November 11, 2024

ਜੀਵਨ ਕਦੇ ਰੁਕਦਾ ਨਹੀਂ…

ਸੰਪਾਦਕੀ

ਜੀਵਨ ਕਦੇ ਰੁਕਦਾ ਨਹੀਂ…

ਸੋਨੀਆ ਮਨਜਿੰਦਰ

ਨਵੇਂ ਵਰ੍ਹੇ ਚੜ੍ਹੇ ਨੂੰ ਇਕ ਮਹੀਨਾ ਲੰਘ ਗਿਆ ਸੀ । ਹੁਣ ਮੈਂ ‘ਨਕਸ਼’ ਦੇ ਅਗਲੇ ਅੰਕ ਦੀ ਤਿਆਰੀ ਵਿੱਚ ਜੁਟ ਗਈ ਸਾਂ। ਜਿਸ ਦਿਨ ਮੈਂ ਸੰਪਾਦਕੀ ਲਿਖਣ ਬਾਰੇ ਸੋਚ ਰਹੀ ਸਾਂ ਠੀਕ ਉਸੇ ਹੀ ਦਿਨ ਅਚਾਨਕ ਟੀ. ਵੀ. ਅਤੇ ਸੋਸ਼ਲ ਮੀਡੀਆ ‘ਤੇ ਤੁਰਕੀ ਅਤੇ ਸੀਰੀਆ ਵਿਚ ਆਏ ਭੁਚਾਲ ਦੀਆਂ ਖ਼ਬਰਾਂ ਆਉਣ ਲੱਗੀਆਂ। ਭੁਚਾਲ  ਦੀ ਗਤੀ ਇੰਨੀ ਤੀਬਰ ਸੀ ਕਿ ਬਹੁਤ ਕੁਝ ਤਹਿਸ-ਨਹਿਸ ਹੋ ਗਿਆ ਸੀ। ਬਰਬਾਦੀ ਦਾ ਇਹ ਮੰਜ਼ਰ ਵੇਖ ਕੇ ਮੇਰਾ ਦਿਲ ਧੁਰ ਅੰਦਰੋਂ ਵਲੂੰਧਰ ਗਿਆ। ਮੈਂ ਕਦੀ ਬਾਹਰ ਕੁਦਰਤ ਦੀ ਬਣਾਈ ਕਾਇਨਾਤ ਵੱਲ ਦੇਖ ਰਹੀ ਸਾਂ ਤੇ ਕਦੀ ਟੀ. ਵੀ. ਵੱਲ। ਇਹ ਸਭ ਕੁਝ ਦੇਖਣਾ ਮੇਰੇ ਲਈ ਬਹੁਤ ਅਸਹਿ ਹੋ ਰਿਹਾ ਸੀ ਤੇ ਮਨ ‘ਚ ਵਾਰ-ਵਾਰ ਇਹ ਹੀ ਖਿਆਲ ਆ ਰਿਹਾ ਸੀ ‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ’। ਕਦੀ ਮਨ ਕਰੇ ਕਿ ਗੁਰੂ ਘਰ ਜਾਂ ਮੰਦਿਰ ਹੋ ਆਵਾਂ ਤਾਂ ਕੇ ਦਿਲ ਨੂੰ ਕੁਝ ਧਰਵਾਸ ਮਿਲੇ । ਪਰ ਬਾਹਰ ਬਹੁਤ ਠੰਢ ਸੀ ਤੇ ਉੱਤੋਂ ਬਰਫ਼ਬਾਰੀ ਵੀ ਸ਼ੁਰੂ ਹੋ ਗਈ ਸੀ। ਸਵੇਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਹੋ ਗਈ। ਮਨ ਇੰਨਾ ਉਦਾਸ ਹੋ ਗਿਆ ਸੀ ਕਿ ਕੁਝ ਵੀ ਕਰਨ ਨੂੰ ਜਾਂ ਲਿਖਣ-ਪੜ੍ਹਨ ਨੂੰ ਜੀ ਨਹੀਂ ਸੀ ਕਰ ਰਿਹਾ। ਦੋ ਦਿਨ ਇੰਝ ਹੀ ਲੰਘ ਗਏ ਅਤੇ ਦੋ ਦਿਨ ਬਾਅਦ ਅਚਾਨਕ ਹੀ ਇਕ ਵੀਡੀਓ ਮੇਰੇ ਸਾਹਮਣੇ ਆ ਗਈ। ਰਾਹਤ ਕਰਮਚਾਰੀਆਂ ਨੇ ਇਕ ਨਵ-ਜੰਮੇ ਬੱਚੇ ਨੂੰ ਇਮਾਰਤਾਂ ਦੇ ਮਲਬੇ ਥੱਲਿਓਂ ਜਿਊਂਦੇ ਜਾਗਦੇ ਨੂੰ ਕੱਢ ਲਿਆ ਸੀ। ਹੁਣ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਵੇਖੋ ਕੁਦਰਤ ਦੇ ਰੰਗ ‘ਜਾ ਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਏ’। ਅਚਾਨਕ ਹੀ ਮੇਰੀਆਂ ਅੱਖਾਂ ਦੇ  ਸਾਹਮਣੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ’ (ਪਾਠਕਾਂ ਨੂੰ ਇਹ ਕਹਾਣੀ ਇਸ ਅੰਕ ਵਿਚ ਪੜ੍ਹਨ ਨੂੰ ਮਿਲੇਗੀ) ਦਾ ਦ੍ਰਿਸ਼ ਘੁੰਮਣ ਲੱਗਾ। ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿਚ ਚੱਕਰ ਲਾਉਣ ਲੱਗ ਪਈ। ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ, ਜਦੋਂ ਵਾਹੀ ਦੀ ਏ ਕੋਈ ਕਸਰ ਤੇ ਨਹੀਂ ਛੱਡੀਦੀ ਉਹਦੇ ਨਾਲ। ਸਾਰਾ ਜੜ੍ਹੋਂ ਪੁੱਟ ਕੇ ਪੈਲੀਉਂ ਬਾਹਰ ਸੁੱਟ ਦੇਈ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤਿੜ ਫੁਟ ਆਉਂਦੀ ਹੈ।”
ਜੀਵਨ ਕਦੇ ਵੀ ਨਹੀਂ ਰੁਕਦਾ, ਨਿਰੰਤਰ ਚਲਦਾ ਰਹਿੰਦਾ ਹੈ। ਦੁੱਖ ਸੁੱਖ, ਧੁੱਪ-ਛਾਂ ਬਣੀ ਰਹਿੰਦੀ ਹੈ। ਉਂਝ ਵੀ ਸਾਡੀ ਜੜ੍ਹ ਉਸ ਮਿੱਟੀ ਨਾਲ ਲੱਗੀ ਹੈ, ਜਿੱਥੇ ਕੁਝ ਕੁ ਦਿਨਾਂ ਬਾਅਦ ਕੋਈ ਨਾ ਕੋਈ ਦਿਨ ਦਿਹਾੜ ਜ਼ਰੂਰ ਆ ਜਾਂਦਾ ਹੈ। ਇਸੇ ਲਈ ਤਾਂ ਸਾਡੇ ਬਜ਼ੁਰਗਾਂ ਨੇ ਇਸ ਜੀਵਨ ਨੂੰ ਚਲਾਉਣ ਲਈ ਕੁਝ ਵਕਫੇ ਮਗਰੋਂ ਕੋਈ ਨਾ ਕੋਈ ਦਿਨ ਦਿਹਾਰ ਜ਼ਰੂਰ ਮਿਥਿਆ ਹੋਇਆ ਹੈ, ਤਾਂ ਜੋ ਮਨੁੱਖ ਆਪਣੇ ਦੁੱਖ ਨੂੰ ਭੁੱਲ ਕੇ ਜੀਵਨ ਨਾਲ ਨਵੀਂ ਸਾਂਝ ਪਾਵੇ। ਪਰ ਸਾਨੂੰ ਯਾਦ ਰੱਖਣਾ ਪੈਣਾ ਹੈ ਕਿ ਇਨਸਾਨ ਕੁਦਰਤ ਨਾਲ ਖਿਲਵਾੜ ਨਾ ਕਰੇ, ਜਿਸ ਦੀ ਕੀਮਤ ਉਸਨੂੰ ਅੱਗੇ ਚਲ ਕੇ ਆਪ ਚੁਕਾਉਣੀ ਪਵੇ।
ਫਿਰ ਬਹੁਤ ਦਿਨ ਕੁਝ ਵੀ ਨਹੀਂ ਲਿਖ ਹੋਇਆ। 14 ਮਾਰਚ ਨੂੰ ਚੇਤ ਦੀ ਸੰਗਰਾਂਦ ਨਾਲ ਮਨ ਥੋੜ੍ਹਾ ਜਿਹਾ ਖ਼ੁਸ਼ ਹੋਇਆ। ਚੇਤ ਮਹੀਨੇ ਦੀ ਸੰਗਰਾਂਦ ਵਾਲਾ ਦਿਨ ਦੇਸੀ ਮਹੀਨਿਆਂ ‘ਚ ਨਵੇਂ ਸਾਲ ਦਾ ਪਹਿਲਾ ਦਿਨ ਗਿਣਿਆ ਜਾਂਦਾ ਹੈ। ਉਦਾਂ ਵੀ ਚੇਤ ਦਾ ਮਹੀਨਾ ਮੈਨੂੰ ਬਾਕੀ ਦੇ ਸਭ ਮਹੀਨਿਆਂ ਤੋਂ ਵੱਧ ਚੰਗਾ ਲੱਗਦਾ ਹੈ। ਕਿਉਂਕਿ ਚੇਤ ਮਹੀਨਾ ਚੜ੍ਹਨ ਦੇ ਨਾਲ ਰੁੱਤ ਮੌਲ ਪੈਂਦੀ ਹੈ। ਬਸੰਤ ਨਾਲ ਬਹਾਰ ਦਾ ਆਗਮਨ ਹੋ ਜਾਂਦਾ ਹੈ ਤੇ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜਨ ਨਾਲ ਵਾਤਾਵਰਨ ਖੁਸ਼ਬੂਦਾਰ ਹੋ ਜਾਂਦਾ ਏ ।
ਹਮੇਸ਼ਾ ਦੀ ਤਰਾਂ ‘ਨਕਸ਼’ ਦਾ ਇਹ ਅੰਕ ਬੜੀ ਸ਼ਿੱਦਤ ਨਾਲ ਤਿਆਰ ਕੀਤਾ ਗਿਆ ਹੈ । ਇਸ ਅੰਕ ਵਿਚ ਬਹੁਤ ਕੁਝ ਵਿਸ਼ੇਸ਼ ਹੈ, ਕਿਸੇ ਇੱਕ ਰਚਨਾ ਦਾ ਜ਼ਿਕਰ ਕਰਨਾ ਬਾਕੀ ਰਚਨਾਵਾਂ ਨਾਲ ਬੇ-ਇਨਸਾਫੀ ਹੋਵੇਗੀ, ਇਸ ਅੰਕ ਰਾਹੀਂ ਅਸੀਂ ਦੋ ਨਵੇਂ ਕਾਲਮ ‘ਇੱਕ ਕਵਿਤਾ ਇੱਕ ਕਹਾਣੀ’ ਅਤੇ ‘ਪੰਜਾਬੀ ਗਲਪ ਵਿਗਿਆਨ’ ਜੋੜਨ ਜਾ ਰਹੇ ਹਾਂ। ‘ਇੱਕ ਕਵਿਤਾ ਇੱਕ ਕਹਾਣੀ’ ਵਿਚਲੀ ਕਵਿਤਾ ਮੈਂ ਨੌਵੀਂ ਜਮਾਤ ਵਿਚ ਪੜ੍ਹੀ ਸੀ, ਜਿਸ ਨੇ ਮੇਰੇ ਮਨ ‘ਤੇ ਅਜਿਹੀ ਅਮਿੱਟ ਛਾਪ ਛੱਡੀ ਕਿ ਅੱਜ ਤੱਕ ਮੈਨੂੰ ਇਹ ਕਵਿਤਾ ਯਾਦ ਹੈ।
ਕਹਿੰਦੇ ਨੇ ਕਿਸੇ ਵੀ ਭਾਸ਼ਾ ਦਾ ਅੰਤ ਉਦੋਂ ਹੋਣ ਲੱਗਦਾ ਜਦੋਂ ਉਸ ਵਿਚ ਵਰਤੇ ਜਾਣ ਵਾਲੇ ਅਖਾਣ ਅਤੇ ਮੁਹਾਵਰਿਆਂ ਦੀ ਵਰਤੋਂ ਹੋਣੀ ਬੰਦ ਹੋ ਜਾਵੇ। ਪਰ ਇਸ ਕਵਿਤਾ ‘ਚ ਬਹੁਤ ਹੀ ਸੋਹਣੇ ਤੇ ਸਰਲ ਤਰੀਕੇ ਨਾਲ  ਅਖਾਣ ਅਤੇ ਮੁਹਾਵਰਿਆਂ ਨੂੰ ਲਿਖਿਆ ਗਿਆ ਹੈ । ਜੋ ਗੱਲ ਵਾਕ ਸਮੂਹਾਂ ਤੋਂ ਸਪੱਸ਼ਟ ਨਹੀਂ ਹੁੰਦੀ, ਮੁਹਾਵਰੇ ਅਤੇ ਅਖਾਣ ਅਜਿਹੇ ਨੁਕਤੇ ਨੂੰ ਥੋੜ੍ਹੇ ਸ਼ਬਦਾਂ ‘ਚ ਹੀ ਸ਼ਪੱਸ਼ਟ ਕਰ ਦਿੰਦੇ ਹਨ।
ਸੋ ਆਓ, ਅਸੀਂ ਸਭ ਘਰਾਂ ‘ਚ ਪੰਜਾਬੀ ਬੋਲੀਏ ਅਤੇ ਰਲ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਜੀਵਨ ‘ਚ ਇਨ੍ਹਾਂ ਸਾਰੇ ਰੰਗਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਆਸ ਦਾ ਪੱਲਾ ਨਾ ਛੱਡੀਏ। ਪੂਰੀ ਖੁੱਲ੍ਹਦਿਲੀ ਨਾਲ ਜ਼ਿੰਦਗੀ ਦਾ ਅਨੰਦ ਮਾਣੀਏ ਤੇ ਚੇਤ ਦੇ ਮਹੀਨੇ ਵਾਂਗ ਖੁਸ਼ਬੂਆਂ ਵੰਡੀਏ, ਤਾਂ ਜੋ ਸਾਡੀਆਂ ਰੂਹਾਂ ਖਿੜ੍ਹ ਜਾਣ ਤੇ ਆਪਣੇ ਜੀਵਨ ‘ਚ ਸੁਹਿਰਦਤਾ ਨਾਲ ਇਨਸਾਨੀਅਤ ਦੇ ਰੂਪ ਵਿਚ ਕੁਦਰਤ ਨੂੰ ਸੋਹਣਾ ਬਣਾਈ ਰੱਖਣ ਦਾ ਯਤਨ ਕਰਦੇ ਰਹੀਏ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਕ ਸੋਹਣਾ ਸੰਸਾਰ (ਵਾਤਾਵਰਨ) ਦੇ ਸਕੀਏ!

ਮੈਂ ਬੀਜ ਬਣ ਉਗਣਾ ਸੀ
ਪੁੰਗਰਨਾਂ ਮੇਰੀ ਫ਼ਿਤਰਤ
ਕਰੂੰਬਲਾਂ ਫੁੱਟਣੀਆਂ
ਫੁੱਲ ਵੀ ਖਿੜਨੇ
ਤੇ ਫ਼ਲ ਵੀ ਲੱਗਣੇ
ਖਿੜਨਾ ਤਾਂ ਮੈਂ ਹਰ ਵਾਰ
ਤੇ ਖਿੜਨਾ ਹੀ ਮੇਰਾ ਸੁਭਾਅ
ਮੈਂ ਬਹਾਰ ਜਿਉਂ ਆਂ
—ਸੋਨੀਆ ਮਨਜਿੰਦਰ