November 8, 2024

ਦੋ ਸ਼ਬਦ

ਸਰਪ੍ਰਸਤ ਡਾ: ਕੁਲਜੀਤ ਸਿੰਘ ਜੰਜੂਆ ਜੀ

ਸਰਪ੍ਰਸਤ ਦੀ ਭੂਮਿਕਾ ਜਿੰਨੀ ਅਹਿਮ ਹੁੰਦੀ ਹੈ ਉਨੀਂ ਹੀ ਨਾਜ਼ੁਕਤਾ ਵਾਲੀ ਵੀ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸੰਪਾਦੀਕਾ ਸੋਨੀਆ ਮਨਜਿੰਦਰ ਅਤੇ ਸਮੂਹ ‘ਨਕਸ਼’ ਟੀਮ ਦਾ ਜਿਨ੍ਹਾਂ ਨੇ ਮੈਨੂੰ ਸਰਪ੍ਰਸਤ ਹੋਣ ਦਾ ਮਾਣ ਬਖ਼ਸ਼ਿਆ ਤੇ ਮੇਰੀ ਵੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਇਹ ਭੂਮਿਕਾ ਪੂਰੀ ਨਿਸ਼ਠਾ ਤੇ ਲਗਨ ਨਾਲ ਨਿਭਾ ਸਕਾਂ। ਜਿਵੇਂ ਕਿ ਮੈਗਜ਼ੀਨ ਦਾ ਨਾਮ ਨਕਸ਼” ਆਪਣੀ ਪਹਿਚਾਣ ਆਪ ਹੀ ਕਰਵਾ ਰਿਹਾ ਹੈ ਤੇ ਸਾਡੀ ਪੂਰੀ ਟੀਮ ਦੀ ਵੀ ਇਹ ਕੋਸ਼ਿਸ਼ ਰਹੇਗੀ ਕਿ ਮੈਗਜ਼ੀਨ “ਨਕਸ਼” ਆਪਣੇ ਯੋਗਦਾਨ ਰਾਹੀਂ ਪੰਜਾਬੀ ਸਾਹਿਤ ਦੇ ਨਕਸ਼-ਨੁਹਾਰ ਸਵਾਰ ਸਕੇ। ਸੋ ਇਸ ਪਲੇਠੇ ਅੰਕ ਦੀ ਤਿਆਰੀ ਕਰਦੇ ਹੋਏ ਸੰਪਾਦੀਕਾ ਨੇ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਇਸ ਨੂੰ ਨੇਪਰੇ ਚਾੜ੍ਹਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਤਾਂ ਜੋ ਆਪ ਸਭ ਤਕ ਇਹੋ ਜਿਹਾ ਮਿਆਰੀ ਸਾਹਿਤ ਪੁੱਜਦਾ ਕਰ ਸਕੀਏ ਜਿਸ ਨੂੰ ਪੜ੍ਹਦੇ ਸਾਰ ਹੀ ਪਾਠਕ ਗੱਦਗੱਦ ਹੋ ਉੱਠਣ। ਇਸ ਦੇ ਨਾਲ ਹੀ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪਾਠਕਾਂ ਤੱਕ ਪਹੁੰਚਾਇਆ ਜਾਵੇ। ਇਸ ਹਥਲੇ ਮੈਗਜ਼ੀਨ ਵਿੱਚ ਤੁਹਾਨੂੰ ਕਵਿਤਾਵਾਂ, ਗ਼ਜ਼ਲਾਂ ਅਤੇ ਵਿਸ਼ੇਸ਼ ਮੁਲਾਕਾਤ (ਸਵਾਲਾਂ ਦੇ ਦਰਪਣ ਉੱਤਰਾਂ ‘ਚ ਜੀਵਨ ਦਰਸ਼ਨ) ਰਾਹੀ ਵਿਸ਼ੇਸ਼ ਸਾਹਿਤਕਾਰਾਂ  ਦੇ ਜੀਵਨ ਨਾਲ ਰੂਬਰੂ ਕਰਵਾਇਆ ਜਾਏਗਾ। ਲੇਖ ਅਧੀਨ ਖ਼ਾਸ ਸ਼ਖ਼ਸੀਅਤ ਦੇ ਜੀਵਨ ਤੇ ਚਾਨਣਾ ਪਾਇਆ ਜਾਏਗਾ ਤੇ ਨਾਲ ਹੀ ਕਿਤਾਬ-ਰਾਤਾਂ ਦੀਆਂ ਬਾਤਾਂ (ਚਲਦਾ) ਤੁਹਾਨੂੰ ਰੌਚਕ ਜਾਣਕਾਰੀ ਪ੍ਰਦਾਨ ਕਰੇਗੀ। ਕੋਸੇ ਚਾਨਣ ਸਿਰਲੇਖ ਅਧੀਨ ਨਵੇਂ ਲਿਖਣ ਵਾਲੇ ਲੇਖਕਾਂ ਦੀਆਂ ਰਚਨਾਵਾਂ ਹੋਣਗੀਆਂ ਜੋ ਕਿ ਉੱਭਰ ਰਹੇ ਲੇਖਕਾਂ ਨੂੰ ਮੌਕਾ ਦੇਣ ਦਾ ਬਹੁਤ ਵਧੀਆ ਉਪਰਾਲਾ ਹੈ । ਲੋਕ ਜਨਜੀਵਨ ਦੇ ਅਧੀਨ ਪੰਜਾਬੀ ਲੋਕ ਜੀਵਨ ਦੀਆਂ ਰੋਜ਼ ਮਰਾ ਦੀਆਂ ਜ਼ਿੰਦਗੀ ‘ਚ ਵਾਪਰਨ  ਵਾਲੀਆਂ ਘਟਨਾਵਾਂ ਜੋ ਅਸੀਂ ਸਾਹਿਤ ਦੇ ਰੂਪ ਵਿੱਚ ਵਿਚਰਦੇ ਹਾਂ ਨਾਲ ਸਬੰਧਿਤ ਝਲਕਾਂ ਨੂੰ ਪੇਸ਼ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਪੰਜਾਬੀ ਸਾਹਿਤ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ  ਅਨੁਵਾਦਿਤ ਕੀਤਾ ਹੋਇਆ ਸਾਹਿਤ  ਆਪ ਅੱਗੇ ਪਰੋਸਿਆ  ਜਾਵੇਗਾ । ਇਸ  ਸਭ ਦੇ ਨਾਲ-ਨਾਲ ਪਾਠਕਾਂ ਨੂੰ ਕਿੱਸਾ ਕਾਵਿ ਤੇ ਸੂਫ਼ੀ ਕਾਵਿ ਦੇ ਰੰਗਾਂ ਦੇ ਆਨੰਦ ਨੂੰ ਮਾਨਣ ਦਾ ਮੌਕਾ  ਵੀ ਮਿਲੇਗਾ । ਕੁੱਲ ਮਿਲਾ ਕੇ   ਨਿਰੋਲ ਮਿਆਰੀ   ਸਾਹਿਤ  ਤੇ  ਪੰਜਾਬੀ ਜਨਜੀਵਨ  ਨੁੰ  ਆਪਣੀ ਬੁੱਕਲ ਚ ਸਮੇਟੇ ਨਕਸ਼ ਪੰਜਾਬੀ ਪੱਤਰਕਾਰੀ ਰਾਹੀਂ ਆਪਣੇ ਪਾਠਕਾਂ ਦੇ ਮਨਾਂ ਤੇ ਨਕਸ਼ ਬਣਾਉਣ ਵਿੱਚ ਸਾਰਥਕ ਹੋਵੇਗਾ। ਉਮੀਦ ਹੈ ਪਾਠਕ ਸਾਡੀ ਇਸ ਕੋਸ਼ਿਸ਼ ਨੂੰ ਪਸੰਦ ਕਰਨਗੇ ਅਤੇ ਸਾਡਾ ਸਾਥ ਦਿੰਦੇ ਰਹਿਣਗੇ। ਇਸੇ ਆਸ ਨਾਲ ਆਪ ਸਭ ਦਾ ਖ਼ੈਰ-ਮਕਦਮ!