November 3, 2024

ਕਹਾਣੀ : ਆਖਰੀ ਮਿਸ਼ਨ

ਕਹਾਣੀ : ਆਖਰੀ ਮਿਸ਼ਨ

ਲੇਖਕ : ਡਾ. ਡੀ. ਪੀ. ਸਿੰਘ
(ਕੈਨੇਡਾ)

ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ ਉੱਤੇ ਸੀ। ਕਿਸੇ ਲਈ ਵੀ ਉਸ ਨੂੰ ਲੱਭ ਸਕਣਾ ਸੰਭਵ ਹੀ ਨਹੀਂ ਸੀ।
*****
ਯੂਕਰੇਨ ਵੱਲ ਆਪਣੀ ਯਾਤਰਾ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕਰਦਿਆਂ ਮੈਂ ਖੁਸ਼ ਸਾਂ ਕਿ ਆਪਣੇ ਰਾਕਟ ਦੇ ਸਥਾਨ ਤੇ ਸਮਾਂ ਕੰਟਰੋਲ ਯੰਤਰਾਂ ਨੂੰ ਥੋੜ੍ਹਾ ਲਾਪਰਵਾਹੀ ਨਾਲ ਸੈੱਟ ਕੀਤਾ ਸੀ। ਆਪਣੇ ਦੇਸ਼ ਤੋਂ ਸੈਂਕੜੇ ਮੀਲ ਦੂਰ ਮੈਂ ਇਸ ਅਜੀਬੋ ਗਰੀਬ ਧਰਤੀ ਦੇ ਅਣਜਾਣ ਲੋਕਾਂ ਵਿਚ ਆ ਪੁੱਜਾ ਸਾਂ। ਬਹੁਤ ਮੁਸ਼ਕਲ ਨਾਲ ਜੰਗੀ ਖੇਤਰ ਦੇ ਇਸ ਨੁੱਕਰੇ ਇਹ ਥਾਂ ਲੱਭੀ ਸੀ ਤੇ ਮੈਂ ਆਪਣੇ ਫੌਜੀ ਸਾਜ਼ੋ-ਸਾਮਾਨ ਸਮੇਤ, ਚਾਰੋ ਪਾਸੇ ਫੈਲੇ ਵਿਸ਼ਾਲ ਸਮੁੰਦਰ ਵਿਚ ਮੌਜੂਦ ਇਕ ਉੱਜੜੇ ਜਿਹੇ ਛੋਟੇ ਟਾਪੂ ਉੱਤੇ ਆ ਉੱਤਰਿਆ ਸਾਂ। ਸੁਭਾਗ ਹੀ ਸੀ ਕਿ ਮੈਨੂੰ ਉਹ ਵਿਅਕਤੀ ਮਿਲ ਗਿਆ, ਜੋ ਮੈਨੂੰ ਇਥੋਂ ਬਾਰੇ ਲੋੜੀਂਦੀ ਜਾਣਕਾਰੀ, ਸ਼ਨਾਖ਼ਤ ਤੇ ਵਰਦੀ ਦੇ ਕੇ ਮਰ ਜਾਵੇਗਾ ਤੇ ਇਸ ਦੇਸ਼ ਦੇ ਹਾਲਤਾਂ ਵਿਚ ਗੜਬੜ੍ਹੀ ਦਾ ਮੇਰਾ ਰਿਕਾਰਡ ਵੀ ਨਹੀਂ ਰਹੇਗਾ।
ਮੈਂ ਜਿਵੇਂ ਹੀ ਉਸ ਵੱਲ ਵਧਿਆ, ਉਹ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਸੀ। ਬੰਦ ਅੱਖਾਂ ਨੂੰ ਹੌਲੇ ਹੌਲੇ ਖੋਲ੍ਹ ਉਸ ਨੇ ਮੇਰੇ ਵੱਲ ਝਾਂਕਿਆ। ‘ਸ਼ੁਕਰ ਹੈ।’ਉਹ ਭਾਰੀ ਭਰਕਮ ਤੇ ਭੱਦੀ ਜਿਹੀ ਭਾਸ਼ਾ ਵਿਚ ਫੁਸਫੁਸਾਇਆ। ‘ਜੇ ਤੂੰ ਨਾ ਆਉਂਦਾ ਤਾਂ ਮੈਂ ਬਚ ਨਹੀਂ ਸਾਂ ਸਕਦਾ।’ਮੁਸਕਰਾਂਦੇ ਹੋਏ ਤੇ ਸੁੱਖ ਦਾ ਸਾਹ ਲੈਂਦੇ ਉਸ ਕਿਹਾ। ਇਕ ਪਲ ਮੇਰਾ ਦਿਲ ਤਾਂ ਕੀਤਾ ਕਿ ਮੈਂ ਉਸ ਨੂੰ ਬਚਾ ਲਵਾਂ, ਪਰ ਮੈਂਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ। ਅਜਿਹਾ ਕਰਨ ਨਾਲ ਮੇਰਾ ਮਿਸ਼ਨ ਵਿਗੜ੍ਹ ਸਕਦਾ ਸੀ ਤੇ ਜਿਸ ਦਾ ਭਾਵ ਸੀ ਮੇਰੀ ਅਸਫਲਤਾ।
ਕੁਝ ਦੇਰ ਬਾਅਦ ਜਦ ਮੈਂ ਉਸ ਟਾਪੂ ਨੂੰ ਛੱਡਿਆ ਉਹ ਮਰ ਚੁੱਕਾ ਸੀ। ਮੈਂ ਉਸ ਦੀ ਵਰਦੀ ਪਹਿਨ ਉਸ ਦਾ ਸ਼ਨਾਖਤ ਧਾਰਣ ਕਰ ਚੁੱਕਾ ਸਾਂ।
*****
ਉਸ ਤੋਂ ਮਿਲੀ ਜਾਣਕਾਰੀ ਨਾਲ ਉਸ ਥਾਂ ਨੂੰ ਲੱਭਣਾ ਆਸਾਨ ਹੋ ਗਿਆ ਸੀ ਜਿਥੇ ਮੈਂ ਜਾਣਾ ਚਾਹੁੰਦਾ ਸਾਂ। ਮੈਂ ਲੜਾਈ ਦੇ ਇਸ ਮੁੱਖ-ਕੇਂਦਰ ਤੋਂ ਕੁਝ ਦੂਰੀ ਉੱਤੇ ਰਾਤ ਪੈਣ ਦਾ ਇੰਤਜ਼ਾਰ ਕੀਤਾ। ਆਪਣੀ ਫੌਜੀ ਵਰਦੀ ਨੂੰ

ਮੈਂ ਪੁਰਾਣੇ ਰੁੱਖਾਂ ਦੇ ਝੁਰਮਟ ਵਿਚ ਛੁਪਾ ਦਿੱਤਾ। ਹਨੇਰਾ ਹੁੰਦਿਆਂ ਹੀ ਮੈਂ ਮਾਨਵਤਾ ਲਈ ਸੱਭ ਤੋਂ ਘਾਤਕ ਹਥਿਆਰ ਛੁਪਾਈ ਬੈਠੀ ਉਸ ਇਮਾਰਤ ਵੱਲ ਚਲ ਪਿਆ। ਮੇਰੇ ਕਦਮਾਂ ਦੀ ਆਹਟ ਸੁਣ, ਪਹਿਰੇਦਾਰ ਚੁਕੰਨਾ ਹੋ ਗਿਆ ਸੀ।
‘ਕੌਣ ਹੈ ਤੂੰ?’ ਉਸ ਪੁੱਛਿਆ।
‘ਕੈਪਟਨ ਇਵਾਨ ਕੋਵਲ, ਗੁਪਤਚਰ ਵਿਭਾਗ।’ਕਹਿੰਦਿਆਂ ਮੈਂ ਆਪਣਾ ਨਵਾਂ ਸ਼ਨਾਖਤੀ ਕਾਰਡ ਅੱਗੇ ਕਰ ਦਿੱਤਾ।
ਸ਼ਨਾਖਤੀ ਕਾਰਡ ਉੱਤੇ ਨਜ਼ਰ ਮਾਰ ਪਹਿਰੇਦਾਰ ਨੇ ਆਪਣੀ ਲੇਜ਼ਰ ਗੰਨ ਹੇਠਾਂ ਕਰ ਲਈ ਤੇ ਸਲੂਟ ਮਾਰਦਿਆਂ ਬੋਲਿਆ, ‘ਸਵਾਗਤ ਹੈ, ਸਰ!’
ਇਮਾਰਤ ਦੇ ਅੰਦਰ ਵੜ੍ਹਦਿਆਂ ਹੀ ਮੈਨੂੰ ਨਿਊਕਲੀ-ਮਿਜ਼ਾਇਲ ਨਜ਼ਰ ਆਇਆ। ਜੋ ਇਮਾਰਤ ਦੇ ਮੁੱਖ ਹਾਲ ਵਿਚ ਚੋਪਹੀਆ ਗੱਡੀ ਉੱਤੇ ਰੱਖਿਆ ਹੋਇਆ ਸੀ। ਉਹ ਇਸ ਨੂੰ ਦਾਗਣ ਵਾਲੇ ਸਥਾਨ ਉੱਤੇ ਲਿਜਾਣ ਦੀ ਤਿਆਰੀ ਵਿਚ ਸਨ। ਤਕਨੀਕੀ ਮਾਹਿਰ ਇਸ ਦੀ ਆਖਰੀ ਜਾਂਚ ਵਿਚ ਜੁਟੇ ਹੋਏ ਸਨ। ਮੈਂ ਜਾਂਚ-ਨਿਗਰਾਨ ਅਫ਼ਸਰ ਨੂੰ ਸਲਾਮ ਕੀਤੀ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਣ ਲੱਗਾ। ਇਨ੍ਹਾਂ ਘਟਨਾਵਾਂ ਦਾ ਅੰਜ਼ਾਮ ਬਦਲਣ ਲਈ ਹੀ ਤਾਂ ਮੈਂ ਸੈਂਕੜੇ ਮੀਲ ਦੀ ਦੂਰੀ ਨੂੰ ਪਾਰ ਕਰ ਇਥੇ ਪੁੱਜਾ ਸਾਂ।
ਨਿਊਕਲੀ ਮਿਜ਼ਾਇਲ, ਗੂੜ੍ਹੇ ਹਰੇ ਰੰਗ  ਵਾਲਾ ਲੰਮਾ ਸਿਲੰਡਰ ਦੀ, ਜਿਸ ਦੇ ਹੇਠਲੇ ਪਾਸੇ ਟਿਊਬਾਂ ਦਾ ਝੁਰਮਟ ਸੀ ਤੇ ਉਤਲੇ ਸਿਰੇ ਕੋਲ ਤਿੱਖੀ ਨੋਕ ਵਾਲਾ ਵਿਸਫ਼ੋਟਕ ਯੰਤਰ ਲਗਾ ਗੋਇਆ ਸੀ। ਇਸ ਯੰਤਰ ਦੀ ਵੱਖੀ ਵਿਚ ਮੌਜੂਦ ਇਕ ਖੁੱਲ੍ਹੀ ਤਾਕੀ ਰਾਹੀਂ ਤਕਨੀਕੀ ਮਾਹਿਰ ਕੁਝ ਡਾਇਲਾਂ ਨੂੰ, ਕੋਲ ਖੜ੍ਹੇ ਗੰਜੇ ਅਫ਼ਸਰ ਦੁਆਰਾ ਬੋਲੇ ਜਾ ਰਹੇ ਅੰਕਾਂ ਮੁਤਾਬਕ ਸੈੱਟ ਕਰ ਰਹੇ ਸਨ। ਉਸ ਅਫ਼ਸਰ ਦੇ ਮੋਢੇ ਉੱਤੇ ਫੌਜੀ ਜਰਨੈਲ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ।
*****
ਮੈਂ ਇਹ ਸਭ ਕੁਝ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸਾਂ। ਹਰ ਚੀਜ਼ ਨੂੰ ਯਾਦ ਰੱਖਣ ਦੀ ਨਿਰੰਤਰ ਕੋਸ਼ਿਸ਼ ਵਿਚ ਸਾਂ। ਮੈਂ ਤੀਸਰੇ ਵਿਸ਼ਵ ਯੁੱਧ ਦੇ ਅਜਿਹੇ ਮੋੜ ਉੱਤੇ ਸਾਂ ਜਿਥੋਂ ਜੰਗ ਦਾ ਭਵਿੱਖ ਬਿਲਕੁਲ ਹੀ ਬਦਲਣ ਵਾਲਾ ਸੀ। ਇਹ ਮੇਰੇ ਜੀਵਨ ਦਾ ਸਭ ਤੋਂ ਵੱਧ ਰੋਮਾਂਚਿਕ ਪਲ ਸੀ। ਇਸ ਸਮੇਂ ਮੈਂ ਮੇਰੇ ਸਿਖਲਾਈ ਅਫ਼ਸਰ ਮੇਜਰ ਵਲਾਦੀਮੀਰ ਪਾਵਲੋਵ ਦੀ ਧੋਖਾਧੜੀ ਬਾਰੇ ਲਗਭਗ ਭੁੱਲ ਹੀ ਗਿਆ ਸਾਂ। ਲਗਭਗ ਹੀ ……ਪਰ ਪੱਕੇ ਤੌਰ ਉੱਤੇ ਨਹੀਂ। ਉਸ ਦੀ ਧੋਖਾਧੜੀ ਦੀ ਘਟਨਾ ਮੇਰੇ ਦਿਮਾਗ ਵਿਚ ਅਜੇ ਵੀ ਘਰ ਕਰੀ ਬੈਠੀ ਸੀ ਤੇ ਮੈਂਨੂੰ ਸਪਸ਼ਟ ਹੀ ਸੀ ਕਿ ਮੈਂ ਬਹੁਤ ਵੱਡੇ ਖ਼ਤਰੇ ਵਿਚ ਹਾਂ।
ਇਹ ਘਟਨਾਕ੍ਰਮ ਇਕ ਸਾਧਾਰਨ ਜਿਹੇ ਨੋਟਿਸ ਨਾਲ ਸ਼ੁਰੂ ਹੋਇਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਮੇਰੀ ਮਿਲਟਰੀ ਟ੍ਰੇਨਿੰਗ ਦੀ ਸਫਲਤਾ ਲਈ ਮੈਨੂੰ ਇਕ ਖ਼ਾਸ ਮਿਸ਼ਨ ਪੂਰਾ ਕਰਨਾ ਹੋਵੇਗਾ। ਜੋ ਮੇਰੀ ਟ੍ਰੇਨਿੰਗ ਦਾ ਆਖ਼ਰੀ ਮਿਸ਼ਨ ਹੋਵੇਗਾ। ਜਦ ਮੈਂਨੂੰ ਮਿਸ਼ਨ ਬਾਰੇ ਪਤਾ ਲੱਗਾ ਤਾਂ ਇਕ ਵਾਰ ਤਾਂ ਮੇਰਾ ਦਿਲ ਹੀ ਬੈਠ ਗਿਆ ਸੀ। ਮਿਸ਼ਨ ਸੀ – ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ।
ਮੈਂ ਨੱਠ ਕੇ ਆਪਣੇ ਸਿਖਲਾਈ ਅਫ਼ਸਰ ਮੇਜ਼ਰ ਵਲਾਦੀਮੀਰ ਪਾਵਲੋਵ ਕੋਲ ਪੁੱਜਾ। ਮੈਂ ਸੋਚ ਰਿਹਾ ਸਾਂ ਜ਼ਰੂਰ ਕੋਈ ਗਲਤੀ ਹੋਈ ਹੈ।

‘ਮੇਜਰ ਪਾਵਲੋਵ! ਇਹ ਤਾਂ ਅਸੰਭਵ ਕੰਮ ਹੈ।’ਮੈਂ ਕਿਹਾ। ‘ਸਿਖਲਾਈ ਦੇ ਨਿਯਮਾਂ ਅਨੁਸਾਰ ਤਾਂ ਮੈਨੂੰ ਦੇਸ਼ ਦੇ ਜੰਗੀ ਕਾਰਜਾਂ ਵਿਚ ਸੁਯੋਗ ਮਦਦ ਕਰਨੀ ਹੈ। ਪਰ ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਮੈਂ ਇਕੱਲਾ ਅਜਿਹਾ ਕਿਵੇਂ ਕਰ ਸਕਦਾ ਹੈ? ਅਜਿਹੇ ਵਿਸ਼ਵ ਯੁੱਧ ਵਿਚ, ਜਿਸ ਵਿਚ ਪੂਰਾ ਵਿਸ਼ਵ ਹੀ ਦੋ ਧੜਿਆਂ ਵਿਚ ਵੰਡਿਆ ਹੋਇਆ ਹੈ। ਇਕ ਧੜੇ ਦਾ ਮੁਖੀ ਰੂਸ ਹੈ ਤੇ ਦੂਸਰੇ ਧੜ੍ਹੇ ਦਾ ਮੁਖੀ ਯੂਕਰੇਨ। ਅਤੇ ਹਰ ਧੜ੍ਹਾ ਹੀ ਆਪਣੀ ਜਿੱਤ ਲਈ ਸਿਰਤੋੜ੍ਹ ਯਤਨ ਕਰ ਰਿਹਾ ਹੈ।’
ਉਸ ਨੇ ਹਮੇਸ਼ਾਂ ਵਾਂਗ ਹੀ  ਬੇਰੁਖੀ ਭਰਿਆ ਹਾਸਾ ਹੱਸਿਆ।
‘ਤਰੀਕਾ ਤਾਂ ਹੈ।’ਆਪਣੀ ਐਨਕ ਰਾਹੀਂ ਟੀਰਾ ਜਿਹਾ ਝਾਂਕਦਾ ਹੋਏ ਉਹ ਬੋਲਿਆ।
ਅਗਲੇ ਪਲ ਹੀ ਮੈਨੂੰ ਸਮਝ ਆ ਗਈ ਕਿ ਉਸ ਦੇ ਮਨ ਵਿਚ ਕੀ ਚਲ ਰਿਹਾ ਸੀ।
‘ਦੁਸ਼ਮਣ ਦੇ ਨਿਊਕਲੀ ਹਮਲੇ ਨੂੰ ਨਕਾਰਾ ਕਰ ਕੇ’ ਉਸ ਨੇ ਸਿਰ ਹਿਲਾਂਦਿਆਂ ਕਿਹਾ।
ਮੈਂ ਉਸ ਨਾਲ ਤਕਰਾਰ ਤਾਂ ਕੀਤੀ। ਦੁਸ਼ਮਣ ਦੇ ਨਿਊਕਲੀ ਅਸਲ੍ਹੇ-ਖਾਨੇ ਤਕ ਪਹੁੰਚਣਾ ਬਹੁਤ ਹੀ ਖ਼ਤਰਨਾਕ ਕੰਮ ਸੀ। ਇਸੇ ਮਿਸ਼ਨ ਸਬੰਧੀ ਪਹਿਲਾਂ ਭੇਜੇ ਗਏ ਤਿੰਨੋਂ ਹੀ ਵਲੰਟੀਅਰ ਫੌਜੀ  ਜ਼ਿੰਦਾ ਵਾਪਿਸ ਨਹੀਂ ਸਨ ਆ ਸਕੇ। ਉਨ੍ਹਾਂ ਵਿਚੋਂ ਦੋ ਤਾਂ ਦੁਸ਼ਮਣ ਦੇ ਇਲਾਕੇ ਵਿਚ ਉੱਤਰਦਿਆ ਹੀ ਮਾਰੇ ਗਏ ਸਨ। ਬੇਸ਼ਕ ਤੀਸਰਾ ਵਲੰਟੀਅਰ ਨਿਊਕਲੀ ਅਸਲ੍ਹੇ-ਖਾਨੇ ਤਕ ਪਹੁੰਚ ਤਾਂ ਗਿਆ ਸੀ, ਪਰ ਉਸ ਇਮਾਰਤ ਵਿਚ ਦਾਖ਼ਲੇ ਸਮੇਂ ਫੜ੍ਹਿਆ ਗਿਆ। ਅੱਜ ਤਕ ਪਤਾ ਨਹੀਂ ਲਗਾ ਕਿ ਉਹ  ਜ਼ਿੰਦਾ ਵੀ ਹੈ ਜਾਂ ਮਰ ਗਿਆ।
ਬੇਸ਼ਕ ਦੁਸ਼ਮਣ ਦੇਸ਼ ਵਿਚ ਦਾਖਿਲ ਹੋਣਾ ਮੁਸ਼ਕਲ ਕੰਮ ਨਹੀਂ ਸੀ ਅਤੇ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ-ਗੰਨ ਹਰ ਹਾਲਤ ਦਾ ਮੁਕਾਬਲਾ ਕਰਨ ਦੇ ਯੋਗ ਸਨ। ਪਰ ਅਚਨਚੇਤ ਵਾਪਰੇ ਜਾਂ ਮਿੱਥ ਕੇ ਕੀਤੇ ਨਿਊਕਲੀ ਵਿਸਫੋਟ ਤੋਂ ਪੈਦਾ ਹੋਣ ਵਾਲੇ ਅਸਹਿ ਹਾਲਾਤਾਂ ਦਾ ਤੋੜ ਤਾਂ ਕੁਝ ਵੀ ਨਹੀਂ ਸੀ। ਅਜਿਹੇ ਹਾਲਾਤਾਂ ਦਾ  ਸ਼ਿਕਾਰ ਵਿਅਕਤੀ ਤਾਂ ਫਿਰ ਕਦੇ ਦੇਸ਼ ਵਾਪਸੀ ਦਾ ਸੁਪਨਾ ਵੀ ਨਹੀਂ ਲੈ ਸਕਦਾ।
ਇਸ ਮਿਸ਼ਨ ਦੀ ਪੂਰਤੀ ਸੰਬੰਧਤ ਖ਼ਤਰਾ ਇੰਨ੍ਹਾਂ ਵਧੇਰੇ ਸੀ ਕਿ ਮੇਰਾ ਮਨ ਇਸ ਹੁਕਮ ਨੂੰ ਮੰਨਣ ਤੋਂ ਇਨਕਾਰੀ ਸੀ। ਜਿਸ ਦਾ ਸਿੱਧਾ ਮਤਲਬ ਸੀ ਮੇਰੀ ਫੋਜ ਵਿਚੋਂ ਨਿਰਾਦਰੀ ਭਰੀ ਬਰਖ਼ਾਸਤਗੀ।
ਪਰ ਤਦ ਹੀ ਮੈਂਨੂੰ ਸੋਫ਼ੀਆ ਦਾ ਖਿਆਲ ਆਇਆ……..ਪਿਆਰੀ ਤੇ ਖੁਬਸੂਰਤ ਸੋਫ਼ੀਆ ਵੋਲਕੋਵਾ……..ਤੇ ਮੈਂ ਨਾਂਹ ਨਾ ਕਰ ਸਕਿਆ।
ਤਦ ਹੀ ਮੈਂਨੂੰ ਸਨਕੀ ਤੇ ਅੱਖੜ ਮੇਜ਼ਰ ਵਲਾਦੀਮੀਰ ਦੀ ਚਾਲ ਵੀ ਸਮਝ ਆ ਗਈ। ਕਿ ਉਸ ਨੇ ਮੈਨੂੰ ਅਜਿਹੇ ਔਖੇ ਕੰਮ ਲਈ ਕਿਉਂ ਚੁਣਿਆ ਸੀ। ਮੈਂ ਜਾਣਦਾ ਸਾਂ ਕਿ ਉਹ ਸਨਕੀ ਗਵਾਰ ਮੇਰੀ ਸੋਫ਼ੀਆ ਉੱਤੇ ਭੈੜੀ ਅੱਖ ਰੱਖਦਾ ਸੀ। ਮੈਂ ਸੋਫ਼ੀਆ ਨੂੰ ਪਿਆਰ ਕਰਦਾ ਹਾਂ, ਨਹੀਂ ……… ਨਹੀਂ…….ਮੇਰੀ ਪਿਆਰੀ ਸੋਫ਼ੀਆ ਕਦੇ ਵੀ ਉਸ ਦੀ ਨਹੀਂ ਹੋ ਸਕਦੀ। ਪਰ ਜੇ ਮੈਂ ਰਸਤੇ ‘ਚੋਂ ਹਟ ਜਾਵਾਂ ਤਾਂ ਵਲਾਦੀਮੀਰ ਦਾ ਮੌਕਾ ਲਗ ਵੀ ਸਕਦਾ ਸੀ। ਇਹੋ ਹੀ ਉਸ ਦੀ ਚਾਲ ਸੀ।
ਮੈਂ ਹੁਕਮ ਸਵੀਕਾਰ ਕਰ ਲਿਆ। ਮੇਜ਼ਰ ਵਲਾਦੀਮੀਰ ਨੇ ਮੇਰੇ ਲਈ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ ਦਾ ਇੰਤਜ਼ਾਮ ਕਰ ਦਿੱਤਾ। ਮੇਰੀ ਬਲੀ ਦੇਣ ਲਈ ਉਹ ਹਰ ਮਦਦ ਪੂਰੇ ਦਿਲੋ-ਜਾਨ ਨਾਲ ਕਰ ਰਿਹਾ ਸੀ…….. ਅਤੇ ਮੈਂ ਇਸ ਜੋਖ਼ਮ ਭਰੇ ਸਫ਼ਰ ਉੱਤੇ ਤੁਰ ਪਿਆ ਸਾਂ।
ਇਕ ਝਟਕੇ ਜਿਹੇ ਨਾਲ ਮੈਂ ਵਰਤਮਾਨ ਵਿਚ ਮੁੜ੍ਹ ਆਇਆ। ਕੁਝ ਗੜਬੜ੍ਹ ਨਜ਼ਰ ਆ ਰਹੀ ਸੀ।
ਬੇਸ਼ਕ ਮੇਰਾ ਅਚੇਤ ਮਨ ਨਿਊਕਲੀ ਰਾਕਟ ਉੱਤੇ ਫੋਕਸ ਸੀ, ਪਰ ਝਟਕੇ ਜਿਹੇ ਨਾਲ ਮੌਜੂਦਾ ਹਾਲਾਤਾਂ ਵਿਚ ਮੁੜ ਆਉਣ ਤੇ ਮੈਂ ਦੇਖਿਆ ਕਿ ਇਹ ਰਾਕਟ ਤਾਂ ਉਸ ਵਰਗਾ ਨਹੀਂ ਸੀ ਜੋ ਮੈਂਨੂੰ ਦੱਸਿਆ ਗਿਆ ਸੀ।
*****
ਮਿਸ਼ਨ ਉੱਤੇ ਭੇਜਣ ਤੋਂ ਪਹਿਲਾਂ ਤਿਆਰੀ ਦੌਰਾਨ ਮੈਨੂੰ ਦੱਸਿਆ ਗਿਆ ਸੀ ਦੁਸ਼ਮਣ ਹਾਈਡ੍ਰੋਜਨ ਬੰਬ ਰਾਹੀਂ ਸਾਡੇ ਦੇਸ਼ ਰੂਸ ਨੂੰ ਤਬਾਹ ਕਰਨ ਦੀ ਤਿਆਰੀ ਵਿੱਚ ਹੈ। ਹਾਈਡ੍ਰੋਜਨ ਬੰਬ ਹੀ ਅਜੋਕੇ ਵਿਸ਼ਵ ਦਾ ਸਭ ਤੋਂ ਖ਼ਤਰਨਾਕ ਹਥਿਆਰ ਹੈ। ਜਿਸ ਵਿੱਚ ਹਾਈਡ੍ਰੋਜਨ ਦੇ ਪਰਮਾਣੂ, ਗਾਮਾ ਕਿਰਨਾਂ ਦੇ ਪ੍ਰਭਾਵ ਹੇਠ ਹਿਲੀਅਮ ਦੇ ਪਰਮਾਣੂਆਂ ਵਿਚ ਬਦਲਦੇ ਹੋਏ ਅਥਾਹ ਊਰਜਾ ਦਾ ਨਿਕਾਸ ਕਰਦੇ ਹਨ। ਅਤੇ ਇਸ ਊਰਜਾ ਦੇ ਪ੍ਰਭਾਵ ਖੇਤਰ ਵਿਚ ਆਈ ਹਰ ਸ਼ੈਅ ਹੀ ਸੜ੍ਹ ਕੇ ਸੁਆਹ ਹੋ ਜਾਂਦੀ ਹੈ।
ਪਰ ਮੇਰੇ ਸਾਹਮਣੇ ਦਿਖਾਈ ਦੇ ਰਿਹਾ ਨਿਊਕਲੀ-ਰਾਕਟ ਤਾਂ ਸਾਧਾਰਣ ਜਿਹੇ ਐਟਮ-ਬੰਬ ਵਰਗਾ ਜਾਪ ਰਿਹਾ ਸੀ। ਨਾ ਤਾਂ ਇਸ ਨਾਲ ਗਾਮਾ-ਕਿਰਨ ਪੈਦਾ ਕਰਨ ਕਰਨ ਵਾਲਾ ਯੰਤਰ ਹੀ ਲੱਗਾ ਸੀ ਤੇ ਨਾ ਹੀ ਲੇਜ਼ਰ-ਕਿਰਨ ਉਤਪਾਦਨ ਉਪਕਰਣ।

ਪਰ ਇਹ ਵੀ ਸੱਚ ਹੀ ਹੈ ਕਿ ਐਟਮੀ-ਬੰਬ ਵੀ ਵਧੇਰਾ ਨੁਕਸਾਨ ਕਰਨ ਦੇ ਸਮਰਥ ਹੁੰਦੇ ਹਨ। ਬੀਹਵੀਂ ਸਦੀ ਦੌਰਾਨ ਵਾਪਰੇ ਦੂਸਰੇ ਵਿਸ਼ਵ-ਯੁੱਧ ਵਿਚ ਐਟਮੀ-ਬੰਬਾਂ ਨੇ ਹੀ ਤਾਂ ਜਾਪਾਨ ਦੇ ਦੋ ਮੁੱਖ ਸ਼ਹਿਰਾਂ – ਹੀਰੋਸ਼ੀਮਾ ਤੇ ਨਾਗਾਸਾਕੀ ਦਾ ਖ਼ਾਤਮਾ ਕੀਤਾ ਸੀ।
ਕਿਧਰੇ ਮੈਂ ਗਲਤ ਥਾਂ ਤਾਂ ਨਹੀਂ ਆ ਗਿਆ। ਸ਼ੰਕਾ ਦੀ ਲਹਿਰ ਮਨ ਵਿਚ ਅਚਾਨਕ ਉੱਠ ਪਈ ਸੀ।
ਇਸੇ ਚਿੰਤਾ ਵਿਚ ਮੈਂ ਹੋਰਨਾਂ ਨੂੰ ਪਿੱਛੇ ਧੱਕਦਾ ਹੋਇਆ ਰਾਕਟ ਦੇ ਹੋਰ ਨੇੜੇ ਹੋ ਗਿਆ। ਇਹ ਅਣਘੜ੍ਹ ਤੇ ਬੇਢੰਗਾ ਜਿਹਾ ਯੰਤਰ ਸੀ, ਜਿਸ ਦੇ ਹਿੱਸਿਆਂ ਨੂੰ ਪਛਾਣਨਾ ਵੀ ਮੇਰੇ ਲਈ ਔਖਾ ਸੀ। ਮੈਂ ਇਹ ਸਭ ਕੁਝ ਬਹੁਤ ਹੀ ਉਤਸੁਕਤਾ ਨਾਲ ਦੇਖ ਰਿਹਾ ਸਾਂ……ਕਿ ਅਗਲੇ ਹੀ ਪਲ ਮੈਂ ਬਿਪਤਾ ਵਿਚ ਫਸ ਗਿਆ।
ਇਕ ਤਕਨੀਕੀ ਮਾਹਿਰ ਜਿਸ ਨੂੰ ਮੈਂ ਧੱਕੇ ਨਾਲ ਪਾਸੇ ਕਰ ਅੱਗੇ ਹੋਇਆ ਸਾਂ, ਉਹ ਹੁਣ ਮੈਂਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਘੂਰ ਰਿਹਾ ਸੀ। ਮੈਂ ਉਸ ਵੱਲ ਦੇਖਿਆ ਤੇ ਮੈਂਨੂੰ ਆਪਣੇ ਉਤਾਵਲੇਪਣ ਉੱਤੇ ਅਫਸੋਸ ਹੋਇਆ। ਮੈਂ ਉਸ ਦੇ ਸ਼ੱਕ ਨੂੰ ਦੂਰ ਕਰਨ ਦਾ ਹੱਲ ਅਜੇ ਸੋਚ ਹੀ ਰਿਹਾ ਸਾਂ ਕਿ  ਗੜ੍ਹਬੜ੍ਹ ਹੋ ਗਈ।
‘ਤੂੰ ਕਰ ਕੀ ਰਿਹਾ ਹੈ?’ ਤਕਨੀਕੀ ਮਾਹਿਰ ਨੇ ਗੁੱਸੇ ਭਰੀ ਆਵਾਜ਼ ਵਿਚ ਪੁੱਛਿਆ। ਤੂੰ ਹੈ ਕੌਣ?’
ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ‘ਮੇਰਾ ਨਾਮ ਕੈਪਟਨ ਇਵਾਨ ਕੋਵਲ ਹੈ ‘ਚੋਰੀ ਕੀਤੇ ਹੋਏ ਸ਼ਨਾਖ਼ਤੀ-ਕਾਰਡ ਵਾਲਾ ਨਾਮ ਬੋਲਦੇ ਹੋਏ ਮੈਂ ਕਿਹਾ। ‘ਮੈਂ ਗੁਪਤਚਰ ਵਿਭਾਗ।’ ਬੋਲ ਅਜੇ ਮੇਰੇ ਬੁੱਲਾਂ ਉੱਤੇ ਹੀ ਸਨ ਕਿ ਮੇਰੇ ਬੋਲਣ ਦੇ ਲਹਿਜੇ (accent) ਨੇ ਮੇਰੀ ਪੋਲ ਖ਼ੋਲ੍ਹ ਦਿੱਤੀ।
‘ਇਹ ਜਾਸੂਸ ਹੈ।’ ਉਹ ਚੀਖ਼ਿਆ। ‘ਫੜੋ, ਫੜੋ।’
ਤਦ ਹੀ ਮੇਰੇ ਆਲੇ-ਦੁਆਲੇ ਖੜ੍ਹੇ ਆਦਮੀ ਹਰਕਤ ਵਿਚ ਆ ਗਏ ਤੇ ਅੱਖ ਝਮਕਣ ਜਿੰਨੇ ਸਮੇਂ ਵਿਚ ਹੀ ਲਗਭਗ ਇਕ ਦਰਜਨ ਲੇਜ਼ਰ-ਗੰਨਜ਼ ਮੇਰੇ ਉੇੱਤੇ ਤਣ ਗਈਆਂ।
ਮੇਰਾ ਤਾਂ ਦਿਮਾਗ ਹਿੱਲ ਗਿਆ। ਭੈ ਭੀਤ ਹਾਲਤ ਵਿਚ, ਮੈਂ ਜਲਦੀ ਜਲਦੀ, ਆਪਣੀ ਵਰਦੀ ਹੇਠ ਛੁਪਾਈ ਸੇਫਟੀ ਬੈਲਟ ਉੱਤੇ ਲੱਗਾ ਸਵਿਚ ਦਬਾ ਦਿੱਤਾ। ਮੇਰੇ ਚਾਰੇ ਪਾਸੇ ਰੇਡੀਏਸ਼ਨ-ਰੋਕੂ-ਢਾਲ ਪਸਰ ਗਈ। ਅਗਲੇ  ਹੀ ਪਲ ਇਸ ਢਾਲ ਦਾ ਬਾਹਰਲਾ ਪਾਸਾ, ਮੇਰੇ ਵੱਲ ਤਾਣੀਆਂ ਲੇਜ਼ਰ-ਗੰਨਜ਼ ਤੋਂ ਨਿਕਲ ਰਹੇ ਰੇਡੀਏਸ਼ਨ ਨਾਲ ਦਗ ਦਗ ਕਰਨ ਲਗਾ। ਸੁਭਾਗ ਹੀ ਸੀ ਕਿ ਢਾਲ ਦੀ ਵਿਨਾਸ਼ੀ ਤਾਕਤ ਨੇ ਇਸ ਨੂੰ ਤੁਰੰਤ ਹੀ ਨਸ਼ਟ ਕਰ ਦਿੱਤਾ।
ਮੈਂ ਬਚ ਤਾਂ ਗਿਆ ਸਾਂ ਪਰ ਕਦੋਂ ਤਕ।
ਅਗਲੇ ਹੀ ਪਲ ਮੈਥੋਂ ਇਕ ਹੋਰ ਗਲਤੀ ਹੋ ਗਈ। ਮੈਂ ਨਿਊਕਲੀ-ਮਿਜ਼ਾਇਲ ਦੇ ਬਹੁਤ ਨੇੜੇ ਸਾਂ। ਮੇਰੀ ਰੇਡੀਏਸ਼ਨ-ਰੋਕੂ-ਢਾਲ ਨਿਊਕਲੀ-ਮਿਜ਼ਾਈਲ ਦੇ ਬੰਬ ਵਾਲੇ ਸਿਰੇ ਨਾਲ ਘਿਸਰ ਗਈ।
ਵਿਸਫੋਟਕ ਪਦਾਰਥ ਵਿਚ ਊਰਜਾ ਦੀ ਲਹਿਰ ਪੈਦਾ ਹੋ ਗਈ। ਇਸ ਰੋਲੇ-ਰੱਪੇ ਵਾਲੇ ਮਾਹੌਲ ਵਿਚ ਖ਼ਤਰੇ ਦੀ ਘੰਟੀ ਦੀ ਟਨ-ਟਨ ਸੁਣਾਈ ਦਿੱਤੀ। ਮੇਰੇ ਆਲੇ-ਦੁਆਲੇ ਮੌਜੂਦ ਹਰ ਕੋਈ, ਹੈਰਾਨੀ ਤੇ ਭੈਅ ਰੱਤੇ ਚਿਹਰਿਆਂ ਨਾਲ ਜਿਵੇਂ ਜੜ੍ਹ ਹੀ ਹੋ ਗਿਆ ਸੀ। ਐਟਮੀ ਬੰਬ ਵਿਚ ਨਿਊਕਲੀ ਤੋੜ-ਫੋੜ ਸ਼ੁਰੂ ਹੋ ਚੁੱਕੀ ਸੀ।
ਹੁਣ ਸਿਰਫ਼ ਇਕ ਹੀ ਰਾਹ ਸੀ ਤੇ ਉਹ ਵੀ ਬਹੁਤ ਗੜਬੜ ਵਾਲਾ ਹੀ ਸੀ।
ਪਲ ਛਿਣ ਦੀ ਗੱਲ ਸੀ ਕਿ ਇਹ ਐਟਮੀ ਬੰਬ ਨੇ ਫਟ ਜਾਣਾ ਸੀ ਤੇ ਫਿਰ ਨਾ ਮੈਂ ਹੋਣਾ ਸੀ ਤੇ ਨਾ ਹੀ ਮੇਰਾ ਮਿਸ਼ਨ। ਨਾ ਤਾਂ ਨਿਊਕਲੀ ਪਲਾਂਟ ਹੀ ਬਚਣਾ ਸੀ ਤੇ ਨਾ ਹੀ ਕੋਈ ਕਾਰਿੰਦਾ। ਸਭ ਕੁਝ ਤੱਤੇ ਵਾਸ਼ਪਾਂ ਦਾ ਰੂਪ ਧਾਰ ਗਾਇ

ਬ ਹੋ ਜਾਣਾ ਸੀ।
ਇਹ ਸੋਚ ਕਿ ਦੁਸ਼ਮਣ ਅਚੰਭੇ ਤੇ ਘਬਰਾਹਟ ਕਾਰਨ ਮੇਰੇ ਉੱਤੇ ਦੁਬਾਰਾ ਹਮਲਾ ਨਹੀਂ ਕਰੇਗਾ, ਮੈਂ ਆਖਰੀ ਦਾਅ ਖੇਲ੍ਹਿਆ। ਮੈਂ ਜਲਦੀ ਜਲਦੀ ਰੇਡੀਏਸ਼ਨ-ਰੋਕੂ-ਢਾਲ ਬੰਦ ਕੀਤੀ ਅਤੇ ਟਾਓਨੇਟਰ ਕੱਢ ਲਿਆ। ਇਸ ਨੂੰ ਐਟਮ-ਬੰਬ ਦੀ ਤਾਕਤ ਚੂਸਣ ਲਈ ਸੈੱਟ ਕਰ, ਨਿਊਕਲੀ ਰਾਕਟ ਦੇ ਐਟਮੀ ਬੰਬ ਵਾਲੇ ਹਿੱਸੇ ਨਾਲ ਜੋੜ ਦਿੱਤਾ।

ਐਟਮੀ-ਬੰਬ ਵਿਚੋਂ ਨੀਲੀ-ਪੀਲੀ ਤੇਜ਼ ਰੋਸ਼ਨੀ ਨਿਕਲੀ ਤੇ ਇਸ ਨੇ ਟਾਓਨੇਟਰ ਦੀ ਚਮਕੀਲੀ ਧਾਂਤ ਨੂੰ ਜਕੜ੍ਹ ਲਿਆ।ਹੁਣ ਐਟਮੀ-ਬੰਬ ਦੀ ਊਰਜਾ ਦਾ ਭੰਡਾਰ ਤੇਜ਼ੀ ਨਾਲ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਵਿਚ ਜ਼ਜਬ ਹੁੰਦਾ ਜਾ ਰਿਹਾ ਸੀ। ਇਕ ਪਲ ਮੈਂਨੂੰ ਚਿੰਤਾ ਹੋਈ ਕਿ ਕੀ ਇਹ ਯੰਤਰ ਐਟਮੀ-ਬੰਬ ਦੀ ਸਾਰੀ ਊਰਜਾ ਨੂੰ ਸੰਭਾਲ ਵੀ ਸਕੇਗਾ ਜਾਂ ਨਹੀਂ। ਕਿਧਰੇ ਇਹ ਊਰਜਾ ਉਸ ਯੰਤਰ ਦੀ ਸੰਭਾਲ ਸਮਰਥਾ ਤੋਂ ਵੱਧ ਨਾ ਹੋਵੇ। ਮੈਂ ਉਲਝਣ ਵਿਚ ਸਾਂ। ਪਰ ਕੀਤਾ ਵੀ ਜਾ ਸਕਦਾ ਸੀ।
ਕੁਝ ਦੇਰ ਟਾਓਨੇਟਰ ਦੇ ਉਪਰਲੇ ਸਿਰੇ ਉੱਤੇ ਲਾਲ-ਪੀਲੀਆਂ ਰੌਸ਼ਨੀਆਂ ਦਾ ਨਾਚ ਚਲਦਾ ਰਿਹਾ ਤੇ ਫਿਰ ਅਚਾਨਕ ਇਹ ਬੰਦ ਹੋ ਗਿਆ। ਐਟਮ-ਬੰਬ ਦੀ ਵਿਸਫੋਟਕ ਤਾਕਤ ਖ਼ਤਮ ਹੋ ਚੁੱਕੀ ਸੀ। ਨਿਊਕਲੀ ਰਾਕਟ ਵਿਚਲਾ ਵਿਸਫੋਟਕ ਪਦਾਰਥ ਹੁਣ ਕ੍ਰਿਆ ਮੁਕਤ ਸੀ।
ਮੇਰੇ ਸਾਹਮਣੇ ਹੁਣ ਬੇਜਾਨ ਤੇ ਬੇਕਾਰ ਨਿਊਕਲੀ-ਮਿਜ਼ਾਈਲ ਮੌਜੂਦ ਸੀ।
ਮੈਂ ਖੁਸ਼ ਸਾਂ ਕਿ ਮੈਂ ਯੂਕਰੇਨ ਮਿਲਟਰੀ ਦਾ ਸੱਭ ਤੋਂ ਖ਼ਤਰਨਾਕ ਹਥਿਆਰ ਨਕਾਰਾ ਕਰ ਦਿੱਤਾ ਸੀ।
*****
ਮੈਨੂੰ ਯੂਕਰੇਨ ਦੇ ਜਾਂਬਾਜ਼ ਫੌਜੀਆਂ ਦੀ ਦਾਦ ਦੇਣੀ ਬਣਦੀ ਹੈ। ਬੇਸ਼ਕ ਮੈਂ ਕਾਫ਼ੀ ਖ਼ਤਰਨਾਕ ਜਾਪ ਰਿਹਾ ਸਾਂ ਪਰ ਉਨ੍ਹਾਂ ਬਿਨਾਂ ਕੋਈ ਹਥਿਆਰ ਵਰਤੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ। ਡਰਦੇ ਮਾਰੇ ਮੈਂ ਹੱਥ ਖੜ੍ਹੇ ਕਰ ਦਿੱਤੇ।
ਗੰਜੇ ਜਰਨੈਲ ਦੀਆਂ ਨਫ਼ਰਤ ਭਰੀਆਂ ਜ਼ਰਦ ਅੱਖਾਂ ਮੈਨੂੰ ਘੂਰ ਰਹੀਆਂ ਸਨ ।
‘ਕੌਣ ਹੈ ਤੂੰ?’ ਉਸ ਦੇ ਗੁੱਸੇ ਭਰੇ ਬੋਲ ਸਨ।
ਮੋਢੇ ਹਿਲਾਂਦੇ ਹੋਏ ਮੈਂ ਜਵਾਬ ਦੇਣ ਲਈ ਯੁਕਰੇਨੀਅਨ ਭਾਸ਼ਾ ਦੇ ਬੋਲ ਢੂੰਡ ਰਿਹਾ ਸਾਂ।
‘ਮੈਂ…ਮੈਂ ਗੁਪਤਚਰ ਹਾਂ!’ ਮੈਂ ਕਿਹਾ। ‘ਇਥੇ ਹੁਣੇ ਹੁਣੇ ਵਾਪਰੇ ਹਾਦਸੇ ਦਾ ਮੈਨੂੰ ਸਖ਼ਤ ਅਫ਼ਸੋਸ ਹੈ।’

‘ਅਫਸੋਸ?’ ਜਨਰਲ ਦੇ ਗੁੱਸੇ ਨਾਲ ਭਰੇ ਪੀਤੇ ਬੋਲ ਸਨ। ‘ਅਫਸੋਸ ਤਾਂ ਤੈਨੂੰ ਇਸ ਤੋਂ ਵੀ ਬਹੁਤ ਵੱਧ ਹੋਵੇਗਾ ਜਦ ਤੈਨੂੰ ਫਾਇਰਿੰਗ ਸੂਅਕੈਡ ਦਾ ਸਾਹਮਣਾ ਕਰਨਾ ਪਵੇਗਾ।’ਲਾਚਾਰ ਹਾਲਤ ਵਿਚ ਮੈਂ ਆਪਣੇ ਹੱਥ ਅੱਗੇ ਕੀਤੇ। ਦਰਅਸਲ ਮੈਨੂੰ ਆਪਣੇ ਮਾਰੇ ਜਾਣ ਦਾ ਜ਼ਰਾ ਜਿੰਨ੍ਹਾਂ ਵੀ ਡਰ ਨਹੀਂ ਸੀ। ਫਾਇਰਿੰਗ ਸਕੂਐਡ ਦਾ ਸਾਹਮਣਾ ਤਾਂ ਅਜਿਹੇ ਹਾਲਤ ਵਿਚ ਵਰਦਾਨ ਹੀ ਹੋਵੇਗਾ ਜਦ ਕਿ ਮੈਂ ਪੂਰੇ ਰੂਸ ਨੂੰ ਤਬਾਹ ਕਰਨਯੋਗ ਐਟਮੀ ਬੰਬ ਨੂੰ ਨਸ਼ਟ ਕਰ ਚੁੱਕਾ ਸਾਂ। ਹੁਣ ਕੁਝ ਵੀ ਵਾਪਰੇ ਤੀਸਰੇ ਵਿਸ਼ਵ ਯੁੱਧ ਦਾ ਨਤੀਜਾ ਤਾਂ ਬਦਲ ਹੀ ਚੁੱਕਾ ਸੀ ਤੇ ਇਸ ਦੇ ਨਾਲ ਹੀ ਮੇਰਾ ਭਵਿੱਖ ਵੀ ਬਦਲ ਗਿਆ ਸੀ। ਜਿਸ ਵਿਚ ਨਾ ਤਾਂ ਮੇਰੀ ਹੌਂਦ ਸੀ ਤੇ ਨਾ ਹੀ ਸੋਫ਼ੀਆ ਨਾਲ ਕਿਸੇ ਮੁਲਾਕਾਤ ਦਾ ਸਬੱਬ।
‘ਬਾਹਰ ਲੈ ਜਾਓ ਇਸ ਨੂੰ ਤੇ ਗੋਲੀ ਮਾਰ ਦਿਓ!’ ਜਨਰਲ ਚੀਖ਼ ਰਹਿਆ ਸੀ।
ਮੈਂ ਲਗਭਗ ਤਤਪਰਤਾ ਨਾਲ ਹੀ ਮੌਤ ਦੇ ਗਲੇ ਲਗਣ ਲਈ ਚਲ ਪਿਆ। ਮੇਰਾ ਮਨ ਸੋਫ਼ੀਆ ਨਾਲ ਮੇਰੀ ਆਖ਼ਰੀ ਮੁਲਾਕਾਤ ਦੇ ਪਲਾਂ ਵਿਚ ਮਗਨ ਸੀ।
ਉਹ ਤਕਨੀਕੀ ਮਾਹਿਰ ਜਿਸ ਨੇ ਮੈਨੂੰ ਪਛਾਣ ਲਿਆ ਸੀ, ‘ਠਹਿਰੋ!’ ਉਹ ਬੋਲਿਆ। ‘ਸਰ! ਮੈਨੂੰ ਇਸ ਤੋਂ ਪੁੱਛ-ਪੜਤਾਲ ਕਰ ਲੈਣ ਦਿਓ। ਸ਼ਾਇਦ ਕੋਈ ਲਾਭਦਾਇਕ ਜਾਣਕਾਰੀ ਮਿਲ ਜਾਵੇ।’
‘ਕੀ ਫਾਇਦਾ? ਬੰਬ ਤਾਂ ਇਹ ਤਬਾਹ ਕਰ ਹੀ ਚੁੱਕਾ ਹੈ।’ਪਰ ਉਹ ਪਲ ਕੁ ਲਈ ਰੁਕਿਆ ਜਿਵੇਂ ਦੁਬਿਧਾ ਵਿਚ ਹੋਵੇ ਤੇ ਫਿਰ ਬੋਲਿਆ, ‘ਠੀਕ ਹੈ। ਜੋ ਪੁੱਛਣਾ ਚਾਹੁੰਦੇ ਹੋ ਪੁੱਛ ਲਵੋ। ਨੁਕਸਾਨ ਤਾਂ ਹੁਣ ਹੋ ਹੀ ਚੁੱਕਾ ਹੈ।’
ਜਾਂਚ-ਕੇਦਰ ਵਿਚ ਉਦਾਸੀ ਦੇ ਆਲਮ ਵਿਚ ਡੁੱਬਿਆ ਮੈਂ, ਜਾਂਚ ਅਫਸਰ ਦੇ ਤਿੱਖੇ ਸਵਾਲਾਂ ਨੂੰ ਲਗਭਗ ਅਣਸੁਣਿਆ ਹੀ ਕਰ ਰਿਹਾ ਸਾਂ। ਪਰ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਇਹ ਸਭ ਜਾਨਣ ਲਈ ਬਜ਼ਿੱਦ ਸੀ, ਕਿ ਮੈਂ ਕੌਣ ਸਾਂ, ਕਿਥੋਂ ਤੇ ਕਿਉਂ ਆਇਆ ਸਾਂ?
‘ਤੇ ਉਹ ਬੰਬ?’ ਉਸ ਨੇ ਪੁੱਛਿਆ। ‘ਕੀ ਕੀਤਾ ਹੈ ਤੂੰ ਇਸ ਨੂੰ?’
ਮੈਂ ਆਪਣੀ ਬੈਲਟ ਨਾਲ ਲੱਗੇ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਨੂੰ ਥਪਥਪਾਇਆ। ‘ਮੇਰੇ ਇਸ ਯੰਤਰ ਨੇ ਉਸ ਦੀ ਊਰਜਾ ਨੂੰ ਚੂਸ ਲਿਆ ਹੈ। ‘ਮੈਂ ਕਿਹਾ। ‘ਦਰਅਸਲ ਤੁਹਾਡਾ ਬੰਬ ਤਾਂ ਫੱਟਣ ਵਾਲਾ ਹੀ ਸੀ।’
‘ਬੰਬ ਦੀ ਊਰਜਾ ਨੂੰ ਚੂਸ ਲਿਆ? ਉਹ ਕਿਵੇਂ?’
‘ਟਾਓਨੇਟਰ ਦੀ ਮਦਦ ਨਾਲ। ‘ਮੈਂ ਕਿਹਾ ਤੇ ਉਸ ਨੂੰ ਦੱਸਿਆ ਕਿ ਕਿਵੇਂ ਟਾਓਨੇਟਰ ਐਟਮੀ ਬੰਬ ਅੰਦਰ ਟੁੱਟ ਰਹੇ ਨਿਊਕਲੀਅਸਾਂ ਵਿਚੋਂ ਪੈਦਾ ਹੋ ਰਹੀ ਊਰਜਾ ਨੂੰ ਚੂਸ ਕੇ ਆਪਣੇ ਸੌਖਣ ਯੰਤਰ ਵਿਚ ਭੰਡਾਰ ਕਰ ਲੈਂਦਾ ਹੈ।’
ਉਸ ਨੇ ਟਾਇਓਨੇਟਰ ਦੇ ਸੌਖਣ ਯੰਤਰ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਅਚਾਨਕ ਹੀ ਉਸ ਦੀਆਂ ਅੱਖਾਂ ਵਿਚ ਕਿਸੇ ਨਵੀਂ ਆਸ ਦੀ ਚਮਕ ਦਿਖਾਈ ਦਿੱਤੀ।

‘ਕੀ ਤੂੰ ਇਸ ਊਰਜਾ ਨੂੰ ਇਸ ਯੰਤਰ ਵਿਚੋਂ ਕੱਢ ਕੇ ਕਿਸੇ ਹੋਰ ਯੰਤਰ ਵਿਚ ਪਾ ਸਕਦਾ ਹੈ?’
‘ਕੀ ਤੂੰ ਐਟਮ-ਬੰਬ ਨੂੰ ਦੁਬਾਰਾ ਕ੍ਰਿਆਸ਼ੀਲ ਕਰਨਾ ਚਾਹੁੰਦਾ ਹੈ?’ ਮੈਂ ਪੁੱਛਿਆ।
‘ਨਹੀਂ! ਬਿਲਕੁਲ ਹੀ ਨਹੀਂ!’ ਉਸ ਨੇ ਸਿਰ ਹਿਲਾਉਂਦੇ ਹੋਏ ਕਿਹਾ। ‘ਮੈਂ ਕੁਝ ਹੋਰ ਸੋਚ ਰਿਹਾ ਸਾਂ।’ਉਹ ਬੋਲ ਰਿਹਾ ਸੀ। ‘ਕੀ ਤੂੰ ਇਸ ਊਰਜਾ ਨੂੰ ਪੁਲਾੜ ਵਿਚ ਤਿੰਨ ਕਰੋੜ ਕਿਲੋਮੀਟਰ ਦੂਰ ਭੇਜ ਸਕਦਾ ਹੈ?’
ਮੈਂ ਕਿਸੇ ਅਣਕਿਆਸੇ ਹਾਲਾਤ ਦੇ ਡਰ ਕਾਰਨ, ਉਸ ਵੱਲ ਬੌਂਦਲਿਆ ਜਿਹਾ ਦੇਖ ਰਿਹਾ ਸਾਂ।
‘ਮੈਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ।’
‘ਪਰ ਤੂੰ ਗੜਬੜ ਤਾਂ ਕਰ ਹੀ ਚੁੱਕਾ ਹੈ।’ ਉਹ ਚੀਕਿਆ। ‘ਤੂੰ ਸਾਡਾ ਇਹ ਜੰਗ ਜਿੱਤਣ ਦਾ ਮੌਕਾ ਤਾਂ ਖ਼ਰਾਬ ਕਰ ਹੀ ਚੁੱਕਿਆ ਹੈ। ਜੇ ਤੂੰ ਆਪਣੀ ਜਾਨ ਦੀ ਖ਼ੈਰ ਚਾਹੁੰਦਾ ਹੈ ਤਾਂ ਤੈਨੂੰ ਸਾਡੀ ਮਦਦ ਕਰਨੀ ਹੀ ਪੈਣੀ ਹੈ।’
ਕੁਰਸੀ ‘ਤੇ ਬੈਠਾ ਮੈਂ ਘਬਰਾ ਕੇ ਪਿੱਛੇ ਨੂੰ ਹੋ ਗਿਆ। ਉਹ ਠੀਕ ਹੀ ਕਹਿ ਰਿਹਾ ਸੀ। ਮੇਰੀ ਟ੍ਰੇਨਿੰਗ ਦੇ ਬਾਵਜੂਦ, ਮੇਰੇ ਟ੍ਰੇਨਿੰਗ ਅਫ਼ਸਰ ਤੇ ਸੋਫ਼ੀਆਂ ਦੇ ਵਾਰ-ਵਾਰ ਚੇਤਾਵਨੀ ਦੇ ਬਾਵਜੂਦ ਮੈਂ ਦੁਸ਼ਮਣ ਦੇ ਸ਼ਿਕੰਜੇ ਵਿਚ ਫਸ ਚੁੱਕਾ ਸਾਂ। ਸ਼ਾਇਦ ਇਨ੍ਹਾਂ ਦੀ ਮਦਦ ਦੇ ਬਹਾਨੇ ਮੈਨੂੰ ਮੌਤ ਦੇ ਖੂਹ ਵਿਚੋਂ ਨਿਕਲਣ ਦਾ ਮੌਕਾ ਮਿਲ ਹੀ ਜਾਵੇ।
‘ਮੈਂ ਤੁਹਾਨੂੰ ਟਾਓਨੇਟਰ ਚਲਾਉਣਾ ਸਿਖਾ ਸਕਦਾ ਹਾਂ।’ਮੇਰੇ ਮੁਰਦਾ ਜਿਹੇ ਬੋਲ ਸਨ।
ਮੈਂ ਚੁੱਪਚਾਪ ਬੈਲਟ ਉਤਾਰੀ, ਟਾਓਨੇਟਰ ਨੂੰ ਸੈੱਟ ਕਰ ਉਸ ਨੂੰ ਫੜਾ ਦਿੱਤਾ। ਉਹ ਮੈਨੂੰ ਕਾਲੀ ਹਨੇਰੀ ਰਾਤ ਵਿਚ ਤਾਰਿਆਂ ਜੜ੍ਹੇ ਅੰਬਰ ਹੇਠ ਲੈ ਆਏ। ਉਸ ਨੇ ਦੂਰ ਹਨੇਰੇ ਅੰਬਰ ਵੱਲ ਦੇਖਿਆ ਤੇ ਟਾਓਨੇਟਰ ਨੂੰ ਉਸ ਵੱਲ ਸਿੱਧਾ ਕਰ ਦਿੱਤਾ।
‘ਠਹਿਰੋ!’ ਮੈਂ ਚੀਖਿਆ। ‘ਊਰਜਾ-ਨਿਕਾਸ ਦੇ ਪ੍ਰਭਾਵਾਂ ਤੋਂ ਬਚਣ ਲਈ ਹਰ ਕਿਸੇ ਨੂੰ ਬਿਲਡਿੰਗ ਅੰਦਰ ਜਾਣਾ ਠੀਕ ਰਹੇਗਾ, ਤੇ ਉਹ ਵੀ ਖਿੜਕੀਆਂ ਤੋਂ ਪਰ੍ਹੇ। ਰੌਸ਼ਨੀ ਦੀ ਬਹੁਤ ਵਧੇਰੇ ਚਮਕ ਤੋਂ ਕਾਲੀਆਂ ਐਨਕਾਂ ਹੀ ਅੱਖਾਂ ਦਾ ਬਚਾ ਕਰ ਸਕਣਗੀਆਂ।’ ਆਪਣੀ ਕਾਲੀ ਐਨਕ ਪਹਿਨਦੇ ਮੈਂ ਕਿਹਾ।
ਫੌਜੀ ਅਫ਼ਸਰ ਦਾ ਹੁਕਮ ਸੁਣਦੇ ਹੀ ਸਾਰੇ ਫੌਜੀ ਮਿਲਟਰੀ ਹੈੱਡ ਕੁਆਰਟਰ ਦੀ ਬਿਲਡਿੰਗ ਅੰਦਰ ਚਲੇ ਗਏ। ਬਾਹਰ ਸਿਰਫ਼ ਮੈਂ ਸਾਂ, ਉਹ ਅਫ਼ਸਰ ਤੇ ਇਕ ਹੋਰ ਫੌਜੀ। ਤਦ ਹੀ ਉਸ ਅਫ਼ਸਰ ਨੇ ਟਾਓਨੇਟਰ ਦੀ ਨਲੀ ਅੰਬਰ ਵੱਲ ਕਰਦੇ ਹੋਏ ਕੋਲ ਖੜ੍ਹੇ ਫੌਜੀ ਨੂੰ ਪੁੱਛਿਆ, ‘ਕੀ ਇਹ ਸੇਧ ਸਹੀ ਹੈ?’
ਫੌਜੀ ਨੇ ਹਾਂ ਵਿਚ ਸਿਰ ਹਿਲਾਇਆ।
ਮਨ ਹੀ ਮਨ ਮੈਂ ਖੁਸ਼ ਸਾਂ ਕਿ ਉਸ ਨੇ ਨਿਸ਼ਾਨਾ ਰੂਸ ਵੱਲ ਨਹੀਂ ਸੀ ਸਾਧਿਆ।
ਤੇ ਉਸ ਅਫ਼ਸਰ ਨੇ ਮੇਰੇ ਦੱਸੇ ਅਨੁਸਾਰ ਟਾਓਨੇਟਰ ਦਾ ਟ੍ਰਿਗਰ ਦਬਾ ਦਿੱਤਾ।
ਆਸਮਾਨੀ ਬਿਜਲੀ ਵਰਗੀ ਤੇਜ਼ ਚਮਕ ਨਜ਼ਰ ਆਈ। ਟਾਓਨੇਟਰ ਦੀ ਨਲੀ ਵਿਚੋਂ ਨਿਕਲ ਰਹੀਆਂ ਲਾਲ-ਨੀਲੀਆਂ ਲਾਟਾਂ ਦੂਰ ਅੰਬਰ ਤਕ ਫੈਲ ਗਈਆਂ। ਮਿੰਟ ਕੁ ਦੇ ਅਰਸੇ ਵਿਚ ਹੀ ਟਾਓਨੇਟਰ ਦੀ ਸਾਰੀ ਸ਼ਕਤੀ ਖ਼ਤਮ ਹੋ ਗਈ। ਹੁਣ ਚਾਰੇ ਪਾਸੇ ਗਹਿਰਾ ਸੰਨਾਟਾ ਸੀ। ਅਸੀਂ ਤਿੰਨੋਂ ਜਲਦੀ ਨਾਲ ਬਿਲਡਿੰਗ ਅੰਦਰ ਆ ਗਏ। ਇਕ ਫੌਜੀ ਨੇ ਹੱਥ ਵਿਚ ਫੜ੍ਹੇ ਆਈ-ਪੈਡ ਦੇ ਕੀ-ਬੋਰਡ ਦੇ ਕੁਝ ਬਟਨ ਦੱਬੇ ਤੇ ਸਕਰੀਨ ਉਤਲੀ ਇਬਾਰਤ ਪੜ੍ਹਦਿਆਂ ਹੀ ਬੋਲਿਆ, ‘ਇਸ ਰੌਸ਼ਨੀ-ਬੀਮ ਨੂੰ ਨਿਸ਼ਾਨੇ ਨਾਲ ਟਕਰਾ ਕੇ ਮੁੜਣ ਲਈ ਸਿਰਫ਼ ਤਿੰਨ ਮਿੰਟ ਹੀ ਲਗਣਗੇ।’ ਟਾਓਨੇਟਰ ਚਲਾਉਣ ਵਾਲਾ ਅਫ਼ਸਰ ਮੇਰੇ ਵੱਲ ਮੁੜਿਆ। ‘ਜੇ ਨਿਸ਼ਾਨਾ ਉੱਕ ਜਾਵੇ ਤਾਂ?’ ਸ਼ੱਕ ਭਰੀ ਆਵਾਜ਼ ਵਿਚ ਉਹ ਅਚਾਨਕ ਚੀਖਿਆ। ‘ਉਹ ਤਾਂ ਇੰਨੀ ਦੂਰ ਹੈ ਕਿ ਥੌੜ੍ਹੀ ਜਿਹੀ ਉਕਾਈ ਵੀ ਰੌਸ਼ਨੀ-ਬੀਮ ਨੂੰ ਉਸ ਤੋਂ ਕੋਹਾਂ ਦੂਰ ਲਿਜਾ ਸਕਦੀ ਹੈ।’

ਮੈਂ ਨਾਂਹ ਵਿਚ ਸਿਰ ਹਿਲਾਂਦਿਆਂ ਕਿਹਾ, ‘ਜਿਵੇਂ ਜਿਵੇਂ ਰੌਸ਼ਨੀ-ਬੀਮ ਦੂਰੀ ਤੈਅ ਕਰਦਾ ਹੈ ਇਹ ਖਿੰਡਰਦਾ ਜਾਂਦਾ ਹੈ ਅਤੇ ਰੌਸ਼ਨੀ ਦੇ ਫੋਟੋਨ, ਨਿਸ਼ਾਨੇ ਦੀ ਗੁਰੂਤਾ-ਖਿੱਚ ਕਾਰਨ ਉਸ ਵੱਲ ਖਿੱਚੇ ਜਾਂਦੇ ਹਨ। ਜੇ ਰੌਸ਼ਨੀ-ਬੀਮ ਨਿਸ਼ਾਨੇ ਤੋਂ ਥੋੜ੍ਹਾ ਉੱਕ ਵੀ ਜਾਵੇ ਤਾਂ ਨਿਸ਼ਾਨੇ ਦਾ ਪਦਾਰਥ ਇਸ ਨੂੰ ਆਪਣੇ ਵੱਲ ਖਿੱਚ ਲਵੇਗਾ।’
*****
ਉਸ ਨੇ ਸਿਰ ਹਿਲਾਇਆ, ਪਰ ਚੁੱਪ ਹੀ ਰਿਹਾ। ਚਾਰੋਂ ਪਾਸੇ ਚੁੱਪ-ਚਾਂ ਸੀ। ਮੈਂ ਤੇ ਯੂਕਰੇਨ ਦੇ ਲਗਭਗ 100 ਫੌਜੀ ਇਸ ਰਹੱਸ ਭਰੀ ਰਾਤ ਦੇ ਹਨੇਰੇ ਅੰਬਰ ਵੱਲ ਝਾਂਕ ਰਹੇ ਸਾਂ।
ਤਿੰਨ ਮਿੰਟ ਇੰਨ੍ਹੇ ਹੌਲੀ ਹੌਲੀ ਬੀਤ ਰਹੇ ਸਨ ਜਿਵੇਂ ਇਹ ਤਿੰਨ ਸਾਲ ਲੰਮਾ ਅਰਸਾ ਹੋਵੇ। ਜਿਵੇਂ ਹੀ ਮੇਰੀ ਹੱਥ-ਘੜੀ ਦੀ ਸੈਕਿੰਡਾਂ ਵਾਲੀ ਸੂਈ ਨੇ ਆਪਣਾ ਡੇਢ ਘੁੰਮੇਟਾ ਪੂਰਾ ਕੀਤਾ, ਤਦ ਹੀ ਟਾਓਨੇਟਰ ਦੇ ਊਰਜਾ-ਬੀਮ ਦੀ ਨਿਸ਼ਾਨੇ ਨਾਲ ਟੱਕਰ ਵਾਪਰ ਗਈ।
ਟਾਓਨੇਟਰ ਤੋਂ ਨਿਕਲੇ ਰੌਸ਼ਨੀ-ਬੀਮ ਨੇ ਬ੍ਰਹਿਮੰਡੀ ਤੀਲੀ ਦਾ ਕੰਮ ਕੀਤਾ। ਨਿਸ਼ਾਨੇ ਨਾਲ ਇਸ ਦੀ ਟੱਕਰ ਨੇ ਅਗੰਮੀ ਤੇਜ਼ ਵਾਲੇ ਸੂਰਜ ਨੂੰ ਜਨਮ ਦੇ ਦਿੱਤਾ।
ਅਗਲਾ ਡੇਢ ਮਿੰਟ ਤਾਂ ਜਿਵੇਂ ਉੱਡਣ ਛੂੰ ਹੀ ਹੋ ਗਿਆ ਸੀ। ਹਨੇਰਾ ਤਾਂ ਜਿਵੇਂ ਸਿਰ ‘ਤੇ ਪੈਰ ਰੱਖ ਨੱਸ ਗਿਆ ਸੀ ਤੇ ਸਿਖ਼ਰ ਦੁਪਿਹਰ ਦੀ ਤਪਸ਼ ਆਪਣੇ ਜੋਬਨ ‘ਤੇ ਸੀ। ਇੰਝ ਜਾਪ ਰਿਹਾ ਸੀ ਜਿਵੇਂ ਚਾਰੋਂ ਪਾਸੇ ਅੱਗ ਵਰ੍ਹ ਰਹੀ ਹੋਵੇ। ਅਜਿਹੀ ਤਿੱਖੀ ਚਮਕ ਪਹਿਲਾਂ ਕਦੇ ਨਹੀਂ ਸੀ ਦੇਖੀ। ਊਰਜਾ-ਬੀਮ ਦੇ ਨਿਸ਼ਾਨੇ ਨਾਲ ਟਕਰਾਉਣ ਪਿਛੋਂ ਪੈਦਾ ਹੋਏ ਅਸੀਮ ਵਿਕਿਰਨ ਦੀ ਤੇਜ਼ ਚਮਕ ਨਾਲ ਦਗ ਦਗ ਕਰਦਾ ਸਾਡੇ ਸਾਹਮਣਾ ਜੰਗਲ ਅਚਾਨਕ ਲਟ ਲਟ ਬਲਣ ਲੱਗਾ। ਇਕ ਪਲ ਤਾਂ ਮੈਨੂੰ ਅਜਿਹਾ ਲੱਗਿਆ ਕਿ ਨਿਊਕਲੀ ਵਿਕਿਰਨ ਦੀ ਗਰਮੀ ਸਾਨੂੰ ਸੁਆਹ ਹੀ ਕਰ ਦੇਵੇਗੀ।

ਤਦ ਹੀ ਗਰਮੀ ਦੀ ਅਤਿ ਹੋ ਗਈ ਤੇ ਇਸੇ ਅਥਾਹ ਗਰਮੀ ਦੀ ਬਦੌਲਤ ਜਿਵੇਂ ਹੀ ਹਾਈਡ੍ਰੋਜਨ ਪਰਮਾਣੂੰਆਂ ਦਾ ਖਾਤਮਾ ਹੋਇਆ, ਗਰਮੀ ਦੀ ਤੀਬਰਤਾ ਘਟਣ ਲੱਗੀ। ਅਗਲੇ ਕੁਝ ਕੁ ਪਲਾਂ ਵਿਚ ਊਰਜਾ ਦਾ ਇਹ ਵਰਤਾਰਾ ਘਟਦਾ-ਘਟਦਾ ਖ਼ਤਮ ਹੋ ਗਿਆ।
ਮੈਨੂੰ ਸਮਝ ਨਹੀਂ ਸੀ ਆਈ ਕਿ ਫੌਜੀ ਅਫ਼ਸਰ ਨੇ ਟਾਓਨੇਟਰ ਦੀ ਤਾਕਤ ਨੂੰ ਅੰਜਾਈਂ ਹੀ ਕਿਉਂ ਗੁਆ ਲਿਆ ਸੀ। ਪਰ ਅੰਦਰੂਨੀ ਤੌਰ ਉੱਤੇ ਮੈਂ ਖੁਸ਼ ਸਾਂ ਕਿ ਉਸ ਨੇ ਇਹ ਊਰਜਾ ਮੇਰੇ ਦੇਸ਼ ਦੇ ਖਾਤਮੇ ਲਈ ਨਹੀਂ ਸੀ ਵਰਤੀ।
ਤਦ ਹੀ ਧਰਤੀ ਅੰਦਰ ਅਜੀਬ ਥਰਥਰਾਹਟ ਮਹਿਸੂਸ ਹੋਈ। ਅਗਲੇ ਹੀ ਪਲ, ਇਵੇਂ ਜਾਪਿਆ ਜਿਵੇਂ ਸ਼ਕਤੀਸ਼ਾਲੀ ਭੁਚਾਲ ਨੇ ਸਾਡੇ ਪੈਰਾਂ ਹੋਠੋਂ ਜ਼ਮੀਨ ਖਿਸਕਾ ਦਿੱਤੀ ਹੋਵੇ।
ਅਚਾਨਕ ਹੀ ਮੀਂਹ ਪੂਰੀ ਤੇਜ਼ੀ ਨਾਲ ਪੈਣਾ ਸ਼ੁਰੂ ਹੋ ਗਿਆ ਜਿਵੇਂ ਕੋਈ ਬੱਦਲ ਫੱਟ ਗਿਆ ਹੋਵੇ। ਪਤਾ ਹੀ ਨਹੀਂ ਲੱਗਿਆ ਕਿ ਕਦੋਂ  ਸਾਡੀ ਇਮਾਰਤ ਨੂੰ ਪਾਣੀ ਦੀਆਂ ਤੇਜ਼ ਛੱਲਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ। ਮੇਰੀਆਂ ਅੱਖਾਂ ਭਰ ਆਈਆਂ ਸਨ……..ਪਤਾ ਨਹੀਂ ਕਿਉਂ। ਉਸ ਫੌਜੀ ਅਫ਼ਸਰ ਦਾ ਮੇਰੇ ਮੋਢੇ ਉੱਤੇ ਰੱਖਿਆ ਹੱਥ ਧਰਵਾਸ ਦਿੰਦਾ ਲਗ ਰਿਹਾ ਸੀ।
‘ਕੋਈ ਹੋਰ ਹੱਲ ਹੀ ਨਹੀਂ ਸੀ।’ ਜ਼ਜਬਾਤਾਂ ਨਾਲ ਲਬਰੇਜ਼ ਉਸ ਦੀ ਆਵਾਜ਼ ਸੁਣਾਈ ਦਿੱਤੀ। ‘ਵਿਸ਼ਵ ਸ਼ਾਂਤੀ ਲਈ ਇਹ ਜ਼ਰੂਰੀ ਸੀ।’ ਉਹ ਕਹਿ ਰਿਹਾ ਸੀ।
ਸਮਝ ਨਹੀਂ ਸੀ ਆ ਰਿਹਾ ਕਿ ਉਹ ਅਜਿਹਾ ਕਿਉਂ ਕਹਿ ਰਿਹਾ ਸੀ।
*****
ਅਗਲੀ ਸਵੇਰ ਦੇ ਨਿਊਜ਼ ਬੂਲੇਟਿਨ ਨੇ ਸਭ ਕੁਝ ਸਾਫ਼ ਕਰ ਦਿੱਤਾ ਸੀ। ਖ਼ਬਰ ਸੀ, ‘ਪਿਛਲੀ ਰਾਤ, ਯੂਕਰੈਨ ਦੁਆਰਾ ਕੀਤੇ ਨਿਊਕਲੀ ਹਮਲੇ ਦੌਰਾਨ ਰੂਸ ਦਾ ਪੁਲਾੜ ਸਥਿਤ ਮਿਲਟਰੀ ਕੰਟ੍ਰੋਲ ਸੈਂਟਰ ਨਸ਼ਟ ਹੋ ਗਿਆ ਹੈ। ਇਸ ਕੰਟ੍ਰੋਲ ਸੈਂਟਰ ਦੇ ਤਿੰਨ ਵੱਡੇ ਟੁਕੜੇ ਸਾਇਬੇਰੀਆ ਦੇ ਖੇਤਰ ਵਿਚ ਡਿੱਗਣ ਕਾਰਨ, ਰੂਸ ਵਿਖੇ ਰਿਕਟਰ ਪੈਮਾਨੇ ਦੀ 9.6 ਮਾਤਰਾ ਵਾਲਾ ਭੁਚਾਲ ਆਇਆ ਹੈ ਤੇ ਅਨੇਕ ਸ਼ਹਿਰ ਨਸ਼ਟ ਹੋ ਗਏ ਹਨ। ਇਸ ਸੈਂਟਰ ਦੇ ਬਹੁਤ ਹੀ ਗਰਮ ਟੁਕੜਿਆਂ ਦੇ ਸਾਇਬੇਰੀਆ ਵਿਖੇ ਡਿੱਗਣ ਨਾਲ ਉਥੋਂ ਦੇ ਗਲੇਸ਼ੀਅਰ ਪਿਘਲ ਗਏ ਹਨ। ਜਿਸ ਕਾਰਨ ਰੂਸ ਦੇ ਅਨੇਕ ਸ਼ਹਿਰ ਤੇ ਯੂਕਰੇਨ ਦੇ ਰੂਸ ਨਾਲ ਲਗਦੇ ਖੇਤਰ ਪਾਣੀ ਹੇਠ ਡੁੱਬ ਗਏ ਹਨ। ਰਾਹਤ ਕਾਰਜ ਲਗਾਤਾਰ ਜਾਰੀ ਹਨ। ਅਜਿਹੇ ਸੰਕਟਮਈ ਹਾਲਤਾਂ ਕਾਰਨ ਰੂਸੀ ਧੜ੍ਹੇ ਨੇ ਬਿਨ੍ਹਾਂ ਸ਼ਰਤ ਜੰਗਬੰਦੀ ਦਾ ਐਲਾਨ ਕਰਦੇ ਹੋਏ ਸੁਲਹ ਦੀ ਅਪੀਲ ਕੀਤੀ ਹੈ। ਵਿਸ਼ਵ ਸ਼ਾਂਤੀ ਦੀ ਕਾਇਮੀ ਦੇ ਮੱਦੇ ਨਜ਼ਰ ਯੂਕਰੈਨ ਧੜੇ ਵਲੋਂ ਇਹ ਅਪੀਲ ਸਵੀਕਾਰ ਕਰ ਲਏ ਜਾਣ ਪਿੱਛੋਂ ਤੀਸਰੇ ਵਿਸ਼ਵ ਯੁੱਧ ਦਾ ਖ਼ਾਤਮਾ ਹੋ ਗਿਆ ਹੈ। ਇਸ ਘਟਨਾ ਕਾਰਨ ਹੋਏ ਜਾਨ ਮਾਲ ਦੇ ਨੁਕਸਾਨ ਦਾ ਅੰਦਾਜ਼ਾ।’   ਤੀਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦਾ ਐਲਾਨ ਸੁਣਦੇ ਹੀ ਸਾਰੇ ਫੌਜੀ ਖੁਸ਼ੀ ਨਾਲ ਨੱਚ ਉੱਠੇ।   ਤੇ ਮੈਂ ਉਦਾਸ ਹਾਂ ਕਿਉਂ ਕਿ ਮੇਰਾ ਆਖ਼ਰੀ ਮਿਸ਼ਨ – ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਪੂਰੀ ਤਰ੍ਹਾ ਅਸਫ਼ਲ ਹੋ ਚੁੱਕਾ ਹੈ। ਗਨੀਮਤ ਹੈ ਕਿ ਮੈਂ ਯੂਕਰੇਨ ਦੀ ਕੈਦ ਵਿਚ ਹਾਂ ਨਹੀਂ ਤਾਂ ਹੁਣ ਤਕ ਮੇਰਾ ਕੋਰਟ ਮਾਰਸ਼ਲ ਹੋ ਜਾਂ ਤਾਂ ਮੌਤ ਦੀ ਸਜ਼ਾ ਹੋ ਜਾਣੀ ਸੀ ਜਾਂ ਫਿਰ ਫੌਜ ਤੋਂ ਨਿਰਾਦਰੀ ਭਰੀ ਬਰਖ਼ਾਸਤੀ। ਅਜਿਹੇ ਹਾਲਾਤਾਂ ਵਿਚ ਮੈਨੂੰ ਦੇਸ਼ ਵਾਪਸੀ ਜਾਂ ਸੋਫ਼ੀਆ ਨਾਲ ਮੁਲਾਕਾਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਸਮੱਸਿਆ ਦਾ ਕੀ ਹਲ ਹੈ, ਸਮਝ ਨਹੀਂ ਆ ਰਿਹਾ। ਸੋਚਦਾ ਹਾਂ ਸੁਖਾਵੇਂ ਹਾਲਾਤਾਂ ਦੀ ਉਡੀਕ ਵਿਚ ਜਲਾਵਤਨੀ ਹੀ ਠੀਕ ਰਹੇਗੀ।
*****