January 19, 2026

ਕਵਿਤਾ : ਰਸੂਲ ਹਮਜ਼ਾਤੋਵ

ਤੇਰੇ ਬਾਝੋਂ ਇਹ ਦੁਨੀਆਂ…

ਤੇਰੇ ਬਾਝੋਂ ਇਹ ਦੁਨੀਆਂ ਹੈ,
ਜਿਉਂ ਕੋਈ ਗੁਫ਼ਾ ਹਨੇਰੀ ।
ਚਾਨਣ ਜਿਸਦੀ ਸਮਝ ਨਾ ਆਏ,
ਸੂਰਜ ਚੀਜ਼ ਪਰਾਈ ।
ਜਾਂ ਆਕਾਸ਼ ਜਿੱਥੇ ਕੋਈ ਤਾਰਾ,
ਪਾਏ ਕਦੇ ਨਾ ਫੇਰੀ ।
ਜਾਂ ਫਿਰ ਪਿਆਰ ਜਿਨ੍ਹੇ ਗਲਵਕੜੀ,
ਨਾ ਕੋਈ ਚੁੰਮਣ ਹੰਢਾਈ ।

ਤੇਰੇ ਬਾਝੋਂ ਇਹ ਦੁਨੀਆਂ,
ਜਿਉਂ ਸਾਗਰ ਬਿਨਾਂ ਨੀਲੱਤਨ
ਠੰਡਾ ਯੱਖ, ਨਾ ਜਿਹੜਾ
ਆਪਣੀ ਅਜ਼ਲੀ ਚਮਕ ਦਿਖਾਵੇ ।
ਜਾਂ ਫਿਰ ਬਾਗ਼ ਨਾ ਜਿਥੇ
ਉੱਗੇ ਕੋਈ ਫੁੱਲ ਕੋਈ ਘਾਹ ਦਾ ਤਿਣ
ਨਾ ਕੋਈ ਬਿੰਡਾ ਰਾਗ ਅਲਾਪੇ,
ਨਾ ਕੋਈ ਬੁਲਬੁਲ ਗਾਵੇ ।

ਤੇਰੇ ਬਿਨ ਰੁੱਖ ਸਦਾ ਖੜੋਤੇ,
ਰੁੰਡ-ਮਰੁੰਡ, ਉਦਾਸ,
ਸਦਾ ਨਵੰਬਰ-ਕਦੀ ਨਾ ਆਏ
ਹੁਨਾਲ, ਸਿਆਲ, ਬਹਾਰ ।
ਲੋਕ ਤੇਰੇ ਬਿਨ ਨਿਰਧਨ,
ਵਹਿਸ਼ੀ, ਜਾਪਣ ਘੋਰ ਨਿਰਾਸ਼ ।
ਤੇ ਤੇਰੇ ਬਿਨ ਸੱਖਣਾ
ਹੋਵੇ ਗੀਤਾਂ ਦਾ ਸੰਸਾਰ ।