February 6, 2025

ਕਹਾਣੀ : 180 ਮਿੰਟ ਦਾ ਆਤੰਕ-ਕਾਲ

ਜਸਵੀਰ ਰਾਣਾ
98156-59220

ਜਸਬੀਰ ਰਾਣਾ ਕਹਾਣੀ ਦੇ ਆਸਮਾਨ ‘ਤੇ ਇਸ ਤਰ੍ਹਾਂ ਉਦੈ ਹੋਇਆ ਜਿਵੇਂ ਬਿਆਬਾਨ ਵਿਚ ਕੋਈ ਗੁਲਾਬ ਖਿੜ੍ਹਦਾ ਹੈ। ਉਸ ਦੇ ਪਾਤਰ ਗੁੰਝਲਦਾਰ ਤੇ ਚਮਤਕਾਰੀ ਹਨ। ਰਾਣਾ ਕਹਾਣੀ ਦਾ ਉਦੋਂ ਤੱਕ ਪਿੱਛਾ ਕਰਦਾ ਹੈ ਜਦੋਂ ਤੱਕ ਕਹਾਣੀ ਉਸ ਨੂੰ ਦਿਸਣੋ ਹੱਟ ਜਾਂਦੀ ਹੈ, ਫਿਰ ਉਹ ਉੱਥੇ ਆਪਣੀਆਂ ਅੱਖਾਂ ਰੱਖ ਕੇ ਆਪਣੇ ਪਾਤਰਾਂ ਕੋਲ ਪਰਤ ਆਉਂਦਾ ਹੈ ਜਦੋਂ ਉਹ ”ਏਥੋਂ ਰੇਗਿਸਤਾਨ ਦਿੱਸਦਾ ਹੈ” ਵਾਲੀ ਥਾਂ ‘ਤੇ ਖਲੋਤਾ ਹੁੰਦਾ ਹੈ ਤਾਂ ਕਹਾਣੀ ਰਾਣੇ ਦਾ ਪਿੱਛਾ ਕਰ ਰਹੀ ਹੁੰਦੀ ਹੈ।
—ਸੰਪਾਦਕ

ਰਾਤ 11 ਵਜੇ ਤੋਂ 12 ਵਜੇ ਤੱਕ

ਹਵਾ ਵਿੱਚ ਪੈਰ ਰੱਖਦਾ ਕੋਈ ਕੰਧ ਦੇ ਨਾਲ-ਨਾਲ ਤੁਰਨ ਲੱਗਾ। ਮੈਂ ਸਾਹ ਰੋਕ ਲਿਆ। ਪੈੜ-ਚਾਲ ਸਿਰਹਾਣੇ ਵਾਲੇ ਪਾਸੇ ਆ ਕੇ ਰੁਕ ਗਈ। ਮੈਂ ਪੁੱਠੀਆਂ ਅੱਖਾਂ ਨਾਲ ਪਿਛਾਂਹ ਨੂੰ ਵੇਖਣ ਲੱਗਾ।
”ਅਮਾਵਸ ਦੀ ਰਾਤ ਐ!…ਬੱਤੀ ਬੁਝਾ ਦੇ ਭਾਗ…!” ਗੁਲਾਬ ਕੁਰ ਦੀ ਆਵਾਜ਼ ਸੁਣ ਮੇਰਾ ਮੰਜਾ ਘੁੰਮਣ ਲੱਗਾ ਸਿਰ ਵੱਲ ਦੌਣ, ਦੌਣ ਵੱਲ ਸਿਰ ਹੋ ਗਿਆ। ਘੁੰਮਦੀਆਂ ਨਜ਼ਰਾਂ ਨਾਲ ਮੈਂ ਸਿਰਹਾਣੇ ਵਾਲੇ ਪਾਸੇ ਵੇਖਿਆ।
ਉਹ ਸੱਜੇ ਪਾਵੇ ਕੋਲ ਮੰਜੇ ਦੀ ਬਾਹੀ ‘ਤੇ ਬੈਠੀ ਸੀ। ਉਸ ਦੀਆਂ ਉਨੀਂਦੀਆਂ ਅੱਖਾਂ ਵੱਲ ਵੇਖ ਮੇਰੀ ਨੀਂਦ ਉੱਡ ਗਈ, ”ਬੈਠੀ ਕੀ ਕਰਦੀ ਐਂ!…ਪੈ ਜਾ ਹੁਣ…!”
”ਮੈਨੂੰ ਚਾਨਣ ‘ਚ ਨੀਂਦ ਨੀ ਆਉਂਦੀ!…ਆਹ ਬੱਤੀ ਬੁਝਾ ਦੇ…!” ਬੱਲਬ ਵੱਲ ਇਸ਼ਾਰਾ ਕਰ ਉਸਨੇ ਪਹਿਲਾਂ ਵਾਲੀ ਗੱਲ ਦੁਬਾਰਾ ਆਖੀ ਉਸ ਵੱਲ ਪਿੱਠ ਕਰ ਮੈਂ ਪਾਸਾ ਪਰਤ ਲਿਆ, ”ਤੂੰ ਹੀ ਬੁਝਾ ਦੇ…!”
”ਚੰਗਾ!…ਮੈਂ ਬੁਝਾ ਦਿੰਨੀ ਆਂ!” ਉਸਦੇ ਉੱਠਣ ਨਾਲ ਮੰਜੇ ਦੀ ਬਾਹੀ ਉੱਪਰ ਨੂੰ ਉੱਠੀ ਪਰ ਉਹ ਨਹੀਂ ਉੱਠੀ। ਬੈਠੀ ਬੈਠੀ ਥੋੜਾ ਜਿਹਾ ਸਰਕੀ। ਸਰਸਰਾਹਟ ਮੇਰੇ ਕੰਨ ਕੋਲ ਦੀ ਲੰਘੀ। ਮੈਂ ਸੱਜੀ ਅੱਖ ਥੋੜ੍ਹੀ ਜਿਹੀ ਖੋਲ੍ਹੀ। ਪਲਕ ਝਪਕ ਵੇਖਿਆ।
ਉਸਦੀ ਬਾਂਹ ਸਰਾਲ਼ ਵਾਂਗ ਲੰਬੀ ਹੁੰਦੀ ਜਾ ਰਹੀ ਸੀ। ਲੰਬੀ। ਹੋਰ ਲੰਬੀ ਹੁੰਦੀ ਜਾ ਰਹੀ ਸੀ।
ਮੇਰੀ ਨਜ਼ਰ ਉਸਦੇ ਹੱਥ ‘ਤੇ ਚਿਪਕ ਗਈ। ਉਹ ਹੱਥ ਨਹੀਂ ਡਰਾਉਣਾ ਪੰਜਾ ਸੀ। ਉਂਗਲਾਂ ਦੇ ਸਿਰੇ ‘ਤੇ ਵੱਡੇ-ਵੱਡੇ ਨਹੁੰ ਸਨ। ਉਸਨੇ ਇਕ ਨਹੁੰ ਨਾਲ ਸਵਿੱਚ ਦੱਬ ਦਿੱਤੀ।
”ਠਾਹ…ਹ…ਹ…ਹ…!!” ਬੱਲਬ ਦਾ ਪਟਾਖਾ ਪੈ ਗਿਆ ਮੇਰੀ ਸੁਰਤੀ ਟੁੱਟ ਗਈ। ਕੰਨਾਂ ਕੋਲ ਸਾਂ-ਸਾਂ ਹੋਣ ਲੱਗੀ। ਹਨੇਰਾ ਸੰਘਣਾ ਹੋਣ ਲੱਗਾ। ਮੈਂ ਹੌਲੀ-ਹੌਲੀ ਉੱਠਿਆ। ਪੈਰੀਂ ਜੁੱਤੀ ਪਾਈ। ਹਨੇਰੇ ਵਿੱਚ ਹੱਥ ਮਾਰਦਾ ਕੰਧ ਕੋਲ ਜਾ ਪੁੱਜਾ।
”ਵੇਖਾਂ ਤਾਂ ਸਈ…!” ਗੁਲਾਬ ਕੁਰ ਦਾ ਨਾਂ ਲੈ ਮੈਂ ਸਵਿੱਚ ਦੱਬ ਦਿੱਤੀ ਵਰਾਂਢਾ ਚਾਨਣ ਨਾਲ ਭਰ ਗਿਆ। ਮੈਂ ਬੋਰਡ ‘ਤੇ ਨਜਰ ਟਿਕਾ ਲਈ। ਜਿਸ ਨਹੁੰ ਨਾਲ ਉਸਨੇ ਸਵਿੱਚ ਦੱਬੀ ਸੀ। ਮੈਂ ਉਸਦਾ ਨਿਸ਼ਾਨ ਲੱਭਣ ਲੱਗਾ। ਪਰ ਲੱਭਾ ਨਹੀਂ। ਨਹੁੰ ਟੁੱਟ ਕੇ ਹੇਠਾਂ ਵੀ ਡਿੱਗ ਸਕਦਾ ਸੀ। ਮੈਂ ਸਵਿੱਚ ਬੋਰਡ ਦੀ ਸੇਧ ਵਿੱਚ ਪੈਰਾਂ ਭਰ ਹੇਠਾਂ ਬੈਠ ਗਿਆ।
”ਉੱਠ!…ਪਿੱਛੇ ਵੇਖ…!” ਮੈਨੂੰ ਆਪਣੀ ਪਿੱਠ ਵਿੱਚ ਕੁਝ ਚੁਭਦਾ ਮਹਿਸੂਸ ਹੋਇਆ ਪਹਿਲਾਂ ਇਕ ਨਹੁੰ। ਫਿਰ ਦੋ। ਫਿਰ ਤਿੰਨ। ਫਿਰ ਪੂਰਾ ਪੰਜਾ ਗਰਦਨ ਤੋਂ ਹੇਠਾਂ ਰੀੜ੍ਹ ਦੀ ਹੱਡੀ ਤੱਕ ਹਲ਼ ਵਾਂਗ ਵਾਹਿਆ ਗਿਆ। ਹਵਾ ਵਿੱਚ ਭੀਂ-ਭੀਂ ਹੋਣ ਲੱਗੀ।
ਮੈਂ ਮੱਖੀ ਫੜਨ ਲਈ ਬਾਂਹ ਘੁੰਮਾ ਕੇ ਪਿੱਠ ‘ਤੇ ਹੱਥ ਮਾਰਿਆ, ‘ਹੱਟ ਤੇਰੀ…!”
”ਇਹਨੇ ਵੀ ਬੜਾ ਤੰਗ ਕੀਤੈ…!” ਉੱਡਦੀ ਮੱਖੀ ਵੱਲ ਵੇਖ ਮੈਂ ਕਰਚ-ਕਰਚ ਦੀ ਆਵਾਜ਼ ਸੁਣਨ ਲੱਗਾ  ਆਵਾਜ਼ ਪਰਛੱਤੀ ਵੱਲੋਂ ਆ ਰਹੀ ਸੀ। ਵਰਾਂਢੇ ਦੇ ਸਾਹਮਣੇ ਹੀ ਨਾਲ ਲੱਗਦੀ ਪਰਛੱਤੀ ਸੀ। ਉਸ ਵਿੱਚ ਪੁਰਾਣਾ ਸਮਾਨ ਪਿਆ ਸੀ। ਉਸਦੇ ਅੱਗੇ ਹੇਠਾਂ ਕੂਹਣੀ ਮੋੜ ਵਰਗਾ ਓਟਾ ਸੀ। ਉਸਦੀ ਓਟ ਵਿੱਚ ਮਿੱਟੀ ਦਾ ਚੁੱਲ੍ਹਾ ਸੀ।
ਗੁਲਾਬ ਕੁਰ ਉੱਥੇ ਬੈਠ ਕੇ ਰੋਟੀ-ਪਾਣੀ ਕਰਦੀ। ਪਰ ਅੱਜ ਕੁਝ ਹੋਰ ਕਰ ਰਹੀ ਸੀ। ਉਹ ਚੁੱਲ੍ਹੇ ਤੋਂ ਥੋੜ੍ਹਾ ਜਿਹਾ ਉਰ੍ਹਾਂ ਓਟੇ ਕੋਲ ਪੀੜ੍ਹੀ ਡਾਹੀਂ ਬੈਠੀ ਸੀ। ਪੈਰਾਂ ਵਿੱਚ ਕਾਲੇ ਰੰਗ ਦੀਆਂ ਚੱਪਲਾਂ। ਚੱਪਲਾਂ ਵਿੱਚ ਬੱਧਰੀਆਂ ਦੀ ਥਾਂ ਬਾਣ ਦੀਆਂ ਰੱਸੀਆਂ। ਉਸਦੇ ਪੈਰਾਂ ਕੋਲ ਛੋਟੀ ਜਿਹੀ ਤਸਲੀ ਪਈ ਸੀ। ਉਸ ਵਿੱਚ ਜਲ਼ੀ ਹੋਈ ਲੱਕੜੀ ਦੇ ਕੋਲੇ ਸਨ। ਉਸਦੇ ਹੱਥ ਵਿੱਚ ਵੀ ਕੋਲੇ ਸਨ। ਉਹ ਇਕ ਕੋਲਾ ਮੂੰਹ ਵਿੱਚ ਪਾਉਂਦੀ। ਕਰਚ-ਕਰਚ ਖਾਣ ਲੱਗਦੀ। ਉਸ ਵੱਲ ਵੇਖ ਮੇਰੇ ਦੰਦਾਂ ਵਿੱਚ ਕਿਰਕਲ ਫੈਲ ਗਈ। ਪਰ੍ਹਾਂ ਨੂੰ ਥੁੱਕ ਮੈਂ ਉਸ ਵੱਲ ਨੂੰ ਤੁਰ ਪਿਆ। ਨਜ਼ਦੀਕ ਪਹੁੰਚਿਆ। ਹੌਲੀ-ਹੌਲੀ ਹੇਠਾਂ ਬੈਠਿਆ। ਉਹ ਨੱਕ ਤੱਕ ਚੁੰਨੀ ਦਾ ਪੱਲਾ ਕਰੀਂ ਮੇਰੇ ਵੱਲ ਵੇਖ ਰਹੀ ਸੀ। ਅੱਖਾਂ ਮਸ਼ਾਲ ਵਾਂਗ ਮੱਚ ਰਹੀਆਂ ਸਨ। ਮੈਂ ਉਸਦਾ ਹੱਥ ਫੜ ਲਿਆ, ”ਅਜੇ ਕਿੰਨੇ ਕੁ ਕੋਲੇ ਖਾਣੇ ਨੇ…!”
”ਵੇ ਫੋਟ!… ਕਾਲੇ ਮੂੰਹ ਆਲਾ…!” ਹੱਥ ਛੁਡਾ ਉਸਨੇ ਕੋਲਿਆਂ ਦੀ ਕਾਲਖ ਮੇਰੇ ਮੂੰਹ ‘ਤੇ ਮਲ਼ ਦਿੱਤੀ।
ਮੈਂ ਸਾਫੀ ਨਾਲ ਮੂੰਹ ਸਾਫ ਕਰਨ ਲੱਗਾ। ਹੱਥ ਝਾੜਦੀ ਉਹ ਧੂੰਆਂ ਬਣ ਉੱਪਰ ਨੂੰ ਉੱਡ ਗਈ।
ਕੋਲਿਆਂ ਦੀ ਤਸਲੀ। ਖਾਲ਼ੀ ਪੀੜ੍ਹੀ। ਬਾਣ ਦੀ ਰੱਸੀ ਵਾਲੀਆਂ ਚੱਪਲਾਂ ਓਟੇ ਕੋਲ ਪਈਆਂ ਸਨ।
”ਵਾਹ ਨੀ ਗੁਲਾਬ ਕੁਰੇ…!” ਸਾਫੀ ਝਾੜਦਾ ਹੋਇਆ ਮੈਂ ਵਰਾਂਢੇ ਵਿੱਚ ਡਹੇ ਮੰਜੇ ਵੱਲ ਨੂੰ ਤੁਰ ਪਿਆ ਮੰਜੇ ਹੇਠਾਂ ਬੈਠਾ ਇਕ ਬੱਚਾ ਮੈਨੂੰ ਘੂਰ ਰਿਹਾ ਸੀ। ਉਸਦੇ ਧੜ ਤੋਂ ਸਿਰ ਗਾਇਬ ਸੀ।

੦ ੦ ੦

”ਮੇਰਾ ਸਿਰ ਤੂੰ ਵੱਢਿਐ…!” ਪਰ੍ਹਾਂ ਕੰਧ ਕੋਲ ਬੰਨ੍ਹੀ ਕੱਪੜਿਆਂ ਵਾਲੀ ਤਾਰ ‘ਤੇ ਟੰਗੀ ਚੁੰਨੀ ਹਿੱਲੀ ਮੈਂ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ। ਉਹ ਗੁਲਾਬ ਕੁਰ ਦੀ ਚੁੰਨੀ ਸੀ। ਉਸਦੀ ਬੁੱਕਲ ਵਿੱਚ ਵੱਢਿਆ ਹੋਇਆ ਸਿਰ ਸੀ। ਉਸਦਾ ਚਿਹਰਾ ਬੇਪਛਾਣ ਸੀ। ਮੱਥੇ ਵਿੱਚਕਾਰ ਇਕ ਅੱਖ। ਨੱਕ ਵਾਲੀ ਥਾਂ ਸਾਫ। ਕੰਨ ਗਾਇਬ। ਉਸਦਾ ਮੂੰਹ ਕੰਨਾਂ ਵਾਲੀ ਥਾਂ ਤੱਕ ਖੁੱਲ੍ਹਦਾ ਸੀ।
”ਕੌਣ ਐਂ ਤੂੰ…!” ਮੈਂ ਕੰਬਦੇ ਹੱਥਾ ਨਾਲ ਤਾਰ ਕੋਲ ਜਾ ਚੁੰਨੀ ਖਿੱਚ ਦਿੱਤੀ ਉਸ ਹੇਠਾਂ ਕੋਈ ਨਹੀਂ ਸੀ। ਹਵਾ ਵਿੱਚ ਉੱਡਦੀ ਚੁੰਨੀ ਛੱਤ ਨਾਲ ਜਾ ਲੱਗੀ। ਮੰਜੇ ਹੇਠੋਂ ਆਹਟ ਉੱਭਰੀ, ”ਮੈਂ ਉਹੀ ਆਂ!… ਆਹੂਤੀ ਬੱਚਾ…!”
”ਤੂੰ!…ਚੱਲ ਉੱਠ!…ਖੜ੍ਹਾ ਹੋ…!” ਮੈਂ ਹੇਠਾਂ ਬੈਠ ਜੁੱਤੀ ਲਾਹ ਕੇ ਧਰਤੀ ‘ਤੇ ਮਾਰੀ ਖੜਾਕਾ ਸੁਣ ਉਹ ਬਿੱਲੀ ਵਾਂਗ ਮੁੱਛਾਂ ‘ਤੇ ਜੀਭ ਫੇਰਨ ਲੱਗਾ। ਮੈਂ ਫਿਰ ਜੁੱਤੀ ਹੇਠਾਂ ਮਾਰੀ। ਉਹ ਦੋਵਾਂ ਹੱਥਾਂ ਪੈਰਾਂ ਉੱਪਰ ਖੜ੍ਹਾ ਹੋ ਗਿਆ। ਉਸਦੀ ਪਿੱਠ ਮੰਜੇ ਨਾਲ ਜਾ ਲੱਗੀ। ਮੰਜਾ ਉੱਪਰ ਨੂੰ ਉੱਠਣ ਲੱਗਿਆ। ਪੈਰੀਂ ਜੁੱਤੀ ਪਾ ਮੈਂ ਛੱਤ ਵੱਲ ਵੇਖਣ ਲੱਗਾ। ਜਦੋਂ ਮੰਜਾ ਛੱਤ ਨਾਲ ਜਾ ਲੱਗਾ। ਵਾਵਰੋਲੇ ਵਾਂਗ ਘੁੰਮਦਾ ਸਿਰ ਧੜ ਨਾਲ ਜਾ ਜੁੜਿਆ, ”ਤੂੰ ਮੈਨੂੰ ਮੰਜੇ ਤੋਂ ਚੁੱਕ ਕੇ ਲਿਆਇਆ ਸੀ…!”
”ਨਹੀਂ ਮੈਂ ਨਹੀਂ!… ਉਹ ਕੋਈ ਹੋਰ ਸੀ…!” ਮੈਂ ਉਸਦੀ ਪਛਾਣ ਕਰਨ ਲੱਗਾ ਪਰ ਉਹ ਬੇਪਛਾਣ ਸੀ, ”ਵੇਖ!…. ਮੈਂ ਉਹੀ ਆਂ…!”
ਉਸਦਾ ਕੰਨਾਂ ਤੱਕ ਪਾਇਆ ਮੂੰਹ ਚਾਮਚੜਿਕ ਵਾਂਗ ਉੱਡਦਾ ਮੇਰੇ ਸਿਰ ਕੋਲ ਦੀ ਲੰਘ ਗਿਆ। ਕੁਝ ਪਲ ਹਵਾ ਵਿੱਚ ਉੱਡਦਾ ਰਿਹਾ। ਫਿਰ ਵਿਹੜੇ ਵਿੱਚ ਡਿੱਗ ਪਿਆ।
”ਵੇਖੀਂ ਡਿੱਗ ਨਾ ਪਈਂ…!” ਗੁਲਾਬ ਕੁਰ ਦੀ ਆਵਾਜ਼ ਸੁਣ ਮੇਰਾ ਮੱਥਾ ਠਣਕਿਆ ਉਹ ਪੀੜ੍ਹੀ ਉੱਪਰ ਆ ਬੈਠੀ ਸੀ। ਉਸ ਕੋਲ ਅੱਕਰਮਾਸ਼ੀ ਬੈਠਾ ਸੀ। ਉਸਦੇ ਹੱਥ ਵਿੱਚ ਟੌਫੀਆਂ ਸਨ। ਉਹ ਸੁਰਖ ਅੱਖਾਂ ਨਾਲ ਕੋਲਿਆਂ ਵੱਲ ਵੇਖ ਰਿਹਾ ਸੀ।
”ਵੇ ਫੋਟ!…ਓਧਰ ਕੀ ਵੇਖਦੈਂ!…ਐਧਰ ਵੇਖ…!” ਉਸਨੂੰ ਇਕ ਕੋਲਾ ਫੜਾ ਗੁਲਾਬ ਕੁਰ ਉਸ ਤੋਂ ਟੌਫੀਆਂ ਫੜਨ ਲੱਗ ਪਈ ਅੱਕਰਮਾਸ਼ੀ ਬਿੱਲੀ ਵਾਂਗ ਮੁੱਛਾਂ ਉੱਪਰ ਜੀਭ ਫੇਰਨ ਲੱਗਾ। ਗੁਲਾਬ ਕੁਰ ਨੇ ਕਾਗਜ਼ ਖੋਲ੍ਹ ਇਕ ਟੌਫੀ ਮੂੰਹ ਵਿੱਚ ਪਾ ਲਈ। ਖਾਲ਼ੀ ਕਾਗਜ ਵਿੱਚ ਕੋਲਾ ਲਪੇਟ ਮੇਰੇ ਵੱਲ ਵਗਾਹ ਦਿੱਤਾ। ਮੈਂ ਬੁੱਚਣ ਲੱਗਾ। ਉਹ ਹੇਠਾਂ ਡਿੱਗ ਪਿਆ। ਕਾਗਜ਼ ਨੂੰ ਅੱਗ ਲੱਗ ਗਈ। ਕੋਲਾ ਬਲਣ ਲੱਗਾ। ਪੈਰਾਂ ਵਿੱਚੋਂ ਉੱਠਦਾ ਧੂੰਆਂ ਸਿਰ ਵੱਲ ਨੂੰ ਵਧਣ ਲੱਗਾ। ਮੈਂ ਸਾਫੀ ਨਾਲ ਪੱਖਾ ਝੱਲਣ ਲੱਗਾ। ਗੁਲਾਬ ਕੁਰ ਬੱਚਿਆਂ ਵਾਂਗ ਹੱਸਣ ਲੱਗੀ, ”ਧੂਫ਼ ਐ!… ਲੈ ਲਾ!… ਭੂਤ ਪ੍ਰੇਤ ਨੇੜੇ ਨੀ ਆਉਂਦੇ…!”
”ਹੂੰਅ!… ਭੂਤ ਪ੍ਰੇਤ…!!” ਮੈਂ ਪੈਰਾਂ ਕੋਲ ਬਲਦਾ ਕੋਲਾ ਚੁੱਕ ਉਸ ਵੱਲ ਵਗਾਹ ਮਾਰਿਆ ਕੋਲਾ ਉਸਦੀ ਗਰਦਨ ਦੇ ਆਰ-ਪਾਰ ਲੰਘ ਗਿਆ। ਬੁੱਲ੍ਹਾਂ ਦੀ ਕਾਲਖ ਉੱਪਰ ਜੀਭ ਫੇਰਦੀ ਉਹ ਮੇਰੇ ਸਾਹਮਣੇ ਆ ਖੜ੍ਹੀ। ਮੈਂ ਉਸਦੀ ਗਰਦਨ ਦੇ ਸੁਰਾਖ ਵਿੱਚ ਦੀ ਅੱਕਰਮਾਸ਼ੀ ਵੱਲ ਵੇਖਣ ਲੱਗਾ।
ਹੱਥ ਵਿੱਚ ਕੋਲਾ ਫੜੀਂ ਉਹ ਕੰਧ ‘ਤੇ ਕੁਝ ਲਿਖ ਰਿਹਾ ਸੀ। ਉਸਦਾ ਚਿਹਰਾ ਮੇਰੇ ਵੱਲ ਸੀ। ਪਰ ਉਸ ਦੀਆਂ ਅੱਖਾਂ ਵਿਹੜੇ ਵੱਲ ਵੇਖ ਰਹੀਆਂ ਸਨ। ਵਿਹੜੇ ਵਿੱਚ ਕੰਧ ਕੋਲ ਖੜ੍ਹੀ ਡੇਕ ਹੇਠਾਂ ਖੜ੍ਹੇ ਦੋ ਬੱਚੇ ਕੋਲੇ ਖਾ ਰਹੇ ਸਨ। ਗਰਦਨ ‘ਤੇ ਹੱਥ ਫੇਰਦੀ ਹੋਈ ਗੁਲਾਬ ਕੁਰ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗੀ, ”ਚਲੋ ਭਾਜੋ ਵੇ ਕੀਹਦੇ ਓ ਤੁਸੀਂ!…ਪਤਾ ਨੀ ਸਤੌਲ ਕਿੱਥੋਂ ਆ ਜਾਂਦੀ ਐ…!”
ਉਸ ਦੀਆਂ ਗਾਲ੍ਹਾਂ ਸੁਣ ਇਕ ਬੱਚਾ ਰੋਣ ਲੱਗ ਪਿਆ। ਦੂਜਾ ਹੱਸਣ ਲੱਗ ਪਿਆ। ਕੋਲਾ ਸਿੱਟ ਅੱਕਰਮਾਸ਼ੀ ਪੁੱਠੇ ਪੈਰੀਂ ਤੁਰਨ ਲੱਗਾ, ”ਓਏ ਤੂੰ ਪਹਿਲਾਂ ਕਿਉਂ ਨੀ ਹੱਸਿਆ!… ਮੈਂ ਹਸਾ ਹਸਾ ਹਾਰ ਗਿਆ….!”
”ਲੈ ਤੂੰ ਹਸਾਉਂਦਾ ਕਿੱਥੇ ਸੀ!… ਤੂੰ ਤਾਂ ਰਵਾਉਂਦਾ ਸੀ….!” ਹੇਠਾਂ ਡਿੱਗਿਆ ਕੋਲਾ ਤਸਲੀ ਵਿੱਚ ਰੱਖ ਗੁਲਾਬ ਕੁਰ ਧਰਤੀ ਤੋਂ ਗਿੱਠ ਉੱਚੀ ਉੱਠ ਗਈ ਵਿਹੜੇ ਵਿੱਚ ਚਾਮਚੜਿਕ ਉੱਡਣ ਦੀ ਆਵਾਜ਼ ਆਈ। ਉਹ ਲੱਤਾਂ ਲਮਕਾ ਓਟੇ ‘ਤੇ ਬੈਠ ਗਈ। ਉਸਦੇ ਪੈਰਾਂ ਦੀਆਂ ਉਂਗਲਾਂ ਵਿੱਚੋਂ ਰਾਖ ਝਰਨ ਲੱਗੀ।
ਅੱਕਰਮਾਸ਼ੀ ਡੇਕ ਦੀ ਟਾਹਣੀ ਨਾਲ ਪੁੱਠਾ ਲਟਕਣ ਲੱਗਾ। ਉਸਦੀ ਜੀਭ ਵਿੱਚੋਂ ਖੂਨ ਟਪਕਣ ਲੱਗਾ।
”ਇਹ ਖੂਨੀ ਐ…!” ਮੈਂ ਡੇਕ ਹੇਠਾਂ ਖੜ੍ਹੇ ਬੱਚਿਆਂ ਨੂੰ ਪਰ੍ਹਾਂ ਕਰਨ ਲਈ ਦੌੜਿਆ ਮੈਨੂੰ ਵੇਖ ਲਾਲਾਂ ਦੀ ਜੋੜੀ ਮਿੱਟੀ ਵਿੱਚ ਗੁਆਚ ਗਈ। ਮੈਂ ਵਿਹੜੇ ਦੀ ਮਿੱਟੀ ਫਰੋਲਣ ਲੱਗਾ।
”ਮਿੱਟੀ ਨਾ ਫਰੋਲ ਭਾਗ!…ਜਾਹ ਪੈ ਜਾ ਹੁਣ…!” ਮੋਢੇ ਉਪਰ ਹੱਥ ਮਹਿਸੂਸ ਕਰ ਮੈਂ ਵਰਾਂਢੇ ਦੀ ਛੱਤ ਵੱਲ ਵੇਖਣ ਲੱਗਾ ਓਟੇ ‘ਤੇ ਬੈਠੀ ਗੁਲਾਬ ਕੁਰ ਨੇ ਮੇਰੇ ਮੋਢੇ ਤੋਂ ਹੱਥ ਚੁੱਕ ਮੰਜੇ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਛੱਤ ਨਾਲ ਲੱਗਿਆ ਮੰਜਾ ਹੌਲੀ ਹੌਲੀ ਹੇਠਾਂ ਆ ਫਰਸ਼ ਉੱਪਰ ਡਹਿ ਗਿਆ। ਉਸਦੇ ਪਾਵੇ ਨਾਲ ਘੁੰਗਰੂਆਂ ਵਾਲੀ ਤੜਾਗੀ ਬੰਨ੍ਹੀ ਹੋਈ ਸੀ।
੦ ੦ ੦
ਉਹ ਅਲਫ ਨੰਗੀ ਖੜ੍ਹੀ ਸੀ। ਸਰੀਰ ਦਾ ਉਪਰਲਾ ਹਿੱਸਾ ਜਵਾਨ। ਲੱਕ ਤੋਂ ਹੇਠਲਾ ਹਿੱਸਾ ਬਜ਼ੁਰਗ ਸੀ। ਮੇਰੇ ਵੱਲ ਪਿੱਠ ਕਰੀਂ ਉਹ ਲੱਕ ਦੁਆਲੇ ਤੜਾਗੀ ਬੰਨ੍ਹ ਰਹੀ ਸੀ। ਮੈਂ ਘੁੰਗਰੂਆਂ ਉਪਰ ਨਜ਼ਰ ਟਿਕਾ ਲਈ। ਉਸਨੇ ਹਵਾ ਵਿੱਚ ਹੱਥ ਨਚਾਇਆ। ਲੰਬੇ ਨਹੁੰ ਲਿਸ਼ਕੇ। ਪੰਜਾ ਲੱਕ ਕੋਲ ਆ ਰੁਕ ਗਿਆ। ਉਸਨੇ ਤੜਾਗੀ ਵਿੱਚ ਨਹੁੰ ਫਸਾਇਆ। ਇਕ ਘੁੰਗਰੂ ਟੂੱਟ ਹੇਠਾਂ ਡਿੱਗ ਪਿਆ। ਛਨ…ਨ…ਨ…ਨ….!!!
”ਤੂੰ ਮੇਰਾ ਬੱਚਾ ਡੇਗ ਦਿੱਤਾ…!” ਉਹ ਫਿਰਕੀ ਵਾਂਗ ਅੱਡੀ ਉੱਪਰ ਘੁੰਮੀ ਛਾਤੀਆਂ ਵਿੱਚ ਦੁੱਧ ਛਲਕਿਆ। ਮੈਂ ਨਜ਼ਰ ਘੁੰਮਾ ਲਈ। ਉਹ ਘੁੰਮਦੀ ਹੋਈ ਮੇਰੇ ਅੱਗੇ ਆ ਖੜ੍ਹੀ, ”ਚੱਲ ਖੜ੍ਹਾ ਹੋ!….ਦੱਸ ਮੇਰਾ ਬੱਚਾ ਕਿੱਥੇ ਐ…!”
”ਕਿੱਥੇ ਐ ਬੱਚਾ!… ਮੈਨੂੰ ਬੱਚਾ ਚਾਹੀਦਾ…!” ਉਸਦੀ ਅਵਾਜ਼ ਪਹਿਲਾਂ ਬੰਸਰੀ ਵਾਂਗ ਵੱਜੀ, ਫਿਰ ਫਟੇ ਬਾਂਸ ਵਾਂਗ ਖੜ੍ਹਕਣ ਲੱਗ ਪਈ ਮੈਂ ਬੁੱਲ੍ਹਾਂ ਉੱਪਰ ਉਂਗਲ ਰੱਖ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਬਾਹਵਾਂ ਦਾ ਪਰਦਾ ਕਰ ਆਪਣਾ ਨੰਗ ਢਕਣ ਲੱਗੀ। ਮੈਂ ਉਸਨੂੰ ਹਜ਼ਾਰ ਵਾਰ ਸੁਣਾਈ ਗੱਲ ਫਿਰ ਸੁਨਾਉਣ ਲੱਗਾ, ”ਗੱਲ ਸੁਣ!… ਤੇਰਾ ਬੱਚਾ ਮੈਂ ਨਹੀਂ ਡੇਗਿਆ! ਉਹ ਤਾਂ ਬਿੰਜਲ ਨੇ….!”
”ਐਥੀ ਚੁੱਪ ਕਰਜਾ ਭਾਗ!…. ਮੇਰੇ ਸਾਹਮਣੇ ਉਹਦਾ ਨਾਉਂ ਨਾ ਲਈਂ….!” ਦੰਦਾਂ ਵਿੱਚ ਜੀਭ ਲੈ ਉਹ ਢਿੱਡ ਵਿੱਚ ਮੁੱਕੀਆਂ ਦੇਣ ਲੱਗੀ ਉਸਦੇ ਢਿੱਡ ਵਿੱਚ ਦਰਦ ਸ਼ੁਰੂ ਹੋ ਗਿਆ। ਮੈਂ ਜਦੋਂ ਵੀ ਬਿੰਜਲ ਦਾ ਨਾਂ ਲੈਂਦਾ। ਉਹ ਦਰਦ ਨਾਲ ਦੂਹਰੀ ਹੋ ਜਾਂਦੀ। ਉਸਦਾ ਦਰਦ ਵੀ ਦੂਹਰਾ ਸੀ। ਜਦੋਂ ਉਹ ਜਵਾਨ ਸੀ। ਉਸ ਅੰਦਰ ਮੁੰਡਾ ਜੰਮਣ ਦੀ ਇੱਛਾ ਉਸ ਤੋਂ ਵੀ ਜਵਾਨ ਸੀ। ਮੇਰੀ ਘਰਆਲੀ ਜਿੰਦਰ ਤੋਂ ਬਾਅਦ ਜਦੋਂ ਪੰਜ ਸਾਲ ਦੂਜਾ ਬੱਚਾ ਨਾ ਹੋਇਆ। ਉਹ ਚੁੰਨੀ ਦਾ ਲੜ ਮੂੰਹ ਵਿੱਚ ਲੈ ਅਕਸਰ ਆਖਦੀ, ”ਬੱਸ ਇਕ ਮੁੰਡਾ ਦੇ ਦੇ !…. ਮੈਂ ਤੈਥੋਂ ਹੋਰ ਕੁਸ਼ ਨੀ ਮੰਗਦੀ…!”
”ਇਕ ਦੀ ਕੀ ਗੱਲ ਕਰਦੀ ਐਂ!… ਮੈਂ ਮੁੰਡਿਆਂ ਦੀ ਲਾਈਨ ਲਾ ਦੂੰ ਗੁਲਾਬ…!” ਮੂੰਹ ਵਿੱਚੋਂ ਚੁੰਨੀ ਦਾ ਲੜ ਛੁਡਾ ਬਿੰਜਲ ਉਸ ਨੂੰ ਬਾਹਾਂ ਵਿੱਚ ਘੁੱਟ ਲੈਂਦਾ ਉਹ ਸਭ ਦਾ ਭਲਾ ਕਰਨ ਵਾਲਾ ਬੰਦਾ ਸੀ। ਪਿੰਡ ਵਿੱਚ ਕੋਈ ਉਸਦੀ ਝੂਠੀ ਸਹੁੰ ਨਾ ਖਾਂਦਾ। ਪਰ ਪਿੰਡ ਦੀ ਛਿਪਦੀ ਬਾਹੀ ਵੱਲ ਰਹਿੰਦੀ ਗਾਨੀ ਨੇ ਉਸ ਤੋਂ ਸੱਚੀ ਸਹੁੰ ਖੁਆ ਲਈ। ਉਸਦੇ ਕੋਈ ਬੱਚਾ ਨਹੀਂ ਸੀ ਹੁੰਦਾ। ਉਸਦੇ ਘਰਆਲਾ ਤ੍ਰਿਲੋਕੀ ਬਚਪਨ ਤੋਂ ਹੀ ਕਮਜ਼ੋਰ ਸੀ। ਕੋਈ ਡਾਕਟਰ ਕੋਈ ਹਸਪਤਾਲ। ਕੋਈ ਹਕੀਮ ਕੋਈ ਸਿਆਣਾ। ਕੋਈ ਵੀ ਉਸ ਅੰਦਰ ਨਵੀਂ ਸ਼ਕਤੀ ਨਾ ਫੂਕ ਸਕਿਆ। ਉਹ ਪਿੰਡ ਵਿੱਚ ਜੜ੍ਹ ਲਾਉਣ ਲਈ ਸੁੱਖਾਂ ਸੁੱਖÎਣ ਲੱਗਿਆ। ਗਾਨੀ ਸਭ ਦਾ ਭਲਾ ਕਰਨ ਵਾਲੇ ਬਿੰਜਲ ਤੋਂ ਭਲਾ ਮੰਗਣ ਲੱਗੀ। ਤ੍ਰਿਲੋਕੀ ਦੀ ਸੁੱਖ ਵਰ ਆਈ। ਬਿੰਜਲ ਨੇ ਗਾਨੀ ਦੀ ਕੁੱਖ ਹਰੀ ਕਰ ਦਿੱਤੀ। ਜਿਸ ਦਿਨ ਪੀਰ ਦੀ ਸੁੱਖ ਉਤਾਰਨ ਗਿਆ ਤ੍ਰਿਲੋਕੀ ਮੱਥਾ ਟੇਕਦਾ ਹੀ ਪੂਰਾ ਹੋ ਗਿਆ। ਉਸ ਦਿਨ ਬਿੰਜਲ ਦੀਆਂ ਬਾਹਾਂ ਵਿੱਚ ਪਈ ਗਾਨੀ ਆਖ ਰਹੀ ਸੀ, ”ਤੈਂ ਮੇਰੀ ਖੁਆਈ ਸਹੁੰ ਪੂਰੀ ਕਰ ਦਿੱਤੀ!… ਤੇਰਾ ਭਲਾ ਹੋਵੇ ਜੱਟਾ….!”
ਉਸਦੇ ਢਿੱਡ ਨੂੰ ਕੰਨ ਲਾ ਕੇ ਬੱਚੇ ਦੀ ਆਹਟ ਸੁਣਦੇ ਹੋਏ ਬਿੰਜਲ ਨੇ ਬੁਰਾਈ ਦੀ ਮੋਹੜੀ ਗੱਡ ਦਿੱਤੀ ਸੀ। ਪਿੰਡ ਵਿੱਚ ਹੁੰਦੀ ਚਰਚਾ ਵਾਵਰੋਲਾ ਬਣ ਮੋਹੜੀ ਦੁਆਲੇ ਘੁੰਮਣ ਲੱਗੀ, ”ਤ੍ਰਿਲੋਕੀ ‘ਚ ਤਾਂ ਤੰਤ ਹੈ ਨੀ ਸੀ ਬਈ!… ਇਹ ਕਰਾਮਾਤ ਕਿਸ ਨੇ ਕਰਤੀ….!”
”ਕਰਾਮਾਤ ਵੀ ਉਹਦੇ ਫੌਤ ਹੋਣ ਪਿੱਛੋਂ ਹੋਈ ਐ!… ਪਤਾ ਕਰੋ ਇਹ ਕਿਹੜਾ ਪੀਰ ਐ…!” ਬਿੰਜਲ ਦੀ ਪੈੜ ਨੱਪਦੀ ਪਿੰਡ ਦੀ ਖੋਜੀ ਨਜ਼ਰ ਗੁਲਾਬ ਕੁਰ ਦੇ ਢਿੱਡ ਵਿੱਚ ਵੜ ਗਈ ਗਾਨੀ ਵਾਂਗ ਉਸਦੇ ਵੀ ਬੱਚਾ ਹੋਣ ਵਾਲਾ ਸੀ। ਆਪਣੇ ਢਿੱਡ ਉੱਪਰ ਹੱਥ ਰੱਖ ਉਹ ਸਹੁੰ ਖੁਆਉਣ ਲੱਗੀ, ”ਬੱਸ ਇਕ ਵਾਰ ਕਹਿ ਦੇ ਕਿ ਪਿੰਡ ਝੂਠ ਬੋਲਦਾ…!”
”ਮੈਨੂੰ ਤੇਰੀ ਸਹੁੰ ਲੱਗੇ ਬੱਸ….!!” ਪਰ ਬਿੰਜਲ ਦੀ ਝੂਠੀ ਖਾਧੀ ਸਹੁੰ ਹੋਣ ਵਾਲੇ ਬੱਚੇ ਨੂੰ ਜਾ ਲੱਗੀ ਸੀ ਉਹ ਵਿਸ਼ਵਾਸ਼ ਦੀ ਜੰਗ ਹਾਰ ਗਿਆ। ਉਸ ਵਕਤ ਗੁਲਾਬ ਕੁਰ ਜਿੱਤ ਗਈ ਸੀ, ਜਦੋਂ ਇਕ ਦਿਨ ਹੋ ਰਹੀ ਲੜਾਈ ਵਿੱਚ ਜੀਤੋ ਚੁਗਲ ਨੇ ਗਵਾਹੀ ਆ ਦਿੱਤੀ, ”ਕਿਉਂ ਝੂਠ ਬੋਲਦੈਂ ਬਿੰਜਲਾ !…. ਤੈਨੂੰ ਗਾਨੀ ਦੇ ਘਰੇ ਜਾਂਦਾ ਤਾਂ ਮੈਂ ਸੌ ਵਾਰ ਵੇਖਿਆ…!”
ਉਸਦੀ ਗੱਲ ਸੁਣ ਰੋਜ਼ ਦੀ ਲੜਾਈ ਸਿਖਰ ਛੋਹ ਗਈ। ਪੱਟਾਂ ‘ਤੇ ਹੱਥ ਮਾਰ ਗੁਲਾਬ ਕੁਰ ਨੇ ਬਿੰਜਲ ਦੇ ਢਿੱਡ ਵਿੱਚ ਟੱਕਰ ਮਾਰੀ। ਉਹ ਪਹਿਲਾਂ ਤਾਂ ਲੜ ਖੜਾਇਆ। ਫਿਰ ਸਾਬਤ ਕਦਮੀਂ ਹੋ ਉਸਨੇ ਗੁਲਾਬ ਕੁਰ ਦੇ ਢਿੱਡ ਵਿੱਚ ਲੱਤ ਮਾਰੀ। ਉਹ ਚੀਕ ਮਾਰ ਹੇਠਾਂ ਡਿੱਗ ਪਈ। ਹਸਪਤਾਲ ਵਿੱਚ ਡਾਕਟਰੀ ਰਿਪੋਰਟ ਆਈ, ”ਸੌਰੀ!… ਬੱਚਾ ਮਰ ਗਿਆ ਏ…!”
ਜਿਸ ਦਿਨ ਗਾਨੀ ਦੇ ਘਰ ਮੁੰਡੇ ਦਾ ਜਨਮ ਹੋਇਆ। ਉਸ ਦਿਨ ਪਹਿਲਾਂ ਹੀ ਪਾਗਲ ਹੋਈ ਗੁਲਾਬ ਕੁਰ ਪੂਰੀ ਤਰ੍ਹਾਂ ਪਾਗਲ ਹੋ ਗਈ ਸੀ। ਉਹ ਸਾਰਾ ਦਿਨ ਮਿੱਟੀ ਦੀ ਔਰਤ ਵਾਂਗ ਬੈਠੀ ਰਹਿੰਦੀ। ਸਭ ਨੂੰ ਇਕ ਹੀ ਗੱਲ ਪੁੱਛਦੀ ਰਹਿੰਦੀ, ”ਗਾਨੀ ਦੇ ਮੁੰਡੇ ਦੀ ਸ਼ਕਲ ਕੀਹਦੇ ਵਰਗੀ ਐ….!”
”ਵੇਖੀਂ ਉਹਦੀ ਸ਼ਕਲ ਕੀਹਦੇ ਵਰਗੀ ਐ…!” ਓਟੇ ‘ਤੇ ਬੈਠੀ ਉਹ ਮੈਨੂੰ ਉਹੀ ਗੱਲ ਪੁੱਛ ਰਹੀ ਸੀ ਉਸਦਾ ਇਸ਼ਾਰਾ ਸਮਝ ਡੇਕ ਨਾਲ ਪੁੱਠਾ ਲਟਕ ਰਿਹਾ ਅੱਕਰਮਾਸ਼ੀ ਸਿੱਧਾ ਹੋ ਗਿਆ। ਉਸਨੇ ਹੇਠਾਂ ਛਾਲ ਮਾਰੀ। ਹੌਲੀ ਹੌਲੀ ਤੁਰਦਾ ਓਟੇ ਵੱਲ ਨੂੰ ਵਧਣ ਲੱਗਾ। ਮੈਂ ਦੱਬੇ ਪੈਰੀਂ ਉਸਦੇ ਪਿੱਛੇ ਤੁਰਨ ਲੱਗਾ। ਉਹ ਓਟੇ ਕੋਲ ਜਾ ਕੇ ਗੁਲਾਬ ਕੁਰ ਦੇ ਪੈਰਾਂ ਕੋਲ ਬੈਠ ਗਿਆ।
”ਮਰੇ ਹੋਇਆ ਨੂੰ ਸ਼ਕਲਾਂ ਨਾਲ ਕੀ ਫਰਕ ਪੈਂਦਾ….!” ਪੈਰਾਂ ਕੋਲ ਝਰੀ ਪਈ ਰਾਖ ਨੂੰ ਹਥੇਲੀ ਉੱਪਰ ਰੱਖ ਉਸਨੇ ਫੂਕ ਮਾਰ ਦਿੱਤੀ ਹਵਾ ਵਿੱਚ ਉਡਦੀ ਰਾਖ ਮੇਰੀਆਂ ਅੱਖਾਂ ਵਿੱਚ ਪੈ ਗਈ। ਅੰਨ੍ਹਿਆਂ ਵਾਂਗ ਹੱਥ ਮਾਰਦਾ ਮੈਂ ਵਰਾਂਢੇ ਵਿੱਚ ਘੁੰਮਣ ਲੱਗਾ।
ਮੇਰਾ ਪੈਰ ਮੰਜੇ ਦੇ ਪਾਵੇ ਨਾਲ ਟਕਰਾ ਗਿਆ। ਭੂਤਾਂ ਪ੍ਰੇਤਾਂ ਦੇ ਡਰ ਤੋਂ ਸਿਰਹਾਣੇ ਵਾਲੇ ਪਾਸੇ ਮੰਜੇ ਹੇਠਾਂ ਪਾਣੀ ਦਾ ਗਿਲਾਸ ਰੱਖਿਆ ਹੋਇਆ ਸੀ। ਉਸ ਵਿੱਚੋਂ ਪਾਣੀ ਲੈ ਮੈਂ ਅੱਖਾਂ ਵਿੱਚ ਛਿੱਟੇ ਮਾਰੇ। ਪਾਣੀ ਦੀ ਘੁੱਟ ਪੀਣ ਤੋਂ ਬਾਅਦ ਕੁਝ ਸਾਫ ਨਜ਼ਰ ਆਉਣ ਲੱਗਿਆ।  ”ਤੂੰ ਨਜ਼ਰ ਦਾ ਨਹੀਂ ਅਕਲ ਦਾ ਅੰਨੈ…!…. ਪਹਿਲਾਂ ਲਾਈਟ ਤਾਂ ਲਾ ਲੈ ਖਸਮਾ…!” ਜੀਭ ‘ਤੇ ਲੱਗਿਆ ਖੂਨ ਸਾਫ ਕਰ ਅੱਕਰਮਾਸ਼ੀ ਨੇ ਧਰਤੀ ਵੱਲ ਨੂੰ ਫੂਕ ਮਾਰੀ ਉਸਦੀ ਫੂਕ ਪਲਟ ਕੇ ਸਵਿੱਚ ਬੋਰਡ ਨਾਲ ਜਾ ਟਕਰਾਈ। ਬੱਲਬ ਜਗ ਪਿਆ। ਮੈਂ ਆਲੇ ਦੁਆਲੇ ਨਜ਼ਰ ਮਾਰੀ। ਸਾਰਾ ਵਰਾਂਢਾ ਖ਼ਾਲੀ ਸੀ।
”ਸ਼ੁਕਰ ਐ ਚਲੇ ਗਏ ਪ੍ਰੇਤ!… ਹੁਣ ਭੋਰਾ ਅੱਖ ਲਾ ਲਵਾਂ…!” ਵਰਾਂਢੇ ਦੀ ਲਾਈਟ ਜਗਦੀ ਹੀ ਛੱਡ ਮੈਂ ਮੰਜੇ ‘ਤੇ ਲੰਬਾ ਪੈ ਗਿਆ ਮੰਜੇ ਹੇਠਾਂ ਰੱਖਿਆ ਪਾਣੀ ਦਾ ਗਿਲਾਸ ਖੂਨ ਨਾਲ ਭਰਿਆ ਹੋਇਆ ਸੀ।

ਰਾਤ 2 ਵਜੇ ਤੋਂ 3 ਵਜੇ ਤੱਕ

ਖ….ੜ….ਕ….! ਖ….ੜ….ਕ….!! ਖ…. ੜ…. ਕ….!!!
ਖੜਾਕਾ ਸੁਣ ਮੇਰੀ ਅੱਖ ਖੁੱਲ੍ਹ ਗਈ। ਕੋਈ ਨਲਕਾ ਗੇੜ ਰਿਹਾ ਸੀ।
ਬਾਲਟੀ ਵਿੱਚ ਪਾਣੀ ਡਿੱਗ ਰਿਹਾ ਸੀ। ਵਰਾਂਢੇ ਵਿੱਚ ਬੱਲਬ ਜਗ ਰਿਹਾ ਸੀ। ਰੋਸ਼ਨਦਾਨ ਦੀਆਂ ਗਲੀਆਂ ਵਿੱਚ ਦੀ ਚਾਨਣ ਦੀਆਂ ਲਕੀਰਾਂ ਗੁਸਲਖਾਨੇ ਤੱਕ ਜਾ ਰਹੀਆਂ ਸਨ। ਵਿਹੜੇ ਦੀ ਸੱਜੀ ਕੰਧ ਨਾਲ ਗੁਸਲਖਾਨਾ ਸੀ। ਉਸਦੀ ਛੱਤ ਖੁੱਲ੍ਹੀ ਸੀ। ਦਰਵਾਜ਼ੇ ਦੀ ਥਾਂ ਪਰਦਾ ਤਾਣੀਂ ਗੁਲਾਬ ਕੁਰ ਨਹਾਉਣ ਦੀ ਤਿਆਰੀ ਕਰ ਰਹੀ ਸੀ।

ਮੈਂ ਪੈਰੀਂ ਜੁੱਤੀ ਪਾ ਨਲਕੇ ਕੋਲ ਜਾ ਖੜ੍ਹਿਆ। ਉਸਦੀ ਹੱਥੀ ‘ਤੇ ਖੂਨ ਲਿੱਬੜੇ ਹੱਥਾਂ ਦੇ ਨਿਸ਼ਾਨ ਸਨ।
ਪਰਦੇ ਦੇ ਉਸ ਪਾਰ ਲੰਬੇ ਨਹੁੰਆਂ ਵਾਲਾ ਪੰਜਾ ਪਾਣੀ ਦਾ ਮੱਘ ਉੱਪਰ ਨੂੰ ਚੁੱਕ ਰਿਹਾ ਸੀ।
”ਤੇਰਾ ਤਾਂ ਅੰਤਿਮ ਇਸ਼ਨਾਨ ਹੋ ਗਿਆ ਸੀ!… ਫਿਰ ਹੁਣ ਕਿਉਂ ਨਹਾਉਣ ਲੱਗੀ ਐਂ…!” ਉਸ ਵੱਲ ਵੇਖ ਮੈਂ ਨਲਕੇ ਦੀ ਹੱਥੀ ਨੂੰ ਹੱਥ ਪਾ ਲਿਆ ਹੱਥੀ ਠੱਕ ਦੇਣੀ ਹੇਠਾਂ ਜਾ ਲੱਗੀ। ਪਰਦਾ ਡਿੱਗ ਪਿਆ। ਮੈਂ ਉਸ ਪਾਰ ਵੇਖਿਆ। ਬਾਲਟੀ ਕੋਲ ਪਾਣੀ ਦਾ ਮੱਘ ਚੁੱਕੀਂ ਅੱਕਰਮਾਸ਼ੀ ਖੜ੍ਹਾ ਸੀ, ”ਇਹ ਤਾਂ ਮੈਂ ਆਂ!… ਉਹ ਤਾਂ ਨਹਾ ਕੇ ਚਲੀ ਗਈ….!”
ਵਰਾਂਢੇ ਵੱਲ ਜਾਂਦੀਆਂ ਗਿੱਲੀਆਂ ਪੈੜਾਂ ਵੱਲ ਵੇਖ ਉਸਨੇ ਮੂੰਹ ਉੱਪਰ ਚੁੱਕ ਅੱਖਾਂ ਬੰਦ ਕਰ ਲਈਆਂ। ਜੀਭ ਬਾਹਰ ਕੱਢ ਲਈ। ਪਾਣੀ ਦੀ ਧਾਰ ਡਿੱਗਣ ਲੱਗੀ। ਜੀਭ ‘ਤੇ ਲੱਗਿਆ ਖੂਨ ਖੁਰਨ ਲੱਗਾ। ਲਾਲ ਪਾਣੀ ਦੇ ਕਤਰੇ ਹਵਾ ਵਿੱਚ ਉੱਡਣ ਲੱਗੇ। ਉਹ ਅੱਖਾਂ ਖੋਲ੍ਹ ਮੇਰੇ ਵੱਲ ਤਿਰਛਾ ਜਿਹਾ ਝਾਕਿਆ, ਤੇਰੀ ਸਹੁੰ!…. ਮੈਂ ਕਿਸੇ ਬੱਚੇ ਦਾ ਖੂਨ ਨਹੀਂ ਕੀਤਾ…!”
”ਸ਼ਾਂਤੀ!….ਸ਼ਾਂਤੀ!….ਸ਼ਾਂਤੀ…!!” ਅੱਖਾਂ ਬੰਦ ਕਰ ਉਹ ਧਾਰ ਬੰਨ੍ਹ ਮੱਥੇ ਵਿੱਚਕਾਰ ਪਾਣੀ ਪਾਉਣ ਲੱਗ ਪਿਆ  ਮੈਂ ਨਲਕਾ ਗੇੜਨ ਲੱਗ ਪਿਆ। ਹੱਥੀ ਠਾਹ-ਠਾਹ ਉੱਪਰ ਹੇਠਾਂ ਹੋਣ ਲੱਗੀ। ਖਾਲ਼ੀ ਬੋਕੀ ਖੜਕਣ ਲੱਗੀ।
”ਜੇ ਨਲਕਾ ਪਾਣੀ ਨੀ ਚੱਕਦਾ!…. ਫਿਰ ਇਹ ਨਹਾ ਕਿਸ ਨਾਲ ਰਿਹਾ….!…. ਉਹ ਗਿੱਲੀਆਂ ਪੈੜਾਂ ਦੇ ਨਿਸ਼ਾਨ ….!” ਹੱਥੀ ਛੱਡ ਮੈਂ ਸੋਚੀਂ ਪੈ ਗਿਆ ਉੱਪਰਲਾ ਸਾਹ ਉੱਪਰ। ਮੇਰਾ ਹੇਠਲਾ ਸਾਹ ਹੇਠਾਂ ਰਹਿ ਗਿਆ। ਜਿੱਥੇ ਅੱਕਰਮਾਸ਼ੀ ਬੈਠਾ ਨਹਾ ਰਿਹਾ ਸੀ। ਉਹ ਫਰਸ਼। ਗੁਸਲਖਾਨਾ। ਬਾਲਟੀ। ਪਾਣੀ ਦਾ ਮੱਘ। ਨਲਕਾ। ਸਭ ਕੁਝ ਧਰਤੀ ਵਿੱਚ ਗਰਕ ਗਿਆ। ਮੇਰੇ ਸਾਹਮਣੇ ਹਨੇਰਾ ਖੂਹ ਸੀ। ਉਸ ਵਿੱਚ ਗੁਲਾਬ ਕੁਰ ਬੋਲ ਰਹੀ ਸੀ, ”ਵੇ ਉਹ ਤਾਂ ਸ਼ੀਸ਼ੇ ਵਿੱਚਲਾ ਪਾਣੀ ਮੁੱਕ ਗਿਆ!… ਉਹ ਤਾਂ ਪਾਣੀ ‘ਚ ਆਪਣੀ ਸ਼ਕਲ ਵੇਖਦਾ ਸੀ….!”
”ਉਹਦੀ ਸ਼ਕਲ ਬਿੰਜਲ ਵਰਗੀ ਐ…!” ਪਿੰਡ ਵਿੱਚ ਘੁੰਮਦੀ ਗੱਲ ਮੇਰੇ ਪੈਰਾਂ ਵਿੱਚ ਘੁੰਮਣ ਲੱਗੀ ਮੈਂ ਖੂਹ ਦੁਆਲੇ ਘੁੰਮਣ ਲੱਗਾ। ਉਸ ਵਿੱਚ ਤਾੜੀ ਵੱਜਣ ਲੱਗੀ, ”ਵੇਖਿਆ!…ਵੇਖਿਆ!… ਮੈਂ ਕਿਹਾ ਸੀ ਨਾ ਇਹ ਬਿੰਜਲ ਦਾ ਬੀਅ ਐ….!”
”ਉਹ ਤਾਂ ਸਾਰੇ ਕਹਿੰਦੇ ਨੇ….!” ਸਾਹਾਂ ਵਾਂਗ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਖੂਹ ਵਿੱਚੋਂ ਤੇਜ-ਤੇਜ ਸਾਹਾਂ ਦੀ ਆਵਾਜ਼ ਆਉਣ ਲੱਗੀ, ”ਇਸ ਵਿੱਚ ਚੰਦਰੇ ਦਾ ਇਹਦਾ ਵੀ ਕੀ ਕਸੂਰ ਸੀ!…. ਨਪੁੱਤੀ ਮੈਂ ਈ ਨਾ ਸਮਝੀ!…. ਮਾੜੇ ਭਾਗਾਂ ਨੂੰ ਤੂੰ ਕਿਹੜਾ ਸਮਝਿਆ ਸੀ….!”
”ਚੱਲ ਮੈਂ ਤੈਨੂੰ ਇਕ ਗੱਲ ਸਮਝਾਉਨੀ ਆਂ…!” ਖੂਹ ਵਿੱਚੋਂ ਤੇਜੀ ਨਾਲ ਘੁੰਮਦਾ ਇਕ ਧੁੰਦ ਦਾ ਗੋਲਾ ਮੇਰੇ ਮੂੰਹ ਵੱਲ ਨੂੰ ਆਇਆ ਮੈਂ ਸਿਰ ਪਿਛਾਂਹ ਨੂੰ ਕਰ ਲਿਆ। ਘੁੰਮਦਾ ਹੋਇਆ ਗੋਲਾ ਵਰਾਂਢੇ ਵਿੱਚ ਡਹੇ ਮੰਜੇ ਪਿਛਲੇ ਦਰਵਾਜ਼ੇ ਵਿੱਚ ਜਾ ਵੱਜਿਆ। ਦਰਵਾਜ਼ਾ ਫੜਾਕ ਦੇਣੀ ਖੁੱਲ੍ਹ ਗਿਆ। ਨਾਲ ਦੀ ਨਾਲ ਬੰਦ ਹੋ ਗਿਆ। ਖੂਹ ਵਿੱਚੋਂ ਅੱਕਰਮਾਸ਼ੀ ਦੇ ਕਰਾਹੁਣ ਦੀ ਆਵਾਜ਼ ਆਉਣ ਲੱਗੀ, ”ਮੈਨੂੰ ਬਾਹਰ ਕੱਢ ਲੋ….!”
”ਖੜ੍ਹ ਜਾ ਮੈਂ ਆਉਨੀ ਆਂ….!” ਦਰਵਾਜ਼ੇ ਪਿੱਛੋਂ ਚਰਖਾ ਡਾਹੁਣ ਦੀ ਆਵਾਜ਼ ਆਈ ਉਸਨੇ ਤੱਕਲਾ ਸਿੱਧਾ ਕੀਤਾ। ਚਰਮਖਾਂ ਠੀਕ ਕੀਤੀਆਂ। ਮੁੰਨੀ ਠੋਕੀ। ਮਾਹਲ ਪਾ ਹੱਥੀ ਘੁੰਮਾ ਦਿੱਤੀ। ਮੈਂ ਖੂੰਹ ਦੀ ਪਰਿਕਰਮਾ ਛੱਡ ਵਿਰਲਾਂ ਵਿੱਚ ਦੀ ਅੰਦਰ ਵੇਖਣ ਲੱਗਾ। ਕਮਰੇ ਵਿੱਚ ਹਨੇਰਾ ਸੀ। ਪਰ ਚਰਖਾ ਕੱਤਦੀ ਗੁਲਾਬ ਕੁਰ ਚਿੱਟੀ ਰੂੰ ਵਾਂਗ ਚਮਕ ਰਹੀ ਸੀ। ਪੂਣੀ ਨਾਲ ਤੰਦ ਪਾਉਂਦੀ ਉਹ ਚਰਖੇ ਦੀ ਘੂਕਰ ਨਾਲ ਗਾ ਰਹੀ ਸੀ, ”ਪੁੱਤ ਖੋਹ ਲਿਆ ਵੇ ਬਿੰਜਲਾ ਤੂੰ ਮੇਰਾ!…. ਤੇਰਾ ਪੁੱਤ ਮੈਂ ਪਾਲਦੀ ਵੇ ਮਰ ਜਾਣਿਆ…!”
”ਆਉਨੀ ਆਂ ਜਿਊਣ ਜੋਗਿਆ!…ਆਈ ਬੱਸ…!” ਤੱਕਲੇ ਤੋਂ ਗਲ੍ਹੋਟਾ ਲਾਹ ਉਸਨੇ ਬੋਹੀਏ ਵਿੱਚ ਸੇਹ ਦੇ ਤੱਕਲੇ ਵਾਂਗ ਪੂਣੀ ਗੱਡ ਦਿੱਤੀ ਚੀਂ-ਚੀਂ ਕਰਦਾ ਦਰਵਾਜ਼ਾ ਖੁੱਲ੍ਹਿਆ। ਹਵਾ ਵਿੱਚ ਘੁੰਮਦਾ ਚਰਖਾ ਪਰਛੱਤੀ ਦੇ ਸਮਾਨ ਵਿੱਚ ਜਾ ਟਿਕਿਆ।
ਦਰਵਾਜ਼ਾ ਬੰਦ ਹੋ ਗਿਆ। ਹੱਥ ਵਿੱਚ ਗਲ੍ਹੋਟਾ ਚੁੱਕੀਂ ਗੁਲਾਬ ਕੁਰ ਖੂਹ ਵੱਲ ਨੂੰ ਵਧਣ ਲੱਗੀ। ਮੈਂ ਉਸਦੇ ਪਿੱਛੇ-ਪਿੱਛੇ ਤੁਰ ਪਿਆ।
”ਕਤਲ ਤਾਂ ਤੈਂ ਕੀਤੇ ਨੇ!… ਪਰ ਤੂੰ ਕਾਤਿਲ ਨਹੀਂ!… ਝੂਠ ਤਾਂ ਤੈਂ ਬੋਲੇ ਨੇ!… ਪਰ ਤੂੰ ਝੂਠਾ ਨਹੀਂ…!”
ਹਵਾ ਵਿੱਚ ਗਲ੍ਹੋਟਾ ਉਛਾਲਦੀ ਹੋਈ ਉਹ ਖੂਹ ਦੀ ਮੌਣ ‘ਤੇ ਬੈਠ ਗਈ ਅੱਕਰਮਾਸ਼ੀ ਦਾ ਘੰਡ ਬੋਲਣ ਲੱਗਾ, ”ਮੈਂ ਸੱਚਾ ਹਾਂ!…ਤੇਰਾ ਬੱਚਾ ਹਾਂ…!”
”ਜੇ ਤੂੰ ਸੱਚਾ ਹੋਇਆ!… ਕੱਚੇ ਧਾਗੇ ‘ਤੇ ਚੜ੍ਹ ਕੇ ਬਾਹਰ ਆਜੇਂਗਾ!… ਜੇ ਝੂਠਾ ਹੋਇਆ!… ਧਾਗਾ ਅੱਧ ਵਿੱਚਕਾਰ ਟੁੱਟ ਜਾਣਾ…!” ਗਲ੍ਹੋਟਾ ਚਰਖੜੀ ਵਾਂਗ ਘੁੰਮਣ ਲੱਗਾ ਸੂਤ ਦਾ ਕੱਚਾ ਧਾਗਾ ਲੱਜ ਵਾਂਗ ਹੇਠਾਂ ਜਾਣ ਲੱਗਾ। ਮੂਧੀ ਪਈ ਗੁਲਾਬ ਕੁਰ ਧਾਗਾ ਉੱਪਰ ਨੂੰ ਖਿੱਚਣ ਲੱਗੀ, ” ਆ ਜਾ ਪੁੱਤ…!”
”ਲੈ ਵੇਖ ਆ ਗਿਆ…!” ਕੱਚੇ ਧਾਗੇ ‘ਤੇ ਚੜ੍ਹ ਬਾਹਰ ਆਇਆ ਅੱਕਰਮਾਸ਼ੀ ਚਾਰੇ ਪੰਜਿਆਂ ਉੱਪਰ ਤੁਰਨ ਲੱਗਾ ਉਹ ਵਿਹੜੇ ਵਿੱਚ ਡੇਕ ਹੇਠਾਂ ਜਾ ਖੜ੍ਹਿਆ। ਮਿੱਟੀ ਨਾਲ ਲਿੱਬੜੇ ਬੱਚੇ ਉਸ ਤੋਂ ਦੂਰ ਜਾ ਖੜ੍ਹੇ। ਉਹਨਾਂ ਵੱਲ ਵੇਖ ਉਸਨੇ ਜੀਭ ਬਾਹਰ ਕੱਢੀ। ਉਸ ‘ਤੇ ਦੋ ਟੌਫੀਆਂ ਰੱਖੀਆਂ ਹੋਈਆਂ ਸਨ। ਬੱਚੇ ਇਕ ਦੂਜੇ ਵੱਲ ਵੇਖਣ ਲੱਗੇ।
ਅੱਕਰਮਾਸ਼ੀ ਡੇਕ ਉੱਪਰ ਚੜ੍ਹਨ ਲੱਗਾ। ਉਸਨੇ ਕੱਚੇ ਧਾਗੇ ਦੇ ਟੋਟੇ ਨਾਲ ਬੰਨ੍ਹ ਟੌਫੀਆਂ ਹੇਠਾਂ ਲਟਕਾ ਦਿੱਤੀਆਂ। ਬੱਚੇ ਤੋੜਨ ਲਈ ਅੱਗੇ ਵਧਣ ਲੱਗੇ।
”ਖੜ੍ਹ ਜੋ ਥੋਨੂੰ ਮੈਂ ਤੁੜਵਾਉਨੀ ਆਂ ਨਮੋਲੀਆਂ!… ਔਤਾਂ ਨੇ ਸਾਰੀ ਡੇਕ ਰੁੰਡ ਮਰੁੰਡ ਕਰਕੇ ਰੱਖਤੀ….!”
ਅੱਕਰਮਾਸ਼ੀ ਤੋਂ ਕੱਚਾ ਧਾਗਾ ਖੋਹ ਗੁਲਾਬ ਕੁਰ ਨੇ ਗਲ੍ਹੋਟਾ ਪਰਛੱਤੀ ਉਪਰ ਵਗਾਹ ਮਾਰਿਆ ਉਹ ਡਰੇ ਖੜ੍ਹੇ ਬੱਚਿਆਂ ਨੂੰ ਹਸਾਉਣ ਲੱਗਿਆ, ”ਹੱਸ ਪਓ ਯਾਰ!…. ਇਹਦੀ ਜ਼ੁਬਾਨ ਈ ਕੌੜੀ ਐ!…
ਅੰਦਰੋਂ ਤਾਂ ਇਹ ਪਤਾਸਿਆਂ ਵਰਗੀ ਮਿੱਠੀ ਆ….!”
”ਲੈ ਮਿੱਠੀ ਐ!… ਇਹ ਤਾਂ ਨੀਮ ਚੜ੍ਹੇ ਕਰੇਲੇ ਵਰਗੀ ਐ….!” ਮੈਂ ਘੂਰੀ ਵੱਟੀਂ ਹਵਾ ਵਿੱਚ ਥੱਪੜ ਉਂਗਰੀਂ ਖੜ੍ਹੀ ਗੁਲਾਬ ਕੁਰ ਦੇ ਪੁੱਠੇ ਪੈਰਾਂ ਵੱਲ ਝਾਕਿਆ ਉਹ ਪੈਰ ਦੇ ਅੰਗੂਠੇ ਨਾਲ ਖੂਹ ਨੂੰ ਗੋਲ-ਗੋਲ ਘੁੰਮਾ ਰਹੀ ਸੀ। ਫਰਸ਼, ਗੁਸਲਖਾਨਾ, ਬਾਲਟੀ, ਪਾਣੀ ਦਾ ਮੱਘ, ਨਲਕਾ ਮੁੜ ਧਰਤੀ ਉਪਰ ਟਿਕਦਾ ਜਾ ਰਿਹਾ ਸੀ। ਖੂਹ ਬੰਦ ਹੁੰਦਾ ਜਾ ਰਿਹਾ ਸੀ।
ਉਸਦੀ ਲੀਲ੍ਹਾ ਵੇਖ ਮੇਰਾ ਮੂੰਹ ਸੁੱਕਣ ਲੱਗਾ। ਮੈਂ ਨਲਕਾ ਗੇੜਨ ਲੱਗਾ। ਖੂਹ ਵਾਲੀ ਥਾਂ ਉੱਪਰ ਚੌਂਕੜੀ ਮਾਰੀਂ ਬੈਠੀ ਗੁਲਾਬ ਕੁਰ ਨੇ ਬਾਂਹ ਲੰਬੀ ਕਰ ਮੇਰਾ ਹੱਥ ਫੜ ਲਿਆ, ”ਇਸ ਨਲਕੇ ਵਿੱਚ ਮੈਂ ਗਿੜਦੀ ਆਂ!… ਤੂੰ ਕਿਤੇ ਹੋਰ ਪਾਣੀ ਪੀ ਲੈ ਭਾਗ…!”
ਸੁੱਕੇ ਬੁੱਲ੍ਹਾਂ ਉੱਪਰ ਜੀਭ ਫੇਰ ਮੈਂ ਹੱਥੀ ਤੋਂ ਹੱਥ ਚੁੱਕ ਲਿਆ। ਮੇਰਾ ਹੱਥ ਛੱਡ ਗੁਲਾਬ ਕੁਰ ਨੇ ਵਰਾਂਢੇ ਵੱਲ ਇਸ਼ਾਰਾ ਕੀਤਾ। ਉਸ ਵਿੱਚ ਡਿਹਾ ਮੰਜਾ ਪੁੱਠਾ ਹੋਇਆ ਪਿਆ ਸੀ। ਉਸਦੇ ਚਾਰੇ ਪਾਵਿਆਂ ਉੱਪਰ ਸਫੈਦ ਰੰਗ ਦੇ ਚੂਹੇ ਬੈਠੇ ਸਨ। ਇਕ ਮਰਿਆ ਹੋਇਆ ਚੂਹਾ ਚੁੱਕੀਂ ਅੱਕਰਮਾਸ਼ੀ ਹਵਾ ਵਿੱਚ ਉਛਾਲ ਰਿਹਾ ਸੀ।

੦ ੦ ੦

”ਵੇਖ ਕਿਵੇਂ ਉੱਛਲਦੈ!…. ਸਾਲਾ ਅੱਕਰਮਾਸ਼ੀ ਜਿਹਾ….!” ਸੁੱਤਾ ਪਿਆ ਪਿੰਡ ਉਸ ਦੀਆਂ ਗੱਲਾਂ ਕਰਨ ਲੱਗਾ ਪੁੱਛ ਦੱਸ ਹੋਣ ਲੱਗੀ, ”ਇਹ ਅੱਕਰਮਾਸ਼ੀ ਕੀ ਹੁੰਦੈ ਬਈ….!”
”ਮਰਾਠੀ ਭਾਸ਼ਾ ‘ਚ ਨਜਾਇਜ਼ ਔਲਾਦ ਨੂੰ ਅੱਕਰਮਾਸ਼ੀ ਕਹਿੰਦੇ ਨੇ…!” ਚੋਰੀ ਦਾ ਗਿਆਨ ਤਾਸ਼ ਵਾਂਗ ਫੈਂਟਿਆ ਜਾਣ ਲੱਗਾ ਸੱਥ ਵਿੱਚ ਪਿੰਡ ਦੀਆਂ ਬੀਹੀਆਂ ਹੱਸਣ ਲੱਗੀਆਂ, ”ਅੱਛਿਆ!…. ਤਾਂ ਹੀ ਬਿੰਜਲ ‘ਚ ਮਰਾਠਿਆਂ ਵਰਗਾ ਜੋਰ ਸੀ…!”
”ਮੈਂ ਕਿਹਾ ਸੀ ਨਾ ਮੇਰੇ ਸਾਹਮਣੇ ਬਿੰਜਲ ਦਾ ਨਾਂ ਨਾ ਲਈਂ….!” ਗੁਲਾਬ ਕੁਰ ਨੇ ਮੇਰਾ ਗਲ੍ਹਾਮਾਂ ਫੜ ਲਿਆ ਮੈਂ ਉਸਦਾ ਹੱਥ ਪਰ੍ਹਾਂ ਝਟਕ ਦਿੱਤਾ, ”ਵਾਹ ਨੀ ਗੁਲਾਬ ਕੁਰੇ!…. ਤੂੰ ਤਾਂ ਸੱਸ ਜੁਆਈ ਆਲਾ ਰਿਸ਼ਤਾ ਈ ਭੁੱਲ ਗਈ…!”
”ਇਹ ਤੇਰਾ ਵਹਿਮ ਐ ਭਾਗ!…. ਮੈਂ ਕੁਸ਼ ਨੀ ਭੁੱਲੀ!… ਨਾ ਤੇਰੀ ਨਾ ਗਾਨੀ ਦੀ ਕਰਤੂਤ!… ਕੁਸ਼ ਨੀ ਭੁੱਲੀ….!” ਉਸਨੇ ਗਲ਼ ਪਾਈ ਹੱਡੀਆਂ ਦੀ ਮਾਲਾ ਵਿੱਚੋਂ ਇਕ ਹੱਡੀ ਤੋੜ ਲਈ ਉਸ ਨੂੰ ਮੂੰਹ ਵਿੱਚ ਪਾ ਉਹ ਫਟੀ ਹੋਈ ਆਵਾਜ਼ ਵਿੱਚ ਬੋਲੀ, ”ਤੁਸੀਂ ਦੋਵੇਂ ਮੇਰੇ ਗਲ਼ੇ ਦੀ ਹੱਡੀ ਓਂ….!”
”ਕਿਉਂ ਬਿੰਜਲ ਨੀ…!” ਮੈਨੂੰ ਅੱਗ ਵਿੱਚ ਹੱਡੀ ਸੜਨ ਦੀ ਗੰਧ ਆਉਣ ਲੱਗੀ ਮੇਰੇ ਵੱਲ ਸਿਸਤ ਬੰਨ੍ਹ ਉਸਨੇ ਮੂੰਹ ਵਿੱਚਲੀ ਰਾਖ ਫੂਕ ਦਿੱਤੀ, ”ਸ….ਵਾ….ਹਾ…!!”
ਹਵਾ ਵਿੱਚ ਰਾਖ ਦਾ ਬੱਦਲ ਫੈਲ ਗਿਆ। ਗੁਲਾਬ ਕੁਰ ਉਸ ਵਿੱਚ ਸਮਾ ਗਈ। ਮੈਂ ਹਵਾ ਨਾਲ ਗੱਲਾਂ ਕਰਨ ਲੱਗਿਆ, ”ਇਹ ਵੀ ਅੰਦਰੋਂ ਸੜ ਕੇ ਸਵਾਹ ਹੋਈ ਪਈ ਸੀ….!”
”ਉਹਦੀ ਬਾਅਦ ‘ਚ ਦੱਸੀਂ!… ਪਹਿਲਾਂ ਮੇਰੀ ਸੁਣ ਲੈ…!” ਰਾਖ ਦੇ ਬੱਦਲ ਵਿੱਚੋਂ ਉੱਭਰਿਆ ਅੱਕਰਮਾਸ਼ੀ ਮੇਰੇ ਸਾਹਮਣੇ ਆ ਖੜ੍ਹਿਆ ਉਸਦੇ ਗਲ਼ ਵਿੱਚ ਗੁਲਾਬ ਕੁਰ ਵਾਲੀ ਹੱਡੀਆਂ ਦੀ ਮਾਲਾ ਪਾਈ ਹੋਈ ਸੀ। ਮਰਿਆ ਹੋਇਆ ਚੂਹਾ ਪਰ੍ਹਾਂ ਸਿੱਟ ਉਹ ਬੱਚਿਆਂ ਵਾਂਗ ਰੋਣ ਲੱਗ ਪਿਆ, ”ਮੇਰਾ ਬਾਪ ਮਰਿਆ ਹੋਇਆ ਚੂਹਾ ਸੀ…!”
”ਮਾਂ ਟੁੱਟੀ ਹੋਈ ਗਾਨੀ ਸੀ….!” ਉਸਦਾ ਰੋਣਾ ਸੁਣ ਪੁੱਠਾ ਡਿਹਾ ਮੰਜਾ ਸਿੱਧਾ ਹੋ ਗਿਆ ਉਹ ਕੰਧ ਨਾਲ ਢੋਅ ਲਾ ਪਾਵਿਆਂ ਤੋਂ ਉਤਰਦੇ ਚੂਹਿਆਂ ਵੱਲ ਵੇਖਣ ਲੱਗਾ। ਉਹ ਬੱਚਿਆਂ ਵਾਂਗ ਰਿੜ੍ਹ ਰਹੇ ਸਨ।
”ਜਾਓ ਬੱਚਿਓ ਖੇਡੋ!… ਮੈਥੋਂ ਡਰੋ ਨਾ….!” ਡਰਦਾ ਡਰਦਾ ਉਹ ਪਿਛਾਂਹ ਨੂੰ ਹਟਣ ਲੱਗਾ ਉਸ ਦੀਆਂ ਅੱਖਾਂ ਵਿੱਚ ਅੱਗ ਮੱਚਣ ਲੱਗੀ। ਹੱਡੀਆਂ ਦੀ ਮਾਲਾ ਫਿਰਕੀ ਵਾਂਗ ਘੁੰਮਣ ਲੱਗੀ। ਉਸਨੇ ਦੋਵੇਂ ਅੱਖਾਂ ਬੰਦ ਕਰ ਲਈਆਂ। ਕੰਨਾਂ ਵਿੱਚ ਉਂਗਲਾਂ ਦੇ ਲਈਆਂ। ਮੈਨੂੰ ਪਿੰਡ ਵਿੱਚ ਮੱਚਿਆ ਸ਼ੋਰ ਸੁਣਾਈ ਦੇਣ ਲੱਗਾ,
”ਬਈ ਨਹੀਂ ਰੀਸਾਂ ਤੀਮੀਂ ਦੀਆਂ!…. ਆਪਣੇ ਘਰਆਲਾ ਊਂ ਮਰਵਾ ਦਿੱਤਾ!… ਬਿੰਜਲ ਊਂ ਮਰਵਾ ਦਿੱਤਾ…!” ”ਗਲ ‘ਚ ਕਾਲੀ ਗਾਨੀ ਅਜੇ ਵੀ ਕੁਆਰੀਆਂ ਵਾਂਗ ਪਾ ਕੇ ਰੱਖਦੀ ਐ….!” ਸੱਥ ਵਿੱਚ ਚਰਚਾ ਹੁੰਦੀ ਉਸਦੀ ਜਵਾਨੀ ਉੱਪਰ ਘਾਤ ਲਾਈਂ ਬੈਠੀਆਂ ਅੱਖਾਂ ਵਿੱਚ ਅੱਗ ਮੱਚਦੀ, ”ਇਕ ਮੁੰਡਾ ਹੋਰ ਚਾਹੀਦੈ ਭਾਬੀ….!”
”ਮੁੰਡਾ ਕਾਹਦਾ ਜੰਮਿਐ!… ਸਹੁਰੀ ਨੇ ਬਿੰਜਲ ਈ ਜੰਮਤਾ….!” ਚਾਰ ਸਾਲ ਤਾਂ ਗਾਨੀ ਮੈਲ਼ੀਆਂ ਅੱਖਾਂ ਦੀ ਮਾਰ ਝੱਲਦੀ ਰਹੀ ਪੰਜਵੇਂ ਸਾਲ ਇਕ ਰਾਤ ਉਹ ਪਿੰਡ ਵਿੱਚੋਂ ਗਾਇਬ ਹੋ ਗਈ। ਉਸਦੀ ਚੁੰਨੀ ਮਾਹੋਰਾਣੇ ਵਾਲੀ ਨਹਿਰ ਕਿਨਾਰੇ ਮਿਲੀ ਸੀ। ਡੁੱਬ ਮਰਨ ਤੋਂ ਪਹਿਲਾਂ ਉਹ ਮੁੰਡਾ ਸੰਗਰੂਰ ਪਿੰਗਲਵਾੜੇ ਛੱਡ ਗਈ ਸੀ।
ਇਕ ਦਿਨ ਉਸ ਪਿੰਗਲਵਾੜੇ ਵਿੱਚ ਇਕ ਬੇਔਲਾਦ ਜੋੜੀ ਆਈ। ਉਸਨੇ ਮੁੰਡਾ ਗੋਦ ਲੈ ਲਿਆ। ਘਰ ਵਿੱਚ ਰੌਣਕ ਹੋ ਗਈ। ਉਸ ਘਰ ਦਾ ਬੰਦਾ ਹਸਪਤਾਲ ਵਿੱਚ ਨੌਕਰੀ ਕਰਦਾ ਸੀ। ਉਸਦੀ ਡਿਊਟੀ ਮੁਰਦਾ-ਘਰ ਵਿੱਚ ਹੁੰਦੀ। ਉਹ ਲਾਸ਼ਾਂ ਵਿੱਚ ਰਹਿੰਦਾ। ਇਕ ਰਾਤ ਇਕ ਲਾਸ਼ ਚੋਰੀ ਹੋ ਗਈ। ਉਹ ਸਾਰੀ ਰਾਤ ਗੁਆਚੀ ਲਾਸ਼ ਲੱਭਦਾ ਰਿਹਾ। ਕਦੀ ਇਸ ਖੂੰਜੇ। ਕਦੀ ਉਸ ਖੂੰਜੇ। ਕਦੀ ਇਕ ਬੈੱਡ ਤੋਂ। ਕਦੀ ਦੂਜੇ ਬੈੱਡ ਤੋਂ ਕੱਪੜਾ ਚੁੱਕ ਕੇ ਵੇਖਦਾ। ਉਹ ਜਿੱਧਰ ਨੂੰ ਵੀ ਜਾਂਦਾ। ਗੁਆਚੀ ਲਾਸ਼ ਉਸਦਾ ਪਿੱਛਾ ਕਰਦੀ। ਜਰਾ ਜਿੰਨਾਂ ਵੀ ਖੜਕਾ ਹੁੰਦਾ। ਉਹ ਡਰ ਜਾਂਦਾ। ਸਵੇਰ ਹੋਣ ਤੱਕ ਉਸਦੀ ਵਧੀ ਹੋਈ ਧੜਕਣ ਬੰਦ ਹੋ ਗਈ। ਉਹ ਮਰ ਗਿਆ। ਉਸਦੀ ਮੌਤ ਤੋਂ ਬਾਅਦ ਉਸਦੀ ਘਰਆਲੀ ਗਾਨੀ ਦਾ ਮੁੰਡਾ ਪਾਲਣ ਲੱਗੀ। ਜਿਸ ਦਿਨ ਉਹ ਜਵਾਨ ਹੋ ਗਿਆ। ਉਸਨੂੰ ਬਾਪ ਵਾਲੀ ਨੌਕਰੀ ਮਿਲ ਗਈ। ਉਹ ਮੁਰਦਾ-ਘਰ ਵਿੱਚ ਲਾਸ਼ਾਂ ਦੀ ਚੌਕੀਦਾਰੀ ਕਰਨ ਲੱਗਾ।
”ਹਾਂ!…. ਲਾਸ਼ਾਂ ਦੀ ਚੌਕੀਦਾਰੀ….!” ਕੰਨਾਂ ਵਿੱਚ ਦਿੱਤੀਆਂ ਉਂਗਲਾਂ ਕੱਢ ਅੱਕਰਮਾਸ਼ੀ ਲਾਸ਼ ਵਾਂਗ ਬੋਲਿਆ ਮੈਂ ਉਸ ਵੱਲ ਧਿਆਨ ਨਾਲ ਵੇਖਿਆ। ਕੰਧ ਨਾਲ ਢੋਹ ਲਾਈਂ ਉਹ ਚੁੱਪ ਬੈਠਾ ਸੀ। ਮੈਨੂੰ ਉਸਦੀ ਚੁੱਪ ਤੋਂ ਡਰ ਆਇਆ।
”ਜਿਸ ਦਿਨ ਉਸ ਔਰਤ ਦੀ ਲਾਸ਼ ਆਈ!…. ਮੈਂ ਵੀ ਆਪਣੀ ਚੁੱਪ ਤੋਂ ਡਰਿਆ ਬੈਠਾ ਸੀ…!” ਉਸਦੀ ਆਵਾਜ਼ ਵਿੱਚ ਸੰਨਾਟਾ ਛਾ ਗਿਆ ਅੱਖਾਂ ਵਿੱਚ ਨਫਰਤ ਉਭਰਨ ਲੱਗੀ। ਉਹ ਮੁਰਦਾ-ਘਰ ਵਿੱਚ ਪਈ ਲਾਸ਼ ਵੱਲ ਵੇਖਣ ਲੱਗਾ। ਉਸਦੇ ਢਿੱਡ ਵਿੱਚ ਨਜ਼ਾਇਜ਼ ਬੱਚਾ ਸੀ। ਉਹ ਲੋਕਾਂ ਤੋਂ ਡਰ ਗਈ। ਨਮੋਸ਼ੀ ਵਿੱਚ ਜ਼ਹਿਰ ਖਾ ਮਰ ਗਈ। ਉਹ ਬਹੁਤ ਸੁਨੱਖੀ ਸੀ।
ਉਸ ਵੱਲ ਵੇਖ ਅੱਕਰਮਾਸ਼ੀ ਦੀਆਂ ਨਸਾਂ ਵਿੱਚ ਜ਼ਹਿਰ ਫੈਲਣ ਲੱਗਾ। ਉਹ ਥੋੜ੍ਹੀ ਦੇਰ ਬਾਅਦ ਮੁਰਦਾ-ਘਰ ਅੰਦਰ ਜਾਂਦਾ। ਕੱਪੜਾ ਚੁੱਕ ਨੰਗੀ ਲਾਸ਼ ਵੇਖਦਾ। ਫਿਰ ਢੱਕ ਦਿੰਦਾ। ਬਾਹਰ ਆ ਜਾਂਦਾ।

ਉਸਦੀ ਆਉਣੀ-ਜਾਣੀ ਤੇਜ ਹੋ ਗਈ। ਪੈਰਾਂ ਹੇਠ ਅੱਗ ਮੱਚਣ ਲੱਗੀ। ਅੱਖਾਂ ਵਿੱਚੋਂ ਸੇਕ ਨਿਕਲਣ ਲੱਗਾ। ਆਲੇ-ਦੁਆਲੇ ਪਈਆਂ ਲਾਸ਼ਾਂ ਵੱਲ ਵੇਖਦਾ ਉਹ ਔਰਤ ਦੀ ਲਾਸ਼ ਵੱਲ ਵਧਣ ਲੱਗਾ। ਉਹ ਠੰਡੀ ਹੋਈ ਪਈ ਸੀ। ਅੱਕਰਮਾਸ਼ੀ ਨੇ ਗਰਮ ਹੱਥਾਂ ਨਾਲ ਉਸ ਤੋਂ ਕੱਪੜਾ ਚੁੱਕਿਆ। ਆਪਣੇ ਕੱਪੜੇ ਉਤਾਰੇ। ਉਹ ਸਾਰੀ ਰਾਤ ਹਮਬਿਸਤਰੀ ਕਰਦਾ ਰਿਹਾ। ਜਦੋਂ ਹੋਸ਼ ਪਰਤੀ। ਉਸ ਅੰਦਰ ਕੁਝ ਮਰ ਗਿਆ ਸੀ। ਉਸਦੇ ਹੱਥ ਪੈਰ ਠੰਡੇ ਹੋ ਗਏ। ਉਸਨੇ ਕੰਬਦੇ ਹੱਥਾਂ ਨਾਲ ਲਾਸ਼ ਢਕੀ। ਕੱਪੜੇ ਪਾਏ। ਮੁਰਦਿਆਂ ਵਾਂਗ ਤੁਰਦਾ ਬਾਹਰ ਆ ਬੈਂਚ ‘ਤੇ ਬੈਠ ਗਿਆ।
ਉਸਦੇ ਨਾਲ ਉਹ ਲਾਸ਼ ਵੀ ਬੈਠ ਗਈ, ”ਕੀ ਗੱਲ!… ਕੋਈ ਮਰ ਗਿਆ…!”
”ਚੱਲ ਉੱਠ !… ਅੰਦਰ ਹੋਰ ਵੀ ਸੁਨੱਖੀਆਂ ਲਾਸ਼ਾਂ ਨੇ…!” ਮੁਰਦਾ-ਘਰ ਵਿੱਚ ਗੂੰਜਦੀ ਆਵਾਜ਼ ਸੁਣ ਉਸਨੂੰ ਉਲਟੀ ਆ ਗਈ ਮੂੰਹ ਸਾਫ ਕਰ ਉਸਨੇ ਪਰ੍ਹਾਂ ਨੂੰ ਥੁੱਕਿਆ। ਥੁੱਕ ਉਸ ਉੱਪਰ ਹੀ ਡਿੱਗ ਪਿਆ। ਉਹ ਆਪਣੇ ਕੱਪੜੇ ਪਾੜਨ ਲੱਗਾ। ਨੰਗਾ ਹੋ ਜਨਾਨਾ ਵਾਰਡ ਵੱਲ ਨੂੰ ਭੱਜ ਲਿਆ। ਜਿਹਨਾਂ ਔਰਤਾਂ ਦੇ ਬੱਚੇ ਹੋਏ ਸਨ। ਉਹਨਾਂ ਦੇ ਬੈੱਡਾਂ ਕੋਲ ਖੜ੍ਹ ਉਹ ਨਫਰਤ ਨਾਲ ਵੇਖਣ ਲੱਗਾ। ਮਾਵਾਂ ਡਰ ਗਈਆਂ। ਬੱਚੇ ਰੋਣ ਲੱਗੇ। ਉਹ ਤਾੜੀਆਂ ਮਾਰ ਹੱਸਣ ਲੱਗਾ, ”ਹਾਂ!…. ਮਰਿਆ ਤਾਂ ਕੋਈ ਹੈ…!”
”ਚੱਲ ਫਿਰ!… ਉਹਦਾ ਸਸਕਾਰ ਕਰ ਦੇਈਏ….!” ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਬਾਹਾਂ ਵਿੱਚ ਜਕੜ ਲਿਆ ਉਹ ਆਪਣਾ ਆਪ ਪਿੱਛੇ ਨੂੰ ਖਿੱਚਣ ਲੱਗਾ। ਉਸਦੇ ਪੈਰ ਪਾਗਲਖਾਨੇ ਵੱਲ ਨੂੰ ਵਧਣ ਲੱਗੇ। ਝਟਕ-ਦਰਝਟਕਾ ਬਿਜਲੀਆਂ ਲੱਗੀਆਂ।
ਦਿਮਾਗ ਸੈੱਟ ਹੋਣ ਤੋਂ ਬਾਅਦ, ਹਸਪਤਾਲ ਵਿੱਚੋਂ ਉਸਦੀ ਛੁੱਟੀ ਹੋ ਗਈ ਸੀ।
”ਹਾਂ ਛੁੱਟੀ!… ਮੇਰੀ ਪੱਕੀ ਹੀ ਛੁੱਟੀ ਹੋ ਗਈ ਸੀ…!” ਕੰਧ ਨਾਲ ਢੋਅ ਲਾਈਂ ਬੈਠਾ ਅੱਕਰਮਾਸ਼ੀ ਭੁੱਲੇ ਭੂਤ ਵਾਂਗ ਵੇਖ ਰਿਹਾ ਸੀ ਮੈਂ ਉਸਦੇ ਗਲ਼ ਪਾਈ ਹੱਡੀਆਂ ਦੀ ਮਾਲਾ ਵੱਲ ਵੇਖ ਰਿਹਾ ਸੀ, ”ਬੜੀ ਮਾੜੀ ਹੋਈ…!”
”ਕੀ ਮਾੜੀ ਹੋਈ!… ਤੈਂ ਕੁਝ ਸੁਣਿਆ ਤਾਂ ਹੈ ਨੀ….!” ਉਸਦੇ ਬੱਲ੍ਹ ਫਰਕੇ ਮੈਂ ਉਸ ਵੱਲ ਤਿਰਛਾ ਜਿਹਾ ਝਾਕਿਆ, ”ਤੂੰ ਕਿਹੜਾ ਕੁਝ ਬੋਲਿਐਂ…!”
”ਵੇ ਇਹ ਹੁਣ ਕੀ ਬੋਲੂ!… ਗਾਨੀ ਨੇ ਬੋਲਣ ਜੋਗਾ ਕਿੱਥੇ ਛੱਡਿਆ!… ਆਜਾ ਤੈਨੂੰ ਮੈਂ ਦੱਸਦੀ ਆਂ…!”
ਵਰਾਂਢੇ ਵਿੱਚ ਉੱਡਦੀ ਰਾਖ ਵਿੱਚੋਂ ਗੁਲਾਬ ਕੁਰ ਧੂੜ ਵਾਂਗ ਹੇਠਾਂ ਬੈਠਣ ਲੱਗੀ ਅੱਕਰਮਾਸ਼ੀ ਉਸ ਵੱਲ ਨਫਰਤ ਨਾਲ ਵੇਖ ਰਿਹਾ ਸੀ। ਮੇਰੀ ਨਜ਼ਰ ਉਸ ਦੀਆਂ ਅੱਖਾਂ ਉਪਰ ਟਿਕੀ ਹੋਈ ਸੀ। ਉਸ ਦੀਆਂ ਸੁਰਖ ਅੱਖਾਂ ਵਿੱਚ ਇਕ ਬੱਚਾ ਰੋ ਰਿਹਾ ਸੀ।

੦ ੦ ੦

”ਜਿਹੜਾ ਇਸ ਦੀਆਂ ਅੱਖਾਂ ਵਿੱਚ ਰੋਂਦਾ!…. ਉਹ ਮੇਰਾ ਬੱਚਾ ਸੀ….!” ਗੁਲਾਬ ਕੁਰ ਨੇ ਖਾਲੀ ਢਿੱਡ ‘ਤੇ ਹੱਥ ਮਾਰਿਆ ਉਸਦਾ ਹੱਥ ਖੂਨ ਨਾਲ ਭਿੱਜ ਗਿਆ। ਹੱਥਾਂ ਪੈਰਾਂ ਉੱਪਰ ਤੁਰਦਾ ਅੱਕਰਮਾਸ਼ੀ ਨਜ਼ਦੀਕ ਆ ਗਿਆ। ਉਹ ਖੂਨ ਨਾਲ ਭਿੱਜਿਆ ਹੱਥ ਚੱਟਣ ਲੱਗਾ, ”ਮਿ…ਆ…ਊਂ…!!”
”ਮਾਂ…ਅ…ਊਂ…!!” ਕੋਠੇ ਉੱਪਰ ਬਿੱਲੀਆਂ ਰੋਣ ਲੱਗੀਆਂ ਮੈਂ ਤਾੜੀ ਮਾਰ ਉੱਪਰ ਨੂੰ ਲਲਕਾਰਾ ਮਾਰਿਆ, ”ਹਾ….ਅ….ਚ!… ਖੜਜੋ ਤੁਸੀਂ…!!”
”ਤੂੰ ਐਥੀ ਖੜ੍ਹੀਂ ਭਾਗ!… ਮੈਂ ਹੱਥ ਧੋ ਲਵਾਂ…!” ਢਿੱਡ ਉੱਪਰ ਹੱਥ ਰੱਖੀਂ ਗੁਲਾਬ ਕੁਰ ਨਲਕੇ ਵੱਲ ਨੂੰ ਤੁਰ ਪਈ ਉਸਨੇ ਹੱਥੀ ਗੇੜੀ। ਨਲਕਾ ਖੜਕਿਆ। ਉਸ ਦੇ ਮੂੰਹ ਵਿੱਚੋਂ ਪਾਣੀ ਦੀ ਥਾਂ ਸੱਪ ਨਿੱਕਲਿਆ। ਮੈਂ ਉਸਦੀ ਸਿਰੀ ਫੜਨ ਲੱਗਾ। ਬੁੱਲ੍ਹਾਂ ਵਿੱਚ ਜੀਭ ਫੇਰਦੀ ਗੁਲਾਬ ਕੁਰ ਸੀਟੀਆਂ ਮਾਰਨ ਲੱਗੀ, ”ਤੂੰ ਵੀ ਸੱਪ ਐਂ ਭਾਗ!… ਉਹ ਵੀ ਸੱਪ ਸੀ….!”
”ਉਹ ਮੇਰਾ ਬੱਚਾ ਖਾ ਗਿਆ….!” ਨਲਕੇ ਦੀ ਹੱਥੀ ਛੱਡ ਉਹ ਵਰਾਂਢੇ ਵੱਲ ਨੂੰ ਤੁਰ ਪਈ ਮੈਂ ਉਸਦੇ ਪਿੱਛੇ-ਪਿੱਛੇ ਤੁਰ ਪਿਆ। ਉਹ ਇਕ ਡਿੰਗ੍ਹ ਵਿੱਚ ਹੀ ਮੰਜੇ ਕੋਲ ਪੁੱਜ ਗਈ। ਮੈਂ ਪੈਰ ਪਿੱਛੇ ਖਿੱਚਣ ਲੱਗਾ। ਉਹ ਮੇਰੇ ਮੰਜੇ ਉੱਪਰ ਪੈ ਗਈ। ਉਸਦੇ ਸਿਰਹਾਣੇ ਇਕ ਬੱਚਾ ਆ ਬੈਠਿਆ। ਉਸਦੇ ਧੜ ਤੋਂ ਸਿਰ ਗਾਇਬ ਸੀ। ਹਵਾ ਵਿੱਚ ਹੱਥ ਫੇਰਦੀ ਗੁਲਾਬ ਕੁਰ ਉਸਦਾ ਸਿਰ ਪਲੋਸਣ ਲੱਗੀ, ”ਨੀ ਮੈਂ ਵਾਰੀ ਜਾਵਾਂ!… ਆ ਗਿਆ ਮੇਰਾ ਪੁੱਤ…!”
”ਹਾਂ….ਮੈਂ….. ਆ…. ਗਿਆ….!” ਪਰਛੱਤੀ ਵਿੱਚ ਬਿੰਜਲ ਦੀ ਆਵਾਜ਼ ਗੂੰਜੀ ਗੁਲਾਬ ਕੁਰ ਉੱਠ ਕੇ ਬੈਠੀ ਗਈ। ਮੈਂ ਥਮਲੇ ਉਹਲੇ ਲੁਕ ਗਿਆ। ਉਹ ਮੰਜੇ ਤੋਂ ਹੇਠਾਂ ਉੱਤਰੀ। ਹਵਾ ਵਿੱਚ ਪੈਰ ਰੱਖਦੀ ਪਰਛੱਤੀ ਕੋਲ ਜਾ ਖੜ੍ਹੀ। ਪਰਛੱਤੀ ਤੋਂ ਇਕ ਹੱਥ ਹੇਠਾਂ ਲਟਕਿਆ। ਉਸ ਵਿੱਚ ਰੂੰ ਦਾ ਬਣਿਆ ਗੁੱਡਾ ਸੀ। ਜਦੋਂ ਗੁਲਾਬ ਕੁਰ ਫੜਨ ਲੱਗੀ। ਉਹ ਹੱਥ ਵਿੱਚੋਂ ਛੁੱਟ ਗਿਆ। ਮੱਖੀ ਬਣ ਭੀਂ ਭੀਂ ਕਰਨ ਲੱਗਾ। ਮੈਂ ਕੰਨਾਂ ਉੱਪਰ ਹੱਥ ਰੱਖ ਲਏ। ਮੱਖੀ ਮੇਰੇ ਸਿਰ ਦੁਆਲੇ ਘੁੰਮਣ ਲੱਗੀ। ਮੈਂ ਗੁਲਾਬ ਕੁਰ ਵੱਲ ਵੇਖਣ ਲੱਗਾ। ਉਸਦਾ ਸਿਰ ਭੰਬੀਰੀ ਵਾਂਗ ਘੁੰਮ ਰਿਹਾ ਸੀ। ਉਹ ਪੀੜ੍ਹੀ ਉਪਰ ਜਾ ਬੈਠੀ। ਮੱਖੀ ਪੀੜ੍ਹੀ ਹੇਠਾਂ ਵੜ ਗਈ। ਉਸਨੇ ਤਸਲੀ ਵਿੱਚੋਂ ਕੋਲਾ ਚੁੱਕ ਹਵਾ ਵਿੱਚ ਕਾਟੀ ਮਾਰੀ। ਮੱਖੀ ਰੂੰ ਦਾ ਗੁੱਡਾ ਬਣ ਗਈ। ਮੈਂ ਥਮਲੇ ਦੀ ਓਟ ਛੱਡ, ਹੌਲੀ-ਹੌਲੀ ਤੁਰਦਾ ਮੰਜੇ ਉੱਪਰ ਜਾ ਬੈਠਿਆ। ਗੁਲਾਬ ਕੁਰ ਵਿਹੜੇ ਵੱਲ ਨੂੰ ਤੁਰ ਪਈ। ਰੂੰ ਦਾ ਗੁੱਡਾ ਉਸਦਾ ਪਿੱਛਾ ਕਰਨ ਲੱਗਾ। ਉਹ ਸੱਪ ਵਾਂਗ ਕੁੰਜ ਉਤਾਰਨ ਲੱਗੀ। ਗੁੱਡਾ ਉਸਦੀ ਕੁੜਤੀ ਦਾ ਪੱਲਾ ਫੜ ਰੋਣ ਲੱਗਾ।
”ਕੀਹਨੇ ਮਾਰਿਆ ਮੇਰਾ ਪੁੱਤ….!” ਉਸ ਨੂੰ ਬੁੱਕਲ ਵਿੱਚ ਲੈ ਉਹ ਆਲਾ-ਦੁਆਲਾ ਵੇਖਣ ਲੱਗੀ ਰੂੰ ਦੇ ਗੁੱਡੇ ਨੇ ਉਪਰ ਨੂੰ ਉਂਗਲ ਕਰ ਦਿੱਤੀ। ਉਹ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਪਰਛੱਤੀ ਵੱਲ ਨੂੰ ਵੇਖਣ ਲੱਗੀ।  ਉਸ ਦੀਆਂ ਅੱਖਾਂ ਵਿੱਚ ਉਹ ਰਾਤ ਉੱਤਰਨ ਲੱਗੀ, ਜਿਸ ਵਿੱਚ ਬਿੰਜਲ ਮੰਜਾ ਡਾਹੀਂ ਪਿਆ ਸੀ। ਉਸ ਕੋਲ ਗੁਲਾਬ ਕੁਰ ਦਾ ਮੰਜਾ ਸੀ। ਉਸ ਤੋਂ ਥੋੜ੍ਹੀ ਵਿੱਥ ਉਪਰ ਛੋਟੀ ਜਿਹੀ ਮੰਜੀ ‘ਤੇ ਜਿੰਦਰ ਪਈ ਸੀ। ਜਦੋਂ ਉਸਨੂੰ ਹੌਲ ਪੈਂਦਾ। ਉਹ ਉੱਠਕੇ ਰੋਣ ਲੱਗ ਪੈਂਦੀ, ”ਮਾਂ!… ਵੀਰਾ ਕਦੋਂ ਆਊਗਾ….!”
”ਪੈ ਜਾਹ!… ਉਹ ਨੀ ਹੁਣ ਆਉਂਦਾ…!” ਕੁੜੀ ਨੂੰ ਥਾਪੜ ਉਹ ਹਨ੍ਹੇਰੇ ਵਿੱਚ ਤੁਰੇ ਆਉਂਦੇ ਪਰਛਾਵੇਂ ਵੱਲ ਵੇਖਣ ਲੱਗੀ ਪਰਛਾਵਾਂ ਨਜ਼ਦੀਕ ਆ ਉਸਦੇ ਮੰਜੇ ਦੀ ਪੈਂਦ ਵੱਲ ਬੈਠ ਗਿਆ। ਪੈਰਾਂ ਉਪਰ ਛੋਟੇ ਛੋਟੇ ਹੱਥਾਂ ਦੀ ਛੋਹ ਮਹਿਸੂਸ ਕਰ ਉਹ ਉੱਠ ਬੈਠੀ। ਉਸਨੇ ਨੰਨ੍ਹੇ ਹੱਥ ਚੁੰਮ ਲਏ, ”ਮੇਰਾ ਪੁੱਤ!… ਮੇਰਾ ਬੱਚਾ…”
”ਇਹਨੇ ਮੈਨੂੰ ਮਾਰਿਆ ਸੀ!… ਤੂੰ ਇਹਨੂੰ ਮਾਰ ਦੇ….!” ਹਥੋੜੀ ਨਾਲ ਕਿੱਲ ਫੜਾ ਹੱਥਾਂ ਦੀ ਜੋੜੀ ਮਿੰਨਤ ਕਰਨ ਲੱਗੀ ਗੁਲਾਬ ਦਾ ਹਉਂਕਾ ਨਿੱਕਲ ਗਿਆ। ਉਹ ਮੰਜੇ ਤੋਂ ਉੱਠ ਬਿੰਜਲ ਦੇ ਸਿਰਹਾਣੇ ਵਾਲੇ ਪਾਸੇ ਜਾ ਖੜ੍ਹੀ। ਇਕ ਪਲ ਲਈ ਦਿਲ ਵਿੱਚ ਚੀਸ ਉੱਠੀ। ਅਗਲੇ ਹੀ ਪਲ ਉਸਨੇ ਲੋਹੇ ਦਾ ਕਿੱਲ ਸਿਰ ਵਿੱਚਕਾਰ ਰੱਖ ਦਿੱਤਾ।  ਹਥੋੜੀ ਵਾਲਾ ਹੱਥ ਉੱਪਰ ਉੱਠਿਆ। ਠਾਹ ਠਾਹ! ਦੋ ਸੱਟਾਂ ਵੱਜੀਆਂ। ਕੁਝ ਪਲ ਤੜਫਦਾ ਬਿੰਜਲ ਉਸ ਪਾਰ ਹੋ ਗਿਆ। ਨੰਨ੍ਹੇ ਹੱਥਾਂ ਦੀ ਜੋੜੀ ਤਾੜੀਆਂ ਮਾਰਨ ਲੱਗੀ। ਸਿਰ ਦੇ ਸਾਈਂ ਦੇ ਸਿਰ ਵਿੱਚੋਂ ਨਿੱਕਲਦਾ ਖੂਨ ਵੇਖਦੀ ਹੋਈ ਗੁਲਾਬ ਕੁਰ ਮੰਜੇ ਵੱਲ ਨੂੰ ਵਧਣ ਲੱਗੀ, ”ਉਹ ਗਿਆ!… ਹੁਣ ਤੂੰ ਵੀ ਜਾਹ…!” ਉਸ ਤੋਂ ਹਥੌੜੀ ਫੜ ਪਰਛਾਵਾਂ ਹਨੇਰੇ ਵਿੱਚ ਗਾਇਬ ਹੋ ਗਿਆ। ਮੰਜੀ ‘ਤੇ ਪਈ ਜਿੰਦਰ ਰੋਣ ਲੱਗੀ, ”ਮਾਂ!….
ਤੂੰ ਕਿੱਥੇ ਚਲੀ ਗਈ ਸੀ…!”
”ਕਿਤੇ ਨੀ!… ਮੈਂ ਤਾਂ ਐਥੀ ਪਈ ਸੀ….!” ਮੰਜੇ ਉੱਪਰ ਪਈ ਗੁਲਾਬ ਕੁਰ ਪਾਸਾ ਪਰਤ ਉਸਨੂੰ ਸੁਲਾਉਣ ਲੱਗੀ ਬਿੰਜਲ ਕਿੰਝ ਮਰਿਆ! ਮੈਨੂੰ ਵਿਆਹੀ ਜਾਣ ਤੋਂ ਬਾਅਦ ਵੀ ਜਿੰਦਰ ਨੂੰ ਪਤਾ ਨਹੀਂ ਸੀ। ਮੈਂ ਜਦੋਂ ਵੀ ਪੁੱਛਦਾ, ”ਤੇਰਾ ਬਾਪ ਕਿੰਝ ਮਰਿਆ ਸੀ…!”
”ਉਹਨੂੰ ਤਾਂ ਮੇਰੇ ਵੀਰੇ ਦੀ ਆਤਮਾ ਮਾਰ ਗਈ…” ਉਹ ਪਿੰਡ ਦੇ ਲੋਕਾਂ ਵਾਲਾ ਜਵਾਬ ਦੇ ਕੰਮੀਂ ਲੱਗ ਜਾਂਦੀ ਉਹ ਆਪ ਵੀ ਧੀਆਂ ਪੁੱਤਾਂ ਵਾਲੀ ਹੋ ਗਈ ਸੀ। ਪਰ ਉਸਦੀ ਸੁਰਤੀ ਘਰ ਵਿੱਚ ਹੀ ਭਟਕਦੀ ਰਹਿੰਦੀ। ਚੁੱਪਚਾਪ ਕੰਮ ਕਰਦੀ ਫਿਰੀਂ ਜਾਂਦੀ। ਜਦੋਂ ਹੌਲ ਪੈਂਦਾ। ਉਹ ਦਿਲ ‘ਤੇ ਹੱਥ ਰੱਖ ਆਖਦੀ, ”ਵੇਖੀਂ ਮਾਂ ਇਕੱਲੀ ਹੋਊਗੀ…!”
”ਮੈਂ ਉਸ ਕੋਲ ਚਾਰ ਦਿਨ ਲਾ ਨਾ ਆਵਾਂ…!” ਉਸਦੀ ਗੱਲ ਸੁਣ ਮੈਨੂੰ ਵੀ ਹੌਲ ਪੈਣ ਲੱਗ ਪੈਂਦਾ ਚਾਰ ਦਿਨ ਮੈਂ ਚਲਿਆ ਜਾਂਦਾ। ਚਾਰ ਦਿਨ ਉਹ ਲਾ ਆਉਂਦੀ। ਪਰ ਗੁਲਾਬ ਕੁਰ ਦੀ ਰੂਹ ਨੂੰ ਟੇਕ ਨਹੀਂ ਸੀ ਆਉਂਦੀ। ਉਸਦੀ ਰੂਹ ਵਿੱਚ ਮੋਇਆ ਬੱਚਾ ਭਟਕਦਾ ਰਹਿੰਦਾ। ਉਸਦੀ ਭਟਕਣ ਸ਼ਾਂਤ ਕਰਨ ਲਈ ਇਕ ਦਿਨ ਜਿੰਦਰ ਕਹਿੰਦੀ, ”ਹੁਣ ਤਾਂ ਬੱਚੇ ਵੀ ਵਿਆਹੇ ਗਏ ਨੇ!… ਮੈਂ ਕਹਿੰਨੀ ਆਂ ਤੂੰ ਮਾਂ ਕੋਲ ਪੱਕਾ ਈ ਚਲਿਆ ਜਾਹ…!”
ਉਸਦੀ ਗੱਲ ਮੰਨ ਗੁਲਾਬ ਕੁਰ ਦਾ ਘਰ ਮੇਰਾ ਪੱਕਾ ਟਿਕਾਣਾ ਹੋ ਗਿਆ ਸੀ। ਜਦੋਂ ਜਿੰਦਰ ਦੀ ਯਾਦ ਆਉਂਦੀ। ਮੈਂ ਪਿੰਡ ਜਾ ਆਉਂਦਾ। ਉੱਥੋਂ ਵਾਪਿਸ ਆ ਕਦੇ ਘਰ, ਕਦੇ ਬਜ਼ਾਰ, ਕਦੇ ਖੇਤ ਗੇੜਾ ਮਾਰ ਆਉਂਦਾ। ਮੈਂ ਪੁੱਤਾਂ ਵਾਂਗ ਘਰ-ਖੇਤ ਸੰਭਾਲ ਲਿਆ ਸੀ।
”ਪਰ ਜਿਹੜੀ ਗੱਲ ਸੰਭਾਲਣ ਆਇਆ ਸੀ!…. ਤੂੰ ਉਹ ਨਹੀਂ ਸੰਭਾਲ ਸਕਿਆ ਭਾਗ…!” ਗੁਲਾਬ ਕੁਰ ਦਾ ਹਉਂਕਾ ਸੁਣ ਮੈਂ ਅੱਕਰਮਾਸ਼ੀ ਵੱਲ ਝਾਕਿਆ ਕੰਧ ਕੋਲੋਂ ਉੱਠ ਉਹ ਥਮਲੇ ਕੋਲ ਬੈਠਾ ਰੋ ਰਿਹਾ ਸੀ, ”ਉਹ ਤੇਰਾ ਨਹੀਂ ਮੇਰਾ ਹਉਂਕਾ ਸੀ…!”
”ਤੂੰ ਮੇਰਾ ਹਉਂਕਾ ਸੰਭਾਲ ਕੇ ਰੱਖੀਂ…!” ਰੂੰ ਦਾ ਗੁੱਡਾ ਚੁੱਕੀਂ ਗੁਲਾਬ ਕੁਰ ਪੀੜ੍ਹੀ ਵੱਲ ਨੂੰ ਤੁਰ ਪਈ ਉਸ ਦੀਆਂ ਉਨੀਂਦੀਆਂ ਅੱਖਾਂ ਵੱਲ ਵੇਖ ਅੱਕਰਮਾਸ਼ੀ ਨੀਂਦ ਵਿੱਚ ਘਿਰ ਗਿਆ। ਮੈਨੂੰ ਵੀ ਨੀਂਦ ਆ ਰਹੀ ਸੀ। ਮੈਂ ਜੁੱਤੀ ਲਾਹ ਮੰਜੇ ਉਪਰ ਪੈ ਗਿਆ। ਉਹ ਮੰਜੇ ਦੇ ਹੇਠਾਂ ਪੈ ਗਿਆ। ”ਹੇਠਲੀ ਉੱਪਰ ਤਾਂ ਅਜੇ ਹੋਣੀ ਐ….!” ਚਰਖਾ ਕੱਤਣ ਦੀ ਅਵਾਜ਼ ਸੁਣ ਬੰਦ ਹੋ ਰਹੀਆਂ ਅੱਖਾਂ ਖੁੱਲ੍ਹ ਗਈਆਂ ਮੈਂ ਓਟੇ ਕੋਲ ਪਈ ਪੀੜ੍ਹੀ ਵੱਲ ਨਜ਼ਰ ਮਾਰੀ। ਉਸ ਉੱਪਰ ਰੂੰ ਦਾ ਗੁੱਡਾ ਪਿਆ ਸੀ।  ਮੰਜੇ ਹੇਠਾਂ ਪਿਆ ਅੱਕਰਮਾਸ਼ੀ ਉਸ ਵੱਲ ਨੂੰ ਸਰਕ ਰਿਹਾ ਸੀ। ਉਸਦੇ ਹੱਥ ਵਿੱਚ ਟੌਫੀ ਸੀ।

ਸਵੇਰ 5 ਵਜੇ ਤੋਂ 6 ਵਜੇ ਤੱਕ

”ਇਹ ਟੌਫੀ ਨਹੀਂ!… ਕੋਲਾ ਐ…!” ਡੇਕ ਹੇਠਾਂ ਖੜ੍ਹਾ ਇਕ ਬੱਚਾ ਪਰ੍ਹਾਂ ਨੂੰ ਥੁੱਕ ਰਿਹਾ ਸੀ ਦੂਜਾ ਬੱਚਾ ਮੂੰਹ ਸਾਫ ਕਰ ਰਿਹਾ ਸੀ, ”ਇਹ ਕੋਲਾ ਨਹੀਂ!… ਬਿੰਜਲ ਦੇ ਸਿਵੇ ਦੀ ਲੱਕੜੀ ਐ….!” ਅਵਾਜ਼ਾਂ ਸੁਣ ਮੇਰੀ ਨੀਂਦ ਟੁੱਟ ਗਈ। ਮੈਂ ਮੰਜੇ ਹੇਠਾਂ ਨਜ਼ਰ ਮਾਰੀ। ਅੱਕਰਮਾਸ਼ੀ ਉੱਥੇ ਨਹੀਂ ਸੀ। ਹੱਥ ਵਿੱਚ ਕੋਲਾ ਫੜੀਂ ਉਹ ਕੰਧ ‘ਤੇ ਲਕੀਰਾਂ ਮਾਰ-ਮਾਰ ਕੱਟ ਰਿਹਾ ਸੀ।
”ਕੋਈ ਤਾਂ ਸਾਬਤੀ ਰੱਖ ਲੈ…!” ਪੈਰੀਂ ਜੁੱਤੀ ਪਾ ਮੈਂ ਮੰਜੇ ਤੋਂ ਉੱਠ ਖੜ੍ਹਿਆ ਆਖਰੀ ਲਕੀਰ ਕੱਟਦਾ ਹੋਇਆ ਉਹ ਗੁਲਾਬ ਕੁਰ ਵਾਂਗ ਹੱਸਿਆ, ”ਕਿਉਂ ਰੱਖ ਲਾਂ!… ਕੋਈ ਹੱਸਿਆ ਤਾਂ ਹੈ ਨੀ…!”
”ਇਕ ਹੱਸਿਆ ਤਾਂ ਹੈਗਾ ਸੀ….!” ਮੈਂ ਤਾੜੀ ਮਾਰ ਹੱਸ ਪਿਆ  ਉਹ ਘੂਰੀ ਵੱਟ ਰੋਣ ਲੱਗ ਪਿਆ, ”ਮੈਂ ਕਿਹੜਾ ਉਹਨੂੰ ਵੇਖਿਆ…!’
ਉਸ ਨੂੰ ਮੈਂ ਵੇਖਿਆ ਸੀ। ਜਿਸ ਵਕਤ ਅੱਕਰਮਾਸ਼ੀ ਦੀ ਚਿਖਾ ਨੂੰ ਅਗਨੀ ਦਿੱਤੀ ਗਈ। ਮੇਰੇ ਪਿੱਛੇ ਖੜ੍ਹਾ ਇਕ ਬੱਚਾ ਹੱਸ ਰਿਹਾ ਸੀ। ਉਸ ਦੀਆਂ ਅੱਖਾਂ ਸਿਵੇ ਦੀ ਅੱਗ ਉਪਰ ਟਿਕੀਆਂ ਹੋਈਆਂ ਸਨ, ”ਅੰਕਲ!… ਸਮਾਈਲ ਪਲੀਜ਼…!”
ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ। ਉੱਥੇ ਕੋਈ ਨਹੀਂ ਸੀ। ਮੈਂ ਨਾਲ ਖੜ੍ਹੇ ਤੇਜੀ ਨੂੰ ਪੁੱਛਿਆ, ”ਐਥੇ ਜਿਹੜਾ ਬੱਚਾ ਖੜ੍ਹਾ ਸੀ!… ਉਹ ਕਿੱਥੇ ਗਿਆ…!”
”ਤੂੰ ਕਮਲਾ ਤਾਂ ਨੀ ਹੋ ਗਿਆ ਭਾਗ!…. ਬੱਚੇ ਤਾਂ ਇਹਨੂੰ ਵੇਖ ਕੇ ਊਈਂ ਦੂਰ ਭੱਜਦੇ ਸੀ….!” ਉਹ ਮੇਰੇ ਵੱਲ ਓਪਰਿਆਂ ਵਾਂਗ ਝਾਕਿਆ ਮੈਂ ਕੱਚਾ ਜਿਹਾ ਹੋ ਗਿਆ। ਉਹ ਠੀਕ ਕਹਿੰਦਾ ਸੀ। ਅੱਕਰਮਾਸ਼ੀ ਜਦੋਂ ਵੀ ਕੋਈ ਬੱਚਾ ਵੇਖਦਾ। ਉਸਨੂੰ ਛੇੜਨ ਲੱਗ ਪੈਂਦਾ, ”ਹੁਣ ਹੱਸੋ ਪੁੱਤ ਮੇਰੇ ‘ਤੇ….!”
ਸਾਰਾ ਪਿੰਡ ਉਸ ਉਪਰ ਹੱਸਦਾ ਸੀ। ਔਰਤਾਂ ਇਕ ਦੂਜੀ ਨੂੰ ਕੂਹਣੀ ਮਾਰ ਹੱਸਦੀਆਂ, ”ਨੀ ਇਹ ਤਾਂ ਗੋਰੀ ਗਾਨੀ ਦਾ ਕਾਲਾ ਮਣਕਾ…!”
”ਜਮਾਂ ਈ ਦੂਜਾ ਬਿੰਜਲ ਐ ਪੱਟੂ…!” ਸੱਥ ਵਿੱਚ ਬੈਠੀ ਢਾਣੀ ਬਿੰਜਲ ਬਿੰਜਲ ਕਰਨ ਲੱਗਦੀ ਜੱਗਾ ਮਾਸਟਰ ਤਾਂ ਹੱਦ ਹੀ ਮੁਕਾ ਗਿਆ ਸੀ। ਇਕ ਦਿਨ ਕਲਾਸ ਵਿੱਚ ਕਹਿੰਦਾ, ”ਬਿੰਜਲ+ਗਾਨੀ= ਕੀ ਬਣਿਆ ਦੱਸੋ…?”
” ਜੀ !…. ਅੱਕਰਮਾਸ਼ੀ…!!” ਸਾਰੀ ਕਲਾਸ ਉਸ ਉਪਰ ਸਵਾਲੀਆ ਨਿਸ਼ਾਨ ਲਾ ਗਈ ਸੀ  ਉਸ ਦਿਨ ਤੋਂ ਬਾਅਦ ਉਹ ਸਕੂਲ ਨਹੀਂ ਸੀ ਗਿਆ। ਘਰ ਬੈਠਾ ਹੀ ਪੜ੍ਹਦਾ ਰਹਿੰਦਾ। ਗਾਨੀ ਉਸ ਨੂੰ ਪਿਆਰ ਨਾਲ ਪੜ੍ਹਾਉਂਦੀ, ”ਪੜ੍ਹ ਲੈ ਪੁੱਤ!… ਲੋਕ ਤਾਂ ਝੂਠ ਮਾਰਦੇ ਨੇ…!”
”ਲੋਕ ਸੱਚ ਕਹਿੰਦੇ ਨੇ ਬੇਟਾ!… ਝੂਠ ਦਾ ਮੁਕਾਬਲਾ ਪੜ੍ਹਕੇ ਹੀ ਕੀਤਾ ਜਾ ਸਕਦੈ!… ਤੂੰ ਪੜ੍ਹ ਲੈ….!” ਉਹ ਪਿੰਗਲਵਾੜੇ ਵਿੱਚੋਂ ਜਿਸ ਘਰ ਵਿੱਚ ਗਿਆ ਉਸ ਘਰ ਵਿੱਚ ਉਸਦਾ ਜੀਅ ਨਹੀਂ ਸੀ ਲੱਗਦਾ। ਨਵੀਂ ਮਾਂ ਉਸਨੂੰ ਬਾਹਰ ਨਾ ਜਾਣ ਦਿੰਦੀ। ਉਹ ਖਿੜਕੀ ਵਿੱਚ ਬੈਠਾ ਵੇਖਦਾ ਰਹਿੰਦਾ। ਜਦੋਂ ਕੋਈ ਬੱਚਾ ਬੀਹੀ ਵਿੱਚ ਦੀ ਲੰਘਦਾ। ਉਹ ਉਸ ਵੱਲ ਨਫਰਤ ਨਾਲ ਵੇਖਦਾ। ਉਹ ਨਵੀਂ ਥਾਂ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਪਰ ਉਸਦਾ ਨਾਂ ਦਾਖਲ ਕਰਵਾ ਦਿੱਤਾ। ਉਹ ਉੱਥੇ ਵੀ ਅੱਕਰਮਾਸ਼ੀ ਹੋ ਗਿਆ। ਬੱਚੇ ਉਸਨੂੰ ਛੇੜਦੇ, ”ਤੇਰਾ ਨਾਂ ਅੱਕਰਮਾਸ਼ੀ ਕਿਉਂ ਐ…!”
ਜਿਹੜਾ ਬੱਚਾ ਉਸਦਾ ਨਾਂ ਪੁੱਛ ਲੈਂਦਾ। ਉਹ ਉਸਨੂੰ ਬਾਥਰੂਮਾਂ ਵੱਲ ਲੈ ਜਾਂਦਾ। ਪਹਿਲਾਂ ਟੌਫੀਆਂ ਦਿੰਦਾ। ਫਿਰ ਉਸ ਦੀਆਂ ਗੱਲ੍ਹਾਂ ਪੱਟਣ ਲੱਗ ਪੈਂਦਾ। ਕੰਨ ਮਰੋੜਦਾ। ਲੱਤਾਂ ਬਾਹਾਂ ਮਰੋੜਦਾ। ਥੱਪੜ ਮਾਰਦਾ। ਜਦੋਂ ਬੱਚਾ ਰੋਣ ਲੱਗ ਪੈਂਦਾ। ਉਹ ਹੱਸਣ ਲੱਗ ਪੈਂਦਾ, ”ਚੱਲ ਹੁਣ ਜਾਹ….!”
ਦਸਵੀਂ ਤੱਕ ਉਸਦੀ ਇਹ ਆਦਤ ਪੱਕ ਗਈ ਸੀ। ਸਕੂਲ ਤੋਂ ਬਾਅਦ ਉਹ ਬੀਹੀਆਂ ਵਿੱਚ ਘੁੰਮਣ ਲੱਗਦਾ। ਜਿਸ ਦਿਨ ਕੋਈ ਸ਼ਿਕਾਰ ਨਾ ਲੱਭਦਾ। ਉਹ ਬਸ ਚੜ੍ਹ ਪਿੰਡ ਆ ਜਾਂਦਾ। ਇਕ ਦਿਨ ਰੌਣੀ ਵਾਲਿਆਂ ਦਾ ਮੁੰਡਾ ਜੀਲੂ ਦੀ ਦੁਕਾਨ ਤੋਂ ਟੌਫੀਆਂ ਲੈਣ ਜਾ ਰਿਹਾ ਸੀ। ਰਾਹ ਵਿੱਚ ਅੱਕਰਮਾਸ਼ੀ ਟੱਕਰ ਗਿਆ। ਕਹਿੰਦਾ, ”ਆ ਜਾ ਤੈਨੂੰ ਟੌਫੀਆਂ ਦਿਊਂਗਾ…!”
ਉਹ ਮੁੰਡੇ ਨੂੰ ਖਾਰੇ ਖੂਹ ਵੱਲ ਲੈ ਗਿਆ। ਜਦੋਂ ਮੁੰਡਾ ਟੌਫੀਆਂ ਖਾਣ ਲੱਗਾ। ਜੇਬ ਵਿੱਚੋਂ ਰੱਸੀ ਕੱਢ ਉਸਨੂੰ ਦਰਖਤ ਨਾਲ ਬੰਨ੍ਹ ਦਿੱਤਾ। ਆਪ ਝਾੜੀਆਂ ਵੱਲ ਨੂੰ ਤੁਰ ਗਿਆ। ਜਦੋਂ ਵਾਪਿਸ ਪਰਤਿਆ। ਉਸਦੇ ਹੱਥ ਵਿੱਚ ਚਾਕੂ ਮੂੰਹ ਉਪਰ ਭੂਤ ਦਾ ਮਖੌਟਾ ਸੀ।
ਮੁੰਡਾ ਚੀਕਾਂ ਮਾਰਨ ਲੱਗਾ। ਅੱਕਰਮਾਸ਼ੀ ਉਸਨੂੰ ਡਰਾਉਣ ਲੱਗਾ, ”ਅੱਜ ਨੀ ਛੱਡਦਾ!… ਖਾ ਜੂੰ ਗਾ…!”  ”ਮੈਨੂੰ ਡਰ ਲੱਗਦਾ ਵੇਖੀਂ…” ਚੀਕਾਂ ਮਾਰਦਾ ਮੁੰਡਾ ਬੇਹੋਸ਼ ਹੋ ਗਿਆ ਉਸ ਨੂੰ ਮੁੜ ਹੋਸ਼ ਨਾ ਆਈ। ਉਹ ਮਰ ਗਿਆ। ਉਸਦੀ ਲਾਸ਼ ਕੋਲ ਬੈਠਾ ਅੱਕਰਮਾਸ਼ੀ ਰੋਣ ਲੱਗ ਪਿਆ, ”ਮੈਂ ਤਾਂ ਇਸ ਨੂੰ ਹਸਾ ਰਿਹਾ ਸੀ…!”
”ਜੇ ਹਸਾ ਰਿਹਾ ਸੀ!… ਫਿਰ ਰੋਂਦਾ ਕਿਉਂ ਐਂ!… ਚੱਲ ਹੱਸ ਮੇਰਾ ਪੁੱਤ!…. ਚੱਲ ਹੁਣ ਜਾਹ….!” ਪੁਲਿਸ ਬੁਲਾਉਣ ਦੀ ਥਾਂ ਰੌਣੀ ਵਾਲਿਆਂ ਦੀ ਨੂੰਹ ਨੇ ਉਸਨੂੰ ਛੱਡ ਦਿੱਤਾ ਉਸਦਾ ਘਰਆਲਾ ਮਰ ਚੁੱਕਾ ਸੀ। ਪਿੰਡ ਵਿੱਚ ਚਰਚਾ ਸੀ, ”ਉਹ ਮਰਿਆ ਨਹੀਂ!… ਇਹਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਹਨੂੰ ਮਾਰਿਆ!…. ਇਹ ਮੁੰਡਾ ਇਹਨਾਂ ਦੀ ਪ੍ਰੇਮ ਨਿਸ਼ਾਨੀ ਸੀ…!”
”ਨਜਾਇਜ਼ ਰਿਸ਼ਤਿਆਂ ਵਿੱਚੋਂ ਜਾਇਜ਼ ਔਲਾਦ ਪੈਦਾ ਨਹੀਂ ਹੁੰਦੀ…!” ਉਹ ਦੇਹਲੀ ਉੱਪਰ ਬੈਠੀ ਹਵਾ ਨਾਲ ਗੱਲਾਂ ਕਰਦੀ ਰਹਿੰਦੀ ਪਿਆਰ ਵਿੱਚ ਧੋਖੇ ਤੋਂ ਬਾਅਦ ਉਸਦਾ ਦਿਮਾਗ ਹਿੱਲ ਗਿਆ ਸੀ। ਉਸਦਾ ਪ੍ਰੇਮੀ ਇਕ ਹੋਰ ਔਰਤ ਦੀ ਕੁੱਖ ਹਰੀ ਕਰਨ ਤੁਰ ਗਿਆ ਸੀ। ਉਸ ਤੋਂ ਡਰ ਕੇ ਅੱਕਰਮਾਸ਼ੀ ਵਾਪਿਸ ਸ਼ਹਿਰ ਪਰਤ ਗਿਆ ਸੀ। ”ਇੱਥੇ ਹੁਣ ਕੀ ਕਰਨ ਆਇਆਂ!…ਓਥੀ ਰਹਿੰਦਾ…!” ਬੇਗਾਨਾ ਸ਼ਹਿਰ ਮਤਰੇਈ ਮਾਂ ਵਾਂਗ ਆਖਦਾ। ਪਿੰਡ ਸਕੀ ਮਾਂ ਵਾਂਗ ਸਲਾਹ ਦਿੰਦਾ, ”ਤੈਨੂੰ ਕੋਈ ਭੁੱਲ ਲੱਗੀ ਹੋਈ ਐ!…. ਕਿਸੇ ਬੱਚੇ ਨੂੰ ਹਸਾ ਲੈ ਕਮਲਿਆ…!” ਉਹ ਕਮਲਿਆਂ ਵਾਂਗ ਪਿੰਡ ਦੀਆਂ ਬੀਹੀਆਂ ਵਿੱਚ ਘੁੰਮਦਾ ਰਹਿਦਾ। ਇਕ ਦਿਨ ਮੈਂ ਪੁੱਛ ਲਿਆ, ”ਤੇਰਾ ਕੁਝ ਗੁਆਚ ਗਿਐ…!”
”ਮੇਰਾ ਹਾਸਾ ਗੁਆਚ ਗਿਆ ਤਾਇਆ…!” ਅੱਖਾਂ ਪੂੰਝਦਾ ਉਹ ਫਿਰਨੀ ਵਾਲੀ ਸੜਕ ਵੱਲ ਨੂੰ ਤੁਰ ਗਿਆ ਉਹ ਜਿੱਧਰ ਨੂੰ ਵੀ ਜਾਂਦਾ। ਮੈਂ ਉਸ ਉਪਰ ਨਜ਼ਰ ਰੱਖਦਾ। ਕਦੇ ਮੀਲਾਂ ਲੰਬੀ ਦੌੜ ਲਾਉਂਦਾ। ਥੱਕ ਕੇ ਸੜਕ ਕਿਨਾਰੇ ਲੰਬਾ ਪੈ ਜਾਂਦਾ। ਕਦੇ ਦਰਖਤ ਨਾਲ ਪੁੱਠਾ ਲਟਕਦਾ। ਜਦੋਂ ਸਿਰ ਵਿੱਚ ਖੂਨ ਉੱਤਰ ਆਉਂਦਾ। ਉਹ ਸਿੱਧਾ ਹੋ ਸਿਰ ਫੜ ਲੈਂਦਾ। ਜਦੋਂ ਘੰਟਿਆਂ ਬੱਧੀ ਅੱਖਾਂ ਬੰਦ ਕਰਕੇ ਵੀ ਟੇਕ ਨਾ ਆਉਂਦੀ। ਉਹ ਜੇਬ ਵਿੱਚ ਟੌਫੀਆਂ ਪਾ ਬੱਚਿਆਂ ਦੀ ਤਲਾਸ਼ ਵਿੱਚ ਤੁਰ ਪੈਂਦਾ।
ਪਰ ਕੋਈ ਵੀ ਬੱਚਾ ਉਸ ਤੋਂ ਕੁਝ ਲੈ ਕੇ ਨਾ ਖਾਂਦਾ। ਇਕ ਦਿਨ ਖੂਹ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ
ਆਇਆ ਮੁੰਡਾ ਉਸ ਤੋਂ ਟੌਫੀ ਲੈ ਖਾਣ ਲੱਗਾ। ਅੱਕਰਮਾਸ਼ੀ ਕੁਤਕਤਾੜੀਆਂ ਕੱਢਣ ਲੱਗਾ। ਮੁੰਡਾ ਦੂਹਰਾ ਤੀਹਰਾ ਹੋ ਹੱਸਣ ਲੱਗਾ। ਕੁਤਕਤਾੜੀਆਂ ਵਧਣ ਲੱਗੀਆਂ। ਮੁੰਡੇ ਦੇ ਗਲ ਵਿੱਚ ਟੌਫੀ ਫਸ ਗਈ। ਹੱਥੂ ਛਿੜ ਪਿਆ। ਅੱਖਾਂ ਬਾਹਰ ਨਿੱਕਲ ਆਈਆਂ। ਉਹ ਹੱਸਦਾ ਹੱਸਦਾ ਅੱਕਰਮਾਸ਼ੀ ਦੀਆਂ ਬਾਂਹਾਂ ਵਿੱਚ ਝੂਲ ਗਿਆ।
”ਅਸੀਂ ਮੁੰਡੇ ਦੇ ਬਰਾਬਰ ਇਹਦੀ ਚਿਖਾ ਬਾਲਣੀ ਐ…!” ਰੌਣੀ ਵਾਲਿਆਂ ਦੀ ਨੂੰਹ ਵਾਂਗ ਖੂਹ ਵਾਲਿਆਂ ਨੇ ਉਸਨੂੰ ਛੱਡਿਆ ਨਹੀਂ ਉਹਨਾਂ ਦਾ ਐਲਾਨ ਸੁਣ ਅੱਕਰਮਾਸ਼ੀ ਭੱਜਿਆ ਨਹੀਂ। ਅੱਖਾਂ ਬੰਦ ਕਰ ਸੱਥ ਵਿੱਚ ਚੌਂਕੜੀ ਮਾਰ ਕੇ ਬੈਠ ਗਿਆ।
ਡਾਂਗ ਪਰੇਡ ਹੋਈ। ਉਹ ਲਹੂ ਲੁਹਾਣ ਹੋ ਡਿੱਗ ਪਿਆ। ਖੂਹ ਵਾਲਿਆਂ ਦੀ ਸਾਕਾਦਾਰੀ ਬੱਚੇ ਦੀ ਲਾਸ਼ ਚੁੱਕ ਪਿੰਡ ਨੂੰ ਹੋ ਤੁਰੀ।
ਜਿਸ ਵਕਤ ਸਮਸ਼ਾਨਘਾਟ ਵਿੱਚ ਚਿਖਾ ਨੂੰ ਅੱਗ ਲਾਈ ਗਈ। ਭੀੜ ਨੂੰ ਚੀਰਦਾ ਹੋਇਆ ਅੱਕਰਮਾਸ਼ੀ ਸਿਵੇ ਦੇ ਨਜ਼ਦੀਕ ਜਾ ਖੜ੍ਹਿਆ। ਕੁਝ ਪਲ ਖੜ੍ਹਾ ਵੇਖਦਾ ਰਿਹਾ। ਹੌਲੀ ਹੌਲੀ ਉਸਦਾ ਹੱਥ ਸਰਕਿਆ। ਉਸਨੇ ਜੇਬ ਵਿੱਚੋਂ ਟੌਫੀ ਕੱਢ ਮੁੰਡੇ ਦੀ ਚਿਖਾ ਵਿੱਚ ਛਾਲ ਮਾਰ ਦਿੱਤੀ।
”ਓਏ…ਰੋਕੋ…ਫੜੋ…. ਬਾਹਰ ਕੱਢੋ…!” ਬਾਹਰ ਕੱਢਦਿਆਂ ਕੱਢਦਿਆਂ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਜਿਸ ਹਸਪਤਾਲ ਵਿੱਚ ਉਹ ਬਾਪ ਵਾਲੀ ਨੌਕਰੀ ਕਰਦਾ ਸੀ। ਉਸਦੇ ਮੁਰਦਾ-ਘਰ ਵਿੱਚ ਉਸ ਦੀ ਲਾਸ਼ ਪਈ ਸੇ। ”ਚੰਗਾ ਹੋਇਆ ਪਿੰਡਾ ਛੁੱਟ ਗਿਆ…!” ਉਸਦੀ ਮੌਤ ਦੀ ਖ਼ਬਰ ਸੁਣ ਹੱਸ ਹੱਸ ਗੁਲਾਬ ਕੁਰ ਦਾ ਢਿੱਡ ਦੁਖਣ ਲੱਗ ਪਿਆ ਉਸ ਤੋਂ ਚੋਰੀ ਪੰਚਾਇਤ ਨੂੰ ਆਖ ਮੈਂ ਪਿੰਡ ਵਿੱਚ ਉਸਦਾ ਸਸਕਾਰ ਕਰਵਾ ਦਿੱਤਾ ਸੀ।
”ਨੀ ਗੁਲਾਬ ਕੁਰੇ!…. ਆਹ ਭਾਗ ਨੇ ਕੀ ਜੱਗੋਂ ਤੇਰ੍ਹਵੀਂ ਕਰਤੀ….!” ਜੀਤੋ ਚੁਗਲ ਦੀ ਗੱਲ ਸੁਣ ਗੁਲਾਬ ਕੁਰ ਭੂਚਾਲ ਆਈ ਧਰਤੀ ਵਾਂਗ ਕੰਬ ਉੱਠੀ ਥੂਹ-ਥੂਹ ਕਰਦੀ ਮੈਨੂੰ ਧੱਕੇ ਮਾਰਨ ਲੱਗੀ, ”ਜਾਹ ਨਿੱਕਲ ਜਾ ਐਥੋਂ!… ਜੁਆਈ ਐਂ!… ਤੈਨੂੰ ਤਾਂ ਮੈਂ ਮਰਨ ਦੀ ਬਦ ਦੁਆ ਵੀ ਨਹੀਂ ਦੇ ਸਕਦੀ….!”
”ਕੋਈ ਨਾ ਗੁਲਾਬ ਕੁਰੇ!… ਜੇ ਧਰਤੀ ਬੇਗਾਨੀ ਸੀ!…. ਬੀਜ ਤਾਂ ਆਪਣਾ ਈ ਸੀ…!” ਢਿੱਲਾ ਹੋਇਆ ਪਰਨਾ ਲਪੇਟਦਾ ਮੈਂ ਬੱਸ ਅੱਡੇ ਤੱਕ ਜਾ ਰਾਤ ਨੂੰ ਫਿਰ ਘਰ ਪਰਤ ਆਇਆ ਸੀ ”ਉਹ ਸੱਚੀਂ ਪਰਤ ਆਇਆ ਸੀ…!” ਅੱਖਾਂ ਸਾਫ ਕਰ ਅੱਕਰਮਾਸ਼ੀ ਮੇਰੇ ਵੱਲ ਗਹੁ ਨਾਲ ਝਾਕਿਆ ਉਸਦੀ ਝਾਕਣੀ ਵਿੱਚ ਸਵਾਲ ਸੀ। ਮੈਂ ਆਖਰੀ ਲਕੀਰ ਵੱਲ ਵੇਖ ਜਵਾਬ ਦਿੱਤਾ, ”ਹਾਂ….!”
”ਜਦੋਂ ਮੇਰੀ ਚਿਖਾ ਬਲ਼ ਰਹੀ ਸੀ!…. ਤੂੰ ਸੱਚੀਂ ਉਸਨੂੰ ਹੱਸਦਾ ਵੇਖਿਆ ਸੀ…!” ਪੱਕ ਕਰਨ ਲਈ ਉਸਨੇ ਇਕ ਵਾਰ ਫਿਰ ਪੁੱਛਿਆ ਮੈਂ ਉਸ ਵੱਲ ਨੂੰ ਤੁਰ ਪਿਆ, ”ਹਾਂ!… ਉਹਨੇ ਤੈਨੂੰ ਵੀ ਕਿਹਾ ਸੀ ਅੰਕਲ ਸਮਾਈਲ ਪਲੀਜ਼…!”
”ਤਾਂ ਫਿਰ ਨਾ ਹੱਸਣ ਵਾਲਿਆਂ ਦੀਆਂ ਜਿੰਨੀਆਂ ਲਕੀਰਾਂ ਕੱਟੀਆਂ ਨੇ!… ਉਹਨਾਂ ਕੋਲ ਇਕ ਲਕੀਰ ਮਾਰ ਦੇਵੀਂ…!” ਮੈਨੂੰ ਕੋਲਾ ਫੜਾ ਉਹ ਰਾਖ ਵਾਂਗ ਢੇਰੀ ਹੋ ਗਿਆ ਮੈਂ ਉਸਦੀ ਰਾਖ ਦੀ ਢੇਰੀ ਦੇ ਐਨ ਉੱਪਰ ਇਕ ਹੱਸਦੀ ਹੋਈ ਲਕੀਰ ਮਾਰ ਦਿੱਤੀ।
”ਚੱਲ ਹੁਣ ਤੂੰ ਵੀ ਹੱਸ ਪੈ…!” ਗੁਲਾਬ ਕੁਰ ਨੇ ਮੇਰੀ ਪਿੱਠ ਉਪਰ ਕਾਟੀ ਮਾਰ ਦਿੱਤੀ ਉਸਦੇ ਹੱਥ ਵਿੱਚ ਸਿਵੇ ਦੀ ਲੱਕੜੀ ਦਾ ਕੋਲਾ ਸੀ।

੦ ੦ ੦

”ਜਦੋਂ ਬਿੰਜਲ ਦਾ ਸਿਵਾ ਠੰਡਾ ਹੋਇਆ!… ਮੈਂ ਉਸ ਵਿੱਚੋਂ ਕੋਲੇ ਚੁਰਾ ਲਿਆਈ ਸੀ…!” ਮੂੰਹ ਵਿੱਚ ਕੋਲਾ ਪਾਉਂਦੀ ਗੁਲਾਬ ਕੁਰ ਨੇ ਤਸਲੀ ਵੱਲ ਸੈਨ੍ਹਤ ਮਾਰੀ ਮੈਂ ਉਸਦੇ ਬੁੱਲ੍ਹਾਂ ਦੀ ਕਾਲਖ ਵੱਲ ਵੇਖਣ ਲੱਗਾ, ”ਇਹ ਉਹ ਕੋਲੇ ਤਾਂ ਨੀ!… ਉਹ ਤਾਂ ਕਦੋਂ ਦੇ ਮੁੱਕਗੇ ਹੋਣੇ ਨੇ…!”
”ਉਹ ਤਾਂ ਮੁੱਕਗੇ ਕਦੋਂ ਦੇ!… ਪਰ ਉਹ ਗੱਲ ਨੀ ਮੁੱਕੀ…!” ਉਸਦੀ ਅਵਾਜ਼ ਵਿੱਚ ਕਿਰਕਲ ਰਲਣ ਲੱਗੀ ਮੇਰੀ ਨਜ਼ਰ ਕਾਲੀ ਦੰਦਰਾਲ ਉਪਰ ਜਾ ਟਿੱਕੀ, ”ਫਿਰ ਕਿਵੇਂ ਮੁੱਕੂ ਗੱਲ….!” ”ਹੂੰਅ ਗੱਲ!…. ਮੈਂ ਮੁਕਾ ਕੇ ਛੱਡੂ…!” ਉਹ ਹੱਥ ਝਾੜ ਉੱਠ ਕੇ ਖੜ੍ਹੀ ਹੋ ਗਈ  ਉਸ ਵੱਲ ਵੇਖ ਡੇਕ ਹੇਠਾਂ ਖੜ੍ਹਾ ਬੱਚਾ ਬੈਠ ਗਿਆ। ਗੁਲਾਬ ਕੁਰ ਉੱਚੀ-ਉੱਚੀ ਬੋਲਣ ਲੱਗੀ, ”ਵੇ ਕੀਹਦੈਂ ਤੂੰ!.. ਘਰ ਨੂੰ ਚਲਿਆ ਜਾਹ!… ਤੇਰੀ ਮਾਂ ਉਡੀਕਦੀ ਹੋਊ…!”
”ਉਹ ਨਹੀਂ ਉਡੀਕਦੀ!… ਮੈਂ ਤਾਂ ਮਰ ਗਿਆ ਸੀ….!” ਆਹੂਤੀ ਬੱਚਾ ਸਿਸਤ ਬੰਨ੍ਹ ਉਸਦੇ ਢਿੱਡ ਵੱਲ ਵੇਖਣ ਲੱਗਾ ਉਸ ਦੀਆਂ ਅੱਖਾਂ ਮੇਰੇ ਵਾਂਗ ਘਾਤ ਲਾਈਂ ਬੈਠੀਆਂ ਸਨ। ਮੈਨੂੰ ਗੁਲਾਬ ਕੁਰ ਦਾ ਫਿਕਰ ਸੀ। ਉਸਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੈਂ ਜਦੋਂ ਵੀ ਵੇਖਦਾ। ਉਹ ਬਾਹਰਲੇ ਗੇਟ ਵੱਲ ਵੇਖ ਰਹੀ ਹੁੰਦੀ। ਉਸ ਦੀਆਂ ਅੱਖਾਂ ਵਿੱਚ ਉਡੀਕ ਹੁੰਦੀ। ਜਿਸ ਪਲ ਕੋਈ ਖੇਡਦਾ ਬੱਚਾ ਅੰਦਰ ਆ ਵੜਦਾ। ਉਹ ਪਹਿਲਾਂ ਤਾਂ ਖੁਸ਼ ਹੁੰਦੀ। ਫਿਰ ਗਾਲ੍ਹਾਂ ਕੱਢਣ ਲੱਗ ਪੈਂਦੀ, ”ਵੇ ਤੂੰ ਜਾਨੈਂ ਕਿ ਨਹੀਂ!… ਨਿੱਕਲਦੈਂ ਬਾਹਰ ਕਿ ਮਾਰਾਂ ਗਿੱਟਿਆਂ ‘ਤੇ…!”
ਗਾਲ੍ਹਾਂ ਸੁਣ ਖੇਡਦਾ ਬੱਚਾ ਦੌੜ ਜਾਂਦਾ। ਉਹ ਫਿਰ ਉਡੀਕਣ ਲੱਗਦੀ। ਸੂਰਜ ਛਿਪ ਜਾਂਦਾ। ਰਾਤ ਹੋ ਜਾਂਦੀ। ਅੱਧੀ ਕੁ ਰਾਤ ਉਹ ਸੁੱਤੀ ਪਈ ਆਵਾਜ਼ਾਂ ਮਾਰਨ ਲੱਗਦੀ, ”ਵੇ ਕੋਈ ਤਾਂ ਆਜੋ…!”
”ਹੁਣ ਨੀ ਮੈਂ ਆਉਂਦਾ…!” ਜਿਸ ਵਕਤ ਉਸਦੀ ਕੁੱਖ ਵਿੱਚ ਮੋਇਆ ਬੱਚਾ ਬੋਲਣ ਲੱਗਦਾ ਉਹ ਢਿੱਡ ਫੜ ਦੂਹਰੀ ਹੋ ਜਾਂਦੀ, ”ਤੇਰਾ ਕੱਖ ਨਾ ਰਹੇ ਬਿੰਜਲਾ!… ਸੱਤ ਜਨਮਾਂ ਤੱਕ ਢੋਈ ਨਾ ਮਿਲੇ…!”
”ਬਾਪੂ ਨੇ ਪਤਾ ਨੀ ਕੈਸੀ ਲੱਤ ਮਾਰੀ ਸੀ ਮਾਂ!… ਮੈਨੂੰ ਅਜੇ ਤੱਕ ਢੋਈ ਨੀ ਮਿਲੀ…!” ਜਿਸ ਪਲ ਮੋਏ ਬੱਚੇ ਦੀ ਰੂਹ ਹਵਾ ਵਿੱਚ ਭਟਕਣ ਲੱਗਦੀ ਗੁਲਾਬ ਕੁਰ ਵਾਲ ਖੋਲ੍ਹ ਸਿਰ ਘੁੰਮਾਉਣ ਲੱਗਦੀ। ਅੱਖਾਂ ਸੁਰਖ ਹੋ ਜਾਂਦੀਆਂ। ਮੂੰਹ ਵਿੱਚੋਂ ਪਾਣੀ ਡਿੱਗਣ ਲੱਗਦਾ। ਉਹ ਬੇਸੁਰਤ ਹੋ ਡਿੱਗ ਪੈਂਦੀ। ਮੈਂ ਸਾਰੀ ਰਾਤ ਉਸਦੀ ਮੁਕਤੀ ਬਾਰੇ ਸੋਚਦਾ ਰਹਿੰਦਾ। ਪਰ ਸਵੇਰ ਹੋਣ ਤੱਕ ਕੋਈ ਰਾਹ ਨਜ਼ਰ ਨਾ ਆਉਂਦਾ।
”ਰਾਹ ਤਾਂ ਹੈਗਾ!… ਤੂੰ ਕਾਲੀਆ ਡਕੌਂਤ ਕੋਲ ਜਾਈਂ!… ਤੇਰਾ ਮਸਲਾ ਹੱਲ ਹੋਜੂ…!” ਇਕ ਰਾਤ ਪਿਛਲੀਆਂ ਭੁਲਾ ਮੈਂ ਜੀਤੋ ਚੁਗਲ ਦੀ ਗੱਲ ਮੰਨ, ਪਿੰਡ ਤੋਂ ਬਾਹਰ ਸ਼ਮਸ਼ਾਨਘਾਟ ਵਿੱਚ ਚਲਾ ਗਿਆ ਉੱਥੇ ਬਣੇ ਕਮਰੇ ਅੱਗੇ ਮੰਜੀ ‘ਤੇ ਕਾਲੀਆ ਡਕੌਂਤ ਬੈਠਾ ਸੀ। ਉੱਚੀ ਲੰਬੀ ਦੇਹ। ਲੰਬੀ ਕਾਲੀ ਦਾੜ੍ਹੀ। ਸਫੈਦ ਮੁੱਛਾਂ। ਮੱਥੇ ਤਿਲਕ। ਸਿਰ ਤੋਂ ਗੰਜਾ। ਗੇਰੂਆ ਕੁੜਤਾ ਪਜਾਮਾ ਪਾਈਂ ਉਹ ਗਲ ਪਾਈ ਮਾਲਾ ਨਾਲ ਖੇਡ ਰਿਹਾ ਸੀ। ”ਆ ਬਈ ਭਾਗ ਸਿਆਂ…!” ਮੇਰੀ ਪੈੜ-ਚਾਲ ਸੁਣ ਉਸਨੇ ਸੁਰਖ ਅੱਖਾਂ ਖੋਲ੍ਹੀਆਂ ਮੈਂ ਉਸਦੇ ਸਾਹਮਣੇ ਪੈਰਾਂ ਭਰ ਬੈਠ ਗਿਆ, ”ਆਏ ਮਾਹਰਾਜ….!”
”ਕਿਵੇਂ ਆਉਣੇ ਹੋਏ…!” ਸਿੱਧਾ ਸਵਾਲ ਕਰ ਉਹ ਮੇਰਾ ਮੱਥਾ ਪੜ੍ਹਨ ਲੱਗ ਪਿਆ ਮੈਂ ਗੁਲਾਬ ਕੁਰ ਦੀਆਂ ਰਾਤਾਂ ਦੀ ਕਹਾਣੀ ਸੁਨਾਉਣ ਲੱਗਾ, ”ਉਹਨੂੰ ਮਰੇ ਹੋਏ ਬੱਚੇ ਦੀ ਰੂਹ ਤੰਗ ਕਰਦੀ ਐ!… ਕੋਈ ਉਪਾਅ…!”
”ਉਪਾਅ ਹੋਜੂ ਭਾਗ ਸਿਆਂ!… ਉਹ ਰੂਹ ਆਹੂਤੀ ਮੰਗਦੀ ਐ!… ਇਕ ਬੱਚਾ!… ਕੁਝ ਸਮੱਗਰੀ!… ਜਿਸ ਦਿਨ ਬੰਦੋਬਸਤ ਹੋ ਗਿਆ ਆ ਜਾਈਂ….!” ਆਹੂਤੀ ਦੀ ਗੱਲ ਸੁਣ ਮੈਂ ਧੁਰ ਤੱਕ ਹਿੱਲ ਗਿਆ ਪਰ ਗੁਲਾਬ ਕੁਰ ਨੂੰ ਭਟਕਦੀ ਰੂਹ ਤੋਂ ਬਚਾਉਣਾ ਜਰੂਰੀ ਸੀ। ਕਿੰਝ ਬਚਾਵਾਂ! ਕੀ ਕਰਾਂ। ਦਿਨ ਰਾਤ ਸੋਚਦਾ ਰਹਿੰਦਾ। ਇਕ ਦਿਨ ਦਿਲ ਕਰੜਾ ਕਰ ਮੈਂ ਜੀਤੋ ਚੁਗਲ ਨਾਲ ਗੱਲ ਕੀਤੀ। ਉਹ ਕੰਧਾਂ ਵੱਲ ਵੇਖ ਦੱਸ ਪਾਉਣ ਲੱਗੀ, ‘ਵੇਖੀਂ ਨਾਗੀ ਪੂਰਬੀਏ ਦਾ ਬੱਚਾ ਪਾਗਲ ਈ ਐ!… ਮੈਂ ਉਸ ਨਾਲ ਗੱਲ ਕਰਦੀ ਆਂ!… ਨਾਲੇ ਜਵਾਕ ਦੀ ਮੁਕਤੀ ਹੋਜੂ…!”
”ਨਾਗੀ ਪੰਜਾਹ ਹਜ਼ਾਰ ਮੰਗਦਾ!… ਕਰ ਦਿਆਂ ਗੱਲ ਪੱਕੀ….!” ਉਸ ਨੂੰ ਹਾਂ ਕਰ ਮੈਂ ਕਾਲੀਆ ਡਕੌਂਤ ਕੋਲ ਜਾ ਪੁੱਜਾ ਸੀ ਆਪਣੀ ਫੀਸ ਲੈ ਉਸਨੇ ਆਹੂਤੀ ਦੀ ਰਾਤ ਪੱਕੀ ਕਰ ਦਿੱਤੀ। ਉਹ ਅੱਧੀ ਰਾਤ ਨੂੰ ਆਇਆ। ਗੁਲਾਬ ਕੁਰ ਸੁੱਤੀ ਪਈ ਸੀ। ਡਕੌਂਤ ਨੇ ਉਸ ਨੂੰ ਇਕ ਭਸਮ ਸੁੰਘਾ ਦਿੱਤੀ, ”ਲੈ ਭਾਗ ਸਿਆਂ!… ਇਹ ਨੀ ਉੱਠਦੀ ਸਵੇਰ ਤੱਕ…!”
ਉਸਦੀ ਗੱਲ ਸੁਣ ਮੈਂ ਡਰ ਮੁਕਤ ਹੋ ਗਿਆ। ਉਹ ਵਿਹੜੇ ਵਿੱਚਕਾਰ ਮੰਡਪ ਸਜਾਉਣ ਲੱਗਾ। ਮੈਂ ਉਸ ਨੂੰ ਸਮੱਗਰੀ ਫੜਾਉਣ ਲੱਗਾ। ਜਦੋਂ ਉਹ ਦੀਵੇ ਜਗਾ ਰਿਹਾ ਸੀ। ਹੌਲੀ-ਹੌਲੀ ਬਾਹਰਲਾ ਗੇਟ ਖੁੱਲ੍ਹਿਆ। ਜੀਤੋ ਚੁਗਲ ਨਾਲ ਨਾਗੀ ਅੰਦਰ ਲੰਘ ਆਇਆ। ਉਸਦੀ ਗੋਦੀ ਚੁੱਕਿਆ ਬੱਚਾ ਸੁੱਤਾ ਪਿਆ ਸੀ। ਉਹ ਮੈਨੂੰ ਫੜਾ ਉਹ ਉਹਨੀਂ ਪੈਰੀਂ ਵਾਪਿਸ ਪਰਤ ਗਿਆ। ਗੇਟ ਬੰਦ ਹੋਣ ਸਾਰ ਕਾਲੀਆ ਡਕੌਂਤ ਫੁਰਤੀ ਨਾਲ ਉੱਠਿਆ। ਉਸਨੇ ਪਰਤ ਗਿਆਂ ਦੇ ਪੈਰਾਂ ਦੀ ਮਿੱਟੀ ਚੁੱਕ ਮੰਡਪ ਵਿੱਚ ਪਾ ਦਿੱਤੀ। ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਮੈਂ ਹੌਲੀ-ਹੌਲੀ ਬੈਠ ਗਿਆ। ਉਹ ਇਕ ਰੂੰ ਦੇ ਗੁੱਡੇ ਦੁਆਲੇ ਸੂਤ ਦਾ ਧਾਗਾ ਲਪੇਟਣ ਲੱਗਾ। ਮੈਂ ਗੋਦੀ ਵਿੱਚ ਪਿਆ ਬੱਚਾ ਸੰਭਾਲਣ ਲੱਗਾ। ਧਾਗਾ ਲਪੇਟ ਗੁੱਡਾ ਮੇਰੇ ਹੱਥ ਵਿੱਚ ਫੜਾਉਂਦਾ ਹੋਇਆ ਉਹ ਨਜ਼ਦੀਕ ਆ ਕੇ ਬੈਠ ਗਿਆ, ”ਧਿਆਨ ਨਾਲ ਸੁਣ!… ਮੈਂ ਜਦੋਂ ਈ ਬੱਚੇ ਦਾ ਸਿਰ ਕਲਮ ਕੀਤਾ!…. ਤੂੰ ਨਾਲ ਦੀ ਨਾਲ ਗੁੱਡੇ ਦੁਆਲੇ ਲਪੇਟਿਆ ਧਾਗਾ ਖੋਲ੍ਹ ਦੇਵੀਂ…!”
”ਅਈ…ਈ…ਈ…ਈ….!!” ਜਿਉਂ ਹੀ ਸਿਰ ਧੜ ਤੋਂ ਅਲੱਗ ਹੋਇਆ, ਧਾਗਾ ਖੋਲ੍ਹਣ ਲੱਗਿਆਂ ਮੇਰੀ ਚੀਕ ਨਿੱਕਲ ਗਈ ਕਾਲੀਆ ਡਕੌਂਤ ਗਰਜਿਆ, ”ਖਾਮੋਸ਼!… ਉਸ ਦੀ ਮੁਕਤੀ ਹੋ ਚੁੱਕੀ ਐ….!”
”ਕੀਹਦੀ ਮੁਕਤੀ!…. ਪਹਿਲਾਂ ਇਕ ਭਟਕਦਾ ਸੀ!… ਹੁਣ ਮੇਰੀ ਰੂਹ ਵਿੱਚ ਦੋ ਬੱਚੇ ਭਟਕ ਰਹੇ ਨੇ…!”
ਗੁਲਾਬ ਕੁਰ ਦੀ ਆਵਾਜ਼ ਸੁਣ ਮੰਡਪ ਦੇ ਦੀਵੇ ਬੁਝ ਗਏ ਖੂਨ ਲਿੱਬੜੀ ਛੁਰੀ ਸਿੱਟ ਕਾਲੀਆ ਡਕੌਂਤ ਰਫੂ ਚੱਕਰ ਹੋ ਗਿਆ। ਉਸਦੀ ਤਾਂਤਰਿਕ ਵਿੱਦਿਆ ਪੁੱਠੀ ਪੈ ਗਈ ਸੀ। ਕੱਚੇ ਧਾਗੇ ਉੱਪਰ ਚੜ੍ਹ ਆਹੂਤੀ ਬੱਚਾ ਗੁਲਾਬ ਕੁਰ ਕੋਲ ਜਾ ਪੁੱਜਾ ਸੀ।
”ਹਾਂ!… ਹੁਣ ਮੇਰੇ ਐਥੇ ਦੋ ਬੱਚੇ ਦਫਨ ਨੇ…!” ਆਪਣੀ ਛਾਤੀ ਉਪਰ ਹੱਥ ਮਾਰ ਉਸਨੇ ਮੇਰੀ ਛਾਤੀ ਵਿੱਚ ਦੁਹੱਥੜ ਮਾਰਿਆ ਮੈਂ ਪਿੱਛੇ ਨੂੰ ਡਿੱਗਣ ਲੱਗਾ ਸੀ। ਉਸਨੇ ਮੇਰਾ ਗਲ੍ਹਾਮਾ ਫੜ ਲਿਆ, ”ਚੱਲ ਹੁਣ ਜਿਹੜੀ ਹੋਗੀ ਮਿੱਟੀ ਪਾ!… ਫਿਰ ਵੀ ਜੁਆਈ ਭਾਈ ਐਂ…!”
”ਚੱਲ ਆ ਹੁਣ ਇਹਦੀ ਮਿੱਟੀ ਕਿਉਂਟ ਦੀਏ….!” ਮੈਨੂੰ ਨਾਲ ਲਾ ਉਸਨੇ ਰਾਤੋ ਰਾਤ ਸ਼ਮਸ਼ਾਨਘਾਟ ਵਿੱਚ ਲਾਸ਼ ਨੂੰ ਲਾਂਬੂ ਲਾ ਦਿੱਤਾ ਜੀਤੋ ਚੁਗਲ ਦਾ ਮੂੰਹ ਬੰਦ ਕਰ ਦਿੱਤਾ। ਕਾਲੀਆ ਡਕੌਂਤ ਪਿੰਡ ਛੱਡ ਭੱਜ ਗਿਆ। ਪਰ ਮੈਂ ਨਹੀਂ ਸੀ ਭੱਜ ਸਕਿਆ।
”ਤੈਨੂੰ ਨੀ ਭੱਜਣ ਦਿੰਦੀ ਪ੍ਰਾਹੁਣਿਆ…!” ਗੁਲਾਬ ਕੁਰ ਮੇਰੇ ਪੈਰਾਂ ਦੀਆਂ ਬੇੜੀਆਂ ਬਣ ਗਈ ਸੀ ਉਹ ਮੱਖੀ ਬਣ ਕੰਨਾਂ ਕੋਲ ਭੀਂ-ਭੀਂ ਕਰਦੀ ਰਹਿੰਦੀ। ਦਿਨ ਵਿੱਚ ਉੱਡ ਜਾਂਦੀ। ਰਾਤ ਨੂੰ ਤੰਗ ਕਰਦੀ। ਮੈਂ ਪੂਰੀ ਵਾਹ ਲਾਉਂਦਾ। ਉਹ ਫੜੀ ਨਾ ਜਾਂਦੀ। ਹਾਰ ਕੇ ਅੱਖਾਂ ਬੰਦ ਕਰ ਪੈ ਜਾਂਦਾ। ਗੁਲਾਬ ਕੁਰ ਵੀ ਪੈ ਜਾਂਦੀ। ਉਹ ਸਿਰਹਾਣੇ ਹਥੌੜੀ ਨਾਲ ਕਿੱਲ ਰੱਖ ਕੇ ਪੈਂਦੀ। ਮੈਨੂੰ ਉਸ ਤੋਂ ਡਰ ਆਉਂਦਾ। ਜਦੋਂ ਅੱਖ ਲੱਗਦੀ। ਸਿਰ ਵਿੱਚ ਕਿੱਲ ਠੋਕਣ ਦੀ ਆਵਾਜ਼ ਸੁਣਾਈ ਦਿੰਦੀ। ਮੇਰੀ ਅੱਖ ਖੁੱਲ੍ਹ ਜਾਂਦੀ। ਚੋਰ ਅੱਖ ਨਾਲ ਗੁਲਾਬ ਕੁਰ ਦੇ ਮੰਜੇ ਵੱਲ ਵੇਖਦਾ। ਉਹ ਘੂਕ ਸੁੱਤੀ ਪਈ ਹੁੰਦੀ। ਕਈ ਵਾਰ ਸੁੱਤੀ ਪਈ ਖੁਦ ਨਾਲ ਹੀ ਗੱਲਾਂ ਕਰਨ ਲੱਗਦੀ, ”ਅੱਜ ਭਲਾਂ ਕੀਹਦੀ ਵਾਰੀ ਐ…!”
”ਚੱਲ ਭਾਗ ਸਿਆਂ!… ਅੱਜ ਤੇਰੀ ਵਾਰੀ ਐ…!” ਇਕ ਰਾਤ ਉਸਦੀ ਅਵਾਜ਼ ਸੁਣ ਮੇਰੀ ਅੱਖ ਖੁੱਲ੍ਹ ਗਈ ਉਹ ਘੂਕ ਸੁੱਤੀ ਪਈ ਸੀ। ਮੈਂ ਹੌਲੀ ਹੌਲੀ ਉੱਠਿਆ। ਹਵਾ ਵਿੱਚ ਪੈਰ ਰੱਖਦਾ ਗੁਲਾਬ ਕੁਰ ਦੇ ਸਿਰਹਾਣੇ ਵਾਲੇ ਪਾਸੇ ਜਾ ਖੜ੍ਹਿਆ। ਕੰਬਦੇ ਹੱਥਾਂ ਨਾਲ ਕਿੱਲ ਚੁੱਕਿਆ। ਹਥੌੜੀ ਚੁੱਕੀ। ਸਿਰ ਦੇ ਐਨ ਵਿੱਚਕਾਰ ਕਿੱਲ ਰੱਖ ਜੋਰ ਦੀ ਸੱਟ ਮਾਰ ਦਿੱਤੀ।
”ਹਾਏ ਵੇ ਮਾਰਤੀ…!” ਚੀਕ ਨਿੱਕਲਣ ਤੋਂ ਪਹਿਲਾਂ ਹੀ ਉਹ ਸਦਾ ਦੀ ਨੀਂਦ ਸੌਂ ਗਈ ਮੇਰੇ ਹੱਥ ਵਿੱਚੋਂ ਹਥੌੜੀ ਡਿੱਗ ਪਈ। ਮੈਂ ਉਸਦੀ ਲਾਸ਼ ਕੋਲ ਬੈਠ ਰੋਣ ਲੱਗ ਪਿਆ। ਮੋਇਆ ਬੱਚਾ ਤਾੜੀਆਂ ਵਜਾਉਣ ਲੱਗ ਪਿਆ। ਉਸਦੀ ਤੜਾਗੀ ਦੇ ਘੁੰਗਰੂ ਛਣਕਣ ਲੱਗ ਪਏ। ਉਹ ਪੈਰਾਂ ਤੋਂ ਬਗੈਰ ਬਾਹਰਲੇ ਗੇਟ ਵੱਲ ਨੂੰ ਤੁਰਿਆ ਜਾ ਰਿਹਾ ਸੀ।

੦ ੦ ੦

”ਪੈਰਾਂ ਦੇ ਨਿਸ਼ਾਨ ਤਾਂ ਕਿਤੇ ਨਹੀਂ!… ਰਾਤ ਇਹ ਟੂਣਾ ਕੌਣ ਕਰ ਗਿਆ…!” ਡਰੀਆਂ ਹੋਈਆਂ ਆਵਾਜ਼ਾਂ ਸੁਣ ਮੇਰੀ ਅੱਖ ਖੁੱਲ੍ਹ ਗਈ ਸੁੱਤੀ ਜਾਗਦੀ ਰਾਤ ਦੀ ਸਵੇਰ ਹੋ ਗਈ ਸੀ। ਡੇਕ ‘ਤੇ ਬੈਠੀਆਂ ਚਿੜੀਆਂ ਚੀਂ-ਚੀਂ ਕਰ ਰਹੀਆਂ ਸਨ। ਬੀਹੀ ਵਿੱਚ ਖੜ੍ਹੇ ਲੋਕ ਗੱਲਾਂ ਕਰ ਰਹੇ ਸਨ।
ਮੈਂ ਮੂੰਹ ਉਪਰ ਹੱਥ ਫੇਰਿਆ। ਸਿਰ ‘ਤੇ ਪਰਨਾ ਲਪੇਟਿਆ। ਪੈਰੀਂ ਜੁੱਤੀ ਪਾ ਬਾਹਰਲੇ ਗੇਟ ਵੱਲ ਨੂੰ ਤੁਰ ਪਿਆ। ਵਿਹੜੇ ਵਿੱਚ ਜਿਸ ਥਾਂ ਕਾਲੀਆ ਡਕੌਂਤ ਨੇ ਨਾਗੀ ਦਾ ਬੱਚਾ ਵੱਢਿਆ ਸੀ। ਉਸ ਥਾਂ ਜਾ ਮੇਰੀ ਕਾਇਆ ਪਲਟਣ ਲੱਗ ਪਈ।
ਪੈਰਾਂ ਦੀ ਜੁੱਤੀ ਚੱਪਲਾਂ ਵਿੱਚ ਬਦਲ ਗਈ। ਮੇਰੀ ਤੋਰ ਬਦਲ ਗਈ। ਮੈਂ ਲੱਕ ਮਾਰ-ਮਾਰ ਤੁਰਨ ਲੱਗਾ। ਸਿਰ ਤੋਂ ਪਰਨਾ ਉੱਤਰ ਗਿਆ। ਮੈਂ ਚੁੰਨੀ ਦੀ ਬੁੱਕਲ ਮਾਰ ਲਈ।
ਗੇਟ ਤੋਂ ਪਾਰ ਕੋਈ ਮੈਨੂੰ ਆਵਾਜ਼ਾਂ ਮਾਰ ਰਿਹਾ ਸੀ, ”ਆ….ਜਾ…..ਮਾਂ….!”
”ਆਉਨੀ ਆਂ…!” ਕੁੜਤੀ ਦਾ ਪੱਲਾ ਠੀਕ ਕਰ ਮੈਂ ਗੇਟ ਦਾ ਕੁੰਡਾ ਖੋਲ੍ਹ ਦਿੱਤਾ ਮੈਨੂੰ ਵੇਖ ਲੋਕਾਂ ਦੀ ਜ਼ੁਬਾਨ ਠਾਕੀ ਗਈ। ਮੈਂ ਬੀਹੀ ਵਿੱਚ ਰੱਖੀ ਸਮੱਗਰੀ ਵੇਖ ਸੁੰਨ ਹੋ ਗਈ।  ਬੀਹੀ ਦੇ ਐਨ ਵਿੱਚਕਾਰ ਹਲਦੀ ਸੰਧੂਰ ਦਾ ਘੇਰਾ ਸੀ। ਉਸ ਵਿੱਚ ਨਾਰੀਅਲ, ਖੰਮਣੀ ਤੇ ਸਿੱਕੇ ਪਏ ਸਨ। ਜਿਸ ਥਾਂ ਖੂਨ ਦੇ ਛਿੱਟੇ ਪਏ ਸਨ। ਉਸ ਥਾਂ ਤੋਂ ਰੂੰ ਦਾ ਗੁੱਡਾ ਚੁੱਕ ਮੈਂ ਛਾਤੀ ਨਾਲ ਲਾ ਲਿਆ। ਮੇਰੀ ਛਾਤੀ ਛਲਕ ਉੱਠੀ। ਲੋਕਾਂ ਵੱਲ ਪਿੱਠ ਕਰ ਮੈਂ ਅੰਦਰ ਨੂੰ ਤੁਰ ਪਈ।
ਜਦੋਂ ਗੇਟ ਦਾ ਕੁੰਡਾ ਲਗਾਉਣ ਲੱਗੀ। ਬੀਹੀ ਵਿੱਚੋਂ ਇਕ ਸਵਾਲ ਮੇਰੀ ਪਿੱਠ ਵਿੱਚ ਆ ਵੱਜਿਆ, ”ਤੂੰ ਤਾਂ ਉਸ ਰਾਤ ਮਰ ਗਈ ਸੀ…!!” ”ਮਰਿਆ ਤਾਂ ਭਾਗ ਸੀ…!” ਰੂੰ ਦਾ ਗੁੱਡਾ ਚੁੰਮ ਮੈਂ ਕਾਲੇ ਬੁੱਲ੍ਹਾਂ ਉਪਰ ਜੀਭ ਫੇਰਨ ਲੱਗੀ ਮੇਰੀ ਨਜ਼ਰ ਪੀੜ੍ਹੀ ਕੋਲ ਪਈ ਕੋਲਿਆਂ ਦੀ ਤਸਲੀ ਉਪਰ ਜਾ ਟਿਕੀ। ਉਸ ਹੇਠਾਂ ਭਾਗ ਦਾ ਪਰਨਾ ਵਿਛਿਆ ਹੋਇਆ ਸੀ।