ਪੰਜਾਬੀ ਕਵੀ ਵਾਰਤਕ ਲੇਖਕ ਅਤੇ ਚਿੱਤਰਕਾਰ ਜਸਵੰਤ ਜ਼ਫ਼ਰ

ਪ੍ਰਸ਼ਨਾਂ ਦੇ ਦਰਪਣ ਅਤੇ ਉਤਰਾਂ ‘ਚ ਜੀਵਨ ਦਰਸ਼ਨ

ਪੰਜਾਬੀ ਕਵੀ ਵਾਰਤਕ ਲੇਖਕ ਅਤੇ ਚਿੱਤਰਕਾਰ ਜਸਵੰਤ ਜ਼ਫ਼ਰ

ਮੁਲਾਕਾਤ : ਸੋਨੀਆ ਮਨਜਿੰਦਰ

‘ਪੰਜਾਬੀ ਨਕਸ਼’ ਵੱਲੋਂ ਆਪਣੇ ਕਾਲਮ ‘ਪ੍ਰਸ਼ਨਾਂ ਦੇ ਦਰਪਣ ਅਤੇ ਉਤਰਾਂ ‘ਚ ਜੀਵਨ ਦਰਸ਼ਨ’ ਰਾਹੀਂ ਹਰ ਵਾਰ ਕਿਸੇ ਖ਼ਾਸ ਸ਼ਖ਼ਸੀਅਤ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਂਦਾ ਹੈ ਤੇ ਇਸੇ ਲੜੀ ਤਹਿਤ ਅੱਜ ਅਸੀਂ ਜਿਸ ਸ਼ਖ਼ਸੀਅਤ ਦੇ ਜੀਵਨ ਬਾਰੇ ਜਾਨਣ ਜਾ ਰਹੇ ਉਹ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ, ਬਲਕਿ ਪੰਜਾਬੀ ਸਾਹਿਤ ਜਗਤ ਦੇ ਅੰਬਰ ਦਾ ਧਰੂ ਤਾਰਾ ਹਨ। ਜਸਵੰਤ ਜ਼ਫ਼ਰ ਜੀ ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਵੀ ਹਨ। ਜਸਵੰਤ ਜ਼ਫ਼ਰ ਜੀ ਬਹੁਤ ਬਾਰੀਕ ਅਵਲੋਕਣ ਵਾਲੇ ਦਾਨਸ਼ਵਰ ਹਨ। ਉਹ ਕਵਿਤਾ ਇਉਂ ਲਿਖਦੇ ਹਨ, ਜਿਉਂ ਕੋਈ ਮਹਿੰਗੀ ਵਸਤੂ ਨੂੰ ਤੋਲ ਰਹੇ ਹੋਣ। ਬਾਦੀ ਨਹੀਂ ਖੋਜੀ ਹੋਣਾ ਉਨ੍ਹਾਂ ਦਾ ਆਦਰਸ਼ ਹੈ। ਜਸਵੰਤ ਜ਼ਫ਼ਰ ਦਾ ਜਨਮ ਪਿੰਡ ਸੰਘੇ ਖਾਲਸਾ (ਨੂਰਮਹਿਲ) ਵਿਖੇ 1965 ਵਿੱਚ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿਖੇ ਗੁਜ਼ਰਿਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ ਵਿਚ ਦਾਖ਼ਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਲਾ ਨਾਲ ਜੁੜੇ ਵਿੱਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰ ਲਈ ਪਰ ਪੜ੍ਹਾਈ-ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟੇ ਰਹੇ। ਉਨ੍ਹਾਂ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ ਅਤੇ ਅਜੋਕੇ ਸਮੇਂ ਦੀ ਵੱਧ ਰਹੀ ਜ਼ਰੂਰਤ ਦੇ ਮੱਦੇਨਜ਼ਰ ਉਨ੍ਹਾਂ ਲੁਧਿਆਣਾ ਵਿਖੇ ਇਕੋ ਵਾਰ ‘ਚ ਕਰੀਬ ਇੱਕ ਲੱਖ ਬੂਟੇ ਲਗਵਾਏ ਜੋ ਕਿ ਇੱਕ ਤਰ੍ਹਾਂ ਦਾ ਰਿਕਾਰਡ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੇ ਲੁਧਿਆਣਾ ‘ਚ ਵਗਦੇ ਗੰਦੇ ਨਾਲੇ ਦੀ ਸਫਾਈ ਦਾ ਬੀੜਾ ਚੁੱਕਿਆ, ਜਿਸ ਦੌਰਾਨ ਉਨ੍ਹਾਂ ਇੱਕ ਨਾਟਕ ‘ਬੁੱਢਾ ਦਰਿਆ’ ਦੀ ਰਚਨਾ ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ‘ਦੋ ਸਾਹਾਂ ਵਿਚਕਾਰ (ਕਾਵਿ ਸੰਗ੍ਰਹਿ) 1993’, ‘ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ ਸੰਗ੍ਰਹਿ) 2001’, ‘ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) 2008’, ‘ਇਹ ਬੰਦਾ ਕੀ ਹੁੰਦਾ (ਕਾਵਿ ਸੰਗ੍ਰਹਿ) 2010’, ‘ਮੈਨੂੰ ਇਓਂ ਲੱਗਿਆ 2015’ ਅਤੇ ‘ਨਾਨਕ ਏਵੈ ਜਾਣੀਐ’ ਨੂੰ ਪਾਠਕਾਂ ਨੇ ਬੇਹੱਦ ਪਸੰਦ ਕੀਤਾ। ਸੋ, ਆਓ ਪੰਜਾਬੀ ਦੇ ਇਸ ਮਹਾਨ ਕਵੀ ਬਾਰੇ ਉਨ੍ਹਾਂ ਦੇ ਉੱਤਰਾਂ ਦੇ ਰਾਹੀਂ ਉਨ੍ਹਾਂ ਦੇ ਜੀਵਨ ਦੇ ਦਰਸ਼ਨ ਕਰਦੇ ਹਾਂ—

ਸੋਨੀਆ : ਆਪਣੇ ਜਨਮ, ਬਚਪਨ ਤੇ ਵਿੱਦਿਆ ਬਾਰੇ ਦੱਸੋ। ਇਸ ਦੌਰਾਨ ਵਾਪਰੀਆਂ ਵਿਸ਼ੇਸ਼ ਘਟਨਾਵਾਂ ਜਿਨ੍ਹਾਂ ਦਾ ਵਿਸ਼ੇਸ਼ ਪ੍ਰਭਾਵ ਰਿਹਾ ਹੋਵੇ।

ਜਸਵੰਤ ਜ਼ਫ਼ਰ :— ਮੇਰਾ ਜਨਮ ਆਪਣੇ ਨਾਨਕੇ ਪਿੰਡ ਸੰਘੇ ਖਾਲਸਾ (ਨੇੜੇ ਨੂਰਮਹਿਲ) ‘ਚ 17 ਦਸੰਬਰ, 1965 ਨੂੰ ਹੋਇਆ। ਬਚਪਨ ਮੁੱਖ ਤੌਰ ‘ਤੇ ਆਪਣੇ ਦਾਦਕੇ ਪਿੰਡ ਮਹਿਸਮਪੁਰ (ਨੇੜੇ ਫਿਲੌਰ) ਵਿਖੇ ਬੀਤਿਆ। ਪਰ 1974-75 ਦੇ ਦੋ ਸਾਲ ਪਿੰਡ ਕਲਿਆਣਪੁਰ (ਨੇੜੇ ਲਾਂਬੜਾ) ‘ਚ ਰਿਹਾ। ਇੰਜ ਪਹਿਲੀਆਂ ਤਿੰਨ ਜਮਾਤਾਂ ਮਹਿਸਮਪੁਰ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਿਆ ਅਤੇ ਚੌਥੀ ਪੰਜਵੀਂ ਕਲਿਆਣਪੁਰ ਦੇ ਪ੍ਰਇਮਰੀ ਸਕੂਲ ਤੋਂ ਕੀਤੀ। ਛੇਵੀਂ ਸੱਤਵੀਂ ਮੁੜ ਆਪਣੇ ਪਿੰਡ ਮਹਿਸਮਪੁਰ ਦੇ ਸਰਕਾਰੀ ਮਿਡਲ ਸਕੂਲ ਤੋਂ ਕੀਤੀ। ਅੱਠਵੀਂ ਅਤੇ ਨੌਵੀਂ ਗੁਆਂਢੀ ਪਿੰਡਾਂ ਬੀੜ ਬੰਸੀਆਂ, ਜੱਜਾ, ਢੀਂਡਸਾ ਦੇ ਸਾਂਝੇ ਸਰਕਾਰੀ ਹਾਈ ਸਕੂਲਾਂ ਤੋਂ ਪਾਸ ਕੀਤੀਆਂ।ਨਿੱਕੇ ਹੁੰਦੇ ਸੀ ਤਾਂ ਪਿਤਾ ਜੀ ਦੀਆਂ ਇਤਿਹਾਸਕ ਪ੍ਰਸੰਗਾਂ ਨਾਲ ਸੰਬੰਧਿਤ ਛੰਦ-ਬੱਧ ਕਵਿਤਾਵਾਂ ਦੀਆਂ ਕਿਤਾਬਾਂ ਅਕਸਰ ਹੇਕਾਂ ਲਾ ਕੇ ਪੜ੍ਹਨ ਦਾ ਮੌਕਾ ਮਿਲਦਾ। ਇਨ੍ਹਾਂ ਵਿਚ ਗਿਆਨੀ ਸੋਹਣ ਸਿੰਘ ਸੀਤਲ ਤੇ ਗਿਆਨੀ ਦਇਆ ਸਿੰਘ ਦਿਲਬਰ ਦੇ ਢਾਡੀ ਪ੍ਰਸੰਗ ਅਤੇ ਜੋਗਾ ਸਿੰਘ ਯੋਗੀ ਦੇ ਕਵੀਸ਼ਰੀ ਪ੍ਰਸੰਗ ਸ਼ਾਮਿਲ ਸਨ। ਹੀਰ ਵਾਰਸ ਸ਼ਾਹ ਦਾ ਇਕ ਪੂਰਾ ਪਾਠ ਵੀ ਇੰਜ ਹੋਇਆ। ਧਾਰਮਿਕ ਮੇਲਿਆਂ ‘ਤੇ ਢਾਡੀ ਕਵੀਸ਼ਰ ਖੂਬ ਸੁਣੇ। ਰੂਪੋਵਾਲ ਦੀ ਛਿੰਜ ‘ਤੇ ਤੂੰਬਿਆਂ ਅਲਗੋਜ਼ਿਆਂ ਵਾਲਿਆਂ ਨੂੰ ‘ਕੱਠ ‘ਚ ਗੇੜਾ ਬੰਨ੍ਹ ਕੇ ਗਾਉਂਦੇ ਦੇਖਿਆ ਸੁਣਿਆ। ਲਿਹਾਜ਼ਾ ਕਾਲਜ ਪੜ੍ਹਦੇ ਸਮੇਂ ਆਪਣੀਆਂ ਕੱਚੀਆਂ ਪੱਕੀਆਂ ਗ਼ਜ਼ਲਨੁਮਾ ਰਚਨਾਵਾਂ ਸੁਰਜੀਤ ਪਾਤਰ ਜੀ ਨੂੰ ਦਿਖਾਈਆਂ ਤਾਂ ਉਨ੍ਹਾਂ ਦੱਸਿਆ ਇਨ੍ਹਾਂ ਵਿਚੋਂ ਬਹੁਤੀਆਂ ਬੈਂਤ ਛੰਦ ਵਿਚ ਤੇ ਕੁਝ ਕਲੀ ਛੰਦ ਵਿਚ ਸਨ। ਹੁਣ ਤੱਕ ਮੇਰੀਆਂ ਕਵਿਤਾ ਦੀਆਂ ਚਾਰ ਕਿਤਾਬਾਂ ਛਪੀਆਂ ਹਨ, ਹਰੇਕ ਵਿਚ ਕੁਝ ਨਾ ਕੁਝ ਪ੍ਰਗੀਤ ਰਚਨਾਵਾਂ ਹਨ, ਹਾਲਾਂ ਕਿ ਮੈਨੂੰ ਬਹਿਰ, ਵਜ਼ਨ, ਛੰਦ ਵਿਧਾਨ ਦੀ ਬਹੁਤੀ ਜਾਣਕਾਰੀ ਨਹੀਂ। 1980 ਵਿਚ ਪਿੰਡ ਗਹਿਲੇਵਾਲ (ਨੇੜੇ ਕੂਮ ਕਲਾਂ) ਆ ਗਏ ਅਤੇ ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਪਾਸ ਕੀਤੀ।ਏਨੇ ਸਕੂਲ ਬਦਲੀ ਕਰਨ ਕਰਕੇ ਓਪਰੇ ਲੋਕਾਂ ਨਾਲ ਸੌਖਿਆਂ ਸਬੰਧ ਬਣਾਉਣ ਦੀ ਯੋਗਤਾ ਵਿਕਸਿਤ ਹੋਈ।
ਅਗਲੀ ਪੜ੍ਹਾਈ ਲਈ ਲੁਧਿਆਣੇ ਦੇ ਸਰਕਾਰੀ ਕਾਲਜ ਵਿਚ ਦਾਖ਼ਲ ਹੋਇਆ। ਇਥੇ ਹੋਸਟਲ ਵਿਚ ਰਹਿ ਕੇ ਇਕ ਸਾਲ ਵਿਚ ਪ੍ਰੈਪ ਨਾਨ ਮੈਡੀਕਲ ਕੀਤੀ ਅਤੇ ਦੋ ਸਾਲਾਂ ਵਿਚ ਪ੍ਰੀ-ਇੰਜੀਨੀਅਰਿੰਗ ਪਾਸ ਕੀਤੀ। ਇਕ ਸਾਲ ਪੜ੍ਹਾਈ ਬੰਦ ਰਹੀ। 1985 ਤੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ 1989 ਵਿਚ ਇਸ ਦਾ ਡਿਗਰੀ ਕੋਰਸ ਪੂਰਾ ਹੋਇਆ। ਆਪਣੇ ਵਿਦਿਆਰਥੀ ਕਾਲ ਦਾ ਪੂਰਾ ਵੇਰਵਾ ਮੈਂ ‘ਮੇਰੀ ਪੜ੍ਹਾਈ’ ਨਾਂ ਦੇ ਲੇਖ ਵਿਚ ਦਰਜ ਕੀਤਾ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਸਾਲ ਦੀ ਲਾਜ਼ਮੀ ਪੰਜਾਬੀ ਦੇ ਪਾਠਕ੍ਰਮ ਵਿਚ ਕਈ ਸਾਲਾਂ ਤੋਂ ਲੱਗਾ ਹੋਇਆ ਹੈ। ਇਸ ਨੂੰ ਮੈਂ ਆ

ਪਣੀ ਵਾਰਤਕ ਪੁਸਤਕ ‘ਮੈਨੂੰ ਇਓਂ ਲੱਗਿਆ’ ਵਿਚ ਵੀ ਸ਼ਾਮਿਲ ਕੀਤਾ ਹੈ। ਪਿੰਡਾਂ ਦੇ ਪੰਜ ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਅਮ ਵਿਚ ਪੜ੍ਹਿਆ ਸ਼ਹਿਰ ਦੇ ਕਾਲਜ ਤੋਂ ਹੋਸਟਲ ਵਿਚ ਰਹਿ ਕੇ ਅੰਗਰੇਜ਼ੀ ਮਾਧਿਅਮ ਵਿਚ ਸਾਇੰਸ ਪੜ੍ਹਨ ਆਇਆ ਬੱਚਾ ਪੂਰੀ ਤਰ੍ਹਾਂ ਰੁਲ਼-ਖੁਲ਼ ਗਿਆ ਸੀ। ਪ੍ਰੰਤੂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਤੇ ਇਸ ਦਾ ਮਾਹੌਲ ਮੈਨੂੰ ਬਹੁਤ ਰਾਸ ਆਇਆ। ਇਥੇ 70% ਬੱਚੇ ਮੇਰੇ ਵਾਂਗ ਪਿੰਡਾਂ ਵਾਲੇ ਸਨ। ਬਹੁਤੇ ਅਧਿਆਪਕ ਵੀ ਪੇਂਡੂ ਪਿਛੋਕੜ ਵਾਲੇ ਸਨ। ਮਨੋਬਲ ਵਧਣ ਕਰਕੇ ਪੜ੍ਹਾਈ ਦੇ ਨਾਲ-ਨਾਲ ਕਾਲਜ ਦੀ ਤਕਰੀਬਨ ਹਰੇਕ ਸਰਗਰਮੀ ਵਿਚ ਭਾਗ ਲਿਆ, ਬਹੁਤ ਕੁਝ ਜਨੂੰਨ ਨਾਲ ਸਿੱਖਿਆ। ਅਥਲੈਟਿਕਸ ਵਿਚ ਹਿੱਸਾ ਲਿਆ, ਨਾਟਕ ਖੇਡੇ ਅਤੇ ਖਿਡਾਏ, ਕਾਲਜ ਦੀ ਵਾਲੀਬਾਲ ਟੀਮ ਦਾ ਕਪਤਾਨ ਬਣਿਆਂ, ਕਲਚਰਲ ਕਮੇਟੀ ਦਾ ਸਕੱਤਰ ਬਣਿਆਂ, ਕਵਿਤਾ ਲਿਖਣ ਲੱਗਾ, ਕਾਲਜ ਮੈਗਜ਼ੀਨ ਦਾ ਸੰਪਾਦਕ ਰਿਹਾ, ਅੰਤਰ ਕਾਲਜ ਮੁਕਾਬਲਿਆਂ ਵਿਚ ਬਹੁਤ ਸਾਰੇ ਇਨਾਮ ਜਿੱਤੇ, ਮੰਚ ਸੰਚਾਲਨ ਵਿਚ ਮੁਹਾਰਤ ਹਾਸਲ ਕੀਤੀ, ਦੋ ਕੁ ਟੀ.ਵੀ. ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਤਿੰਨ ਕਾਲਜ ਕਲਰ ਅਤੇ ਦੋ ਯੂਨੀਵਰਸਿਟੀ ਕਲਰ ਮਿਲੇ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਪ੍ਰੋ. ਕੰਵਲਜੀਤ ਸਿੰਘ ਦੀ ਸੰਗਤ  ਅਤੇ ਨੇੜਤਾ ਦਾ ਚੰਗਾ ਪ੍ਰਭਾਵ ਪਿਆ। ਵੱਖ-ਵੱਖ ਕਲਾਵਾਂ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ‘ਸੰਗਮ ਸੰਗਠਨ’ ਨਾਂ ਦੀ ਸਭਾ ਬਣਾਈ, ਜਿਸ ਦੇ ਤਹਿਤ ਸੁਰਜੀਤ ਪਾਤਰ, ਅਜਾਇਬ ਚਿਤਰਕਾਰ, ਗੁਰਭਜਨ ਗਿੱਲ, ਪਵਨਦੀਪ ਖੰਨਾ, ਕੰਵਲਜੀਤ ਨੀਲੋਂ ਅਦਿ ਅਦੀਬਾਂ, ਕਲਾਕਾਰਾਂ ਨਾਲ ਬੈਠਕਾਂ ਆਯੋਜਿਤ ਕੀਤੀਆਂ। ਜਰਨੈਲ ਸਿੰਘ, ਸਵਰਨਜੀਤ ਸਵੀ ਆਦਿ ਚਿਤਰਕਾਰਾਂ ਦੀ ਕਲਾ ਦੀਆਂ ਪ੍ਰਦਰਸ਼ਨੀਆਂ ਲਾਈਆਂ। ਇਨ੍ਹਾਂ ਸਰਗਰਮੀਆਂ ਕਰਕੇ ਕਾਲਜ ਅਤੇ ਮੇਰੇ ਦੋਸਤਾਂ ਨੇ ਮੈਨੂੰ ਵਿਸ਼ੇਸ਼ ਹੋਣ ਦਾ ਅਹਿਸਾਸ ਕਰਾਇਆ।

ਸੋਨੀਆ : ਆਪਣੇ ਕਿੱਤੇ, ਰੁਜ਼ਗਾਰ ਅਤੇ ਗ੍ਰਹਿਸਥ ਜੀਵਨ ਬਾਰੇ ਦੱਸੋ। ਇਸ ਦੌਰਾਨ ਵਾਪਰੀਆਂ ਘਟਨਾਵਾਂ ਜੋ ਵਿਸ਼ੇਸ਼ ਤੌਰ ‘ਤੇ ਅਸਰ ਅੰਦਾਜ਼ ਹੋਈਆਂ ਹੋਣ।
ਜਸਵੰਤ :— ਪੜ੍ਹਾਈ ਵਿਚ ਠੀਕ ਹੋਣ ਕਰਕੇ ਆਖਰੀ ਸਾਲ ਦੀ ਪੜ੍ਹਾਈ ਦੌਰਾਨ ਹੀ ਕਈ ਅਦਾਰਿਆਂ ਵਲੋਂ ਕੈਂਪਸ ਇੰਟਰਵਿਊ ਨਾਲ ਨੌਕਰੀ ਲਈ ਚੁਣਿਆਂ ਗਿਆ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦਾ ਟੈਸਟ ਵੀ ਪਾਸ ਕਰ ਲਿਆ ਅਤੇ ਆਖਰੀ ਸਮੈਸਟਰ ਦਾ ਨਤੀਜਾ ਆਉਣ ਸਾਰ ਇਸ ਵਿਚ ਬਤੌਰ ਇੰਜੀਨੀਅਰ ਨੌਕਰੀ ਸ਼ੁਰੂ ਕਰ ਦਿੱਤੀ। ਛੇ ਮਹੀਨੇ ਦੀ ਪਹਿਲੀ ਟ੍ਰੇਨਿੰਗ ਫਰੱਕਾ ਸੁਪਰ ਥਰਮਲ ਪਾਵਰ ਪਲਾਂਟ (ਬੰਗਾਲ) ਵਿਖੇ ਹੋਈ। ਆਪਣੇ ਬੈਚ ਵਿਚ ਇਥੇ ਮੈਂ ਇਕੱਲਾ ਹੀ ਪੰਜਾਬੀ ਜਾਂ ਸਿੱਖ ਦਿੱਖ ਵਾਲਾ ਪਗੜੀਧਾਰੀ ਬੰਦਾ ਸਾਂ। ਆਪਣੇ ਸਾਥੀਆਂ ਤੋਂ ਮੈਨੂੰ ਉਚੇਚਾ ਪਿਆਰ ਸਤਿਕਾਰ ਮਿਲਿਆ। ਫਿਰ ਸਿੰਗਰੌਲੀ ਵਿਖੇ ਨਿਯੁਕਤੀ ਹੋ ਗਈ। ਡਿਊਟੀ ਸ਼ਿਫਟ ਵਿਚ ਸੀ। ਜੋ ਵੀ ਸ਼ਾਮ ਵਿਹਲੀ ਹੋਣੀ ਤਾਂ ਇਥੋਂ ਦੇ ਬਾਲ ਭਵਨ ਚਲੇ ਜਾਣਾ।ਬੱਚਿਆਂ ਨਾਲ ਰਲ ਕੇ ਪੇਂਟਿੰਗ ਸਕੈਚਿੰਗ ਕਰਨੀ, ਉਨ੍ਹਾਂ ਨੂੰ ਐਕਟਿੰਗ ਸਿਖਾਉਣੀ। ਜਿਹੜੇ ਬੱਚਿਆਂ ਨਾਲ ਦੋਸਤੀ ਹੋਈ ਉਨ੍ਹਾਂ ਦੇ ਮਾਪਿਆਂ ਭਾਵ ਆਪ ਤੋਂ ਸੀਨੀਅਰ ਬਹੁਤ ਸਾਰੇ ਅਫ਼ਸਰਾਂ ਨਾਲ ਮੁਹੱਬਤੀ ਨੇੜਤਾ ਹੋ ਗਈ। ਪਰ ਹੌਲੀ ਹੌਲੀ ਮਨ ‘ਤੇ ਇਹ ਖਿਆਲ ਭਾਰੂ ਹੋਣ ਲੱਗਾ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦਾ ਕੋਈ ਪਲਾਂਟ ਪੰਜਾਬ ਵਿਚ ਤਾਂ ਹੈ ਨਹੀਂ, ਇਸ ਲਈ ਸਾਰੀ ਉਮਰ ਪੰਜਾਬੋਂ ਬਾਹਰ ਹਿੰਦੀ ਅੰਗਰੇਜ਼ੀ ਹੀ ਬੋਲਦਾ ਰਹਾਂਗਾ। ਇਸ ਖਿਆਲ ਨਾਲ ਪੰਜਾਬ ਵਾਪਸੀ ਦਾ ਫ਼ੈਸਲਾ ਕਰ ਲਿਆ ਕਿ ਪੰਜਾਬ ਬਿਜਲੀ ਬੋਰਡ ਨੇ ਜਦ ਵੀ ਪੋਸਟਾਂ ਕੱਢੀਆਂ, ਬੋਰਡ ਦੀ ਨੌਕਰੀ ਕਰ ਲੈਣੀ ਹੈ ਜਦ ਕਿ ਪਹਿਲਾਂ ਮੈਂ ਬਿਜਲੀ ਬੋਰਡ ਦੇ ਕਲਚਰ ਨੂੰ ਜਿੰਨਾ ਕੁ ਜਾਣਦਾ ਸੀ ਤਾਂ ਇਹੀ ਸੋਚਦਾ ਸੀ ਕਿ ਕਿਸੇ ਹਾਲਤ ਵਿਚ ਵੀ ਪੰਜਾਬ ਬਿਜਲੀ ਬੋਰਡ ਵਿਚ ਨੌਕਰੀ ਨਹੀਂ ਕਰਨੀ। ਸਤੰਬਰ 1991 ਵਿਚ ਬਤੌਰ ਐਸ ਡੀ ਓ ਬਿਜਲੀ ਬੋਰਡ ਵਿਚ ਭਰਤੀ ਹੋ ਗਿਆ। ਜਨਵਰੀ 2007 ਵਿਚ ਐਕਸੀਅਨ ਬਣਿਆਂ, ਮਈ 2019 ਵਿਚ ਐਸ ਈ ਜਾਣੀ ਨਿਗਰਾਨ ਇੰਜੀਨੀਅਰ ਬਣਿਆਂ। ਬਿਜਲੀ ਖੇਤਰ ਵਿਚ ਲਗਪਗ 34 ਸਾਲ ਨੌਕਰੀ ਕਰਕੇ 31 ਜਨਵਰੀ, 2023 ਨੂੰ ਬਤੌਰ ਡਿਪਟੀ ਚੀਫ ਇੰਜੀਨੀਅਰ ਨੌਕਰੀ ਮੁਕਤ ਹੋਇਆ। ਨੌਕਰੀ ਦਾ ਅਨੁਭਵ ਬਹੁਤ ਖੁਸ਼ੀਆਂ, ਪ੍ਰੇਸ਼ਾਨੀਆਂ, ਤਸੱਲੀਆਂ, ਤਲਖੀਆਂ ਆਦਿ ਭਾਵ ਹਰ ਤਰ੍ਹਾਂ ਦੇ ਅਹਿਸਾਸਾਂ ਨਾਲ ਭਰਪੂਰ ਰਿਹਾ। ਇੰਜੀਨੀਅਰਜ਼ ਐਸੋਸੀਏਸ਼ਨ ਵਿਚ ਬਤੌਰ ਵਲੰਟੀਅਰ, ਨੁਮਾਇੰਦੇ ਜਾਂ ਅਹੁਦੇਦਾਰ ਕੰਮ ਕਰਨ ਨਾਲ ਬਹੁਤ ਸਕੂਨ ਮਿਲਿਆ।
ਨੈਸ਼ਨਲ ਪਾਵਰ ਕਾਰਪੋਰੇਸ਼ਨ ਵਿਚ ਹੁੰਦਿਆਂ ਜਦ ਪੰਜਾਬ ਪਰਤਣ ਦਾ ਪੱਕਾ ਮਨ ਬਣਾ ਲਿਆ ਤਾਂ ਉਥੇ ਹੁੰਦਿਆਂ ਹੀ ਪੰਜਾਬ ਪਰਤ ਕੇ ਵਿਆਹ ਕਰਾਉਣ ਦਾ ਵੀ ਮਨ ਬਣਾ ਲਿਆ। ਘਰਦਿਆਂ ਦੀ ਚੋਣ ਠੀਕ ਲੱਗੀ। ਸਰਦਾਰਨੀ ਬਲਵੀਰ ਕੌਰ ਕਾਲਜ ਵਿਚ ਲਾਇਬ੍ਰੇਰੀਅਨ ਸਨ। ਕਾਲਜ ਪੜ੍ਹਦਿਆਂ ਕੱਪੜੇ ਲੀੜੇ ਲਈ ਮਿਲੇ ਥੋੜ੍ਹੇ ਬਹੁਤੇ ਪੈਸੇ ਵੀ ਕਿਤਾਬਾਂ ਖਰੀਦਣ ਦੇ ਸ਼ੌਕ ਲਈ ਖਰਚ ਲਈਦੇ ਸਨ। ਘਰਦਿਆਂ ਨੇ ਸੋਚਿਆ ਹੋਣਾ ਕਿ ਚਲੋ ਲਾਇਬ੍ਰੇਰੀਅਨ ਪਤਨੀ ਕਰਕੇ ਇਹ ਖਰਚਾ ਤਾਂ ਬਚੂ। ਬੋਰਡ ਵਿਚ ਭਰਤੀ ਹੋਣ ਮਗਰੋਂ 21 ਨਵੰਬਰ, 1991 ਨੂੰ ਵਿਆਹ ਹੋ ਗਿਆ। ਬੇਟਾ ਵਿਵੇਕ ਸਿੰਘ 25 ਅਗਸਤ, 1992 ਨੂੰ ਅਤੇ ਬੇਟੀ ਕੀਰਤ 21 ਜਨਵਰੀ, 1996 ਨੂੰ ਪੈਦਾ ਹੋਈ। ਵਿਵੇਕ ਸਿੰਘ 12ਵੀਂ ਜਮਾਤ ਤੋਂ ਬਾਅਦ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਇਲੈਕਟਰੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਲੱਗਾ। ਪਰ ਉਹ ਡਿਗਰੀ ਪੂਰੀ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਜੁਲਾਈ 2015 ਵਿਚ ਚੜ੍ਹਾਈ ਕਰ ਗਿਆ। ਬੇਟੀ ਨੇ ਅਮਰੀਕਾ ਦੀ ਵਰਜੀਨੀਆ ਟੈਕ ਯੂਨੀਵਰਸਿਟੀ ਤੋਂ ਆਰਕੀਟੈਕਚਰ ਦੀ ਡਿਗਰੀ ਕੀਤੀ ਅਤੇ ਅੱਜ-ਕੱਲ੍ਹ ਨਿਊਯਾਰਕ ਵਿਚ ਆਰਕੀਟੈਕਟ ਵਜੋਂ ਕੰਮ ਕਰਦੀ ਹੈ।

ਸੋਨੀਆ : ਸਾਹਿਤ ਵਿਚ ਰੁਚੀ ਅਤੇ ਬਕਾਇਦਾ ਕਵਿਤਾ ਲਿਖਣ ਦਾ ਰੁਝਾਨ ਕਿਵੇਂ ਬਣਿਆ? ਸਿਰਜਨ ਕਾਰਜ ਵਿਚ ਕਿਵੇਂ ਅਸਰਗਰ ਹੋਏ? ਵਿਚਾਰਾਂ ਅਤੇ ਸਿਰਜਨਾ ਦੇ ਪੱਧਰ ‘ਤੇ ਕੀ ਕੀ ਉਤਰਾਅ ਚੜ੍ਹਾਅ ਆਏ? ਕਿਸ ਤਰ੍ਹਾਂ ਦੇ ਵਿਚਾਰ ਅਤੇ ਵਿਸ਼ੇ ਭਾਰੂ ਰਹੇ?
ਜ਼ਫ਼ਰ :— 1981 ਵਿਚ ਜਦ ਮੇਰੀ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਉਸ ਸਮੇਂ ਪੰਜਾਬ ਵਿਚ ਮਾਰ ਮਰਾਈ ਦੇ ਅੱਤਵਾਦੀ ਦੌਰ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ। ਲੁਧਿਆਣੇ ਦੇ ਪੰਜਾਬੀ ਭਵਨ ਵਿਚ ਲਗਦਾ ਪ੍ਰੋ. ਮੋਹਨ ਸਿੰਘ ਦਾ ਸਾਲਾਨਾ ਮੇਲਾ ਦੇਖਣਾ ਚੰਗਾ ਲਗਦਾ ਸੀ, ਖਾਸਕਰ ਇਸ ਦਾ ਕਵੀ ਦਰਬਾਰ। ਜਿਵੇਂ ਜਿਵੇਂ ਅੱਤਵਾਦ ਵਧਿਆ ਤਿਓਂ-ਤਿਓਂ ਇਸ ਮੇਲੇ ਵਿਚ ਅੱਤਵਾਦ ਵਿਰੋਧੀ ਕਵਿਤਾਵਾਂ ਵਧਣ ਲੱਗੀਆਂ। 1984 ਵਾਲਾ ਮਸ਼ਹੂਰ ਸਾਲ ਮੇਰੀ ਕਾਲਜ ਦੀ ਪੜ੍ਹਾਈ ਦੇ ਸਾਲਾਂ ਦੇ ਵਿਚਕਾਰ ਆਇਆ। ਜਦ ਇੰਜੀਨੀਅਰਿੰਗ ਕਾਲਜ ਦਾਖ਼ਲ ਹੋਇਆ ਤਦ ਤੱਕ ਸਾਕਾ ਨੀਲਾ ਤਾਰਾ ਵਾਪਰ ਚੁੱਕਾ ਸੀ। ਦਿੱਲੀ ਵਿਚ ਸਰਕਾਰੀ ਸਰਪ੍ਰਸਤੀ ਹੇਠ ਕਤਲੇਆਮ ਹੋ ਚੁੱਕਾ ਸੀ। ਪੰਜਾਬ ਵਿਚ ਦਹਿਸ਼ਤ ਅਤੇ ਖ਼ੂਨ ਖਰਾਬੇ ਦਾ ਦੌਰ ਪੂਰੇ ਜ਼ੋਰਾਂ ‘ਤੇ ਸੀ। ਇਨ੍ਹਾਂ ਸਾਲਾਂ ਵਿਚ ਸ਼ਾਇਦ ਹੀ ਕੋਈ ਪੰਜਾਬੀ ਬਚਿਆ ਹੋਵੇ, ਜਿਸ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਜਾਂ ਦੋਸਤ ਜਾਂ ਗਰਾਈਂ ਜਾਂ ਜਾਣਕਾਰ ਮਾਰੂ ਹਿੰਸਾ ਦਾ ਸ਼ਿਕਾਰ ਨਾ ਹੋਇਆ ਹੋਵੇ। ਮਨ ਦੁੱਖ, ਰੋਸ ਅਤੇ ਕਰੁਣਾ ਨਾਲ ਭਰਿਆ ਰਹਿੰਦਾ ਸੀ। ਇੰਜ ਦੁਵੱਲੀ ਦਹਿਸ਼ਤਗਰਦੀ ਨਾਲ ਗਭਰੂਟ ਮਨ ਬਹੁਤ ਪੀੜਤ ਹੋਇਆ। ਇਹ ਪੀੜ ਕਵਿਤਾ ਦਾ ਰੂਪ ਲੈ ਕੇ ਪ੍ਰਗਟ ਹੋਣ ਲੱਗੀ ਭਾਵ ਕਵਿਤਾ ਦੇ ਮਾਧਿਅਮ ਰਾਹੀਂ ਦੁੱਖ ਕਾਗਜ਼ਾਂ ‘ਤੇ ਉਤਰਨ ਲੱਗਾ। ਇੰਜ ਕਵਿਤਾ ਰਾਹੀਂ ਆਪਣੀ ਵੇਦਨਾ ਸੰਵੇਦਨਾ ਸਾਂਝੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਇਕ ਖਿੱਤੇ ਅਤੇ ਵਕਤ ਵਿਸ਼ੇਸ਼ ਨਾਲ ਸੰਬੰਧਿਤ ਇਹ ਕਵਿਤਾਵਾਂ ਹੁਣ ਦੁਨੀਆ ਦੇ ਹਰ ਉਸ ਖਿੱਤੇ ਨਾਲ ਸੰਬੰਧਿਤ ਜਾਪਦੀਆਂ ਹਨ, ਜੋ ਦਹਿਸ਼ਤ ਦੇ ਗ੍ਰਹਿਣ ਹੇਠ ਹੈ। ਇਹ ਸਮਝ ਆਉਣ ਲੱਗਾ ਕਿ ਸੱਤਾ ਪ੍ਰਾਪਤੀ ਜਾਂ ਸੱਤਾ ‘ਚ ਬਣੇ ਰਹਿਣ ਦੀ ਵਧੀ ਹੋਈ ਲਾਲਸਾ ਦਹਿਸ਼ਤਗਰਦੀ ਨੂੰ ਸ਼ਹਿ ਦਿੰਦੀ ਅਤੇ ਵਰਤਦੀ ਹੈ। ਦਹਿਸ਼ਤਗਰਦੀ ਮਜ਼੍ਹਬ ਨੂੰ ਬਹਾਨੇ ਵਜੋਂ ਵਰਤਦੀ ਹੈ ਅਤੇ ਸਰਕਾਰੀ ਬੰਦੋਬਸਤ ਦਹਿਸ਼ਤਗਰਦੀ ਨੂੰ ਦਬਾਉਣ ਜਾ ਮਿਟਾਉਣ ਦੇ ਬਹਾਨੇ ਜਬਰ-ਜ਼ੁਲਮ ਢਾਹੁੰਦਾ ਹੈ। ਖ਼ੂਨੀ ਘੜਮੱਸ ਸ਼ੁਰੂ ਹੋ ਜਾਂਦੀ ਹੈ। ਆਮ ਲੋਕ ਦੋ ਪੁੜਾਂ ਵਿਚ ਪਿਸਦੇ ਹਨ। ਦੁਨੀਆ ਵਿਚ ਵੱਖ-ਵੱਖ ਥਾਵਾਂ ਤੇ ਫੈਲੀ ਦਹਿਸ਼ਤਗਰਦੀ ਦੇ ਕਾਰਨਾਂ, ਵਰਤਾਰੇ ਅਤੇ ਪ੍ਰਭਾਵਾਂ ਨਾਲ ਸੰਬੰਧਿਤ ਬਹੁਤੀਆਂ ਗੱਲਾਂ ਹਰ ਥਾਂ ਸਾਂਝੀਆਂ ਹਨ। ਆਪਣੀ ਅਜਿਹੀ ਕਵਿਤਾ ਪਹਿਲੀ ਵਾਰ ਪਟਿਆਲੇ ਦੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਯੂਥ ਫੈਸਟੀਵਲ ਵਿਚ ਪੜ੍ਹੀ:
ਪੁੱਛੋ ਜ਼ਹਿਰ ਦੇ ਇਨ੍ਹਾਂ ਵਣਜਾਰਿਆਂ ਨੂੰ।
ਕਿੱਥੇ  ਵੇਚੋਗੇ ਮਾਰ ਕੇ ਸਾਰਿਆਂ ਨੂੰ।
ਪਹਿਲੇ ਸਥਾਨ ‘ਤੇ ਆਇਆ।  ਇਸ ਸਫਲਤਾ ਨੇ ਮੈਨੁੰ ‘ਜ਼ਫ਼ਰ’ ਕਲਮੀ ਨਾਂ ਦਿੱਤਾ। ਹੋਰ ਲਿਖਣ ਦੀ ਪ੍ਰੇਰਨਾ ਮਿਲੀ, ਹੌਸਲਾ ਵਧਿਆ। ਕਾਲਜਾਂ ਦੀਆਂ ਸਟੇਜਾਂ ‘ਤੇ ਕਵਿਤਾ ਪੜ੍ਹਨਾ ਤੇ ਫਸਟ ਆਉਣਾ ਆਮ ਹੋ ਗਿਆ।  ਪਹਿਲੀ ਵਾਰ ਗ਼ਜ਼ਲ ‘ਸਿਰਨਾਵਾਂ’ ਰਸਾਲੇ ਵਿਚ ਛਪੀ :
ਅੱਜ ਤੇਜ਼ਾਬੀ ਵਰਖਾ ਹੋਈ
ਅੱਗ ਦੀ ਬੱਦਲੀ ਛਾਈ ਏ।
ਨੈਣਾਂ ‘ਚੋਂ ਸੰਗੀਨਾਂ ਝਾਕਣ
ਸਹਿਮਾਂ ਦੀ ਰੁੱਤ ਆਈ ਏ।
ਪਹਿਲੀ ਵਾਰ ਨਜ਼ਮ ਨਾਗਮਣੀ ਦੇ ਪਿਛਲੇ ਕਵਰ ‘ਤੇ ਛਪੀ ‘ਤੁਸੀਂ ਨਹੀਂ ਜਾਣਦੀਆਂ’। ਅੰਮ੍ਰਿਤਾ ਜੀ ਨੇ ਸ਼ਾਬਾਸ਼ ਦਾ ਪੋਸਟ ਕਾਰਡ ਭੇਜਿਆ ਨਾਲੇ ਇਸ ਦੇ ਛਪਣ ਵਿਚ ਹੋਈ ਕੁਤਾਹੀ ਲਈ ਪਸਚਾਤਾਪ ਵੀ ਕੀਤਾ। ਇੰਜ ਕਵਿਤਾਕਾਰੀ ਨੇ ਮੈਨੂੰ ਵੱਡਾ-ਵੱਡਾ ਜਾਂ ਵਿਸ਼ੇਸ਼ ਹੋਣ ਦਾ ਅਹਿਸਾਸ ਕਰਾਉਣਾ ਸ਼ੁਰੂ ਕੀਤਾ। ਇਸ ਮੁਢਲੇ ਸਮੇਂ ਵਿਚ ਮੇਰੇ ਜਮਾਤੀਆਂ ਨੇ ਮੈਨੁੰ ਕਵਿਤਾ ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ। ਕਦੀ ਉਨ੍ਹਾਂ ਇਹ ਵੀ ਕਹਿਣਾ, “ਯਾਰ ਤੂੰ ਹਮੇਸ਼ਾ ਪੁਲਿਟੀਕਲ ਜਿਹੀ ਕਵਿਤਾ ਹੀ ਲਿਖਦੈਂ, ਕਦੀ ਕੁਛ ਮੁੰਡਿਆਂ ਖੁੰਡਿਆਂ ਵਰਗਾ ਵੀ ਲਿਖਿਆ ਕਰ।“ ਤਾਂ ਕੁਛ ਕੁਛ ਉਨ੍ਹਾਂ ਦੇ ਕਹਿਣ ‘ਤੇ ਵੀ ਲਿਖਣਾ। ਵੱਧ ਘੱਟ ਅਨੁਪਾਤ ਨਾਲ ਕੁਝ ਨਾ ਕੁਝ ਪਿਆਰ ਕਵਿਤਾਵਾਂ ਮੇਰੇ ਹਰੇਕ ਕਾਵਿ ਸੰਗ੍ਰਹਿ ਵਿਚ ਦੇਖੀਆਂ ਜਾ ਸਕਦੀਆਂ ਹਨ।
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਆ ਗਿਆ ਤੇ ਵਿਆਹ ਵੀ ਹੋ ਗਿਆ ਤਾਂ ਆਪਣੇ ਹਾਲਤਾਂ ਨੂੰ ਦੇਖ ਕੇ ਲੱਗਣ ਲੱਗਾ ਕਿ ਮੈਂ ਸ਼ਾਇਦ ਕਵਿਤਾ ਨਾਲ ਨਾ ਨਿਭ ਸਕਾਂ। ਤਦ ਤੱਕ ਲਿਖੇ ਨੂੰ ਇਕੱਠਾ ਕਰਕੇ ਸਾਂਭਣ ਲਈ ਪਹਿਲੀ ਕਿਤਾਬ ‘ਦੋ ਸਾਹਾਂ ਵਿਚਕਾਰ’ ਪ੍ਰਕਾਸ਼ਤ ਕਰਵਾਈ। ਮੈਂ ਇਸ ਨੂੰ ਪਹਿਲੀ ਦੇ ਨਾਲ-ਨਾਲ ਆਪਣੀ ਆਖਰੀ ਕਿਤਾਬ ਵੀ ਖਿਆਲ ਕਰਦਾ ਸੀ। ਪਰ ਕਵੀ ਰਾਮ ਸਿੰਘ ਚਾਹਲ ਦੇ ਮਾਧਿਅਮ ਨਾਲ ਇਸ ਵਿਚਲੀਆਂ ਕੁਝ ਕਵਿਤਾਵਾਂ ਦਾ ਅਨੁਵਾਦ ਤਮਿਲ ਵਿਚ ਛਪਿਆ। ਇਹ ਭਾਰਤੀ ਭਾਸ਼ਾਵਾਂ ਵਿਚ ਲਿਖੀਆਂ ਗਈਆਂ ਅੱਤਵਾਦ ਵਿਰੋਧੀ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਸੀ। ਆਪਣੀ ਪਹਿਲੀ ਕਿਤਾਬ ਵਿਚਲੀ ਇਕ ਕਵਿਤਾ ‘ਤਲਖ਼ ਤਕਰੀਰ’ ਲਈ ਮੈਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ‘ਸ਼ਿਵ ਕੁਮਾਰ ਬਟਾਲਵੀ ਅੰਤਰ ਯੂਨੀਵਰਸਿਟੀ ਗੋਲਡ ਮੈਡਲ ਮਿਲਿਆ। ਇਕ ਕਵਿਤਾ ‘ਸਪੱਸ਼ਟੀਕਰਨ’ ਲਈ ਭੁਵਨੇਸ਼ਵਰ (ਉਡੀਸਾ) ਦੀ ਸੰਸਥਾ ਵਰਣਮਾਲਾ ਤੋਂ ਉਦੇ ਭਾਰਤੀ ਰਾਸ਼ਟਰੀ ਕਵਿਤਾ ਪੁਰਸਕਾਰ ਪ੍ਰਾਪਤ ਹੋਇਆ।  ਕਵਿਤਾ ਦੀ ਗੱਡੀ ਅੱਗੇ ਰਿੜ੍ਹਦੀ ਰੱਖਣ ਲਈ ਏਨਾ ਕੁ ਧੱਕਾ ਬਹੁਤ ਸੀ।
ਪੰਜਾਬ ਅੰਦਰਲੀ ਦਹਿਸ਼ਤਗਰਦੀ ਦੇ ਪਾਣੀ ਲਹਿਣ ਮਗਰੋਂ ਇਸ ਦੇ ਕਾਰਨਾਂ ਨੂੰ ਗਹਿਰਾਈ ਨਾਲ ਜਾਨਣ ਲਈ ਰੁਚਿਤ ਹੋਇਆ ਤਾਂ ਦਹਿਸ਼ਤਗਰਦੀ ਦੇ ਆਰੰਭਕ ਬੀਜ ਮਨੁੱਖ ਦੇ ਮਜ਼੍ਹਬ ਨਾਲ ਵਿਗੜੇ ਹੋਏ ਸੰਬੰਧਾਂ ਵਿਚੋਂ ਹੀ ਦਿਸੇ।  ਸਿਆਸਤ ਮਜ਼੍ਹਬ ਦੀ ਆਤਮਾ ਨੂੰ ਮਾਰ ਕੇ ਉਸ ਦੇ ਸਰੀਰ ‘ਤੇ ਕਬਜ਼ਾ ਕਰ ਲੈਂਦੀ ਹੈ। ਪੈਗੰਬਰਾਂ ਦੇ ਉਦੇਸ਼ ਅਤੇ ਉਪਦੇਸ਼ ਨਾਲ ਇਨ੍ਹਾਂ ਦੇ ਪੈਰੋਕਾਰ ਅਖਵਾਉਣ ਵਾਲੇ ਲੋਕਾਂ ਦੇ ਵਾਸਤਵਿਕ ਸਬੰਧਾਂ ਦੀ ਪੁਣ-ਛਾਣ ਕਰਨ ਦੀ ਰੁਚੀ ਹੋਈ।  ਇਸ ਵਾਸਤੇ ਆਪਣੇ ਨੇੜੇ ਵਿਚਰਦੇ ਹਮ-ਮਜ਼੍ਹਬਾਂ ਦੇ ਵਤੀਰੇ ਦਾ ਨਿਰੀਖਣ ਹੀ ਸਭ ਤੋਂ ਪ੍ਰਮਾਣਕ ਹੋ ਸਕਦਾ ਸੀ। ਸੋਚ ਦੇ ਅਜਿਹੇ ਬਿੰਦੂ ਦੁਆਲੇ ਹੀ ਦੂਸਰੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਦੀਆਂ ਬਹੁਤੀਆਂ ਕਵਿਤਾਵਾਂ ਬੁਣੀਆਂ ਗਈਆਂ ਹਨ। ਅਸਲ ਵਿੱਚ ਬੰਦੇ ਅੰਦਰਲੀਆਂ ਬਦੀਆਂ ਜਾਂ ਬਿਰਤੀਆਂ ਦੇ ਪ੍ਰਗਟਾਅ ਲਈ ਮਜ਼੍ਹਬ ਤਾਂ ਇਕ ਬਹਾਨਾ ਬਣਾਇਆ ਜਾਂਦਾ ਹੈ। ਕਿਸੇ ਵੀ ਮਜ਼੍ਹਬ ਨੂੰ ਨਾ ਮੰਨਣ ਵਾਲਿਆਂ ਲਈ ਨੈਤਿਕਤਾ ਜਾਂ ਵਿਚਾਰਧਾਰਾ ਵਰਗੇ ਹੋਰ ਬਹਾਨੇ ਬਥੇਰੇ ਹੁੰਦੇ ਹਨ। ਜਿਸ ਨੂੰ ਅਸੀਂ ਅਣ-ਮਨੁੱਖੀ ਵਤੀਰਾ ਕਹਿੰਦੇ ਹਾਂ ਅਸਲ ਵਿੱਚ ਉਹ ਬੰਦੇ ਦਾ ਬੰਦਾ ਹੋਣ ਦਾ ਮਸਲਾ ਹੈ। ਇਨ੍ਹਾਂ ਨੂੰ ਅਸੀਂ ਅਣ-ਮਨੁੱਖੀ ਬਿਰਤੀਆਂ ਕਹਿੰਦੇ ਹਨ ਉਹ ਜਾਨਵਰਾਂ ਜਾਂ ਪੰਛੀਆਂ ਵਿੱਚ ਨਹੀਂ, ਸਗੋਂ ਮਨੁੱਖਾਂ ਵਿੱਚ ਹੀ ਹੁੰਦੀਆਂ ਹਨ। ਤਥਾ ਕਥਿੱਤ ਅਣ-ਮਨੁੱਖੀ ਵਿਹਾਰ ਜਾਂ ਵਤੀਰੇ ਅਣ-ਮਨੁੱਖੀ ਨਹੀਂ, ਸਗੋਂ ਮਨੁੱਖੀ ਹਨ ਜਿਨ੍ਹਾਂ ਨੂੰ ਮਨੁੱਖ ਨੇ ਸ਼ਬਦ ਨਾਲ ਸਾਧਣਾ ਜਾਂ ਸੋਧਣਾ ਹੁੰਦਾ ਹੈ। ਬੰਦੇ ਦੇ ਅੰਦਰਲੇ ਬੰਦੇ ਨੂੰ ਜਾਨਣ ਸਮਝਣ ਦੀ ਚੇਸ਼ਟਾ ਹੀ ਤੀਸਰੀ ਕਿਤਾਬ ‘ਇਹ ਬੰਦਾ ਕੀ ਹੁੰਦਾ’ ਦਾ ਕੇਂਦਰੀ ਖਿਆਲ ਬਣੀ। ਇਸ ਤਰ੍ਹਾਂ ਇਨ੍ਹਾਂ ਤਿੰਨ ਪੁਸਤਕਾਂ ਦੀਆਂ ਬਹੁਤੀਆਂ ਕਵਿਤਾਵਾਂ ਨੂੰ ਅੰਤਰ ਸੰਬੰਧਿਤ ਅਤੇ ਵਿਚਾਰ ਪ੍ਰਵਾਹ ਦੀ ਲਗਾਤਾਰਤਾ ਵਿੱਚ ਦੇਖਿਆ ਜਾ ਸਕਦਾ ਹੈ।
ਮੈਨੂੰ ਲਗਦਾ ਹੈ ਕਿ ਆਪਣੇ ਇਤਿਹਾਸ ‘ਤੇ ਨਿਰਾ ਮਾਣ ਕਰਨਾ ਹੋਛਾਪਨ ਹੈ। ਅਸਲ ਵਿਚ ਸ਼ਾਨਦਾਰ ਇਤਿਹਾਸ ਤਾਂ ਉਹ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀਂ ਅਸੀਂ ਆਪਣੇ ਵਰਤਮਾਨ ਦਾ ਮੂੰਹ ਦੇਖਣਾ ਹੁੰਦਾ ਹੈ। ਅਜਿਹੀ ਮੂੰਹ ਦਿਖਾਈ ਦੇ ਉਦੇਸ਼ ਨਾਲ ਹੀ ਮੈਂ ਬਹੁਤ ਸਾਰੇ ਇਤਿਹਾਸਕ ਪਾਤਰਾਂ ਅਤੇ ਇਤਿਹਾਸਕ ਪ੍ਰਸੰਗਾਂ ਦੇ ਹਵਾਲੇ ਨਾਲ ਕਵਿਤਾਵਾਂ ਲਿਖੀਆਂ ਹਨ। ਕੁਝ ਵਰ੍ਹੇ ਐਂ ਅਖਬਾਰਾਂ ਰਸਾਲਿਆਂ ਲਈ ਲਗਾਤਾਰ ਕਾਰਟੂਨਿੰਗ ਵੀ ਕਰਦਾ ਰਿਹਾ ਹਾਂ ਭਾਵ ਵਿਅੰਗ ਚਿਤਰ ਬਣਾਉਂਦਾ ਰਿਹਾ ਹਾਂ। ਜਿਥੇ ਮੇਰੀ ਕਾਰਟੂਨਿੰਗ ‘ਤੇ ਮੇਰੇ ਕਵੀ ਹੋਣ ਦਾ ਪ੍ਰਭਾਵ ਰਿਹਾ ਹੈ ਉਥੇ ਮੇਰੀਆਂ ਬਹੁਤੀਆਂ ਕਵਿਤਾਵਾਂ ਵਿਚ ਕਾਰਟੂਨਿੰਗ ਵਾਲੇ ਵਿਅੰਗ ਦੀ ਝਲਕ ਦੇਖੀ ਜਾ ਸਕਦੀ ਹੈ। ਬਿਆਨ ਵਿਚਲੀ ਸੰਖੇਪਤਾ ਦੀ ਆਦਤ ਵੀ ਲਗਦਾ ਮੈਨੂੰ ਇਸੇ ਕਲਾ ਤੋਂ ਹੀ ਮਿਲੀ ਹੈ।
ਪਹਿਲੀ ਕਿਤਾਬ ਤੋਂ ਬਾਅਦ ਮੈਂ ਬਹੁਤ ਗਹਿਰੀ ਅਤੇ ਰਮਜ਼ੀ ਭਾਂਤ ਦੀ ਕਵਿਤਾ ਲਿਖਣ ਦਾ ਇੱਛੁਕ ਸੀ ਪਰ ਜਿਸ ਤਰ੍ਹਾਂ ਦੇ ਵਿਸ਼ੇ ਨੇ ਮੇਰੇ ਮਨ ‘ਤੇ ਜ਼ੋਰ ਪਾਇਆ ਮੈਂ ਉਚੇਚ ਨਾਲ ਕਵਿਤਾ ਵਿਚ ਸਪੱਸ਼ਟ ਗੱਲ ਕਰਨ ਲਈ ਰੁਚਿਤ ਹੋਇਆ। ਮੇਰੇ ਲਈ ਲਿਖਤ ਦੇ ਰੂਪ ਨਾਲੋਂ ਗੱਲ ਅਤੇ ਵਿਚਾਰ ਜ਼ਿਆਦਾ ਮਹੱਤਵਪੂਰਨ ਹੋ ਗਏ। ਸ਼ਾਇਦ ਇਸੇ ਰੁਚੀ ਤਹਿਤ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਤੱਕ ਪਹੁੰਚਦਿਆਂ ਮੈਂ ਆਪਣੀ ਗੱਲ ਕਹਿਣ ਲਈ ਕਵਿਤਾ ਵਿਚ ਗਣਿਤ ਅਤੇ ਗ੍ਰਾਫਿਕਸ ਨੂੰ ਵੀ ਆਉਣ ਦਿੱਤਾ। ਇਸ ਦਾ ਉਦੇਸ਼ ਆਪਣੀ ਗੱਲ ਵਿਚ ਸਪੱਸ਼ਟਤਾ ਭਰੀ ਅਸਰਦਾਰੀ  ਲਿਆਉਣਾ ਸੀ। ਇਸ ਖੁੱਲ੍ਹ ਨਾਲ ਕਵਿਤਾ ਦੀ ਨਵੇਂ ਪਾਠਕਾਂ ਤੱਕ ਵੀ ਰਸਾਈ ਹੋਈ ਭਾਵ ਇਸ ਨਾਲ ਪੰਜਾਬੀ ਕਵਿਤਾ ਲਈ ਨਵਾਂ ਪਾਠਕ ਵਰਗ ਵੀ ਪੈਦਾ ਹੋਇਆ ਅਤੇ ਇਸ ਕਿਤਾਬ ਨੂੰ ਮੇਰੀ ਆਸ ਨਾਲੋਂ ਕਈ ਗੁਣਾ ਵੱਧ ਹੁੰਗਾਰਾ ਮਿਲਿਆ।
1998 ਦੇ ਆਸ-ਪਾਸ ਦੀ ਗੱਲ ਹੈ, ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੀ ਵੱਡ ਆਕਾਰੀ ਕਾਵਿ-ਕਿਤਾਬ ‘ਲੀਲ੍ਹਾ’ ਅਜੇ ਛਪੀ ਨਹੀਂ ਸੀ। ਸ .ਅਮਰਜੀਤ ਸਿੰਘ ਗਰੇਵਾਲ ਉਦੋਂ ਪੰਜ ਦਰਿਆ ਮੈਗਜ਼ੀਨ ਕੱਢਦੇ ਸੀ। ਮੈਂ ਇਸ ਮੈਗਜ਼ੀਨ ਲਈ ਸਕੈਚ ਤੇ ਕਾਰਟੂਨ ਬਣਾਉਂਦਾ ਅਤੇ ਇਕ ਹਲਕਾ-ਫੁਲਕਾ ਜਿਹਾ ਕਾਲਮ ਲਿਖਦਾ ਹੁੰਦਾ ਸੀ। ਇਕ ਦਿਨ ਮੈਂ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਕਿ ਪਿਛਲੇ ਪੰਜਾਂ ਸਾਲਾਂ ਵਿਚ ਪੰਜਾਬੀ ਕਵਿਤਾ ਦੀ ਅਜਿਹੀ ਕੋਈ ਨਵੀਂ ਛਪੀ ਕਿਤਾਬ ਮੇਰੇ ਹੱਥ ਨਹੀਂ ਲੱਗੀ, ਜਿਸ ਨੂੰ ਪੜ੍ਹ ਕੇ ਰੱਜ ਜਿਹਾ ਆਇਆ ਹੋਵੇ। ਉਨ੍ਹਾਂ ਪਰਤਵੀਂ ਸ਼ਕਾਇਤ ਕੀਤੀ ਕਿ ਅਜਿਹੀ ਕਿਤਾਬ ਤਾਂ ਜਸਵੰਤ ਜ਼ਫ਼ਰ ਲਿਖ ਸਕਦਾ ਹੈ ਪਰ ਉਹ ਹੋਰ ਹੀ ਕੰਮਾਂ ਵਿਚ ਹੀ ਲੱਗਾ ਰਹਿੰਦਾ ਹੈ। ਉਨ੍ਹਾਂ ਦੀ ਇਹ ਮਿਹਣਾਨੁਮਾ ਹੱਲਾਸ਼ੇਰੀ ਬਹੁਤ ਅਸਰਦਾਰ ਰਹੀ। ਮੈਂ ਅਗਲੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਥੋੜ੍ਹੇ ਦਿਨਾਂ ਵਿਚ ਹੀ ਲਿਖ ਲਈਆਂ। ਉਂਜ ਪਿਛਲੇ ਪੈਂਤੀ ਚਾਲੀ ਸਾਲਾਂ ਵਿਚ ਮੈਂ ਕੁੱਲ ਦੋ-ਢਾਈ ਸੌ ਕਵਿਤਾਵਾਂ ਹੀ ਲਿਖੀਆਂ ਹਨ। ਸਾਲ ਦੀਆਂ ਔਸਤਨ ਛੇ ਜਾਂ ਲਗਪਗ ਦੋ ਮਹੀਨੇ ਵਿਚ ਇਕ ਕਵਿਤਾ ਬਣਦੀ ਹੈ।
ਮੈਂ ਆਰੰਭ ਤੋਂ ਹੀ ਆਪਣੀ ਕਿਸੇ ਵਿਅਕਤੀਗਤ ਤਕਲੀਫ਼ ਜਾਂ ਦੁੱਖ ਨੂੰ ਆਪਣੀ ਕਵਿਤਾ ਵਿਚ ਵਾਹ ਲਗਦੀ ਆਉਣ ਨਹੀਂ ਦਿੱਤਾ। ਵਿਅਕਤੀਗਤ ਅਨੁਭਵਾਂ ਨੂੰ ਵੀ ਲਿਖਤ ਵਿਚ ਆਮ ਵਰਤਾਰੇ ਦੇ ਤੌਰ ‘ਤੇ ਜਨਰਲਾਈਜ਼ ਕਰਕੇ ਮੇਰਾ ਚਿੱਤ ਰਾਜ਼ੀ ਰਹਿੰਦਾ ਹੈ। ਮੈਨੂੰ ਸਵੈ ਪ੍ਰਸੰਸਾ ਜਾਂ ਸਵੈ ਤਰਸ ਵਾਲੀ ਕਵਿਤਾ ਵਧੀਆ ਨਹੀਂ ਲਗਦੀ। ਦੂਸਰੇ ਪ੍ਰਤੀ ਸ਼ਿਕਾਇਤ/ ਰੋਸ/ ਨਿੰਦਾ ਜਾਂ ਆਪਣੀ ਵਡਿਆਈ/ ਸੋਭਾ ਜੇ ਕਵਿਤਾ ਵਿਚ ਆਉਣ ਲਈ ਜ਼ਿਆਦਾ ਹੀ ਉਤਾਵਲੀ ਹੋਵੇ ਤਾਂ ਮੈਂ ਇਸ ਵਿਚ ਆਉਂਦੇ “ਮੈਂ, ਤੂੰ ਜਾਂ ਉਹ’ ਵਾਲੇ ਪੜਨਾਂਵ ਆਪਸ ਵਿਚ ਅਦਲਾ ਬਦਲੀ ਕਰ ਦਿੰਦਾ ਹਾਂ। ਅਜਿਹਾ ਸਭ ਤੋਂ ਵੱਧ ਮੈਂ ਕਵਿਤਾ ਦੀ ਆਪਣੀ ਚੌਥੀ ਕਿਤਾਬ ‘ਪਿਆਰੇ ਆਓ ਘਰੇ’ ਵਿਚ ਕੀਤਾ।
‘ਪਿਆਰੇ ਆਓ ਘਰੇ’ ਦੀਆਂ ਕਵਿਤਾਵਾਂ ਵਿਚ ਮਜ਼੍ਹਬ ਅਤੇ ਇਤਿਹਾਸ ਤੋਂ ਵੱਧ ਪਿਆਰ ਦੇ ਵਿਸ਼ੇ ਦਾ ਬੋਲਬਾਲਾ ਹੈ। ਮੈਨੂੰ ਲਗਦਾ ਹੈ ਕਿ ਪਿਆਰ ਬੰਦੇ ਦਾ ਆਪਣੇ ਆਪ ਤੋਂ ਬਾਹਰ ਨੂੰ ਫ਼ੈਲਣ ਦਾ ਨਾਂ ਹੈ, ਇਹੀ ਵਿਕਾਸ ਹੈ। ਇਸ ਤੋਂ ਉਲਟ ਹਊਮੈ ਆਪਣੇ ਸੁੰਗੜਨ ਦੀ ਮਾਰੂ ਸਥਿਤੀ ਹੈ। ਆਪਣੇ ਆਪ ਨੂੰ ਹੋਰਾਂ ਨਾਲ ਜੋੜਨਾ ਪਿਆਰ ਹੈ ਅਤੇ ਹਊਮੈ ਹੋਰਾਂ ਨਾਲੋਂ ਟੁੱਟੇ ਹੋਣਾ। ਸ੍ਰਿਸ਼ਟੀ ਦੀ ਪੂਰੀ ਅਸੀਮਤਾ ਤੱਕ ਆਪਣੇ ਆਪ ਨੂੰ ਜੋੜਨਾ ਪਿਆਰ ਦੀ ਆਦਰਸ਼ਕ ਸਥਿਤੀ ਹੈ। ਇਹ ਪੈਗ਼ੰਬਰ ਹੋਣ ਦਾ ਲੱਛਣ ਹੈ। ਧਰਮ ਦਾ ਉਦੇਸ਼ ਬੰਦੇ ਨੂੰ ਪਿਆਰਾ ਬਣਾਉਣਾ ਹੈ, ਪੈਗ਼ੰਬਰੀ ਸੁਰਤ ਦੇ ਘਰ ਵਿਚ ਲਿਆਉਣਾ ਹੈ। ਇਸ ਘਰ ਵਿਚ ਨਾ ਹੋਣ ਨਾਲ ਬਹੁਤਾ ਕੁਝ ਪਰਾਇਆ ਹੋ ਜਾਂਦਾ ਹੈ ਜਾਂ ਪਰਾਇਆ ਲੱਗਣ ਲੱਗਦਾ ਹੈ। ਪਿਆਰ ਵਿਹੂਣਾ ਬੰਦਾ ਆਪਣੇ ਹੱਥੀਂ ਬਣਾਏ ਘਰ ‘ਚ ਰਹਿੰਦਿਆਂ ਵੀ ਪਰਦੇਸੀ ਹੋ ਜਾਂਦਾ ਹੈ ਅਤੇ ਪਿਆਰ ਭਰੇ ਦਿਲ ਵਾਲਾ ਦੁਨੀਆ ‘ਚ ਕਿਤੇ ਵੀ ਬੈਠਾ ਆਪਣੇ ਘਰ ਵਸਣ ਵਾਂਗ ਸਹਿਜ ਅਤੇ ਟਿਕਾਅ ਵਿਚ ਹੋ ਸਕਦਾ ਹੈ। ਜੇ ਧਰਮ ਬੰਦੇ ਨੂੰ ਅਜਿਹੀ ਵਲਗਣ ਵਿਚ ਬੰਨ੍ਹਦਾ ਹੈ ਕਿ ਵਲਗਣ ਤੋਂ ਬਾਹਰਲਾ ਸਾਰਾ ਕੁਝ ਓਪਰਾ ਜਾਂ ਬੇਗ਼ਾਨਾ ਬਣ ਜਾਂਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਧਰਮ ਨਹੀਂ ਧਰਮ ਦੇ ਨਾਂ ‘ਤੇ ਕੁਝ ਹੋਰ ਵਰਤਦਾ ਪਿਆ ਹੈ।
ਸਾਡੇ ਵਣਜ-ਵਿਹਾਰ, ਧਰਮ-ਕਰਮ, ਵਰਤ-ਵਤੀਰੇ ਆਦਿ ਵਿਚ ਮੁਕਾਬਲੇਬਾਜ਼ੀ ਦਾ ਬੋਲ-ਬਾਲਾ ਹੋ ਗਿਆ ਹੈ। ਇਹ ਮੁਕਾਬਲੇਬਾਜ਼ੀ ਦਿਨੋਂ-ਦਿਨ ਅੰਨ੍ਹੀਂ ਹੁੰਦੀ ਜਾ ਰਹੀ ਹੈ। ਮੁਹੱਬਤ ਤੋਂ ਸੱਖਣੀ ਸਾਰੀ ਸਿਆਸਤ, ਪ੍ਰਬੰਧ, ਵਿਕਾਸ ਅਤੇ ਧਰਮ ਕਾਰਜ ਨਿਰਾ ਕੂੜ ਹਨ। ਬੰਦੇ ਨੂੰ ਗਿਆਨ ਅਤੇ ਸੱਚ ਤੋਂ ਵੀ ਵਧੇਰੇ ਲੋੜ ਮੁਹੱਬਤ ਦੀ ਹੈ। ਬਾਬਿਆਂ ਨੇ ਆਚਾਰ ਨੂੰ ਸੱਚ ਤੋਂ ਉਪਰ ਰੱਖਿਆ ਅਤੇ ਦੱਸਿਆ ਹੈ। ਹਊਮੈਂ ਰਹਿਤ ਆਚਾਰ ਦਾ ਆਧਾਰ ਮੁਹੱਬਤ ਹੀ ਹੋ ਸਕਦਾ ਹੈ। ਜੰਗ ਵਿਚ ਤਾਂ ਆਪਣੇ ਝੂਠ, ਫ਼ਰੇਬ ਤੇ ਧੱਕੇ ਆਦਿ ਸਭ ਜਾਇਜ਼ ਮੰਨੇ ਹੀ ਜਾਂਦੇ ਹਨ, ਪਰ ਜਦ ਅਸੀਂ ਆਮ ਜ਼ਿੰਦਗੀ ਵਿਚ ਆਪਣੀਆਂ ਬੇਈਮਾਨੀਆਂ, ਜ਼ਿਆਦਤੀਆਂ, ਕਮੀਨਗੀਆਂ ਆਦਿ ਨੂੰ ਜਾਇਜ਼ ਮੰਨਣ ਲੱਗ ਜਾਂਦੇ ਹਾਂ ਤਾਂ ਸਾਡੀ ਮਨੋ ਅਵਸਥਾ ਟਿਕ-ਟਿਕਾਅ ਦੀ ਬਜਾਏ ਚੌਵੀ ਘੰਟੇ ਲੱਗੀ ਜੰਗ ਵਾਲੀ ਹੋ ਜਾਂਦੀ ਹੈ। ਪਿਆਰ ਵਿਚ ਇੰਜ ਨਹੀਂ, ਇਸ ਤੋਂ ਉਲਟ ਹੁੰਦਾ ਹੈ, ਦੂਸਰਿਆਂ ਨੂੰ ਉਨ੍ਹਾਂ ਦੀਆਂ ਘਾਟਾਂ, ਕਮਜ਼ੋਰੀਆਂ, ਮਜਬੂਰੀਆਂ, ਗ਼ਲਤੀਆਂ ਆਦਿ ਸਮੇਤ ਸਵੀਕਾਰ ਕੀਤਾ ਜਾਂਦਾ ਹੈ।ਖੁਸ਼ੀ ਤਾਂ ਹੀ ਆਨੰਦ ਬਣਦੀ ਹੈ ਜੇ ਇਸ ਤੱਕ ਪਹੁੰਚਣ ਦਾ ਰਸਤਾ ਮੁਹੱਬਤ ਵਿਚੋਂ ਦੀ ਹੋ ਕੇ ਗੁਜ਼ਰੇ। ਮੁਹੱਬਤ ਵਿਚ ਹੁੰਦਿਆਂ ਦੂਸਰੇ ਦਾ ਵੱਖਰਾ ਵਿਹਾਰ, ਵਿਚਾਰ, ਆਦਤ, ਸੁਭਾਅ ਜਾਂ ਹੋਰ ਵਖਰੇਵੇਂ ਰੜਕਦੇ ਨਹੀਂ, ਸਗੋਂ ਮੁਹੱਬਤ ਵਿਚ ਘੁਲ਼ ਜਾਂਦੇ ਹਨ। ਦੂਸਰੇ ਦੇ ਦੁੱਖ ਦਰਦ ਨੂੰ ਚੂਸ ਲੈਣ ਲਈ ਮਨ ਦਾ ਬਿਹਬਲ ਹੋਣਾ ਪਿਆਰ ਹੈ। ਸਾਡੇ ਪੁਰਖਿਆਂ ਨੇ ਦੂਸਰਿਆਂ ਦੇ ਦੂਸਰੇਪਨ ਦੀ ਹੋਂਦ ਦੇ ਬਚਾਅ ਲਈ ਕੁਰਬਾਨੀਆਂ ਦੀ ਰਵਾਇਤ ਕਾਇਮ ਕੀਤੀ। ਮੁਹੱਬਤ ਨਾਲ ਨੱਕੋ-ਨੱਕ ਭਰਿਆਂ ਦੀ ਹਰ ਜੱਦੋ-ਜਹਿਦ ਧਰਮ ਯੁੱਧ ਹੁੰਦੀ ਹੈ। ਇਸ ਵਿਚ ਲੈਣ, ਖੋਹਣ ਜਾਂ ਕਬਜ਼ਾ ਕਰਨ ਦਾ ਨਾਅਰਾ ਨਹੀਂ, ਸਗੋਂ ਨਿਸ਼ਾਵਰ ਹੋਣ ਦੀ ਧੁੰਨ ਗੂੰਜਦੀ ਹੈ। ਅਜਿਹੀਆਂ ਸਭ ਗੱਲਾਂ ਚੌਥੀ ਕਿਤਾਬ ‘ਪਿਆਰੇ ਆਓ ਘਰੇ’ ਦੀ ਵਿਚਾਰ ਸਮੱਗਰੀ ਬਣੀਆਂ।ਕਵਿਤਾ ਦੇ ਨਾਲ ਨਾਲ।

ਸੋਨੀਆ : ਵਾਰਤਕ ਲਿਖਣ ਵੱਲ ਕਿਵੇਂ ਰੁਚਿਤ ਹੋਏ?
ਜਸਵੰਤ ਜ਼ਫ਼ਰ :— ਸ਼ੁਰੂ ਤਾਂ ਹਲਕੇ ਫੁਲਕੇ ਅਖ਼ਬਾਰੀ ਕਾਲਮ ਲਿਖਣ ਨਾਲ ਹੋਇਆ। ਜਿਹੜੀਆਂ ਗੱਲਾਂ ਮੈਨੂੰ ਜ਼ਰੂਰੀ ਕਰਨੀਆਂ ਲਗਦੀਆਂ ਹਨ ਪਰ ਉਹ ਕਵਿਤਾਕਾਰੀ ਦੇ ਘੇਰੇ ਵਿਚ ਨਹੀਂ ਆਉਂਦੀਆਂ ਤਾਂ ਉਨ੍ਹਾਂ ਨੂੰ ਖੁੱਲ੍ਹੇ ਰੂਪ ਵਿਚ ਲਿਖ ਲੈਂਦਾ ਹਾਂ। ਮਿਸਾਲ ਦੇ ਤੌਰ ‘ਤੇ ਮੈਂ ਗੁਰੂ ਨਾਨਕ ਅਤੇ ਸ਼ਹੀਦ ਭਗਤ ਸਿੰਘ ਬਾਰੇ ਕਵਿਤਾਵਾਂ ਲਿਖੀਆਂ ਪਰ ਇਨ੍ਹਾਂ ਬਾਰੇ ਹੋਰ ਬਹੁਤ ਕੁਝ ਕਹਿਣ ਵਾਲਾ ਬਚ ਗਿਆ ਸੀ। ਮੈਂ ਇਨ੍ਹਾਂ ਬਾਰੇ ਲੰਮੇ ਲੇਖ ਲਿਖੇ। ਇਸ ਤਰ੍ਹਾਂ ਕਵਿਤਾਕਾਰੀ ਚੋਂ ਬਾਹਰ ਰਹਿ ਗਏ ਵਿਚਾਰ ਮੇਰੀ ਪਹਿਲੀ ਵਾਰਤਕ ਕਿਤਾਬ ‘ਸਿਖੁ ਸੁ ਖੋਜਿ ਲਹੈ’ ਦਾ ਸਮਾਨ ਬਣਿਆਂ। ਇਸ ਪ੍ਰਤੀ ਪਾਠਕਾਂ ਦੇ ਹੁੰਗਾਰੇ ਅਤੇ ਹੱਲਾਸ਼ੇਰੀ ਨੇ ਮੈਨੂੰ ਕਵਿਤਾ ਦੇ ਨਾਲ ਨਾਲ ਵਾਰਤਕ ਲਿਖਣ ਦਾ ਆਹਰ ਬਖਸ਼ਿਆ। ਸਿੱਖ ਸੱਭਿਆਚਾਰ ਬਾਰੇ ਕਵਿਤਾਵਾਂ ਲਿਖਣ ਦੀ ਦਿਲਚਸਪੀ ਨੇ ਗੁਰਬਾਣੀ ਖੋਜ ਦੀ ਚੇਟਕ ਲਾਈ। ਇਸੇ ਦੇ ਨਤੀਜੇ ਵਜੋਂ ਭਗਤ ਸਾਹਿਬਾਨਾਂ ਦੀ ਬਾਣੀ ਨਾਲ ਸੰਬੰਧਿਤ ਮਿਹਨਤ ਭਰਿਆ ਖੋਜ ਕਾਰਜ ਪੁਸਤਕ ‘ਭਗਤੁ ਸਤਿਗੁਰੂ ਹਮਾਰਾ’ ਨਾਂ ਦੀ ਕਿਤਾਬ ਦੇ ਰੂਪ ਵਿਚ ਸਿਰੇ ਲੱਗਾ।

ਸੋਨੀਆ : ਤੁਸੀਂ ਇਕ ਨਾਟਕ ਵੀ ਤਾਂ ਲਿਖਿਆ।
ਜਸਵੰਤ ਜ਼ਫ਼ਰ :— ਅਸੀਂ 2017 ਵਿਚ ਆਪਣੇ ਸ਼ਹਿਰ ਦੇ ਬਹੁਤ ਪਲੀਤ ਹੋ ਚੁੱਕੇ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਲਈ ਚੇਤਨਾ ਮੁਹਿੰਮ ਸ਼ੁਰੂ ਕੀਤੀ ਸੀ। ਜਨਵਰੀ 2019 ਵਿਚ ਨੂੰ ਇਸ ਦੇ ਕਿਨਾਰੇ ‘ਆਣ ਮਿਲੋ ਦਰੀਆਓ’ ਨਾਂ ਦੇ ਵੱਡੇ ਉਤਸਵ ਦੀ ਯੋਜਨਾ ਬਣਾਈ। ਇਸ ਵਿਚ ਭਾਗ ਲੈਣ ਲਈ ਸੰਗੀਤਕਾਰਾਂ, ਰਾਗੀਆਂ, ਢਾਡੀਆਂ, ਚਿਤਰਕਾਰਾਂ, ਕਵੀਆਂ, ਲੇਖਕਾਂ, ਫੋਟੋਕਾਰਾਂ ਆਦਿ ਨੂੰ ਬੁਲਾਇਆ। ਅਸੀਂ ਸੋਚਦੇ ਸੀ ਕਿ ਇਸ ਮੌਕੇ ‘ਤੇ ਬੁੱਢੇ ਦਰਿਆ ਸਬੰਧੀ ਨਾਟਕ ਵੀ ਖੇਡਿਆ ਜਾਵੇ। ਕੇਵਲ ਧਾਲੀਵਾਲ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ਮੈਂ ਨਾਟਕ ਬਣਾਉਣ ਦੀ ਕੋਸ਼ਿਸ਼ ਕਰਦਾਂ, ਤੁਸੀਂ ਦਰਿਆ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਭੇਜ ਦਿਓ।”ਇਹ ਸਾਰੀ ਜਾਣਕਾਰੀ ਉਨ੍ਹਾਂ ਨੂੰ ਜਿਸ ਤਰ੍ਹਾਂ ਭੇਜ ਰਿਹਾ ਸੀ ਤਾਂ ਮੇਰੇ ਸਾਥੀਆਂ ਨੇ ਪ੍ਰੇਰਨਾ ਕੀਤੀ ਇਹ ਨਾਟਕ ਮੈਨੂੰ ਖੁਦ ਲਿਖਣਾ ਚਾਹੀਦਾ। ਇਸ ਹੱਲਾਸ਼ੇਰੀ ਨੇ ਮੇਰੇ ਤੋਂ ਬੁੱਢਾ ਦਰਿਆ ਨਾਟਕ ਲਿਖਵਾ ਲਿਆ। ਇਸ ਦਾ ਪਹਿਲਾ ਸ਼ੋਅ 800 ਚੋਣਵੇਂ ਸ਼ਹਿਰੀਆਂ ਸਨਮੁਖ ਲੁਧਿਆਣੇ ਦੇ ਗੁਰੂ ਨਾਨਕ ਭਵਨ ਵਿਖੇ ਹੋਇਆ। ਭਰਪੂਰ ਹੁੰਗਾਰਾ ਮਿਲਿਆ। ਦੂਸਰਾ ਪੰਜਾਹ ਹਜ਼ਾਰ ਤੋਂ ਵੱਧ ਦਰਸ਼ਕਾਂ ਸਾਹਮਣੇ ਬੁੱਢੇ ਦਰਿਆ ਕਿਨਾਰੇ ਹੋਇਆ। ਕਿਸੇ ਦਰਿਆ ਦੀ ਹਾਲਤ ਨੂੰ ਲੈ ਕੇ ਲਿਖਿਆ ਅਤੇ ਖੇਡਿਆ ਗਿਆ ਇਹ ਦੁਨੀਆ ਦਾ ਪਹਿਲਾ ਨਾਟਕ ਹੈ। ਪਿਛਲੇ ਮਹੀਨਿਆਂ ਦੌਰਾਨ ਫਿਲਮ ਅਦਾਕਾਰ ਰਾਣਾ ਰਣਬੀਰ ਨੇ ਕੈਨੇਡਾ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਲਗਪਗ ਸਾਰੇ ਪ੍ਰਸਿੱਧ ਸ਼ਹਿਰਾਂ ਵਿਚ ਚਰਚਿਤ ਨਾਟਕ ‘ਮਾਸਟਰ ਜੀ’ ਦਾ ਬੜਾ ਸਫਲ ਮੰਚਨ ਕੀਤਾ। ਮੈਨੂੰ ਇਸ ਨਾਟਕ ਦਾ ਸਹਿ-ਲੇਖਨ ਕਰਨ ਦਾ ਮੌਕਾ ਮਿਲਿਆ।
ਸੋਨੀਆ : ਇੱਕ  ਹੋਰ ਪ੍ਰਸ਼ਨ ਜੋ ਮੇਰੇ ਵੱਲੋਂ  ਆਪ ਨੂੰ ਕੀ ਲੱਗਦਾ , ਕੀ ਕਰਨ ਅਜੇ ਬਾਕੀ ਹੈ ,ਮਨ ਦੀ ਕੋਈ  ਤਲਬ ? ਆਪਣੀ ਕੋਈ ਤਮੰਨਾ ਬਾਰੇ ਦੱਸੋ ਜੋ ਅਜੇ ਪੂਰੀ ਨਹੀਂ ਹੋਈ?
ਜਸਵੰਤ ਜ਼ਫ਼ਰ :— ਹੁਣ ਤੱਕ ਕਦੀ ਕੁਝ ਵਿਸ਼ੇਸ਼ ਕਰਨ ਦੀ ਯੋਜਨਾ ਨਹੀਂ ਬਣਾਈ। ਸੱਚੀ ਗੱਲ ਇਹ ਹੈ ਕਿ ਕੋਈ ਨਾ ਕੋਈ ਚੰਗਾ ਕੰਮ ਮੈਨੂੰ ਆਪਣੇ ਤੇ ਲਾ ਕੇ ਕਰਾ ਲੈਂਦਾ ਹੈ। ਭਵਿੱਖ ਵਿਚ ਵੀਜਿਹੜਾ ਕੰਮ ਲੱਗੇਗਾ ਕਿ ਮੇਰੇ ਹੀ ਕਰਨ ਦਾ ਹੈ ਉਸ ਲਈ ਸਮਾਂ ਸਾਧਨ ਖਰਚਦਾ ਰਹਾਂਗਾ। ਹਮੇਸ਼ਾ ਕੁਝ ਵੀ ਚੰਗਾ ਚੰਗੇਰਾ ਕਰਨ ਲਈ ਤਤਪਰ ਰਹਾਂਗਾ। ਸਾਂਝ ਸਹਿਯੋਗ ਲਈ ਉਪਲਭਦ ਰਹਾਂਗਾ। ਆਪਣੇ ਮਨ ਨੂੰ ਸਾਧਣ ਅਤੇ ਸੋਧਣ ਨੂੰ ਪਹਿਲ ਦੇਵਾਂਗਾ।