November 11, 2024

ਕਹਾਣੀ : ਗੋਵਰਧਨ ਦਾਸ

ਵਿਪਨ ਕੁਮਾਰ

ਜਾਣ-ਪਹਿਚਾਣ

10 ਜਨਵਰੀ, 1989
ਪਿੰਡ : ਵਰਿਆਣਾ
ਜ਼ਿਲ੍ਹਾ : ਜਲੰਧਰ
ਸੰਪਰਕ : 93636-13986

ਮੇਰਾ ਨਾਮ ਵਿਪਨ ਕੁਮਾਰ ਹੈ ਤੇ ਮੈਂ ਪਿੰਡ ਵਰਿਆਣਾ, ਜਲੰਧਰ ਦਾ ਰਹਿਣ ਵਾਲਾ ਹਾਂ।  ਲਿਖਣਾ ਮੈਂ ਨੌਵੀਂ ਜਮਾਤ ਵਿਚ ਪੜ੍ਹਦਿਆਂ ਹੀ ਸ਼ੁਰੂ ਕਰ ਦਿੱਤਾ ਸੀ।  ਕਵਿਤਾਵਾਂ ਲਿਖਦਾ-ਲਿਖਦਾ ਕਹਾਣੀਆਂ ਲਿਖਣ ਲੱਗਾ।  ਅਜੇ ਮੇਰੀਆਂ ਪੰਜ ਕਹਾਣੀਆਂ ਹੀ ਸਾਹਿਤਕ ਮੈਗਜ਼ੀਨਾਂ ਵਿਚ ਛਪੀਆਂ ਹਨ।  ”ਮੁੜ ਗਵਾਚੀ ਕਥਾ” (ਕਹਾਣੀ ਧਾਰਾ, ਅਪ੍ਰੈਲ-ਜੂਨ,2016), ”ਤੜਾਗੀ” (ਲਕੀਰ, ਮਾਰਚ-ਅਪ੍ਰੈਲ,2017), ”ਦਲਦਲ” (ਕਹਾਣੀ ਧਾਰਾ, ਜਨਵਰੀ-ਮਾਰਚ, 2018), ”ਟੋਆ” (ਕਹਾਣੀ ਧਾਰਾ, ਜਨਵਰੀ-ਮਾਰਚ, 2023)। ਕਹਾਣੀਆਂ ਲਿਖਣ ਦੇ ਨਾਲ-ਨਾਲ ਦਿੱਲੀ ਯੂਨੀਵਰਸਿਟੀ, ਦਿੱਲੀ ਦਾ ਪੀਐੱਚ.ਡੀ ਦਾ ਖੋਜਾਰਥੀ ਹਾਂ।
ਕਹਿੰਦੇ ਔਰਤ ਸਭ ਤੋਂ ਗੁੰਝਲਦਾਰ ਜੀਵ ਬਣਾਇਆ ਕੁਦਰਤ ਨੇ। ਪਰ ਬੰਦਾ ਵੀ ਓਨਾ ਹੀ ਗੁੰਝਲਦਾਰ ਹੈ ਜਿੰਨੀ ਕਿ ਔਰਤ। ਮੈਂ ਆਪਣੀਆਂ ਕਹਾਣੀਆਂ ਰਾਹੀਂ ਬੰਦੇ ਦੇ ਚੇਤਨ, ਅਰਧ-ਚੇਤਨ ਤੇ ਅਵਚੇਤਨ ਵਿਚ ਚਲ ਰਹੇ ਦਵੰਦਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ।  ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੀਆਂ ਕਹਾਣੀਆਂ ਦੇ ਪਾਤਰ ਕਿਸੇ ਵੀ ਗੱਲ ਨੂੰ ਅੱਖਾਂ ਬੰਦ ਕਰਕੇ ਨਾ ਮੰਨਣ, ਸਗੋਂ ਲੋੜ ਪੈਣ ‘ਤੇ ਵਿਰੋਧ ਜਤਾਉਣ।  ਉਹ ਸਿਸਟਮ ਦੇ ਪਿੱਛਲੱਗ ਨਾ ਬਣਨ, ਸਗੋਂ ਆਪਣੇ ਤਰੀਕੇ ਨਾਲ, ਆਪਣੇ ਪੱਧਰ ‘ਤੇ ਸਿਸਟਮ ਨਾਲ ਲੜਨ।  ਮੈਂ ਕਿੰਨਾ ਕਾਮਯਾਬ ਹੁੰਦਾ ਹਾਂ, ਇਹ ਤਾਂ ਭਵਿੱਖ ਹੀ ਦੱਸੇਗਾ ਪਰ ਮੇਰੀ ਕੋਸ਼ਿਸ਼ ਜਾਰੀ ਹੈ।

ਕਹਾਣੀ : ਗੋਵਰਧਨ ਦਾਸ

ਟੀ.ਵੀ. ਦੇਖਦਿਆਂ ਜਦੋਂ ਉਹਨੇ ਖ਼ਬਰਾਂ ਵਾਲਾ ਚੈਨਲ ਲਗਾਇਆ ਤਾਂ ਮਸ਼ੂਰੀਆਂ ਚਲ ਰਹੀਆਂ ਸਨ।  ਬੈੱਡ ‘ਤੇ ਬੈਠੀ ਉਹਦੀ ਮਾਂ ਨੇ ਜਦ ਦੇਖਿਆ ਕਿ ਉਹਨੇ ਖ਼ਬਰਾਂ ਵਾਲਾ ਚੈਨਲ ਲਗਾ ਲਿਆ ਹੈ ਤਾਂ ਉਹ ‘ਹਾਏ ! ਦੋ ਘੜੀ

 

ਲੱਕ ਸਿੱਧਾ ਕਰ ਲਾਂ’ ਆਖ ਬੈੱਡ ‘ਤੇ ਲੰਮੀ ਪੈ ਗਈ।  ਕੋਲ ਹੀ ਉਹਦੀ ਭਤੀਜੀ ਤੇ ਭਤੀਜਾ ਐਲਬਮ ਦੇਖ ਰਹੇ ਸਨ।  ਉਹ ਹਰ ਇਕ ਫੋਟੋ ਨੂੰ ਐਲਬਮ ‘ਚੋਂ ਬਾਹਰ ਕੱਢਦੇ ਤੇ ‘ਹਾਏ ! ਕਿੰਨੀ

 

ਸੋ

ਹਣੀ ਫੋਟੋ’ ਆਖ ਫੇਰ ਐਲਬਮ ‘ਚ ਰੱਖ ਦਿੰਦੇ। ਮਾਂ ਦੀ ਅੱਖ ਲੱਗ ਗਈ।  ਉਹ ਮਸ਼ੂਰੀਆਂ

ਦੇਖਣ ਵਿਚ ਮਸ਼ਰੂਫ਼ ਸੀ।  ਉਹਦੀ ਭਰਜਾਈ ਰਸੋਈ ‘ਚ ਰੋਟੀਆਂ ਪਕਾ ਰਹੀ ਸੀ।  ਉਹ ਖਿਝ ਰਿਹਾ ਸੀ ਕਿ ਖ਼ਬਰਾਂ ਵਾਲੇ ਚੈਨਲਾਂ ‘ਤੇ ਵੀ ਇੰਨੀਆਂ ਮਸ਼ੂਰੀਆਂ ਕਿਉਂ ਆਉਂਦੀਆਂ ਹਨ ? ਉਹਨੂੰ ਗੁੱਸਾ ਆ ਰਿਹਾ ਸੀ।

‘ਹਾਏ! ਚਾਚੇ ਦੀ ਕਿੰਨੀ ਸੋਹਣੀ ਫੋਟੋ। ‘
‘ਹਨਾ। ‘
‘ਆਹੋ। ‘

‘ਮੈਂ ਦੇਖਣੀ…ਨਈਂ ਮੈਂ ਦੇਖਣੀ…ਛੱਡ…ਤੂੰ ਛੱਡ….ਛੱਡਦੇ-ਏ-ਏ—ਤੇ ਫੋਟੋ ਪਾਟ ਗਈ।
ਫੋਟੋ ਦੇ ਪਾਟਣ ਦੀ ਆਵਾਜ਼ ਸੁਣ ਕੇ ਮਾਂ ਅੱਭੜਵਾਹੇ ਉੱਠੀ।  ਉਹ ਮਸ਼ੂਰੀਆਂ ਦੇਖਣ ‘ਚ ਮਸਤ ਸੀ। ‘ਮਨ ਕਿਉਂ ਬਹਿਕਾ…ਰੇ…ਬਹਿਕਾ…ਆਧੀ ਰਾਤ ਕੋ’, ਨਿਰੋਧ ਦੇ ਪ੍ਰਚਾਰ ਵਾਲੀ ਮਸ਼ੂਰੀ ਚਲ ਰਹੀ ਸੀ।  ਮਾਂ ਫਟਾਫਟ ਉੱਠੀ।  ਉਹਨੇ ਦੋਹਾਂ ਬੱਚਿਆਂ ਨੂੰ ਆਪਣੀ ਪਿੱਠ ਪਿੱਛੇ ਕਰ ਲਿਆ ਤੇ ਫੋਟੋ ਦੇ ਹੋਏ ਦੋ ਟੁਕੜੇ ਆਪਣੇ ਹੱਥਾਂ ‘ਚ ਲੈ ਕੇ ਬੈਠ ਗਈ—
ਮਾਂ ਨੂੰ ਯਾਦ ਆਇਆ ਕਿ ਇਕ ਵਾਰ ਪਹਿਲਾਂ ਵੀ ਜਦੋਂ ਉਹ ਐਲਬਮ ਆਪਣੇ ਵੱਡੇ ਮੁੰਡੇ ਦੇ ਘਰ ਲੈ ਕੇ ਗਈ ਸੀ ਤਾਂ ਉਹਦੇ ਬੱਚਿਆਂ ਤੋਂ ਵੀ ਇਹੀ ਫੋਟੋ ਕੋਨੇ ਤੋਂ ਜ਼ਰਾ ਜਿੰਨੀ ਪਾਟ ਗਈ ਸੀ ਤੇ ਉਹਨੇ ਆਪਣੀ ਮਾਂ ਦੀ ਬਹੁਤ ਲਾਹ-ਪਾਹ ਕੀਤੀ ਸੀ—
‘ਉਹ ਤਾਂ ਨਿਆਣੇ ਸੀ, ਤੂੰ ਨਈਂ ਖਿਆਲ ਰੱਖ ਸਕਦੀ ਸੀ।  ਤੂੰ ਫੋਟੋ ਐਲਬਮ ‘ਚੋਂ ਬਾਹਰ ਕਿਉਂ ਕੱਢਣ ਦਿੱਤੀ। —ਅਕਲ ਤਾਂ ਹੈ ਈ ਨੀ ਨਾ ਸਾਲੇ, ਕਤੀੜ ਵਾਧੇ ਨੂੰ। ‘
ਉਹਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਉਹਦੀ ਵੱਡੀ ਨੂੰਹ ਨੇ ਬੁਰਾ ਮਨਾਇਆ ਸੀ—
‘ਮੰਮੀ, ਇਕ ਫੋਟੋ ਹੀ ਤਾਂ ਸੀ, ਤਾਂ ਕੀ ਹੋਇਆ ਜੇ ਭੋਰਾ ਕੁ ਫਟ ਗਈ ?’
‘ਨਈਂ ਪੁੱਤ, ਇਹ ਫੋਟੋ ਉਹਨੂੰ ਜਾਨ ਤੋਂ ਵੱਧ ਪਿਆਰੀ ਆ।  ਉਹਦੀ ‘ਭੈਣ’ ਦੀ ਫੋਟੋ ਆ ਨਾ, ਤਾਂ ਕਰਕੇ। ‘
‘ਭੈਣ—?’ ਨੂੰਹ ਨੇ ਮੁਸਕਰਾਉਂਦਿਆਂ ਪੁੱਛਿਆ ਸੀ।
‘ਹੋਰ ਭੈਣੇ, ‘ਭੈਣ’ ਦੀ—ਇਸੇ ਕਰਕੇ ਤਾਂ ਮੈਂ ‘ਮਰਨ ਵਾਲੇ’ ਤੋਂ ਇਕ ਵਾਰੀ ਗਾਲ੍ਹਾਂ ਖਾਧੀਆਂ ਸੀ। ‘
‘ਮਰਨ ਵਾਲੇ ਤੋਂ ?’ ਨੂੰਹ ਨੇ ਮੱਥੇ ‘ਤੇ ਤਿਓੜੀਆਂ ਪਾਉਂਦਿਆਂ ਤੇ ਨੱਕ ਸੁੰਗੇੜਦਿਆਂ ਪੁੱਛਿਆ।
‘ਤੇਰੇ ਡੈਡੀ ਤੋਂ। ‘ ਕਹਿੰਦਾ, ‘ਸਾਲੀਏ, ਤੇਰਾ ਵੀ ਦਿਮਾਗ਼ ਖਰਾਬ ਆ।  ਤੂੰ ਪੁੱਠੇ ਕੰਮ ਈ ਦੱਸਿਆ ਕਰ ਨਿਆਣਿਆਂ ਨੂੰ। ‘
ਮੈਂ ਕਿਹਾ, ‘ਮੈਂ ਕੀ ਕਰਦੀ, ਸਵੇਰ ਦਾ ਮੇਰੀ ਜਾਨ ਨੂੰ ਰੋਈ ਜਾਂਦਾ ਸੀ ਤਾਂ ਫੇਰ ਮੈਂ ਕਹਿ ‘ਤਾ। ‘—
—ਇੰਨੀ ਦੇਰ ‘ਚ ਉਹਨੇ ਖ਼ਬਰਾਂ ਵਾਲੇ ਹੋਰ ਚੈਨਲ ਬਦਲ-ਬਦਲ ਕੇ ਦੇਖੇ, ਸਾਰਿਆਂ ‘ਤੇ ਹੀ ਮਸ਼ੂਰੀਆਂ ਚਲ ਰਹੀਆਂ ਸਨ।  ਉਹਨੂੰ ਫੋਟੋ ਪਾਟਣ ਦਾ ਅਜੇ ਪਤਾ ਨਹੀਂ ਸੀ ਲੱਗਾ।  ਉਹ ਉੱਠਿਆ ਤੇ ਬਾਥਰੂਮ ‘ਚ ਚਲਾ ਗਿਆ।
ਮਾਂ ਨੇ ਬੱਚਿਆਂ ਨੂੰ ਕਿਹਾ, ‘ਕੰਜਰੋ, ਤੁਸੀਂ ਚਾਚੇ ਦੀ ਭੈਣ ਦੀ ਫੋਟੋ ਪਾੜ ‘ਤੀ।  ਹੁਣ ਤਾਡ੍ਹੇ ਛਿੱਤਰ ਪੈਣੇ। ‘ ਨਿਆਣੇ ਡਰ ਗਏ।  ਦੋਹਾਂ ਦੇ ਮੂੰਹ ਉਤਰ ਗਏ।  ਮਾਂ ਨੂੰ ਯਾਦ ਆਇਆ ਕਿ ਜਦੋਂ ਇਹ ਫੋਟੋ ਖਿਚਵਾਉਣੀ ਸੀ ਤਾਂ ਉਹਨੇ ਪਹਿਲਾਂ ਆਪਣੀ ਭੈਣ ਨੂੰ ਚੰਗੀ ਤਰ੍ਹਾਂ ਨੁਹਾਇਆ ਸੀ ਤੇ ਬਾਅਦ ਵਿਚ ਆਪ ‘ਨਾਤਾ ਸੀ।  ਨਵੇਂ ਕੱਪੜੇ ਪਾ ਕੇ, ਨਵੀਆਂ ਚੱਪਲਾਂ ਪਾਈਆਂ ਤੇ ਫੇਰ ਫੋਟੋ ਖਿਚਵਾਈ ਸੀ।  ਕੈਮਰੇ ਵਾਲਾ ਕਹਿ-ਕਹਿ ਕੇ ਥੱਕ ਗਿਆ ਸੀ ਕਿ ਮੈਨੂੰ ਦੇਰ ਹੋ ਰਹੀ ਏ, ਮੈਂ ਕਿਤੇ ਹੋਰ ਵੀ ਜਾਣਾ ਪਰ ਉਹਦੇ ਕੰਨਾਂ ‘ਤੇ ਜੂੰ ਨਹੀਂ ਸੀ ਸਰਕੀ।  —ਤੇ ਜਦੋਂ ਉਹਦੀ ਏਸੇ ਭੈਣ ਦੀ ਮੌਤ ਹੋਈ ਤਾਂ ਇਹ ਭੁੱਬਾਂ ਮਾਰ-ਮਾਰ ਰੋਇਆ ਸੀ।  ਸਾਰੇ ਕਹਿ ਰਹੇ ਸਨ ਕਿ ਕਿਸੇ ਨੇ ਜ਼ਰੂਰ ਕੁਝ ਕਰ ਦਿੱਤਾ ਹੋਊ ਨਈਂ ਤਾਂ ਚੰਗੀ-ਭਲੀ ਤੁਰੀ-ਫਿਰਦੀ ਨੂੰ ਅਚਾਨਕ ਕੀ ਹੋ ਗਿਆ।  ਇਕ ਹਫ਼ਤਾ ਪੂਰਾ ਉਹਨੇ ਰੋਟੀ ਨਹੀਂ ਸੀ ਖਾਧੀ ਤੇ ਰੋਜ਼ ਏਸ ਫੋਟੋ ਨੂੰ ਦੇਖ-ਦੇਖ ਕੇ ਰੋਂਦਾ ਰਿਹਾ ਸੀ।
ਹੁਣ ਉਸੇ ਜਾਨੋਂ ਵੱਧ ਪਿਆਰੀ ਭੈਣ ਦੀ ਫੋਟੋ ਨਿਆਣਿਆਂ ਤੋਂ ਪਾਟ ਗਈ ਸੀ।  ਮਾਂ ਡਰ ਰਹੀ ਸੀ।  ਨਿਆਣੇ ਤਾਂ ਪਹਿਲਾਂ ਹੀ ਡਰੇ ਹੋਏ ਸਨ।  ਉਹ ਬਾਥਰੂਮ ‘ਚੋਂ ਬਾਹਰ ਆ ਗਿਆ।  ਸਾਬਣ ਨਾਲ ਹੱਥ ਧੋ ਕੇ ਫੇਰ ਕਮਰੇ ‘ਚ ਆ ਰਿਮੋਟ ਹੱਥ ‘ਚ ਲੈ ਕੇ ਬੈਠ ਗਿਆ।  ਮਾਂ ਨੇ ਫੋਟੋ ਗੋਡੇ ਥੱਲੇ ਲੁਕਾ ਲਈ।  ਖ਼ਬਰਾਂ ਵਾਲੇ ਚੈਨਲ ‘ਤੇ ਅਜੇ ਵੀ ਮਸ਼ੂਰੀਆਂ ਹੀ ਚਲ ਰਹੀਆਂ ਸਨ।  ਮਾਂ ਨੂੰ ਲੱਗਾ ਕਿ ਜਿਵੇਂ ਹੀ ਉਹਨੂੰ ਫੋਟੋ ਦੇ ਪਾਟਣ ਦਾ ਪਤਾ ਲੱਗੇਗਾ, ਉਹ ਸਾਰਾ ਘਰ ਸਿਰ ‘ਤੇ ਚੁੱਕ ਲਵੇਗਾ।  ਨਿਆਣਿਆਂ ਨੂੰ ਝਈਆਂ ਲੈ-ਲੈ ਪਵੇਗਾ ਤੇ ਨਾਲ ਹੀ ਉਸ ਦੀ ਵੀ ਲਾਹ-ਪਾਹ ਕਰੇਗਾ—
‘—ਚੋ, ਆਖਰ ਫੋਟੋ ਪਾੜ ਕੇ ਈ ਸਾਹ ਲਿਆ ਨਾ।  ਹੱਥ ਤਾਂ ਬਾਂਦਰਾਂ ਜਿਹਾ ਦੇ ਟਿਕਦੇ ਈ ਨਈਂ।  ਜਿਹੜੀ ਚੀਜ਼ ਹੱਥ ਆਈ ਜਾਂ ਤੋੜ ‘ਤੀ ਜਾਂ ਪਾੜ ‘ਤੀ।  ਸਾਲੀ ਅਕਲ ਤਾਂ ਹੈ ਈ ਨੀ ਨਾ ਕਤੀੜ੍ਹ ਵਾਧੇ ਨੂੰ। ‘
‘ਤੂੰ ਕੋਲ ਲੰਮੀ ਪਈ, ਤੈਨੂੰ ਨਈਂ ਦੀਹਦਾ, ਮੈਂ ਰੋਕ ਦਵਾਂ ਇਨ੍ਹਾਂ ਨੂੰ।  ਡੈਡੀ ਸਹੀ ਕਹਿੰਦਾ ਹੁੰਦਾ ਸੀ—ਦਿਮਾਗ਼ ‘ਚ ਸਿਰਫ਼ ਤੂੜੀ ਭਰੀ ਹੋਈ ਆ—ਤੂੜੀ।  ਚਲਾਉਣਾ ਤਾਂ ਹੈ ਈ ਨੀ ਨਾ। ‘
ਮਾਂ ਨੂੰ ਫੇਰ ਯਾਦ ਆਇਆ ਕਿ ਇਹੀ ਸ਼ਬਦ ਉਹਦਾ ਪਿਓ ਕਹਿੰਦਾ ਹੁੰਦਾ ਸੀ ਉਹਨੂੰ।  ਇਕ ਦਿਨ ਕਹਿਣ ਲੱਗਾ, ‘—ਚੋਂ, ਜਿਹੜਾ ਪੁੱਠਾ ਕੰਮ ਕਰਾ ‘ਤਾ ਨਿਆਣੇ ਤੋਂ, ਹੁਣ ਸਾਰਾ ਪਿੰਡ ਹੱਸਣ ਦਿਆ ਓਸ ਗੱਲ ‘ਤੇ।  ਦਿਮਾਗ਼ ‘ਚ ਸਿਰਫ਼ ਤੂੜੀ ਭਰੀ ਹੋਈ ਆ ਤੇਰੇ—ਤੂੜੀ। ‘
‘ਕੀ ਹੋਇਆ, ਕੁਝ ਦੱਸ ਵੀ, ਐਵੇਂ ਅਬਾ-ਤਬਾ ਬੋਲੀ ਜਾਨਾ ਤੂੰ। ‘
—ਤੇ ਜਦੋਂ ਉਹਦੇ ਪਿਓ ਨੇ ਸਾਰੀ ਗੱਲ ਦੱਸੀ ਤਾਂ ਪਹਿਲਾਂ ਤਾਂ ਉਹ ਮੂੰਹ ‘ਚ ਚੁੰਨੀ ਲੈ ਕੇ ਬੜਾ ਹੱਸੀ ਤੇ ਫੇਰ ਉਦਾਸ ਹੋ ਕੇ ਕਹਿੰਦੀ, ‘ਜੇ ਰੱਬ ਮੇਰੀ ਵੀ ਸੁਣ ਲੈਂਦਾ, ਜੇ ਉਹ ਮੈਨੂੰ ਵੀ ਇਕ ਧੀ ਦੇ ਦਿੰਦਾ ਤਾਂ ਮੇਰਾ ਭੋਰਾ ਭਰ ਜਵਾਕ ਓਦਣ ਇੱਦਾਂ ਨਾ ਵਿਲਕਦਾ ਤੇ ਨਾ ਮੈਂ ਉਹਨੂੰ ਏਹ ਸਭ ਕਰਨ ਨੂੰ ਕਹਿੰਦੀ। ‘
ਸਾਂਝੇ ਟੱਬਰ ‘ਚ ਨਿੱਤ ਦਿਹਾੜੀ ਕਲੇਸ਼ ਰਹਿੰਦਾ ਸੀ।  ਇਸੇ ਦੁੱਖੋਂ ਉਹ ਟੱਬਰ ‘ਚੋਂ ਬਾਹਰ ਨਿਕਲੀ ਸੀ।  ਆਪਣਾ ਘਰ ਬਣਾਇਆ।  ਸਾਂਝੇ ਟੱਬਰ ‘ਚ ਜਦੋਂ ਉਹ ਨਵੀਂ-ਨਵੀਂ ਆਈ ਤਾਂ ਸਭ ਠੀਕ-ਠਾਕ ਸੀ ਪਰ ਜਦੋਂ ਉਸਦੇ ਦੂਜੇ ਦਿਓਰ ਵੀ ਵਿਆਹੇ ਗਏ ਤਾਂ ਉਨ੍ਹਾਂ ਦੀਆਂ ਵਹੁਟੀਆਂ ਆਪਣੇ ਸਮਾਨ ਨੂੰ ਹੱਥ ਨਾ ਲਾਉਣ ਦੇਣ।  ਉਹ ਕੰਮ ਕਰਨ ਤੋਂ ਬੈਠੀ ਰਿਹਾ ਕਰੇ। ਸੱਸ ਉਸਦੀ ਜਾਨ ਨੂੰ ਰੋਇਆ ਕਰੇ।  ਹਾਰ ਕੇ ਉਸ ਨੇ ਗੱਲ ਉਹਦੇ ਪਿਓ ਨਾਲ ਕੀਤੀ ਤੇ ਉਹਦੇ ਪਿਓ ਨੇ ਜਵਾਬ ‘ਚ ਸਿਰਫ਼ ਇਹੀ ਕਿਹਾ ਸੀ—
‘ਸਾਂਝੇ ਘਰ ਵਿਚਲੀ ਹਰੇਕ ਚੀਜ਼ ਸਾਂਝੀ ਹੁੰਦੀ ਆ ਪਰ ਉਹ ਆਪਣੀ ਚੀਜ਼ ਨੂੰ ਸਾਂਝੀ ਨਈਂ ਸਮਝਦੀਆਂ।’
ਨਿੱਤ ਦਿਹਾੜੀ ਦੇ ਰੰਡੀ-ਰੋਣੇ ਤੋਂ ਤੰਗ ਆ ਕੇ ਉਹ ਵੱਖ ਹੋ ਗਏ।  ਕੁਝ ਚਿਰ ਬਾਅਦ ਸਭ ਠੀਕ ਹੋ ਗਿਆ। ਦੋਹਾਂ ਘਰਾਂ ‘ਚ ਫਿਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਦਿਓਰਾਂ ਦੇ ਵੀ ਨਿਆਣੇ ਹੋ ਗਏ।  ਇਕ ਦੇ ਇਕ ਮੁੰਡਾ ਤੇ ਦੂਜੇ ਦੇ ਤਿੰਨ ਕੁੜੀਆਂ। ਉਸ ਨੇ ਆਪਣੀ ਦਰਾਣੀ ਨੂੰ ਕਿਹਾ ਕਿ ਇਕ ਧੀ ਮੈਨੂੰ ਦੇ ਦੇ ਪਰ ਉਹ ਨਾ ਮੰਨੀ, ਸਗੋਂ ਉਹਨੇ ਉਹਨੂੰ ਬੁਲਾਉਣਾ ਹੀ ਛੱਡ ਦਿੱਤਾ।
ਉਸ ਦਿਨ ਰੱਖੜੀ ਦਾ ਤਿਉਹਾਰ ਸੀ ਤੇ ਉਹ ਲੇਲੜੀਆਂ ਲੈ ਰਿਹਾ ਸੀ,
‘ਮੰਮੀ, ਮੇਰੇ ਰੱਖੜੀ ਕੌਣ ਬੰਨੂੰ ?’
‘ਮੈਂ ਵੀ ਰੱਖੜੀ ਬਣਾਉਣੀ ਆ। ‘
ਦੁਪਹਿਰ ਤੱਕ ਉਹਨੇ ਉਡੀਕਿਆ ਕਿ ਸ਼ਾਇਦ ਦਿਨ-ਧਿਆਰ ਵਾਲੇ ਦਿਨ ਗੁੱਸੇ-ਗਿਲੇ ਭੁਲਾ ਉਹਦੀ ਦਰਾਣੀ ਆਪਣੀਆਂ ਧੀਆਂ ਨੂੰ ਲੈ ਕੇ ਆਏਗੀ ਰੱਖੜੀ ਬੰਨ੍ਹਣ। ਉਸ ਨੇ ਤਾਂ ਆਪਣੀ ਦਰਾਣੀ ਦੀਆਂ ਧੀਆਂ ਲਈ ਸੋਹਣੇ-ਸੋਹਣੇ ਸੂਟ ਵੀ ਖਰੀਦ ਕੇ ਰੱਖੇ ਹੋਏ ਸਨ ਪਰ ਉਹ ਨਾ ਆਈ। ਉਹ ਵੱਖਰੀ ਉਹਦੀ ਜਾਨ ਖਾ ਰਿਹਾ ਸੀ।  ਹਾਰ ਕੇ ਉਸ ਨੇ ਕਿਹਾ,
‘ਜਾਹ, ਉਹਨੂੰ ਭੈਣ ਬਣਾ ਲਾ ਤੇ ਆਪੇ ਬੰਨ੍ਹ ਲਾ ਆਪਣੇ ਰੱਖੜੀ। ‘
ਉਹਨੂੰ ਇਹ ਗੱਲ ਠੀਕ ਲੱਗੀ, ਉਹ ਚੁੱਪ-ਚਾਪ ਉੱਠਿਆ, ਫੱਟੇ ‘ਤੇ ਵਿਛੀ ਅਖਬਾਰ ਦੇ ਹੇਠੋਂ ਪੈਸੇ ਚੁੱਕੇ ਤੇ ਦੁਕਾਨੋਂ ਰੱਖੜੀ ਖਰੀਦ ਲਿਆਇਆ। ਉਹਨੇ ਰੱਖੜੀ ਆਪਣੀ ਨਵੀਂ ਬਣਾਈ ਭੈਣ ਦੇ ਪੈਰਾਂ ਨਾਲ ਛੁਹਾਈ ਤੇ ਆਪਣੇ ਬੰਨ੍ਹ ਲਈ। ਇੰਨੇ ਨੂੰ ਉਹਦਾ ਪਿਓ ਆ ਗਿਆ ਤੇ ਦੇਖ ਕੇ ਉਹਨੂੰ ਗਾਲ੍ਹਾਂ ਕੱਢਣ ਲੱਗ ਪਿਆ,
‘ਸਾਲੀਏ, ਤੇਰਾ ਵੀ ਦਿਮਾਗ਼ ਖਰਾਬ ਆ, ਤੂੰ ਪੁੱਠੇ ਕੰਮ ਈ ਦੱਸਿਆ ਕਰ ਨਿਆਣਿਆਂ ਨੂੰ। ‘
—‘ਮੰਮੀ—ਮੰਮੀ—ਮੰਮੀ-ਈ-ਈ-ਈ !’
ਉਹ ਤ੍ਰਬਕੀ ਜਿਵੇਂ ਉਸ ਦੇ ਸਾਹਮਣੇ ਕੋਈ ਭਾਣਾ ਵਾਪਰ ਗਿਆ ਹੋਵੇ।  ਉਸ ਨੂੰ ਲੱਗਾ ਜਿਵੇਂ ਉਹਨੂੰ ਪਤਾ ਲੱਗ ਗਿਆ ਤੇ ਹੁਣ ਉਸ ਦੀ ਤੇ ਨਿਆਣਿਆਂ ਦੀ ਖ਼ੈਰ ਨਈਂ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
‘ਮੰਮੀ, ਭਾਬੀ ਨੂੰ ਕਹਿ ਥੋੜ੍ਹੀ ਜਿਹੀ ਚਾਹ ਈ ਬਣਾ ਲਵੇ। ‘ ਮਸ਼ੂਰੀਆਂ ਬਾਦਸਤੂਰ ਜਾਰੀ ਸਨ।
ਉਸੇ ਕਮਰੇ ‘ਚੋਂ ਹੀ ਰੋਟੀਆਂ ਪਕਾਉਂਦੀ ਆਪਣੀ ਨੂੰਹ ਨੂੰ ਚਾਹ ਬਣਾਉਣ ਲਈ ਕਿਹਾ। ਨਿਆਣੇ ਅਜੇ ਵੀ ਸਹਿਮੇ ਬੈਠੇ ਸਨ। ਅਚਾਨਕ ਮਾਂ ਮੁਸਕਰਾਉਣ ਲੱਗ ਪਈ। ਉਸ ਨੂੰ ਉਹਦੇ ਪਿਓ ਦੀ ਦੱਸੀ ਗੱਲ ਯਾਦ ਆ ਗਈ ਸੀ,
‘—ਚੋ—ਸਾਲੀਏ, ਜਿਹੜਾ ਪੁੱਠਾ ਕੰਮ ਕਰਾ ‘ਤਾ ਨਿਆਣੇ ਕੋਲੋਂ, ਹੁਣ ਸਾਰਾ ਪਿੰਡ ਹੱਸਣ ਦਿਆ ਓਸ ਗੱਲ ‘ਤੇ।’
‘ਕੀ ਹੋਇਆ, ਕੁਝ ਦੱਸ ਵੀ, ਐਵੇਂ ਅਬਾ-ਤਬਾ ਬੋਲੀ ਜਾਨਾ ਤੂੰ। ‘
‘ਅਸੀਂ ਚੱਲੇ ਸੀ ਲੈ ਕੇ ਤੇਰੀ ਕੁਛ ਲੱਗਦੀ ਨੂੰ, ਨਵੇਂ ਦੁੱਧ ਕਰਾਉਣ।  ਲੋਕੀਂ ਇਹ ਕਹਿ-ਕਹਿ ਕੇ ਹੱਸਣ ਬਈ ਆਪਣੀ ਧੀ ਲਵਾਉਣ ਚੱਲਿਆ, ਆਪਣੇ ਪੁੱਤਾਂ ਨੂੰ ਨਾਲ ਲੈ ਕੇ। ‘
ਮਾਂ ਨੂੰ ਇੰਝ ਮੁਸਕਰਾਉਂਦਿਆਂ ਦੇਖ ਉਹਨੇ ਪੁੱਛਿਆ, ‘ਕੀ ਹੋਇਆ ਮੰਮੀ, ਹੱਸੀ ਕਿਉਂ ਜਾਨੀ ਏ?’
‘ਕੁਛ ਨਈਂ। ‘ ਮਾਂ ਨੇ ਜਵਾਬ ‘ਚ ਸਿਰਫ਼ ਇੰਨਾ ਹੀ ਕਿਹਾ।
ਮਸ਼ੂਰੀਆਂ ਖਤਮ ਹੋਈਆਂ। ਖ਼ਬਰਾਂ ਚੱਲ ਪਈਆਂ।  ਸੁਪਰ ਫਾਸਟ ਖ਼ਬਰਾਂ ਸਨ—
1—‘ਉੱਤਰ ਪ੍ਰਦੇਸ਼ ਮੇਂ ਗਊ ਰੱਖਿਅਕੋ ਕਾ ਆਤੰਕ’—2—‘ਦਬੰਗਈਓਂ ਨੇ ਏਕ ਵਿਅਕਤੀ ਕੋ ਪੀਟ-ਪੀਟ ਕਰ ਮਾਰ ਡਾਲਾ। ‘—3—4—5—6—7—8—9—‘ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਮੇਂ ਘਟਿਤ ਇਸ ਦਰਦਨਾਕ ਘਟਨਾ ਕੀ ਨਿੰਦਾ ਕੀ। ‘ 10—11—12—13—14—15——16—17—‘ਪ੍ਰਧਾਨ ਮੰਤਰੀ ਨੇ ਕਹਾ ਕਿ ਗਊ ਰੱਖਿਆ ਕੇ ਨਾਮ ਪਰ ਹਿੰਸਾ ਬਰਦਾਸ਼ਤ ਨਹੀਂ। ‘—18—19—ਅਮਕੀ ਪਰਿਸ਼ਦ ਕੇ ਬੁਲਾਰੇ ਨੇ ਕਹਾ ਕਿ ਗਊ ਰੱਖਿਅਕ ਸੱਚੇ ਦੇਸ਼ ਭਗਤ। ‘—20—21—22—ਹੋਰ—ਹੋਰ—ਹੋਰ—ਤੇ ਫਿਰ ਹੋਰ—
ਖ਼ਬਰਾਂ ਸੁਣ ਕੇ ਉਹਦਾ ਮਨ ਉਦਾਸ ਹੋ ਗਿਆ।  ਇੰਨੇ ਨੂੰ ਉਹਦੀ ਭਰਜਾਈ ਉਹਨੂੰ ਚਾਹ ਫੜਾ ਗਈ।  ਉਹਨੇ ਚਾਹ ਫੜੀ ਤੇ ਮਾਂ ਵੱਲ ਦੇਖਿਆ।  ਮਾਂ ਤੇ ਨਿਆਣੇ ਗੁੰਮ-ਸੁੰਮ ਬੈਠੇ ਸਨ।
‘ਇਨ੍ਹਾਂ ਨੂੰ ਕੀ ਹੋਇਆ?’ ਉਹਨੇ ਪੁੱਛਿਆ।
ਮਾਂ ਨੇ ਬਿਨਾਂ ਕੁਝ ਕਹੇ ਪਾਟੀ ਹੋਈ ਫੋਟੋ ਗੋਡੇ ਹੇਠੋਂ ਕੱਢ ਉਹਦੇ ਮੂਹਰੇ ਕਰ ਦਿੱਤੀ ਤੇ ਕਹਿਣ ਲੱਗੀ,
‘ਮਾਰੀ ਨਾ—ਮਾਰੀ ਨਾ—ਮਾਰੀ ਨਾ—‘
ਉਹਨੇ ਫੋਟੋ ਦੇਖੀ।  ਉਹਦੀ ਤੇ ਗਾਂ ਦੀ ਫੋਟੋ ਸੀ।  ਸੋਮਾ ਸੀ ਨਾਮ ਉਹਦਾ।  ਸੋਮਵਾਰ ਲਿਆਂਦੀ ਸੀ ਨਾ ਤਾਂ ਕਰਕੇ।  ਪੂਰੀ ਲਾਲ।  ਮੱਥੇ ‘ਤੇ ਚਿੱਟਾ ਚਟਾਕ।  ‘ਧਿਆਰੇ ‘ਤੇ ਲੈ ਕੇ ਆਇਆ ਸੀ ਉਹਦਾ ਬਾਪ ਸੋਮਾ ਨੂੰ।  ਜਦੋਂ ‘ਧਿਆਰਾ ਪੁਆਇਆ ਗਿਆ ਤਾਂ ‘ਸਰਦਾਰ’ ਨੇ ਪਲੀ ਹੋਈ ਤੇ ਸੂਣ ਵਾਲੀ ਗਾਂ ਦੇਖ ਕੇ ‘ਧਿਆਰੇ ਦੇ ਪੈਸੇ ਉਹਦੇ ਪਿਓ ਦੇ ਵਿੱਤੋਂ ਬਾਹਰੋਂ ਦੱਸ ਦਿੱਤੇ।  ਅਸਲ ਵਿਚ ‘ਧਿਆਰੇ ਦੀ ਬੋਲੀ ਲਾਉਣ ਵਾਲਾ ‘ਸਰਦਾਰ’ ਆਪਣੇ ਜਾਣੂ ਬੰਦੇ ਨੂੰ ਪਹਿਲਾਂ ਹੀ ਸਮਝਾ ਕੇ ਲਿਆਇਆ ਸੀ। ਉਸ ਦੇ ਪਿਓ ਦੀ ਇੰਨੀ ਪੁੱਜਤ ਨਹੀਂ ਸੀ ਕਿ ‘ਧਿਆਰਾ ‘ਤਾਰ ਸਕਦਾ ਪਰ ਪੁੱਤ ਦੀ ਇੱਛਾ ਅੱਗੇ ਉਹਨੇ ਹਥਿਆਰ ਸੁੱਟ ਦਿੱਤੇ ਸੀ।  ਉਹਦੇ ਜ਼ਿੱਦ ਕਰਨ ‘ਤੇ ਬਾਪ ਨੇ ਦਸ ਰੁਪਏ ਸੈਂਕੜਾ ਵਿਆਜ ‘ਤੇ ਪੈਸੇ ਫੜ ਕੇ ਗਾਂ ਦਾ ‘ਧਿਆਰਾ ਤਾਰਿਆ ਤੇ ਗਾਂ ਰੱਖ ਲਈ ਸੀ।  ਜਦੋਂ ਸੋਮਾ ਮਰੀ ਸੀ ਤਾਂ ਬਹੁਤ ਰੋਇਆ ਸੀ ਉਹ।  ਕਿੰਨਾ ਚਿਰ ਉਹ ਪਾਟੀ ਹੋਈ ਫੋਟੋ ਨੂੰ ਨਿਹਾਰਦਾ ਰਿਹਾ।  ਉਹਦੇ ਕੰਨਾਂ ‘ਚ ਆਵਾਜ਼ ਪਈ—
‘ਯੇ ਵੀਡਿਓ ਕੇਵਲ ਹਮਾਰਾ ਚੈਨਲ ਹੀ ਸਬਸੇ ਪਹਿਲੇ ਆਪ ਕੋ ਦਿਖਾ ਰਹਾ ਹੈ, ਜਿਸ ਮੇਂ ਆਪ ਦੇਖ ਸਕਤੇ ਹੈ ਕਿ ਕੈਸੇ ਗਊ ਰੱਖਿਅਕੋਂ ਨੇ ਪਹਿਲੇ ਉਸ ਵਿਅਕਤੀ ਕੇ ਕੱਪੜੇ ਪਾੜੇ ਔਰ ਫਿਰ ਉਸੇ ਨੰਗਾ ਕਰ ਲਾਤੋਂ ਔਰ ਗੂਸੋ ਸੇ ਬੁਰੀ ਤਰਹ ਸੇ ਪੀਟ-ਪੀਟ ਕਰ ਮਾਰ ਡਾਲਾ।  ਉਸਕਾ ਕਸੂਰ ਯਹੀ ਥਾ ਕਿ ਵਹ ਅਪਨੀ ਗਾਏ ਕੋ ਹਸਪਤਾਲ ਲੇਕਰ ਜਾ ਰਹਾ ਥਾ—ਯੇ ਵੀਡਿਓ—ਇਸ ਵੀਡਿਓ—‘
ਉਹਨੇ ਚੈਨਲ ਬਦਲਿਆ।  ਦੂਜੇ ਚੈਨਲ ‘ਤੇ ਬੁਲਾਰਾ ਬੋਲ ਰਿਹਾ ਸੀ, ‘ਦੇਖੀਏ ਹਮਾਰੇ ਏਜੰਡੇ ਮੇਂ ਦੋ ਬਾਤੇਂ ਹੈ—ਏਕ ਤੋਂ ਰਾਮ ਮੰਦਰ ਬਨਵਾਨਾ, ਜੋ ਕੇ ਹਮ ਬਨਾ ਕੇ ਰਹੇਗੇਂ, ਔਰ ਦੂਸਰੀ ਜੋ ਬਾਤ ਹੈ ਵੋ ਹੈ ਗਾਏ ਮਾਤਾ ਕੋ ‘ਰਾਸ਼ਟਰੀ ਮਾਤਾ’ ਕਾ ਦਰਜਾ ਦਿਲਾਨਾ।  ਹਮਾਰੇ ਪੂਰਵਜ ਸਦੀਓਂ ਸੇ ਗਾਏ ਮਾਤਾ ਕੀ ਰੱਕਸ਼ਾ ਕਰਤੇ ਆਏਂ ਹੈ।  ਔਰ ਆਜ ਮੈਂ ਆਪਕੇ ਚੈਨਲ ਕੇ ਮਾਧਿਅਮ ਸੇ ਪੂਰੇ ਦੇਸ਼ ਕੇ ਯੋ ਬਤਾ ਦੇਨਾ ਚਾਹਤਾ ਹੂੰ ਕਿ ਜੋ ਭੀ ਕੋਈ ਗਾਏ ਮਾਤਾ ਕੋ ‘ਰਾਸ਼ਟਰ ਮਾਤਾ’ ਨਹੀਂ ਮਾਨੇਗਾ—ਬੁਲਾਰਾ ਬੋਲੀ ਜਾ ਰਿਹਾ ਸੀ—
ਉਹਨੇ ਮਾਂ ਵੱਲ ਦੇਖਿਆ। —‘ਵੋ ਦੇਸ਼ ਧ੍ਰੋਹੀ ਹੈ। ‘—ਨਿਆਣੇ ਅਜੇ ਵੀ ਸਹਿਮੇ ਬੈਠੇ ਸਨ। —‘ਉਸੇ ਇਸ ਦੇਸ਼ ਮੇਂ ਰਹਨੇ ਕਾ ਕੋਈ ਅਧਿਕਾਰ ਨਹੀਂ ਹੈ। ‘—ਮਾਂ ਇਸ ਇੰਤਜ਼ਾਰ ਵਿਚ ਸੀ ਕਿ ਹੁਣ ਕੀ ਹੋਣ ਵਾਲਾ ਹੈ। —‘ਵੋ ਪਾਕਿਸਤਾਨ ਚਲਾ ਜਾਏ। ‘—ਬੁਲਾਰਾ ਬੋਲੀ ਜਾ ਰਿਹਾ ਸੀ।
ਉਹਨੇ ਦੋ ਟੁਕੜੇ ਹੋਈ ਆਪਣੀ ਤੇ ਆਪਣੀ ਭੈਣ ਦੀ ਫੋਟੋ ਦੇ ਚਾਰ ਟੁਕੜੇ ਕੀਤੇ ਤੇ ਆਪਣੀ ਭਤੀਜੀ ਨੂੰ ‘ਪੁੱਤ, ਆਹ ਲੈ, ਕੂੜੇ ਵਾਲੀ ਬਾਲਟੀ ‘ਚ ਸੁੱਟ ਆ ਜਾ ਕੇ’ ਆਖ ਕੇ ਟੀ.ਵੀ. ਬੰਦ ਕਰ ਦਿੱਤਾ।