February 6, 2025

ਮਿੰਨੀ ਕਹਾਣੀ : ਬੁੱਢਾ ਘੋੜਾ

ਮਿੰਨੀ ਕਹਾਣੀ : ਬੁੱਢਾ ਘੋੜਾ

ਲੇਖਕ : ਕੈਲਾਸ਼ ਠਾਕੁਰ

ਅੱਜ ਕੁਝ ਪ੍ਰੇਸ਼ਾਨ ਲੱਗ ਰਹੇ ਹੋ? ਕੀ ਗੱਲ ਹੈ? ਰਾਜਵੰਤ ਨੇ ਆਪਣੇ ਪਤੀ ਹਰਬੰਸ ਤੋਂ ਪੁੱਛਿਆ। ਕੁਝ ਵੀ ਤਾਂ ਨਹੀਂ, ਮੈਂ ਪ੍ਰੇਸ਼ਾਨ ਕਿਉਂ ਹੋਵਾਂਗਾ। “ਅੱਜ ਕੱਲ੍ਹ ਘਰ ਵਿੱਚ ਕਿੰਨੀ ਰੌਣਕ ਲੱਗੀ ਹੋਈ ਹੈ। ਵੱਡਾ ਮੁੰਡਾ ਵੀ ਟੱਬਰ ਨਾਲ ਦਿੱਲੀ ਤੋਂ ਚਾਰ ਦਿਨ ਲਈ ਆਇਆ ਹੋਇਆ ਹੈ। ਪੋਤੇ-ਪੋਤੀਆਂ ਨਾਲ ਘਰ ਵਿੱਚ ਵਿਆਹ ਵਰਗਾ ਮਾਹੌਲ ਏ। ਪ੍ਰੇਸ਼ਾਨੀ ਕਾਹਦੀ?” ਆਪਣੀ ਨਜ਼ਰ ਮਿਲਾਏ ਬਿਨਾਂ ਹਰਬੰਸ ਨੇ ਰਾਜਵੰਤ ਨੂੰ ਕਿਹਾ। ਪਰ ਗ੍ਰਹਿਸਥ ਜੀਵਨ ਦੇ ਚਾਲੀ ਸਾਲਾਂ ਵਿੱਚ ਉਹ ਦੋਵੇਂ ਇਕ-ਦੂਜੇ ਦੇ ਚਿਹਰੇ ਤੋਂ ਮਨ ਦੀ ਇਬਾਰਤ ਪੜ੍ਹਨੀ ਸਿੱਖ ਗਏ ਸਨ। ਰਾਜਵੰਤ ਨੇ ਸੋਚਿਆ, ਕੰਮ ਤੋਂ ਵਿਹਲੀ ਹੋ ਕੇ ਪੁੱਛਾਂਗੀ। ਦਾਲ ਵਿੱਚ ਕੁਝ ਤਾਂ ਕਾਲਾ ਹੈ…। ਰਾਤ ਦੀ ਰੋਟੀ ਖਾ ਕੇ ਦੋਵੇਂ ਪੁੱਤਰ ਆਪਣੀ-ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ। ਰਾਜਵੰਤ ਵੀ ਰਸੋਈ ਦੀ ਸਾਂਭ-ਸੰਭਾਲ ਤੋਂ ਬਾਅਦ ਕਮਰੇ ਵਿੱਚ ਆਈ ਤਾਂ ਵੇਖਿਆ, ਹਰਬੰਸ ਅਜੇ ਵੀ ਡੂੰਘੀਆਂ ਸੋਚਾਂ ਵਿੱਚ ਗੁੰਮ ਸੀ। ਰਾਜਵੰਤ ਨੂੰ ਵੇਖ ਕੇ ਹਰਬੰਸ ਨੇ ਪੁੱਛਿਆ, “ਤੂੰ ਅਜੇ ਵੀ ਕਿੰਨਾ ਕੰਮ ਕਰਦੀ ਏਂ, ਸਵੇਰ ਦੀ ਲੱਗੀ ਹੋਈ ਏਂ, ਥੱਕਦੀ ਨਹੀਂ। ਮੈਂ ਤਾਂ ਹੁਣ ਥੋੜ੍ਹਾ ਜਿਹਾ ਕੰਮ ਕਰਕੇ ਹੀ ਥੱਕ ਜਾਂਦਾ ਹੈ। ਚਿਹਰੇ ‘ਤੇ ਨਕਲੀ ਮੁਸਕਰਾਹਟ ਨਾਲ ਹਰਬੰਸ ਨੇ ਕਿਹਾ, ਹੁਣ ਪਤਾ ਲੱਗਿਆ, ਤਾਂ ਹੀ ਮੇਰੇ ਨਾਲੋਂ ਘਰ ਵਿੱਚ ਤੇਰੀ ਜ਼ਿਆਦਾ ਪੁੱਛਗਿੱਛ ਹੈ।” ਨਾ ਜੀ, ਤੁਸੀਂ ਕਿਹੜਾ ਕਿਸੇ ਤੋਂ ਲਈਦੇ ਸੀ।ਘਰ ਗ੍ਰਹਿਸਥੀ ਚਲਾਉਣ ਲਈ ਤੁਸੀਂ ਦਿਨ-ਰਾਤ ਇੱਕ ਕਰ ਦਿੱਤਾ।ਦੋਨਾਂ ਮੁੰਡਿਆਂ ਨੂੰ ਪੜ੍ਹਾਇਆ, ਵਿਆਹਿਆ ਤੇ ਮਕਾਨ ਬਣਾਇਆ।ਆਖਿਰ ਸਰੀਰ ਹੈ,ਕੋਈ ਮਸ਼ੀਨ ਤਾਂ ਨਹੀਂ।ਅੱਛਾ, ਤੁਸੀਂ ਮੈਨੂੰ ਗੱਲਾਂ ਵਿੱਚ ਨਾ ਉਲਝਾਓ, ਆਪਣੀ ਪ੍ਰੇਸ਼ਾਨੀ ਦੱਸੋ।” ਰਾਜਵੰਤ ਨੇ ਹਰਬੰਸ ਤੋਂ ਪੁੱਛਿਆ। ਹਰਬੰਸ ਨੇ ਲੰਮਾ ਸਾਹ ਭਰਦਿਆਂ ਕਿਹਾ,ਜਦੋਂ ਦੁਪਹਿਰੇ ਅਸੀਂ ਤਿੰਨੋਂ ਪਿਓ-ਪੁੱਤਰ ਬੈਠੇ ਸੀ ਤਾਂ ਸੁਖਮਨ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਭਾਪਾ ਜੀ, ਮੈਂ ਮੰਮੀ ਨੂੰ ਆਪਣੇ ਨਾਲ ਦਿੱਲੀ ਲੈ ਕੇ ਜਾਣਾ ਹੈ, ਕਿਉਂਕਿ ਅਸੀਂ ਦੋਵੇਂ ਪਤੀ-ਪਤਨੀ ਨੌਕਰੀ ਕਰਦੇ ਹਾਂ। ਬੱਚੇ ਛੋਟੇ ਹੋਣ ਕਾਰਨ ਕਰੈੱਚ ਵਿੱਚ ਛੱਡਣੇ ਪੈਂਦੇ ਹਨ। ਵੱਧਦੀ ਮਹਿੰਗਾਈ ਕਾਰਨ ਕਰੈੱਚ ਦੇ ਖਰਚੇ ਝੱਲ ਨਹੀਂ ਹੁੰਦੇ। ਵੈਸੇ ਵੀ ਹੁਣ ਇੱਥੇ ਹਰਮਨ ਦੇ ਬੱਚੇ ਵੱਡੇ ਹੋ ਗਏ ਹਨ। ਉਹ ਆਪਣਾ ਆਪ ਸੰਭਾਲ ਸਕਦੇ ਹਨ। ਫਿਰ ਤੁਹਾਡੇ ਇੱਥੇ ਰਹਿਣ ਨਾਲ ਉਹ ਸੁਰੱਖਿਅਤ ਤਾਂ ਰਹਿਣਗੇ ਹੀ। ਮੰਮੀ ਨੂੰ ਅਸੀਂ ਆਪਣੇ ਨਾਲ ਦਿੱਲੀ ਲੈ ਕੇ ਜਾਣਾ ਹੈ।” “ਫੇਰ?” ਰਾਜਵੰਤ ਦੀਆਂ ਅੱਖਾਂ ਦੇ ਘੋਏ ਭਰ ਗਏ। “ਫੇਰ ਕੀ? ਤੇਰੀ ਮਰਜ਼ੀ।” ਹਰਬੰਸ ਦਾ ਗਲਾ ਭਰ ਆਇਆ।