
ਮੁਲਾਕਾਤ : ਸੋਨੀਆ ਮਨਜਿੰਦਰ
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ
ਜਿਵੇਂ ਕਿ ਸਿਰਲੇਖ ਤੋਂ ਹੀ ਪਤਾ ਲੱਗ ਰਿਹਾ ਹੈ ‘ਜੀਵਨ ਦਰਸ਼ਨ’ ਕਿਸੇ ਖ਼ਾਸ ਸ਼ਖ਼ਸੀਅਤ ਦੇ ਜੀਵਨ ਦੀ ਝਲਕ! ਜਿਨ੍ਹਾਂ ਜੀਵਨ ਨੂੰ ਸਾਰਥਕ ਕਰ ਲਿਆ, ਜਿਨ੍ਹਾਂ ਜਿਊਣ ਦਾ ਕੋਈ ਮਨੋਰਥ ਲੱਭ ਲਿਆ, ਤੇ ਜੋ ਆਪਣੇ ਜੀਵਨ ਨੂੰ ਕਿਸੇ ਲਕਸ਼ ਤਕ ਲੈ ਗਏ। ਸਿਰਫ 7 ਸੁਆਲ ਤੇ ਜੀਵਨ ਦਰਸ਼ਨ। ਜਿਸ ਸ਼ਖ਼ਸੀਅਤ ਦੇ ਜੀਵਨ ਦਰਸ਼ਨ ਅਸੀਂ ਕਰਨ ਜਾ ਰਹੇ ਹਾਂ ਉਹ ਕਿਸੇ ਪਛਾਣ ਦੇ ਮੁਹਤਾਜ ਨਹੀਂ ਬਲਕਿ ਪੰਜਾਬੀ ਸਾਹਿਤ ਦਾ ਇਹ ਉਹ ਪਾਤਰ ਹੈ ਜਿਸ ‘ਤੇ ਸੰਪੂਰਨ ਪੰਜਾਬੀ ਕਾਵਿ ਸ਼ਾਸਤਰ ਆਪਣਾ ਸਪੂਤ ਹੋਣ ਦਾ ਮਾਣ ਕਰਦਾ ਹੈ। ਜਦੋਂ ਉਸ ਦੇ ਅੰਦਰੋਂ ਵਲਵਲੇ ਉੱਠਦੇ ਹਨ ਭਾਵ ਹਲਚਲ ਮਚਾਉਣ ਲੱਗਦੇ ਹਨ ਤਾਂ ਸ਼ਬਦ ਆਪ ਮੁਹਾਰੇ ਗ਼ਜ਼ਲ ਬਣ ਦਰਿਆਵਾਂ ਦੇ ਵੇਗ ਵਾਂਗ ਵਹਿਣ ਲੱਗਦੇ ਨੇ। ਸੁਰਜੀਤ ਪਾਤਰ ਵਰਗੇ ਸ਼ਾਇਰ ਯੁੱਗਾਂ ਬਾਅਦ ਆਉਂਦੇ ਨੇ ਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀਆਂ
ਲਿਖਤਾਂ ਸ਼ਿਲਾਲੇਖ ਬਣ ਜਾਂਦੀਆਂ ਹਨ। ਪਾਤਰ ਜੀ ਨੂੰ ਪੜ੍ਹਦਿਆਂ ਉਨ੍ਹਾਂ ਦੀ ਰਚਨਾ ਤੁਹਾਡੇ ਅੰਦਰ ਬਾਹਰ ਐਸਾ ਅਸਰ ਕਰਦੀ ਹੈ ਕਿ ਤੁਹਾਡੀ ਹੋਂਦ ਖ਼ਤਮ ਹੋ ਜਾਂਦੀ ਹੈ। ਸੁਰਜੀਤ ਪਾਤਰ ਦੀ ਸ਼ਖਸੀਅਤ ਤੁਹਾਡੀ ਸਪੇਸ ‘ਚ ਅਗਰਬਤੀ ਵਰਗੀ ਖੁਸ਼ਬੂ ਬਿਖੇਰਦੀ ਹੈ। ਉਹ ਜਦੋਂ ਆਪਣੇ ਮੂੰਹੋਂ ਕਵਿਤਾ ਉਚਾਰਦੇ ਹਨ ਇੰਝ ਲੱਗਦਾ ਹੈ ਕਿ ਜਿਵੇਂ ਪਰਬਤਾਂ ਦੀ ਗੋਦ ‘ਚੋਂ ਕੋਈ ਝਰਨਾ ਵਹਿ ਉੱਠਿਆ ਹੋਵੇ ਜਿਵੇਂ ਕੋਈ ਸਰੋਦੀ ਨਾਦ! ਕਦੀ ਉਹ ਮਸ਼ਾਲ ਬਣ ਲਟ ਲਟ ਬਲਦਾ ਵੀ ਹੈ ਤੇ ਕਦੇ ਦੀਵੇ ਦੀ ਲੋਅ ਵਾਂਗ ਹਨ੍ਹੇਰਿਆਂ ਨੂੰ ਚੀਰਦਾ ਆਪਣਾ ਆਲਾ ਦੁਆਲਾ ਸਭ ਰੌਸ਼ਨ ਕਰ ਦਿੰਦਾ ਹੈ। ਆਪਣੇ ਸ਼ਬਦਾਂ ਦੇ ਨਾਲ ਅੱਖਰਾਂ ਨਾਲ ਖੇਡਦਾ ਆਪਣੀ ਰਚਨਾ ‘ਚੋਂ ਸਮਾਜ ਨੂੰ ਨਵੀਂ ਸੇਧ ਵੀ ਦੇ ਜਾਂਦਾ ਹੈ । ਹੁਣ ਤਕ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਸ਼ਖ਼ਸ਼ ਬਾਰੇ ਗੱਲ ਕਰ ਰਹੇ ਹਾਂ । ਸੋ ਆਉ ਪੰਜਾਬੀ ਦੇ ਇਸ ਮਹਾਨ ਕਵੀ ਬਾਰੇ ਉਨ੍ਹਾਂ ਦੇ ਉੱਤਰਾਂ ਦੇ ਰਾਹੀਂ ਉਨ੍ਹਾਂ ਦੇ ਜੀਵਨ ਦੇ ਦਰਸ਼ਨ ਕਰਦੇ ਹਾਂ—
ਸੋਨੀਆ : ਜ਼ਿੰਦਗੀ ਦੀਆਂ ਪਹਿਲੀ ਯਾਦਾਂ ਕਿਹੜੀਆਂ ਹਨ?
ਪਾਤਰ : ਮੇਰੇ ਬਚਪਨ ਦੀ ਪਹਿਲੀ ਯਾਦ ਦਲਾਨ ਵਿਚ ਦਵਾਖੀ ‘ਤੇ ਜਗਦਾ ਦੀਵਾ ਹੈ। ਦਲਾਨ ਦੇ ਇਕ ਬੂਹੇ ਤੋਂ ਬਾਹਰ ਸੱਜੇ ਪਾਸੇ ਦੋ ਘੜਵੰਜੀਆਂ ‘ਤੇ ਪਏ ਘੜੇ ਹਨ। ਦੂਜੇ ਬੂਹੇ ਤੋਂ ਬਾਹਰ ਖੱਬੇ ਪਾਸੇ ਚੌਕਾ ਹੈ। ਜਿੱਥੇ ਮੇਰੇ ਬੀ ਜੀ ਲੱਕੜਾਂ ਬਾਲ਼ ਕੇ ਰੋਟੀਆਂ ਪਕਾਉਂਦੇ ਹਨ। ਦੁਜੀ ਯਾਦ ਦਲਾਨ ਵਿਚ ਚੱਕੀ ਦੇ ਕੋਲ ਪੀੜ੍ਹੀ ‘ਤੇ ਬੈਠੇ ਭਾਪਾ ਜੀ ਗਿਆਨੀ ਹਰਭਜਨ ਸਿੰਘ। ਮੈਂ ਉਨ੍ਹਾਂ ਨੂੰ ਭੋਲ਼ੇ ਭਾ ਪੁੱਛਦਾ ਹਾਂ : ਤੁਹਾਨੂੰ ਗੀਤ ਆਉਂਦਾ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ… ਉਹ ਹੱਸ ਪੈਂਦੇ। ਮੈਨੂੰ ਗੀਤ ਤਾਂ ਨਹੀਂ ਸੁਣਾÀਂਦੇ। ਨੁਣ ਨੁਣ ਕਰ ਕੇ ਉਸ ਦੀ ਤਰਜ਼ ਸੁਣਾ ਦਿੰਦੇ ਹਨ। ਸਿੰਘ ਸਭਾ ਲਹਿਰ ਦਾ ਪ੍ਰਭਾਵ ਉਨ੍ਹਾਂ ਤੇ ਗੂੜ੍ਹਾ ਹੈ। ਉਨ੍ਹਾਂ ਨੇ ਆਪਣੀਆਂ ਚਾਰ ਧੀਆਂ ਨੂੰ ਨੱਕ ਕੰਨ ਵਿੰਨ੍ਹਣ ਦੀ ਆਗਿਆ ਨਹੀਂ ਦਿੱਤੀ।
ਤੀਜੀ ਯਾਦ ਘਰ ਦੇ ਚੁਬਾਰੇ ਦੀ ਛੱਤ ਹੈ। ਗਰਮੀਆਂ ਦਾ ਖੌਪੀਆ। ਮੈਂ ਤੇ ਮੇਰੇ ਮਾਮਾ ਜੀ ਦਾ ਬੇਟਾ ਨਿਰਮਲ ਸਿੰਘ ਮੰਜੀਆਂ ‘ਤੇ ਲੇਟੇ ਹੋਏ ਹਾਂ। ਨਿਰਮਲ ਸਿੰਘ ਮੈਥੋਂ 7 ਕੁ ਸਾਲ ਵੱਡਾ ਹੈ। ਉਸ ਨੂੰ ਬਹੁਤ ਲੰਮੀਆਂ ਲੰਮੀਆਂ ਬਾਤਾਂ ਆਉਂਦੀਆਂ ਜਿਹੜੀਆਂ ਉਹ ਮੈਨੂੰ ਅਕਸਰ ਸੁਣਾਉਂਦਾ ਜਦੋਂ ਵੀ ਸਾਨੂੰ ਮਿਲਣ ਆਉਂਦਾ। ਉਸ ਦੀ ਸੁਣਾਈ ਇਕ ਬਾਤ ਮੈਂ ਕਦੀ ਨਹੀਂ ਭੁੱਲ ਸਕਿਆ। ਉਹ ਬਾਤ ਉਸ ਕੁੜੀ ਦੀ ਹੈ ਜਿਸ ਨੂੰ ਕਿਸੇ ਤੁਹਮਤ ਕਰਕੇ ਉਹਦਾ ਭਰਾ ਵੱਢ ਕੇ ਉਜਾੜ ਬੀਆਬਾਨ ਵਿਚ ਦੱਬ ਦਿੰਦਾ ਹੈ। ਉਹ ਅੰਬ ਦਾ ਰੁੱਖ ਬਣ ਕੇ ਉੱਗ ਪੈਂਦੀ ਹੈ।ਭਰਾ ਉਹ ਅੰਬ ਵੀ ਕਟਵਾ ਦਿੰਦਾ ਹੈ। ਜਿਸ ਦਾ ਇਕ ਮੋਛਾ ਇਕ ਫ਼ਕੀਰ ਲੈ ਜਾਂਦਾ ਹੈ । ਉਸ ਦੀ ਸਾਰੰਗੀ ਬਣਵਾ ਲੈਂਂਦਾ ਹੈ। ਜਿਸ ਨੂੰ ਉਹ ਪਿੰਡ ਪਿੰਡ ਵਜਾਉਂਦਾ ਫਿਰਦਾ ਹੈ। ਜਦੋਂ ਉਹ ਉਸ ਕੁੜੀ ਦੇ ਪਿੰਡ ਉਸ ਦੀ ਗਲੀ ਵਿਚ ਜਾਂਦੀ ਹੈ ਤਾਂ ਉਹ ਕੁੜੀ ਦੀ ਆਵਾਜ਼ ਵਿਚ ਸਾਰਾ ਭੇਤ ਖੋਲ੍ਹ ਦਿੰਦੀ ਹੈ। ਤਾਰਿਆਂ ਦੀ ਛਾਂਵੇਂ ਸੁਣੀਆਂ ਬੁੱਝਣ ਵਾਲੀਆਂ ਬਾਤਾਂ : ਨੀਲੀ ਟੱਲੀ ਚੌਲ ਬੱਧੇ ਢਾਂਗਾ ਪਾਰ ਢਾਂਗਾ ਦੀਆਂ ਦੋ ਪਾਰ ਦੀਆਂ ਦੋ ਧੀਆਂ ਸ਼ਾਹੂਕਾਰ ਦੀਆਂ ਇਹ ਸਭ ਕੁਝ ਕਵਿਤਾ ਹੀ ਸੀ ।
ਸੰਗੀਤ ਦੀਆਂ ਪਹਿਲੀਆਂ ਸੁਰਾਂ ਮੈਂ ਰਾਗੀਆਂ ਢਾਡੀਆਂ ਦੇ ਮੁਖ ਤੋਂ ਹੀ ਸੁਣੀਆਂ।
ਮੈਂ ਦੂਜੀ ਜਮਾਤ ਵਿਚ ਸੀ ਜਦੋਂ ਮੇਰੇ ਪਿਤਾ ਜੀ ਘਰ ਦੀ ਆਰਥਕ ਹਾਲਤ ਨੂੰ ਸੁਧਾਰਨ ਲਈ ਜੰਜੀਬਾਰ (ਅਫ਼ਰੀਕਾ) ਚਲੇ ਗਏ ਜਿੱਥੇ ਰੇਲਵੇ ਟ੍ਰੈਕ ਵਿਛ ਰਹੇ ਸਨ ਤੇ ਓਥੇ ਕਾਰੀਗਰਾਂ ਅਤੇ ਮਜ਼ਦੂਰਾਂ ਦੀ ਲੋੜ ਸੀ। ਉਨ੍ਹਾਂ ਦੇ ਪਰਦੇਸ ਜਾਣ ਦੀ ਸਵੇਰ ਵੀ ਮੇਰੇ ਚੇਤਿਆਂ ਵਿਚ ਵੱਸੀ ਹੋਈ ਹੈ, ਜਿਸ ਬਾਰੇ ਮੈਂ ਬਹੁਤ ਸਾਲਾਂ ਬਾਅਦ ਪਟਿਆਲੇ ਐਮ. ਏ. ਕਰਦਿਆਂ ਗੀਤ ਲਿਖਿਆ ਸੀ :
ਮੈਲ਼ੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ‘ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਸੋਨੀਆ : ਵਿੱਦਿਆ 25 ਸਾਲ ਤੱਕ ਦਾ ਜੀਵਨ?
ਪਾਤਰ : ਮੇਰੇ ਪਿੰਡ ਪੱਤੜ ਕਲਾਂ ਚੌਥੀ ਤੱਕ ਸਕੂਲ ਸੀ। ਉਸ ਸਕੂਲ ਦਾ ਅਧਿਆਪਕ ਖੇਮ ਚੰਦ ਯਾਦ ਆਉਂਦਾ ਹੈ ਜੋ ਸਾਨੂੰ ਕਲਮਾਂ ਘੜ ਕੇ ਦਿਆ ਕਰਦਾ ਸੀ। ਮੈਟ੍ਰਿਕ ਮੈਂ ਲਾਗਲੇ ਪਿੰਡ ਖਹਿਰਾ ਮੱਝਾ ਤੋਂ ਕੀਤੀ। ਹੈੱਡ ਮਾਸਟਰ ਵਤਨ ਸਿੰਘ ਗਿੱਲ, ਡਰਾਇੰਗ ਮਾਸਟਰ ਮਹਿੰਦਰ ਸਿੰਘ ਤੇ ਹਿਸਾਬ ਦੇ ਟੀਚਰ ਸ਼ੰਕਰ ਦਾਸ ਯਾਦ ਆਉਂਦੇ ਹਨ। ਗ੍ਰੈਜੂਏਸ਼ਨ ਰਣਧੀਰ ਕਾਲਜ ਕਪੂਰਥਲਾ ਤੋਂ ਕੀਤੀ। ਮਸ਼ਹੂਰ ਨਾਟਕਕਾਰ ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਬਹੁਤ ਮਧੁਰਤਾ ਤੇ ਅਪਣੱਤ ਭਰੀ ਪਤਨੀ ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ। ਇਸ ਜੋੜੀ ਤੋਂ ਮੈਨੂੰ ਬਹੁਤ ਪਿਆਰ ਤੇ ਅਪਣੱਤ ਮਿਲੀ। ਤੁਕਬੰਦੀ ਤਾਂ ਚੌਥੀ ਜਮਾਤ ਤੋਂ ਹੀ ਕਰਨ ਲੱਗ ਪਿਆ ਸੀ। ਪਰ ਆਪਣੀ ਜਿਹੜੀ ਕਿਰਤ ਮੈਨੂੰ ਪਹਿਲੀ ਵਾਰ ਕਵਿਤਾ ਲੱਗੀ। ਉਹ ਕਾਲਜ ਦੇ ਦੂਜੇ ਵਰ੍ਹੇ ਦੌਰਾਨ ਲਿਖੀ ਕਵਿਤਾ ਗਾਇਕਾ ਸੀ :
ਰਿਵੀ ਰਚਾਈਆਂ ਲਹਿਰਾਂ-ਤਾਲੀ
ਲਰਜ਼ਾਉਂਦੀ ਤੇਰੀ ਆਵਾਜ਼
ਇਕ ਯੁਗ ਤੋਂ ਮੇਰਾ ਵਿਸ਼ਵਾਸ :
ਤੇਰੇ ਸੀਨੇ ਸਰਵਰ ਲਹਿਰੇ
ਤੂੰ ਅੱਜ ਮੇਰਾ ਗੀਤ ਗਾਂਵਿਆ
ਜ਼ਖ਼ਮੀ ਹੰਸ ਉਡੇ ਸਰਵਰ ‘ਚੋਂ
ਪਾਣੀ ਵਿਚ ਪਿਆਜ਼ੀ ਰੌਆਂ
ਜਲ-ਤਲ ਨੂੰ ਝਰਨਾਟਾਂ ਛਿੜੀਆਂ
ਇਹ ਤੇ ਕੁਝ ਹੋਰ ਕਵਿਤਾਵਾਂ ਪ੍ਰੀਤ ਲੜੀ ਵਿਚ ਛਪੀਆਂ। ਉਨ੍ਹਾਂ ਦੇ ਛਪਣ ਦੀ ਮੈਨੂੰ ਬੇਹੱਦ ਖੁਸ਼ੀ ਹੋਈ। ਪ੍ਰੀਤ ਲੜੀ ਦੇ ਉਸ ਸਫ਼ੇ ਦੀ ਫ਼ੋਟੋਸਟੇਟ ਮੈਂ ਅਜੇ ਤੱਕ ਸਾਂਭੀ ਹੋਈ ਹੈ ।
ਪੰਜਾਬੀ ਐਮ. ਏ. ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ। ਐਮ. ਏ. ਦੇ ਪਹਿਲੇ ਸਾਲ ਦੌਰਾਨ ਮੇਰੇ ਬੀ ਜੀ ਗੁਜ਼ਰ ਗਏ। ਪਿਤਾ ਪਰਦੇਸ ਸੀ । ਛੋਟਾ ਵੀਰ ਉਪਕਾਰ ਵੀ ਪਿਤਾ ਜੋ ਕੋਲ ਨੈਰੋਬੀ ਚਲਾ ਗਿਆ ਸੀ। ਤਦ ਤੱਕ ਚਾਰੇ ਭੈਣਾਂ ਆਪਣੇ ਆਪਣੇ ਘਰੀਂ ਸਨ।
ਪਟਿਆਲੇ ਮੈਂ ਦੋ ਸਾਲ ਐਮ. ਏ. ਤੇ ਡੇਢ ਕੁ ਸਾਲ ਪੀਐੱਚ ਡੀ ਵਿਚ ਲਾਏ (ਜੋ ਮੈਂ ਓਦੋਂ ਮੁਕੰਮਲ ਨਾ ਕਰ ਸਕਿਆ।) ਪੰਜਾਬ ਸਟੂਡੈਂਟਸ ਯੂਨੀਅਨ ਦੀ ਹੜਤਾਲ ਕਾਰਨ ਵਾਈਸ ਚਾਂਸਲਰ ਸਾਹਿਬ ਨਾਰਾਜ਼ ਹੋ ਗਏ। ਮੇਰੀ ਸਕਾਲਰਸ਼ਿਪ ਖ਼ਤਮ ਕਰ ਦਿੱਤੀ ਗਈ। ਮੈਨੂੰ ਤੇ ਨੂਰ ਸਾਹਿਬ ਨੂੰ ਪਟਿਆਲੇ ਤੋਂ ਉਜੜਨਾ ਪਿਆ। ਪਰ ਪਟਿਆਲਾ ਅਜੇ ਵੀ ਦਿਲ ਵਿਚ ਵੱਸਦਾ ਹੈ । ਭੂਤਵਾੜਾ ਉੱਜੜ ਚੁੱਕਿਆ ਸੀ ਪਰ ਭੂਤ ਅਜੇ ਆਸ ਪਾਸ ਫਿਰਦੇ ਸਨ, ਕੁਲਵੰਤ ਗਰੇਵਾਲ, ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਪ੍ਰੇਮ ਪਾਲੀ। ਲਾਲੀ ਸਾਹਿਬ ਨਾਲ ਲੰਮੀ ਸੁਹਬਤ ਰਹੀ। ਉਨ੍ਹਾਂ ਨੇ ਮੈਨੂੰ ਗ੍ਰੀਕ ਟੈਜਡੀ ਤੇ ਲੋਰਕ ਪੜ੍ਹਨ ਦੀ ਪ੍ਰੇਰਣਾ ਦਿੱਤੀ। ਸਾਡੀ ਪ੍ਰੋਫ਼ੈਸਰ ਦਲੀਪ ਕੌਰ ਟਿਵਾਣਾ ਨੇ ਮੈਨੂੰ ਲਾਲੀ ਨਾਲ ਮਿਲਾਇਆ ਸੀ : ਲਾਲੀ ਇਹ ਸੁਰਜੀਤ ਆ, ਇਹ ਵੀ ਤੁਹਾਡੇ ਕਬੀਲੇ ਦਾ ਬੰਦਾ। ਕਵਿਤਾ ਲਿਖਦਾ। ਲਾਲੀ ਜੀ ਕਹਿਣ ਲੱਗੇ : ਕਵੀ, ਸ਼ਹਿਰ ਚੱਲੀਏ? ਮੈਂ ਕਿਹਾ : ਪੈਦਲ ਹੀ ? ਲਾਲੀ ਜੀ ਕਹਿਣ ਲੱਗੇ : ਨਹੀਂ ਕਵੀ, ਕਥਾ ‘ਤੇ ਸਵਾਰ ਚੱਲਾਂਗੇ। ਇਸ ਕਥਨ ਦੀਆਂ ਬੇਸ਼ੁਮਾਰ ਪਰਤਾਂ ਹਨ। ਪ੍ਰੋ. ਰਾਜ਼ਦਾਨ ਨਵੇਂ ਨਵੇਂ ਅਮਰੀਕਾ ਤੋਂ ਆਏ ਸਨ। ਉਹ ਆਕਟਾਵਿਓ ਪਾਜ਼ ਲੈ ਕੇ ਆਏ, ਯਹੂਦੀ ਧੁਨਾਂ ਦਾ ਐੱਲ ਪੀ ਲੈ ਕੇ ਆਏ। ਪਟਿਆਲੇ ਤੋਂ ਆਉਣ ਨਾਲ ਜ਼ਿੰਦਗੀ ਦਾ ਇਕ ਅਧਿਆਇ ਸਪੰਨ ਹੋ ਗਿਆ ।
ਸੋਨੀਆ : ਪੰਜਾਹ ਸਾਲ ਤੱਕ ਦਾ ਜੀਵਨ?
ਪਾਤਰ : ਪਟਿਆਲੇ ਤੋਂ ਬਾਅਦ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਇਕ ਸਾਲ ਨੌਕਰੀ ਕੀਤੀ। ਉਸ ਤੋਂ ਬਾਅਦ ਖ਼ਾਲਸਾ ਕਾਲਜ ਜਲੰਧਰ ਦੇ ਕਵੀ ਦਰਬਾਰ ਤੇ ਸਾਵੇ ਪੱਤਰਾਂ ਵਾਲੇ ਮੋਹਨ ਸਿੰਘ ਮਿਲੇ ਤੇ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੈ ਗਏ।
ਭੈਣਾਂ ਨੂੰ ਅਕਸਰ ਮੇਰੇ ਵਿਆਹ ਦਾ ਫ਼ਿਕਰ ਰਹਿੰਦਾ ਸੀ। ਉਨ੍ਹਾਂ ਬਹੁਤ ਕੁੜੀਆਂ ਦੇਖੀਆਂ। ਇਕ ਦਿਨ ਭੈਣਾਂ ਮੇਰੇ ਕੋਲ ਇਕ ਆਡੀਓ ਕੈਸਿਟ ਲੈ ਕੇ ਆਈਆਂ : ਅਸੀਂ ਇਕ ਕੁੜੀ ਨੂੰ ਦੇਖਣ ਗਈਆਂ ਸੀ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਾਡਾ ਭਰਾ ਕਵੀ ਐ। ਉਨ੍ਹਾਂ ਸੋਚਿਆ ਕਵੀ ਨੂੰ ਕੀ ਭੇਜੀਏ ਤੇ ਉਨ੍ਹਾਂ ਇਹ ਕੈਸਟ ਭੇਜੀ। ਇਸ ਕੈਸਟ ਵਿਚ ਕੁੜੀ ਦੀ ਬਹੁਤ ਮਿੱਠੀ ਆਵਾਜ਼ ਵਿਚ ਘਰੇ ਗਾ ਕੇ ਭਰਿਆ ਹੋਇਆ ਇਕ ਸ਼ਬਦ ਸੀ : ਸਾਹਿਬ ਮੇਰਾ ਮਿਹਰਬਾਨ। ਮੈਨੂੰ ਉਸ ਆਵਾਜ਼ ਦਾ ਚਿਹਰਾ ਬਹੁਤ ਪਿਆਰਾ ਲੱਗਿਆ। ਉਸ ਕੁੜੀ ਨਾਲ ਫਗਵਾੜੇ ਦੇ ਬੱਸ ਸਟੈਂਡ ਤੇ ਨਿੱਕੀ ਜਿਹੀ ਮੁਲਾਕਾਤ ਹੋਈ। ਉਹ ਕੁੜੀ ਭੁਪਿੰਦਰ ਹੈ, ਮੇਰੀ ਜੀਵਨ ਸਾਥਣ। ਸਾਡੇ ਦੋ ਬੇਟੇ ਹਨ -ਅੰਕੁਰ ਤੇ ਮਨਰਾਜ। ਅੰਕੁਰ, ਉਸਦੀ ਪਤਨੀ ਤੇ ਉਨ੍ਹਾਂ ਦਾ ਪੁੱਤਰ ਆਸਟ੍ਰੇਲੀਆ ਹਨ। ਮਨਰਾਜ ਸਾਡੇ ਕੋਲ ਲੁਧਿਆਣੇ।
1973 ਕੋਲਾਜ ਕਿਤਾਬ ਛਪੀ। ਜਿਸ ਵਿਚ ਕੈਰੋਂ ਦੀਆਂ ਚਾਰ ਕਹਾਣੀਆਂ ਤੇ ਮੇਰੀਆਂ ਤੇ ਪਰਮਿੰਦਰਜੀਤ ਦੀਆਂ ਦਸ ਦਸ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ।
1985 ਵਿਚ ਮੈਂ ਦੂਰਦਰਸ਼ਨ ਜਲੰਧਰ ਲਈ ਸੂਰਜ ਦਾ ਸਿਰਨਾਵਾਂ ਲਿਖਿਆ ਤੇ ਪੇਸ਼ ਕੀਤਾ। ਇਸ ਪੰਦਰਵਾੜਾ ਪ੍ਰੋਗਰਾਮ ਵਿਚ 30 ਪ੍ਰੋਗਰਾਮ ਟੈਲੀਕਾਸਟ ਹੋਏ। ਕਵਿਤਾ ਦਾ ਪਹੁ-ਫੁਟਾਲਾ : ਰਿਗ ਵੇਦ, ਨਾਥ-ਬਾਣੀ, ਬਾਬਾ ਫ਼ਰੀਦ, ਗੁਰੂ ਨਾਨਕ, ਦਮੋਦਰ, ਪੀਲੂ ਤੋਂ ਲੈ ਕੇ ਸ਼ਿਵ ਕੁਮਾਰ ਤੱਕ।
1978 ਵਿਚ ‘ਹਵਾ ਵਿਚ ਲਿਖੇ’ ਹਰਫ਼ ਪ੍ਰਕਾਸ਼ਿਤ ਹੋਈ। 1993 ਵਿਚ ਦੋ ਕਿਤਾਬਾਂ ”ਬਿਰਖ ਅਰਜ਼ ਕਰੇ” ਅਤੇ ”ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ” ਪ੍ਰਕਾਸ਼ਿਤ ਹੋਈਆਂ। ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਐਲਾਨ ਹੋਣ ਤੋਂ ਵੀ ਪਹਿਲਾਂ ਮੈਨੂੰ ਇਹ ਖ਼ਬਰ ਜਸਵੰਤ ਸਿੰਘ ਨੇਕੀ ਨੇ ਸੁਣਾਈ ਸੀ। ਜਿਊਰੀ ਵਿਚ ਨੇਕੀ ਹੋਰਾਂ ਤੋ ਇਲਾਵਾ ਦੋ ਲੇਖਕ ਸਨ ਬਲਵੰਤ ਗਾਰਗੀ ਤੇ ਪ੍ਰੇਮ ਪ੍ਰਕਾਸ਼।
ਪੀ. ਏ. ਯੂ. ਵਿਚ ਡੀਪਾਰਟਮੈਂਟ ਦੀ ਇਕ ਪ੍ਰਾਜੈਕਟ ਪੁਸਤਕ ਲਿਖੀ : ਪੰਜਾਬੀ ਸਾਹਿਤ ਵਿਚ ਖੇਤੀਬਾੜੀ ਦਾ ਚਿਤ੍ਰਣ ।
25 ਤੋਂ 50 ਸਾਲ ਦੀ ਬਾਤ ਏਨੀ ਹੀ ।
ਸੋਨੀਆ : 4 ਪੰਜਾਹ ਤੋਂ ਹੁਣ ਤੱਕ?
ਪਾਤਰ : ਇਸ ਦੌਰਾਨ ਲੋਰਕਾ ਦੇ ਤਿੰਨ ਦੁਖਾਂਤਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਰੂਪਾਂਤਰਣ ਕੀਤਾ : ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤਹੀਣ, ਤਰਕਾਲਾਂ ਤੇ ਹੁਕਮੀ ਦੀ ਹਵੇਲੀ। ਯਾਂ ਜਿਰਾਦੂ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ। ਇਸ ਦੌਰਾਨ ਮੇਰੀ ਆਵਾਜ਼ ਵਿਚ ਮੇਰੀਆਂ ਗਜ਼ਲਾਂ ਦੀ ਇਕ ਕੈਸਟ : ਬਿਰਖ ਅਰਜ਼ ਕਰੇ , ਹਰਿੰਦਰ ਬੀਸਲੇ ਅਤੇ ਸ਼ਮਸ਼ੇਰ ਸੰਧੂ ਦੇ ਉੱਦਮ ਨਾਲ ਰਿਕਾਰਡ ਹੋਈ ਜਿਸ ਵਿਚ ਅਤੁਲ ਸ਼ਰਮਾ ਦਾ ਬਹੁਤ ਪਿਆਰਾ ਸੰਗੀਤ ਹੈ। ਅਤੁਲ ਸ਼ਰਮਾ ਨੇ ਮੈਨੂੰ ਦੱਸਿਆ : ਜਦੋਂ ਤੁਸੀ ਸਟੂਡੀਓ ਵਿਚ ਗ਼ਜ਼ਲਾਂ ਗਾ ਕੇ ਚਲੇ ਗਏ। ਮੈਂ ਆਪਣੇ ਸਾਰੇ ਸਾਜ਼ਿੰਦਿਆਂ ਨੂੰ ਬੁਲਾਇਆ। ਸਟੂਡੀਓ ਦੀਆਂ ਲਾਈਟਾਂ ਬੁਝਾ ਦਿੱਤੀਆਂ ਤੇ ਆਪਣੇ ਸਾਜ਼ਿੰਦਿਆਂ ਨੂੰ ਕਿਹਾ : ਇਨ੍ਹਾਂ ਗ਼ਜ਼ਲਾਂ ਨੂੰ ਅੰਤਰ ਧਿਆਨ ਹੋ ਕੇ ਸੁਣੋਂ।ਅਸੀਂ ਦੋ ਵਾਰ ਗ਼ਜ਼ਲਾਂ ਸੁਣੀਆਂ। ਫਿਰ ਮੈਂ ਸਾਜ਼ਿੰਦਿਆਂ ਨੂੰ ਕਿਹਾ : ਆਪਣੇ ਸਾਜ਼ਾਂ ਨੂੰ ਦੋ ਦੋ ਸੁਰਾਂ ਹੇਠਾਂ ਕਰ ਲਵੋ ਤੇ ਹੁਣ ਇਸ ਵਿਚ ਪੀਸ ਦਿਓ।
ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਜ਼ੇਬ ਦੋ ਕਾਵਿ ਪਸਤਕਾਂ ਪ੍ਰਕਾਸ਼ਿਤ ਕੀਤੀਆਂ।
60 ਸਾਲਾਂ ਦੀ ਉਮਰ ਵਿਚ ਪੀ. ਏ. ਯੂ. ਤੋਂ ਰਿਟਾਇਰ ਹੋਇਆ। ਤਕਰੀਬਨ ਦੋ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਆਫ਼ ਐਮੀਨੈਂਸ ਦੇ ਅਹੁਦੇ ‘ਤੇ ਕੰਮ ਕੀਤਾ।
ਬਾਅਦ ਦੇ ਸਾਲਾਂ ਵਿਚ ਸੁਰਜ਼ਮੀਨ ਤੇ ਚੰਨ ਸੂਰਜ ਦੀ ਵਹਿੰਗੀ ਦੋ ਕਾਵਿ-ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਅਤੇ ਦੋ ਵਾਰਤਕ ਪੁਸਤਕਾਂ ਸੂਰਜ ਮੰਦਰ ਦੀਆਂ ਪੌੜੀਆਂ ਤੇ ਇਹ ਬਾਤ ਨਿਰੀ ਏਨੀ ਹੀ ਨਹੀਂ।
ਸੋਨੀਆ : ਕੀ ਕਰਨਾ ਬਾਕੀ? ਕੋਈ ਤਲਬ?
ਪਾਤਰ: ਕੁਝ ਅਧੂਰੇ ਪ੍ਰੌਜੈਕਟ ਹਨ। ਪੂਰੇ ਕਰਨੇ ਚਾਹੁੰਦਾ ਹਾਂ। ਦੱਸਣ ਨਾਲ, ਕਹਿੰਦੇ ਹਨ, ਜੜ੍ਹਾਂ ਨੰਗੀਆਂ ਹੋ ਜਾਂਦੀਆਂ ਹਨ ।
ਸੋਨੀਆ : ਕੋਈ ਪਸ਼ਚਾਤਪ? ਪ੍ਰਧਾਨਗੀਆਂ ਤੇ ਚੇਅਰਮੈਨੀਆਂ।
ਪਾਤਰ : ਪੀ. ਏ. ਯੂ. ਦੀ ਨੌਕਰੀ ਦੌਰਾਨ ਜਦੋਂ ਡੀਪਾਰਟਮੈਂਟ ਵਿਚ ਮੇਰੀ ਹੈੱਡਸ਼ਿਪ ਦੀ ਵਾਰੀ ਆਈ ਸੀ ਤਾਂ ਮੈਂ ਇਨਕਾਰ ਕਰ ਦਿੱਤਾ ਸੀ ਤੇ ਹਾਸੇ ਨਾਲ ਕਿਹਾ ਸੀ: ਮੈਂ ਨਹੀਂ ਹੈੱਡ ਉੱਤੇ ਸ਼ਿਪ ਚੁੱਕਣੀ। ਪਰ ਪ੍ਰਧਾਨਗੀਆਂ ਤੇ ਚੇਅਰਮੈਨੀਆਂ ਦੀ ਸ਼ਿਪ ਮੈਂ ਚਾਹੁੰਦਿਆਂ ਅਣਚਾਹੁੰਦਿਆਂ ਚੁੱਕ ਲਈ ਤੇ ਅਨੇਕ ਨਾਰਾਜ਼ਗੀਆਂ ਕਮਾਈਆਂ।
ਸੋਨੀਆ : ਕਵਿਤਾ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹੋ ? ਕਵਿਤਾ ਨਾਲ ਤੁਹਾਡਾ ਕੀ ਰਿਸ਼ਤਾ ਹੈ? ਕਵਿਤਾ ਦੀ ਸਾਰਥਕਤਾ ਕੀ ਹੈ?
ਪਾਤਰ : ਕਵਿਤਾ ਸਾਡੇ ਅੰਦਰ ਸਾਡੇ ਤੋਂ ਵੀ ਚੋਰੀਂ ਅਚੇਤ ਹੀ ਚੱਲਦਾ ਇਕ ਗਹਿਰਾ ਸੰਵਾਦ ਹੈ, ਆਪਣੇ ਆਪ ਨਾਲ, ਦੂਸਰਿਆਂ ਨਾਲ, ਆਪਣੇ ਪੁਰਖਿਆਂ ਨਾਲ, ਵਾਰਿਸਾਂ ਨਾਲ, ਆਪਣੇ ਸਮੇਂ ਨਾਲ, ਜ਼ਿੰਦਗੀ ਦੇ ਆਦਿ ਜੁਗਾਦਿ ਸੁਆਲਾਂ ਨਾਲ। ਇਸ ਸੰਵਾਦ ਨੂੰ ਸੁਣਨਾ , ਸਮਝਣਾ ਅਤੇ ਲਿਖਣਾ ਹੀ ਕਵਿਤਾ ਹੈ । ਕਈ ਵਾਰੀ ਲਿਖਦਿਆਂ ਅਸੀਂ ਸੰਪਾਦਨ ਵੀ ਕਰਦੇ ਹਾਂ :
ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਜਿੱਥੇ ਲਫ਼ਜ਼ਾਂ ‘ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ
ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ
ਮੇਰੇ ਮੱਥੇ ‘ਚ ਪਰ ਅਕਲ ਦਾ ਤਾਨਾਸ਼ਾਹ
ਸਭ ਆਵਾਜ਼ਾਂ ਸੁਣੂੰ , ਕੁਛ ਚੁਣੂੰ, ਫਿਰ ਬੁਣੂੰ
ਫਿਰ ਬਿਆਨ ਆਪਣਾ ਕੋਈ ਜਾਰੀ ਕਰੂ
ਪਰਤ ਉਤਰੀ ਤਾਂ ਮੈ ਕਾਮ, ਮੋਹ, ਲੋਭ ਸਾਂ
ਹੋਰ ਉਤਰੀ ਤਾਂ ਜਲ ਖ਼ਾਕ ਅੱਗ ਪੌਣ ਸਾਂ
ਇਸ ਤੋਂ ਪਹਿਲਾਂ ਕਿ ਲਗਦਾ ਪਤਾ ਕੌਣ ਹਾਂ
ਹੋ ਗਿਆ ਹੋਂਦ ਅਪਣੀ ਤੋਂ ਹੀ ਸੁਰਖ਼ਰੂ
ਕਬੀਰ ਜੀ ਦਾ ਇਕ ਸ਼ਲੋਕ ਹੈ :
ਕਬੀਰ ਸਬ ਰਗ ਤੰਤ, ਰਬਾਬ ਤਨ
ਬਿਰਹਾ ਵਜਾਵੈ ਨਿਤ
ਔਰ ਨ ਕੋਊ ਸੁਨ ਸਕੇ
ਜਾਂ ਸਾਈਂ ਜਾਂ ਚਿੱਤ
(ਮੇਰੀ ਕਾਇਆ ਰਬਾਬ ਹੋ ਗਈ ਹੈ
ਮੇਰੀਆਂ ਰਗਾਂ ਇਸ ਦੀਆਂ ਤਾਰਾਂ ਹਨ
ਇਸ ਰਬਾਬ ਨੂੰ ਮੈਂ ਨਹੀਂ
ਮੇਰਾ ਬਿਰਹਾ ਵਜਾਉਂਦਾ ਹੈ
ਇਸ ਦੀ ਧੁਨ ਮੇਰਾ ਚਿੱਤ ਸੁਣਦਾ ਹੈ
ਜਾਂ ਮੇਰਾ ਸਾਂਈਂ
ਹੋਰ ਕੋਈ ਨਹੀਂ)
ਇਸ ਧੁਨ ਦਾ ਸ਼ਬਦਾਂ ਵਿਚ ਅਨੁਵਾਦ ਹੀ ਸ਼ਾਇਦ ਕਵਿਤਾ ਹੈ।
ਕਵਿਤਾ ਦੀ ਸਾਰਥਿਕਤਾ ਆਪੇ ਦਾ ਗਹਿਰਾ ਗਿਆਨ ਦੇਣ ਵਿਚ ਹੀ ਹੈ। ਮਨਾਂ ਦੇ ਸਭ ਤੋਂ ਗਹਿਰੇ ਰਾਜ਼ ਕਵਿਤਾ ਵਿਚ ਹੀ ਹੁੰਦੇ ਹਨ। ਮੇਰੇ ਲਈ ਤਾਂ ਕਵਿਤਾ ਮੇਰੀ ਕਸ਼ੀਦ ਕੀਤੀ ਆਤਮ-ਕਥਾ ਹੈ, ਜਿਸ ਵਿਚ ਉਹ ਧਰਤੀ ਵੀ ਸ਼ਾਮਿਲ ਹੈ, ਜਿਸ ਤੇ ਮੈਂ ਜਿਊਂਦਾ ਸਾਹ ਲੈਂਦਾ ਹਾਂ, ਮੇਰੇ ਲੋਕ, ਮੇਰਾ ਵਿਰਸਾ, ਮੇਰਾ ਦੇਸ ਪਰਦੇਸ, ਮੇਰਾ ਸਮਾਂ ਸ਼ਾਮਿਲ ਹੈ। ਕਵਿਤਾ ਮੇਰੀ ਥੈਰੇਪੀ ਵੀ ਹੈ :
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ
ਕਵਿਤਾ ਮਾਨਵਤਾ ਨੂੰ ਜੋੜਦੀ ਹੈ। ਜਦੋਂ ਕਵੀ ਆਪਣੇ ਮਨ ਵਿਚ ਗਹਿਰਾ ਉਤਰਦਾ ਹੈ ਤਾਂ ਸਾਰਿਆਂ ਦੇ ਮਨਾਂ ਵਿਚ ਗਹਿਰਾ ਉਤਰ ਜਾਂਦਾ ਹੈ। ਕਿਉਂ ਕਿ ਕੋਈ ਥਾਂ ਹੈ ਜਿੱਥੇ ਅਸੀਂ ਇੱਕੋ ਜਿਹੇ ਹਾਂ।
Read more
ਨਾਟਕਕਾਰ, ਅਨੁਵਾਦਕ ਅਤੇ ਚਿੰਤਕ ਬਲਰਾਮ
ਮੁਲਾਕਾਤ : ਸਮਰੱਥ ਸ਼ਾਇਰ ਚਮਨਦੀਪ ਦਿਉਲ
ਮਿਆਰੀ ਗੀਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਵਾਲ਼ਾ ਗੀਤਕਾਰ ਲਾਲ ਅਠੌਲੀ ਵਾਲ਼ਾ (ਲਾਲ ਦੀਨ)