦਾ ਟੋਲਾ ਬੂਹੇ ਵਿੱਚ ਬੈਠ ਜਾਂਦਾ ਹੈ। ਪੀਯੂ ਦੀ ਬੁੱਢੀ ਅਮੀਰਾ ਮਾਈ ਜੋਗੀਆਂ ਲਈ ਥਾਲ ਵਿੱਚ ਦਾਣੇ ਲੈ ਕੇ ਆਉਂਦੀ ਹੈ। ਉਹਨਾਂ ਵਿਚੋਂ ਬੁੱਢਾ ਜੋਗੀ ਮਾਈ ਨੂੰ ਪੁੱਛਦਾ ਹੈ ਕਿ ਘਰ ਦੇ ਜੀਅ ਰਾਜ਼ੀ ਨੇ? ਜਵਾਬ ਨਾ ਮਿਲਣ ‘ਤੇ ਬੁੱਢਾ ਜੋਗੀ ਕਹਿੰਦਾ ਹੈ ਕਿ ਘਰ ‘ਤੇ ਕੋਈ ਮਾੜਾ ਪਰਛਾਵਾਂ ਲੱਗਦਾ ਹੈ। ਇਹ ਸੁਣ ਅਮੀਰਾ ਮਾਈ ਜੋਗੀ ਕੋਲ ਬਿਲਕ ਕੇ ਆਪਣੀ ਨੂੰਹ ਬਾਰੇ ਦੱਸਦੀ ਹੈ। ਉਸ ਨੇ ਜੋਗੀਆਂ ਨੂੰ ਅੰਦਰ ਬੁਲਾ ਭੋਜਨ ਕਰਵਾਇਆ। ਉਸ ਮਗਰੋਂ ਦੋ ਔਰਤਾਂ ਦੁਰਖ਼ਾਨੀ ਨੂੰ ਘੜੀਸ ਕੇ ਬੁੱਢੇ ਜੋਗੀ ਕੋਲ ਲੈ ਕੇ ਆਉਂਦੀਆਂ ਹਨ। ਦੁਰਖ਼ਾਨੀ ਪਾਗਲਾਂ ਵਾਂਗ ਚੀਖਾਂ ਮਾਰ ਬਾਂਹਾਂ ਛਡਾਉਣ ਦਾ ਯਤਨ ਕਰਦੀ ਹੈ। ਪਰ ਜੋਗੀਆਂ ਦੇ ਟੋਲੇ ਵਿੱਚ ਅਦਮ ਨੂੰ ਵੇਖ ਇੱਕ-ਦਮ ਸ਼ਾਂਤ ਹੋ ਜਾਂਦੀ ਹੈ।
ਜਿਸ ਨੂੰ ਕੋਈ ਨਾ ਪਛਾਣ ਸਕਿਆ ਦੁਰਖ਼ਾਨੀ ਨੇ ਉਸ ਨੂੰ ਝੱਟ ਪਛਾਣ ਲਿਆ। ਉਹ ਸ਼ਾਂਤ ਹੋ ਕੇ ਬੈਠ ਗਈ। ਅਮੀਰਾ ਮਾਈ ਨੂੰ ਇਹ ਕਰਾਮਾਤ ਜਾਪੀ। ਖੁਸ਼ ਹੋ ਅਮੀਰਾ ਜੋਗੀਆਂ ਦੀ ਟਹਿਲ ਸੇਵਾ ਵਿੱਚ ਰੁਝ ਜਾਂਦੀ ਹੈ। ਬੁੱਢੇ ਜੋਗੀ ਨੇ ਦੁਰਖ਼ਾਨੀ ਦੀ ਨਬਜ਼ ਵੇਖੀ। ਨਬਜ਼ ਵੇਖ ਉਹ ਸਹਿਮ ਗਿਆ। ਐਨੇ ਨੂੰ ਪੀਯੂ ਵੀ ਆ ਗਿਆ ਅਤੇ ਸ਼ਾਂਤ ਬੈਠੀ ਦੁਰਖ਼ਾਨੀ ਨੂੰ ਵੇਖ ਉਹ ਪ੍ਰਸੰਨ ਹੋਇਆ। ਉਸ ਨੇ ਜੋਗੀਆਂ ਨੂੰ ਰਾਤ ਠਹਿਰਣ ਦੀ ਬੇਨਤੀ ਕੀਤੀ। ਪਰ ਅਦਮ ਦਾ ਭੇਤ ਖੁੱਲ੍ਹ ਜਾਣ ਦੇ ਡਰੋਂ ਜੋਗੀ ਸ਼ਾਮਾਂ ਨੂੰ ਹੀ ਕੂਚ ਕਰ ਗਏ। ਜਾਂਦੇ ਹੋਏ ਅਦਮ ਤੇ ਦੁਰਖ਼ਾਨੀ ਅੱਖਾਂ ਰਾਹੀਂ ਇੱਕ-ਦੂਜੇ ਨਾਲ਼ ਹਜ਼ਾਰਾਂ ਇਜ਼ਹਾਰ ਮੁੜ ਕਰ ਗਏ। ਰਾਤ ਨੂੰ ਜੋਗੀਆਂ ਨੇ ਸਵਾਤ ਕੰਢੇ ਪੱਥਰਾਂ ‘ਤੇ ਬੈਠ ਵਿਚਾਰਾਂ ਕੀਤੀਆਂ।
ਬੁੱਢਾ ਜੋਗੀ ਯਦਰੂਪ ਨਿੱਕੀ ਉਮਰੇ ਇੱਕ ਸ਼ਫ਼ਾਖ਼ਾਨੇ ਵਿੱਚ ਕੰਮ ਕਰਦਾ ਰਿਹਾ ਸੀ। ਉਸ ਕੋਲ ਯੂਨਾਨੀ ਤੇ ਇਰਾਨੀ ਚਿਕਿਤਸਾ ਦਾ ਗਿਆਨ ਵੀ ਸੀ। ਤਜ਼ਰਬੇ ਨਾਲ਼ ਉਸ ਦਾ ਅਲਾਮਤ ਸੰਬੰਧੀ ਗਿਆਨ ਪੁਖ਼ਤਾ ਹੁੰਦਾ ਗਿਆ। ਉਸ ਦਾ ਦੁਰਖ਼ਾਨੀ ਦੀ ਨਬਜ਼ ਵੇਖ ਸਹਿਮ ਜਾਣਾ ਸੁਭਾਵਕ ਸੀ। ਦੁਰਖ਼ਾਨੀ ਦੀਆਂ ਧੜਕਣਾਂ ਨੂੰ ਜਾਂਚ ਜੋਗੀ ਯਦਰੂਪ ਇਸ ਨਤੀਜੇ ‘ਤੇ ਪੁੱਜਾ ਕਿ ਦੁਰਖ਼ਾਨੀ ਕੋਲ ਜਿਆਦਾ ਸਮਾਂ ਨਹੀਂ ਹੈ। ਉਸ ਮੁਤਾਬਕ ਸਮੇਂ ਨਾਲ਼ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਸਵਾਤ ਕੰਢੇ ਬੈਠੇ ਜੱਥੇ ਵਿੱਚ ਉਸ ਨੇ ਇਹ ਗੱਲ ਅਦਮ ਨੂੰ ਵੀ ਦੱਸ ਦਿੱਤੀ।
ਅਦਮ, ਜੋ ਅੱਜ ਦੁਰਖ਼ਾਨੀ ਨੂੰ ਮਿਲ ਕੇ ਹੌਸਲੇ ਵਿੱਚ ਸੀ, ਅਚਾਨਕ ਉੱਖੜ ਜਿਹਾ ਗਿਆ। ਇਸ ਜਾਣਕਾਰੀ ਦਾ ਉਸ ‘ਤੇ ਇਹ ਅਸਰ ਸੁਭਾਵਕ ਸੀ। ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ। ਉਹ ਦਰਿਆ ਕੰਢੇ ਬੈਠਾ ਦੁਰਖ਼ਾਨੀ ਬਾਰੇ ਹੀ ਸੋਚਦਾ ਰਿਹਾ। ਵਿਛੋੜੇ ਦਾ ਅਸਰ ਉਸ ਨਾਲੋਂ ਕਿਤੇ ਵੱਧ ਦੁਰਖ਼ਾਨੀ ਨੇ ਝੱਲਿਆ ਸੀ। ਉਸ ਅੰਦਰ ਪਛੋਤਾਵਾ ਸੀ। ਆਖ਼ਰ ਉਸ ਨੇ ਫੈਸਲਾ ਲਿਆ ਕਿ ਹੁਣ ਉਹ ਜ਼ਿਆਦਾ ਦੂਰ ਨਹੀਂ ਜਾਵੇਗਾ। ਕਿਸੇ ਸਮੇਂ ਵੀ ਦੁਰਖ਼ਾਨੀ ਨੂੰ ਉਸ ਦੀ ਲੋੜ ਪੈ ਸਕਦੀ ਹੈ। ਜੋਗੀ ਯਦਰੂਪ ਬਾਰੇ-ਬਜ਼ਦਾਰੇ ਵਿਖੇ ਇਹ ਖ਼ਬਰ ਪੀਯੂ ਖ਼ਾਨ ਨੂੰ ਵੀ ਦੇ ਆਇਆ ਸੀ। ਉਸ ਦਾ ਅਸਰ ਇਹ ਹੋਇਆ ਕਿ ਕੁਝ ਦਿਨਾਂ ਵਿੱਚ ਹੀ ਪੀਯੂ ਲਈ ਨਵੀਂ ਬੇਗਮ ਦੀ ਭਾਲ ਸ਼ੁਰੂ ਹੋ ਗਈ। ਦੁਰਖ਼ਾਨੀ ਨੂੰ ਤਵਸ ਖ਼ਾਨ ਕੋਲ ਵਾਪਸ ਭੇਜ ਦਿੱਤਾ ਗਿਆ। ਦੁਰਖ਼ਾਨੀ ਅਦਮ ਦੀ ਆਸ ਵਿੱਚ ਆਪਣੇ ਚੁਬਾਰੇ ਬੈਠੀ ਰਹਿੰਦੀ। ਸ਼ਾਮਾਂ ਨੂੰ ਸਵਾਤ ਵਲੋਂ ਠੰਢੀਆਂ ਹਵਾਵਾਂ ਚਲਦੀਆਂ ਤਾਂ ਉਸ ਨੂੰ ਰਬਾਬੀ ਧੁਨਾਂ ਸੁਣਦੀਆਂ। ਉਸ ਨੂੰ ਕਿਸੇ ਦੀ ਪਛਾਣ ਨਾ ਰਹੀ। ਕਿਸੇ ਨੂੰ ਵੀ ਵੇਖ ਦੁਰਖ਼ਾਨੀ ਦੇ ਮੂੰਹੋਂ ਅਦਮ ਹੀ ਨਿਕਲਦਾ। ਅਜਿਹੇ ਵਿੱਚ ਬਾਰੇ ਦੇ ਲੋਕਾਂ ਨੇ ਉਸ ਨੂੰ ਉਸ ਦੇ ਹਾਲ ‘ਤੇ ਛੱਡ ਦਿੱਤਾ। ਪਰ ਕਿਸੇ ਵੀ ਨੇਕ ਦਿਲ ਸ਼ਖ਼ਸ ਅੰਦਰ ਇਹ ਖਿਆਲ ਨਹੀਂ ਆਇਆ ਕਿ ਦੁਰਖ਼ਾਨੀ ਨੂੰ ਅਦਮ ਦੇ ਸਪੁਰਦ ਕਰ ਦਿੱਤਾ ਜਾਵੇ।
ਜੋਗ ਨੂੰ ਅਲਵਿਦਾ ਕਹਿ ਅਦਮ ਖ਼ਾਨ ਕੂਜੇ ਵਾਪਸ ਆ ਗਿਆ ਸੀ। ਵਾਪਸ ਆ ਕੇ ਉਸ ਨੇ ਆਪਣੀ ਰਬਾਬ ਦੇ ਸੁਰ ਮੁੜ ਤੋਂ ਛੇੜ ਲਏ ਸਨ। ਜੋਗੀਆਂ ਨਾਲ਼ ਕੁਝ ਸਮਾਂ ਰਹਿਣ ਕਾਰਨ ਉਸ ਦੇ ਸੁਭਾਅ ਵਿੱਚ ਕਾਫ਼ੀ ਤਬਦੀਲੀਆਂ ਆ ਗਈਆਂ ਸਨ। ਹਸਨ ਖ਼ਾਨ ਚਾਹੁੰਦਾ ਸੀ ਕਿ ਅਦਮ ਉਸ ਦਾ ਕਾਰੋਬਾਰ ਆਪਣੇ ਹੱਥਾਂ ਵਿੱਚ ਲੈ ਲਏ। ਪਰ ਅਦਮ ਤਾਂ ਆਪਣੀ ਧੁਨੇ ਵਹਿੰਦਾ ਜਾ ਰਿਹਾ ਸੀ। ਮਾਪਿਆਂ ਨੇ ਬਜਿੱਦ ਹੋ ਕੇ ਉਸ ਦਾ ਨਿਕਾਹ ਗੁਲਨਾਜ਼ ਨਾਮ ਦੀ ਖੂਬਸੂਰਤ ਮੁਟਿਆਰ ਨਾਲ਼ ਕਰ ਦਿੱਤਾ। ਉਹ ਮਾਪਿਆਂ ਨੂੰ ਨਾਂਹ ਨਹੀਂ ਕਹਿ ਸਕਿਆ ਪਰ ਗੁਲਨਾਜ਼ ਲਈ ਉਸ ਕੋਲ ਕੁਝ ਨਹੀਂ ਸੀ। ਗੁਲਨਾਜ਼ ਨਾਲ਼ ਪਹਿਲੀ ਮਿਲਣੀ ਵਿੱਚ ਹੀ ਉਸ ਨੇ ਦੁਰਖ਼ਾਨੀ ਲਈ ਆਪਣਾ ਦਰਦ ਬਿਆਨ ਕਰ ਦਿੱਤਾ। ਕੁਝ ਦਿਨ ਉਸ ਨਵੀਂ ਵਿਆਹੀ ਨੇ ਅਦਮ ਵੱਲ ਨੂੰ ਵੇਖਿਆ। ਕੋਈ ਜਵਾਬ ਨਾ ਮਿਲਣ ‘ਤੇ ਉਹ ਆਪਣੇ ਮਾਪਿਆਂ ਦੇ ਘਰ ਵਾਪਸ ਪਰਤ ਗਈ। ਅਦਮ ਆਪਣੇ ਨਾਲ਼ ਰਬਾਬ ਲੈ ਕੇ ਦਿਨ ਦੇ ਪਹਿਲੇ ਪਹਿਰ ਹੀ ਕੂਜੇ ਤੋਂ ਬਾਹਰ ਚਲਾ ਜਾਂਦਾ। ਉਹ ਦੇਰ ਰਾਤ ਨੂੰ ਘਰ ਪਰਤਦਾ ਜਾਂ ਕਈ-ਕਈ ਦਿਨ ਵਾਪਸ ਹੀ ਨਾ ਆਉਂਦਾ। ਕੁਦਰਤੀ ਮਾਹੌਲ ਵਿੱਚ ਰਬਾਬੀ ਬਣ ਉਹ ਕਿਸੇ ਕੁਦਰਤੀ ਵਹਿਣ ਦਾ ਹਿੱਸਾ ਹੋ ਰਿਹਾ ਸੀ।
ਅਚਾਨਕ ਇੱਕ ਦਿਨ ਉਸ ‘ਤੇ ਬਾਰੇ ਬਜ਼ਦਾਰੇ ਜਾਣ ਦੀ ਧੁਨ ਸਵਾਰ ਹੋ ਗਈ। ਆਪਣਾ ਰਬਾਬ ਚੁੱਕ ਉਹ ਦੁਰਖ਼ਾਨੀ ਦੇ ਘਰ ਦੇ ਨਜ਼ਦੀਕ ਪਹੁੰਚ ਗਿਆ। ਉਸ ਨੇ ਰਬਾਬ ਵਾਦਨ ਸ਼ੁਰੂ ਕਰ ਦਿੱਤਾ। ਮਨਮੋਹਕ ਸੰਗੀਤ ਸੁਣ ਬਾਰੇ ਦੇ ਲੋਕ ਇਕੱਠੇ ਹੋ ਗਏ। ਹਾਲਾਂਕਿ ਸਾਰੇ ਉਸ ਨੂੰ ਪਛਾਣ ਗਏ ਪਰ ਕਿਸੇ ਨੇ ਉਸ ਨੂੰ ਨਾ ਰੋਕਿਆ। ਜਦੋਂ ਸੰਗੀਤ ਸਿਖਰਾਂ ‘ਤੇ ਸੀ ਤਾਂ ਅਦਮ ਖ਼ਾਨ ਨੇ ਰੋਣਾ ਸ਼ੁਰੂ ਕਰ ਦਿੱਤਾ। ਪਹਿਲਾਂ ਸਿਸਕੀਆਂ ਲੈਂਦਾ ਅਚਾਨਕ ਅਦਮ ਪਾਗਲਾਂ ਵਾਂਗ ਰੋਣ ਲੱਗਾ। ਰਬਾਬ ਛੱਡ ਉਹ ਦੁਰਖ਼ਾਨੀ ਦੇ ਬਗੀਚੇ ਵਿੱਚ ਬੈਠਣ ਦੀ ਜਿੱਦ ਕਰਨ ਲੱਗਾ। ਕੁਝ ਸੂਝਵਾਨ ਲੋਕਾਂ ਨੇ ਹਾਲਤ ਨੂੰ ਵੇਖਦਿਆਂ ਤਵਸ ਖ਼ਾਨ ਨੂੰ ਬੇਨਤੀ ਕੀਤੀ। ਮਨ੍ਹਾ ਕਰਨ ‘ਤੇ ਅਦਮ ਨੂੰ ਤਵਸ ਦੇ ਬਾਗ ਦੀ ਕੰਧ ਨਾਲ਼ ਬਿਠਾ ਦਿੱਤਾ ਗਿਆ। ਅਦਮ ਰਬਾਬ ਵਜਾਉਂਦਾ ਰਿਹਾ। ਦੁਰਖ਼ਾਨੀ ਦੇ ਕੰਨਾਂ ‘ਤੇ ਅਦਮ ਦੇ ਸੰਗੀਤ ਦਾ ਕੋਈ ਅਸਰ ਨਾ ਹੋਇਆ। ਉਹ ਆਪਣੇ ਚੁਬਾਰੇ ‘ਚੋਂ ਬਾਹਰ ਨਾ ਨਿਕਲੀ। ਰਬਾਬ ਦੀਆਂ ਧੁਨਾਂ ਸੰਗ ਅਦਮ ਲਗਾਤਾਰ ਰੋਂਦਾ ਰਿਹਾ। ਸ਼ਾਮ ਆਉਂਦਿਆਂ ਤੱਕ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਵਾਬ ਦੇ ਗਈ। ਪਿੰਡ ਦੇ ਕੁਝ ਨੌਜਵਾਨ ਉਸ ਨੂੰ ਕੂਜੇ ਵਾਪਸ ਛੱਡਣ ਲਈ ਅੱਗੇ ਆਏ। ਪਰ ਉਸ ਨੇ ਆਖ਼ਰ ਦੁਰਖ਼ਾਨੀ ਦੇ ਬਾਗ ਦੀ ਕੰਧ ਨਾਲ਼ ਆਪਣੇ ਪ੍ਰਾਨ ਤਿਆਗ ਦਿੱਤੇ।
ਅਦਮ ਦੀ ਮ੍ਰਿਤਕ ਦੇਹ ਨੂੰ ਸਵਾਤ ਘਾਟੀ ਵਿੱਚ ਦਫ਼ਨਾ ਦਿੱਤਾ ਗਿਆ ਜਿੱਥੇ ਉਹ ਅਕਸਰ ਪੱਥਰਾਂ ‘ਤੇ ਬੈਠਾ ਰਬਾਬ ਵਜਾਉਂਦਾ ਹੁੰਦਾ ਸੀ। ਥੋੜ੍ਹੇ ਸਮੇਂ ਮਗਰੋਂ ਦੁਰਖ਼ਾਨੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਉਸ ਨੂੰ ਪੀਯੂ ਖ਼ਾਨ ਨੇ ਬਾਰੇ ਵਿਖੇ ਦਫਨਾ ਦਿੱਤਾ। ਬਾਰੇ ਬਜ਼ਦਾਰੇ ਦੇ ਲੋਕਾਂ ਦੀ ਜ਼ੁਬਾਨੀ ਇੱਕ ਅਫ਼ਸਾਨਾ ਫੈਲਿਆ ਜਿਹੜਾ ਸਾਰੇ ਇਲਾਕੇ ਵਿੱਚ ਪਹੁੰਚ ਗਿਆ। ਨਿਰਾਸ਼ ਹੋ ਕੇ ਇਲਾਕੇ ਦੇ ਮੁਹਤਬਰਾਂ ਨੇ ਜਿਰਗਾ ਮੁੜ ਬੁਲਾਇਆ। ਸਿਆਣਿਆਂ ਨੇ ਦੁਰਖ਼ਾਨੀ ਨੂੰ ਕਬਰੋਂ ਬਾਹਰ ਕੱਢ, ਅਦਮ ਦੀ ਕਬਰ ਦੇ ਨਾਲ਼ ਦਫ਼ਨਾਉਣ ਦੀ ਇਜਾਜ਼ਤ ਦੇ ਦਿੱਤੀ। ਇਸ ਫੈਸਲੇ ‘ਤੇ ਪੀਯੂ ਦੀ ਵੀ ਸਹਿਮਤੀ ਸੀ। ਇਸ ਤਰ੍ਹਾਂ ਮੌਤ ਤੋਂ ਬਾਅਦ ਉਹਨਾਂ ਨੂੰ ਇੱਕਠੇ ਰਹਿਣ ਦਾ ਹੱਕ ਆਖ਼ਰ ਮਿਲ ਹੀ ਗਿਆ।
ਅਦਮ ਤੇ ਦੁਰਖ਼ਾਨੀ ਦਾ ਦਰਦ ਕਿੱਸੇ ਦਾ ਰੂਪ ਲੈ ਗਿਆ। ਸਮਾਂ ਲੰਘਦਾ ਗਿਆ। ਅਦਮ-ਦੁਰਖ਼ਾਨੀ ਨੂੰ ਜਾਨਣ ਵਾਲ਼ੇ ਸਾਰੇ ਇਸ ਦੁਨੀਆ ਤੋਂ ਚਲੇ ਗਏ। ਨਵੀਂਆਂ ਪੀੜ੍ਹੀਆਂ ਆਉਂਦੀਆਂ ਗਈਆਂ। ਮੇਲਿਆਂ ਵਿੱਚ ਅਦਮ-ਦੁਰਖ਼ਾਨੀ ਦੇ ਕਿੱਸੇ ਗਾਏ ਜਾਂਦੇ ਰਹੇ। ਦੋਹਾਂ ਦੀ ਸਾਂਝੀ ਕਬਰ ਨੂੰ ਮੁਰੰਮਤ ਕਰਨ ਲਈ ਮੁੜ ਤੋਂ ਖੋਲ੍ਹਿਆ ਗਿਆ। ਹੈਰਾਨਕੁੰਨ ਹੋਏ ਲੋਕਾਂ ਨੇ ਵੇਖਿਆ ਕਿ ਅਦਮ ਤੇ ਦੁਰਖ਼ਾਨੀ ਦੇ ਪਿੰਜਰ ਗਲਵਕੜੀ ‘ਚ ਹਨ। ਦੋਹਾਂ ਸਰੀਰਾਂ ਨੂੰ ਮੁੜ ਅਲੱਗ ਕਰ ਕੇ ਉਸੇ ਕਬਰ ਵਿੱਚ ਮੁੜ ਤੋਂ ਦਫ਼ਨਾ ਦਿੱਤਾ ਗਿਆ। ਹਰ ਸਾਲ ਕਬਰ ‘ਤੇ ਮੇਲਾ ਲੱਗਦਾ, ਕਵਾੱਲੀਆਂ ਗਾਈਆਂ ਜਾਂਦੀਆਂ। ਤਕਰੀਬਨ ਸੱਠ ਸਾਲ ਬਾਅਦ ਕਬਰ ਨੂੰ ਮੁੜ ਤੋਂ ਖੋਲਿਆ ਗਿਆ। ਪਿੰਜਰਾਂ ਨੂੰ ਅਲੱਗ ਕਰਨ ਵਾਲੀ ਪੀੜ੍ਹੀ ‘ਚੋਂ ਕੁਝ ਬਜ਼ੁਰਗ ਗਵਾਹ ਉੱਥੇ ਮੌਜੂਦ ਸਨ। ਉਹ ਹੈਰਾਨ ਹੋਏ ਜਦੋਂ ਦੋਹਾਂ ਪਿੰਜਰਾਂ ਨੂੰ ਮੁੜ ਗਲਵਕੜੀ ਵਿੱਚ ਵੇਖਿਆ ਗਿਆ। ਇਸ ਵਾਰ ਉਹਨਾਂ ਨੂੰ ਬਿਨਾਂ ਅਲੱਗ ਕੀਤਿਆਂ ਛੱਡ ਦਿੱਤਾ ਗਿਆ। ਅੱਜ ਪੰਜ ਸੌ ਸਾਲਾਂ ਬਾਅਦ ਵੀ ਦੋਹਾਂ ਬਜ਼ਦਾਰਿਆਂ ਵਿਚਾਲੇ ਸਵਾਤ ਘਾਟੀ ਵਿੱਚ ਅਦਮ ਤੇ ਦੁਰਖ਼ਾਨੀ ਦੀ ਵੱਡੀ ਸਾਂਝੀ ਕਬਰ ਵੇਖੀ ਜਾ ਸਕਦੀ ਹੈ। ਪੀਯੂ ਦੇ ਬਾਗ ਵਿੱਚ ਕੁਝ ਵੱਡੇ ਪੱਥਰ ਹੁੰਦੇ ਸਨ ਜਿੱਥੇ ਦੁਰਖ਼ਾਨੀ ਬੈਠੀ ਅਦਮ ਨੂੰ ਯਾਦ ਕਰਦੀ ਰਹਿੰਦੀ ਸੀ। ਉਹਨਾਂ ਪੱਥਰਾਂ ਨੂੰ ਅੱਜ ਦੇ ਦੌਰ ਦੇ ਆਸ਼ਕ ਲੋਕ ਮੱਥਾ ਟੇਕਦੇ ਹਨ। ਸਿਜਦਾ ਕਰਦਿਆਂ ਲੋਕ ਮੰਨਤਾਂ ਮੰਗਦੇ ਹਨ। ਇਲਾਕੇ ਦਾ ਵਿਸ਼ਵਾਸ਼ ਹੈ ਕਿ ਉਹ ਮੰਨਤਾਂ ਪੂਰੀਆਂ ਵੀ ਹੁੰਦੀਆਂ ਹਨ।