ਬੁੱਢਾ ਦਰਿਆ
ਮੁਹੱਬਤ ਬੁੱਢੀ ਨਹੀਂ ਹੁੰਦੀ।
ਨਜ਼ਰ ਪਥਰਾ ਤਾਂ ਜਾਂਦੀ ਏ
ਪਰ ਸੁਪਨਿਆਂ ਦੇ ਰੰਗ ਮੈਲੇ ਨਹੀਂ ਹੁੰਦੇ।
ਤੁਸੀਂ ਮੈਨੂੰ –
ਸਤਲੁਜ ਦੀ ਨਦੀ ਤੋਂ ਵੱਖ ਸਮਝਦੇ ਹੋ !
ਤੇ ‘ਬੁੱਢਾ ਦਰਿਆ’ ਸੱਦਦੇ ਹੋ;
ਤੁਹਾਨੂੰ ਮਾਫ਼ ਕਰਦਾ ਹਾਂ !
ਮੁਹੱਬਤ ਹਰ ਕਿਸੇ ਨੂੰ ਮਾਫ਼ ਕਰ ਦੇਂਦੀ।
ਭਾਵੇਂ ਦੁਨੀਆ ਮੁਹੱਬਤ ਦੀ ਨਜ਼ਰ ਵਿਚ
ਝੀਲ ਦੀ ਥਾਂ ਰੇਤ ਭਰ ਦੇਂਦੀ।
‘ਪ੍ਰੇਮੀ’ ਨੂੰ ਕਹੇ ਪਾਗਲ
ਖਿੜਾਂਦੀ ਜੋ ਕੰਵਲ-ਪੱਤੀਆਂ
ਉਸ ਨੂੰ ਕਹਿੰਦੀ ਹੈ ‘ਦਲਦਲ’
ਜੇ ਮੈਨੂੰ ‘ਬੁੱਢਾ’ ਕਹਿੰਦੀ ਹੈ
ਮੈਂ ਇਸ ਨੂੰ ਮਾਫ਼ ਕਰਦਾ ਹਾਂ
ਮੁਹੱਬਤ ਹਰ ਕਿਸੇ ਨੂੰ ਮਾਫ਼ ਕਰ ਦੇਂਦੀ।
ਜੇ ਮੇਰੀ ਚਾਲ ਧੀਮੀ ਹੈ
ਮੇਰੇ ਵਿਚ ਜੇ ਠਰ੍ਹੰਮਾ ਹੈ
ਜੇ ਕੁੱਲੀਆਂ ਮੈਂ ਨਹੀਂ ਚਾਹੁੰਦਾ
ਤੇ ਫ਼ਸਲਾਂ ਨਾਸ ਨਹੀਂ ਕਰਦਾ
ਇਸੇ ਲਈ ਬੁੱਢਾ ਹੋਇਆ ਹਾਂ?
ਤੁਹਾਡੇ ਕੋਲ ਆਇਆ ਹਾਂ
ਮੇਰੇ ਵਿਚ ਨਿੱਕੇ ਬੱਚੇ
ਬੇਸਹਿਮ ਹੋ ਕੇ ਨੁਹਾਂਦੇ ਨੇ।
ਤੁਹਾਡੀ ਮੈਲ ਧੋਂਦਾ ਹਾਂ।
ਮੇਰਾ ਪਾਣੀ ਤੁਹਾਡੇ ਪਸ਼ੂਆਂ ਨੂੰ ਦੁੱਧੀਂ ਨਹਾਂਦਾ ਹੈ।
ਮੇਰਾ ਪਾਣੀ ਬਗ਼ਾਵਤ ਨਹੀਂ
ਮੇਰਾ ਪਾਣੀ ਸ਼ਰਾਰਤ ਨਹੀਂ
ਇਸੇ ਲਈ ਬੁੱਢਾ ਕਹਿੰਦੇ ਹੋ?
ਤੁਹਾਨੂੰ ਮਾਫ਼ ਕਰਦਾ ਹਾਂ।
ਭਲੇ ਲੋਕੋ! ਕਦੇ ਪਾਣੀ ਵੀ ਮਰਦਾ ਹੈ?
ਜੇ ਪਾਣੀ ਬੁੱਢਾ ਹੁੰਦਾ ਹੈ
ਤਾਂ ਪਾਣੀ ਮਰ ਵੀ ਸਕਦਾ ਹੈ।
ਪਰ ਜਿਹੜੇ ਪਾਣੀ ਵਿਚ
ਘੁਲੀ ਕੈਲਾਸ਼ ਦੀ ਸੀਤਲ ਬਰਫ਼ ਦੀ ਰੂਹ
ਜਿਹਨੂੰ ਸੀਤਲ ਹਵਾਵਾਂ ਨੇ
ਸੁਣਾਈਆਂ ਲੋਰੀਆਂ ਮਿੱਠੀਆ
ਚਿਨਾਰਾਂ ਦੀ
ਮਹਿਕ-ਭਿੰਨੀ ਛਾਂ ਵਿਚ ਜੋ ਵਗਿਆ ਹੈ
ਤੁਹਾਨੂੰ ਬੁੱਢਾ ਲੱਗਦਾ ਹੈ?
ਭਲੇ ਲੋਕੋ !
ਕਦੇ ਵੀ ਨਦੀ ਦੇ ਪਾਣੀ ਦੀ ਲੰਮੀ ਉਮਰ ਨਾ ਪਰਖੋ।
ਨਦੀ ਤਾਂ ਨਿਰੰਤਰ ਤੋਰ ਤੁਰਦੀ ਹੈ
ਨਦੀ ਤਾਂ ਇਕ ਸਮਾਂ ਹੈ
ਸਮਾਂ ਤਾਂ ਭੂਤ ਵੀ ਹੈ ਤੇ ਭਵਿੱਖਤ ਵੀ
ਸਮਾਂ ਤਾਂ ਕੱਲ੍ਹ ਵੀ ਸੀ, ਅੱਜ ਵੀ ਤੇ ਭਲਕ ਵੀ ਯਾਰੋ!
ਮੇਰੀ ਜੇ ਚਾਲ ਧੀਮੀ ਹੈ
ਤਾਂ ਉਮਰਾਂ ਦੀ ਸਿਆਣਪ ਵੀ
ਨਿਰੰਤਰ ਤੋਰ ਤੁਰਦਾ ਹਾਂ!
ਕਈ ਵਾਰੀਂ ‘ਬੁੱਢੀ ਸ਼ਕਤੀ’
ਸੁਨਹਿਰੀ ਤਖ਼ਤ ‘ਤੇ ਬੈਠੀ
ਮੇਰੇ ‘ਤੇ ਹੱਸ ਪੈਂਦੀ ਹੈ
ਖ਼ਬਰ ਉਸ ਨੂੰ ਨਹੀਂ ਸ਼ਾਇਦ
ਕਿ ਬੰਨ੍ਹ ਪਾਣੀ ਨੂੰ ਲਗਦੇ ਨੇ
ਤੇ ਪਾਣੀ ਫੇਰ ਵੀ ਵਗਦੇ ਨੇ।
ਕੋਈ ਕਿੰਨਾ ਸਮਾਂ
ਵਗਦੀ ਰਵਾਨੀ ਨੂੰ ਰੋਕ ਸਕਦਾ ਹੈ?
ਕਈ ਵਾਰੀ ਤਾਂ ਬੰਨ੍ਹ ਵੀ ਟੁੱਟ ਜਾਂਦੇ ਨੇ…!!

Read more
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ
ਅਫ਼ਰੋਜ਼ ਅੰਮ੍ਰਿਤ