January 19, 2026

ਸ਼ਤਰੂ (ਕਸ਼ਮੀਰੀ ਕਹਾਣੀ)

ਲੇਖਕ : ਅਬਦੁਲ ਘਨੀ ਬੇਗ ਅੱਤਰ

ਅਨੁਵਾਦ : ਅਲਫ਼ਾਜ਼

ਅਲਫ਼ਾਜ਼ ਪਵਿੱਤਰਪਾਲ ਸਿੰਘ ਦਾ ਕਲਮੀ ਨਾਂਅ ਹੈ। ਅਲਫ਼ਾਜ਼ ਦਾ ਜਨਮ ਪਿੰਡ ਕੋਟ ਈਸੇ ਖਾਂ ਵਿਖੇ 20 ਦਸੰਬਰ ਨੂੰ ਪਿਤਾ ਸ. ਅੰਗਰੇਜ਼ ਸਿੰਘ ਦੇ ਘਰ ਹੋਇਆ। ਅੱਜਕੱਲ੍ਹ ਉਹ ਕੋਟ ਕਰੋੜ੍ਹ ਕਲਾਂ, ਫ਼ਿਰੋਜ਼ਪੁਰ ਵਿਖੇ ਰਹਿ ਰਿਹਾ ਹੈ। ਅਲਫ਼ਾਜ਼ ਦੀ ਵਿੱਦਿਅਕ ਯੋਗਤਾ M.sc (Zoology) M.5d, M21 ਪ੍ਰਾਪਤ ਕੀਤੀ ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਿਚ ਸਹਾਇਕ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਸਾਹਿਤ ਜਗਤ ਵਿਚ ਉਸ ਦਾ ਜ਼ਿਕਰਯੋਗ ਨਾਮ ਹੈ। ਉਸਦਾ ਮੌਲਿਕ ਕਹਾਣਈ ਸੰਗ੍ਰਹਿ ‘ਛਲਾਵਿਆਂ ਦੀ ਰੁੱਤ’ ਦਾ ਪਹਿਲਾ ਐਡੀਸ਼ਨ 2024 ਤੇ ਦੂਜਾ ਐਡੀਸ਼ਨ 2025 ਵਿਚ ਕੁਕਨਸ ਪ੍ਰਕਾਸ਼ਨ, ਜਲੰਧਰ ਨੇ ਛਾਪਿਆ ਤੇ ਇਸੇ ਸਾਲ ਨਵੰਬਰ ਵਿਚ ਉਸ ਦਾ ਤੀਸਰਾ ਐਡੀਸ਼ਨ ਕੈਫੇ ਵਰਲਡ ਪਬਲੀਕੇਸ਼ਨ) ਵਲੋਂ ਛਾਪਿਆ ਗਿਆ। ਅਲਫਾਜ਼ ਦੇ ਦੋ ਸੰਪਾਦਿਤ ਤੇ ਨਵਾਂ ਕਹਾਣੀ ਸੰਗ੍ਰਹਿ ਛਪਾਈ ਅਧੀਨ ਹੈ। ਉਸ ਦੀਆਂ ‘ਬੱਜੋਰੱਤਾ’, ‘ਡੋਪਾਮਾਈਨ’, ‘ਬੁਝਾਰਤ’ ਤੇ ‘ਕੀੜਾ’ ਕਹਾਣੀਆਂ ਕਾਫ਼ੀ ਚਰਚਿਤ ਰਹੀਆਂ। ਅਲਫ਼ਾਜ਼ (ਪਵਿੱਤਰਪਾਲ ਸਿੰਘ) ਸਾਹਿਤ ਅਕਾਦਮੀ ਗੁਰਦਾਸਪੁਰ ਵੱਲੋਂ ਪਿੰ੍ਰ: ਸੁਜਾਨ ਉਤਸ਼ਾਹ ਵਰਧਕ ਇਨਾਮ-2024 ਨਾਲ, ਸਾਹਿਤ ਸਭਾ ਸਮਰਾਲਾ ਵੱਲੋਂ ‘ਨਵੀਂ ਕਲਮ ਪੁਰਸਕਾਰ’ ਨਾਲ, ਅਤੇ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾਂ ਵੱਲੋਂ ‘ਸਾਡਾ ਮਾਣ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
98884-08383
Email : pavimann5@gmail.com

 

ਭਾਰਤੀ ਸਰਹੱਦ ਦੇ ਸੁਰੱਖਿਆ ਗਾਰਡਾਂ ਤੋਂ ਅੱਖ ਬਚਾ ਮੈਂ ਛੇਤੀ-ਛੇਤੀ ਲੰਘਣ ਦੀ ਕੋਸ਼ਿਸ਼ ਕੀਤੀ । ਦੁਪਹਿਰ ਦੇ ਵੇਲੇ ਕਾਂ ਅੱਖ ਨਿੱਕਲ ਰਹੀ ਸੀ । ਮੈਂ ਬੰਕਰਾਂ ‘ਚੋ ਕਿਸੇ ਨੂੰ ਵੀ ਨਿੱਕਲਦੇ ਜਾਂ ਵੜਦੇ ਨਹੀਂ ਵੇਖਿਆ …ਸ਼ਾਇਦ ਉਹ ਗੂੜੀ ਨੀਂਦ ਹੋਣਗੇ ਜਾਂ ਇਸ ਕਰਕੇ ਅਵੇਸਲੇ ਬੈਠੇ ਹੋਣੇ ਕਿ ਦਿਨ ਦਿਹਾੜੇ ਕਿਹੜਾ ਮਾਈ ਦਾ ਲਾਲ ਬਾਰਡਰ ਪਾਰ ਕਰਨ ਦਾ ਹੌਸਲਾ ਕਰ ਸਕਦਾ ਹੈ ? ਮੈਂ ਵਾ ਵਰੋਲੇ ਵਾਂਗ ਉੱਡਿਆ ਜਾ ਰਿਹਾ ਸੀ …ਮੁੜ੍ਹਕੇ ਨਾਲ ਲੱਥਪੱਥ ਜਿਵੇਂ ਨਦੀ ਚੋਂ ਡੁਬਕੀ ਮਾਰ ਕੇ ਏਥੇ ਆ ਗਿਆ ਹੋਵਾਂ ..। ਮਾਂ ਜਾਏ ਦਾ ਚਿਹਰਾ ਵਾਰ ਵਾਰ ਅੱਖਾਂ ਅੱਗੇ ਆ ਰਿਹਾ ਸੀ …। ਦੱਸਣ ਵਾਲ਼ੇ ਨੇ ਮਾਂ ਦਾ ਆ ਸੀ
ਬੱਸ ਇੰਨਾ ਕੁ ਕਿਹਾ ਕਿ ਉਹਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ…। ਨੀਲਮ ਦੀ ਉਹ ਛੋਟੀ ਜਿਹੀ ਬਸਤੀ ਵਿੱਚ ਕਬਰਾਂ ਵਰਗੀ ਚੁੱਪ ਪਸਰੀ ਹੋਈ ਸੀ।ਮੇਰੀ ਰਿਹਾਇਸ਼ ਦਰਿਆ ਦੇ ਇਸ ਪਾਰ ਸੀ ਤੇ ਮੇਰੇ ਮੱਥੇ ਤੇ ‘ਹਿੰਦੁਸਤਾਨੀ’ ਖੁਣਿਆ ਹੋਇਆ ਸੀ ਤੇ ਉਹ ਦਰਿਆ ਦੇ ਉਸ ਪਾਰ ਰਹਿੰਦਾ ਸੀ ਤੇ ਉਹਦੇ ਮੱਥੇ ਤੇ ‘ਪਾਕਿਸਤਾਨ’ ਦੀ ਮੋਹਰ ਸੱਜੀ ਹੋਈ ਸੀ । ਸੁਨੇਹਾ ਪਹੁੰਚਾਉਣ ਵਾਲ਼ਾ ਬੱਸ ਐਨਾ ਕੁ ਦੱਸ ਕੇ ਗਿਆ ਕਿ ਉਹ ਬੇਹੋਸ਼ੀ ਵਿੱਚ ਵੀ ਮੇਰਾ ਨਾਮ ਹੀ ਲੈ ਰਿਹਾ ਸੀ …। ਸੁਨੇਹਾ ਮਿਲਣ ਤੋਂ ਬਾਅਦ ਮੈਨੂੰ ਅੱਚਵੀ ਲੱਗ ਗਈ …ਲਹੂ ਦਾ ਰਿਸ਼ਤਾ ਈ ਕੁਝ ਏਵੇਂ ਦਾ ਹੁੰਦਾ …ਹੱਫਦਾ ਹੋਇਆ ਆਖਿਰ ਮੈਂ ਅੱਠਮੁਕਾਮ ਦੇ ਪੁਲ ‘ਤੇ ਪਹੁੰਚ ਗਿਆ …। ਉਸਦਾ ਘਰ ਪੁਲ ਤੋਂ ਪਰਲੇ ਪਾਰ ਸਾਫ ਦਿਖ ਰਿਹਾ ਸੀ …ਮੈਨੂੰ ਪੰਜ ਮਿੰਟ ਵੀ ਨਹੀਂ ਸੀ ਲੱਗਣੇ …ਮੇਰਾ ਮਨ ਕੁਝ ਠਹਿਰਿਆ …ਮੈਂ ਖੜ੍ਹੋ ਕੇ ਚੋਰਾਂ ਵਾਂਗੂੰ ਆਸੇ ਪਾਸੇ ਵੇਖਿਆ …ਅਜੀਬ ਸੰਨਾਟਾ ਸੀ …ਮੈਂ ਮਨ ਕਰੜਾ ਕਰਿਆ …ਮੈਂ ਮੁੱਠੀਆਂ ਮੀਚ ਕੇ ਲੰਮਾ ਸਾਹ ਲੈ ਪੁਲ ਉੱਤੋਂ ਦੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ …ਸਾਹਮਣੇ ਅਰਜਨ ਦੀ ਅੱਖ ਵਾਂਗ ਭਰਾ ਦਾ ਘਰ ਸੀ … ਮੈਂ ਚੀਤੇ ਵਾਂਗ ਦੌੜ ਹਾਲੇ ਕੁਝ ਕੁ ਕਦਮ ਹੀ ਅੱਗੇ ਦੀ ਗਿਆ ਹੋਵਾਂਗਾਂ ਜਦੋਂ ਇੱਕ ਤੇਜ਼ ਆਵਾਜ਼ ਮੇਰੀ ਪੁੜਪੁੜੀ ਵਿੱਚ ਵੱਜੀ ‘ਏਥੇ ਈ ਰੁਕ ਜਾ! ਮੇਰੀਆਂ ਲੱਤਾਂ ਥਾਏਂ ਹੀ ਨਿੱਸਲ ਹੋ ਗਈਆਂ ਤੇ ਪੈਰ ਥਾਈਂ ਜੰਮ ਗਏ… । ਪਤਾ ਨਹੀਂ ਲੱਗਿਆ ਕਿ ਕਦੋਂ ਧੌਣ ਝੁਕ ਗਈ ਤੇ ਹੱਥ ਉਪਰ ਨੂੰ ਹੋ ਗਏ … ਪੈਰਾਂ ਦਾ ਖੜਾਕ ਮੇਰੇ ਵੱਲ ਨੂੰ ਵੱਧਣ ਲੱਗਾ …ਮੈਂ ਅੱਖਾਂ ਉੱਪਰ ਕਰਕੇ ਵੇਖਿਆ ਤਾਂ ਦੋ ਸਿਪਾਹੀ ਮੇਰੇ ਵੱਲ ਰਫ਼ਲਾਂ ਤਾਣੀ ਮੇਰੇ ਵੱਲ ਘੂਰ ਰਹੇ ਸਨ … । ਇੱਕ ਬੋਲਿਆ, ”ਭਾਰਤੀ ਲੱਗਦਾ ।” ਦੂਜਾ ਕਹਿੰਦਾ ”ਗ੍ਰਿਫ਼ਤਾਰ ਕਰ ਲੋ।” ”ਨਾ- ਨਾ ਜਨਾਬ ਨਾ ਮੈਂ ਹਿੰਦੁਸਤਾਨੀ ਤੇ ਨਾ ਪਾਕਿਸਤਾਨੀ, ਮੈਂ ਕਸ਼ਮੀਰੀ ਹਾਂ । ਉਸ ਟੁੱਟੇ ਫੁੱਟੇ ਘਰ ਵਿੱਚ ਰਹਿੰਦਾਂ ਹਾਂ । ਉਹ ਵੇਖੋ…. ਉਹ ਮੇਰੇ ਭਰਾ ਦਾ ਘਰ ਹੈ । ਉਹ ਬਹੁਤ ਬੀਮਾਰ ਹੈ ..। ਉੱਥੇ ਖੁਦਾ ਤੋਂ ਬਿਨਾਂ ਉਹਦਾ ਕੋਈ ਵੀ ਨਹੀਂ ਹੈ । ਜਨਾਬ . ਜੇ ਤੁਸੀਂ ਅੱਧੇ ਘੰਟੇ ਦੀ ਮੋਹਲਤ ਦੇ ਦਵੋ ਤਾਂ ਮੈਂ ਉਹਦਾ ਹਾਲ ਚਾਲ ਪੁੱਛ ਆਵਾਂ ..ਉਹਦੇ ਦਵਾ ਦਾਰੂ ਦਾ ਪ੍ਰਬੰਧ ਕਰ ਆਊ ਤੇ ਉਹਨੂੰ ਚਾਹ ਪਾਣੀ ਦੇ ਆਊ । ”ਮੈਂ ਬੇਵੱਸ ਹੋ ਕੇ ਹੱਥ ਜੋੜ ਕੇ ਲਲਚਾਈਆ ਅੱਖਾਂ ਨਾਲ ਬੱਸ ਐਨਾ ਕੁ ਹੀ ਬੋਲ ਸਕਿਆ ।
ਮੇਰੇ ਅਗਲੇ ਲਫ਼ਜ਼ ਮੇਰੀ ਜ਼ੁਬਾਨ ‘ਚ ਹੀ ਸਨ ਕਿ ਏਨੇ ਨੂੰ ਇੱਕ ਸਿਪਾਹੀ ਨੇ ਰਫ਼ਲ ਦਾ ਬੱਟ ਵੱਟ ਕੇ ਪੂਰੀ ਜ਼ੋਰ ਨਾਲ ਮੇਰੀ ਧੌਣ ਤੇ ਮਾਰ ਦਿੱਤਾ ਤੇ ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ …। ਮੈਂ ਨੀਮ ਬੇਹੋਸ਼ ਹੋ ਗਿਆ …ਮੇਰੀਆਂ ਅੱਖਾਂ ‘ਚ ਹੰਝੂ ਡਿੱਗ ਕੇ ਪੁਲ ਦੀ ਫ਼ਰਸ਼ ‘ਚ ਜਜਬ ਹੋ ਗਏ।
ਉਹ ਮੈਨੂੰ ਘੜੀਸਦੇ ਬੰਕਰ ਵਿੱਚ ਲੈ ਗਏ ਜਿੱਥੇ ਹੋਰ ਵੀ ਸਿਪਾਹੀ ਸਨ । ਉਹਨਾਂ ਨੇ ਮੇਰੇ ਮੱਥੇ ਦੀ ਮੋਹਰ ਪੜ੍ਹ ਲਈ ਤੇ ਰੌਲਾ ਪਾ ਦਿੱਤਾ ਕਿ ਭਾਰਤੀ ਫੌਜ ਦਾ ਜਾਸੂਸ ਕਾਬੂ ਕਰ ਲਿਆ ਗਿਆ ਹੈ। ਫਿਰ ਮੇਰੇ ਤੇ ਤਸ਼ੱਦਦ ਸ਼ੁਰੂ ਕੀਤਾ ਤੇ ਨੰਗਾ ਕਰਕੇ ਖੂਬ ਕੁੱਟਿਆ । ਮੈਨੂੰ ਕਿਹਾ ਗਿਆ, ”ਤੂੰ ਬੱਸ ਐਨਾ ਕਹਿ ਕਿ ਤੈਨੂੰ ਹਿੰਦੁਸਤਾਨੀ ਫੌਜ ਨੇ ਜਾਸੂਸੀ ਲਈ ਭੇਜਿਆ ਹੈ ਤੇ ਤੂੰ ਪਾਕਿਸਤਾਨ ਦਾ ਦੁਸ਼ਮਣ ਆ ।” ਸ਼ਬਦ ਮੇਰੇ ਮੂੰਹ ਵਿੱਚ ਪਾਉਣ ਲਈ ਹਰ ਹੀਲਾ ਵਰਤਿਆ ਗਿਆ।
ਮੈਂ ਕੀ ਕਹਿੰਦਾ ? ਬੱਸ ਆਹੀ ਕਿ ਮੈਂ ਆਪਣੇ ਭਰਾ ਦਾ ਦੁਸ਼ਮਣ ਆ ।
ਜਿਸ ਦੀ ਬੀਮਾਰੀ ਦੀ ਖਬਰ ਕਰਕੇ ਲੱਗੀ ਅੱਚਵੀਂ ਨੇ ਏਥੇ ਪਹੁੰਚਾ ਦਿੱਤਾ । ਜਦੋਂ ਮੇਰੇ ਮੂੰਹੋਂ ਕੁਝ ਨਾ ਨਿਕਲਿਆ ਤਾਂ ਮੈਨੂੰ ਆਰਮੀ ਹੈਡਕੁਆਟਰ ਭੇਜ ਦਿੱਤਾ ਗਿਆ ਜੋ ਕਿ ਮੇਰੀ ਭਾਈ ਦੀ ਰਿਹਾਇਸ਼ ਬਿਲਕੁਲ ਕਰੀਬ ਸੀ । ਮੈਂ ਅਫਸਰਾਂ ਨੂੰ ਵਾਰ ਵਾਰ ਬੇਨਤੀ ਕੀਤੀ ਕਿ ਮੈਨੂੰ ਬੇੜੀਆਂ ਪਾ ਕੇ ਹੀ ਮੇਰੇ ਭਰਾ ਦੇ ਘਰ ਤੱਕ ਲੈ ਚੱਲੋ । ਆਖਰੀ ਸਾਹਾਂ ਤੇ ਆਪਣੇ ਭਰਾ ਦਾ ਹਾਲ ਚਾਲ ਪੁੱਛ ਲੈਣ ਦਿਓ … ਹੋਰ ਨਹੀਂ ਤਾਂ ਮੂੰਹ ਹੀ ਵਿਖਾ ਲਿਆਉ ਤਾਂ ਜੋ ਮਨ ਖੜ੍ਹ ਜਾਵੇ ਤੇ ਉਹਨੂੰ ਵੀ ਹੌਸਲਾਂ ਹੋ ਜਾਵੇ ਪਰ ਉਹ ਲੋਹੇ ਦੇ ਥਣ ਕਿੱਥੇ ਕਿਸੇ ਦੀ ਸੁਣਦੇ ਨੇ ..ਬੂਟਾਂ ਦੇ ਠੁੱਡਿਆਂ ਨਾਲ ਮੇਰੀਆਂ ਚੀਖਾਂ ਮਰਵਾਉਣ ਲੱਗੇ …ਜਦੋ ਮੈਂ ਨਾ ਮੰਨਿਆ ਤਾਂ ਮੇਰੇ ਹੱਥਾਂ ਪੈਰਾਂ ਨੌਂਹ ਖਿੱਚ ਕੇ ਉਨ੍ਹਾਂ ‘ਤੇ ਲੂਣ ਛਿੜਕ ਦਿੱਤਾ ਗਿਆ ..ਪਾਣੀ ਮੂੰਹ ‘ਚ ਪਾਉਣ ਦੀ ਬਜਾਏ ਚਿਹਰੇ ਤੇ ਡੋਲ ਦਿੱਤਾ ਗਿਆ … ਬੂਟਾਂ ਦੇ ਤਲਿਆਂ ਨਾਲ ਮੇਰੇ ਕੰਮ ਮਸਲੇ ਗਏ …ਉਹਨਾਂ ਦੀ ਕੁੱਟ ਨਾਲ ਮੈਂ ਬੇਹੋਸ਼ ਹੋ ਗਿਆ ..ਮੈਨੂੰ ਲੱਗਿਆ ਮੇਰਾ ਭਰਾ ਮੇਰੇ ਕੋਲ ਮੰਜੇ ਤੇ ਪਿਆ ਆਖ਼ਰੀ ਸਾਹ ਗਿਣ ਰਿਹਾ ਏ ।ਉਹ ਵਾਰ ਵਾਰ ਪਾਣੀ ਮੰਗ ਰਿਹਾ ਹੈ ਤੇ ਮੈਂ ਬੇੜੀਆਂ ‘ਚ ਕੈਦ ਜਵਾਂ ਬੇਵੱਸ । ਦੂਰ ਦੂਰ ਤੱਕ ਰੇਗਿਸਤਾਨ ਜਾਪਿਆ ਜਿੱਥੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਾ ਹੋਵੇ .. । ਹੱਥਕੜੀ ਦੀ ਤਿੱਖੀ ਨੋਕ ਵਾਰ ਵਾਰ ਸੱਜੀ ਬਾਂਹ ਤੇ ਘਸੜਨ ਕਰਕੇ ਮਾਸ ਛਿੱਲਿਆ ਗਿਆ ਤੇ ਜ਼ਖ਼ਮ ਬਣ ਗਿਆ ਖੂਨ ਨਿਕਲਣ ਲੱਗਾ ਤਾਂ ਮੈਂ ਖੱਬੀ ਤਲੀ ਦਾ ਪਿਆਲਾ ਬਣਾ ਲਹੂ ਉਹਦੇ ਵਿੱਚ ਇੱਕਠਾ ਕਰਨ ਲੱਗਾ …ਪਾਣੀ ਨਾ ਸਹੀ …ਖੂਨ ਦੇ ਨਾਲ ਮੈਂ ਆਪਣੇ ਭਰਾ ਦੀ ਪਿਆਸ ਬੁਝਾਉਣ ਚਲਾ ਗਿਆ …। ਬੇੜੀਆਂ ਨਾਲ ਬੰਨ੍ਹਿਆ ਮੇਰਾ ਲਹੂ ਭਰਿਆ ਹੱਥ ਉਹਦੇ ਮੂੰਹ ਤੱਕ ਨਾ ਪਹੁੰਚ ਸਕਿਆ ..। ਉਹ ਬੇਵੱਸ ਹੋਇਆ ਪਾਣੀ ਪਾਣੀ ਕੂਕ ਰਿਹਾ ਤੇ ਫਿਰ ਉਹਨੂੰ ਹਿਚਕੀ ਆਈ ..ਮੌਤ ਦੀ ਹਿਚਕੀ ਮੈਂ ਜ਼ੋਰ ਨਾਲ ਗਰਜ ਰਿਹਾ ਆ . ”ਕੱਖ ਨਾ”

ਰਹੇ ਬੰਦਿਆ ਤੇਰੀ ਇਸ ਸੋਚ ਦਾ ਜੀਹਨੇ ਖੁਦਾ ਦੀ ਸਿਰਜੀ ਸਲਤਨਤ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਤੇ ਮੈਂ ਆਵਦੀ ਬਾਂਹ ਆਵਦੇ ਭਰਾ ਨੂੰ ਕਿਹਾ ਕਿ ‘ਤੂੰ ਆਪਣੇ ਭਰਾ ਦਾ ਦੁਸ਼ਮਣ ਏ।’
ਇੱਕ ਅਜੀਬ ਹਾਸਾ ਮੇਰੇ ਆਸ ਪਾਸ ਗਰਜਿਆ।
ਮੈਂ ਗਹਿਰੀ ਨੀਂਦ ਤੋਂ ਜਾਗਿਆ । ਉਹ ਸਾਰੇ ਵੱਡੀਆਂ ਮੁੱਛਾਂ ਵਾਲ਼ੇ ਡਰਾਉਣੇ ਸਿਪਾਹੀ ਅੱਥਰੂ ਵਹਾ ਰਹੇ ਦੀ । ਉਹਨਾਂ ਕਿਹਾ . ”ਬਾਰੀ ਵੱਲ ਵੇਖ!”
ਬਾਹਰ ਮੇਰੇ ਭਰਾ ਦਾ ਜਨਾਜ਼ਾ ਨਿਕਲ ਰਿਹਾ ਸੀ। ‘ਮੈਨੂੰ ਥੋੜ੍ਹੇ ਸਮੇਂ ਲਈ ਆਜ਼ਾਦੀ ਦੇ ਦਿਓ …ਮੈਂ ਬੱਸ ਆਖ਼ਰੀ ਵਾਰ ਉਹਦਾ ਚਿਹਰਾ ਵੇਖਣਾ ਚਾਹੁੰਨਾਂ ਆ ..ਉਹਦੇ ਜਨਾਜ਼ੇ ਵਿੱਚ ਸ਼ਾਮਿਲ ਹੋਣਾ ਚਾਹੁੰਨਾ ਆ।” ਉਹਨਾਂ ਨੇ ਕਿਹਾ ਸਾਨੂੰ ਪਤਾ ਇਹ ਲਾਸ਼ ਤੇਰੇ ਭਰਾ ਦੀ ਹੈ .ਪਰ ਅਸੀਂ ਚਾਹ ਕੇ ਵੀ ਤੈਨੂੰ ਉੱਥੇ ਜਾਣ ਦੀ ਆਗਿਆ ਨਹੀਂ ਦੇ ਸਕਦੇ ਅਸੀਂ ਮਜਬੂਰ ਹਾਂ ..ਬਹੁਤ ਮਜਬੂਰ ।” ਮੈਂ ਹੱਥ ਜੋੜੇ, ”ਅਫ਼ਸਰਾਂ ਨੂੰ ਕਹਿ ਕੇ ਵੇਖ ਲਵੋ।” ਉਹਨਾਂ ਨੇ ਕਿਹਾ, ‘ਉਹ ਵੀ ਬੇਵੱਸ ਨੇ ।’
ਮੈਂ ਫੇਰ ਅਰਜੋਈ ਕੀਤੀ ਅਫਸਰਾਂ ਦੇ ਵੱਡੇ ਅਫਸਰਾਂ ਨੂੰ ਹੀ ਪੁੱਛ ਲਵੋ ।” ਜਵਾਬ ਮਿਲਿਆ, ”ਉਹਨਾਂ ਦੇ ਵੀ ਹੱਥ ਕੁਝ ਨਹੀਂ ।”
ਮੈਂ ਪੁੱਛਿਆ, ”ਫਿਰ ਕੌਣ ਜਾਣ ਦੇ ਸਕਦਾ? ਕਿਸ ਕੋਲੋ ਜਾਣ ਦੀ ਆਗਿਆ ਮਿਲ ਸਕਦੀ ਹੈ?” ਮੈਨੂੰ ਦੱਸ ਦਿਓ ਮੈਂ ਉਹਦੇ ਪੈਰੀਂ ਪੈ ਜਾਨਾਂ ਆ।” ਉੱਤਰ ਮਿਲਿਆ, ”ਸਾਨੂੰ ਉਹ ਕੁਝ ਨਹੀਂ ਪਤਾ।”