
ਜੀਵਨ ਜਯੋਤੀ ਸਿੰਘ
ਜਾਣ-ਪਹਿਚਾਣ
ਸ਼ਹਿਰ : ਟੋਰਾਂਟੋ
ਦੇਸ : ਕੈਨੇਡਾ
ਮੇਰਾ ਨਾਮ ਜੀਵਨ ਜਯੋਤੀ ਸਿੰਘ ਹੈ ਅਤੇ ਮੈਂ ਪਿਛਲੇ 20 ਸਾਲ ਤੋਂ ਟੋਰਾਂਟੋ ਵਿੱਚ ਰਹਿ ਰਹੀ ਹਾਂ। ਮੈਂ ਆਪਣੀ ਮੁਢਲੀ ਪੜ੍ਹਾਈ ਭਾਵੇਂ ਇੰਗਲਿਸ਼ ਵਿੱਚ ਹੀ ਕੀਤੀ ਹੈ ਪਰ ਮੈਂ ਆਪਣੀ ਮਾਂ ਬੋਲੀ ਪੰਜਾਬੀ ਤੋਂ ਕਦੀ ਵੀ ਕਿਨਾਰਾ ਨਹੀਂ ਕੀਤਾ। ਜਦੋਂ ਮੈਨੂੰ ਪਤਾ ਲੱਗਾ ਕਿ ‘ਪੰਜਾਬੀ ਨਕਸ਼’ ਮੈਗਜ਼ੀਨ ਯੁਵਾ ਅੰਕ ਛਾਪਣ ਜਾ ਰਿਹਾ ਹੈ ਤਾਂ ਮੈਂ ਵੀ ਇਸ ਅੰਕ ‘ਚ ਆਪਣੀ ਹਾਜ਼ਰੀ ਲੁਆਉਣੀ ਮੁਨਾਸਿਬ ਸਮਝੀ ਅਤੇ ਪ੍ਰਸਿੱਧ ਰੂਸੀ ਕਵੀ ਅਲੈਗਜ਼ੈਂਡਰ ਪੁਸ਼ਕਿਨ ਦੀ ਕਵਿਤਾ ““he 4ream” ਦੇ ਪੰਜਾਬੀ ਰੂਪਾਂਤਰ ਨੂੰ ਆਪ ਸਭ ਦੇ ਸਨਮੁਖ ਪੇਸ਼ ਕਰਨ ਦੀ ਖ਼ੁਸ਼ੀ ਲੈ ਰਹੀ ਹਾਂ। ਅਲੈਗਜ਼ੈਂਡਰ ਨੂੰ ਯੁਵਾ ਅੰਕ ਵਿੱਚ ਸ਼ਾਮਿਲ ਕੀਤਾ ਜਾਣਾ ਇਸ ਲਈ ਵੀ ਕਾਬਿਲੇ ਗ਼ੌਰ ਹੈ, ਕਿਉਂਕਿ ਉਸ ਦੀ ਪੂਰੀ ਉਮਰ ਅਠੱਤੀ ਸਾਲ ਹੈ।
ਦੁਨੀਆ ਭਰ ਦਾ ਚੰਗਾ ਸਾਹਿਤ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਹਮੇਸ਼ਾ ਚੰਗੀਆਂ ਰਚਨਾਵਾਂ ਪੜ੍ਹ ਕੇ ਸੋਚਦੀ ਹਾਂ ਕਿ ਇਨ੍ਹਾਂ ਦਾ ਅਨੁਵਾਦ ਮੇਰੀ ਮਾਂ ਬੋਲੀ ਪੰਜਾਬੀ ਵਿੱਚ ਉਪਲੱਬਧ ਹੋਣਾ ਚਾਹੀਦਾ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਹਿਲ ਵੀ ਮੈਂ ਆਪ ਹੀ ਕਰਾਂ। ਹੱਥਲੀ ਕਵਿਤਾ ‘ਸੁਪਨਾ’ ਜੋ ਅਲੈਗਜ਼ੈਂਡਰ ਪੁਸ਼ਕਿਨ ਦੀ ਲਿਖੀ ਹੈ, ਇਸ ਨੂੰ ਮੈਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ‘ਨਕਸ਼’ ਦੇ ਇਸ ਅੰਕ ਰਾਹੀਂ ਪਾਠਕਾਂ ਦੇ ਰੂ ਬ ਰੂ ਕਰ ਰਹੀ ਹਾਂ। ਉਮੀਦ ਹੈ ਪਾਠਕ ਇਸ ਨੂੰ ਭਰਵਾਂ ਹੁੰਗਾਰਾ ਦੇਣਗੇ ਤੇ ਆਉਣ ਵਾਲੇ ਸਮੇਂ ਵਿੱਚ ਮੇਰੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਿਰ ਮੱਥੇ ਕਬੂਲ ਕਰਨਗੇ।
ਦਿਲੀ ਸ਼ੁਕਰਾਨਾ : ਜੀਵਨ ਜੋਤੀ ਸਿੰਘ
ਰਸ਼ੀਅਨ ਕਵੀ ਅਲੈਗਜ਼ੈਂਡਰ ਪੁਸ਼ਕਿਨ
ਪ੍ਰਸਿੱਧ ਕਵੀ ਅਲੈਗਜ਼ੈਂਡਰ ਪੁਸ਼ਕਿਨ ਮਾਸਕੋ ਵਿੱਚ ਇੱਕ ਰੂਸੀ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸ ਦੇ ਖ਼ਾਨਦਾਨ ਦੇ ਬਾਰੇ ਇੱਕ ਖ਼ਾਸ ਤੱਥ ਇਹ ਹੈ ਕਿ ਉਸ ਦਾ ਪੜਦਾਦਾ ਅਬਰਾਮ ਗੈਨੀਬਾਲ ਅਫ਼ਰੀਕਾ ਤੋਂ ਇਕ ਦਾਸ ਵਜੋਂ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਰਈਸ ਬਣ ਗਿਆ ਸੀ। ਪੁਸ਼ਕਿਨ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ ਸੀ, ਅਤੇ ਜਾਰਸਕੋਏ ਸੇਲੋ ਲਾਏਸੀਅਮ ਤੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਖ਼ਤਮ ਹੋਣ ਤੱਕ ਉਸ ਨੂੰ ਸਥਾਪਤ ਸਾਹਿਤਕ ਹਲਕਿਆਂ ਤੋਂ ਮਾਨਤਾ ਪ੍ਰਾਪਤ ਹੋ ਚੁੱਕੀ ਸੀ।
ਜਿਸ ਵਕਤ ਉਹ ਜਾਰ ਦੀ ਰਾਜਨੀਤਕ ਪੁਲਿਸ ਦੀ ਸਖ਼ਤ ਨਿਗਰਾਨੀ ਦੇ ਤਹਿਤ ਸੀ ਅਤੇ ਕੁਝ ਵੀ ਪ੍ਰਕਾਸ਼ਿਤ ਕਰਨ ਤੋਂ ਅਸਮਰੱਥ ਸੀ, ਪੁਸ਼ਕਿਨ ਨੇ ਆਪਣਾ ਸਭ ਤੋਂ ਪ੍ਰਸਿੱਧ ਡਰਾਮਾ ਬੋਰਿਸ ਗੋਦੂਨੋਵ ਲਿਖਿਆ ਸੀ। ਕਵਿਤਾ ਵਿੱਚ ਉਸ ਦਾ ਨਾਵਲ, ਯੇਵਗੇਨੀ ਓਨੇਗਿਨ, ਲੜੀਵਾਰ ਰੂਪ ਵਿੱਚ 1825 ਅਤੇ 1832 ਦੇ ਵਿਚਕਾਰ ਛਾਪਿਆ ਗਿਆ ਸੀ।
ਪੁਸ਼ਕਿਨ ਦੇ 38 ਸਾਲ ਦੇ ਛੋਟੇ ਜੀਵਨਕਾਲ ਨੂੰ ਅਸੀਂ 5 ਭਾਗਾਂ ਵਿੱਚ ਵੰਡ ਕੇ ਸਮਝ ਸਕਦੇ ਹਾਂ। 26 ਮਈ, 1799 ਨੂੰ ਉਸ ਦੇ ਜਨਮ ਤੋਂ 1820 ਤੱਕ ਦਾ ਸਮਾਂ ਬਾਲਕਾਲ ਅਤੇ ਅਰੰਭਕ ਸਾਹਿਤ ਰਚਨਾ ਨੂੰ ਸਮੇਟਦਾ ਹੈ। 1820 ਤੋਂ 1824 ਦਾ ਸਮਾਂ ਜਲਾਵਤਨੀ ਦਾ ਕਾਲ ਹੈ। 1824 ਤੋਂ 1826 ਦੇ ਵਿੱਚ ਉਹ ਮਿਖੇਲੋਵਸਕੋਏ ਵਿੱਚ ਰਿਹਾ। 1826 – 1831 ਵਿੱਚ ਉਹ ਜਾਰ ਦੇ ਕਰੀਬ ਆ ਕੇ ਪ੍ਰਸਿੱਧੀ ਦੇ ਸਿਖ਼ਰ ਤੇ ਪਹੁੰਚਿਆ। 1831 ਤੋਂ ਉਸ ਦੀ ਮੌਤ (29 ਜਨਵਰੀ 1837) ਤੱਕ ਦਾ ਕਾਲ ਉਸ ਦੇ ਲਈ ਬਹੁਤ ਦੁੱਖਦਾਈ ਰਿਹਾ।
ਸੁਪਨਾ
ਕੁਝ ਸਮਾਂ ਪਹਿਲਾਂ, ਇੱਕ ਮਨਮੋਹਕ ਸੁਪਨੇ ਵਿਚ,
ਮੈਂ ਵੇਖਿਆ ਆਪਣੇ ਆਪ ਨੂੰ — ਜਵਾਹਰਾਤਾਂ ਨਾਲ ਲੱਦੇ ਹੋਏ ਇੱਕ ਰਾਜਾ ਦੇ ਰੂਪ ‘ਚ;
ਤੇਰੇ ਪਿਆਰ ‘ਚ ਲੀਨ, ਇੰਝ ਲੱਗਿਆ,
ਅਤੇ ਖ਼ੁਸ਼ੀ ਨਾਲ ਦਿਲ ਧੜਕ ਰਿਹਾ ਸੀ ਮੁਹੱਬਤੀ ਚਾਲ।
ਤੇਰੇ ਆਕਰਸ਼ਕ ਵਜੂਦ ਕੋਲ ਬੈਠ ਗਾਇਆ ਮੈਂ ਆਪਣਾ ਜਨੂੰਨੀ ਗੀਤ।
ਕਿਉਂ, ਸੁਪਨੇ, ਤੂੰ ਮੇਰੇ ਖ਼ੁਸ਼ੀ ਨੂੰ ਸਦਾ ਲਈ ਨਹੀਂ ਵਧਾਇਆ?
ਪਰ ਦੇਵਤਿਆਂ ਨੇ ਮੈਨੂੰ ਉਨ੍ਹਾਂ ਦੀ ਪੂਰੀ ਕਿਰਪਾ ਤੋਂ ਵਾਂਝਾ ਨਹੀਂ ਕੀਤਾ:
ਮੈਂ ਕੇਵਲ ਆਪਣੇ ਸੁਪਨਿਆਂ ਦਾ ਰਾਜ ਗੁਆ ਦਿੱਤਾ ਹੈ।
The Dream
Not long ago, in a charming dream,
I saw myself — a king with crown’s treasure;
I was in love with you, it seemed,
And heart was beating with a pleasure.
I sang my passion’s song by your enchanting knees.
Why, dreams, you didn’t prolong my happiness forever?
But gods deprived me not of whole their favor:
I only lost the kingdom of my dreams.
—Aleksander Pushkin
Read more
ਮੋ ਯਾਂ ਦੀ ਤਕਰੀਰ
ਵਿਗਿਆਨ – ਗਲਪ ਕਹਾਣੀ : ਕੈਪਲਰ ਗ੍ਰਹਿ ਦੇ ਅਜਬ ਬਾਸ਼ਿੰਦੇ
ਕਹਾਣੀ : ਦੂਜੀ ਭਾਸ਼ਾ