ਮੀਤੂ ਜ਼ਿੰਦਾਬਾਦ (ਪੰਜਾਬੀ ਕਹਾਣੀ)

ਲੇਖਕ : ਜਿੰਦਰ
98148-03254

ਹਰਜਿੰਦਰ ਪਾਲ ਦਾ ਸਾਹਿਤਕ ਨਾਮ ਜਿੰਦਰ ਹੈ। ਉਨ੍ਹਾਂ ਦਾ ਜਨਮ 02 ਫਰਵਰੀ, 1954 ਨੂੰ ਪਿੰਡ ਲੱਧੜਾਂ (ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ) ਵਿਖੇ ਹੋਇਆ। ਉਨ੍ਹਾਂ ਨੇ ਬੀ.ਏ. ਕਰਨ ਤੋਂ ਬਾਅਦ ਐੱਮ. ਏ. (ਸੰਨ 1977) ਵਿਚ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਕਿੱਤੇ ਵਜੋਂ ਉਨ੍ਹਾਂ ਤਿੰਨ ਵਾਰ ਮਾਰਕੀਟ ਕਮੇਟੀ, ਨਕੋਦਰ ‘ਚ ਆਕਸ਼ਨ ਰਿਕਾਰਡਰ, ਡੇਢ ਸਾਲ ਅਗਰਵਾਲ ਫਰਮ, ਨਕੋਦਰ ‘ਚ ਮੁਨੀਮਗਿਰੀ, ਜੂਨ 1984 ਤੋਂ 14 ਅਗਸਤ, 1988 ਤੱਕ ਐੱਮ. ਬੀ. ਡੀ. ਪ੍ਰੈੱਸ, ਜਲੰਧਰ ‘ਚ ਪਰੂਫ ਰੀਡਰ, 17 ਅਗਸਤ, 1988 ਤੋਂ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ‘ਚ ਆਡੀਟਰ ਕੰਮ ਕੀਤਾ ਤੇ 29 ਫਰਵਰੀ, 2012 ਨੂੰ ਸਟੇਟ ਟ੍ਰਾਂਸਪੋਰਟ, ਪੰਜਾਬ, ਚੰਡੀਗੜ੍ਹ ਤੋਂ ਰਿਟਾਇਰ ਹੋਏ। ਸਾਹਿਤ ਜਗਤ ਵਿਚ ਉਨ੍ਹਾਂ ਦਾ ਬਹੁਤ ਜਾਣਿਆ-ਪਹਿਚਾਣਿਆ ਨਾਮ ਹੈ ਤੇ ਸਾਹਿਤ ਵਿਚ ਉਨ੍ਹਾਂ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਦਰਜਨਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਕਹਾਣੀ ਸੰਗ੍ਰਹਿ : ਮੈਂ, ਕਹਾਣੀ ਤੇ ਉਹ ¸ 1990, 2012, ਤੁਸੀਂ ਨਹੀਂ ਸਮਝ ਸਕਦੇ ¸ 1996, 99, 2004, 2012, 2024, — 1997 (ਹਿੰਦੀ) ¸ 1998 (ਸ਼ਾਹਮੁਖੀ, ਪਾਕਿਸਤਾਨ ‘ਚ), ਨਹੀਂ, ਮੈਂ ਨਹੀਂ ¸ 2000, 2004, 2024, ਬਿਨਾਂ ਵਜ੍ਹਾ ਤਾਂ ਨਹੀਂ — 2004, 2018, ਜ਼ਖ਼ਮ — 2010, 2013, 2014, 2018, 2019, 2023, ਤਹਿਜ਼ੀਬ (ਸਾਰੀਆਂ ਕਹਾਣੀਆਂ) — 2012, 2024, ਕਹਾਣੀਆਂ ਦੇ ਅੰਗ-ਸੰਗ — 2019 ਜ਼ਿਕਰਯੋਗ ਹਨ। ਉਨ੍ਹਾਂ ਰੇਖਾ ਚਿੱਤਰ : ਕਵਾਸੀ ਰੋਟੀ ¸ 1998, 2024, 2025, (ਸ਼ਾਹਮੁਖੀ, ਪਾਕਿਸਤਾਨ ‘ਚ) — 2025, ਜੇ ਇਹ ਸੱਚ ਹੈ ਤਾਂ? ¸ 2004, ਰੋਡੂ ਰਾਜਾ ਉਰਫ਼ ਫ਼ਜ਼ਲਦੀਨ — 2013 ਲਿਖੇ। ਸ੍ਵੈ-ਜੀਵਨੀ : ਇੱਕ ਸੀ ਹਰਜਿੰਦਰ — 2022, 2024, ਹਿੰਦੀ ਕਹਾਣੀ : ਲਾਲ ਮਿੱਟੀ ਵਾਲੀ ਸੜਕ, ਮੋਹ, ਦੂਜਾ ਵਿਸ਼ਵ ਯੁੱਧ, ਕਾਰੋਬਾਰ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਅਨਮੋਲ ਲਿਖਤਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ, ਜਿਸ ਦਾ ਜ਼ਿਕਰ ਅਸੀਂ ਆਉਂਦੇ ਅੰਕਾਂ ਵਿਚ ਕਰਦੇ ਰਹਾਂਗੇ।
ਜਿੰਦਰ ਜੀ ਨੂੰ ਵਿਸ਼ੇਸ਼ ਸਨਮਾਨ J ਗੁਰਦੇਵ ਸਿੰਘ ਬਿਰਹਾ ਐਵਾਰਡ ‘ਤੁਸੀਂ ਨਹੀਂ ਸਮਝ ਸਕਦੇ’ ਕਹਾਣੀ ਸੰਗ੍ਰਹਿ ਲਈ J ‘ਹਮਜ਼ਾਦ’ ਕਹਾਣੀ ਲਈ ਭੱਠਲ ਪੁਰਸਕਾਰ J ਭਾਰਤੀਯ ਸਾਹਿਤਯ ਅਕੈਡਮੀ ਦਾ ਅਨੁਵਾਦ ਪੁਰਸਕਾਰ (2017) J ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ (2024) J ਢਾਹਾਂ ਪੁਰਸਕਾਰ ‘ਸੇਫ਼ਟੀ ਕਿੱਟ’ ਕਹਾਣੀ ਸੰਗ੍ਰਹਿ’ ਲਈ (2024) ਮਿਲ ਚੁੱਕੇ ਹਨ।
98148-03254
5mail : jinder੩੪੦0gmail.com

‘ਮੈਂ ਮੀਤੂ ਨੂੰ ਮਾਰ ਦਿੱਤਾ।’ ਲਿਖ ਕੇ ਹੇਠਾਂ ਦਸਤਖ਼ਤ ਕਰਨ ਹੀ ਲੱਗਾ ਸੀ ਕਿ ਫ਼ੋਨ ਦੀ ਘੰਟੀ ਵੱਜੀ। ਮੈਂ ਪੈੱਨ ਪੈਡ ਤੋਂ ਪਰਾਂਹ ਰੱਖ ਦਿੱਤਾ। ਰਸੀਵਰ ਚੁੱਕ ਕੇ ਕੰਨ ਨੂੰ ਲਾ ਲਿਆ। ਗੁਰਮੀਤ ਕਲਸੀ ਦੀ ਆਵਾਜ਼ ਆਈ, ”ਵੱਡੇ ਭਾਈ ਕੀ ਕਰਦਾਂ?” ਮੈਂ ਉਹਨੂੰ ਦੱਸਿਆ ਕਿ ਮੈਂ ਆਪਣਾ ਆਖ਼ਰੀ ਫ਼ੈਸਲਾ ਕਰ ਲਿਆ ਹੈ। ਫ਼ੈਸਲਾ ਮਤਲਬ ਮੈਂ ਮੀਤੂ ਨੂੰ ਮਾਰ ਦਿੱਤਾ। ਮੈਂ ਇਸ ਤੋਂ ਤੰਗ ਆ ਗਿਆ ਸੀ। ਇਹ ਬਿਨਾਂ ਵਜ੍ਹਾ ਹੀ ਕਲੇਸ਼ ਖੜ੍ਹਾ ਕਰ ਦਿੰਦਾ। ਜੇ ਮੈਂ ਕਿਤੇ ਸਮਝੌਤਾ ਕਰਨ ਦੇ ਮੂਡ ਵਿੱਚ ਵੀ ਹੋਵਾਂ ਤਾਂ ਇਹ ਮੇਰੀ ਕੋਈ ਪੇਸ਼ ਨਹੀਂ ਜਾਣ ਦਿੰਦਾ। ਆਖ਼ਰ ਮੈਂ ਵੀ ਇਸ ਸਮਾਜ ਦਾ ਹਿੱਸਾ ਹਾਂ। ਜ਼ਿੰਦਗੀ ਵਿੱਚ ਕਈ ਹਬੀਆਂ-ਨਬੀਆਂ ਆਉਂਦੀਆਂ ਨੇ। ਸੌ ਗੱਲਾਂ ਦੇਖਣ ਵਾਲੀਆਂ ਹੁੰਦੀਆਂ। ਪਰਖਣ ਵਾਲੀਆਂ ਹੁੰਦੀਆਂ। ਸਾਰੀ ਉਮਰ ਇੱਕੋ ਜਿਹੀ ਨਹੀਂ ਰਹਿੰਦੀ। ਇਹ ਤਾਂ ਜਦੋਂ ਘੋੜੇ ‘ਤੇ ਸਵਾਰ ਹੋ ਜਾਂਦਾ ਤਾਂ ਰੱਬ ਦੀ ਧੀ-ਭੈਣ ਇੱਕ ਕਰ ਦਿੰਦਾ। ਮੇਰੇ ਬੇਟੇ ਦੀ ਇੱਕ ਨਾ ਸੁਣਨ ਦਿੰਦਾ। ਧੀ ਪ੍ਰਤੀ ਵੀ ਵਿਦਰੋਹੀ ਹੋ ਜਾਂਦਾ। ਮੇਰੇ ਪੋਤਰੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦਾ। ਕਹਿੰਦਾ-”ਜਦੋਂ ਤੇਰਾ ਪੁੱਤ ਤੇਰਾ ਨ੍ਹੀਂ ਹੋਇਆ, ਪੋਤੇ ਤੋਂ ਕਿਸ ਗੱਲ ਦੀ ਆਸ ਰੱਖਦਾਂ। ਆਪਣੀ ਪਕਾਅ। ਮੌਜਾਂ ਨਾਲ ਖਾ। ਤੈਨੂੰ ਕਿਸੇ ਦਾ ਫ਼ਿਕਰ ਕਰਨ ਦੀ ਕੀ ਲੋੜ ਏ।”


ਕਲਸੀ ਨੇ ਮੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਹੱਸਦਿਆਂ ਹੋਇਆਂ ਪੁੱਛਿਆ, ”ਕਿੰਨਵਾਂ ਪੈੱਗ ਲਾ ਲਿਆ?” ਮੈਂ ਉਹਨੂੰ ਕਿਹਾ ਕਿ ਇਸ ਗੱਲ ਦਾ ਕਿੰਨਵੇਂ ਪੈੱਗ ਨਾਲ ਕੀ ਸੰਬੰਧ ਹੋਇਆ। ਉਸ ਫੇਰ ਕਿਹਾ, ”ਹੈ। ਹੈ ਕਿਉਂ ਨ੍ਹੀਂ?”
”ਮੈਂ ਕਹਿਨਾਂ ਕਿ ਕੋਈ ਵੀ ਨ੍ਹੀਂ।” ਮੈਂ ਤਿੜ ਕੇ ਕਿਹਾ ਸੀ।
”ਠੀਕ ਆ। ਤੀਜਾ ਪੈੱਗ ਲਾ ਕੇ ਮੈਨੂੰ ਫ਼ੋਨ ਕਰਿਉ। ਤੁਹਾਡਾ ਇਹ ਫੈਸਲਾ ਮੈਂ ਬਹੁਤ ਵਾਰ ਸੁਣ ਚੁੱਕਾਂ।”
”ਹੁਣ ਇਹ ਮੇਰਾ ਫ਼ਾਈਨਲ ਡੀਸੀਜ਼ਨ ਏ।”
”ਮੈਂ ਜਾਣਦਾਂ।”
”ਤੂੰ ਟੱਟੂ ਦਾ ਜਾਣਦਾਂ।”
”ਤੁਹਾਡੇ ਪੋਤੇ ਦਾ ਫ਼ੋਨ ਤਾਂ ਨ੍ਹੀਂ ਆ ਗਿਆ?”
”ਉਹਦਾ ਫ਼ੋਨ ਤਾਂ ਹਫ਼ਤੇ ‘ਚ ਇੱਕ ਵਾਰ ਆ ਹੀ ਜਾਂਦਾ।”
”ਆ ਜਾਂਦਾ ਕਿ ਤੁਸੀਂ ਕਰਦੇ ਓਂ?”
”ਇੱਕ-ਦੋ ਵਾਰ ਮੈਂ ਕਰਦਾਂ। ਇੱਕ ਅੱਧ ਵਾਰ ਉਹਦਾ ਆ ਜਾਂਦਾ।”
”ਤੁਹਾਨੂੰ ਪਤਾ ਜਿੱਥੇ ਆਪਾਂ ਰਹਿੰਦੇ ਆਂ ਇੱਥੇ ਤਾਂ ਬੱਚੇ ਪਿਉ ਨੂੰ ਟਿਚ ਨ੍ਹੀਂ ਸਮਝਦੇ। ਬਾਬੇ ਨੂੰ ਕੌਣ ਜਾਣਦਾ? ਉਨ੍ਹਾਂ ਲਈ ਤੁਸੀਂ ਤੇ ਮੈਂ ਕਿਸ ਬਾਗ ਦੀ ਮੂਲੀ ਆਂ। ਵਿੱਚੋਂ ਗੱਲ ਹੋਰ ਲੱਗਦੀ ਏ। ਸੱਚ-ਸੱਚ ਦੱਸੋ।”
”ਤੈਨੂੰ ਮੇਰੀਆਂ ਗੱਲਾਂ ਦਾ ਇਤਬਾਰ ਕਿਉਂ ਨ੍ਹੀਂ ਆਉਂਦਾ?”
”ਕਿਉਂਕਿ ਮੈਂ ਤੁਹਾਨੂੰ ਪਿਛਲੇ ਦਸ ਸਾਲਾਂ ਤੋਂ ਜਾਣਦਾਂ।”
”ਤੂੰ ਮੈਨੂੰ ਖੇਹ ਤੇ ਸੁਆਹ ਜਾਣਦਾਂ।” ਮੈਨੂੰ ਉਸ ਦੀਆਂ ਗੱਲਾਂ ਨੇ ਖਿੱਝ ਚੜ੍ਹਾ ਦਿੱਤੀ ਸੀ। ਇਸੇ ਖਿੱਝ ਵਿੱਚ ਮੈਥੋਂ ਇਹ ਦੱਸਿਆ ਗਿਆ, ”ਹੁਣ ਮੈਥੋਂ ਇਕੱਲਿਆ ਨ੍ਹੀਂ ਰਿਹਾ ਜਾਂਦਾ।”
”ਸੋਚ ਲਓ- ਇੱਕ ਵਾਰ ਫੇਰ ਸੋਚ ਲਉ। ਜਦੋਂ ਬੰਦੇ ਨੂੰ ਇਕੱਲਿਆਂ ਰਹਿਣ ਦੀ ਆਦਤ ਪੈ ਜਾਵੇ ਤਾਂ ਉਹ ਕਿਸੇ ਦੂਜੇ ਨਾਲ ਅਡਜਸਟ ਨ੍ਹੀਂ ਹੋ ਸਕਦਾ।”
”ਮੈਂ ਕਿਸੇ ਨਾਲ ਨ੍ਹੀਂ-ਆਪਣੇ ਪੁੱਤ ਨਾਲ ਰਹਿਣ ਚੱਲਿਆਂ। ਜੇ ਨਾ ਬਣੀ ਤਾਂ ਲਾਗੇ-ਛਾਗੇ ਆਪਣਾ ਵੱਖਰਾ ਮਕਾਨ ਲੈ ਲਵਾਂਗਾ। ਮੇਰੇ ਕੋਲ ਕਿਹੜਾ ਪੈਸਿਆਂ ਦਾ ਘਾਟਾ। ਹੁਣ ਮੈਂ ਆਪਣੇ ਪੋਤੇ ਦਾ ਸਾਥ ਚਾਹੁੰਣਾਂ।”
”ਤੁਸੀਂ ਜ਼ਿਆਦਾ ਬੁੱਢੇ ਹੋ ਗਏ ਹੋਂ ?”
”ਬਿਲਕੁਲ ਹੀ ਨ੍ਹੀਂ।”
”ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਹਫ਼ਤੇ ਦਸੀਂ-ਦਿਨੀਂ ਕੋਈ ਜ਼ਨਾਨੀ ਸੱਦ ਲਿਆ ਕਰੋ।”
”ਕਿੱਥੋਂ?”
”ਦੱਸੋ, ਇੱਥੇ ਜ਼ਨਾਨੀਆਂ ਦਾ ਘਾਟਾ। ਮੈਨਰੋ ਵਾਲਿਆਂ ਨੂੰ ਫ਼ੋਨ ਕਰੋ। ਇੱਕ ਦੀ ਥਾਂ ਭਾਵੇਂ ਪੰਜ ਮੰਗਵਾ ਲਉ।”
”ਹੌਸਲਾ ਹੀ ਨ੍ਹੀਂ ਪੈਂਦਾ।”
”ਮੈਂ ਆਪ ਲੈ ਕੇ ਆਵਾਂ?”
”ਨ੍ਹੀਂ।”
”ਫੇਰ ਬ੍ਰਾਈਟ ਪੱਬ ‘ਚ ਜਾ ਕੇ ਬੀਅਰ ਦਾ ਗਲਾਸ ਤਾਂ ਪੀਤਾ ਹੀ ਜਾ ਸਕਦਾ ਏ ਨਾ। ਨਾਲੇ ਸਟੈਸਪਟੀਜ਼ ਦੇ ਨਜ਼ਾਰੇ ਲਉ। ਪੈਸੇ ਜੋੜ-ਜੋੜ ਕੇ ਕਿੱਥੇ ਲੈ ਜਾਣੇ ਨੇ?”
”ਬਲਬੀਰੋ ਦੇ ਜਾਣ ਬਾਅਦ ਤਾਂ ਮੈਂ ਨੰਗੀ ਔਰਤ ਨੂੰ ਦੇਖਣ ਲਈ ਤਰਸ ਗਿਆਂ।”
”ਤੁਸੀਂ ਇੱਕ ਔਰਤ ਨੂੰ ਤਰਸਦੇ ਹੋ ਤੇ ਇੱਕ ਮੈਂ ਹਾਂ ਕਿ ਜਦੋਂ ਵੀ ਮਰਿਆ-ਕਿਸੇ ਸੋਹਣੀ-ਸੁਨੱਖੀ ਜਨਾਨੀ ਨਾਲ ਹੀ ਪਿਆ ਮਰੂੰਗਾ।”
ਉਹਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਮੈਨੂੰ ਪਤਾ ਕਿ ਉਹ ਮੈਨੂੰ ਖ਼ੁਸ਼ ਕਰਨ ਲਈ ਹੀ ਇਹ ਗੱਲ ਕਹਿ ਰਿਹਾ ਸੀ। ਮੈਂ ਆਪਣੀ ਬੇਟੀ ਤੇ ਮੁੰਡੇ ਕੋਲ ਝੂਠ ਬੋਲ ਸਕਦਾਂ ਪਰ ਉਸ ਕੋਲ ਨਹੀਂ। ਉਹ ਵੀ ਇਸ ਗੱਲ ਨੂੰ ਜਾਣਦਾ। ਪਰ ਫੇਰ ਵੀ ਉਸ ਨੂੰ ਮੇਰੇ ਫ਼ੈਸਲੇ ਦਾ ਇਤਬਾਰ ਨਹੀਂ ਆ ਰਿਹਾ।
”ਭਾਈ ਸਾਹਿਬ, ਪੈੱਗ ਲਾਉਣੇ ਸ਼ੁਰੂ ਕਰੋ। ਮੈਂ ਘੰਟੇ ਕੁ ਬਾਅਦ ਫ਼ੋਨ ਕਰੂੰਗਾ। ਮੈਨੂੰ ਪਤਾ ਕਿ ਪਹਿਲਾ ਪੈੱਗ ਪੀ ਕੇ ਤੁਹਾਡੀ ਟੋਨ ਹੋਰ ਹੁੰਦੀ ਏ। ਦੂਜੇ ਵੇਲੇ ਹੋਰ। ਤੀਜੇ ਪੈੱਗ ਤੋਂ ਬਾਅਦ ਤੁਸੀਂ ਸਿਰਫ਼ ਤੇ ਸਿਰਫ਼ ਮੇਰੇ ਨਾਲ ਹੀ ਗੱਲਾਂ ਕਰਦੇ ਹੋ।”
ਉਸ ਨੇ ਫ਼ੋਨ ਬੰਦ ਕਰ ਦਿੱਤਾ। ਮੈਂ ਰਸੋਈ ਵਿੱਚ ਗਿਆ। ਪਹਿਲਾ ਪੈੱਗ ਪਾਉਣ ਤੋਂ ਪਹਿਲਾਂ ਮੈਂ ਫਰਾਈ ਕੀਤੀ ਹੋਈ ਮੱਛੀ ਵਾਲੀ ਪਲੇਟ ਮੇਜ਼ ‘ਤੇ ਲਿਆ ਰੱਖੀ। ਪੈੱਗ ਪੀਤਾ। ਆਲੇ-ਦੁਆਲੇ ਖਿਲਰੀਆਂ ਚੀਜ਼ਾਂ ਵੱਲ ਪਹਿਲਾਂ ਧਿਆਨ ਨਾਲ ਦੇਖਿਆ। ਫੇਰ ਓਪਰਿਆਂ ਵਾਂਗੂੰ। ਮੈਨੂੰ ਕਲਸੀ ਦਾ ਕਿਹਾ ਸੱਚ ਲੱਗਾ ਕਿ ਮੈਂ ਤੀਜਾ ਪੈੱਗ ਪੀ ਕੇ ਹੋਰ ਹੁੰਦਾ ਹਾਂ। ਮੇਰੇ ਵਿਚਲਾ ਮੀਤੂ ਜਾਗ ਪੈਂਦਾ ਹੈ। ਕਦੇ-ਕਦਾਈਂ ਇਹ ਸੋਫ਼ੀ ਹੁੰਦਿਆਂ ਵੀ ਜਾਗ ਪੈਂਦਾ ਹੈ। ਜਿੱਥੇ ਕਿਤੇ ਸਮਝੌਤਾ ਕਰਨਾ ਪਵੇ, ਮਲਕੀਤ ਹਾਜ਼ਰ ਹੁੰਦਾ ਹੈ। ਜਿੱਥੇ ਅੜਣਾ ਹੋਵੇ, ਉੱਥੇ ਮੀਤੂ। ਇਸ ਐਵਨੀਊ ਵਿੱਚ ਮੇਰੇ ਵਰਗੇ ਕਿੰਨੇ ਕੁ ਲੋਕ ਰਹਿੰਦੇ ਨੇ? ਬਹੁਤ ਘੱਟ। ਬਹੁਤੇ ਅਨਪੜ੍ਹ ਕਿਸਮ ਦੇ ਨੇ। ਪਾਰਕ ਵਿੱਚ ਸੈਰ ਕਰਨ ਗਏ ਨੂੰ ਕਈ ਜਣੇ ਮਿਲ ਪੈਂਦੇ। ਨੂੰਹ-ਪੁੱਤ ਦੇ ਸਤਾਏ ਹੋਏ। ਪੈਨਸ਼ਨ ਦੇ ਲਾਲਚੀ। ਇਨ੍ਹਾਂ ਵਿੱਚੋਂ ਬਹੁਤੇ ਪਿਛਲੀ ਉਮਰ ਵਿੱਚ ਇੱਥੇ ਆਏ ਨੇ। ਵਾਰ-ਵਾਰ ਪਿੱਛੇ ਨੂੰ ਯਾਦ ਕਰਦੇ ਨੇ। ਦੋਚਿੱਤੀ ਵਿੱਚ ਫਸੇ ਨੇ। ਇੱਥੇ ਰਹਿਣ ਜਾਂ ਵਾਪਸ ਚਲੇ ਜਾਣ-ਇਨ੍ਹਾਂ ਕੋਲੋਂ ਕੁਝ ਨਹੀਂ ਹੋਣਾ। ਇਹ ਮੇਰੇ ਨਾਲ ਜੀ ਤੋਂ ਬਿਨਾਂ ਗੱਲ ਨਹੀਂ ਕਰਦੇ। ਮੈਂ ਇਨ੍ਹਾਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਕਰ ਦਿੰਨਾਂ। ਇਹ ਮੇਰਾ ਜੀਅ ਲਾਈ ਰੱਖਦੇ। ਘਰੇ ਵੀ ਆ ਕੇ ਮਹਿਫ਼ਲ ਲਾਉਂਦੇ। ਐਦਾਂ ਉੱਦਾਂ ਦੀਆਂ ਸੋਚਾਂ ਵਿੱਚ ਮੈਂ ਦੂਜਾ ਪੈੱਗ ਖਤਮ ਕਰ ਦਿੱਤਾ। ਪੈਡ ਬਾਲ-ਪੈੱਨ ਲੈ ਕੇ ਘਰ ਵਿਚਲੀਆਂ ਚੀਜ਼ਾਂ ਦੀ ਲਿਸਟ ਬਣਾਉਣ ਲੱਗਾ। ਮੈਨੂੰ ਲੱਗਾ ਕਿ ਹੁਣ ਮੈਂ ਪਹਿਲਾਂ ਜਿਹਾ ਨਹੀਂ ਰਿਹਾ।
‘ਮੈਂ ਬੜਾ ਕੁਸ਼ ਸੋਚ ਸਮਝ ਕੇ ਇਹ ਕਦਮ ਚੁੱਕ ਰਿਹਾਂ। ਮੈਂ ਇਸ ਦੁਨੀਆ ਵਿੱਚ ਰਹਾਂ ਜਾਂ ਨਾ ਰਹਾਂ-ਕਿਸੇ ਨੂੰ ਕੀ ਫ਼ਰਕ ਪੈਣਾ। ਮਾਈ ਟਾਈਮ ਇਜ ਓਵਰ…।’ ਇਹ ਮੇਰੀ ਅੰਦਰਲੀ ਆਵਾਜ਼ ਸੀ।
ਇੱਕ ਵਾਰ ਤਾਂ ਮੈਨੂੰ ਲੱਗਾ ਕਿ ਜਿੱਦਾਂ ਮੈਂ ਤੀਜਾ ਪੈੱਗ ਨਹੀਂ, ਅਜੇ ਪਹਿਲਾ ਹੀ ਪੈੱਗ ਲਾਇਆ ਹੋਵੇ। ਮੈਂ ਸ਼ੱਕ ਦੂਰ ਕਰਨ ਲਈ ਰਸੋਈ ਵਿੱਚ ਗਿਆ। ਬੋਤਲ ਦੇਖੀ। ਬੋਤਲ ਅੱਧੀ ਖਾਲੀ ਸੀ। ਮੈਂ ਰੋਜ਼ ਤਿੰਨ ਪੈੱਗ ਪੀਂਦਾ ਹਾਂ। ਪਹਿਲਾ ਪੈੱਗ, ਗਲਾਸੀ ਦਾ ਚੌਥਾ ਹਿੱਸਾ। ਇਸ ਦਾ ਨਾਂ ਮੈਂ ‘ਸੰਤਰੀ’ ਰੱਖਿਆ। ਦੂਜੇ ਪੈੱਗ ਵਿੱਚ ਗਲਾਸੀ ਅੱਧੀ ਕਰ ਲੈਂਦਾ ਹਾਂ। ਇਹਨੂੰ ਮੈਂ ‘ਵਜ਼ੀਰ’ ਕਹਿਨਾਂ। ਤੀਜਾ ਪੈੱਗ ਗਲਾਸੀ ਨੱਕੋ-ਨੱਕ ਭਰੀ ਹੋਈ। ਇਹ ‘ਬਾਦਸ਼ਾਹ’ ਹੁੰਦਾ। ਮੈਂ ਇੱਕੋ ਵਾਰ ਤਿੰਨ ਗਲਾਸਾਂ ਵਿੱਚ ਸ਼ਰਾਬ ਪਾ ਕੇ ਰੱਖ ਦਿੰਦਾ ਹਾਂ। ਬਾਕੀ ਬਚੀ ਹੋਈ ਦੂਜੇ ਦਿਨ ਲਈ ਸੰਭਾਲ ਕੇ ਰੱਖ ਲੈਂਦਾ ਹਾਂ। ਬੋਤਲ ਦੱਸਦੀ ਸੀ ਕਿ ਮੈਂ ਆਪਣਾ ਕੋਟਾ ਪੂਰਾ ਕਰ ਲਿਆ। ਮੈਨੂੰ ਹੁਣ ਹੋਰ ਨਹੀਂ ਪੀਣੀ ਚਾਹੀਦੀ। ਮੈਂ ਕਦੇ ਇਸ ਤੋਂ ਵੱਧ ਪੀਤੀ ਹੀ ਨਹੀਂ। ਮੇਰੇ ਡਾਕਟਰ ਨੇ ਵੀ ਮੈਨੂੰ ਇਸ ਪ੍ਰਤੀ ਸੁਚੇਤ ਕੀਤਾ ਸੀ।
ਮੈਂ ਮੁੜ ਕੁਰਸੀ ‘ਤੇ ਆ ਬੈਠਾ। ਮੇਰੇ ਸਾਹਮਣੇ ਮੇਰਾ ਹੀ ਲਿਖਿਆ ਹੋਇਆ ਪਿਆ ਹੈ। ਮੈਂ ਤਾਂ ਸਿਰਫ਼ ਇੰਨਾ ਕੁ ਹੀ ਕਰਨਾ ਕਿ ਹੇਠਾਂ ਆਪਣੇ ਦਸਤਖ਼ਤ ਕਰਨੇ ਨੇ। ਇਹ ਕਿਹੜਾ ਔਖਾ ਕੰਮ ਹੈ। ਹੁਣ ਨਹੀਂ ਤਾਂ ਸਵੇਰ ਨੂੰ ਕਰ ਦਊਂਗਾ। ਮੈਨੂੰ ਕਿਹੜਾ ਕੋਈ ਰੋਕਣ ਵਾਲਾ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਮੈਂ ਉਹੀ ਕੁਝ ਕੀਤਾ ਹੈ, ਜੋ ਮੇਰੀ ਆਤਮਾ ਨੇ ਕਿਹਾ ਹੈ। ਮੈਂ ਕਿਸੇ ਦਾ ਗੁਲਾਮ ਨਹੀਂ। ਸਰਕਾਰ ਵੱਲੋਂ ਪੈਨਸ਼ਨ ਮਿਲਦੀ ਹੈ। ਆਪਣੀ ਮਰਜ਼ੀ ਦਾ ਖਾਣਾ-ਪੀਣਾ ਤੇ ਸੌਣਾ। ਹੁਣ ਕਦੇ ਕਦੇ ਮਨ ਵਿੱਚ ਕਾਹਲ ਜਿਹੀ ਪੈਂਦੀ ਕਿ ਮੈਂ ਆਪਣੇ ਪਰਿਵਾਰ ਵਿੱਚ ਬੈਠਾਂ। ਹੱਸਾਂ। ਆਪਣੇ ਪੁੱਤ-ਨੂੰਹ ਨਾਲ ਲੜਾਂ। ਰੁੱਸਾਂ। ਮੰਨਾਂ। ਮੰਨਾਵਾਂ। ਪਰ ਮੀਤੂ ਨੇ ਮੈਨੂੰ ਕੁਝ ਕਰਨ ਨਹੀਂ ਦਿੱਤਾ ਸੀ। ਮੇਰੇ ਪੈਰਾਂ ਨੂੰ ਬੇੜੀਆਂ ਨਾਲ ਬੰਨ੍ਹ ਦਿੱਤਾ ਸੀ।
ਸ਼ਾਮੀਂ ਮੈਂ ਵਿਕਾਸ ਨੂੰ ਫ਼ੋਨ ‘ਤੇ ਦੱਸਿਆ ਸੀ, ”ਬੇਟਾ, ਮੈਂ ਤੇਰੇ ਕੋਲ ਆ ਰਿਹਾਂ।”
”ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਵੋ।” ਉਸ ਦੀ ਆਵਾਜ਼ ਵਿੱਚ ਚਾਅ ਸੀ।
”ਮੈਂ ਪੱਕਾ ਰਹਿਣ ਆ ਰਿਹਾਂ।”
”ਮੈਂ ਤਾਂ ਤੁਹਾਨੂੰ ਕਹਿ-ਕਹਿ ਕੇ ਥੱਕ ਗਿਆਂ। ਤੁਸੀਂ ਸਾਡੇ ਕੋਲ ਰਹੋ। ਗੋਰੂ ਨਾਲ ਗੇਮਾਂ ਖੇਡਿਓ। ਗੈਰੀ ਨਾਲ ਫੁਟਬਾਲ।”
”ਤੂੰ ਮੈਨੂੰ ਝੱਲ ਲਵੇਂਗਾ?”
”ਡੈਡੀ ਜੀ, ਕਿਹੋ ਜਿਹੀਆਂ ਓਪਰੀਆਂ ਗੱਲਾਂ ਕਰਦੇ ਹੋ। ਮੈਂ ਤੁਹਾਡਾ ਪੁੱਤ ਆਂ। ਤੋਸ਼ੀ ਨੇ ਮੈਨੂੰ  ਕਈ ਵਾਰ ਕਿਹਾ ਕਿ ਡੈਡੀ ਜੀ ਨੂੰ ਜਾ ਕੇ ਲੈ ਆਓ। ਹੁਣ ਉਨ੍ਹਾਂ ਦੀ ਇਕੱਲਿਆਂ ਰਹਿਣ ਦੀ ਉਮਰ ਨ੍ਹੀਂ। ਮੈਂ ਡਰਦਾ ਮਾਰਾ ਆਇਆ ਹੀ ਨ੍ਹੀਂ ਕਿ ਪਤਾ ਨ੍ਹੀਂ ਅੱਗੋਂ ਤੁਸੀਂ ਨਾਂਹ ਹੀ ਨਾ ਕਰ ਦਿਓ।”
”ਹੁਣ ਮੈਂ ਪੱਕਾ ਫ਼ੈਸਲਾ ਕਰ ਲਿਆ। ਕੱਲ੍ਹ ਨੂੰ ਪੈੱਗ ਤੇਰੇ ਕੋਲ ਆ ਕੇ ਲਾਉਣਾ। ਮੈਂ ਆਪਣਾ ਸਾਜੋ-ਸਾਮਾਨ ਸਾਂਭਣਾ ਸ਼ੁਰੂ ਕਰ ਦਿੱਤਾ। ਮਕਾਨ ਨੂੰ ਵੇਚਣ ਲਈ ਡੀਲਰ ਨਾਲ ਗੱਲਬਾਤ ਹੋ ਗਈ। ਜਿੰਨੇ ਦਾ ਵੀ ਵਿਕਿਆ, ਉਹ ਪੈਸੇ ਮੈਂ ਗੈਰੀ ਦੇ ਨਾਂ ਬੈਂਕ ‘ਚ ਜਮ੍ਹਾਂ ਕਰਵਾ ਦੇਣੇ। ਮੇਰੇ ਪੋਤੇ ਨੂੰ ਪਤਾ ਲੱਗੂ ਕਿ ਉਹਦਾ ਗਰੈਂਡ-ਫਾਦਰ ਉਸ ਲਈ ਕੀ-ਕੀ ਸੋਚਦਾ ਹੁੰਦਾ ਸੀ।”
”ਇਹ ਤੁਹਾਡੀ ਪ੍ਰੋਪਰਟੀ ਏ। ਜਿੱਦਾਂ ਤੁਹਾਨੂੰ ਚੰਗਾ ਲੱਗਦਾ- ਉੱਦਾਂ ਹੀ ਕਰ ਲਉ। ਸਾਨੂੰ ਤੁਹਾਡੇ ਪੈਸੇ ਨ੍ਹੀਂ ਚਾਹੀਦੇ। ਬਸ, ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ‘ਤੇ ਰੱਖ ਦਿਓ। ਸਾਡੇ ਲਈ ਇਹੀ ਬਹੁਤ ਵੱਡੀ ਗੱਲ ਏ।”
ਵਿਕਾਸ ਦੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਭਾਵੁਕ ਕਰ ਦਿੱਤਾ ਸੀ। ਉਹ ਮੇਰੇ ਬਾਰੇ ਕਿੰਨਾ ਫ਼ਿਕਰਮੰਦ ਹੈ। ਮੈਂ ਹੀ ਆਪਣੀ ਜ਼ਿੱਦ ਕਰ ਕੇ ਇਕੱਲਾ ਰਿਹਾਂ। ਗੈਰੀ ਮੈਨੂੰ ਬਹੁਤ ਪਿਆਰ ਕਰਦਾ। ਮੈਂ ਹਫ਼ਤੇ ਵਿੱਚ ਦੋ-ਤਿੰਨ ਵਾਰ ਉਸ ਨਾਲ ਗੱਲਾਂ ਕਰਦਾਂ। ਉਸ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਨਵੀਆਂ ਗੇਮਾਂ ਬਾਰੇ ਬਹੁਤ ਕੁੱਝ ਜਾਣਨ ਦੀ ਜਗਿਆਸਾ ਹੁੰਦੀ। ਮੈਂ ਉਹਨੂੰ ਉਹਦੀਆਂ ਮਨਪਸੰਦ ਖੇਡਾਂ ਬਾਰੇ ਪੁੱਛਦਾਂ ਤਾਂ ਉਹ ਕਈ ਨਵੀਆਂ ਗੇਮਾਂ ਦੀ ਮੰਗ ਕਰਦਾ। ਮੈਂ ਕਿਸੇ ਆਉਂਦੇ-ਜਾਂਦੇ ਦੇ ਹੱਥ ਭੇਜ ਦਿੰਦਾਂ।
ਮੈਂ ਸਾਮਾਨ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ ਤਾਂ ਤੋਸ਼ੀ ਦਾ ਉਸ ਦੇ ਕੰਮ ਤੋਂ ਫ਼ੋਨ ਆਇਆ, ”ਡੈਡੀ ਜੀ, ਮੈਂ ਤੇ ਵਿਕਾਸ ਨੇ ਸਲਾਹ ਕੀਤੀ ਕਿ ਅਸੀਂ ਤੁਹਾਨੂੰ ਆਪ ਲੈ ਕੇ ਜਾਈਏ। ਨਾਲ ਹੀ ਬੱਚੇ ਹੋਣਗੇ।”
”ਨ੍ਹੀਂ ਪੁੱਤ, ਤੁਸੀਂ ਕਿੱਥੇ ਦੋ ਸੌ ਮੀਲ ਆਊਗੇ, ਜਾਊਂਗੇ। ਫੇਰ ਤੁਹਾਨੂੰ ਕੰਮਾਂ ਤੋਂ ਛੁੱਟੀ ਕਰਨੀ ਪਵੇਗੀ। ਮੈਂ ਕਿਹੜਾ ਬੇਗਾਨੇ ਘਰ ਆਉਣਾ।”
”ਨ੍ਹੀਂ, ਕਦੇ ਸਾਡੀ ਗੱਲ ਵੀ ਮੰਨ ਲਿਆ ਕਰੋ। ਅਸੀਂ ਇੱਥੋਂ ਨੌਂ ਕੁ ਵਜੇ ਤੁਰਾਂਗੇ। ਸਾਢੇ ਗਿਆਰ੍ਹਾਂ, ਹੱਦ ਬਾਰ੍ਹਾਂ ਵੱਜੇ ਤੱਕ ਤੁਹਾਡੇ ਕੋਲ ਪਹੁੰਚ ਜਾਵਾਂਗੇ। ਉੱਥੋਂ ਇੱਕ ਵੱਜੇ ਤੁਰਾਂਗੇ। ਰਾਹ ‘ਚ ਕੁਸ਼ ਹਲਕਾ-ਫੁਲਕਾ ਖਾਵਾਂਗੇ। ਚਾਰ ਕੁ ਵੱਜੇ ਵਾਪਸ ਘਰ। ਰਾਤ ਨੂੰ ਛੋਟੀ ਜਿਹੀ ਪਾਰਟੀ ਰੱਖਾਂਗੇ। ਤੁਹਾਡੇ ਆਉਣ ਦੀ ਖ਼ੁਸ਼ੀ ‘ਚ। ਬਹੁਤੇ ਨ੍ਹੀਂ ਤੇਰ੍ਹਾਂ ਕੁ ਜਣੇ। ਦੀਦੀ ਵੀ ਆਊਗੀ। ਅਸੀਂ ਇਸ ਮੌਕੇ ਨੂੰ ਸੈਲੀਵਰੇਟ ਕਰਨਾ ਚਾਹੁੰਦੇ ਆਂ। ਪਲੀਜ ਨਾਂਹ ਨਾ ਕਰਿਓ।”
”ਠੀਕ ਆ। ਪਰ ਮੇਰੀ ਵੀ ਇੱਕ ਸ਼ਰਤ ਹੋਵੇਗੀ?”
”ਫੇਰ ਉਹੀ ਸ਼ਰਤਾਂ ਵਾਲੀ ਗੱਲ। ਹੁਣ ਅਸੀਂ ਤੁਹਾਡੀ ਕੋਈ ਸ਼ਰਤ ਨ੍ਹੀਂ ਮੰਨਣੀ। ਇਨ੍ਹਾਂ ਸ਼ਰਤਾਂ ਨੇ ਹੀ ਤਾਂ ਪਹਿਲਾਂ ਦੂਰੀਆਂ ਪਾਈਆਂ। ਹੁਣ ਤੁਸੀਂ ਦੇਖਦੇ ਜਾਣਾ। ਇਸ ਸੰਬੰਧੀ ਅਸੀਂ ਤੁਹਾਡੀ ਕੋਈ ਗੱਲ ਨ੍ਹੀਂ ਸੁਣਨੀ।”
”ਤੁਸੀਂ ਤਾਂ ਹੁਣ ਤੋਂ ਹੀ ਮੈਨੂੰ ਡਰਾਉਣ ਲੱਗੇ ਹੋ?”
”ਤੁਸੀਂ ਗੱਲ ਨੂੰ ਸਮਝਿਆ ਕਰੋ। ਸਾਡੀਆਂ ਖ਼ੁਸ਼ੀਆਂ ‘ਚ ਸ਼ਾਮਲ ਹੋਇਆ ਕਰੋ।”
”ਚੱਲੋ ਠੀਕ ਆ। ਜਿੱਦਾਂ ਤੁਹਾਨੂੰ ਚੰਗਾ ਲੱਗਦਾ। ਪਰ ਇੱਕ ਗੱਲ ਦੱਸੋ ਕਿ ਗੈਰੀ ਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਚੰਗੀ ਲੱਗਦੀ ਆ?”
”ਸਕੋਰਫੀਊ ਦਾ ਫੁਟਬਾਲ।”
”ਇਹ ਤਾਂ ਬਹੁਤ ਸਸਤਾ। ਕੋਈ ਮਹਿੰਗੀ ਚੀਜ਼ ਦੱਸੋ।”
”ਇਹ ਸਾਡਾ ਮਸਲਾ ਨ੍ਹੀਂ। ਤੁਸੀਂ ਬਾਬਾ ਪੋਤਾ ਜਾਣੋ।”
ਸਾਮਾਨ ਦੀ ਲਿਸਟ ਬਣਾਉਂਦਿਆਂ ਹੋਇਆਂ ਮੈਨੂੰ ਵਾਰ-ਵਾਰ ਬਲਬੀਰੋ ‘ਤੇ ਗੁੱਸਾ ਆਇਆ। ਮੈਂ ਕਿੰਨੀ ਵਾਰ ਉਹਨੂੰ ਸਮਝਾਇਆ ਸੀ ਕਿ ਇਹ ਪਿੰਡ ਨਹੀਂ ਇੰਗਲੈਂਡ ਹੈ, ਇੰਗਲੈਂਡ ਦਾ ਕੁਵੈਂਟਰੀ ਸ਼ਹਿਰ। ਉੱਨਾ ਹੀ ਸਾਮਾਨ ਖਰੀਦੇ ਜਿੰਨੇ ਕੁ ਦੀ ਉਹਨੂੰ ਲੋੜ ਹੈ। ਉਸ ਦੀ ਤਾਂ ਇਹ ਗੱਲ ਸੀ- ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਜੇ ਇੱਕ ਚੀਜ਼ ਦੀ ਲੋੜ ਹੁੰਦੀ ਤਾਂ ਉਹ ਇੱਕ ਦੀ ਥਾਂ ‘ਤੇ ਚਾਰ ਖਰੀਦਦੀ। ਫੇਰ ਕਲਪਦੀ ਕਿ ਉਸ ਕੋਲੋਂ ਘਰ ਦੀਆਂ ਚੀਜ਼ਾਂ-ਵਸਤਾਂ ਸੰਭਾਲੀਆਂ ਨਹੀਂ ਜਾਂਦੀਆਂ। ਮੈਂ ਉਹਨੂੰ ਖਿਝਾਉਂਦਾ, ”ਤੂੰ ਤਾਂ ਬੱਲੇ-ਬੱਲੇ ਕਰਵਾਈ ਜਾਣੀ ਏਂ। ਦੇਖ-ਦੇਖ ਕੇ ਖ਼ੁਸ਼ ਹੁੰਦੀ ਰਹਿਣੀ ਆਂ। ਆਹ ਸੈਟੀ ਸੁੱਟ ਕੇ ਹੋਰ ਲੈ ਆ।” ਉਹ ਮੇਰੇ ਅੱਗੇ ਸਵਾਲ-ਜਵਾਬ ਨਾ ਕਰਦੀ। ਕਈ ਵਾਰ ਤਾਂ ਮੇਰੀ ਕੋਈ ਕਹੀ ਹੋਈ ਗੱਲ ਦਾ ਉਹਨੂੰ ਪਤਾ ਹੀ ਨਾ ਲੱਗਦਾ। ਮੈਨੂੰ ਆਪਣੇ ਦੋਸਤ ਭਿੰਡਰ ਦਾ ਕਿਹਾ ਯਾਦ ਆ ਜਾਂਦਾ, ”ਕਈ ਲੋਕਾਂ ਦੀ ਸਾਰੀ ਜ਼ਿੰਦਗੀ ਇੱਥੇ ਬੀਤ ਜਾਂਦੀ ਆ। ਉਨ੍ਹਾਂ ਦਾ ਜਿਸਮ ਤਾਂ ਇੱਥੇ ਰਹਿੰਦਾ ਪਰ ਰੂਹ ਪਿੰਡ ਵਾਲ਼ੇ ਘਰ ਹੀ ਵਾਸ ਕਰਦੀ ਆ।” ਮੈਂ ਜਿਊਂਦਿਆਂ-ਜੀਅ ਬਲਬੀਰੋ ਦੀ ਪ੍ਰਵਾਹ ਨਹੀਂ ਕੀਤੀ। ਆਪਣੀ ਹੀ ਧੁੰਨ ‘ਤੇ ਸਵਾਰ ਹੋਇਆ ਰਿਹਾ। ਪਰ ਉਸ ਦੀ ਅਚਾਨਕ ਇੱਕ ਐਕਸੀਡੈਂਟ ਵਿੱਚ ਹੋਈ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਨੂੰ ਉਹਦੀ ਅਣਹੋਂਦ ਨੇ ਸ਼ਰਾਬ ਵੱਲ ਤੋਰ ਦਿੱਤਾ। ਮੈਂ ਗਲਤੀ-ਦਰ-ਗਲਤੀ ਕਰਨ ਲੱਗਾ। ਇਹ ਗਲਤੀਆਂ ਕਰਨਾ ਆਪਣੇ ਵੱਸ ਵਿੱਚ ਨਾ ਹੁੰਦਾ। ਇਹਦਾ ਤਾਂ ਪਤਾ ਹੀ ਨਾ ਲੱਗਦਾ। ਜਦੋਂ ਲੱਗਦਾ-ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ। ਬਲਬੀਰੋ ਦੇ ਬਾਅਦ ਮੈਨੂੰ ਇਹ ਘਰ ਵੱਢ-ਵੱਢ ਖਾਣ ਨੂੰ ਆਉਂਦਾ। ਮੈਂ ਸੋਚਦਾ ਰਹਿੰਦਾ ਕਿ ਹੁਣ ਜ਼ਿੰਦਗੀ ਦਾ ਅਗਲਾ ਮੋੜ ਕੀ ਹੋਵੇਗਾ? ਕਿਹੋ ਜਿਹਾ ਹੋਵੇਗਾ? ਚਿੱਤ ਕਾਹਲਾ ਜਿਹਾ ਪੈਂਦਾ ਕਿ ਇਹ ਦੇਸ਼ ਛੱਡ ਕੇ ਆਪਣੇ ਜੱਦੀ ਸ਼ਹਿਰ ਲੁਧਿਆਣੇ ਚਲੇ ਜਾਵਾਂ। ਆਪਣੀ ਫੈਕਟਰੀ ਲਾਵਾਂ। ਮੈਨੂੰ ਦੋਸਤਾਂ ਦਾ ਘਾਟਾ ਨਹੀਂ। ਬਥੇਰੇ ਦੋਸਤ ਸਨ। ਉਹ ਸਾਰੇ ਇੱਧਰ ਮੇਰੇ ਕੋਲ ਆਉਂਦੇ। ਮੈਨੂੰ ਲੁਧਿਆਣੇ ਆਉਣ ਲਈ ਜ਼ੋਰ ਪਾਉਂਦੇ ਪਰ ਮੈਂ ਕੰਮਾਂ ਵਿੱਚ ਫਸਿਆ ਇੱਕ ਹਫ਼ਤੇ ਦੀ ਵੀ ਵਿਹਲ ਨਾ ਕੱਢ ਸਕਿਆ। ਮੈਂ ਵਿਆਹ ਦੇ ਆਧਾਰ ‘ਤੇ ਹੀ ਇੱਧਰ ਆਇਆ ਸੀ। ਆਉਣਾ ਨਹੀਂ ਚਾਹੁੰਦਾ ਸੀ ਪਰ ਮੇਰੇ ਪਿਉ ਨੇ ਮੈਨੂੰ ਧੱਕੇ ਨਾਲ ਭੇਜਿਆ ਸੀ। ਮੈਂ ਆਪਣੇ ਪਿਉ ਕੋਲੋਂ ਇੰਨਾ ਡਰਦਾ ਸੀ ਜਾਂ ਅੱਖ ਦੀ ਸ਼ਰਮ ਮੰਨਦਾ ਸੀ ਕਿ ਜਿਸ ਕੁੜੀ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦਾ ਸੀ, ਉਸ ਬਾਰੇ ਦੱਸ ਨਾ ਸਕਿਆ। ਮੈਂ ਆਪਣੇ ਪਿਉ ਦੀ ਜ਼ਿੱਦ ਅੱਗੇ ਬੌਣਾ ਬਣਿਆ ਰਿਹਾ। ਇਸ ਬੌਣੇਪਨ ਨੇ ਮੈਨੂੰ ਬਹੁਤ ਸਾਲ ਉੱਠਣ ਨਾ ਦਿੱਤਾ। ਬਲਬੀਰੋ ਨੇ ਮੈਨੂੰ ਇਸ ਗੱਲ ਦਾ ਕਦੇ ਅਹਿਸਾਸ ਨਾ ਕਰਵਾਇਆ ਕਿ ਉਸ ਮੈਨੂੰ ਇੰਗਲੈਂਡ ਬੁਲਾਇਆ। ਜੇ ਉਹ ਮੈਨੂੰ ਨਾ ਸੰਭਾਲਦੀ ਤਾਂ ਸ਼ਾਇਦ ਮੈਂ ਪਾਗਲ ਹੋ ਜਾਂਦਾ। ਮੈਨੂੰ ਆਪਣੇ ਪਿਉ ਨਾਲ ਨਫ਼ਰਤ ਹੋ ਗਈ ਸੀ। ਮੈਂ ਲੁਧਿਆਣੇ ਤੋਂ ਦਿੱਲੀ ਆਉਂਦਿਆਂ ਸਹੁੰ ਹੀ ਖਾ ਲਈ ਸੀ ਕਿ ਮੈਂ ਮੁੜ ਕੇ ਲੁਧਿਆਣੇ ਨਹੀਂ ਆਉਣਾ। ਮੇਰਾ ਪਿਉ ਮੈਨੂੰ ਦਿੱਲੀ ਦੇ ਏਅਰਪੋਰਟ ‘ਤੇ ਛੱਡਣ ਆਇਆ ਤਾਂ ਮੈਂ ਉਹਦੇ ਗੋਡੇ ਹੱਥ ਲਾਉਂਦਿਆਂ ਹੋਇਆਂ ਕਿਹਾ ਸੀ, ”ਭਾਪਾ ਜੀ, ਮੈਂ ਮੁੜ ਕੇ ਨ੍ਹੀਂ ਆਉਣਾ।” ਅਗਲੇ ਸ਼ਬਦ ‘ਮੈਂ ਤੁਹਾਡੇ ਮੱਥੇ ਨ੍ਹੀਂ ਲੱਗਣਾ।’ ਮੈਂ ਗਲ਼ ਵਿੱਚ ਹੀ ਦਬਾ ਲਏ ਸਨ। ਮੇਰੇ ਪਿਉ ਨੇ ਮੈਨੂੰ ਜੱਫੀ ਪਾ ਲਈ ਸੀ। ਅੱਖਾਂ ਭਰ ਕੇ ਸਮਝਾਇਆ ਸੀ, ”ਜ਼ਿੰਦਗੀ ਦੀ ਗੱਡੀ ਚਲਾਉਣ ਲੱਗਿਆਂ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ। ਹੁਣ ਤੂੰ ਕਬੀਲਦਾਰ ਹੋਣ ਜਾ ਰਿਹਾਂ। ਸੋਚ-ਸਮਝ ਕੇ ਚੱਲੀਂ।”
ਮੇਰਾ ਸਤਰ੍ਹਵਾਂ ਜਨਮ ਦਿਨ ਕਲਸੀ ਨੇ ਸੈਲੀਵਰੇਟ ਕੀਤਾ। ਉਹਨੇ ਮੈਨੂੰ ਗੋਲਡ ਇਨ ਹੋਟਲ ਵਿੱਚ ਪਾਰਟੀ ਦਿੱਤੀ। ਸਾਰਾ ਖਰਚਾ ਉਸ ਨੇ ਕੀਤਾ। ਮੈਂ ਆਪਣੇ ਅਧੂਰੇ ਪਿਆਰ ਦੀ ਕਹਾਣੀ ਉਹਨੂੰ ਸੁਣਾਈ ਤਾਂ ਉਸ ਕਿਹਾ,”ਇੱਕ ਖਰਗੋਸ਼ ਹੁੰਦਾ। ਉਹ ਸੜਕ ਪਾਰ ਕਰਨ ਲੱਗਾ ਅੱਧ ਵਿਚਕਾਰ ਆ ਜਾਂਦਾ। ਸੋਚਣ ਲੱਗਦਾ ਕਿ ਅਗਾਂਹ ਜਾਵੇ ਜਾਂ ਕਿ ਪਿੱਛਾਂਹ ਮੁੜ ਪਏ। ਉਹ ਦੋਚਿੱਤੀ ‘ਚ ਫਸ ਜਾਂਦਾ ਤੇ ਅਖ਼ੀਰ ਕਿਸੇ ਵਹੀਕਲ ਹੇਠ ਆ ਕੇ ਕੁਚਲਿਆ ਜਾਂਦਾ। ਤੇਰੀ ਵੀ ਸਥਿਤੀ ਖਰਗੋਸ਼ ਵਰਗੀ ਸੀ।” ਮੈਨੂੰ ਉਹਦੀ ਗੱਲ ਸੱਚ ਲੱਗੀ। ਹੁਣ ਇਸ ਗੱਲ ਦੀ ਸਮਝ ਲੱਗੀ ਕਿ ਜਿੱਥੇ ਜਗਵਿੰਦਰ ਕੋਲੋਂ ਵਿਛੜਨ ਦਾ ਗ਼ਮ ਸੀ, ਉੱਥੇ ਕਿਤੇ ਨਾ ਕਿਤੇ ਬਾਹਰ ਜਾਣ ਦਾ ਚਾਅ ਵੀ ਸੀ। ਮੈਂ ਆਪਣੇ ਪਿਉ ਸਾਹਮਣੇ ਕਿਉਂ ਨਹੀਂ ਅੜਿਆ? ਉਨ੍ਹਾਂ ਪਲਾਂ ਵਿੱਚ ਮੇਰੇ ਅੰਦਰ ਬੈਠੇ ਮੀਤੂ ਨੇ ਵਿਦਰੋਹ ਕਿਉਂ ਨਹੀਂ ਕੀਤਾ? ਕੀ ਉਹ ਮਰ ਗਿਆ ਸੀ? ਕੀ ਮੈਂ ਉਸ ਦਾ ਗਲ਼ ਘੁੱਟ ਕੇ ਉਹਨੂੰ ਚੁੱਪ ਕਰਵਾ ਦਿੱਤਾ ਸੀ? ਮੈਂ ਉਹੀ ਮਲਕੀਤ ਸੀ ਜਿਸ ਨੇ ਆਪਣੇ ਪਿਉ ਨੂੰ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਟਿੱਚ ਨਹੀਂ ਸਮਝਿਆ ਸੀ। ਉਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰਾ ਪਿਉ ਬਾਜ਼ਾਰੋਂ ਅੰਬ ਲਿਆਇਆ। ਉਹਨੇ ਲਿਫ਼ਾਫ਼ਾ ਲਿਆ ਕੇ ਅੰਗੀਠੀ ‘ਤੇ ਰੱਖ ਦਿੱਤਾ। ਜਦੋਂ ਰਾਤ ਦੀ ਰੋਟੀ ਵੇਲੇ ਉਸ ਪਰਿਵਾਰ ਦੇ ਜੀਆਂ ਨੂੰ ਅੰਬ ਵੰਡੇ ਤਾਂ ਦੋ ਅੰਬ ਘੱਟ ਨਿਕਲੇ। ਉਹਦੀ ਸ਼ੱਕ ਦੀ ਸੂਈ ਮੇਰੇ ‘ਤੇ ਆ ਗਈ। ਉਹਨੇ ਮੈਨੂੰ ਘੂਰ ਕੇ ਕਿਹਾ, ”ਬੰਦੇ ਦਾ ਪੁੱਤ ਬਣ ਕੇ ਸੱਚ-ਸੱਚ ਦੱਸ ਦੇ। ਮੈਂ ਤੈਨੂੰ ਕੁਸ਼ ਨ੍ਹੀਂ ਕਹਿੰਦਾ। ਨ੍ਹੀਂ ਤਾਂ ਅਹੁ ਸਾਹਮਣੇ ਪਈ ਸੋਟੀ ਦੇਖ ਲੈ। ਮੈਨੂੰ ਮਨਾਉਣਾ ਵੀ ਆਉਂਦਾ।” ਮੈਂ ਅੰਬ ਚੋਰੀ ਨਹੀਂ ਕੀਤੇ ਸਨ ਪਰ ਮੇਰਾ ਪਿਉ ਬੜਾ ਅੜਬ ਸੀ। ਉਸ ਮੈਨੂੰ, ਜਿੰਨਾ ਕੁ ਉਹ ਕੁੱਟ ਸਕਦਾ ਸੀ, ਕੁੱਟਿਆ। ਨੰਗਾ ਕਰ ਕੇ ਨਲਕੇ ਕੋਲ ਬਣੇ ਪਾਣੀ ਦੇ ਚੁਬੱਚੇ ਕੋਲ ਲੈ ਗਿਆ। ਮੈਨੂੰ ਲੱਤਾਂ ਤੋਂ ਫੜ ਕੇ ਪੁੱਠਾ ਕਰ ਕੇ ਮੇਰਾ ਸਿਰ ਪਾਣੀ ਵਿੱਚ ਡੁਬੋਇਆ ਪਰ ਮੈਂ ਸੀ ਨਾ ਕੀਤੀ। ਉਹ ਥੱਕ ਗਿਆ। ਮੈਂ ਨਾਂਹ ਵਿੱਚ ਸਿਰ ਹਿਲਾਈ ਗਿਆ। ਉਦੋਂ ਹੀ ਕਿਤੇ ਮੇਰੇ ਅੰਦਰ ‘ਮੀਤੂ’ ਪੈਦਾ ਹੋਇਆ ਸੀ।
”ਤੁਸੀਂ ਲੁਧਿਆਣੇ ਜਾ ਕੇ ਗਲਤੀ ਕੀਤੀ,” ਕਲਸੀ ਨੇ ਆਪਣਾ ਪੈੱਗ ਖਤਮ ਕਰ ਕੇ ਬੁੱਲ੍ਹਾਂ ‘ਤੇ ਪੁੱਠਾ ਹੱਥ ਫੇਰ ਕੇ ਗੱਲ ਅਗਾਂਹ ਤੋਰੀ ਸੀ।
”ਹਾਂ, ਮੈਥੋਂ ਗਲਤੀ ਹੋ ਗਈ।”
”ਮੈਂ ਤੁਹਾਨੂੰ ਕਿੰਨਾ ਸਮਝਾਇਆ ਪਰ ਤੁਸੀਂ ਤਾਂ ਪਤਾ ਨ੍ਹੀਂ ਕਿਹੜੇ ਘੋੜਿਆਂ ‘ਤੇ ਸਵਾਰ ਸੀ। ਮੇਰੀਆਂ ਗੱਲਾਂ ਤੁਹਾਨੂੰ ਵਿਹੁ ਵਰਗੀਆਂ ਲੱਗਦੀਆਂ। ਤੁਸੀਂ ਤਾਂ ਮੇਰਾ ਫ਼ੋਨ ਵੀ ਅਟੈਂਡ ਕਰਨਾ ਬੰਦ ਕਰ ਦਿੱਤਾ ਸੀ।”
”ਮੈਂ ਇਸ ਦੇਸ਼, ਇਸ ਸ਼ਹਿਰ ਤੋਂ ਅੱਕ ਗਿਆ ਸੀ। ਪਿੱਛੇ ਮੇਰੀ ਮਾਂ ਇਕੱਲੀ ਸੀ। ਉਹ ਦੋ ਵਾਰ ਇੰਗਲੈਂਡ ਆਈ ਪਰ ਉਹਦਾ ਇੱਥੇ ਦਿਲ ਨਾ ਲੱਗਾ। ਹਫ਼ਤੇ ਕੁ ਬਾਅਦ ਹੀ ਵਾਪਸ ਜਾਣ ਲਈ ਮੇਰੀਆਂ ਮਿੰਨਤਾਂ ਕਰਨ ਲੱਗੀ। ਮੈਂ ਬੜਾ ਜ਼ੋਰ ਲਾ ਕੇ ਉਹਨੂੰ ਮਹੀਨਾ ਕੁ ਰੱਖਿਆ। ਬਲਬੀਰੋ ਦੇ ਸਸਕਾਰ ‘ਤੇ ਆਈ ਵੀ ਮਹੀਨਾ ਕੁ ਰਹੀ। ਮੈਂ ਮਾਂ ਨੂੰ ਤੀਜੀ ਵਾਰ ਆਉਣ ਲਈ ਕਿਹਾ ਤਾਂ ਉਸ ਕਿਹਾ ਕਿ ਮੈਂ ਹੀ ਆ ਜਾਵਾਂ। ਮਾਂ ਨੇ ਜ਼ੋਰ ਪਾਇਆ ਤਾਂ ਮੈਂ ਜਾਣ ਲਈ ਮਨ ਬਣਾ ਲਿਆ। ਮੈਂ ਆਪਣੇ ਮੁਹੱਲੇ  ਵਿੱਚ ਛਾ ਜਾਣਾ ਚਾਹੁੰਦਾ ਸੀ। ਸ਼ਹਿਰ ‘ਚ ਆਪਣਾ ਸਿੱਕਾ ਜਮਾਉਣਾ ਚਾਹਿਆ ਸੀ। ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨ੍ਹੀਂ ਸੀ। ਦਿਮਾਗ ਸੀ। ਚਹੁੰ ਬੰਦਿਆਂ ‘ਚ ਬੈਠ ਕੇ ਆਪਣੀ ਗੱਲ ਮੰਨਵਾ ਸਕਦਾ ਸੀ। ਸਭ ਨਾਲੋਂ ਵੱਧ ਕੇ ਮੇਰੇ ਦੋਸਤ ਸਨ। ….ਮੈਂ ਇੰਡਸਟਰੀਅਲ ਏਰੀਏ ‘ਚ ਤਿੰਨ ਹਜ਼ਾਰ ਗਜ਼ ਦਾ ਪਲਾਟ ਖਰੀਦਿਆ। ਫਲੈਕਸ ਦੀਆਂ ਪੰਜ ਮਸ਼ੀਨਾਂ ਕੋਰੀਆ ਤੋਂ ਮੰਗਵਾਈਆਂ। ਛੇ ਮਹੀਨਿਆਂ ‘ਚ ਮੈਂ ਪੈਰਾਂ ‘ਤੇ ਖੜ੍ਹੋ ਗਿਆ। ਕੰਮ ਦਾ ਕੋਈ ਘਾਟਾ ਨਾ ਰਿਹਾ। ….ਰੋਜ਼ ਸ਼ਾਮ ਨੂੰ ਮਹਿਫ਼ਲ ਜੁੜਦੀ। ਦੇਰ ਰਾਤ ਤੱਕ ਦੌਰ ਚੱਲਦੇ। ਕਈ ਮੇਰੇ ਕੋਲ ਹੀ ਸੌਂ ਜਾਂਦੇ। ਉਨ੍ਹਾਂ ‘ਚ ਇੱਕ ਪਵਿੱਤਰ ਸਿੰਘ ਵੀ ਸੀ। ਉਸ ਦਾ ਵੀ ਫਲੈਕਸ ਦਾ ਕੰਮ ਸੀ। ਇੱਕ ਪਾਰਟੀ ਦਾ ਆਰਡਰ ਆਇਆ। ਦੋ ਲੱਖ ਸਕੇਅਰ ਫੁੱਟ ਦੇ ਇਸ਼ਤਿਹਾਰ ਛਪਣੇ ਸਨ। ਮੈਂ ਘੱਟ ਰੇਟ ‘ਤੇ  ਬੁੱਕ ਕਰ ਲਿਆ। ਪਵਿੱਤਰ ਨੇ ਕਿੰਤੂ-ਪਰੰਤੂ ਕੀਤਾ। ….ਮੇਰੇ ਵਿਚਲੇ ਮੀਤੂ ਨੇ ਉਸ ਨੂੰ ਚੂਤੀਆ ਕਹਿ ਦਿੱਤਾ। ਉਹ ਮੇਰਾ ਵਿਰੋਧੀ ਬਣ ਗਿਆ। ਉਸ ਨੇ ਇੱਕ-ਇੱਕ ਕਰ ਕੇ ਮੇਰੇ ਦੋਸਤ ਪੁੱਟ ਲਏ। ਮੇਰੇ ਸਾਹਮਣੇ ਕੁਲਵੰਤ ਦੀ ਫੈਕਟਰੀ ‘ਚ ਮਹਿਫ਼ਲ ਜੰਮਦੀ ਪਰ ਮੈਨੂੰ ਕੋਈ ਬੁਲਾਉਂਦਾ ਹੀ ਨਾ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਹੀ ਹਟਦੇ ਗਏ। ਉਹ ਤਾਂ ਮੇਰੇ
ਦੁਸ਼ਮਣ ਹੀ ਬਣ ਗਏ। ਮੇਰੀ ਮਾਂ ਮਰੀ ‘ਤੇ ਵੀਹਾਂ ‘ਚੋਂ ਤਿੰਨ ਜਣੇ ਆਏ। ਮੇਰੀ ਫੈਕਟਰੀ ‘ਤੇ ਗੈਰ-ਕਾਨੂੰਨੀ ਛਾਪੇ ਮਰਵਾਏ। ਤੂੰ ਪੁੱਛੇਂ- ਅਜਿਹਾ ਕਿਉਂ ਹੋਇਆ? ਮੈਂ ਉਨ੍ਹਾਂ ਦੀ ਹਾਂ ‘ਚ ਹਾਂ ਮਿਲਾਉਣੀ ਛੱਡ ਦਿੱਤੀ। ਜੇ ਕਿਤੇ ਮਨ ਡੋਲਿਆ ਵੀ ਤਾਂ ਮੈਨੂੰ ਮੀਤੂ ਨੇ ਸ਼ੇਰ ਬਣਾਈ ਰੱਖਿਆ। ਫੇਰ ਮੈਨੂੰ ਲੱਗਾ ਕਿ ਮੇਰੀ ਉੱਥੇ ਦਾਲ ਨ੍ਹੀਂ ਗਲਣੀ।”
”ਤੁਸੀਂ ਇਸ ਗੱਲ ਨੂੰ ਭੁੱਲ ਗਏ ਸੀ ਕਿ ਹੁਣ ਉੱਥੇ ਇੱਕ ਹੋਰ ਪੀੜ੍ਹੀ ਜੁਆਨ ਹੋ ਗਈ ਸੀ, ਜਿਸ ਨਾਲ ਤੁਹਾਡੀ ਕੋਈ ਸਾਂਝ ਨ੍ਹੀਂ ਬਣਨੀ ਸੀ। ਦੂਜੀ ਗੱਲ, ਕੌਣ ਚਾਹੇਗਾ ਕਿ ਤੁਸੀਂ ਉਸ ਤੋਂ ਉੱਪਰ ਚਲੇ ਜਾਓ। ਜਦੋਂ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਵੇ ਤਾਂ ਕੋਈ ਕਿਸੇ ਦਾ ਦੋਸਤ ਨ੍ਹੀਂ ਹੁੰਦਾ। ਕੋਈ ਸਕਾ ਸੰਬੰਧੀ ਨ੍ਹੀਂ ਰਹਿੰਦਾ। ਪੰਝੀ-ਤੀਹਾਂ ਸਾਲਾਂ ਦਾ ਗੈਪ। ਭਾਈ ਸਾਹਿਬ, ਦੁਨੀਆ ਕਿੰਨੀ ਬਦਲ ਗਈ। ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ। ਤੁਹਾਨੂੰ ਆਪਣੇ ਪੈਸੇ ‘ਤੇ ਗੁਮਾਨ ਸੀ ਨਾ- ਪਰ ਉੱਥੇ ਐਨਿਆਂ ਪੈਸਿਆਂ ਨਾਲ ਕੀ ਬਣਨਾ ਸੀ। ਹੁਣ ਉੱਥੋਂ ਦੇ ਲੋਕ ਸਾਡੇ ਨਾਲੋਂ ਸੌਖੇ ਨੇ। ਉਹ ਕਿਉਂ ਤੁਹਾਡੀ ਈਨ ਮੰਨਣਗੇ।”
”ਪਰ ਜਦੋਂ ਉਹ ਇੱਧਰ ਆਏ ਜਾਂ ਮੈਂ ਉਨ੍ਹਾਂ ਨੂੰ ਇੱਧਰ ਸੱਦਿਆ, ਮੈਂ ਤਾਂ ਕਿਸੇ ਗੱਲ ਦੀ ਪ੍ਰਵਾਹ ਨ੍ਹੀਂ ਕੀਤੀ। ਆਪਣਾ ਕੰਮ ਛੱਡ ਕੇ ਸਾਰਾ ਲੰਡਨ ਘੁੰਮਾਇਆ। ਖੂਬ ਸ਼ੌਪਿੰਗ ਕਰਵਾਈ। ਬਲਬੀਰੋ ਨੇ ਵੀ ਕਦੇ ਕੋਈ ਕਸਰ ਨ੍ਹੀਂ ਛੱਡੀ ਸੀ।”
”ਇਹ ਤਾਂ ਤੁਹਾਡੀ ਸੋਚ ਸੀ।”
”ਤੇ….।”
”ਤੁਸੀਂ ਤਾਂ ਮੇਰੇ ਸਮਝਾਏ ਹੋਏ ਨੂੰ ਵੀ ਉੱਕਾ ਹੀ ਭੁੱਲ ਗਏ ਸੀ,” ਕਲਸੀ ਨੇ ਕਿਹਾ ਸੀ।
”ਤੈਨੂੰ ਮੇਰੀ ਦਿਮਾਗੀ ਹਾਲਤ ਦਾ ਕੀ ਪਤਾ। ਹਾਂ, ਮੈਂ ਮੰਨਦਾਂ- ਮੈਂ ਇੱਕ ਤੋਂ ਬਾਅਦ ਇੱਕ ਗਲਤੀਆਂ ਕੀਤੀਆਂ। ਵਿਕਾਸ ਨੂੰ ਗ੍ਰੀਨਫੋਰਡ ‘ਚ ਮਕਾਨ ਲੈ ਦਿੱਤਾ। ਕਿਹਾ ਕਿ ਉਹ ਆਪਣੀ ਪੜ੍ਹਾਈ ਉੱਥੇ ਰਹਿ ਕੇ ਕਰੇ। ਉਸ ‘ਤੇ ਦੋਹਰਾ ਬੋਝ ਪਿਆ। ਇੱਕ ਮਕਾਨ ਦੀ ਕਿਸ਼ਤ ਦਾ। ਦੂਜਾ ਪੜ੍ਹਾਈ ਦਾ। ਉਹ ਪਿਛੜ ਗਿਆ। ਜਿੱਥੇ ਉਸ ਦੀ ਡਿਗਰੀ ਦੋ ਸਾਲਾਂ ‘ਚ ਹੋਣੀ ਸੀ, ਉੱਥੇ ਚਾਰ ਸਾਲ ਲੱਗ ਗਏ। ਮੈਂ ਇਹ ਜਾਣਬੁੱਝ ਕੇ ਨ੍ਹੀਂ ਕੀਤਾ ਸੀ। ਬਸ ਹੋ ਗਿਆ। ਇੱਥੋਂ ਹੀ ਸਾਡੇ ਪਿਉ-ਪੁੱਤ ‘ਚ ਰਿਫਟ ਵੱਧ ਗਈ। ਵਧਦੀ-ਵਧਦੀ ਬੋਲ-ਚਾਲ ਵੀ ਬੰਦ ਹੋ ਗਈ। ਉਸ ਮੈਨੂੰ ਦੱਸਿਆਂ ਬਗੈਰ ਵਿਆਹ ਕਰਵਾ ਲਿਆ। ਫੇਰ ਕਿੰਨੇ ਸਾਲ, ਅਸੀਂ ਨਾ ਤਾਂ ਮਿਲੇ, ਨਾ ਹੀ ਇੱਕ ਦੂਜੇ ਨੂੰ ਟੈਲੀਫ਼ੋਨ ਕੀਤਾ। ….ਮੈਨੂੰ ਇਸ ਗੱਲ ਦਾ ਮਲਾਲ ਨ੍ਹੀਂ ਸੀ। ਮੈਂ ਤਾਂ ਆਪਣੀਆਂ ਸ਼ਰਤਾਂ ‘ਤੇ ਜਿਊਣ ਵਾਲ਼ਾ ਬੰਦਾ। ਮੈਥੋਂ ਸਮਝੌਤਾ ਹੁੰਦਾ ਹੀ ਨ੍ਹੀਂ। ਉਹ ਬੰਦਾ ਹੀ ਕੀ ਹੋਇਆ, ਜਿਹੜਾ ਮਰੂੰ-ਮਰੂੰ ਕਰੀ ਜਾਵੇ।”
”ਉਨ੍ਹਾਂ ਸਾਲਾਂ ‘ਚ ਮੀਤੂ ਦਾ ਪ੍ਰਭਾਵ ਘੱਟ ਗਿਆ ਸੀ ਭਾਈ ਸਾਹਿਬ?”
”ਹਾਂ, ਮੈਨੂੰ ਵੀ ਇਹੀ ਲੱਗਦੈ। ਜਦੋਂ ਮੀਤੂ ਜਾਗਿਆ-ਉਦੋਂ ਦੇਰ ਹੋ ਚੁੱਕੀ ਸੀ।”
ਘਰ ਵਿਚਲੇ ਸਾਮਾਨ ਦੀ ਲਿਸਟ ਬਣ ਗਈ। ਮੈਂ ਇਹਨੂੰ ਚਹੁੰ ਹਿੱਸਿਆਂ ਵਿੱਚ ਵੰਡ ਦਿੱਤਾ। ਮੈਂ ਸਿਰਫ਼ ਇੱਕ ਹਿੱਸੇ ਨੂੰ ਹੀ ਨਾਲ ਲੈ ਕੇ ਜਾਣਾਂ। ਦੋ ਹਿੱਸੇ ਤਾਂ ਕੁਆੜ ਸੀ। ਇਹਨੂੰ ਬਾਹਰ ਸੁੱਟ ਦੇਣਾ। ਬਾਕੀ ਸਭ ਕੁਝ ਕਲਸੀ ਦੇ ਘਰੇ ਛੱਡ ਆਉਣਾ। ਸ਼ਾਇਦ ਉਸ ਦੇ ਕਿਸੇ ਕੰਮ ਆ ਜਾਵੇ। ਜੇ ਉਹਨੇ ਨਾਂਹ ਕਰ ਦਿੱਤੀ ਤਾਂ ਮੈਂ ਗੈਰ-ਕਾਨੂੰਨੀ ਰਹਿੰਦੇ ਮੁੰਡਿਆਂ ਨੂੰ ਚੁਕਵਾ ਦੇਣਾਂ।
ਮਨ ਵਿੱਚ ਆਇਆ ਕਿ ਮੈਂ ਇੱਕ ਹੋਰ ਪੈੱਗ ਲੈ ਲਵਾਂ। ਪਹਿਲੀ ਪੀਤੀ ਬੇਕਾਰ ਹੋ ਗਈ ਸੀ। ਤੁਰਦਿਆਂ-ਫਿਰਦਿਆਂ, ਚੀਜ਼ਾਂ ਨੂੰ ਇੱਧਰ-ਉੱਧਰ ਕਰਦਿਆਂ ਮੈਂ ਥੱਕ ਗਿਆ ਸੀ। ਮੈਂ ਆਪਣੇ ਘਰ ਵਿੱਚ ਆਖ਼ਰੀ ਦਿਨ ਦਾ ਬਾਦਸ਼ਾਹ ਹਾਂ। ਕੱਲ੍ਹ ਨੂੰ ਪੁੱਤ ਦੇ ਘਰੇ ਹੋਵਾਂਗਾ। ਮੈਨੂੰ ਉੱਥੇ ਉਹੀ ਕੁਝ ਕਰਨਾ ਪੈਣਾ, ਜੋ ਮੁੰਡਾ ਤੇ ਨੂੰਹ ਕਹੂਗੀ। ਚਲੋ ਬਹੁਤ ਮਨ-ਮਰਜ਼ੀਆਂ ਕਰ ਕੇ ਦੇਖ ਲਿਆ। ਹੁਣ ਅਧੀਨਗੀ ਦਾ ਸੁਆਦ ਵੀ ਚੱਖ ਲਿਆ ਜਾਵੇ… ਮਾੜੀ-ਮਾੜੀ ਜਿਹੀ ਭੁੱਖ ਵੀ ਚਮਕੀ। ਮੈਂ ਮੱਛੀ ਗਰਮ ਕੀਤੀ। ਮੁੜ ਆਪਣੇ ਮੇਜ਼-ਕੁਰਸੀ ‘ਤੇ ਆ ਬੈਠਾ। ਪੈੱਗ ਪਾਇਆ। ਅੱਧ ਪਾ ਦਾ। ਘੁੱਟ ਭਰਨ ਲੱਗਾ ਤਾਂ ਫ਼ੋਨ ਦੀ ਘੰਟੀ ਵੱਜੀ। ਮੈਂ ਪੈੱਗ ਥਾਈਂ ਰੱਖ ਦਿੱਤਾ। ਕਲਸੀ ਸੀ। ਪੁੱਛਣ ਲੱਗਾ,”ਭਾਈ ਸਾਹਿਬ ਜੀ, ਕੀ ਕਰ ਰਹੇ ਓਂ?”
”ਚੌਥਾ ਪੈੱਗ ਪੀਣ ਲੱਗਾਂ।”
”ਚੌਥਾ ਪੈੱਗ? ਇਹ ਮੈਂ ਕੀ ਸੁਣ ਰਿਹਾਂ? ਕੋਈ ਖਾਸ ਗੱਲ ਲੱਗਦੀ ਏ?”
”ਹਾਂ- ਐਦਾਂ ਹੀ ਸਮਝ ਲੈ।”
”ਫੇਰ- ਕੀ ਫ਼ੈਸਲਾ ਕੀਤਾ?”
”ਮੈਂ ਆਪਣੇ ਵਿਚਲਾ ਮੀਤੂ ਮਾਰ ਦਿੱਤਾ। ਕੱਲ੍ਹ ਨੂੰ ਆਪਣੀ ਟਿੰਡ-ਫਉੜੀ ਚੁੱਕ ਕੇ ਵਿਕਾਸ ਕੋਲ ਗ੍ਰੀਨਫੋਰਡ ਚਲੇ ਜਾਣਾ।”
”ਇੱਕ ਵਾਰ ਫੇਰ ਸੋਚ ਲਓ।”
”ਇਸ ‘ਚ ਸੋਚਣ ਵਾਲੀ ਕਿਹੜੀ ਗੱਲ ਏ?”
”ਤੁਸੀਂ ਆਪਣੇ ਘਰ ‘ਚ ਮਾਲਕ ਹੋ। ਮੁੰਡਿਆਂ ਕੋਲ ਰਹਿਣਾ ਸੌਖਾ ਨ੍ਹੀਂ ਹੁੰਦਾ। ਕਿਤੇ ਫੇਰ ਲੁਧਿਆਣੇ ਵਾਲੀ ਹਿਸਟਰੀ ਰਪੀਟ ਨਾ ਹੋ ਜਾਵੇ। ਮੇਰਾ ਖ਼ਿਆਲ ਏ ਰੀਪੀਟ ਹੋਵੇਗੀ। ਦੱਸੋ ਅਜੇ ਤੱਕ ਮੇਰੀ ਕੋਈ ਗੱਲ ਝੂਠੀ ਨਿਕਲੀ ਏ?”
ਮੈਂ ਗੁੱਸੇ ਨਾਲ ਫ਼ੋਨ ਬੰਦ ਕਰ ਦਿੱਤਾ। ਉਹ ਆਪ ਇਕੱਲਾ ਰਹਿੰਦਾ ਹੈ। ਚਾਹੁੰਦਾ ਹੈ ਕਿ ਮੈਂ ਵੀ ਉਸ ਵਾਂਗੂੰ ਇਕੱਲਾ ਹੀ ਰਹਾਂ। ਫੇਰ ਮੇਰਾ ਗੁੱਸਾ ਸੱਤਵੇਂ ਅਸਮਾਨੀਂ ਜਾ ਚੜ੍ਹਿਆ। ਮੀਤੂ ਸ਼ੇਰ ਬਣ ਗਿਆ।  ਮਲਕੀਤ ਇਸ ਸ਼ੇਰ ਅੱਗੇ ਬੌਣਾ ਹੋ ਗਿਆ। ਮੈਂ ਗਲਾਸ ਨੱਕੋ-ਨੱਕ ਭਰ ਲਿਆ। ਪੀਤਾ। ਮੀਤੂ ਨੇ ਚੀਕ ਮਾਰੀ। ਬੁੱਲ੍ਹਾਂ ‘ਤੇ ਪੁੱਠਾ ਹੱਥ ਰੱਖ ਕੇ ਬੁਲਬਲੇ ਮਾਰੇ। ਗਾਲ੍ਹਾਂ ਦੀ ਝੜੀ ਹੀ ਲਾ ਦਿੱਤੀ-”ਭੈਣ…..- ਉਸ ਮੁੰਡੇ ਕੋਲ ਜਾਵਾਂਗਾ ਜਿਹਨੇ ਮੈਨੂੰ ਬਾਸਟਰਡ ਕਿਹਾ ਸੀ। ਕਦੇ ਵੀ ਨ੍ਹੀਂ। ਇਮਪੋਸੀਬਲ। ਮੈਂ ਮੀਤੂ ਬਾਦਸ਼ਾਹ ਕਿਸੇ ਦਾ ਗੁਲਾਮ ਕਿੱਦਾਂ ਬਣ ਸਕਦਾਂ। ਮੈਂ ਤਾਂ ਆਪਣੇ ਪਿਉ ਨੂੰ ਟਿਚ ਨ੍ਹੀਂ ਸਮਝਿਆ ਸੀ-ਇਹ ਵਿਕਾਸ ਕਿਸ ਬਾਗ ਦੀ ਮੂਲੀ ਏ।”