
ਮੁਲਾਕਾਤੀ : ਦਰਸ਼ਨ ਦਰਵੇਸ਼ (ਫ਼ਿਲਮ ਨਿਰਦੇਸ਼ਕ ਤੇ ਕਵੀ, ਮੁੰਬਈ)
ਡੁੱਬਦੀ ਆਥਣ ਦਾ ਮੇਜ਼ਬਾਨ ਸੜਕ ਚਾਹੇ ਪਟਿਆਲੇ ਹੀ ਹੋਵੇ ਤੇ ਚਾਹੇ ਕੱਚਾ ਪਹਾ ਹੋਵੇ ਆਲਮੀ ਅੱਖਰਾਂ ਦੇ ਪਿੰਡ ਦਾ ਸਫ਼ਰ ਦੋਵੇਂ ਥਾਂ ਬੱਲਦਾ ਹੈ ਲਟ ਲਟ ਲੰਮੀ ਬਹਿਸ ‘ਚ ਉਹ ਆਪਣੀ ਸ਼ਿਰਕਤ ਸੂਖ਼ਮਤਾ ਨਾਲ ਕਰਦਾ ਤੇ ਜਦ ਬਹਿਸ ਦਾਰੂ ਪੀਣ ਵੱਲ ਮੁੜ ਜਾਂਦੀ ਤਾਂ ਉਸਨੂੰ ਕੋਈ ਅਜਿਹਾ ਸੁਨੇਹਾ ਯਾਦ ਆ ਜਾਦਾ ਜਿਸ ਨੂੰ ਉਹ ਵੇਲੇ ਘਰ ਤੋਰਨ ਜਾਂਦਾ ਤੇ ਵਾਪਿਸ ਨਹੀਂ ਆਉਂਦਾ ਮਿਲਦਾ ਹੈ ਤਾਂ ਗੁਨਾਹਾਂ ਸਿਰ ਖੁਦਾ ਦਾ ਤਾਜ਼ ਪਹਿਨ ਕੇ ਵਿਦਾ ਹੁੰਦਾ ਹੈ ਤਾਂ ਸ਼ਰੇਆਮ ਭਟਕਨ ਨੂੰ ਦੋਸਤਾਂ ਦੀ ਉਡੀਕ ਦੇ ਗਲੇ ਲਗਾ ਕੇ ਅਵਤਾਰ ਪ੍ਰਵਾਜ਼ ਦੀ ਉਦਾਸੀ ਨਹੀਂ ਸਹਿਣ ਕਰਦਾ ਪਰ ਮਿੱਟੀ ‘ਚ ਫੈਲੇ ਜ਼ਹਿਰ ਦਾ ਘੁੱਟ ਭਰਦਾ ਹੈ ਅਕਸਰ ਜਦੋਂ ਨੀਂਦ ਆਉਂਦੀ ਤਾਂ ਗੀਤ ਗਾਉਂਦਾ ਸਵੇਰ ਚੜ੍ਹਦਿਆਂ ਮਰਸੀਆ ਲਿਖਦਾ ਆਪਣੇ ਮਹਿਫੂਜ਼ ਸੁਪਨਿਆਂ ਦਾ ਮਚਦੀ ਸਿਖ਼ਰ ਦੁਪਹਿਰ ਆਪਣੇ ਬਚਪਨ ਨੂੰ ਆਪਣੇ ਲਹੂ ਦੀਆਂ ਅੱਖਾਂ ਵਿੱਚ ਉਤਾਰਦਾ ਤੇ ਸ਼ਾਮ ਢਲੇ ਰੁਕੇ ਹੋਏ ਪਾਣੀ ਦੀ ਉਬਾਸੀ ਵਾਂਗ ਲਗਦਾ ਹੈ ਪਿਘਲਣ ਨਾ ਯਾਰਾਂ ਨਾ, ਸ਼ੀਸ਼ਾ ਨਾ ਬਣੀ ਤਿੜਕ ਕੇ ਜੁੜਨਾ ਮੈਨੂੰ ਤਾਂ ਨਹੀਂ ਆਇਆ ਜੇ ਤੈਨੂੰ ਆ ਜਾਵੇ ਤਾਂ ਆਪਣੇ ਵਿਚੋਂ ਦੁਸ਼ਮਣਾਂ ਦਾ ਚਿਹਰਾ ਤੱਕ ਲਵੀਂ ਉਹ ਤਾਂ ਉਹ ਹੈ ਅਵੀ ਅਟਵਾਲ ਤੇ ਉਹ ਅਵਤਾਰਜੀਤ ਨਹੀਂ ਹੈ ਆਪਣੇ ਹਿੱਸੇ ਦਾ ਹਨ੍ਹੇਰਾ ਆਪਣੀ ਨਜ਼ਮ ‘ਚੋਂ ਮਨਫ਼ੀ ਸ਼ਬਦਾਂ ਦੀ ਤੌਹੀਨ ਹੈ ਰਿਸ਼ਤਿਆਂ ਦਾ ਖੰਡਰ ਹੈ ਹਾਸਿਆਂ ਦਾ ਬੰਜਰ ਹੈ ਸੁਰਮੇਂ ਤੋਂ ਡਰਦਾ ਸੱਪ ਹੈ ਸਫ਼ਰ ‘ਚ ਮਸਲੀ ਹੋਈ ਅੱਖ ਹੈ ਉਹ ਤਾਂ ਉਹ ਹੈ ਅਵੀ ਅਟਵਾਲ ਉਹ ਜੋ ਸ਼ਾਇਰ ਹੈ ਅਵਤਾਰਜੀਤ ਹੈ ਆਪਣੇ ਲਹੂ ਦਾ ਖ਼ਾਨਾਬਦੋਸ਼ ਮੌਸਮ ਆਪਣੇ ਅੱਥਰੂ ਦਾ ਫਿਟਕਾਰਿਆ ਹੋਇਆ ਸਿਤਮ ਮਿੱਤਰਾਂ ਦੇ ਅੰਬਰ ਦੀ ਖ਼ਬਰ ਸੁਣਦਾ ਆਪਣੇ ਰੰਗਾਂ ਦਾ ਸੱਥਰ ਵਿਛਾਉਂਦਾ ਛਿਣ ਪਲ ਵਿੱਚ ਸ਼ਖ਼ਸ ਹੁੰਦਾ ਹੈ ਤੇ ਪਲ ‘ਚ ਆਦਮੀ ਇੰਝ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਦਿਨ ਮੇਰਾ ਚਿਹਰਾ ਬਨਣਗੇ ਜਿਹਨਾਂ ਨੂੰ ਉਮਰ ਭਰ ਤਲਾਸ਼ਦਾ ਰਿਹਾ ਇੰਨਾ ਜ਼ਰੂਰ ਸੋਚਿਆ ਸੀ ਪਗਡੰਡੀ ਹੋਵੇ ਚਾਹੇ ਸੜਕ ਸਮੁੰਦਰ ਮੇਰੇ ਡੁੱਬਣ ਦਾ ਤਲਬਗਾਰ ਹੋਵੇਗਾ ਆ ਬੈਠੀਏ ਨਾ ਮਿਲੀਏ ਤਾਂ ਹੀ ਖੁਸ਼ਗੋਈ ਹੋਵੇਗੀ ਅਸੀਂ ਜ਼ੁਬਾਨ ਤੋਂ ਵਕਤ ਮੰਗਾਂਗੇ ਤੇ ਉਹ ਨਿਲਾਮ ਹੁੰਦੀ ਆਥਣ ਨੂੰ ਕਹਿ ਰਿਹਾ ਹੋਵੇਗਾ, ਅੱਜ ਦੀ ਸ਼ਾਮ ਕਿਸੇ ਮੇਜ਼ਬਾਨ ਦੇ ਨਾਮ ਕਿਸੇ ਮੇਜ਼ਬਾਨ ਦੇ ਨਾਮ …ਤੇ ਉਹ ਅਕਸਰ ਆਪ ਹੀ ਮਹਿਮਾਨ ਆਪ ਹੀ ਮੇਜ਼ਬਾਨ ਹੁੰਦਾ ਹੈ…
ਪ੍ਰ. ਅਵਤਾਰਜੀਤ ਅਤੇ ਅਵੀ ਅਟਵਾਲ ਨੂੰ ਇਕ ਸ਼ਬਦ ‘ਚ ਸਮੇਟ ਸਕਦੇ ਹੋ?
ਉÎੱਤਰ : ਮਸਲਨ ਮੈਂ ਬਹੁਤ ਜਜ਼ਬਾਤੀ ਤੇ ਮੁਹੱਬਤ ਦੇ ਚਿਰਾਗ਼ ਦੀ ਲੋਅ ਮਾਤਰ ਹਾਂ। ਅਵਤਾਰ ਤੋਂ ਅਵੀ ਅਟਵਾਲ ਤੇ ਅਵਤਾਰਜੀਤ ਦਰਮਿਆਨ ਕੋਈ ਇਕ ਸ਼ਬਦ ਹੈ ਕਹਿ ਸਕਦਾਂ ਅਵੀ ਅਟਵਾਲ ਇਹ ਕਿ ਪੌਣਾਂ ਦੇ ਅੰਦਰ ਭਟਕਦਾ ਮੈਂ ਗੁੰਮ ਜਿਹਾ ਸੰਗੀਤ ਹਾਂ। ਸੁਰਖ ਲਵਾਂ ਤੋਂ ਤਿੜਕਿਆਂ ਮੈਂ ਦਰਦ ਭਰਿਆ ਗੀਤ ਹਾਂ। (ਅਵੀ ਅਟਵਾਲ)
ਅਵਤਾਰਜੀਤ ਨੂੰ ਇਸ ਤਰ੍ਹਾਂ ਸਮੇਟਦਾ ਹਾਂ:
ਫਿੱਟਕਾਰੀ ਹੋਈ ਅਦਾ ਹਾਂ, ਅਧੂਰੀ ਰਹਿ ਗਈ ਰੀਝ ਹਾਂ, ਆਪਣੀ ਹੀ ਪਹਿਚਾਣ ਦੀ, ਆਪਣੀ ਲਾਸ਼ ‘ਚੋਂ ਲੰਘੀ ਚੀਕ ਹਾਂ। (ਅਵਤਾਰਜੀਤ)
ਪ੍ਰ. ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਵਿਅਕਤੀ ਕੌਣ ਹੈ?
ਉੱਤਰ: ਭਾਰਤੀ ਖ਼ੂਨ ਦਾ ਉਹ ਕਤਰਾ ਜੋ ਵਿਅਕਤੀ ਨਹੀਂ ਰਹਿ ਜਾਂਦਾ, ਇਤਿਹਾਸ ਦੇ ਪੰਨੇ ‘ਤੇ ਆਪਣੇ ਦਸਤਖ਼ਤ ਬਣ ਜਾਂਦਾ ਹੈ
ਪ੍ਰ. ਆਪਣੇ ਫ਼ੁਰਸਤ ਦੇ ਪਲਾਂ ਵਿੱਚ ਤੁਸੀਂ ਆਪਣੇ ਆਪ ਲਈ ਕਿੰਨਾ ਕੁ ਜਿਉਂਦੇ ਹੋ?
ਉੱਤਰ: ਦਰਅਸਲ ਮੈਂ ਆਪਣੇ ਆਪ ਨੂੰ ਜਿਉਂਦਾ ਹੀ ਉਦੋਂ ਹਾਂ ਜਦੋਂ ਸਿਰਜਣਾ ‘ਚ ਹੁੰਦਾ ਹਾਂ। ਜਿਉਣ ਦੀਆਂ ਸਥਿਤੀਆਂ ਪ੍ਰਸਥਿਤੀਆਂ ਦੇ ਅਨੁਸਾਰ ਹੀ ਢਲ ਜਾਣਾ ਇਹ ਮੇਰਾ ਸ੍ਰੇਸ਼ਠ ਗੁਣ ਹੈ।
ਪ੍ਰ. ਤੁਹਾਡੇ ਜਿਹੜੇ ਵੀ ਸ਼ੌਂਕ ਹਨ, ਉਹਨਾਂ ਵਾਸਤੇ ਆਪਣੀ ਮਿਹਨਤ ਦੀ ਕਮਾਈ ‘ਚੋਂ ਕਿੰਨਾ ਕੁ ਖ਼ਰਚ ਕਰਦੇ ਹੋ?
ਉੱਤਰ: ਮੇਰੇ ਸ਼ੌਂਕ ਘਰ ਫੂਕ-ਤਮਾਸ਼ਾ ਵੇਖਣ ਵਾਲੇ ਰਹੇ ਹਨ। ਆਪਣੇ ਆਪ ਨੂੰ ਮਾਰਕੇ ਮੈਂ ਸ਼ੌਂਕ ਨੂੰ ਜ਼ਿੰਦਾ ਰੱਖਦਾ ਹਾਂ। ਆਪਣੇ ਆਪ ਨੂੰ ਪੂਰਨ ਲਈ ਆਪਣਾ ਸੁਪਨਾ ਵੀ ਖ਼ਰਚ ਦਿੰਦਾ ਹਾਂ। ਪਰ ਸ਼ੌਂਕ ਮੇਰੇ ਕੱਦ ਤੋਂ ਵੱਡੇ ਨਹੀਂ।
ਪ੍ਰ. ਆਪਣੇ ਵਿਅਕਤੀਤਵ ਵਿਚੋਂ ਤੁਸੀਂ ਹੋਰਨਾਂ ਨੂੰ ਕੀ ਵੰਡ ਦੇਣਾ ਚਾਹੁੰਦੇ ਹੋ?
ਉੱਤਰ: ਆਪਣੇ ਵਾਂਗੂੰ ਮੂੰਹ ‘ਤੇ ਸੱਚੀ ਕਹਿਣ ਦੀ ਆਦਤ, ਰਿਸ਼ਤਿਆਂ ਪ੍ਰਤੀ ਮੋਹ ਤੇ ਨਿੱਘ। ਈਗੋ ਮੁਕਤ ਸ਼ਖ਼ਸੀਅਤ ਦੇ ਅੰਸ਼ ਵੰਡਣ ਦੀ ਕੋਸ਼ਿਸ਼ ਵਿੱਚ ਹਾਂ।
ਪ੍ਰ. ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਤੁਸੀਂ ਕਿਸਨੂੰ ਮੰਨਦੇ ਹੋ?
ਉੱਤਰ: ਧਾਰਮਿਕਤਾ-ਜੋ ਬੰਦੇ ਦੇ ਅੰਦਰ ਪਤਾ ਨਹੀਂ ਆਸਥਾ ਤੋਂ ਅਸਥਿਰਤਾ ਤੱਕ ਧੁੰਦ ਵਾਂਗ ਕਿਵੇਂ ਫੈਲ ਜਾਂਦੀ ਹੈ।
ਪ੍ਰ. ਤੁਸੀਂ ਕਿਸ ਰੂਪ ਵਿੱਚ ਯਾਦ ਕੀਤਾ ਜਾਣਾ ਪਸੰਦ ਕਰੋਗੇ?
ਉੱਤਰ: ਸ਼ਬਦ ਤੋਂ ਸ਼ਹਾਦਤ ਤੇ ਸ਼ੁਦਾਈ ਹੋਣ ਤੱਕ। ਜੋ ਫ਼ਨਾ ਹੋ ਜਾਂਦਾ ਹੈ, ਆਪਣੇ ਅਕੀਦੇ ਨੂੰ ਅਕਾਰ ਦੇਣ ਲਈ। ਪਰ ਸਾਡੇ ਵਰਗੇ ਸਿਰਫਿਰਿਆਂ ਨੂੰ ਕੌਣ ਯਾਦ ਕਰੇਗਾ? ਪਰ ਫਿਰ ਵੀ ਮੈਂ ਸੱਚਾ ਸ਼ਬਦ ਸ਼ਾਹਦੀ ਬਣਾ ‘ਤੇ ਯਾਦ ਕਰਿਆ ਜਾਵਾਂ।
ਪ੍ਰ. ਤੁਹਾਡੀ ਪਿਆਰੀ ਫ਼ਿਲਮ ਅਤੇ ਮਨਪਸੰਦ ਟੀ.ਵੀ. ਪ੍ਰੋਗਰਾਮ ਕਿਹੜਾ ਹੈ?
ਉੱਤਰ: ਭਾਰਤੀ ਸਿਨੇਮਾ ਦੀ ਵਡਮੁੱਲੀ ਫ਼ਿਲਮ ਮਦਰ ਇੰਡੀਆ-ਟੀ.ਵੀ. ਪ੍ਰਗੋਰਾਮ ਡਿਸਕਵਰੀ।
ਪ੍ਰ. ਕੋਈ ਅਜਿਹਾ ਕੌੜਾ ਸੱਚ, ਜੋ ਤੁਹਾਨੂੰ ਅੱਜ ਤੱਕ ਨਾ ਭੁਲਾਇਆ ਭੁੱਲਾ ਹੋਵੇ?
ਉੱਤਰ: ਮੇਰੀ ਮਾਂ ਤੇ ਪਿਤਾ ਜੀ ਦੇ ਹੱਥ ਸਿਰ ਤੋਂ ਉÎੱਠ ਜਾਣਾ। ਚਾਹੁੰਦਾ ਹੋਇਆ ਵੀ ਭੁਲਾ ਨਹੀਂ ਹੁੰਦਾ।
ਪ੍ਰ. ਤੁਹਾਡੀ ਕੋਈ ਅਜਿਹੀ ਆਦਤ ਜਿਹੜੀ ਤੁਸੀਂ ਵਾਰ-ਵਾਰ ਬਦਲਣਾ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ?
ਉÎੱਤਰ: ਦੂਸਰੇ ਆਦਮੀ ਉÎੱਪਰ ਰੱਬ ਵਰਗਾ ਵਿਸ਼ਵਾਸ ਕਰ ਲੈਣਾ। ਦੂਸਰੇ ਤੋਂ ਧੋਖਾ ਖਾ ਕੇ ਫਿਰ ਵਿਸ਼ਵਾਸ ਕਰਨਾ। ਉਸ ਬੰਦੇ ਨਾਲ ਜੁੜੇ ਰਹਿਣਾ। ਦੂਰ ਹੋਣ ‘ਤੇ ਟੁੱਟਣ ਤੋਂ ਬਾਅਦ ਦੇਰ ਤੱਕ ਦਰਦ ਦਾ ਦਸਤਾਵੇਜ਼ ਬਣਿਆ ਰਹਿਣਾ।
ਪ੍ਰ. ਜੇ ਤੁਹਾਨੂੰ ਅਨਿਆਂ ਦੇ ਖਿਲਾਫ਼ ਅਵਾਜ਼ ਉਠਾਉਣੀ ਪੈ ਜਾਵੇ ਤਾਂ ਕਿਸ ਰੂਪ ‘ਚ ਉਠਾਓਗੇ?
ਉੱਤਰ: ਸ਼ਬਦ ਨੂੰ ਸ਼ਾਸਤਰ ਬਣਾਕੇ ਅਤੇ ਸ਼ਾਸਤਰ ਨੂੰ ਸ਼ਬਦ ਬਣਾ ਕੇ। ਇਹ ਤਾਕਤ ਮੈਨੂੰ ਅੰਦਰੋਂ ਭਰਕੇ ਰੱਖਦੀ ਹੈ। ਅਨਿਆਂ ਖਿਲਾਫ਼ ਸ਼ਬਦ ਤੋਂ ਵੱਡੀ ਉਠਾਉਣ ਵਾਲੀ ਹੋਰ ਕੋਈ ਤਾਕਤ ਨਹੀਂ ਹੁੰਦੀ।
ਪ੍ਰ. ਜੇਕਰ ਆਪਣੇ ਸੰਘਰਸ਼ ਦੀ ਕਹਾਣੀ ਘੱਟ ਤੋਂ ਘੱਟ ਲਫ਼ਜ਼ਾਂ ‘ਚ ਕਹਿਣੀ ਹੋਵੇ ਤਾਂ ਕਿਸ ਤਰ੍ਹਾਂ ਕਹੋਗੇ?
ਉੱਤਰ: ਮੈਂ ਆਪਣੀਆਂ ਪੈੜਾਂ ਦੀ ਵਰਣਮਾਲਾ ਅਜੇ ਵੀ ਲਿਖ ਰਿਹਾਂ। ਜੋ ਮੇਰੇ ਸੰਘਰਸ਼ ਦੀ ਸ਼ਾਹਦੀ ਹੈ। ਮਾਰੂਥਲ ‘ਚ ਗੁਆਚੀ ਉਹ ਪੈੜ ਹਾਂ, ਜਿਸਦੇ ਨਸੀਬ ਵਿੱਚ ਮਿੱਟ ਜਾਣਾ ਹੀ ਹੁੰਦਾ ਹੈ। ਪਰ ਮੈਂ ਔੜ ਦੇ ਸਾਹਮਣੇ ਸਾਵਣ ਬਣਕੇ ਵਰਨ ਦੀ ਸਮਰੱਥਾ ਵੀ ਰੱਖਦਾ ਹਾਂ। ਅਸਤ ਇਕ ਵਾਰ ਹੋ ਲੈਣ ਦੇ ਮੈਨੂੰ, ਨਵਾਂ ਨਕੋਰ ਹੋ ਕੇ ਮਿਲਾਂਗਾ ਤੈਨੂੰ।
ਪ੍ਰ. ਤੁਹਾਨੂੰ ਜ਼ਿੰਦਗੀ ਵਿੱਚ ਕਿਸਦਾ ਸਾਥ ਵਧੀਆ ਲੱਗਦਾ ਹੈ?
ਉੱਤਰ: ਕੱਲ੍ਹਾ ਹੋਣਾ ਕਿਤਾਬਾਂ ਦਾ ਸਾਥ ਆਪਣੇ-ਆਪ ਨਾਲ ਰਹਿਣ ਦਾ ਅਨੰਦ ਵੀ ਵੱਖਰਾ ਹੈ। ਆਪਣੇ ਆਪ ਨਾਲ, ਸਾਥ ਕਰਨਾ ਅਦਭੁੱਤ ਹੈ।
ਪ੍ਰ. ਤੁਹਾਨੂੰ ਜ਼ਿੰਦਗੀ ਦਾ ਸਭ ਾਂੋ ਵਡੱ ਾ ਸਬਕ ਕਦੋਂ ਅਤੇ ਕਿੱਥੋਂ ਮਿਲਿਆ ਸੀ?
ਉੱਤਰ: ਸ਼ਬਦ ਦੀ ਸੋਹਬਤ ਤੋਂ ਬਾਅਦ ਮੈਨੂੰ ਲੱਗਾ-ਮੈਂ ਤਾਂ ਸਿਕੰਦਰ ਹਾਂ-ਬਾਕੀ ਤੇਰੇ ਸਾਹਮਣੇ ਹੈ ਤੇ ਜਦੋਂ ਆਪਣੇ ਹੀ ਹੱਥਾਂ ਨਾਲ ਆਪਣੇ ਖਿਲਾਫ਼ ਇਕ ਹਲਫ਼ਨਾਮੇ ‘ਤੇ ਮੈਂ ਦਸਤਖ਼ਤ ਕਰ ਬੈਠਾ ਸੀ, ਅਤੇ ਜ਼ਿੰਦਗੀ ਦਾ ਸਬਕ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਕਿਤਾਬ ਸਵੈਜੀਵਨੀ ਪੜ੍ਹਕੇ ਸਿੱਖਿਆ ਕਿ ਦੌੜੇ ਜਾਓ, ਦੌੜੇ ਜਾਓ ਤੇ ਪਹੁੰਚ ਜਾਓ।
ਪ੍ਰ. ਅਜਿਹਾ ਕੰਮ ਜਿਹੜਾ ਤੁਸੀਂ ਹਰ ਰੋਜ਼ ਕਰਨ ਲਈ ਉਤਸੁਕ ਰਹਿੰਦੇ ਹੋ ਅਤੇ ਸਭ ਤੋਂ ਪਹਿਲਾਂ ਕਰਦੇ ਹੋ?
ਉੱਤਰ: ਜਿਸਮਾਨੀ ਕਸਰਤ, ਸਵੇਰੇ ਉੱਠਣਸਾਰ ਕਵਿਤਾ ਦੀ ਕੋਈ ਕਿਤਾਬ ਪੜ੍ਹਦਾ ਹਾਂ। ਉਤਸੁਕਤਾ ਬਹੁਤ ਕੁਝ ਕਰਨ ਦੀ ਹੈ, ਜੋ ਧਾਰ ਲਿਆ ਉਹ ਪਾ ਲਿਆ। ਜਿਵੇਂ ਸਮੁੰ
ਦਰ ਰਾਤ ਨੂੰ ਆਪਣੇ ਆਪ ਅੰਦਰ ਸਮਾ ਜਾਂਦਾ ਹੈ, ਸਵੇਰੇ ਆਪਣੇ ਕਿਨਾਰਿਆਂ ਵੱਲ ਦੌੜਦਾ ਹੈ-ਸਭ ਤੋਂ ਪਹਿਲਾਂ ਆਪਣੇ ਆਪ ਕੋਲ ਆਉਂਦਾ ਹਾਂ ਸਵੇਰੇ ਸਵੇਰੇ।
ਪ੍ਰ. ਜੇਕਰ ਤੁਹਾਨੂੰ ਦੁਬਾਰਾ 16 ਸਾਲ ਦਾ ਹੋਣ ਦਾ ਮੌਕਾ ਮਿਲੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ?
ਉੱਤਰ: ਮੈਂ ਜ਼ਿੰਦਗੀ ਦੇ ਗੁਆਚੇ ਮੋਰਾਂ ਦੇ ਖੰਭ, ਤਿਤਲੀਆਂ ਦੇ ਪਰ, ਸੁੱਕੇ ਗੁਲਾਬਾਂ ਨੂੰ ਦੁਬਾਰਾ ਤਲਾਸ਼ਣ ਦੀ ਕੋਸ਼ਿਸ਼ ਕਰਾਂਗਾ ਤੇ ਉਹ ਰੁੱਤ ਜਿਹੜੀ ਕਦੇ ਸਾਵਣ ਕਦੇ ਚੇਤਰ ਬਣਦੀ, ਉਹ ਚਿੜੀ ਜਿਸਨੇ ਕਿਹਾ ਸੀ ਆ ਪੰਛੀਆਂ ਵਾਂਗ ਜਿਉਈਏ।
ਪ੍ਰ. ਆਪਣਾ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਹੈ?
ਉੱਤਰ: ਮੈਂ ਸ਼ੋਰ ‘ਚੋਂ ਵੀ ਸੁਹਜ ਤਲਾਸ਼ ਲੈਂਦਾ ਹਾਂ। ਹਾਲਤ ਮੁਤਾਬਿਕ ਢਲ ਜਾਣਾ ਮੇਰਾ ਇਕ ਮਹੱਤਵਪੂਰਨ ਗੁਣ ਹੈ।
ਪ੍ਰ. ਤੁਹਾਡੇ ਘਰ ਵਿੱਚ ਸਭ ਤੋਂ ਪਿਆਰਾ ਕੋਨਾ ਕਿਹੜਾ ਹੈ?
ਉੱਤਰ: ਜਿਸ ਥਾਂ ਕਿਤਾਬਾਂ ਹੋਣ, ਸੰਗੀਤ ਹੋਵੇ-ਉਹ ਕੋਨਾਂ ਮੇਰਾ ਘਰ ਬਣ ਜਾਂਦਾ ਹੈ। ਹਰ ਪਲ ਮੇਰੇ ਅੰਦਰ ਘਰ ਹੁੰਦਾ ਹੈ। ਘਰ ਅੰਦਰ ਮੈਂ। ਸੁਖਦ ਕੋਨਾਂ ਤੁਹਾਡੇ ਅੰਦਰ ਹੀ ਹੁੰਦਾ ਹੈ ਕਿਤੇ ਨਾ ਕਿਤੇ।
ਪ੍ਰ. ਸਭ ਤੋਂ ਪਹਿਲਾਂ ਤੁਸੀਂ ਕਿਹੜੀ ਫ਼ਿਲਮ ਦੇਖੀ ਜਾਂ ਕਿਹੜੀ ਕਿਤਾਬ ਪੜ੍ਹੀ, ਕਿਸਦੇ ਕਹਿਣ ਉÎੱਤੇ ਪੜ੍ਹੀ ਸੀ ਜਾਂ ਵੇਖੀ ਸੀ, ਉਸ ਤੋਂ ਬਾਅਦ ਤੁਸੀਂ ਕੀ ਪ੍ਰਭਾਵ ਕਬੂਲਿਆ?
ਉੱਤਰ: ਸਭ ਤੋਂ ਪਹਿਲੀ ਕਿਤਾਬ ਨਾਨਕ ਸਿੰਘ ਦਾ ‘ਮਤਰੇਈ ਮਾਂ’ ਨਾਵਲ ਪੜ੍ਹਿਆ। ਮੈਂ ਸਾਹਿਤਕ ਰੁਚੀ ਨਾਲ ਜੁੜ ਗਿਆ। ਫ਼ਿਲਮ ‘ਘਰ ਘਰ ਦੀ ਕਹਾਣੀ’ ਜਿਸ ਵਿੱਚ ਸਰਵਣ ਭਗਤ ਦੇ ਕੁਝ ਸੀਨ ਸਨ। ਉਸ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਜੀ ਦੀ ਰੱਜਕੇ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਸ਼ਬਦ, ਸਿਨੇਮਾ ਤੇ ਸੰਗੀਤ ਮੇਰੇ ਅੰਗ-ਸੰਗ ਰਹਿੰਦੇ ਹਨ। ਫਲਾਇੰਗ ਸਿੰਘ ਮਿਲਖਾ ਸਿੰਘ ਦੀ ਸਵੈਜੀਵਨੀ ਪੁਸਤਕ ਪੜ੍ਹ ਕੇ ਮੈਂ ਖੇਡਾਂ ਨਾਲ ਜੁੜ ਗਿਆ ਸੀ।
ਪ੍ਰ. ਤੁਹਾਡਾ ਸੁਪਨਾ ਜਿਸਨੂੰ ਤੁਸੀਂ ਕਿਸੇ ਵੀ ਕੀਮਤ ‘ਤੇ ਵਿਕਸਤ ਕਰਨਾ ਹੀ ਕਰਨਾ ਹੈ?
ਉੱਤਰ: ਮੈਂ ਸ਼ਬਦ ਤੋਂ ਸ਼ਹਾਦਤ ਤੱਕ ਲੜਨਾ ਹੈ । ਹਰਫ਼ਾਂ ਦੀ ਹੁਕਮ ਅਦੂਲੀ ਤੱਕ ਜੂਝਣਾ ਹੈ। ਪਰ ਸੁਪਨੇ ਕਦੇ ਵੀ ਸਾਡੀ ਨੀਂਦ ਦਾ ਇਤਿਹਾਸ ਨਹੀਂ ਬਣਦੇ।
ਪ੍ਰ. ਉਹ ਗੱਲ ਦੱਸੋ ਜਿਹੜੀ ਤੁਸੀਂ ਕਦੇ ਵੀ ਨਹੀਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ?
ਉੱਤਰ: ਆਪਣੇ ਦਿਲ ਵਿੱਚ ਮੈਂ ਕੁਝ ਵੀ ਛੁਪਾ ਕੇ ਨਹੀਂ ਰੱਖਦਾ। ਅਜਿਹੀ ਕੋਈ ਵੀ ਗੱਲ ਨਹੀਂ ਜੋ ਮੈਂ ਦੋਸਤਾਂ ਤੋਂ ਛੁਪਾ ਕੇ ਰੱਖਾਂ। ਖੁੱਲ੍ਹੀ ਕਿਤਾਬ ਹਾਂ। ਇਹ ਕਿ ਮੈਂ ਅੰਦਰੋਂ ਅਤਿ ਭਾਵੁਕ ਰੂਹ ਹਾਂ। ਆਮ ਤੌਰ ‘ਤੇ ਮੈਂ ਦੂਸਰੇ ਨੂੰ ਅੰਦਰੋਂ ਟੁੱਟਣ-ਭੱਜਣ ਦਾ ਅਹਿਸਾਸ ਨਹੀਂ ਹੋਣਾ ਦਿੰਦਾ।
ਪ੍ਰ. ਤੁਸੀਂ ਆਪਣੀ ਕਿਹੜੀ ਮਨਪਸੰਦ ਵਸਤੂ ਲਈ ਆਪਣੇ ਅੱਤ ਦੇ ਰੁਝੇਵਿਆਂ ‘ਚੋਂ ਵਕਤ ਕੱਢ ਹੀ ਲੈਂਦੇ ਹੋ?
ਉੱਤਰ: ਮੇਰੀ ਸਾਹਿਤਕ, ਕਲਾਤਮਿਕ ਸੁਭਾਅ ਕਾਰਨ ਮੈਂ ਯਾਰਾਂ ਸ਼ਾਇਰਾਂ ਦੀ ਮਹਿਫ਼ਲਾਂ ਲਈ ਵਾਹ ਲੱਗੇ ਸਮਾਂ ਕੱਢ ਹੀ ਲੈਂਦਾ ਹਾਂ। ਕਿਤੇ ਨਾਟਕ ਦੀ ਪੇਸ਼ਕਾਰੀ ਹੋਵੇ ਸ਼ਹਿਰ ‘ਚ ਜਾਂ ਪਹਾੜਾਂ ਵੱਲ ਯਾਤਰਾ ਹੋਵੇ। ਸਮਾਂ ਕੱਢ ਹੀ ਲੈਂਦਾ ਹਾਂ।
ਪ੍ਰ. ਆਪਣੇ ਸਭ ਤੋਂ ਨੇੜਲੇ ਮਿੱਤਰਾਂ ਨਾਲ ਤੁਸੀਂ ਕਿਹੋ ਜਿਹੇ ਰਾਜ ਸਾਂਝੇ ਕਰਦੇ ਹੋ?
ਉੱਤਰ: ਅਜੇ ਕੋਈ ਮਿੱਤਰ ਬਣਿਆ ਨਹੀਂ-ਮੇਰੇ ਰਾਜ ਹੀ ਮੇਰੇ ਮਿੱਤਰ ਬਣ ਜਾਂਦੇ ਨੇ।
ਪ੍ਰ. ਉਹ ਕੌਣ ਹੈ? ਜਿਸ ਨਾਲ ਤੁਸੀਂ ਆਪਣੇ ਮਨ ਦਾ ਹਰ ਇਕ ਕੋਨਾ ਸਾਂਝਾ ਕਰ ਲੈਂਦੇ ਹੋ?
ਉੱਤਰ: ਮੇਰੀ ਪਤਨੀ ਸਖੀ ਅਟਵਾਲ ਕੋਲ ਮੈਂ ਔਖੇ ਸੌਖੇ, ਸੋਚ ਸਮਝਕੇ ਆਪਣੇ ਅੰਦਰਲੀ ਧੁੰਦ/ਰਾਜ ਸਾਂਝਾ ਕਰ ਲੈਂਦਾ ਹਾਂ, ਜੋ ਗੱਲ ਮੈਨੂੰ ਵਾਰ-ਵਾਰ ਤੰਗ ਕਰ ਰਹੀ ਹੋਵੇ।
ਪ੍ਰ. ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਟਰਨਿੰਗ ਪੁਆਇੰਟ ਕਿਹੜਾ ਸੀ?
ਉੱਤਰ: ਮੇਰੀ ਸਰਕਾਰੀ ਨੌਕਰੀ ਲੱਗਣਾ। ਸਾਹਿਤਕ ਜ਼ਿੰਦਗੀ ‘ਚ ਜਦੋਂ ਪਹਿਲੀ ਵਾਰ ਭੇਜੀ 1988 ਵਿੱਚ ਅੰਮ੍ਰਿਤਾ ਪ੍ਰੀਤਮ ਵੱਲੋਂ ਪਬਲਿਸ਼ ਕੀਤੀ ਗਈ ਮੇਰੀ ਕਵਿਤਾ। ਇਹਨਾਂ ਦੋਵਾਂ ਟਰਨਿੰਗ ਪੁਆਇੰਟ ਤੋਂ ਮੇਰੀ ਜ਼ਿੰਦਗੀ ਬਦਲ ਗਈ ਸੀ-ਸਾਹਿਤਕ ਤੇ ਸਮਾਜਿਕ ਤੌਰ ‘ਤੇ। ਉਸ ਤੋਂ ਬਾਅਦ ਮੇਰੀ ਪਹਿਚਾਣ ਅੰਕਿਤ ਹੋ ਗਈ ਸੀ।
ਪ੍ਰ. ਕਿਹੜਾ ਸੰਗੀਤ ਹੈ ਜਿਹੜਾ ਤੁਹਾਨੂੰ ਰੋਮਾਂਟਿਕ ਬਣਾ ਦਿੰਦਾ ਹੈ?
ਉੱਤਰ: ਹਿੰਦੀ ਸੰਗੀਤ ਅਤੇ ਸੈਡ ਸੰਗੀਤ, ਸਾਰਾ ਪੰਜਾਬੀ ਸੁਣਦਾ ਤੇ ਪਾਕਿਸਤਾਨੀ ਕਈ ਸਿੰਗਰ ਪਸੰਦ ਕਰਦਾ ਹਾਂ। ਰੋਮਾਂਟਿਕਤਾ ਤੁਹਾਡੇ ਅੰਦਰ ਹੀ ਹੁੰਦੀ ਹੈ। ਸੰਗੀਤ ਰੋਮਾਂਟਿਕ ਬਣਾ ਦਿੰਦਾ ਹੈ-ਰੋਮਾਂਟਿਕਤਾ ‘ਚ ਵੀ ਇਕ ਅਦਭੁੱਤ ਸੰਗੀਤ ਦਾ ਅਹਿਸਾਸ ਹੁੰਦਾ।
ਪ੍ਰ. ਇੰਡੀਅਨ ਸਿਨੇਮਾ ਦਾ ਉਹ ਯਾਦਗਾਰੀ ਕਿਰਦਾਰ ਜਿਸਨੂੰ ਵੇਖਕੇ ਤੁਹਾਨੂੰ ਮਨੋਰੰਜਨ ਦੀ ਦੁਨੀਆਂ ‘ਤੇ ਮਾਣ ਹੋਇਆ ਹੋਵੇ?
ਉੱਤਰ: ਬਹੁਤ ਸਾਰੇ ਕਿਰਦਾਰ ਹੋ ਸਕਦੇ ਹਨ, ਮਸਲਨ-ਨਰਗਿਸ ਦੱਤ ਦੀ ਮਾਂ ਦਾ ਕਿਰਦਾਰ ‘ਮਦਰ ਇੰਡੀਆ’ ‘ਚ।
ਪ੍ਰ. ਤੁਸੀਂ ਕਿਹੜੀ ਫ਼ਿਲਮ ਜਾਂ ਪੜ੍ਹੀ ਹੋਈ ਕਿਤਾਬ ਦੇ ਕਿਸ ਕਿਰਦਾਰ ਵਰਗੀ ਜ਼ਿੰਦਗੀ ਜਿਉਣ ਦੀ ਲਾਲਸਾ ਕੀਤੀ ਸੀ?
ਉੱਤਰ: ਕਿਤਾਬਾਂ ‘ਚੋਂ ਫਲਾਇੰਗ ਸਿੱਖ ਮਿਲਖਾ ਸਿੰਘ ਐਥਲੀਟ ਵਰਗੀ ਇਕ ਸ਼ਾਨਦਾਰ ਖਿਡਾਰੀ ਬਨਣ ਦੀ ਲਾਲਸਾ ਜਾਗੀ ਸੀ ਸੀ ਅਤੇ ਫ਼ਿਲਮਾਂ ‘ਚੋਂ ਬਹੁਤ ਸਾਰੇ ਕਿਰਦਾਰ ਹੋ ਸਕਦੇ ਹਨ।
ਪ੍ਰ. ਅੱਜ ਦੇ ਉਬੜ-ਖਾਬੜ (ਬੇਤਰਤੀਬ) ਸਮਾਜ ਦੁਨੀਆਂ ‘ਚੋਂ ਸਭ ਤੋਂ ਵਧੀਆ ਕੀ ਲੱਗਦਾ ਹੈ?
ਉੱਤਰ: ਕਿਸੇ ਦੀ ਜ਼ਿੰਦਗੀ ‘ਚ ਨਾ ਝਾਕਣਾ-ਵਿਗਿਆਨਿਕ ਤੌਰ ‘ਤੇ ਮਨੁੱਖ ਵੱਲੋਂ ਹੈਰਤ-ਅੰਗੇਜ਼ ਕੀਤੀ ਗਈ ਤਰੱਕੀ। ਪ੍ਰਾਪਤ ਵਿਗਿਆਨਕ ਸੁਵਿਧਾਵਾਂ ਵੇਖਕੇ, ਮਨੁੱਖੀ ਵਿਕਾਸ ਬਾਰੇ ਹੋ ਰਹੀਆਂ ਖੋਜਾਂ ਅਤੇ ਹੋਰ ਬਹੁਤ ਕੁਝ ਜੋ ਵਿਕਸਤ ਹੋਇਆ ਹੈ ਜੋ ਸਮਾਜ ‘ਚ ਹੈ ਚੰਗਾ ਪ੍ਰਾਪਤ ਕਰਨਾ ਹੈ ਅਜੇ।
ਪ੍ਰ. ਤੁਸੀਂ ਸ਼ਬਦ, ਸੰਗੀਤ ਤੇ ਸਟੇਜ ਨਾਲ ਵੀ ਜੁੜੇ ਰਹੇ ਹੋ? ਤੁਸੀਂ ਕਿਹੜੇ ਰੂਪ ਵਿੱਚ ਆਪਣੀ ਸ਼ਖ਼ਸੀਅਤ ਨੂੰ ਸ਼ਨਾਖ਼ਤ ਦਿੰਦੇ ਹੋ?
ਉੱਤਰ: ਇਕ ਮਨੁੱਖ ਬਣਿਆ ਰਹਾਂ-ਇਹੋ ਹੀ ਬਹੁਤ ਹੈ।
ਪ੍ਰ. ਸਮਕਾਲੀ ਕਵੀਆਂ ‘ਚੋਂ ਤੁਹਾਨੂੰ ਸਭ ਤੋਂ ਵੱਧ ਕਿਸਨੇ ਪ੍ਰਭਾਵਿਤ ਕੀਤਾ ਹੈ?
ਉੱਤਰ: ਬਹੁਤ ਸਾਰੇ ਨੇ, ਪਰ ਮੈਂ ਸ਼ਿਵ, ਪਾਸ਼, ਅੰਮ੍ਰਿਤਾ ਉਦਾਸੀ ਤੋਂ ਬਹੁਤ ਮੁਤਾਸਿਰ ਹਾਂ।
ਪ੍ਰ. ਤੁਸੀਂ ਕਿਹੋ ਜਿਹੀਆਂ ਸਥਿਤੀਆਂ ਵਿੱਚ ਅਧਿਆਤਮਿਕ ਅਨੰਦ ਮਹਿਸੂਸ ਕਰਦੇ ਹੋ?
ਉੱਤਰ: ਜਦੋਂ ਵੀ ਮੈਂ ਕਦੇ ਆਪਣੇ ਆਪ ਨੂੰ ਮਿਲਦਾ ਹਾਂ ਤੇ ਆਪਣੇ ਆਪ ਨਾਲ ਗੁਫ਼ਤਗੂ ਕਰਦਾ ਹਾਂ ਤੇ ਆਪਣੇ ਅੰਦਰ ਪਰਤ ਜਾਣ ਦਾ ਕਦੇ ਮੌਕਾ ਮਿਲਦਾ ਹੈ, ਤਾਂ ਮੈਂ ਬਹੁਤ ਹੀ ਅਧਿਆਤਮਕ ਅਨੰਦ ਅਤੇ ਅਧਿਆਤਮਕ ਧੁਨੀਆਂ ਦਾ ਅਨੰਦ ਮਹਿਸੂਸ ਕਰਦਾ ਹਾਂ।
ਪ੍ਰ. ਅੱਜ ਤੱਕ ਕਿਹੜੀ ਪਿਆਰੀ ਅਤੇ ਕੀਮਤੀ ਖੁਸ਼ੀ ਦਾ ਨਸ਼ਾ ਸੰਭਾਲ ਕੇ ਰੱਖਿਆ ਹੈ?
ਉੱਤਰ: ਲੰਮੀ ਬੇਕਾਰ ਜ਼ਿੰਦਗੀ ਤੋਂ ਬਾਅਦ ਜਦੋਂ ਅਚਾਨਕ, ਮੈਨੂੰ ਸਰਕਾਰੀ ਨੌਕਰੀ ਦਾ ਜਾਬ ਲੈਟਰ ਮਿਲਿਆ ਅਤੇ ਉਦੋਂ ਜਦੋਂ ਮੇਰੀ ਮਿੱਟੀ ‘ਚ ਮੇਰੇ ਲਹੂ ਦੀ ਹਰਕਤ ਨੇ, ਆਪਣੀ ਹੋਂਦ ਸਮੇਤ ਮੇਰੀ ਲਹੂ ਦੀ ਵਿਰਾਸਤ ਵਿੱਚ, ਆਪਣੇ ਆਪ ਨੂੰ ਅਨੁਵਾਦ ਕੀਤਾ ਭਾਵ ਮੇਰੇ ਲਹੂ ਦੇ ਰਿਸ਼ਤੇ ‘ਚ ਮੈਂ ਰੂਪਾਂਤਰਿਤ ਹੋਇਆ ਅਤੇ ਸਾਹਿਤਕ ਤੌਰ ‘ਤੇ ਮੇਰੀ ਜ਼ਿੰਦਗੀ ਬਦਲ ਗਈ ਸੀ। ਇਕ ਪਹਿਚਾਣ ਸਮੇਤ ਜਦੋਂ ਪਹਿਲੀ ਹੀ ਲਿਖੀ ਕਵਿਤਾ ਅੰਮ੍ਰਿਤਾ ਪ੍ਰੀਤਮ ਜੀ ਨੇ ਆਪਣੇ ਪੇਪਰ ਨਾਗਮਣੀ ਦੇ ਮੁੱਖ ਪੰਨੇ ‘ਤੇ ਛਾਪ ਦਿੱਤੀ ਸੀ।
ਪ੍ਰ. ਜ਼ਿੰਦਗੀ ਵਿੱਚ ਕਿਸ ਘਟਨਾ ਦੇ ਸੰਵਾਦ ਤੋਂ ਪ੍ਰਭਾਵਿਤ ਹੋਏ ਹੋ?
ਉੱਤਰ: ਜਦੋਂ ਕਿਸੇ ਨੇ ਅਚਾਨਕ ਮੇਰੇ ਕੰਨ ਵਿੱਚ ਕਿਹਾ ਸੀ-ਚੱਲ ਆ ਪੰਛੀਆਂ ਵਾਂਗ ਜਿਉਈਏ। ਉਦੋਂ ਤੋਂ ਪ੍ਰਵਾਜ਼ ਅਤੇ ਯਾਤਰਾ ਨੇ ਮੈਨੂੰ ਅੱਖਰਾਂ ਦੇ ਅਸਮਾਨ ਤੱਕ ਉਡਾਰੀ ਮਾਰਨ ਲਈ ਉਕਸਾਇਆ ਸੀ, ਤੇ ਉਸੇ ਬੋਲਾਂ ਦੇ ਕਹੇ, ਅੱਜ ਵੀ ਪੰਛੀਆਂ ਵਾਂਗੂੰ ਹੀ ਜਿਉਂ ਰਿਹਾ ਹਾਂ। ਆਪਣੇ ਅੰਦਰਲੇ ਅਸਮਾਨ ‘ਚ ਪ੍ਰਵਾਜ਼ ਤੇ ਯਾਤਰਾ ਜਾਰੀ ਹੈ।
ਪ੍ਰ. ਕਿਸ ਗੱਲ ਤੇ ਸਭ ਤੋਂ ਜ਼ਿਆਦਾ ਡਰੇ ਕਿ ਮੁੜਕੇ ਕਦੇ ਡਰੇ ਹੀ ਨਹੀਂ?
ਉੱਤਰ: ਦੁਨਿਆਵੀ ਡਰਾਂ ਤੋਂ ਮੈਂ ਬਿਲਕੁਲ ਮੁਕਤ ਹਾਂ। ਅਦਰੋਂ ਇਕ ਵਾਰ ਐਸਾ ਤਿੜਕਿਆ, ਕਿ ਜਿਸਦੀ ਅਵਾਜ਼ ਸੁਣਕੇ ਡਰ ਗਿਆ ਸੀ ਮੈਂ। ਇਹ ਤਾਂ ਮੇਰੇ ਅੰਦਰੋਂ ਕਿਤੋਂ ਟੁੱਟਣ ਦਾ ਖੜਾਕ ਸੀ। ਉਸ ਤੋਂ ਬਾਅਦ ਮੈਂ ਵਾਰ-ਵਾਰ ਟੁੱਟਕੇ ਵੀ, ਡਰਕੇ ਵੀ ਡਰ ਤੋਂ ਮੁਕਤ ਹੋ ਗਿਆ-ਜਿਵੇਂ ਨਾ ਡਰਨਾਂ ਮੇਰੇ ਸੁਭਾਅ ‘ਚ ਸ਼ਾਮਿਲ ਹੋ ਗਿਆ।
ਪ੍ਰ. ਤੁਹਾਡਾ ਸਭ ਤੋਂ ਪਿਆਰਾ ਸੁਪਨਾ ਜੋ ਵਾਰ-ਵਾਰ ਆਉਂਦਾ ਹੈ?
ਉੱਤਰ: ਸੁਪਨੇ ਕਦੇ ਵੀ ਸਾਡੀ ਨੀਂਦ ਦਾ ਇਤਿਹਾਸ ਨਹੀਂ ਬਣਦੇ। ਇਹ ਮੇਰੀ ਨੀਂਦ ਦਾ ਇਤਿਹਾਸ ਹੈ ਕਿ ਪਾਣੀ ਕਿਨਾਰਿਆਂ ਨੂੰ ਚੁੰਮਕੇ ਪਰਤ ਜਾਂਦੇ ਨੇ ਅਵਾਰਾ ਗਰਦ, ਤੇ ਸੁਪਨੇ ਮੇਰੀਆਂ ਪਲਕਾਂ ‘ਤੇ ਹਮੇਸ਼ਾ ਹੀ ਅੱਥਰੂ ਦੀ ਜਲਾਵਤਨੀ ਲਿਖਦੇ ਰਹੇ ਹਨ। ਕਦੇ ਵੀ ਕੋਈ ਸੁਪਨਾ ਵਾਰ-ਵਾਰ ਨਹੀਂ ਆਉਂਦਾ। ਮੈਂ ਹਕੀਕਤ ‘ਚ ਜਿਉਣ ਵਾਲਾ ਜੀਵ ਹਾਂ।
ਪ੍ਰ. ਆਪਣੇ ਆਪ ਨਾਲ ਵੀ ਲੜਾਈ ਕਰਕੇ ਅਕਸਰ ਕੀ ਖੋਇਆ ਕੀ ਪਾਇਆ ਹੈ?
ਉੱਤਰ: ਆਪਣੇ ਆਪ ਨਾਲ ਲੜਾਈ ਹੀ ਮੈਨੂੰ ਸਭ ਤੋਂ ਵਧ ਔਖਾ ਕਰਦੀ ਹੈ। ਮੈਂ ਕਿਸੇ ਸਥਿਤੀ/ਪ੍ਰਸਥਿਤੀ ਤੋਂ ਬਾਅਦ ਜਾਂ ਕਿਸੇ ਘਟਨਾ ਤੋਂ, ਬਾਅਦ ਮੈਂ ਕਈ-ਕਈ ਦਿਨ, ਆਪਣੇ ਆਪ ਨਾਲ ਹੀ ਲੜਦਾ ਰਹਿੰਦਾ ਹਾਂ। ਜੇ ਮੈਂ ਸੱਚਾ ਹੋਵਾਂ, ਸਥਿਤੀ ਮੈਨੂੰ ਝੂਠਾ ਸਾਬਤ ਕਰੇ, ਤਾਂ ਆਪਣੇ ਆਪ ਨਾਲ ਲੜਨ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ। ਆਪਣੇ ਆਪ ਨਾਲ ਲੜਕੇ, ਉਹਨਾਂ ਲੋਕਾਂ ਨੂੰ ਛੱਡ ਦਿੱਤਾ ਜੋ ਮੈਨੂੰ ਜ਼ਿਹਨੀ ਤੌਰ ‘ਤੇ ਤੰਗ ਕਰਦੇ ਹਨ। ਬਹੁਤ ਕੁਝ ਪਾਇਆ ਹੈ, ਤੇ ਖੋਇਆ ਹੈ, ਕਿ ਮੈਂ ਆਪਣੇ ਆਪ ਨਾਲ ਰਹਿਣਾ ਸਿੱਖ ਲਿਆ ਹੈ। ਬਹੁਤ ਕੁਝ ਖੋਇਆ ਹੈ, ਉਹ ਜੋ ਪਾਉਣ ਜੋਗਾ ਕੁਝ ਹੈ ਹੀ ਨਹੀਂ ਸੀ।
ਪ੍ਰ. ਜ਼ਿੰਦਗੀ ਵਿੱਚ ਜਦੋਂ-ਜਦੋਂ ਵੀ ਰੋਏ ਹੋ ਕੀ ਸਿਰਜਿਆ ਹੈ?
ਉੱਤਰ: ਬਾਰਿਸ਼ ਤੋਂ ਬਾਅਦ ਹੀ ਮਿੱਟੀ ‘ਚ ਬੀਜ ਦੇ ਬੀਜਣ ਅਤੇ ਵਿਗਸਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਉਦੋਂ ਇਸੇ ਤਰ੍ਹਾਂ ਰੋਣ ਤੋਂ ਬਾਅਦ, ਤੁਹਾਡੀ ਸਿਰਜਣਾ ਦੀ ਮਿੱਟੀ ਵੱਤਰ ਹੁੰਦੀ ਹੈ, ਤੇ ਤੁਸੀਂ ਬਹੁਤ ਕੁਝ ਬੀਜ ਸਕਦੇ ਹੋ। ਮੈਂ ਬਹੁਤ ਸਾਰੇ ਅੱਖਰ ਬੀਜੇ ਜੋ ਕਵਿਤਾਵਾਂ ਦੇ ਗੀਤ ਬਣਦੇ ਰਹੇ। ਰੋਣ ਤੋਂ ਬਾਅਦ ਰੂਹ ਜਰਖੇਜ਼ ਹੋ ਜਾਂਦੀ ਹੈ। ਆਲੇ-ਦੁਆਲੇ ਦਾ ਅਣਸੁਖਾਵਾਂ ਮਾਹੌਲ ਵੀ ਅੱਖਾਂ ਦੀ ਨਮੀਂ ਦਾ ਸਬਬ ਬਣ ਜਾਂਦਾ ਹੈ।
ਪ੍ਰ. ਸਭ ਤੋਂ ਪਿਆਰੀ ਥਾਂ ਉੱਪਰ ਜਾ ਕੇ ਲਗਾਤਾਰ ਕੀ ਕਰਨਾ ਪਸੰਦ ਕਰਦੇ ਹੋ?
ਉੱਤਰ: ਦੁਨੀਆਂ ਦੀ ਹਰ ਥਾਂ ਹੀ ਪਿਆਰੀ ਹੁੰਦੀ ਹੈ। ਇਹ ਸਭ ਤੁਹਾਡੀ ਅੰਦਰਲੀ ਦੁਨੀਆਂ ‘ਤੇ ਨਿਰਭਰ ਹੈ ਕਿ ਤੁਹਾਨੂੰ ਕੋਈ ਥਾਂ ਸੋਹਣੀ ਲੱਗਣ ਲੱਗਦੀ ਹੈ। ਕਈ ਵਾਰ ਸੰਤ ਦੇ ਚਾਹ ਵਾਲੇ ਖੋਖੇ ਤੋਂ ਵਧੀਆ ਤੇ ਖੂਬਸੂਰਤ ਥਾਂ ਕੋਈ ਹੋਰ ਨਹੀਂ ਹੁੰਦੀ। ਕਈ ਵਾਰ ਰੇਸਤਰਾ ਕਾਹਵਾਘਰ ਤੇ ਵਧੀਆ ਗੈਸਟ ਹਾਊਸ ਅਤੇ ਪਹਾੜੀ ਉÎੱਤੇ ਕਿਤੇ ਵਧੀਆ ਡਾਕ ਬੰਗਲਾ ਵੀ ਚੰਗਾ ਨਹੀਂ ਲੱਗਦਾ। ਆਪਣੀ ਪਸੰਦ ਦੀ ਥਾਂ ਉÎੱਪਰ ਜਾ ਕੇ ਮੈਂ ਆਪਣੀਆਂ ਕਿਤਾਬਾਂ ਤੇ ਕਵਿਤਾਵਾਂ ਨਾਲ ਰਹਿਣਾ ਪਸੰਦ ਕਰਾਂਗਾ।
ਪ੍ਰ. ਸਾਹਿਤ ਦੇ ਸਭ ਤੋਂ ਵੱਡੇ ਦੁਸ਼ਮਣ ਨਾਲ ਮਿੱਤਰਤਾ ਕਿਵੇਂ ਹੋਣੀ ਚਾਹੀਦੀ ਹੈ?
ਉੱਤਰ: ਪਹਿਲੀ ਗੱਲ ਤਾਂ ਸਾਹਿਤ ਦਾ ਕੋਈ, ਵੱਡਾ ਦੁਸ਼ਮਣ ਹੋਵੇਗਾ ਇਹ ਸੋਚਿਆ ਵੀ ਨਹੀਂ ਜਾ ਸਕਦਾ। ਕਿਉਂਕਿ ਸਾਹਿਤ ਤਾਂ ਸਾਡਾ ਸ਼ੀਸ਼ਾ, ਸ਼ਾਸਤਰ, ਸਾਡਾ ਸਿਨੇਮਾ, ਸਾਡਾ ਅਦ੍ਰਿਸ਼ਯ ਨੂੰ ਦ੍ਰਿਸ਼ ਬਣਾਉਂਦਾ ਸੰਸਾਰ ਹੈ। ਸਾਹਿਤ ਦੇ ਬਹੁਤ ਵੱਡੇ ਦੁਸ਼ਮਣ ਨਾਲ ਮੇਰੀ ਦੋਸਤੀ ਹੋ ਹੀ ਨਹੀਂ ਸਕਦੀ। ਜੇ ਕਿਤੇ ਦੋਸਤੀ ਹੋ ਵੀ ਜਾਂਦੀ ਹੈ ਤਾਂ ਜਿਵੇਂ ਸਿਗਰਟ ਸੁਲਗਾਈ ਤੇ ਮਸਲ ਦਿੱਤੀ। ਸਾਹਿਤ ਦੇ ਵੱਡੇ ਦੁਸ਼ਮਣ ਨਾਲ ਦੋਸਤੀ, ਕਿਸੇ ਮਾੜੀ ਘਟਨਾ ਨੂੰ ਭੁੱਲ ਜਾਣ ਵਾਂਗ ਹੋਣੀ ਚਾਹੀਦੀ ਹੈ।
ਪ੍ਰ. ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਕਿਸ ਕਵਿਤਾ ਵਿੱਚ ਕਿਵੇਂ ਬਿਆਨ ਕੀਤਾ ਹੈ?
ਉੱਤਰ: ਮੇਰੀ ਪਹਿਲੀ ਮੁਹੱਬਤ ਦਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਵੱਲੋਂ ਪੁੱਛੇ ਸਵਾਲ ‘ਦਸ ਕਦਮ’ ਵਾਲੀ ਕਵਿਤਾ ਵਿੱਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ। ਸਾਵਣ ਦੇ ਦਿਨਾਂ ਦੀ ਗੱਲ ਮੀਂਹ ‘ਚ ਭਿੱਜਦੇ ਉਸਨੇ ਕਿਹਾ ਸੀ-ਆ ਮੇਰੀ ਛੱਤਰੀ ਥੱਲੇ ਆ ਜਾ ਪਾਣੀ ਤੇਰੇ ਸਾਰੇ ਰੰਗ ਦੇਵੇਗਾ ਖੋਰ। ਉਦੋਂ ਮੇਰੇ ਅੰਦਰੋਂ ਬੋਲ ਪਏ ਸੀ-ਹਜ਼ਾਰਾਂ ਹੀ ਮੋਰ! ਔਖੇ ਵੇਲਿਆਂ ‘ਚ, ਅਜਿਹੇ ਬੀਤੇ ਖ਼ੂਬਸੂਰਤ ਪਲ, ਜ਼ਿੰਦਗੀ ਜਿਉਣ ਦਾ ਸਬਬ ਬਣ ਜਾਂਦੇ ਹਨ।
ਪ੍ਰ. ਆਪਣੇ ਕਿਸ ਰੂਪ ਨੂੰ ਕਦੇ ਵੀ ਯਾਦ ਕੀਤਾ ਜਾਣਾ ਪਸੰਦ ਨਹੀਂ ਕਰੋਗੇ?
ਉੱਤਰ: ਮਨੁੱਖ ਅੰਦਰ ਬਹੁਤ ਸਾਰੇ ਰੂਪ ਹੁੰਦੇ ਹਨ। ਸਾਨੂੰ ਪਤਾ ਨਹੀਂ ਲੱਗਦਾ ਦੇਰ ਤੱਕ ਕਿ ਤੁਸੀਂ ਕਿਸ ਰੂਪ ਨੂੰ ਆਪਣੀਆਂ ਪਹਿਚਾਣ ਕੰਧਾਂ ਨਾਲ ਪੋਸਟਰ ਵਾਂਗ ਚਿਪਕਾਈ ਫਿਰਦੇ ਹੋ। ਸੋ ਮੇਰੇ ਵੀ ਬਹੁਤ ਸਾਰੇ ਰੂਪ ਹੋ ਸਕਦੇ ਹਨ। ਮਸਲਨ-ਮੈਂ ਘਰ ਵਿੱਚ ਇਕ ਸਾਊ, ਖਾਵੰਦ, ਪਿਤਾ ਦੇ ਪੁੱਤਰ ਹਾਂ। ਬਾਹਰ ਇਕ ਸ਼ਾਇਰ ਤੇ ਕਲਾਕਾਰ ਆਦਮੀ ਅਤੇ ਦਫ਼ਤਰ ‘ਚ ਇਕ ਸੁਯੋਗ ਕਾਮਾ-ਸੋ ਮੈਂ ਇਕ ਵਧੀਆ ਮਨੁੱਖ ਵਜੋਂ ਹੀ ਜਾਣਿਆ ਜਾਵਾਂ ਜਾਂ ਵੇਖਿਆ ਜਾਵਾਂ। ਮਨੁੱਖੀ ਰਹਿਤਲਾਂ ‘ਚ ਆਮ ਆਦਮੀ ਵਾਂਗ ਜਿਉਣਾ ਤੇ ਮਰ ਜਾਣਾ ਤੇ ਯਾਦ ਕੀਤਾ ਜਾਣਾ ਸਹੀ ਪਸੰਦ ਕਰਾਂਗਾ।
ਪ੍ਰ. ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾ ਚਾਹੋਗੇ?
ਉੱਤਰ: ਮੇਰਾ ਪੁਨਰ ਜਨਮ ਵਿੱਚ ਕੋਈ ਵਿਸ਼ਵਾਸ ਨਹੀਂ। ਇਹ ਫੋਕੀ ਕਲਪਿਤ ਗੱਲ ਹੈ, ਪ੍ਰਾਪਤ ਯਥਾਰਥ ਤੋਂ ਭੱਜਣ ਵਾਲੀ ਗੱਲ ਹੁੰਦੀ ਹੈ। ਜੋ ਮਨੁੱਖ ਅਜੋਕੇ ਪ੍ਰਾਪਤ ਜੀਵਨ ਤੋਂ ਸੰਤੁਸ਼ਟ ਨਹੀਂ ਹੁੰਦੇ-ਉਹ ਹੀ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਹਨ। ਮਨੁੱਖ ਲਈ ਇਕ ਹੀ ਜਨਮ ਜਿਉਣ ਜੋਗਾ ਹੋ ਜਾਏ, ਗ਼ਨੀਮਤ ਹੈ।
ਪ੍ਰ. ਪ੍ਰਾਪਤੀਆਂ ਤੋਂ ਸੰਤੁਸ਼ਟੀ ਅਤੇ ਅਸੰਤੁਸ਼ਟੀ ਵਿਚਕਾਰ ਕੀ ਤੰਗ ਕਰਦਾ ਹੈ?
ਉੱਤਰ: ਅਜੇ ਉਹ ਕੁਝ ਪ੍ਰਾਪਤ ਨਹੀਂ ਕੀਤਾ। ਅਸੰਤੁਸ਼ਟੀ ਹੀ ਆਦਮੀ ਨੂੰ ਵਿਕਾਸ ਕਰਨ ਲਈ ਪ੍ਰੇਰਦੀ ਹੈ। ਸੰਤੁਸ਼ਟੀ ਇਜ਼ ਦਾ ਡੈÎੱਥ ਆਫ ਮੈਨ। ਫਿਰ ਵੀ ਮੈਂ ਸੰਤੁਸ਼ਟੀ ਲਈ ਕਈ ਵਾਰ ਬਹੁਤ ਤੰਗ ਹੁੰਦਾ ਹਾਂ ਕਿਉਂਕਿ ਕੁਝ ਨਵਾਂ ਕਰਨ ਲਈ ਖ਼ੁਦ ਨੂੰ ਉਕਸਾਉਣਾ ਨਵੇਂ ਥਾਵਾਂ ਨਾਲ ਜੁੜਨਾ। ਇਹ ਹੀ ਕਾਰਨ ਹੈ ਕਿ ਅਸੀਂ ਆਪਣੇ ਅਸਲੀ ਮੁੱਦਿਆਂ ਤੋਂ ਭਟਕ ਕੇ ਸੰਤੁਸ਼ਟ ਹੋਣ ਲਈ ਹੋਰ ਨਵਾਂ ਕੰਮ ਕਰਦੇ ਹਾਂ। ਤੁਹਾਡੇ ਮੇਚ ਤੋਂ ਪ੍ਰਾਪਤ ਸਾਧਨ ਨਾ ਹੋਣਾ ਵੀ ਤੰਗ ਕਰਦਾ ਹੈ।
ਪ੍ਰ. ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ?
ਉੱਤਰ: ਮੈਨੂੰ ਕਿਸੇ ਨਾਲ ਕਦੇ ਵੀ ਜਲਨ ਨਹੀਂ ਹੋਈ। ਮੈਂ ਦੂਸਰੇ ਬੰਦੇ ਦੀ ਯਥਾਯੋਗ ਤਾਰੀਫ਼ ਕਰਦਾ ਹਾਂ, ਜਿੰਨੀ ਕੁ ਦਾ ਉਹ ਹੱਕਦਾਰ ਹੈ। ਮੈਨੂੰ ਜਲਨ ਨਹੀਂ ਹੁੰਦੀ, ਔਖ ਹੁੰਦੀ ਹੈ। ਜਦੋਂ ਦੂਸਰੇ ਬੰਦੇ ਦੀਆਂ, ਉਸ ਦੁਆਰਾ ਆਤਮ ਤਾਰੀਫ਼/ਸੈਲਫ਼-ਪਰੇਜ ਸਟੇਟਮੈਂਟਸ ਨਾਲ, ਉਸਦੀ ਪ੍ਰਸਨੈਲਿਟੀ ਮੈਚ ਨਹੀਂ ਕਰਦੀ। ਉਦੋਂ ਮੈਂ ਬਹੁਤ ਔਖਾ ਹੁੰਦਾ ਹਾਂ। ਕਹਿਣਾ ਕੁਝ ਕਰਨਾ ਕੁਝ, ਦਿਸਣਾ ਕੁਝ ਵਿਖਾਉਣਾ ਕੁਝ। ਸੋਬੰਦੇ ਦੇ ਦੋਹਰੇ ਕਿਰਦਾਰਾਂ ਤੋਂ ਜਲਨ ਹੁੰਦੀ ਹੈ। ਔਖ ਵੀ ਕਹਿ ਸਕਦੇ ਹੋ। ਦੂਸਰੇ ਤੋਂ ਚੰਗੇ ਗੁਣ ਮੈਂ ਗ੍ਰਹਿਣ ਕਰ ਲੈਂਦਾ ਹਾਂ।
ਪ੍ਰ. ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾ ਪਸੰਦ ਕਰਦੇ ਹੋ?
ਉੱਤਰ: ਕੁਝ ਦੋਸਤਾਂ ਦੀ ਝੂਠੀ ਤਾਰੀਫ਼ ਕਰ ਦਿੰਦਾ ਹਾਂ, ਜਿਸਦੇ ਉਹ ਕਾਬਿਲ ਨਹੀਂ ਹੁੰਦੇ, ਕਿਉਂਕਿ ਮੈਨੂੰ ਪਤਾ ਹੁੰਦਾ ਹੈ ਉਹ ਮੇਰੀ ਤਾਰੀਫ਼ ਸੁਣਕੇ ਖੁਸ਼ ਹੋਣਗੇ, ਸ਼ਾਂਤੀ ਮਿਲੇਗੀ ਉਨ੍ਹਾਂ ਨੂੰ। ਇਸ ਤਰ੍ਹਾਂ ਭਲਾ ਕਰਨ ਲਈ ਦੂਸਰੇ ਨੂੰ ਖੁਸ਼ ਵੇਖਣ ਤੇ ਰੱਖਣ ਲਈ ਮੈਂ ਝੂਲ ਬੋਲ ਦਿੰਦਾ ਹਾਂ। ਜਦੋਂ ਕਦੇ ਮੈਂ ਉਨਾਂ ਬਾਰੇ ਸੱਚ ਬੋਲ ਜਾਂਦਾ ਤਾਂ ਉਹ ਭੱਜ ਜਾਂਦੇ ਹਨ। ਮੂੰਹ ‘ਤੇ ਸੱਚੀ ਗੱਲ ਕਹਿ ਦੇਣਾ ਮੇਰਾ ਔਗੁਣ ਹੈ।
ਪ੍ਰ. ਕਿਹੜੀ ਆਦਤ ਜਿਹੜੀ ਵਾਰ-ਵਾਰ ਬਦਲਦਾ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ?
ਉੱਤਰ: ਦੂਸਰੇ ਬੰਦੇ ਉÎੱਪਰ ਰੱਬ ਵਰਗਾ ਵਿਸ਼ਵਾਸ ਕਰ ਲੈਣਾ। ਕਈ-ਕਈ ਵਾਰ ਦੂਸਰੇ ਤੋਂ ਧੋਖਾ ਖਾ ਕੇ ਵੀ ਉਨਾਂ ਨਾਲ ਜੁੜੇ ਰਹਿਣਾ। ਆਪ ਅੰਦਰੋਂ ਤੰਗ ਹੋਈ ਜਾਣਾ। ਇਹ ਆਦਤ ਮੈਂ ਬਦਲਣਾ ਚਾਹੁੰਦਾ ਵੀ ਬਦਲ ਨਹੀਂ ਸਕਿਆ। ਸ਼ਿੱਦਤ ਭਾਵੁਕਤਾ ਅਤੇ ਅਪਣੱਤ ਰੱਖਦਾ ਹਾਂ ਸਾਰਿਆਂ ਨਾਲ ਜੋ ਕਿ ਮੈਨੂੰ ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਹਨ।
ਪ੍ਰ. ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ?
ਉੱਤਰ: ਸਪੋਰਟਸ ਕਿੱਟ ਵਿਚ-ਨਿੱਕਰ ਟੀ-ਸ਼ਰਟ, ਕੈਪ ਗਰਮੀ ‘ਚ ਅਤੇ ਟਰੈਕ ਸੂਟ ਸਰਦੀ ਵਿੱਚ। ਆਮ ਤੌਰ ‘ਤੇ ਸ਼ਰਟ ਜੀਨਜ਼ ਵਿੱਚ ਹੀ ਚੁਸਤ ਦਰੁਸਤ ਮਹਿਸੂਸ ਕਰਦਾਂ, ਰੂਟੀਨ ਦੀ ਜ਼ਿੰਦਗੀ ਵਿੱਚ-ਬਾਕੀ ਕੰਫਰਡ ਤਾਂ ਤੁਹਾਡੇ ਅੰਦਰ ਹੀਹੁੰਦਾ ਜਿਸਨੂੰ ਤੁਸੀਂ ਸਿਰਫ਼ ਮਹਿਸੂਸ ਹੀ ਕਰਦੇ ਹੋ।
ਪ੍ਰ. ਤੁਰੰਤ ਆਪਣੀ ਗਲਤੀ ਉੱਪਰ ਕਿਸੇ ਤਰ੍ਹਾਂ ਪਰਦਾ ਪਾਉਂਦੇ ਹੋ?
ਉੱਤਰ: ਜੇ ਮੈਂ ਗ਼ਲਤ ਹੋਵਾਂ-ਮੈਂ ਝੱਟ ਸੌਰੀ ਕਹਿ ਦਿੰਦਾ ਹਾਂ। ਅਹਿਸਾਸ ਕਰਦਾ ਹਾਂ, ਜੇ ਮੈਂ ਸਹੀ ਹਾਂ ਤਾਂ ਅੜ ਜਾਨਾਂ-ਟੈਂਅ ਨਹੀਂ ਮੰਨਦਾ ਕਿਸੇ ਦੀ, ਜੇ ਮੈਂ ਗ਼ਲਤ ਹਾਂ ਤਾਂ ਸੌਰੀ ਕਹਿਣਾ ਵੀ ਬਣਦਾ ਹੈ। ਇਸ ਨੂੰ ਗ਼ਲਤੀ ‘ਤੇ ਪਰਦਾ ਪਾਉਣਾ ਵੀ ਕਹਿ ਸਕਦੇ ਹਾਂ-ਸਿਆਣਪ ਵੀ। ਉਸ ਸਥਿਤੀ ‘ਚੋਂ ਜਲਦੀ ਬਾਹਰ ਆ ਜਾਨਾਂ।
ਪ੍ਰ. ਅੱਜ ਤੱਕ ਅਨਿਆਂ ਦੇ ਖਿਲਾਫ਼ ਕਿਸ ਰੂਪ ਵਿਚ ਅਵਾਜ਼ ਉਠਾਈ ਹੈ?
ਉੱਤਰ: ਅਨਿਆਂ ਦੇ ਖਿਲਾਫ਼ ਅਵਾਜ਼ ਉਠਾਉਣਾ ਹੀ ਸ਼ਾਇਰਾਂ ਕਲਾਕਾਰਾਂ ਤੇ ਚੇਤੰਨ ਅਤੇ ਜਾਗਦੇ ਸਿਰਾਂ ਵਾਲੇ ਲੋਕਾਂ ਦਾ ਕੰਮ ਹੈ। ਜੇ ਮੇਰੇ ਹਿੱਸੇ ਹਥਿਆਰ ਦੀ ਜਗ੍ਹਾ ਹੱਥ ਵਿੱਚ ਸ਼ਬਦ ਦੀ ਸੋਹਬਤ ਹੈ, ਕਲਮ ਦੀ ਨੋਕ ਹੈ ਤਾਂ ਮੈਂ ਦੁਨੀਆਂ ਦੀ ਬਹੁਤ ਵੱਡੀ ਤਾਕਤ ਰੱਖਦਾ ਹਾਂ। ਪੈÎੱਨ ਤੇ ਅਵਾਜ਼ ਦੁਨੀਆਂ ਬਦਲ ਸਕਦੀ ਹੈ। ਅਨਿਆਂ ਦੇ ਖਿਲਾਫ਼, ਮੈਂ ਕਵਿਤਾਵਾਂ ਗੀਤ ਲਿਖਕੇ ਅਪਣਾ ਰੋਹ ਤੇ ਅਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਪ੍ਰ. ਅਜਿਹਾ ਕੰਮ ਜਿਹੜਾ ਤੁਸੀਂ ਹਰ ਰੋਜ਼ ਸਭ ਤੋਂ ਪਹਿਲਾਂ ਕਰਨ ਲਈ ਉਤਸੁਕ ਰਹਿੰਦੇ ਹੋ ਲੇਕਿਨ ਅੱਜ ਤੱਕ ਨਹੀਂ ਕਰ ਸਕੇ?
ਉੱਤਰ: ਮੈਂ ਸਵੇਰ 4 (ਚਾਰ) ਵਜੇ ਉÎੱਠਦਾ ਹਾਂ। ਸਭ ਤੋਂ ਪਹਿਲਾਂ ਸਰੀਰਕ ਕਸਰਤ, ਬਾਅਦ ‘ਚ ਪੜ੍ਹਨ-ਰਿਆਜ਼, ਫਿਰ ਲਿਖਣ ਦਾ ਕੋਈ ਪਲ ਪਕੜ ਹੀ ਲੈਂਦਾ ਹਾਂ। ਅਜਿਹਾ ਕੋਈ ਕੰਮ ਨਹੀਂ ਜੋ ਸਵੇਰੇ ਮੈਂ ਕਰਨਾ ਚਾਹੁੰਦਾ ਹੋਵਾਂ, ਨਾ ਕਰ ਸਕਿਆ ਹੋਵਾਂ। ਜੋ ਲੋਕ ਸਵੇਰੇ ਸੁਵੱਖਤੇ ਉÎੱਠਦੇ ਹਨ-ਦੁਨੀਆਂ ਨਾਲੋਂ ਹਮੇਸ਼ਾ ਅੱਗੇ ਹੁੰਦੇ ਹਨ ਜਾਂ ਰਹਿੰਦੇ ਹਨ। ਉਤਸੁਕਤਾ ਤਾਂ ਹਰ ਰੋਜ ਕੁਝ ਨਵਾਂ ਕਰਨ ਦੀ ਹੁੰਦੀ ਹੈ।
ਪ੍ਰ. ਹਰ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀ ਚਾਹੋਗੇ?
ਉੱਤਰ: ਇੱਛਾਵਾਂ ਦੀ ਛੱਤਰੀ ਉÎੱਤੇ ਕਦੇ ਵੀ ਤੁਹਾਡੇ ਪੂਰਨ ਸੁਪਨਿਆਂ ਦੇ ਚੀਨੇ ਕਬੂਤਰ ਆ ਕੇ ਨਹੀਂ ਬੈਠਦੇ। ਸੋ ਇੱਛਾਵਾਂ ਬਹੁਤੀਆਂ ਵੱਡੀਆਂ ਨਹੀਂ ਹਨ। ਫਿਰ ਵੀ ਜੇ ਇੱਛਾ ਪੂਰੀ ਕਰਨ ਦਾ ਮੌਕਾ ਮਿਲੇ ਤਾਂ ਉਸ ਪ੍ਰਾਪਤ ਜ਼ਿੰਦਗੀ ਦੀ ਕਵਿਤਾ ਲਈ ਕੋਈ ਅਲੰਕਾਰ ਲੱਭਣ ਦੀ ਕੋਸ਼ਿਸ਼ ਕਰਾਂਗਾ ਜੋ ਦੁਨੀਆ ਦੇ ਸੁਹੱਪਣ ‘ਚ ਸ਼ਾਮਿਲ ਹੋ ਸਕੇ।
ਪ੍ਰ. ਅਜਿਹਾ ਕੀ ਸੀ ਜੋ ਅਣਮੰਨੇ ਮਨ ਨਾਲ ਕੀਤਾ ਅਤੇ ਅਜੇ ਵੀ ਕਰ ਰਹੇ ਹੋ?
ਉੱਤਰ: ਜੋ ਵੀ ਕੀਤਾ ਮੰਨੇ ਮਨ ਨਾਲ ਕੀਤਾ, ਅਣਮੰਨੇ ਮਨ ਨਾਲ ਕੁਝ ਵੀ ਨਹੀਂ ਹੁੰਦਾ। ਕੁਝ ਅਜਿਹਾ ਵੀ ਹੈ ਜੋ ਕਹਿ ਨਹੀਂ ਸਕਦਾ, ਦੱਸ ਨੀ ਸਕਦਾ। ਜ਼ਿਆਦਾ ਨਿੱਜੀ ਹੈ ਸੋ-
ਪ੍ਰ. ਜਦੋਂ ਪਹਿਲੀ ਵਾਰ ਜੇਬ ਖ਼ਰਚੀ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ?
ਉੱਤਰ: ਜਦੋਂ ਪਹਿਲੀ ਵਾਰੀ ਜੇਬ ਖ਼ਰਚੀ ਮਿਲੀ ਤਾਂ ਮਨ ‘ਚ ਖੁਸ਼ੀ ਦੀ ਕੋਈ ਹੱਦ ਨਹੀਂ ਸੀ।
ਪ੍ਰ. ਦੋਬਾਰਾ ਵੀਹ ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰੋਗੇ?
ਉੱਤਰ: ਯਾਰ ਜੇ ਦੁਬਾਰਾ ਵੀਹ ਸਾਲ ਦਾ ਹੋਣ ਦਾ ਮੌਕਾ ਮਿਲੇ ਤਾਂ ਸਭ ਤੋਂ ਪਹਿਲਾਂ ਆਪਣੇ ਸਕੂਲ ‘ਚ ਉਹ ਪਲ ਤਲਾਸ਼ਣ ਦੀ ਕੋਸ਼ਿਸ਼ ਕਰਾਂਗਾ, ਜੋ ਸਾਵਣ ਦੇ ਪਾਣੀ-ਕੁਝ ਰੰਗਾਂ ਵਰਗਾ ਰੋੜ੍ਹ ਕੇ ਲੈ ਗਏ ਸਨ। ਕਵਿਤਾ ਦੀ ਉਹ ਕਿਸ਼ਤੀ ਜਿਹੜੀ ਤੋਰਨ ਗਿਆ, ਸਗੋਂ ਪਾਣੀ ਵੀ ਵਾਪਸ ਨਹੀਂ ਪਰਤਿਆ।
ਪ੍ਰ. ਅੱਜ ਤੱਕ ਦਾ ਸਭ ਤੋਂ ਯਾਦਗਾਰੀ ਪਲ ਕਿਹੜਾ ਹੈ? ਜਿਸਨੂੰ ਲਿਖਣਾ ਬਾਕੀ ਹੈ?
ਉੱਤਰ: ਜ਼ਿੰਦਗੀ ਵਿੱਚ ਹਰ ਪਲ ਯਾਦਗਾਰੀ ਹੀ ਹੁੰਦਾ ਹੈ, ਕਿਉਂਕਿ ਯਾਦਾਂ ਕਦੀ ਵੀ ਯਤੀਮ ਨਹੀਂ ਹੁੰਦੀਆਂ। ਬਹੁਤ ਕੁਝ ਹੈ ਜੋ ਅਜੇ ਲਿਖਣਾ ਬਾਕੀ ਹੈ। ਪਰ ਜ਼ਰੂਰੀ ਨਹੀਂ ਹੈ ਉਹ ਕੋਈ ਯਾਦਗਾਰੀ ਹੀ ਹੋਵੇਗਾ।
ਪ੍ਰ. ਮਨਪਸੰਦ ਖਾਣੇ ਕਿਹੜੇ ਹਨ ਅਤੇ ਉਹ ਕਿਉਂ ਹਨ?
ਉੱਤਰ: ਭੁੱਖ ਮੁਤਾਬਿਕ ਜੋ ਮਿਲਿਆ ਖਾ ਲੈਂਦਾ ਹਾਂ। ਸਾਦੀ ਦਾਲ ਰੋਟੀ ਅਤੇ ਪੰਜਾਬੀ ਖਾਣਾ ਮੈਨੂੰ ਪਸੰਦ ਹੈ। ਪਰ ਸਧਾਰਣ ਖਾਣੇ ਸਿਹਤ ਲਈ ਵਧੀਆ ਹਨ।
ਪ੍ਰ. ਅਜਿਹਾ ਕੰਮ ਜਿਹੜਾ ਕਦੇ ਵੀ ਨਹੀਂ ਸੀ ਕਰਨਾ ਚਾਹਿਆ ਪਰ ਉਹੀ ਹੁੰਦਾ ਗਿਆ?
ਉੱਤਰ: ਮੇਰੀ ਪਸੰਦ ਤੋਂ ਬਾਹਰ ਕੋਈ ਵੀ ਅਜਿਹਾ ਕੰਮ ਨਹੀਂ, ਜੋ ਮੈਂ ਕੀਤਾ ਅਤੇ ਜੋ ਅਜੇ ਤੱਕ ਮੇਰੀ ਮਰਜ਼ੀ ਤੋਂ ਬਾਹਰ ਕੋਈ ਕੰਮ ਨਹੀਂ ਹੋਇਆ। ਉਹ ਹੁੰਦਾ ਜਾਵੇ ਤਾਂ ਹੁੰਦਾ ਗਿਆ, ਸਵਾਲ ਹੀ ਪੈਦਾ ਨਹੀਂ ਹੋਇਆ।
ਪ੍ਰ. ਤੁਹਾਡੇ ਮੂੰਹੋਂ ਆਪਣੀ ਕਿਹੜੀ ਖਾਸੀਅਤ ਦੱਸਦਿਆਂ ਚਾਅ ਚੜ੍ਹ ਜਾਂਦਾ ਹੈ?
ਉੱਤਰ: ਮੈਂ ਆਪਣੇ ਮੂੰਹੋਂ ਆਪਣੀ ਕੋਈ ਖ਼ਾਸੀਅਤ ਨਹੀਂ ਦੱਸਦਾ। ਜੇ ਦੂਸਰਾ ਆਦਮੀ ਮੇਰੀ ਕਿਸੇ ਖ਼ਾਸੀਅਤ ਨੂੰ ਦੱਸ ਦੇਵੇ ਫਿਰ ਮੈਨੂੰ ਵੀ ਖੁਸ਼ੀ ਹੋ ਜਾਂਦੀ ਹੈ। ਫਿਰ ਮੈਂ ਚਾਅ ਨਾਲ ਦੱਸ ਵੀ ਦਿੰਦਾ ਹਾਂ ਆਪਣੇ ਬਾਰੇ। ਇਹ ਕਿ ਮੈਂ ਸ਼ਬਦ-ਸ਼ਦਾਈ ਹਾਂ।
ਪ੍ਰ. ਆਪਣੇ ਘਰ ਵਿੱਚ ਸਭ ਤੋਂ ਪਿਆਰਾ ਦਿਨ ਕਿਹੜਾ ਬਿਤਾਇਆ ਹੈ?
ਉੱਤਰ: ਆਪਣੇ ਘਰ ‘ਚ ਹਰ ਦਿਨ ਹੀ ਪਿਆਰਾ ਹੁੰਦਾ ਹੈ। ਜੇ ਘਰ ਹੀ ਜ਼ਿੰਦਗੀ ਦੀ ਤਲਾਸ਼ ਹੁੰਦੇ ਤਾਂ ਸਾਡੀ ਕਥਾ ਦਾ ਵੀ ਕੋਈ ਸਿਰਲੇਖ ਹੁੰਦਾ। ਸਾਡੇ ਸਿਰਲੇਖ ਦੀ ਵੀ ਕੋਈ ਕਥਾ ਹੋਣੀ ਸੀ।
ਪ੍ਰ. ਉਹ ਬੁਰੀ ਆਦਤ ਜਿਸਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ?
ਉੱਤਰ: ਹਰ ਕਿਸੇ ਦੇ ਮੂੰਹ ‘ਤੇ ਸੱਚੀ ਗੱਲ ਕਹਿ ਦਿੰਦਾ ਹਾਂ। ਕਿਸੇ ਵੀ ਨਾਲ ਜੁੜਨ ਦੀ ਮੇਰੀ ਸ਼ਿੱਦਤ ਸਿਖ਼ਰ ‘ਤੇ ਹੁੰਦੀ ਹੈ। ਮੈਨੂੰ ਆਪਣੀ ਆਦਤ, ਇਕ ਇਹੋ ਹੈ ਕਿ ਮੈਂ ਜਲਦੀ-ਜਲਦੀ ਕਿਸੇ ਨਾਲੋਂ ਟੁੱਟਦਾ ਨਹੀਂ। ਜੇ ਕਿਸੇ ਨਾਲੋਂ ਟੁੱਟ ਜਾਵਾਂ ਤਾਂ ਸਾਲਾਂ ਬੱਧੀ ਉਸਨੂੰ ਮੇਰਾ ਹੱਥ ਉਡੀਕਣਾ ਪੈ ਸਕਦਾ ਹੈ। ਕਿਸੇ ਨਾਲ, ਚੀਜ਼ਾਂ, ਥਾਵਾਂ ਨਾਲ ਸਾਲਾਂ ਬੱਧੀ ਜੁੜੇ ਰਹਿਣਾ ਮੇਰੀ ਬੁਰੀ ਆਦਤ ਹੈ।
ਪ੍ਰ. ਸਟੱਡੀ ਰੂਮ ਵਿੱਚ ਰੱਖੇ ਟੇਬਲ ਉੱਪਰ ਕੀ-ਕੀ ਸਜਾ ਕੇ ਰੱਖਣਾ ਪਸੰਦ ਕਰਦੇ ਹੋ?
ਉੱਤਰ: ਸਟੱਡੀ ਰੂਪ ਵਿੱਚ ਕਿਤਾਬਾਂ, ਪੈÎੱਨਾਂ ਪੈਨਸਿਲਾਂ ਨਾਲ ਭਰਿਆ ਕੁਸ਼ਨ ਅਤੇ ਹੋਰ ਕਲਾ ਨਾਲ ਸੰਬੰਧਿਤ ਚੀਜ਼ਾਂ ਰੱਖਦਾਂ ਹਾਂ। ਬਚਪਨ ਤੋਂ ਪੈÎੱਨਾਂ ਦਾ, ਮੈਂ ਬਹੁਤ ਸ਼ੌਕੀਨ ਹਾਂ। ਬਹੁਤ ਸਾਰੇ ਪੈÎੱਨ ਖ੍ਰੀਦ ਲੈਂਦਾ ਹਾਂ, ਹੁਣ ਵੀ ਟੇਬਲ ‘ਤੇ
ਸਜਾਉਣ ਲਈ।
ਪ੍ਰ. ਘਰ ਛੱਡਣ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਲੈ ਕੇ ਜਾਣਾ ਪਸੰਦ ਕਰੋਗੇ?
ਉੱਤਰ: ਘਰ ਛੱਡਣ ਵੇਲੇ ਮੈਂ ਸ਼ੀਸ਼ੇ ‘ਚ ਜ਼ਰੂਰ ਵੇਖਦਾ ਹਾਂ-ਆਪਣੀ ਸਿਖ਼ਰ ਸ਼ਖ਼ਸੀਅਤ ਔਕਾਤ ਅਤੇ ਆਦਮੀਅਤ ਨਾਲ ਲੈ ਕੇ ਜਾਂਦਾ ਹਾਂ। ਈਗੋ ਸਾਰੇ ਹੀ ਘਰ ਛੱਡ ਜਾਂਦਾ ਹਾਂ। ਇਕ ਪੂਰਨ ਮਨੁੱਖ ਲੈ ਕੇ ਘਰੋਂ ਚੱਲਦਾ ਹਾਂ-ਕੋਲ ਮਹਿਕ, ਬਾਹਵਾਂ ‘ਚ ਮਹਿਕ, ਪੈਰਾਂ ‘ਚ ਕਾਹਲ, ਅੱਖਾਂ ‘ਚ ਸੁਪਨੇ ਅਤੇ ਤੁਰਨ ਦੀ ਹਿੰਮਤ ਲੈ ਕੇ ਜਾਂਦਾ ਹਾਂ। ਆਪਣੀ ਧੁੱਪ ਛਾਂ ਵਾਲੀ ਐਨਕ ਅਤੇ ਪੈÎੱਨ-ਰੁਮਾਲ ਲੈ ਕੇ ਜਾਣਾ ਪਸੰਦ ਕਰਦਾ ਹਾਂ।
ਪ੍ਰ. ਉਹ ਗੱਲ ਦੱਸੋ ਜਿਹੜੀ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੁੰਦੇ?
ਉੱਤਰ: ਉਹ ਗੱਲ ਜੋ ਮੈਂ ਕਦੇ ਵੀ ਨਹੀਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ-ਫਿਰ ਕਿਉਂ ਦੱਸਾਂ ਮੈਂ ਤੁਹਾਨੂੰ। ਫਿਰ ਵੀ ਕਦੇ ਮੌਕਾ ਮਿਲਿਆ ਦੱਸਾਂਗਾ ਜ਼ਰੂਰ।
ਪ੍ਰ. ਤੁਸੀਂ ਆਪਣੇ ਪਰਸ ਵਿੱਚ ਸਭ ਤੋਂ ਵੱਧ ਕੀ ਸੰਭਾਲ ਕੇ ਰੱਖਦੇ ਹੋ?
ਉੱਤਰ: ਆਪਣਾ ਪਰਸ ਹੀ ਸੰਭਾਲ ਕੇ ਰੱਖਦਾ ਹਾਂ-ਜਿਸ ਵਿੱਚ ਵਕਤ ਹੁੰਦਾ ਹੈ। ਤੁਹਾਡੇ ਸਿੱਧਾ ਖੜ੍ਹਨ ਦੀ ਸਮਰੱਥਾ ਹੁੰਦੀ ਹੈ। ਤੁਹਾਡੀ ਔਕਾਤ ਸਮਰੱਥਾ ਅਤੇ ਸਾਰਥਿਕਤਾ ਹੁੰਦੀ ਹੈ।ਵਕਤ ਨੂੰ ਤੁਸੀਂ ਟਿੱਚਰ ਕਰ ਸਕਦੇ ਹੋ, ਤੇ ਸਮੇਂ ਦੀ ਅੱਖ ‘ਚ ਅੱਖ ਪਾ ਕੇ ਗੱਲ ਕਰ ਸਕਣ ਦੀ ਤਾਕਤ ਹੁੰਦੀ ਹੈ। ਪੂਰਾ ਸੰਸਾਰ ਹੁੰਦਾ ਹੈ ਪਰਸ ‘ਚ।
ਪ੍ਰ. ਆਪਣੀ ਕਿਹੜੀ ਇੱਛਾ ਪੂਰਤੀ ਲਈ ਅੱਤ ਦੇ ਰੁਝੇਵੇਂ ‘ਚੋਂ ਵੀ ਵਕਤ ਕੱਢ ਹੀ ਲੈਂਦੇ ਹੋ?
ਉੱਤਰ: ਪੜ੍ਹਨਾ ਲਿਖਣਾ ਤੇ ਸਰੀਰਕ ਕਸਰਤ ਅਤੇ ਦੋਸਤਾਂ ਦੀਆਂ ਸੀਮਤ ਮਹਿਫ਼ਲਾਂ ‘ਚ ਸ਼ਾਮਿਲ ਹੋਣ ਲਈ ਵਕਤ ਕੱਢ ਲੈਂਦਾ ਜਾਂ ਆਪਣੀ ਪਸੰਦ ਦਾ ਪੰਜਾਬੀ ਸੰਗੀਤ ਸੁਣਨ ਲਈ ਜਾਂ ਸ਼ਹਿਰ ਵਿੱਚ ਕਿਤੇ ਕੋਈ ਵਧੀਆ ਨਾਟਕ ਦੀ ਪੇਸ਼ਕਾਰੀ ਹੋਵੇ ਲਈ, ਮੈਂ ਵਕਤ ਕੱਢ ਹੀ ਲੈਂਦਾ ਹਾਂ।
ਪ੍ਰ. ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਹਰ ਸਮੇਂ ਚੁਸਤ ਦਰੁਸਤ ਰੱਖਦੀ ਹੈ?
ਉੱਤਰ: ਜ਼ਿੰਦਗੀ ਜਿਉਣ ਦੀ ਲਲਸਾ-ਕੁਝ ਨਵਾਂ ਕਰਨ ਲਈ ਸ਼ਿੱਦਤ। ਮੈਂ ਵਿਹਲਾ ਨਹੀਂ ਬੈਠ ਸਕਦਾ, ਹਰ ਸਮੇਂ ਰੁੱਝੇ ਰਹਿਣਾ ਮੇਰੀ ਚੁਸਤ ਦਰੁਸਤ ਕਾਇਆ ਅਤੇ ਸਿਹਤ ਦਾ ਰਾਜ਼ ਹੈ।
ਪ੍ਰਸ਼ਨ: ਉਹ ਖ਼ੂਬਸੂਰਤ ਪਲ ਜਿਹੜਾ ਤੁਸੀਂ ਸਭ ਤੋਂ ਵੱਧ ਅਤੇ ਵਾਰ-ਵਾਰ ਜੀਵਿਆ ਹੋਵੇ?
ਉੱਤਰ: ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਖ਼ੂਬਸੂਰਤ ਰਿਹਾ ਹੈ ਅਤੇ ਖ਼ੂਬਸੂਰਤ ਪਲ ਵੀ। ਮੈਂ ਜ਼ਿੰਦਗੀ ਦੇ ਹਰ ਪਲ ਨੂੰ ਹੀ ਵਾਰ-ਵਾਰ ਜਿਉਣ ਦਾ ਅਨੁਭਵ ਕਰਦਾ ਹਾਂ। ਆਪਣੇ ਆਪ ਨੂੰ ਜਿਉਂ ਲੈਣਾ ਹੀ ਵਾਰ-ਵਾਰ ਜਿਉਣਾ ਹੈ।
ਪ੍ਰ. ਜੇਕਰ ਇਕ ਮਹੀਨੇ ਦੀਆਂ ਛੁੱਟੀਆਂ ਮਿਲ ਜਾਣ ਤਾਂ ਕਿਸ ਤਰ੍ਹਾਂ ਬਿਤਾਉਣੀਆਂ ਪਸੰਦ ਕਰੋਗੇ?
ਉੱਤਰ: ਆਪਣੇ ਆਪ ਤੋਂ ਕਦੇ ਹੀ ਛੁੱਟੀ ਮਿਲਦੀ ਹੈ। ਫਿਰ ਵੀ ਜੇ ਇਕ ਮਹੀਨੇ ਦੀ ਛੁੱਟੀ ਮਿਲ ਜਾਵੇ ਤਾਂ ਮੈਂ ਪਹਾੜਾਂ ਵੱਲ ਕਿਸੇ ਸਲੇਟਾਂ ਦੀ ਬਸਤੀ ‘ਚ ਜਾ ਕੇ, ਕਿਸੇ ਉਦਾਸ ਅਬਾਬੀਲ ਦਾ ਗੀਤ ਸੁਣਾਂਗਾ। ਆਪੇ ਗਾਵਾਂ, ਆਪੇ ਮੈਂ ਰਬਾਬ ਹੋਈ, ਆਪੇ ਮੈਂ ਕੰਡਾਂ ਹੋਈ, ਆਪੇ ਮੈਂ ਗੁਲਾਬ ਹੋਈ।
ਪ੍ਰ. ਹਰੇਕ ਇਨਸਾਨ ਦੀਆਂ ਕਿਹੜੀਆਂ ਪੰਜ ਖੂਬੀਆਂ ਤੁਸੀਂ ਪਸੰਦ ਕਰਦੇ ਹੋ?
ਉੱਤਰ: ਵਿਦਵਤਾ/ਇੰਟੈਲੀਜੈਂਸੀ, ਅਪਣੱਤ/ ਸਾਦਗੀ, ਮੂੰਹ ‘ਤੇ ਸੱਚ ਕਹਿ ਦੇਣਾ, ਰਚਨਾਤਮਕ ਪਹੁੰਚ ਅਤੇ ਚੁਗਲਬਾਜ਼ ਨਾ ਹੋਣਾ।
ਪ੍ਰ. ਆਪਣੇ ਮਾਂ ਬਾਪ ਨਾਲ ਬਿਤਾਇਆ ਹੋਇਆ ਸਭ ਤੋਂ ਸ਼ਾਨਦਾਰ ਪਲ?
ਉੱਤਰ: ਮਾਂ ਬਾਪ ਨਾਲ ਬਿਤਾਇਆ ਹਰ ਪਲ ਹੀ ਸ਼ਾਨਦਾਰ ਅਤੇ ਖੂਬਸੂਰਤ ਹੁੰਦਾ ਹੈ। ਮਾਂ ਬਾਪ ਧਰਤੀ ਅਸਮਾਨ ਵਾਂਗ ਸਿਰਜਣਾਤਮਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਮੇਰੇ ਮਾਂ ਬਾਪ ਨਾਲ ਬਿਤਾਏ ਬਚਪਨ ਦੇ ਦਿਨਾਂ ‘ਚੋਂ, ਸਭ ਤੋਂ ਸ਼ਾਨਦਾਰ ਪਲ ਨੂੰ ਅਲੱਗ ਕਰਕੇ ਵੇਖਣਾ, ਸ਼ਾਇਦ ਮੁਮਕਿਨ ਨਹੀਂ। ਮੈਂ ਆਪਣੇ ਮਾਂ ਬਾਪ ਨਾਲ ਬਿਤਾਏ ਸਾਰੇ ਪਲਾਂ ਨੂੰ ਸਿਰਫ਼ ਯਾਦ ਹੀ ਨਹੀਂ ਮੰਨਦਾ, ਜ਼ਿੰਦਗੀ ਵਰਗਾ ਮੰਨਦਾ ਹਾਂ।
ਪ੍ਰ. ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ?
ਉੱਤਰ: ਮੇਰਾ ਰੋਡ ਸਾਈਡ ਫੇਵਰਟ ਫੂਡ ਫਰੂਟ ਅਤੇ ਜੂਸ ਹੈ ਜਾਂ ਕਿਸੇ ਸੁੰਨਸਾਨ ਥਾਂ ਉÎੱਤੇ ਖੁੱਲ੍ਹੇ ਢਾਬੇ ਉÎੱਤੇ ਤੜਕੀ ਮੂੰਗੀ ਮਸਰੀ ਦੀ ਦਾਲ ਅਤੇ ਸਾਦਾ ਫੁਲਕਾ-ਮੇਰੀ ਫੇਵਰਟ ਸਾਈਡ ਫੂਡ ਹੈ।
ਪ੍ਰ. ਤੁਸੀਂ ਅੱਜ ਤੱਕ ਦਾ ਸਭ ਤੋਂ ਮਹਿੰਗਾ ਖਾਣਾ ਕਦੋਂ ਅਤੇ ਕਿੱਥੇ ਖਾਧਾ?
ਉੱਤਰ: ਮੇਰੇ ਖ਼ਿਆਲ ‘ਚ ਖਾਣਾ ਸਿਰਫ ਖਾਣਾ ਹੁੰਦਾ ਹੈ। ਖਾਣਾ ਮਹਿੰਗਾ ਹੋਵੇ ਜਾਂ ਸਸਤਾ, ਕੋਈ ਫ਼ਰਕ ਨਹੀਂ ਪੈਂਦਾ। ਤੁਹਾਡੀ ਭੁੱਖ ਹੀ ਇਹ ਤਹਿ ਕਰਦੀ ਹੈ ਕਿ ਖਾਣਾ ਮਹਿੰਗਾ ਸੁਆਦ ਸੀ ਜਾਂ ਨਹੀਂ। ਮਾਂ ਦੇ ਹੱਥ ਦੇ ਪਕਾਏ ਖਾਣੇ ਤੋਂ ਇਲਾਵਾ ਦੁਨੀਆਂ ‘ਚ ਸਭ ਤੋਂ ਮਹਿੰਗਾ ਖਾਣਾ ਕੋਈ ਨਹੀਂ ਹੁੰਦਾ। ਮੈਨੂੰ ਮਾਂ ਦੇ ਹੱਥ ਦਾ ਖਾਣਾ ਹਮੇਸ਼ਾ ਵਧੀਆ ਲੱਗਿਆ ਹੈ।
ਪ੍ਰ: ਤੁਹਾਨੂੰ ਕਿਸੇ ਮਜ਼ਬੂਰੀ ਵੱਸ ਤੋਂ ਸਸਤਾ ਖਾਣਾ ਕਦੋਂ ਅਤੇ ਕਿੱਥੇ ਖਾਣਾ ਪਿਆ?
ਉੱਤਰ: ਖਾਣਾ ਮਜ਼ਬੂਰੀ ਵੱਸ ਨਹੀਂ ਪੇਟ ਦੀ ਲੋੜ ਲਈ ਖਾਧਾ ਜਾਂਦਾ ਹੈ। ਮੈਂ ਕਿਤੇ ਮਜਬੂਰੀ ਵਸ ਕਿਤੇ ਸਸਤਾ ਖਾਣਾ ਖਾਧਾ ਹੋਵੇ। ਮੇਰੇ ਖ਼ਿਆਲ ‘ਚ ਖਾਣਾ ਕੋਈ ਵੀ ਸਸਤਾ ਨਹੀਂ ਹੁੰਦਾ। ਖਾਣਾ ਸਾਡੇ ਜਿਉਣ ਕਣ ਜੀਵਤ ਰੱਖਦਾ ਹੈ। ਵੈਸੇ ਕਿਤੇ ਸਸਤਾ ਤੇ ਮਜ਼ਬੂਰੀ ਵੱਸ ਖਾਣਾ ਖਾਧਾ ਵੀ ਹੋਵੇਗਾ ਤਾਂ ਆਪਣੀ ਲੋੜ ਲਈ ਹੀ ਖਾਧਾ ਹੋਵੇਗਾ।
ਪ੍ਰ. ਇਕ ਖੂਬਸੂਰਤ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ?
ਉੱਤਰ: ਘਰ ਦੀ ਪਰਿਭਾਸ਼ਾ ਉਸ ਅੰਦਰ ਰਹਿੰਦੇ ਇਨਸਾਨ ਤਹਿ ਕਰਦੇ ਹਨ। ਅੱਜ ਜਿੰਨੇ ਘਰਦੇ ਜੀਅ ਹਨ-ਓਨੇ ਅੰਦਰ ਇਕ ਘਰ ‘ਚ ਘਰ ਹਨ। ਪਰ ਫਿਰ ਵੀ ਜਿਸ ਘਰ ‘ਚੋਂ ਹੱਸਣ ਦੀ ਅਵਾਜ਼ ਅਤੇ ਹੋਂਦ ਦੀ ਮਹਿਕ ਆਵੇ ਉਹੋ ਜਿਹਾ ਘਰ ਖੂਬਸੂਰਤ ਹੁੰਦਾ ਹੈ।
ਪ੍ਰ. ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ?
ਉੱਤਰ: ਮੈਂ ਖ਼ੁਦ ਵੀ ਜੌਲੀ ਮੂਡ ਦਾ ਆਦਮੀ ਹਾਂ, ਜੇ ਉਦਾਸੀ ‘ਚ ਹੋਵਾਂ, ਤਾਂ ਮੈਂ ਵੀ ਹਾਸੇ ਦਾ ਪੱਲਾ ਨਹੀਂ ਛੱਡਦਾ, ਜੋ ਲੋਕ ਦੂਹਰੇ ਕਿਰਦਾਰ ਜਿਉਂਦੇ ਹਨ। ਉÎੱਤੋਂ ਹੋਰ ਅੰਦਰੋਂ ਹੋਰ, ਅਪਣੀ ਮੂਰਖ਼ ਵਿਦਵਤਾ ਝਾੜਦੇ ਹਨ, ਉਹਨਾਂ ਲੋਕਾਂ ਉÎੱਤੇ ਬਹੁਤ ਹਾਸਾ ਆਉਂਦਾ ਹੈ-ਉਂਝ ਮੈਂ ਜ਼ਿਆਦਾ ਆਪਣੇ ਆਪ ਉÎੱਪਰ ਵੀ ਹੱਸਦਾ ਰਹਿੰਦਾ ਹਾਂ। ਆਪਣੇ ਆਪ ਉÎੱਤੇ ਵੀ ਹੱਸਣਾ ਚਾਹੀਦਾ ਹੈ।
ਪ੍ਰ. ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾ ਪਿਆ ਹੈ ਜਾਂ ਨਹੀਂ?
ਉੱਤਰ: ਇਕ ਸ਼ਾਇਰ ਬੰਦੇ ਲਈ ਜ਼ਿੰਦਗੀ ਵਿਚ ਸ਼ਰਮਿੰਦਾ ਹੋਣਾ ਤਾਂ ਇਸ ਤਰ੍ਹਾਂ ਹੈ ਕਿ ਕੋਈ ਫੁੱਲ ਕਹਿ ਦੇਵੇ ਮੇਰੇ ‘ਚ ਮਹਿਕ ਨਹੀਂ-ਸਿਰਫ਼ ਮੈਂ ਫੁੱਲ ਦਾ ਭੁਲੇਖਾ ਹਾਂ। ਘਰ ਵਿੱਚ ਮੈਂ ਕਦੇ ਸ਼ਰਮਿੰਦਾ ਨਹੀਂ ਹੋਇਆ-ਨਾ ਹੀ ਜ਼ਿੰਦਗੀ ਵਿੱਚ।
ਪ੍ਰ. ਸਾਹਿਤ ਕੁਲਵਰਤੀ ਅਵਤਾਰਜੀਤ ਨਾਲ ਮੋਹ ਭੰਗ ਵਾਲੀ ਸਥਿਤੀ ਕਿਹੋ ਜਿਹੀ ਹੁੰਦੀ ਹੈ?
ਉੱਤਰ: ਮੇਰਾ ਕਿਸੇ ਵੀ ਸਥਿਤੀ, ਹਾਲਾਤ, ਚੀਜ਼ ਜਾਂ ਕਿਸੇ ਵੀ ਜੀਵਿਤ ਕਿਰਿਆ ਤੋਂ ਬਹੁਤ ਜਲਦੀ ਮੋਹ ਭੰਗ ਹੋ ਜਾਂਦਾ ਹੈ। ਇਸ ਕਰਕੇ ਮੈਂ ਆਪਣੀ ਅੰਦਰਲੀ ਅੱਗ ਨੂੰ ਕੋਈ ਪੱਕੀ ਦਿਸ਼ਾ ਨਹੀਂ ਦੇ ਸਕਿਆ। ਸ਼ਾਇਰੀ, ਥੀਏਟਰ, ਸੰਗੀਤ, ਲੋਕ ਨਾਚ ਅਤੇ ਫ਼ਿਲਮਾਂ ‘ਚ ਜਾਣ ਦੀ ਇੱਛਾ ਸਾਰੀਆਂ ਸਥਿਤੀਆਂ ਤੋਂ ਵਾਰ-ਵਾਰ ਮੇਰਾ ਮੋਹ ਭੰਗ ਹੁੰਦਾ ਰਿਹਾ ਹੈ। 1993 ਦੀ ਲੰਬੀ ਚੁੱਪ ਤੋਂ ਬਾਅਦ ਸ਼ਾਇਰੀ ‘ਚ 2020 ‘ਚ ਫਿਰ ਵਾਪਸ ਪਰਤਿਆ ਹਾਂ। ਬਹੁਤ ਸਾਰੀ ਸਿਰਜਣਾ ਦੇ ਨਾਲ, ਰਹਿੰਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਛੱਪ ਰਹੀਆਂ ਹਨ।
ਪ੍ਰ. ਕੋਈ ਅਜਿਹਾ ਕੌੜਾ ਸੱਚ ਹੈ ਜੋ ਵਾਰ-ਵਾਰ ਸਤਾਉਂਦਾ ਹੋਵੇ?
ਉੱਤਰ: ਇਕ ਕੌੜਾ ਸੱਚ ਹੀ ਹੁੰਦਾ ਹੈ ਜਿਹੜਾ ਕਿਸੇ ਵੀ ਮਨੁੱਖ ਨੂੰ ਵਾਰ-ਵਾਰ ਸਤਾ ਸਕਦਾ ਹੈ। ਬਹੁਤ ਸਾਰੇ ਮਿੱਠੇ ਕੌੜੇ ਸੱਚ ਮੈਨੂੰ ਸਤਾਉਂਦੇ ਹਨ-ਪਰ ਉਹ ਸੱਚ ਮੇਰੇ ਅੰਦਰ ਹੀ ਮੇਰੇ ਨਾਲ ਪੰਜ ਤੱਤਾਂ ‘ਚ ਵਿਲੀਨ ਹੋ ਜਾਣਗੇ-ਤੇ ਵਾਰ-ਵਾਰ ਸਤਾਉਂਦੇ ਹੋਏ ਕੋੜੇ ਸੱਚ ਵੀ-ਜਿੰਨ੍ਹਾਂ ਦਾ ਸੁਆਦ ਵਧੀਆ ਲੱਗਦਾ ਹੈ।
ਪ੍ਰ. ਹਰ ਪਲ ਸੁਰਖੀਆਂ ਵਿਚ ਬਣੇ ਰਹਿਣ ਦਾ ਤਰੀਕਾ ਕਿੰਨਾ ਕੁ ਜਾਇਜ਼ ਮੰਨਦੇ ਹੋ?
ਉੱਤਰ: ਸੁਰਖੀਆਂ ‘ਚ ਰਹਿਣਾ ਤੁਹਾਡੀਆਂ ਨਿੱਤ ਦਿਨ ਦੀਆਂ ਗਤੀਵਿਧੀਆਂ ਹੀ ਤਹਿ ਕਰਦੀਆਂ ਹਨ। ਜੋ ਤੁਰਦੇ ਹਨ, ਉਹ ਹੀ ਪਹੁੰਚਦੇ ਹਨ, ਜੇ ਤੁਸੀਂ ਕੁਝ ਨਾ ਕੁਝ ਅਭੁੱਲ ਆਪਣੀ ਜ਼ਿੰਦਗੀ ‘ਚ ਕਰਦੇ ਹੋ, ਤਾਂ ਸੁਰਖੀਆਂ ਤੁਹਾਡੇ ਨਾਲ ਰਹਿੰਦੀਆਂ ਹਨ, ਜੇ ਤੁਹਾਡੀ ਕ੍ਰਿਤ ਅਤੇ ਸ਼ਿੱਦਤ ਮਿਹਨਤ ਨਾਲ ਕੀਤੀਆਂ, ਸਰਗਰਮੀਆਂ ਹਨ ਤਾਂ ਤੁਸੀਂ ਸੁਰਖੀਆਂ ‘ਚ ਰਹਿੰਦੇ ਹੋ ਤਾਂ ਇਹ ਜਾਇਜ ਹੈ।
ਪ੍ਰ. ਜ਼ਿੰਦਗੀ ਵਿੱਚ ਕਿਸਦਾ ਸਾਥ ਸਭ ਤੋਂ ਪਿਆਰਾ ਲੱਗਦਾ ਹੈ, ਜਿਸਮਾਨੀ ਜਾਂ ਰੂਹਾਨੀ?
ਉੱਤਰ: ਜ਼ਿੰਦਗੀ ਵਿਚ ਦੋਵੇਂ ਸਾਥ ਪਿਆਰੇ ਲੱਗਦੇ ਹਨ, ਜਿਸਮਾਨੀ ਵੀ ਰੂਹਾਨੀ ਵੀ। ਕਿਉਂਕਿ ਜ਼ਿੰਦਗੀ ਦਾ ਰੇਲ ਚੱਲਣਾ ਤਾਂ ਹੀ ਸੰਭਵ ਹੈ ਜਿਸ ਨਾਲ ਤੁਸੀਂ ਆਪਣੀ ਪਹੁੰਚ ਦੀ ਸਿਖ਼ਰ ਤੱਕ ਜਾ ਸਕਦੇ ਹੋ। ”ਬਹੁਤ ਕੁਝ ਉਸਨੇ ਕਿਹਾ, ਬਹੁਤ ਕੁਝ ਕਿਹਾ ਮੈਂ ਉਸਨੂੰ, ਜ਼ਬਾਂ ਚੁੱਪ ਰਹੀ, ਜਿਸਮ ਬੋਲਦੇ ਰਹੇ।” ਇਹ ਰਿਸ਼ਤੇ ਸਿਰਫ਼ ਮਹਿਸੂਸ ਕਰਨ ਨਾਲ ਹੀ ਨਿਭਾਏ ਜਾਂਦੇ ਹਨ। ਬਾਕੀ ਦੇ ਸਾਥ ਤਾਂ ਸਮਾਜ ਸਾਨੂੰ ਪ੍ਰਵਾਨਗੀ ਸਹਿਤ ਪ੍ਰਦਾਨ ਕਰਦਾ ਹੈ।
ਪ੍ਰ. ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ, ਕਿੱਥੋਂ ਅਤੇ ਕਿਸ ਕੋਲੋਂ ਮਿਲਿਆ ਸੀ?
ਉੱਤਰ: ਸਕੂਲ ਟਾਇਮ ਜਦੋਂ ਸੁਰਤ ਸੰਭਾਲੀ, ਸਕੂਲ ਦੀ ਲਾਇਬ੍ਰੇਰੀ ‘ਚੋਂ ਇਕ ਕਿਤਾਬ ‘ਫਲਾਇੰਗ ਸਿੱਖ ਮਿਲਖਾ ਸਿੰਘ’ ਲੈ ਕੇ ਪੜ੍ਹੀ। ਹੋਰਾਂ ਨੂੰ ਵੀ ਪੜ੍ਹਾਈ। ਉਸ ਕਿਤਾਬ ਤੋਂ ਚਾਨਣ ਮਿਲਿਆ ਕਿ ਪਿੱਛੇ ਮੁੜਕੇ ਕਦੇ ਨਹੀਂ ਵੇਖਣਾ, ਕਦੇ ਹਾਰ ਨਹੀਂ ਮੰਨਣੀ, ਜੋ ਮੇਰਾ ਆਦਰਸ਼ ਬਣ ਗਿਆ। ਉÎੱਡਣਾ, ਦੌੜਨਾ, ਪਹੁੰਚਣਾ, ਸੋ ਅੱਜ ਜਿਸ ਕਿਸੇ ਮੁਕਾਮ ‘ਤੇ ਹਾਂ, ਉਹ ਉਸ ਕਿਤਾਬ ਤੋਂ ਮਿਲਿਆ ਮੂਲ ਮੰਤਰ ਸੀ ਮੇਰੇ ਲਈ।
ਪ੍ਰ. ਜੇਕਰ ਤੁਹਾਨੂੰ ਦੇਸ਼ ਦੇ ਕਿਸੇ ਇਤਿਹਾਸਿਕ ਦੌਰ ਵਿੱਚ ਰਹਿਣ ਅਤੇ ਉਵੇਂ ਹੀ ਜੀਣ ਵਾਸਤੇ ਆਖਿਆ ਜਾਵੇ ਤਾਂ ਤੁਸੀਂ ਕਿਸ ਦੌਰ ਵਿੱਚ ਜਾਣਾ ਪਸੰਦ ਕਰੋਗੇ?
ਉੱਤਰ: ਸਮੇਂ ਅਨੁਸਾਰ ਦੌਰ ਸਾਰੇ ਹੀ ਵਧੀਆ ਹੁੰਦੇ ਹਨ ਕਿਉਂਕਿ ਕੋਈ ਵੀ ਦੌਰ ਵਿੱਚ ਸਥਿਤੀਆਂ, ਪ੍ਰਸਥਿਤੀਆਂ ਅਗਰ ਤੁਹਾਡੇ ਅਨੁਕੂਲ ਹਨ ਤਾਂ ਕੋਈ ਵੀ ਦੌਰ ਤੁਹਾਨੂੰ ਚੰਗਾ ਲੱਗੇਗਾ। ਸਾਡੇ ਦੇਸ਼ ਦੇ ਸਾਰੇ ਹੀ ਇਤਿਹਾਸਿਕ ਦੌਰ ਆਪਣੇ ਆਪ ਵਿੱਚ ਉਥਲ-ਪੁਥਲ ਵਾਲੇ ਰਹੇ ਹਨ। ਮੈਂ ਬੀਤੇ ਕਿਸੇ ਯੁੱਗ ‘ਚ ਨਹੀਂ ਜਾਣਾ ਚਾਹੁੰਦਾ, ਸੋ ਭਵਿੱਖੀ ਸੰਭਾਵਤ ਅਤੇ ਉਸ ਦੌਰ ‘ਚ ਜਾਣਾ ਚਾਹਾਂਗਾ ਜਿੱਥੇ ਮਨੁੱਖ ਦੀ ਸੰਪੂਰਨ ਅਜ਼ਾਦੀ, ਜਾਤ-ਪਾਤ ਰਹਿਤ ਸਮਾਜ, ਬੰਦੇ ਦੀ ਸਿਰਜਣਤਾਮਿਕਤਾ ਦੀ ਕਦਰ, ਅਤੇ ਪਿਆਰ ਮੁਹੱਬਤ ਦਾ ਦੌਰ ਆਪਣੇ ਸਿਖ਼ਰ ‘ਤੇ ਹੋਵੇ।
ਪ੍ਰ. ਤੁਹਾਡੀ ਪਹਿਲੀ ਮਨਪਸੰਦ ਜਗ੍ਹਾ ਜਿੱਥੇ ਤੁਸੀਂ ਲੱਖ ਚਾਹ ਕੇ, ਅੱਜ ਤੱਕ ਵੀ ਨਹੀਂ ਜਾ ਸਕੇ?
ਉੱਤਰ: ਮੇਰੀ ਪਹਿਲੀ ਮਨਪਸੰਦ ਜਗ੍ਹਾ, ਅਜਿਹੀ ਕੋਈ ਨਹੀਂ, ਜਿਸ ਲਈ ਮੈਂ ਤਰਸਿਆ ਹੋਵਾਂ, ਮੈਂ ਪ੍ਰਾਪਤ ਮੁਕਾਮ ਨੂੰ ਹੀ ਇਨਜੁਆਏ ਕਰਦਾਂ, ਜਿੱਥੇ ਵੀ ਹੋਵਾਂ, ਆਪਣੇ ਢੰਗ ਨਾਲ ਸਥਿਤੀ ਅਨੁਸਾਰ, ਆਪਣੇ ਆਪ ਨੂੰ ਉਸ ਮਾਹੌਲ ਦੇ ਅਨੁਸਾਰ ਸੈਲੀਬਰੇਸ਼ਨ ‘ਚ ਸ਼ਾਮਲ ਕਰ ਲੈਂਦਾ ਹਾਂ। ਹਾਲਾਤ ਮੁਤਾਬਿਕ ਢਲ ਜਾਣਾ ਹੀ, ਮੇਰਾ ਕਹਿ ਸਕਦੇ ਵਧੀਆ ਗੁਣ ਹੈ।
ਪ੍ਰ. ਆਪਣੀ ਅਦਾ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੋਈ ਖੂਬਸੂਰਤ ਪੁਆੜਾ ਪਾਉਂਦੀ ਹੈ?
ਉੱਤਰ: ਪੁਆੜੇ ਤਾਂ ਜ਼ਿੰਦਗੀ ‘ਚ ਬਹੁਤ ਪਾਏ ਨੇ, ਇਸ ਮੇਰੀ ਸਾਧ ਮੁਰਾਦੀ ਅਦਾ ਨੇ। ਮੇਰੇ ਅੰਦਰ ਵੀ ਕਈ ਰੂਪ-ਚਿੱਤਰ ਨੇ, ਇਕ ਸ਼ਾਇਰ, ਅਦਾਕਾਰ ਤੇ ਹੋਰ ਵੀ ਬਹੁਤ ਕੁਝ, ਪਰ ਮੈਂ ਅਦਾ ਪੱਖੋਂ ਹਮੇਸ਼ਾ ਅਵੇਸਲਾ ਹੀ ਰਿਹਾ। ਕਦੇ ਮਨੋ ਜਾਂ ਮਿਥਕੇ ਤਿਆਰ ਨਹੀਂ ਹੋਇਆ। ਕੈਜੂਅਲ ਵੀਅਰ ਹੀ ਖੂਬਸੂਰਤ ਪੁਆੜੇ ਪਾ ਦਿੰਦੇ ਹਨ। ਕਲਾਕਾਰ ਦੀ ਅਦਾ ਤਾਂ ਕਿਸੇ ਰੂਪ ‘ਚ ਵੀ ਖੂਬਸੂਰਤ ਪੁਆੜੇ ਪਾ ਸਕਦੀ ਹੈ। ਸੋ….
ਪ੍ਰ. ਆਪਣੇ ਵੱਲੋਂ ਨਾ ਛੁਪਾਈ ਜਾ ਸਕਣ ਵਾਲੀ ਸਭ ਤੋਂ ਵੱਡੀ ਬੁਰਾਈ ਕਿਹੜੀ ਹੈ?
ਉੱਤਰ: ਆਪਣੇ ਵੱਲੋਂ ਨਾ ਛੁਪਾਈ ਜਾਣ ਵਾਲੀ ਬੁਰਾਈ ਮਨੁੱਖ ਦੀਆਂ ਕਿਰਿਆਵਾਂ, ਕੰਮਾਂ, ਬੋਲ-ਚਾਲ, ਉÎੱਠਣ-ਬੈਠਣ, ਮਿਲਵਰਤਨ ਤੋਂ ਹੀ ਸਾਫ਼ ਝਲਕ ਜਾਂਦੀ ਹੈ। ਮੇਰੀ ਨਾ ਛੁਪਾਈ ਜਾਣ ਵਾਲੀ ਬੁਰਾਈ, ਇਹੋ ਹੈ ਕਿ ਮੈਂ ਜੋ ਹਾਂ ਉਹ ਮੈਨੂੰ ਸਮਝਿਆ ਨਹੀਂ ਜਾਂਦਾ-ਜੋ ਮੈਂ ਨਹੀਂ ਹਾਂ ਮੈਨੂੰ ਸਮਝ ਲਿਆ ਜਾਂਦਾ ਹੈ।
ਪ੍ਰ. ਅਚਨਚੇਤ ਤੁਹਾਨੂੰ ਵੀਹ ਲੱਖ ਰੁਪਇਆ ਮਿਲ ਜਾਵੇ ਅਤੇ ਇਕ ਦਿਨ ਵਿੱਚ ਹੀ ਖ਼ਰਚਣਾ ਪੈ ਜਾਵੇ ਤਾਂ ਤੁਸੀਂ ਕਿਸ ਵਾਸਤੇ ਖ਼ਰਚ ਕਰੋਗੇ?
ਉੱਤਰ: ਇਕ ਸ਼ਾਨਦਾਰ ਕਿਤਾਬ-ਘਰ ਬਣਾ ਦੇਵਾਂਗਾ, ਕਿਉਂਕਿ ਕਿਤਾਬਾਂ ਤੇ ਖ਼ਰਚਿਆ ਪੈਸਾ ਹਜ਼ਾਰਾਂ ਗੁਣਾਂ ਬਣਕੇ ਤੁਹਾਨੂੰ ਮਿਲਦਾ ਹੈ।
ਪ੍ਰ. ਤੁਹਾਡੇ ਘਰ ਵਿਚ ਅਚਾਨਕ ਹੀ ਦੋ ਬਹੁਤ ਪਿਆਰੇ ਅਤੇ ਨਜ਼ਦੀਕੀ ਮਹਿਮਾਨ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਕਿਸ ਮੁੱਦੇ ਉੱਪਰ ਵਿਚਾਰ-ਵਟਾਂਦਰਾ ਕਰਨਾ ਚਾਹੋਗੇ?
ਉੱਤਰ: ਰਿਸ਼ਤੇਦਾਰਾਂ ਤੋਂ ਬਾਅਦ, ਮੇਰੇ ਘਰ ਕਲਾਕਾਰ, ਸਾਹਿਤਕ ਦੋਸਤ ਹੀ ਜ਼ਿਆਦਾ ਆਉਂਦੇ ਰਹੇ ਹਨ ਜਾਂ ਆ ਰਹੇ ਹਨ। ਉਹਨਾਂ ਨਾਲ ਲੰਮਾ ਸਮਾਂ ਕਲਾ, ਸਾਹਿਤ ਅਤੇ ਆਧੁਨਿਕ ਸਿਨੇਮਾ ਬਾਰੇ, ਪੰਜਾਬੀ ਕਵਿਤਾ ਬਾਰੇ, ਵਿਸ਼ਵ ਕਵਿਤਾ ‘ਚ ਆਉਂਦੇ ਨਵੇਂ ਰੁਝਾਨਾਂ ਬਾਰੇ ਚਰਚਾ ਕਰਨਾ ਚਾਹਾਂਗਾ।
ਪ੍ਰ. ਤੁਹਾਡੀ ਨਜ਼ਰ ਵਿਚ ਕੋਈ ਦਿਨ ਅਹਿਮ ਕਿਵੇਂ ਬੀਤਣਾ ਚਾਹੀਦੈ?
ਉੱਤਰ: ਉਹ ਤਾਂ ਉਸ ਦਿਨ ਦੀ ਅਹਿਮੀਅਤ, ਕਾਰਨ ਵਿਸ਼ੇਸ਼, ਉÎੱਤੇ ਨਿਰਭਰ ਕਰਦਾ ਹੈ। ਵੈਸੇ ਜ਼ਿੰਦਗੀ ‘ਚ ਹਰ ਦਿਨ ਹੀ ਅਹਿਮ ਹੋਣਾ ਚਾਹੀਦਾ ਹੈ ਅਤੇ ਵਿਸ਼ੇਸ਼ ਅਤੇ ਅਹਿਮ ਹੁੰਦਾ ਹੈ। ਫਿਰ ਮੈਂ ਉਸ ਅਹਿਮ ਦਿਨ ਨੂੰ ਉਹਦੀ ਅਹਿਮੀਅਤ ਅਨੁਸਾਰ ਬਿਤਾਉਣਾ ਚਾਹਾਂਗਾ।
ਪ੍ਰ. ਬੋਰੀਅਤ ਨੂੰ ਵਾਰ-ਵਾਰ ਕਿਵੇਂ ਮਾਣਦੇ ਹੋ?
ਉੱਤਰ: ਬੋਰੀਅਤ ਮੈਨੂੰ ਉਦੋਂ ਹੁੰਦੀ ਹੈ-ਜਦੋਂ ਕੋਈ ਵੀ ਬੰਦਾ ਮੇਰੇ ਕੋਲ ਆਕੇ ਮੈਂ-ਮੈਂ, ਮੈਂ-ਮੈਂ ਕਰਦਾ ਰਹੇ। ਦੂਸਰੇ ਦੀ ਗੱਲ ਨਾ ਸੁਣੇ। ਆਪਣੇ ਅਸੂਲ ਦੂਜੇ ਦੇ ਮੋਢਿਆਂ ਉÎੱਪਰ ਬੇਮਤਲਬ ਟੰਗਦਾ ਰਹੇ। ਮੈਂ ਉਸ ਸਥਿਤੀ ‘ਚ ਹਾਂਜੀ ਹਾਂਜੀ ਕਹਿ ਕੇ, ਜਾਂ ਉਸ ਬੰਦੇ ਬਾਰੇ ਸੱਚ ਬੋਲਕੇ-ਬੋਰੀਅਤ ਨੂੰ ਦੂਰ ਕਰਦਾ ਹਾਂ। ਫਿਰ ਅਗਲਾ ਭੱਜ ਨਿਕਲਦੈ।
ਪ੍ਰ. ਪੂਰੀ ਦੁਨੀਆਂ ਵਿੱਚ ਤੁਹਾਡੀ ਸਭ ਤੋਂ ਪਿਆਰੀ ਥਾਂ ਕਿਹੜੀ ਹੈ?
ਉੱਤਰ: ਸਾਰੀ ਦੁਨੀਆਂ ਹੀ ਹੁਸੀਨ ਹੈ। ਇਸ ਧਰਤੀ ਦਾ ਹਰ ਕੋਨਾ ਹੀ ਖੂਬਸੂਰਤ ਹੈ। ਪਿਆਰੀ ਥਾਂ ਉਹ ਹੀ ਬਣ ਜਾਂਦੀ ਹੈ, ਜਿੱਥੇ ਤੁਸੀਂ ਪ੍ਰਾਪਤ ਸੁੱਖਾਂ ਨਾਲ ਓਤਪੋਤ ਹੋ ਕੇ ਰਹਿੰਦੇ ਹੋ। ਇਹ ਰਿਸ਼ਤਿਆਂ ਦੀ ਦੁਨੀਆਂ ਵੀ ਹੋ ਸਕਦੀ ਹੈ, ਭੂਗੋਲਿਕ ਵੀ। ਪ੍ਰਸਥਿਤੀ ਅਨੁਸਾਰ ਜਿਹੜੀ ਵੀ ਥਾਂ ਮੇਰੇ ਅੰਦਰਲੇ ਬਾਹਰਲੇ ਸੰਸਾਰ ਦੇ ਅਨੁਕੂਲ ਹੋਵੇ ਉਹ ਹੀ ਪਿਆਰੀ ਥਾਂ ਬਣ ਜਾਂਦੀ ਹੈ।
ਪ੍ਰ. ਦੁਨੀਆਂ ਦੀ ਉਹ ਕਿਹੜੀ ਸ਼ਖ਼ਸੀਅਤ ਹੈ ਜਿਹੜੀ ਹਰ ਸਮੇਂ ਪ੍ਰਛਾਵੇਂ ਵਾਂਗ ਤੁਹਾਡੇ ਨਾਲ ਰਹਿੰਦੀ ਹੈ?
ਉੱਤਰ: ਦੁਨੀਆਂ ਦੀ ਇਕੋ ਇਕ ਮਹਾਨ ਸ਼ਖ਼ਸੀਅਤ ਮੇਰੀ ਮਾਂ ਹਰ ਸਮੇਂ ਮੇਰੇ ਨਾਲ ਪ੍ਰਛਾਵੇਂ ਵਾਂਗ ਨਾਲ-ਨਾਲ ਰਹਿੰਦੀ ਹੈ ਜੋ ਅਕਸਰ ਆਖਦੀ ਹੁੰਦੀ ਸੀ, ਪੁੱਤ ਵੱਡਾ ਹੋ ਕੇ ਬੰਦਾ ਵੱਡਾ ਹੋ ਜਾਂਦੈ। ਤੂੰ ਇਕ ਸ਼ਖ਼ਸੀਅਤ ਬਣੀ- ਸ਼ਖ਼ਸੀਅਤ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ। ਇਕ ਵਾਕ ਉਹ ਅਕਸਰ ਆਖਦੀ ਹੁੰਦੀ ਸੀ-ਚੰਦਰਿਆ ਘਰ ਜਲਦੀ ਪਰਤਿਆ ਕਰ-ਮੈਂ ਅਜੇ ਵੀ ਆਪਣੀਆਂ ਅਵਾਰਗੀਆਂ ‘ਚੋਂ ਬੱਚ ਕੇ ਸਮੇਂ ਸਿਰ ਘਰ ਪਰਤ ਆਉਂਦਾ ਹਾਂ।
ਪ੍ਰ. ਅਜਿਹੀ ਕਿਹੜੀ ਚੀਜ਼ ਹੈ ਜਿਸ ਬਾਰੇ ਅਕਸਰ ਹੀ ਤੁਹਾਡਾ ਦਿਮਾਗ਼ ਕਸਰਤ ਕਰਦਾ ਰਹਿੰਦਾ ਹੈ?
ਉੱਤਰ: ਉਹ ਚੀਜ਼ ਹੈ ਕਵਿਤਾ ਜੋ ਵਰ੍ਹਿਆਂ ਦੀ ਕਸਰਤ/ਰਿਆਜ਼ ਕਰਨ ਤੋਂ ਬਾਅਦ ਵੀ ਤੁਹਾਡੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਕਵਿਤਾ ਉÎੱਪਰ ਪਕੜ ਬਣਾਉਣੀ ਹੀ ਕਿਸੇ ਕਾਰੀਗਰ ਵਾਂਗ ਹੁੰਦੀ ਹੈ।
ਪ੍ਰ. ਤੁਹਾਡੀ ਕੋਈ ਅਜਿਹੀ ਗੱਲ ਜਿਹੜੀ ਕੋਈ ਵੀ ਨਹੀਂ ਜਾਣਦਾ ਪਰ ਤੁਸੀਂ ਦੱਸਣ ਲਈ ਕਾਹਲੇ ਹੋ?
ਉੱਤਰ: ਅਜਿਹੀ ਕੋਈ ਵੀ ਗੱਲ ਨਹੀਂ ਜੋ ਮੈਂ ਮਿੱਤਰਾਂ ਤੋਂ ਛੁਪਾ ਲਵਾਂ ਜਾਂ ਨਾ ਦੱਸਾਂ। ਮੈਂ ਯਾਰਾਂ ਦੋਸਤਾਂ ਨਾਲ ਅਪਣੀ ਅੰਦਰਲੀ ਗੱਲ ਸਾਂਝੀ ਕਰ ਲੈਂਦਾ ਹਾਂ। ਪਰ ਫਿਰ ਵੀ ਮੈਂ ਆਪਣੇ ਵੱਲੋਂ ਹਮੇਸ਼ਾ ਇਸ ਗੱਲ ਦੀ ਕਾਹਲ ‘ਚ ਰਹਿੰਦਾ ਹਾਂ ਕਿ ਮੈਂ ਦੂਸਰੇ ਸਾਹਵੇ ਕਿਤਾਬ ਬਣਕੇ ਹੀ ਖੁੱਲ੍ਹਾਂ। ਮੈਨੂੰ ਜਿੱਥੋਂ ਪੜ੍ਹ ਲਵੋ ਉÎੱਥੋਂ ਹੀ ਕੋਈ ਕਹਾਣੀ ਬਣ ਹੀ ਜਾਂਦੀ ਹੈ। ਸੋ ਆਪ ਮੁਹਾਰੇ ਅੰਦਰ ਛੁਪਿਆ ਕਈ ਵਾਰ ਨਸਰ ਹੋ ਜਾਂਦਾ ਹੈ ਅਕਸਰ।
ਪ੍ਰ. ਜੇਕਰ ਤੁਸੀਂ ਅੱਜ ਸਾਹਿਤਕਾਰ ਨਾ ਹੁੰਦੇ ਤਾਂ ਕੀ ਹੁੰਦੇ?
ਉੱਤਰ: ਕੋਈ ਵੱਡਾ ਆਰਮੀ ਜਾਂ ਪੁਲਿਸ ਅਫ਼ਸਰ ਹੋਣਾ ਸੀ। ਸਾਹਿਤਕਾਰੀ ਦੇ ਇਸ ਸ਼ੌਂਕ ਨੇ ਮੇਰੇ ਤੋਂ ਬਹੁਤ ਕੁਝ ਖੋਹ ਵੀ ਲਿਆ ਹੈ। ਮੈਂ ਆਪਣੇ ਸ਼ੌਂਕ ਜਾਂ ਕਵਿਤਾ ਲਿਖਣ ਲਈ ਬਹੁਤ ਕੁਝ ਜੋ ਨਿੱਜੀ ਸੀ-ਗੁਆ ਲਿਆ ਹੈ। ਕੋਈ ਵੀ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਗੁਆ ਹੀ ਲੈਂਦਾ ਹੈ।
ਪ੍ਰ. ਅਜਿਹਾ ਕਿਹੜਾ ਕੰਮ ਹੈ ਜਿਹੜਾ ਵਾਰ-ਵਾਰ ਕਰਨ ਨੂੰ ਤੁਹਾਡਾ ਦਿਲ ਕਰਦਾ ਹੈ ਪਰ ਤੁਹਾਡੀ ਪਕੜ ਵਿੱਚ ਨਹੀਂ ਆ ਰਿਹਾ?
ਉੱਤਰ: ਅੱਜਕਲ੍ਹ ਮੈਂ ਬਹੁਤ ਸਾਰੀ ਵਾਰਤਕ ਲਿਖਣਾ ਚਾਹੁੰਦਾ ਹਾਂ ਮਸਲਨ ਕਹਾਣੀ ਨਾਵਲ, ਜੋ ਸਮੇਂ ਦੀ ਘਾਟ ਕਾਰਨ ਮੈਂ ਲਿਖ ਨਹੀਂ ਸਕਦਾ ਜਾਂ ਮੈਂ ਉਹਨਾਂ ਦੇ ਸਮਰੱਥ ਨਹੀਂ। ਮੇਰੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਅਤੇ ਨਾਵਲਾਂ ਦੇ ਚਿੱਤਰਪਟ ਪਏ ਹਨ, ਭੁਲੇਖਿਆਂ ਵਾਂਗ, ਜੋ ਕਦੇ ਵੀ ਆਪਣੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ, ਤੇ ਮੈਂ ਸ਼ੁਰੂ-ਸ਼ੁਰੂ ਵਿੱਚ ਬਹੁਤ ਸਾਰੀਆਂ ਕਹਾਣੀਆਂ ਵੀ ਲਿਖ ਚੁੱਕਾ ਹਾਂ ਜੋ ਅਖ਼ਬਾਰਾਂ, ਰਸਾਲਿਆਂ ਵਿਚ ਛਪ ਚੁੱਕੀਆਂ ਹਨ।
ਪ੍ਰ. ਜ਼ਿੰਦਗੀ ਦੇ ਕਿਹੋ ਜਿਹੇ ਵਰਤਾਰੇ ਨਾਲ ਨਫ਼ਰਤ ਹੈ ਤੁਹਾਨੂੰ?
ਉੱਤਰ ਜ਼ਿੰਦਗੀਬੜੀ ਖੂਬਸੂਰਤ ਹੈ। ਪਰ ਇਸ ਵਿੱਚ ਅਣਪ੍ਰਮਾਣਿਤ ਅਤੇ ਅਣਚਾਹੇ ਵਰਤਾਰੇ ਵਾਪਰ ਜਾਂਦੇ ਹਨ, ਜਿਵੇਂ ਕਿ ਜ਼ਿੰਦਗੀ ਵਿੱਚ ਗ਼ਲਤ ਕੰਪਨੀ/ਸੰਗਤ ਦਾ ਮਿਲਣਾ-ਤੁਹਾਡੀ ਲਾਈਫ਼ ਨੂੰ ਬਰਬਾਦ ਕਰ ਸਕਦਾ ਹੈ। ਇਹੋ ਵਰਤਾਰਾ ਸ਼ਾਇਦ ਮੇਰੇ ਨਾਲ ਵੀ ਵਾਪਰਿਆ ਹੈ।
Read more
ਨਾਟਕਕਾਰ, ਅਨੁਵਾਦਕ ਅਤੇ ਚਿੰਤਕ ਬਲਰਾਮ
ਮੁਲਾਕਾਤ : ਸਮਰੱਥ ਸ਼ਾਇਰ ਚਮਨਦੀਪ ਦਿਉਲ
ਮਿਆਰੀ ਗੀਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਵਾਲ਼ਾ ਗੀਤਕਾਰ ਲਾਲ ਅਠੌਲੀ ਵਾਲ਼ਾ (ਲਾਲ ਦੀਨ)