November 3, 2024

‘ਨਕਸ਼’ ਦੀ ਆਮਦ ‘ਤੇ ਹਾਰਦਿਕ ਸ਼ੁਭ ਕਾਮਨਾਵਾਂ-ਜਸਵੰਤ ਜ਼ਫ਼ਰ

ਮੈਨੂੰ ਸੋਨੀਆਂ ਮਨਜਿੰਦਰ ਜੀ ਤੋਂ ਪਤਾ ਲੱਗਾ ਹੈ ਕਿ ਉਹ ‘ਨਕਸ਼’ ਨਾਂ ਦਾ ਤ੍ਰੈਮਾਸਕ ਸਾਹਿਤਕ ਪਰਚਾ ਸ਼ੁਰੂ ਕਰਨ ਲੱਗੇ ਹਨ। ਪੰਜਾਬੀ ਸਾਹਿਤਕ ਪੱਤਰਕਾਰੀ ਦਾ ਬਹੁਤ ਸ਼ਾਨਦਾਰ ਇਤਿਹਾਸ ਹੈ। ਸ. ਗੁਰਬਖਸ਼ ਸਿੰਘ, ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਵੱਡੇ ਅਦੀਬਾਂ ਦੀ ਇਸ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ। ਵਰਤਮਾਨ ਸਮੇਂ ਵਿਚ ਜਿਥੇ ਇਸ ਖੇਤਰ ਸਨਮੁੱਖ ਵੱਡੀਆਂ ਚੁਣੌਤੀਆਂ ਹਨ ਉਥੇ ਨਵੀਆਂ ਸੂਚਨਾ ਅਤੇ ਸੰਚਾਰ ਵਿਧੀਆਂ ਅਤੇ ਤਕਨੀਕਾਂ ਇਸ ਦੇ ਵਿਕਾਸ ਲਈ ਆਨੰਤ ਸੰਭਾਵਨਾਵਾਂ ਲੈ ਕੇ ਆਈਆਂ ਹਨ। ਆਸ ਹੈ ਕਿ ਸੋਨੀਆਂ ਮਨਜਿੰਦਰ ‘ਨਕਸ਼’ ਰਾਹੀਂ ਸਾਹਿਤਕ ਪੱਤਰਕਾਰੀ ਦੇ ਪਿੜ ਵਿਚ ਦਾਖਲ ਹੋ ਕੇ ਦਰਪੇਸ਼ ਚੁਣੌਤੀਆਂ ਨੂੰ ਪਾਰ ਕਰਕੇ ਚੰਗੇਰੇ ਸਾਧਨਾਂ ਦਾ ਲਾਹਾ ਲੈਂਦੇ ਹੋਏ ਵੱਡੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨਗੇ। ਇਹ ਵੀ ਆਸ ਕਰਦਾ ਹਾਂ ਕਿ ‘ਨਕਸ਼’ ਪੰਜਾਬੀ ਸਾਹਿਤਕ ਪੱਤਰਕਾਰੀ ਦੇ ਮਿਆਰ ਵਿਚ ਵਾਧਾ ਕਰੇਗਾ। ਮੈਂ ‘ਨਕਸ਼’ ਦੀ ਆਮਦ ‘ਤੇ ਹਾਰਦਿਕ ਸ਼ੁਭ ਕਾਮਨਾਵਾਂ ਅਤੇ ਮੁਬਾਰਕ ਭੇਜਦਾ ਹਾਂ।