February 6, 2025

‘ਪੰਜਾਬੀ ਨਕਸ਼’ ਵੱਲੋਂ ਕੀਤੀ ਪਹਿਲਕਦਮੀ ਅਦਬ ਦੇ ਨਵੇਂ ‘ਨਕਸ਼’ ਉਲੀਕੇਗੀ-ਡਾ. ਵਨੀਤਾ

ਹਿੰਦੋਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਆਜ਼ਾਦੀ ਦੇ 75ਵੇਂ ਸਾਲ ਨੂੰ ਜਸ਼ਨ ਵਜੋਂ ਮਨਾਇਆ ਜਾ ਰਿਹਾ ਹੈ ਜਾਂ ਇਉਂ ਕਹਿ ਲਈਏ ਸਾਨੂੰ ਆਜ਼ਾਦ ਹੋਇਆ ਨੂੰ 75 ਸਾਲ ਹੋ ਗਏ, ਪਰ ਮੈਨੂੰ ਲੱਗਦਾ ਹੈ ਸਾਨੂੰ ਵਿਛੜਿਆਂ 75 ਸਾਲ ਹੋ ਗਏ ਹਨ। ਸਾਡਾ ਵਿਛੋੜਾ ਪੌਣੀ ਸਦੀ ਦਾ ਹੋ ਗਿਆ। ਇਸ ਵੱਢੀ ਟੁੱਕੀ ਧਰਤ ‘ਤੇ ਪੰਜਾਬੀ ਟੁਕੜੇ-ਟੁਕੜੇ, ਕਤਰਾ-ਕਤਰਾ ਜੀ ਰਹੇ ਹਨ। ਆਪੋ-ਆਪਣੀ ਧਰਤੀ, ਆਪੋ ਆਪਣੇ ਜ਼ਜ਼ੀਰੇ ਤੇ ਟਾਪੂ। ਇਕ ਵਕਤ ਸੀ ਜਦੋਂ ਪਰਵਾਸ ਸਾਨੂੰ ਸਾਡੀ ਹੋਣੀ ਤੇ ਹੋਂਦ ਦਾ ਮਸਲਾ ਲੱਗਦਾ ਸੀ ਪਰ ਨਵੇਂ ਤਕਾਜ਼ੇ ਨੇ ਪਰਵਾਸ ਨੂੰ ਗੋਦ ਲੈ ਲਿਆ ਹੈ। ਪੰਜਾਬੀਆਂ ਲਈ ਪਰਵਾਸ ਉਦਰੇਵਾਂ, ਭੂਹੇਰਵਾ, ਵਤਨਪ੍ਰਸਤੀ, ਉਪ-ਭਾਵੁਕਤਾ ਨਹੀਂ ਰਿਹਾ, ਸਗੋਂ ਨਵਾਂ ਅਤੇ ਸਭਿਆਚਾਰਕ ਸੰਕਟ ਬਣ ਗਿਆ ਹੈ। ਆਪਣੀ ਭੋਇੰ ਤੋਂ ਦੂਰ ਬੈਠਾ ਪੰਜਾਬੀ ਬੰਦਾ ਆਪਣੀ ਕਰਮ ਭੁਮੀ ਦੇ ਨਵੇਂ ‘ਨੈਣ-ਨਕਸ਼’ ਨੁਹਾਰ ਰਿਹਾ ਹੈ। ਕੁਲਜੀਤ ਜੰਜੂਆਂ ਹੋਰਾਂ ਵੱਲੋਂ ਕੀਤੀ ਗਈ ਇਹ ਪਹਿਲਕਦਮੀ ਅਦਬ ਦੇ ਨਵੇਂ ‘ਨਕਸ਼’ ਉਲੀਕੇਗੀ। ਸੁਮੰਦਰੋਂ ਪਾਰ ਆ ਰਹੀ ਲਫ਼ਜ਼ਾਂ ਦੀ ਲੋਅ ਨੂੰ ਮੈਂ ਖੁਸ਼ਆਮਦੀਦ ਆਖਦੀ ਹਾਂ।

‘ਨਕਸ਼’ ਦੇ ਪਹਿਲੇ ਕਦਮ ਨੂੰ ਮੁਬਾਰਕ!
ਸ਼ਾਲਾ! ਅਦਬੀ ਨਕਸ਼ਾਂ ਦੇ ਦੀਦਾਰ ਸਦਾ ਹੁੰਦੇ ਰਹਿਣ।