
ਸੋਨੀਆ ਮਨਜਿੰਦਰ
ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ ਛੱਡਦਾ ਹੋਇਆ 2022 ਸਾਲ ਗੁਜ਼ਰ ਗਿਆ ਅਤੇ 2023 ਨੇ ਸਾਡੇ ਬੂਹਿਆਂ ‘ਤੇ ਆ ਦਸਤਕ ਦਿੱਤੀ। ਨਵੇਂ ਵਰ੍ਹੇ ਨੂੰ ਖੁਸ਼-ਆਮਦੀਦ ਕਹਿੰਦੇ ਹੋਏ ਅਰਦਾਸ ਕਰਨੀ ਬਣਦੀ ਹੈ, ਕਿ ਸਾਰਾ ਸੰਸਾਰ ਸ਼ਾਂਤੀ ਨਾਲ ਭਰਿਆ ਰਹੇ। ਆਪਸੀ ਭਾਈਚਾਰਾ ਬਣਿਆ ਰਹੇ। ਹਰ ਘਰ ਉੱਪਰ ਖ਼ੁਸ਼ੀਆਂ ਦੀ ਬੌਛਾਰ ਹੋਵੇ ਅਤੇ ਹਰ ਵਿਹੜਾ ਖੁਸ਼ੀਆਂ ਨਾਲ ਮਹਿਕ ਉੱਠੇ। ਸੰਸਾਰ ਨੇ 2022 ਵਿਚ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਮਸਲਨ, ਯੁੱਧ, ਦੁੱਖ, ਨਸ਼ੇ, ਗਰੀਬੀ, ਭੁੱਖ ਆਦਿ ਤੋਂ ਨਵੇਂ ਵਰ੍ਹੇ 2023 ਵਿੱਚ ਸਾਰਾ ਸੰਸਾਰ ਨਿਜ਼ਾਤ ਪਾ ਸਕੇ।
ਨਵੇਂ ਵਰ੍ਹੇ ਦੀ ਸ਼ੁਰੂਆਤ ਨਾਲ ‘ਪੰਜਾਬੀ ਨਕਸ਼’ ਨੇ ਆਪਣੇ ਦੂਸਰੇ ਅੰਕ ਨਾਲ ਪਾਠਕਾਂ ਦੇ ਮਨਾਂ ‘ਤੇ ਦਸਤਕ ਦਿੱਤੀ ਹੈ। ਨਕਸ਼ ਟੀਮ ਨੇ ਚੰਗੇ ਤੇ ਮਿਆਰੀ ਸਾਹਿਤ ਦੀ ਗਵਾਹੀ ਭਰੀ ਹੈ। ਅਸੀਂ ਦੁਨੀਆ ਭਰ ਵਿੱਚ ਬੈਠੇ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਤਹਿ-ਏ-ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ… ਜਿਨ੍ਹਾਂ ਨੇ ਸਾਨੂੰ ਰਚਨਾਤਮਕ ਸਹਿਯੋਗ ਦਿੱਤਾ ਅਤੇ ਨਾਲ ਹੀ ਉਨ੍ਹਾਂ ਸਭ ਸ਼ੁਭ ਇਛਾਵਾਂ ਦਾ ਜੋ ਅਸੀਸ ਦੇ ਰੂਪ ਵਿੱਚ ਸਾਨੂੰ ਤੁਹਾਡੇ ਸਭਨਾਂ ਵੱਲੋਂ ਮਿਲੀਆਂ। ਸਭ ਪਾਠਕਾਂ ਦਾ ਤਹਿ ਦਿਲ ਤੋਂ ਸ਼ੁਕਰੀਆ, ਜਿਨ੍ਹਾਂ ਨੇ ਨਕਸ਼ ਦੇ ਪਹਿਲੇ ਅੰਕ ਨੂੰ ਭਰਵਾਂ ਹੁੰਗਾਰਾ ਦਿੱਤਾ। ਇਸ ਦੇ ਨਾਲ ਹੀ ਨਕਸ਼ ਦਾ ਆਪ ਸਭ ਨਾਲ ਵਾਅਦਾ ਹੈ ਕਿ ਆਪ ਦੇ ਮੰਨਣਯੋਗ ਸੁਝਾਵਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਵੇਗਾ, ਤਾਂ ਜੋ ਆਪਾਂ ਨਕਸ਼ ਨੂੰ ਹੋਰ ਬਿਹਤਰ ਬਣਾ ਸਕੀਏ।
ਅੱਜ ਅਸਮਾਨ ਦੀ ਹਿੱਕ ਦਾ ਰੰਗ
ਹੋਰ ਵੀ ਗੂੜ੍ਹਾ ਹੋ ਗਿਆ…
ਕਿਸੇ ਬਾਲ਼ਿਆ ਹੋਣਾ
ਇਖ਼ਲਾਕ ਦਾ ਦੀਵਾ ਜ਼ਰੂਰ…
ਇਹਨਾਂ ਸਤਰਾਂ ਨਾਲ ਕੁੱਲ ਸੰਸਾਰ ਦੀ ਖ਼ੈਰ ਮੰਗਦੇ ਹੋਏ ਅਤੇ ਆਪ ਸਭ ਦੇ ਭਰਵੇਂ ਹੁੰਗਾਰੇ ਦੀ ਉਡੀਕ ‘ਚ….
ਸੋਨੀਆ ਮਨਜਿੰਦਰ
Read more
ਕਿਸੇ ਵੀ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ ‘ਅਨੁਵਾਦ’
ਦੋ ਸ਼ਬਦ…
ਆਓ, ਮਾਂ ਬੋਲੀ ਨੂੰ ਸਤਿਕਾਰੀਏ ਅਤੇ ਪਰਚਾਰੀਏ…