ਬਿੰਦਰਪਾਲ ਫਤਿਹ

ਤੈਨੂੰ ਮਿਲਣ…

ਤੈਨੂੰ ਮਿਲਣ ਤੋਂ ਪਹਿਲਾਂ
ਤੇਰੇ ਦੁੱਖਾਂ ਦਾ ਮੈਨੂੰ
ਅਹਿਸਾਸ ਕੀ ਹੋਣਾ ਸੀ
ਯਕੀਨ ਕਰੀਂ ਯਾਰਾ
ਭੋਰਾ ਵੀ ਮੈਂ ਕਦੇ ਰੋਇਆ ਨਾਂ ਸੀ
ਦੇਖ ਮੈਂ ਹੁਣ
ਤੇਰੇ ਦਰਦ ‘ਚ ਭਿੱਜਿਆ ਹੋਇਆ
ਖੜ੍ਹਾ ਹਾਂ ਸਾਹਮਣੇ ਤੇਰੇ
ਜੀ ਕਰਦਾ ਕੀ ਮੈ ਆਸਮਾਨ ਚੀਰ ਕੇ
ਸੂਰਜ ਦੀ ਹਿੱਕ ਤੇ ਲਿਖ ਆਵਾਂ
ਤੇਰੇ ਦਰਦ ਦਾ ਤਰਜਮਾਂ
ਕੋਇਲਾਂ ਨੂੰ ਆਖਾਂ ਫੁੱਲਾਂ ‘ਤੇ ਬੈਠੀਆਂ ਨੂੰ
ਕਿ ਹੁਣ ਖੁਸ਼ੀ ਦੇ ਗੀਤ ਗਾਉਣ ਦਾ
ਉੱਕਾ ਹੀ ਕੋਈ ਵੇਲਾ ਨਹੀ
ਯਾਰਾ ਤੂੰ ਯਕੀਨ ਕਰੀਂ
ਮੈ ਸੋਚਦਾਂ ਤੇਰੇ ਦਿਲ ਤੋਂ
ਹਟਾ ਦੇਵਾਂ ਪੀੜ ਦੀ ਚਾਦਰ
ਫਿਰ ਇਹਨਾਂ ਕਾਤਿਲ ਹਵਾਵਾਂ ਤੋਂ ਪੁੱਛਾਂ
ਕਿ ਹਾਸਿਆਂ ਦੇ ਗੁਲਸ਼ਨ ਉਜਾੜ ਕੇ
ਚੰਦਰੇ ਵਕਤ ਦੀ ਸ਼ਹਿ ‘ਤੇ
ਕਿਓਂ ਲੁੱਟੀਆਂ ਤੇਰੀਆਂ ਜੁਆਨ ਸੱਧਰਾਂ
ਯਾਰਾ ਤੂੰ ਯਕੀਨ ਕਰੀਂ
ਮੈਂ ਸੋਚਦਾਂ ਕਿ ਪੁੱਛਾਂ ਇਸ ਮਿੱਟੀ ਨੂੰ
ਕਿ ਰੀਝਾਂ ਦਾ ਕਤਲ
ਕਿੰਝ ਸਹਿੰਦੀ ਰਹੀ ਨਿਮਾਣੀ ਬਣਕੇ
ਜਦ ਅਸੀਂ ਤੈਨੂੰ ਮਾਂ ਸਮਝਿਆ ਸੀ
ਮਾਵਾ ਦਾ ਤਾਂ ਫਰਜ਼
ਬਿਲਕੁਲ ਨਹੀ ਹੁੰਦਾ ਇਹ
ਕਿ ਪੁੱਤਾਂ ਦੇ ਚਾਵਾਂ ਨੂੰ ਇੰਝ ਰੁਲਦੇ
ਵੇਖ ਕੇ ਚੁੱਪ ਧਾਰੀ ਰੱਖਣ
ਯਾਰਾ ਤੂੰ ਯਕੀਨ ਕਰੀਂ
ਭੋਰਾ ਵੀ ਮੈਂ ਕਦੇ ਰੋਇਆ ਨਾਂ ਸੀ
ਦੇਖ ਮੈਂ ਹੁਣ
ਤੇਰੇ ਦਰਦ ‘ਚ ਭਿੱਜਿਆ ਹੋਇਆ
ਖੜ੍ਹਾ ਹਾਂ ਸਾਹਮਣੇ ਤੇਰੇ……