
ਸੋਨੀਆ ਮਨਜਿੰਦਰ
ਸੱਚਮੁੱਚ ਹੁਣ ਚੁੱਪ ਨਹੀਂ ਰਹਿ ਸਕਦੇ। ਹੁਣ ਬੋਲਣਾ ਹੀ ਪੈਣਾ ਹੈ। ਚੁੱਪ ਰਹਿ ਕੇ ਹੁਣ ਜ਼ਰ ਵੀ ਨਹੀਂ ਹੋਣਾ। ਸਾਹਿਤ ਕਿਸੇ ਵੀ ਸਮਾਜ ਦਾ ਦਰਪਣ ਹੁੰਦਾ ਹੈ ਤੇ ਅੱਜ ਹੁਣ ਵਰਤਮਾਨ ਸਮੇਂ ‘ਚ ਜੋ ਵੀ ਸਾਹਿਤ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਵੇਖ ਰਹੇ ਹਾਂ ਅਤੇ ਜੋ ਵੀ ਅਜੋਕੇ ਵਕਤ ਦਾ ਵਰਤਾਰਾ ਹੈ ਖ਼ਾਸ ਕਰ ਪੰਜਾਬੀ ਸਾਹਿਤ। ਕੀ ਇਹ ਸੱਚਮੁੱਚ ਹੀ ਸਾਹਿਤ ਹੈ? ਇੱਕ ਵਾਰ ਸਿਰਫ਼ ਇੱਕ ਵਾਰ ਆਪਣੇ ਮਨਾਂ ਨੂੰ ਪੁੱਛ ਕੇ ਵੇਖੋ ਕਿ ਜੋ ਸਮਾਜ ਅਸੀਂ ਸਿਰਜ ਰਹੇ ਹਾਂ ਕਿ ਸੱਚਮੁੱਚ ਹੀ ਇਹ ਇਕ ਸੱਭਿਅਕ ਸਮਾਜ ਹੈ? ਖ਼ਾਸਕਰ ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੌਕ ਉੱਤੇ ਜੋ ਕੱਚਾ ਪੱਕਾ ਸਾਹਿਤ ਪਰੋਸਿਆ ਜਾ ਰਿਹਾ ਹੈ ਕੀ ਇਹ ਸੱਚੀਂ-ਮੁੱਚੀਂ ਸਾਹਿਤ ਹੈ? ਨਹੀਂ, ਬਿਲਕੁਲ ਵੀ ਨਹੀਂ। ਸਾਹਿਤ ਦੇ ਅਕਸ ਤੇ ਜੋ ਗਰਦ ਚੜ੍ਹ ਗਈ ਹੈ ਉਸ ਦਰਪਣ ਤੋਂ ਧੂੜ ਹਟਾਉਣ ਤੇ ਸਾਹਿਤ ਦੇ ਅਕਸ ਨੂੰ ਸਾਫ਼ ਸਾਫ਼ ਦਿਖਾਉਣ ਦਾ ਇਹ ਉਪਰਾਲਾ ਜੋ ਅਸੀਂ ਆਪ ਸਭ ਦੀ ਨਜ਼ਰ ਤੇ ਅਰਪਣ ਕਰਨ ਜਾ ਰਹੇ ਹਾਂ…ਨਕਸ਼…….
ਨਕਸ਼-ਸਾਹਿਤ ਦੇ ਨਕਸ਼ ਨੂੰ ਉਘਾੜਨ ਦਾ ਇੱਕ ਛੋਟਾ ਜਿਹਾ ਮਾਧਿਅਮ ਪੇਸ਼ ਕਰਨ ਜਾ ਰਹੇ ਹਾਂ। ਕੱਚੇ ਸਾਹਿਤ ਤੋਂ ਪੱਕੇ ਤੇ ਸਹੀ ਸਾਹਿਤ ਵੱਲ ਨੂੰ ਜਾ ਰਹੀ ਇਕ ਪਗਡੰਡੀ ਹੈ ਇਹ ਨਕਸ਼ ਤੇ ਦੂਸਰੀ ਵੱਡੀ ਗੱਲ, ਪੰਜਾਬ ‘ਚ ਜੰਮ ਕੇ ਪੰਜਾਬ ‘ਚ ਪਲ ਕੇ ਅਸੀਂ ਬਹੁਤ ਸਾਰੇ ਆਪਣੇ ਹੀ ਪੰਜਾਬੀ ਸਾਹਿਤ ਤੋਂ ਅਣਜਾਣ ਰਹਿ ਜਾਂਦੇ ਆ। ਪੰਜਾਬ ‘ਚ ਪੰਜਾਬੀ ਲਾਜ਼ਮੀ ਵਿਸ਼ਾ ਹੋਣ ਦੇ ਬਾਵਜੂਦ ਵੀ ਪੰਜਾਬੀ ਸਿਰਫ਼ ਇੱਕ ਵਿਸ਼ਾ ਬਣ ਕੇ ਰਹਿ ਗਈ ਹੈ ਤੇ ਮੈਨੂੰ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਇੱਕ ਬੀ.ਏ. ਪੜ੍ਹੀ ਕੁੜੀ ਨੂੰ ਪੰਜਾਬੀ ਦੇ ਮਸ਼ਹੂਰ ਕਵੀ ਭਾਈ ਵੀਰ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਪਤਾ ਨਹੀਂ ਸੀ। ਫਿਰ ਮੈਂ ਬਹੁਤ ਸਾਰੇ ਨੌਜਵਾਨ ਕੁੜੀਆਂ ਮੁੰਡਿਆਂ ਨਾਲ ਗੱਲਬਾਤ ਕਰਕੇ ਇਕ ਸਰਵੇ ਤੋਂ ਪਤਾ ਲਗਾਇਆ ਕੀ ਉਹ ਪੰਜਾਬੀ ਸਹਿਤ ਤੋਂ ਕੋਹਾਂ ਦੂਰ ਨੇ। ਕਿੰਨੀ ਵੱਡੀ ਤ੍ਰਾਸਦੀ ਏ। ਦੱਸ ਬਾਰਾਂ ਸਾਲ ਪੰਜਾਬੀ ਵਿਸ਼ਾ ਲਾਜ਼ਮੀ ਹੋਣ ਦੇ ਬਾਵਜੂਦ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ ਦੇ ਹੀ ਸਾਹਿਤਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ। ਕਿਉਂ?
ਕੀ ਇਹ ਪ੍ਰਸ਼ਨ ਚਿੰਨ੍ਹ ਸਾਡਾ ਦਿਲ ਨਹੀ ਵਲੂੰਧਰਦਾ? ਕਿਉਂ? ਤੇ ਇਸ ਕਿਉਂ ਦੇ ਦੋ ਹੀ ਕਾਰਨ ਹਨ – ਜੋ ਪੜ੍ਹਾਇਆ ਜਾ ਰਿਹਾ ਹੈ ਉਹ ਵਿਸ਼ਾ ਬਣ ਕੇ ਰਹਿ ਗਿਆ ਏ, ਨਾ ਕੀ ਰੁਚੀ ਤੇ ਘਰਾਂ ਵਿੱਚ ਕਿਤਾਬਾਂ ਦੀ ਘਾਟ – ਕਿਤਾਬਾਂ ਸਿਰਫ਼ ਤੇ ਸਿਰਫ਼ ਲਾਇਬਰੇਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਨੇ ਤੇ ਦੂਸਰਾ ਵੱਡਾ ਕਾਰਨ ਜੋ ਵੀ ਕੱਚਾ ਪੱਕਾ ਸਾਹਿਤ ਚੜ੍ਹਦੀ ਉਮਰੇ ਉਨ੍ਹਾਂ ਅੱਗੇ ਸੋਸ਼ਲ ਮੀਡੀਏ ਜ਼ਰੀਏ ਪਰੋਸਿਆ ਜਾ ਰਿਹਾ ਹੈ ਉਹ ਉਸ ਨੂੰ ਹੀ ਸਾਹਿਤ ਸਮਝਣ ਲੱਗ ਪੈਂਦੇ ਨੇ ਜਾਂ ਸਮਝ ਰਹੇ ਹਨ। ਸੋ ਮੁੱਕਦੀ ਗੱਲ ਏ ਕੀ ਨਕਸ਼ ਜਾਂ ਕੋਈ ਮੈਗਜ਼ੀਨ ਕੱਢਣਾ ਇਕ ਮਾਤਰ ਉਪਰਾਲਾ ਨਹੀਂ। ਸਗੋਂ ਸੱਚ ਤਾਂ ਇਹ ਹੈ ਚੰਗਾ ਸਾਹਿਤ ਪੜ੍ਹਨ ਲਿਖਣ ਵਾਲਿਆ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਸਾਹਿਤ ਨਾਲ ਜੋੜਨਾ ਪਵੇਗਾ। ਆਪਣੀ ਵਿਰਾਸਤ, ਆਪਣੇ ਸਾਹਿਤ ਤੇ ਆਪਣੇ ਇਤਿਹਾਸ ਨਾਲ ਰੂਬਰੂ ਕਰਵਾਉਣਾ ਪਵੇਗਾ। ਨਹੀਂ ਤਾਂ ਸੱਚਮੁੱਚ ਬਹੁਤ ਦੇਰ ਹੋ ਜਾਵੇਗੀ। ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਬਚੇਗਾ। ਬਹੁਤ ਸਾਰੀਆ ਪੰਜਾਬੀ ਸਾਹਿਤ ਦੀਆਂ ਵਿਧਾਵਾਂ ਕਿੱਸਾ, ਕਾਵਿ, ਨਾਟਕ, ਇਕਾਂਗੀ ਬਹੁਤ ਘੱਟ ਪੜ੍ਹੇ ਜਾ ਰਹੇ ਜਾਂ ਲਿਖੇ ਜਾ ਰਹੇ ਹਨ। ਲੋੜ ਹੈ ਨਿੱਘਰ ਰਹੇ ਪੰਜਾਬੀ ਸਾਹਿਤ, ਆਪਣੀ ਵਿਰਾਸਤ ਨੂੰ ਸੰਭਾਲਣ ਦੀ। ਅੱਜ ਤੋਂ ਬਾਈ ਸਾਲ ਪਹਿਲਾਂ ਮੈਂ ਜਦੋਂ ਐਮ. ਏ. ਪੰਜਾਬੀ ਕਰਦੀ ਪਈ ਸਾਂ ਤਾਂ ਸੋਚਦੀ ਸਾਂ ਕਿ ਮੈਂ ਪੰਜਾਬੀ ਦਾ ਮੈਗਜ਼ੀਨ ਸ਼ੁਰੂ ਕਰਾਂ। ਪਰ ਪਰਵਾਸ ਆ ਕੇ ਵੱਸਣ ਤੇ ਇਕ ਔਰਤ ਹੋਣ ਦੀਆ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮੇਰੇ ਕੋਲੋਂ ਇਹ ਸੰਭਵ ਹੀ ਨਹੀਂ ਹੋ ਸਕਿਆ ਤੇ ਇਹ ਖ਼ਿਆਲ ਮੇਰੇ ਮਨ ਦੇ ਗਰਭ ਵਿਚ ਵਾਰ ਵਾਰ ਇਕ ਅਣਜੰਮੇ ਬੱਚੇ ਵਾਂਗ ਕਰਵਟਾਂ ਬਦਲ ਰਿਹਾ ਸੀ ਤੇ ਮੈਨੂੰ ਪੁੱਛ ਰਿਹਾ ਸੀ ਉਹ ਵਕਤ ਕਦੋਂ ਆਵੇਗਾ, ਜਦੋਂ ਮੇਰਾ ਜਨਮ ਹੋਵੇਗਾ। ਜਦੋਂ ਮੈਂ ਐਮ. ਏ. ‘ਚ ਪੜ੍ਹਦੀ ਸਾਂ ਉਦੋਂ ਮੈਨੂੰ ਵੀ ਏਨੀ ਸੋਝ ਨਹੀਂ ਸੀ। ਸਿਰਫ਼ ਇੰਨਾ ਸੀ ਕਿ ਮੈਂ ਇੱਕ ਮੈਗਜ਼ੀਨ ਪੰਜਾਬੀ ਦਾ ਬਣਾਉਣਾ ਚਾਹੁੰਦੀ ਹਾਂ ਸਮੇਂ ਦੇ ਨਾਲ-ਨਾਲ ਇਹ ਮੇਰੇ ਮਨ ਦਾ ਭਾਵ ਹੋਰ ਵੀ ਤੀਬਰ ਹੋਣ ਲੱਗਾ ਤੇ ਹੁਣ ਅਜੋਕੇ ਸਮੇਂ ‘ਚ ਜੋ ਖਿਲਵਾੜ ਪੰਜਾਬੀ ਸਾਹਿਤ ਨਾਲ ਹੋ ਰਿਹਾ ਹੈ ਉਸ ਨੂੰ ਵੇਖਦੇ ਹੋਏ ਹੁਣ ਲਾਜ਼ਮੀ ਹੋ ਗਿਆ ਹੈ ਕਿ ਸਾਰਥਕ ਸਾਹਿਤ ਨੂੰ ਸਾਹਮਣੇ ਲਿਆਂਦਾ ਜਾਵੇ। ਸੋ ਆਪਣੇ ਵੱਲੋਂ ਪੂਰੀ ਲਗਨ ਤੇ ਸੁਹਿਰਦਤਾ ਨਾਲ ਆਪ ਸਭ ਦੀ ਨਜ਼ਰ – ਭੇਟ ਕਰਨ ਜਾ ਰਹੇ ਹਾਂ ਨਕਸ਼ – ਸਾਹਿਤ ਦੇ ਨਰੋਲ ਨਕਸ਼। ਕਹਿੰਦੇ ਨੇ ਸ਼ਕਤੀ ਦੀਆਂ ਦੱਸ ਭੁਜਾਵਾਂ ਹੁੰਦੀਆਂ ਨੇ ਤੇ ਮੇਰੀਆਂ ਇਨ੍ਹਾਂ ਦੋ ਭੁਜਾਵਾਂ ਦੇ ਨਾਲ ਅੱਠ ਹੋਰ ਭੁਜਾਵਾਂ ਮੇਜਰ ਸਿੰਘ ਨਾਗਰਾ, ਡਾ. ਕੁਲਜੀਤ ਸਿੰਘ ਜੰਜੂਆ, ਡਾ. ਅਰਵਿੰਦਰ ਕੌਰ ਤੇ ਹਰਜੀਤ ਬਾਜਵਾ ਬਣ ਕੇ ਜੁੜੇ ਤੇ ਇਨ੍ਹਾਂ ਦੱਸ ਭੁਜਾ ਸ਼ਕਤੀ ਦਾ ਉਥਾਨ ਵਿੱਦਿਆ ਦੇ ਰੂਪ ਵਿੱਚ ਹੋਇਆ। ਪਰ ਇਹ ਦੱਸ ਭੁਜਾਵਾਂ ਸਿਰਫ ਦੱਸ ਭੁਜਾਵਾਂ ਨਹੀਂ ਬਲਕਿ ਲੱਖਾਂ ਕਰੋੜਾਂ ਭੁਜਾਵਾਂ ਦੀ ਤਾਕਤ ਬਣ ਆਪ ਸਭ ਤੋਂ ਪੰਜਾਬੀ ਸਾਹਿਤ ਦੇ ਉਥਾਨ ਦੀ ਆਸ ਰੱਖਦੀ ਹੋਈ ਸਭ ਦੀ ਹੁੰਗਾਰੇ ਦੀ ਉਮੀਦ ਨਾਲ ਆਪ ਸਭ ਨੂੰ ਇਹ ਨਕਸ਼ ਅਰਪਣ ਕਰ ਰਹੀ ਹਾਂ।
Read more
ਕਿਸੇ ਵੀ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ ‘ਅਨੁਵਾਦ’
ਦੋ ਸ਼ਬਦ…
ਆਓ, ਮਾਂ ਬੋਲੀ ਨੂੰ ਸਤਿਕਾਰੀਏ ਅਤੇ ਪਰਚਾਰੀਏ…