November 8, 2024

ਲੜੀਵਾਰ ਨਾਵਲ : ਮੁਹੱਬਤ ਵੇਲਾ

ਲੜੀਵਾਰ ਨਾਵਲ : ਮੁਹੱਬਤ ਵੇਲਾ

ਪਰਗਟ ਸਿੰਘ ਸਤੌਜ

ਕਿਸ਼ਤ-5

ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗ ਗਏ ਸਨ। ਮੋੜਾਂ, ਖੁੰਡੀ ‘ਤੇ ਬੈਠਣ ਵਾਲੇ ਬੁੱਢੇ-ਠੇਰਿਆਂ ਦੀਆਂ ਮੰਜੀਆਂ ਹੁਣ ਝੋਨ ਦੇ ਢੇਰਾਂ ਕੋਲ ਜਾ ਡੱਠੀਆਂ ਸਨ। ਪਿੰਡ ਦੀ ਰੌਣਕ ਸੂਏ ਤੋਂ ਪਾਰ, ਪੱਕੀ ਮੰਡੀ ਵਿੱਚ ਜਾ ਲੱਗੀ ਸੀ। ਝੋਨੇ ਦੇ ਕਰਤ ਅੱਗ ਲਾਉਣ ਲਈ ਵੱਢੇ ਜਾ ਰਹੇ ਸਨ। ਕਿਸੇ ਟਾਵੇਂ-ਟਾਵੇਂ ਬਹੁਤੇ ਕਾਹਲ ਨੇ ਤਾਂ ਅੱਗ ਲਾ ਵੀ ਦਿੱਤੀ ਸੀ। ਇਸ ਸੀਜ਼ਨ ਵਿੱਚ ਪਾੜ੍ਹਿਆਂ ਨੇ ਕੁਝ ਦਿਨਾਂ ਲਈ ਪੜ੍ਹਾਈਆਂ ਛੱਡ ਕੇ, ਕੰਮ ਵਿੱਚ ਹੱਥ ਵਟਾਉਣ ਲਈ ਘਰਦਿਆਂ ਦੇ ਮੋਢਿਆਂ ਨਾਲ ਮੁਢੇ ਜੋੜ ਲਏ ਸਨ। ਤਰਨ ਤੇ ਸਕੀਮੀ ਵੀ ਕਈ ਦਿਨਾਂ ਦੇ ਪਿੰਡ ਆਏ ਹੋਏ ਸਨ। ਆਸਿਫ਼ ਦਾ ਝੋਨਾ ਵੀ ਕੱਲ੍ਹ ਦਾ ਮੰਡੀ ਪਿਆ ਸੀ।
ਕੰਮ ਦੇ ਸੀਜ਼ਨ ਵਿੱਚ ਹੀ ਅੱਜ ਦੀਵਾਲੀ ਦਾ ਤਿਉਹਾਰ ਆ ਗਿਆ ਸੀ। ਸ਼ਹਿਰ ਵਿੱਚ ਕਈ ਦਿਨਾਂ ਤੋਂ ਦੁਕਾਨਾਂ ਸਜੀਆਂ ਹੋਈਆਂ ਸਨ। ਪਿੰਡਾਂ ਵਿਚ ਮਹਾਜਨਾਂ ਅਤੇ ਹਲਵਾਈਆਂ ਦੀਆਂ ਦੁਕਾਨਾਂ ‘ਤੇ ਰੌਣਕਾਂ ਵੱਧ ਗਈਆਂ ਸਨ। ਠੇਕਿਆਂ ਉੱਤੇ ਭੀੜ ਜੁੜ ਗਈ ਸੀ। ਅੱਜ ਆਸਿਫ਼ ਦਾ ਅੱਬਾ ਵੀ ਠੇਕੇ ਤੋਂ ਬੋਤਲ ਲੈ ਕੇ ਘਰ ਆ ਗਿਆ ਸੀ। ਸ਼ਾਇਦ ਕਿਸੇ ਯਾਰ ਬੇਲੀ ਨਾਲ ਇਕੱਠਿਆਂ ਪੀਣ ਦਾ ਪ੍ਰੋਗਰਾਮ ਬਣਾ ਲਿਆ ਸੀ। ਉਸ ਨੇ ਅੱਜ ਮੰਡੀ ਵਿੱਚ ਪੈਣ ਦੀ ਡਿਊਟੀ ਆਸਿਫ਼ ਦੀ ਲਗਾ ਦਿੱਤੀ ਸੀ। ਆਸਿਫ਼ ਅੱਜ ਮੰਡੀ ਜਾਣਾ ਨਹੀਂ ਚਾਹੁੰਦਾ ਸੀ ਪਰ ਅੱਬਾ ਦੀ ਗੱਲ ਮੋੜ ਵੀ ਨਹੀਂ ਸਕਦਾ ਸੀ। ਉਹ ਮਸੋਸੇ ਜਿਹੇ ਮਨ ਨਾਲ ਰੋਟੀ ਖਾ ਕੇ ਮੰਡੀ ਆ ਗਿਆ ਸੀ।
ਮੰਡੀ ਵਿੱਚ ਕਾਮਿਆਂ ਨੇ ਜਲਦੀ ਹੀ ਛੁੱਟੀ ਕਰ ਲਈ ਸੀ। ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੇ ਆਪਣੇ ਤੰਬੂਆਂ ਕੋਲ ਦੀਵੇ ਬਾਲ ਲਏ ਸਨ। ਹਲਵਾਈ ਦੇ ਤੰਬੂ ਕੋਲ ਜਲੇਬੀਆਂ ਅਤੇ ਪਕੌੜੇ ਲੈਣ ਵਾਲਿਆਂ ਦਾ ਇਕੱਠ ਅਜੇ ਵੀ ਕਾਫੀ ਸੀ। ਸੂਏ ਤੋਂ ਪਾਰ ਸਾਰਾ ਪਿੰਡ ਰੋਸ਼ਨੀ ਨਾਲ ਨਹਾ ਰਿਹਾ ਸੀ। ਸਾਹਮਣੇ ਪਿੰਡ ਵਾਲੇ ਪਾਸੇ ਗੁਰੂ ਘਰ ਉੱਪਰ ਕੀਤੀ ਦੀਪਮਾਲਾ ਪਟਬੀਜਣਿਆਂ ਵਾਂਗ ਟਿਮ-ਟਿਮਾ ਰਹੀ ਸੀ। ਹੌਲੀ-ਹੌਲੀ ਮੰਡੀ ਵਿਚਲਾ ਇਕੱਠ ਘਟਣ ਲੱਗ ਪਿਆ। ਲੋਕ ਘਰਾਂ ਨੂੰ ਤੁਰਨ ਲੱਗੇ ਸਨ। ਹੁਣ ਸਿਰਫ਼ ਝੋਨੇ ਦੀ ਰਾਖੀ ਵਾਲਾ ਇੱਕਾ-ਦੁੱਕਾ ਬੰਦਾ ਹੀ ਰਹਿ ਜਾਣਾ ਸੀ। ਕਈ ਤਾਂ ਨੇੜੇ ਦੇ ਢੇਰ ਵਾਲੇ ਨੂੰ ‘ਨਿਗ੍ਹਾ ਰੱਖਣ’ ਦਾ ਕਹਿ ਕੇ ਆਪ ਘਰਾਂ ਨੂੰ ਤੁਰ ਗਏ ਸਨ।
ਆਸਿਫ਼ ਪਹਿਲਾਂ ਤਾਂ ਫੇਸਬੁੱਕ ਖੋਲੀ ਬੈਠਾ, ਨਾਲ-ਨਾਲ ਮੰਡੀ ਦੀ ਰੌਣਕ ਵੇਖਦਾ ਰਿਹਾ ਫਿਰ ਫੇਸਬੁੱਕ ਬੰਦ ਕਰ ਕੇ ਸਹਿਜ ਦੇ ਪਿਆਲਾਂ ਵਿੱਚ ਗੌਤੇ ਖਾਣ ਲੱਗ ਪਿਆ। ਹੌਲੀ-ਹੌਲੀ ਮੰਡੀ ਵਿਚਲਾ ਵਾਧੂ ਸ਼ੇਰ ਸ਼ਰਾਬਾ ਘਟਦਾ-ਘਟਦਾ ਸ਼ਾਂਤ ਹੈ। ਗਿਆ। ਹੁਣ ਸਿਰਫ ਦੀਵਾਲੀ ਮਨਾ ਰਹੇ ਮਜ਼ਦੂਰਾਂ ਦਾ ਹੀ ਰੌਲਾ ਰਹਿ ਗਿਆ ਸੀ। ਮੰਡੀ ਵਿੱਚ ਪਟਾਕੇ ਵੱਜਣੇ ਸ਼ੁਰੂ ਹੋ ਗਏ। ਸਾਹਮਣੇ ਪਿੰਡ ਵਿੱਚ ਵੀ ਨਿੱਕ-ਵੱਡ ਪਟਾਕਿਆਂ ਦੀ ‘ਠਾਹ-ਠਾਹ ਹੋ ਰਹੀ ਸੀ। ਕਦੇ-ਕਦੇ ਕੋਈ ਆਤਿਸ਼ਬਾਜ਼ੀ ‘ਸੂ …. ਕਰਦੀ ਅਸਮਾਨੀ ਚੜ੍ਹਦੀ ਤੇ ਫਿਰ ਫਟਦੀ। ਚੰਗਿਆੜਿਆਂ ਦਾ ਬੁੱਕ ਅਸਮਾਨ ਦੀ ਹਿੱਕ ‘ਤੇ ਖਿਲਾਰਦੀ ਚੁੱਪ ਹੋ ਜਾਂਦੀ।
ਆਸਿਫ਼ ਨੇ ਸਮਾਂ ਵੇਖਿਆ। ਨੌਂ ਵੱਜ ਗਏ ਸਨ। ਉਸ ਨੇ ਪੈਲੀ ਖੋਲ੍ਹ ਕੇ ਬਿਸਤਰਾ ਕੱਢਿਆ ਤੇ ਮੰਜੇ ਉੱਤੇ ਵਿਛਾ ਲਿਆ। ਰਾਤ ਨੂੰ ਪੈਂਦੀ ਤੇਲ ਤੋਂ ਬਚਣ ਲਈ ਰਜਾਈ ਉਪਰੋਂ ਦੀ ਖੁੱਲ੍ਹੀ ਪਾ ਲਈ। ਪੱਲੀ ਦੇ ਦੋ ਲੜ ਪੈਂਦਾਂ ਵੱਲ ਮੰਜੇ ਦੇ ਪਾਵਿਆਂ ਨਾਲ ਬੰਨ੍ਹ ਲਏ ਅਤੇ ਸਿਰ ਵਾਲੇ ਪਾਸੇ ਦੇ ਖੁੱਲ੍ਹੇ ਛੱਡ ਲਏ। ਜਦ ਉਹ ਮੰਜੇ ਵਿੱਚ ਪਿਆ ਤਾਂ ਦੁਬਾਰਾ ਫਿਰ ਉਸ ਦੀਆਂ ਅੱਖਾਂ ਅੱਗੇ ਸਹਿਜ ਦਾ ਚਿਹਰਾ ਘੁੰਮ ਗਿਆ। ਉਸ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਆ ਗਈ ਅਤੇ ਦਿਲ ਦੀ ਧੜਕਣ ਇੰਝ ਤੇਜ਼ ਹੋ ਗਈ ਜਿਵੇਂ ਉਸ ਨੇ ਹੁਣੇ ਸਹਿਜ ਦਾ ਹੱਥ ਫੜ ਲਿਆ ਹੋਵੇ।
ਸਹਿਜ ਲਾਗਲੇ ਪਿੰਡ ਬੁਰਜਗੜ੍ਹੋਂ ਜ਼ਿੰਮੀਦਾਰਾਂ ਦੀ ਕੁੜੀ ਸੀ। ਸਹਿਜ ਤੇ ਸੁਰਦੀਪ ਦੋਵੇਂ ਭੈਣਾਂ ਸਨ, ਭਰਾ ਕੋਈ ਨਹੀਂ ਸੀ। ਆਸਿਫ਼ ਨੇ ਉਸ ਨੂੰ ਅੱਜ ਤੋਂ ਦੋ ਸਾਲ ਪਹਿਲਾਂ ਉਦੋਂ ਵੇਖਿਆ ਸੀ ਜਦ ਉਹ ਨਿਆਲ ਕਾਲਜ ‘ਚ ਬੀ. ਏ. ਫਸਟ ਵਿੱਚ ਪੜ੍ਹਦੀ ਉਸ ਦੀ ਵੱਡੀ ਭੈਣ ਸਾਨੀਆ ਨਾਲ ਉਹਨਾਂ ਦੇ ਘਰ ਆਈ ਸੀ। ਉਸ ਨੇ ਸਾਨੀਆ ਤੋਂ ਹਿਸਟਰੀ ਦੇ ਨੋਟਸ ਲੈਣੇ ਸਨ। ਸਾਨੀਆ ਨੇ ਉਸ ਨੂੰ ਕਿਹਾ ਸੀ ਕਿ ਉਹ, ਉਸ ਦੇ ਘਰ ਚੱਲੇ। ਸ਼ਾਮ ਨੂੰ ਉਸ ਦਾ ਭਰਾ ਉਹਨੂੰ ਛੱਡ ਆਵੇਗਾ? ਜਦੋਂ ਸਾਨੀਆ ਤੇ ਸਹਿਜ ਬੱਸ ਤੋਂ ਉੱਤਰ ਕੇ ਘਰ ਆਈਆਂ ਸਨ ਤਾਂ ਆਸਿਫ਼ ਘਰ ਹੀ ਸੀ। ਸਾਨੀਆ ਨਾਲ ਏਨੀ ਸੋਹਣੀ ਕੁੜੀ ਵੇਖ ਕੇ ਉਹ ਹੈਰਾਨ ਰਹਿ ਗਿਆ ਸੀ। ਆਸਿਫ਼ ਦੀਆਂ ਅੱਖਾਂ ਵਿੱਚ ਲਟਕਦਾ ਸਵਾਲ ਵੇਖ ਕੇ ਸਾਨੀਆ ਨੇ ਆਪ ਹੀ ਦੱਸ ਦਿੱਤਾ ਸੀ, ਭਾਈ ਜਾਨ, ਇਹ ਮੇਰੀ ਫਰੈਂਡ ਸਹਿਜ ਐ। ਮੇਰੇ ਨਾਲ ਈ ਪੜ੍ਹਦੀ ਐ।
‘ਸਤਿ ਸ੍ਰੀ ਅਕਾਲ। ਕੁੜੀ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ।
‘ਸਤਿ ਸ੍ਰੀ ਅਕਾਲ। ਆਸਿਫ਼ ਨੇ ਵੀ ਉਨੇ ਹੀ ਸਤਿਕਾਰ ਨਾਲ ਜਵਾਬ ਦਿੱਤਾ। ਉਸ ਦੀ ਨਜ਼ਰ ਸਹਿਜ ਦੇ ਚਿਹਰੇ ਤੋਂ ਹਟ ਨਹੀਂ ਰਹੀ ਸੀ। ਉਹ ਸਹਿਜ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਹਿਜ ਦਾ ਹੁਸਨ ਉਸ ਨੂੰ ਸਹਿਜ ਨਹੀਂ ਹੋਣ ਦੇ ਰਿਹਾ ਸੀ। ਆਸਿਫ਼ ਨੇ ਅੱਗੇ ਪੁੱਛਿਆ, ‘ਪਿੰਡ ਕਿਹੜੇ?’
ਆਹ ਬੁਰਜਗੜ੍ਹ। ਉਸ ਨੂੰ ਸਹਿਜ ਦੀ ਅਵਾਜ਼ ਵਿੱਚ ਮਿਸਰੀ ਘੁਲੀ ਲੱਗੀ।
”ਅੱਛਾ ਫੇਰ ਤਾਂ ਸਾਡੇ ਗੁਆਂਢੀ ਈ ਓ।” ਦੋਵਾਂ ਦੇ ਬੁੱਲ੍ਹਾਂ ‘ਤੇ ਮੁਸਕਾਨ ਬਿਖਰ ਗਈ।
ਸਾਨੀਆ ਪਾਣੀ ਲੈ ਆਈ। ਆਸਿਫ਼ ਮੱਝਾਂ ਨੂੰ ਸੰਨੀ ਕਰਨ ਲਈ ਉੱਠ ਕੇ ਬਾਹਰ ਬਾਗਲ ਵੱਲ ਚਲਾ ਗਿਆ। ਸਹਿਜ ਨੇ ਕਮਰੇ ਵਿੱਚ ਆਲੇ-ਦੁਆਲੇ ਵੇਖਿਆ। ਸਾਰਾ ਕਮਰਾ ਨਿੱਕੀਆਂ-ਵੱਡੀਆਂ ਟਰਾਫ਼ੀਆਂ ਨਾਲ ਭਰਿਆ ਪਿਆ ਸੀ। ਉਸ ਦੀ ਨਜ਼ਰ ਫੋਟੋਆਂ ਵੱਲ ਗਈ। ਆਸਿਫ ਦੀਆਂ ਇਨਾਮ ਲੈਂਦੇ ਅਤੇ ਕਬੱਡੀ ਖੇਡਦੇ ਦੀਆਂ ਕਿੰਨੀਆਂ ਹੀ ਫੋਟੋਆਂ ਕੰਧ ਉੱਪਰ ਟੰਗੀਆਂ ਸਨ। ਇੱਕ ਬਿਨਾਂ ਤਾਕੀ ਵਾਲੀ ਅਲਮਾਰੀ ਵਿਚ ਕਾਫੀ ਸਾਰੀਆਂ ਸਾਹਿਤਕ ਕਿਤਾਬਾਂ ਪਈਆਂ ਸਨ। ਉਹ ਅਲਮਾਰੀ ਕੋਲ ਜਾ ਕੇ ਕਿਤਾਬਾਂ ਫਰੋਲਣ ਲੱਗ ਪਈ।
ਇਹ ਕਿਤਾਬਾਂ ਕੌਣ ਪੜ੍ਹਦੇ? ”ਚਾਹ ਲੈ ਕੇ ਆਈ ਸਾਨੀਆ ਨੂੰ ਉਸ ਨੇ ਪੁੱਛਿਆ।”
”ਇਹ ਤਾਂ ਭਾਈ ਜਾਨ ਦੀਆਂ ਨੇ। ਆਜਾ ਚਾਹ ਪੀ ਲੈ।” ਉਸ ਨੇ ਚਾਹ ਨਾਲ ਬਿਸਕੁੱਟ ਅਤੇ ਭੁਜੀਆ ਟੇਬਲ ਉੱਪਰ ਰੱਖ ਦਿੱਤਾ।
”ਮੈਂ ਲੈ ਲਾਂ ਪੜ੍ਹਨ ਖਾਤਰ ਇੱਕ ਪੜ੍ਹ ਕੇ ਮੋੜ ਜੂੰ।” ਭਾਈ ਜਾਨ ਨੂੰ ਪੁੱਛ ਲੈ। ਕਿਤਾਬਾਂ ਦੇਣ ਦੇ ਮਾਮਲੇ ‘ਚ ਉਹ ਬਹੁਤ ਕੰਜੂਸੀ ਐ।” ਸਾਨੀਆ ਨੇ ਬਾਹਰ ਵੱਲ ਨਿਗ੍ਹਾ ਮਾਰੀ।
”ਤੇਰਾ ਭਾਈ ਜਾਨ ਕਿਹੜੀ ਕਲਾਸ ‘ਚ ਪੜ੍ਹਦੈ?”
”ਹੁਣ ਤਾਂ ਮੈਸਾਂ ‘ਤੇ ਪੀਐਚ. ਡੀ. ਕਰ ਰਿਹੈ।” ਸਾਨੀਆ ਨੇ ਮਜ਼ਾਕ ਕੀਤਾ। ”ਕਿਉਂ? ਪੜ੍ਹਦਾ ਕਾਹਤੋਂ ਨੀ?” ਸਹਿਜ ਇਹ ਸੁਣ ਕੇ ਹੈਰਾਨ ਹੋ ਗਈ। ”ਪਹਿਲਾਂ ਛੋਟਾ ਹੁੰਦਾ ਬਥੇਰਾ ਇੰਨਟੈਲੀਜੈਂਟ ਹੁੰਦਾ ਸੀ। ਫੇਰ ਜਦੋਂ ਆਹ ਕਬੱਡੀ ‘ਚ ਪੈ ਗਿਆ, ਫੇਰ ਪੜ੍ਹਾਈ ਆਲਾ ਤਾਂ ਬਿਸਮਿੱਲਾ ਪੜ੍ਹਿਆ ਗਿਆ। ਪਲੱਸ ਟੂ ਤੋਂ ਬਾਅਦ ਪੜ੍ਹਾਈ ਨੂੰ ਓਕੇ ਬਾਏ ਕਰ ਕੇ ਕਬੱਡੀ ਖੇਡਣ ‘ਤੇ ਈ ਹੋ ਗਿਆ।”
ਸੰਨ੍ਹੀ ਕਰਨ ਤੋਂ ਬਾਅਦ ਕੱਪੜੇ ਬਦਲ ਕੇ ਆਸਿਫ਼ ਵੀ ਆ ਗਿਆ। ਸਾਨੀਆ ਨੇ ਆਸਿਫ਼ ਨੂੰ ਪੁੱਛ ਲਿਆ, ”ਭਾਈ ਜਾਨ, ਸਹਿਜ ਪੜ੍ਹਨ ਖਾਤਰ ਕਿਤਾਬਾਂ ਲੈ ਕੇ ਜਾਣ ਨੂੰ ਕਹਿੰਦੀ ਸੀ। ਕਹਿੰਦੀ ਪੜ੍ਹ ਕੇ ਮੋੜ ਦੂੰ।”
”ਲੇ ਜੇ ਜਿਹੜੀ ਜਿਹੜੀ ਲੈ ਕੇ ਜਾਣੀ ਐ।” ਆਸਿਫ਼ ਦੀ ਅੱਜ ਵਾਲੀ ਇਸ ਖੁੱਲ੍ਹ-ਦਿਲੀ ‘ਤੇ ਸਾਨੀਆ ਹੈਰਾਨ ਸੀ ਕਿ ਜਿਹੜਾ ਕਿਸੇ ਨੂੰ ਧੇਲਾ ਦੇ ਕੇ ਰਾਜੀ ਨਹੀਂ, ਉਹ ਹੁਣ ਪੂਰਾ ਖ਼ਜ਼ਾਨਾ ਲੁਟਾਉਣ ਲਈ ਤਿਆਰ ਹੋ ਗਿਆ?
ਆਸਿਫ਼ ਸ਼ਾਮ ਨੂੰ ਸਹਿਜ ਨੂੰ ਛੱਡ ਆਇਆ ਸੀ। ਉਹ ਕੰਵਲ ਦਾ ‘ਹਾਣੀ’ ਨਾਵਲ ਪੜ੍ਹਨ ਲਈ ਲੈ ਗਈ ਸੀ। ਰਾਹ ਜਾਂਦਿਆਂ ਆਸਿਫ਼ ਨੇ ਉਸ ਨੂੰ ਖੁੱਲ੍ਹਦਿਲੀ ਨਾਲ ਕਿਹਾ ਸੀ ਕਿ ਉਹ ਜੋ ਵੀ ਕਿਤਾਬ ਪੜ੍ਹਨਾ ਚਾਹੇ, ਉਹ ਸਾਨੀਆ ਦੇ ਹੱਥ ਭੇਜ ਦਿਆ ਕਰੇਗਾ।
ਕੁਝ ਕਿਤਾਬਾਂ ਸਹਿਜ ਨੇ ਸਾਨੀਆ ਦੇ ਹੱਥ ਮੰਗਵਾ ਕੇ ਪੜ੍ਹ ਲਈਆਂ ਸਨ। ਹੋਰ ਕਿਤਾਬਾਂ ਮੰਗਵਾਉਣ ਲਈ ਉਹ ਸਾਨੀਆ ਨੂੰ ਪੁੱਛਦੀ ਰਹਿੰਦੀ, ”ਤੇਰੇ ਭਾਈ ਕੋਲ ਹੋਰ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ ਅੱਗੋਂ ਆਸਿਫ਼ ਸਾਨੀਆ ਨੂੰ ਪੁੱਛ ਲੈਂਦਾ, ”ਉਹਨੇ ਪਹਿਲਾਂ ਕਿਹੜੀ ਕਿਤਾਬ ਪੜ੍ਹੀ ਹੋਈ ਐ? ਹੁਣ ਉਹ ਨੂੰ ਕਿਹੜੀ ਕਿਤਾਬ ਚਾਹੀਦੀ ਐ?” ਸਾਨੀਆ ਨੇ ਇਨ੍ਹਾਂ ਸਵਾਲ-ਜਵਾਬਾਂ ਤੋਂ ਖਹਿੜਾ ਛੁਡਾਉਣ ਲਈ ਸਹਿਜ ਨੂੰ ਹੀ ਆਸਿਫ਼ ਦਾ ਨੰਬਰ ਦੇ ਦਿੱਤਾ। ਹੁਣ ਆਸਿਫ਼ ਉਸ ਨੂੰ ਫੋਨ ਉੱਤੇ ਹੀ ਦੱਸ ਦਿੰਦਾ ਕਿ, ”ਮੇਰੇ ਕੋਲ ਇਹ-ਇਹ ਕਿਤਾਬ ਰਹਿ ਗਈ ਜਿਹੜੀ ਤੂੰ ਨਹੀਂ ਲੇ ਕੇ ਗਈ? ਕਿਹੜੀ ਭੇਜਾ?”
ਪਹਿਲਾਂ ਕਿਤਾਬਾਂ ਲੈਣ ਬਾਰੇ ਗੱਲ ਹੁੰਦੀ ਰਹੀ ਫਿਰ ਕਿਤਾਬਾਂ ਵਿਚਲੇ ਮੈਟਰ ਬਾਰੇ ਚਰਚਾ ਹੋਣ ਲੱਗੀ। ਵਟਸਐਪ ‘ਤੇ ਹਾਲ-ਚਾਲ ਪੁੱਛਿਆ ਜਾਣ ਲੱਗਿਆ। ਇਹ ਮੁਹੱਬਤ ਦਾ ਬੀਜ ਹੀ ਸੀ ਜਿਹੜਾ ਹੌਲੀ-ਹੌਲੀ ਦੋਵਾਂ ਦੇ ਦਿਲਾਂ ਵਿੱਚ ਪੁੰਗਰ ਰਿਹਾ ਸੀ। ਫਿਰ ਇੱਕ ਦਿਨ ਦੋਵਾਂ ਨੇ ਆਪਣੀ-ਆਪਣੀ ਮੁਹੱਬਤ ਦਾ ਇਜ਼ਹਾਰ ਕਰ ਦਿੱਤਾ। ਹੁਣ ਤਾਂ ਇਹਨਾਂ ਗੱਲਾਂ ਨੂੰ ਦੋ ਸਾਲ ਬੀਤ ਗਏ ਸਨ। ਇਨ੍ਹਾਂ ਦੋ ਸਾਲਾਂ ਵਿੱਚ ਉਹ ਮੁਹੱਬਤ ਦੇ ਰਾਹ ‘ਤੇ ਕਾਫੀ ਦੂਰ ਲੰਘ ਆਏ ਸਨ।
ਅੱਜ ਵੀ ਸਹਿਜ ਨੇ ਆਸਿਫ਼ ਨੂੰ ਮਿਲਣ ਲਈ ਬੁਲਾਇਆ ਸੀ। ਇਸੇ ਕਰਕੇ ਉਹ ਮੰਡੀ ‘ਚ ਝੋਨੇ ਦੀ ਰਾਖੀ ਆਉਣੋਂ ਨਾਂਹ-ਨੁੱਕਰ ਕਰ ਰਿਹਾ ਸੀ ਪਰ ਬਾਪੂ ਦੇ ਸੁਣਾਏ ਜਾਣ ਵਾਲੇ ਸਲੋਕਾਂ ਤੋਂ ਡਰਦਾ ਉਹ ਬਿਸਤਰਾ ਚੁੱਕ ਕੇ ਮੰਡੀ ਦੇ ਰਾਹ ਪੈ ਗਿਆ ਸੀ। ਚਾਹੇ ਉਹ ਇੱਥੇ ਆ ਗਿਆ ਸੀ ਪਰ ਉਸ ਨੇ ਮਿਲਣ ਦਾ ਵਿਚਾਰ ਤਿਆਗਿਆ ਨਹੀਂ ਸੀ। ਹੁਣ ਉਸ ਨੂੰ ਮਹਿਸੂਸ ਹੋਣ ਲੱਗਿਆ ਸੀ ਕਿ ਮੰਡੀ ‘ਚੋਂ ਉੱਠ ਕੇ ਜਾਣਾ ਤਾਂ ਸਗੋਂ ਹੋਰ ਵੀ ਸੌਖਾ ਸੀ।
ਆਸਿਫ਼ ਨੇ ਸਮਾਂ ਵੇਖਿਆ। ਗਿਆਰਾਂ ਵੱਜ ਗਏ ਸਨ। ਅਜੇ ਤਾਂ ਪਹਾੜ ਜਿੱਡੇ ਸਾਢੇ ਤਿੰਨ ਘੰਟੇ ਪਏ ਸਨ। ਉਸ ਦੀਆਂ ਅੱਖਾਂ ਵਿੱਚ ਨੀਂਦ ਭਾਰੂ ਹੋ ਰਹੀ ਸੀ। ਪਹਿਲਾਂ ਉਸ ਨੇ ਸੋਚਿਆ ਸੀ ਕਿ ਉਹ ਦੋ ਵਜੇ ਤੱਕ ਜਾਗਦਾ ਹੀ ਰਹੇਗਾ ਪਰ ਹੁਣ ਉਹ ਨੀਂਦ ਅੱਗੇ ਬੇਵੱਸ ਹੋ ਰਿਹਾ ਸੀ। ਉਸ ਨੇ ਪੌਣੇ ਦੋ ਵਜੇ ਉੱਤੇ ਮੋਬਾਈਲ ਦੀ ਘੰਟੀ ਲਗਾ ਲਈ ਅਤੇ ਆਪ ਰਜਾਈ ਦੱਬ ਕੇ ਸੌਂ ਗਿਆ।
ਜਦੋਂ ਮੋਬਾਈਲ ਦੀ ਘੰਟੀ ਵੱਜੀ ਤਾਂ ਉਸ ਨੇ ਏਨੀ ਫੁਰਤੀ ਨਾਲ ਉਹ ਬੰਦ ਕਰ ਦਿੱਤੀ ਜਿਵੇਂ ਫਟਣ ਜਾ ਰਹੇ ਬੰਬ ਨੂੰ ਜਲਦੀ-ਜਲਦੀ ਨਕਾਰਾ ਕਰਨਾ ਹੋਵੇ। ਉਸ ਨੂੰ ਇਹ ਘੰਟੀ ਬੰਬ ਹੀ ਤਾਂ ਜਾਪੀ ਸੀ ਕਿ ਜੇਕਰ ਇਹ ਸੁਣ ਕੇ ਕੋਈ ਜਾਗ ਗਿਆ ਤਾਂ ਉਸ ਦੇ ਜਾਣ ਬਾਰੇ ਪਤਾ ਲੱਗ ਜਾਵੇਗਾ। ਉਸ ਨੇ ਰਜਾਈ ਦਾ ਲੜ ਚੁੱਕ ਕੇ ਆਲੇ-ਦੁਆਲੇ ਵੇਖਿਆ। ਸਾਰੀ ਮੰਡੀ ਘੂਕ ਸੁੱਤੀ ਪਈ ਸੀ। ਮੰਡੀ ਦੀਆਂ ਵੱਡੀਆਂ ਲਾਈਟਾਂ ਦੇ ਦੁਧੀਆ ਚਾਨਣ ਹੇਠ ਝੋਨੇ ਦੀਆਂ ਪਈਆਂ ਢੇਰੀਆਂ ਬੜੀਆਂ ਰਹੱਸਮਈ ਲੱਗ ਰਹੀਆਂ ਸਨ। ਇੰਝ ਲਗਦਾ ਸੀ ਜਿਵੇਂ ਇਸ ਪੱਕੀ ਮੰਡੀ ਦੀ ਹਿੱਕ ਉੱਤੇ ਭੂਰੀ ਰੇਤ ਦੇ ਨਿੱਕੇ ਨਿੱਕੇ ਟਿੱਬੇ ਉੱਗ ਆਏ ਹੋਣ। ਉਹ ਰਜਾਈ ਵਿੱਚੋਂ ਬਾਹਰ ਸਰਕਿਆ? ਮੰਜੀ ਦੀ ਬਾਹੀ ‘ਤੇ ਬੈਠ ਕੇ ਇੱਕ ਵਾਰ ਫਿਰ ਆਲਾ-ਦੁਆਲਾ ਪੜਤਾਲਿਆ। ਖ਼ਤਰੇ ਵਾਲੇ ਕੋਈ ਗੱਲ ਨਹੀਂ ਸੀ। ਉਸ ਨੇ ਬੂਟ ਪਾ ਕੇ ਫੀਤੇ ਕਸੇ। ਆਸਿਫ਼ ਨੇ ਹੁਸ਼ਿਆਰੀ ਵਰਤਦਿਆਂ ਉਸ ਪਾਸਿਓਂ ਦੀ ਨਿਕਲਣਾ ਠੀਕ ਸਮਝਿਆ ਜਿਸ ਪਾਸੇ ਬੋਰੀਆਂ ਜ਼ਿਆਦਾ ਸਨ। ਬੋਰੀਆਂ ਦੀ ਕੋਈ ਰਾਖੀ ਨਹੀਂ ਸੀ।
ਉਹ ਮੰਡੀ ‘ਚੋਂ ਨਿਕਲ ਕੇ ਸੂਏ ਦੀ ਪਟੜੀ ਚੜ੍ਹ ਗਿਆ। ਇਸ ਮਹੀਨੇ ਵਿੱਚੋਂ ਪਾਣੀ ਸੁੱਕਿਆ ਹੋਇਆ ਸੀ। ਪਾਣੀ ਦੀ ਕਲ-ਕਲ ਦੀ ਥਾਂ ਹੁਣ ਬੀਂਡਿਆਂ ਦੀ ‘ਟਰੀਂ-ਟਰੀ’ ਹੀ ਸੁਣਾਈ ਦੇ ਰਹੀ ਸੀ। ਸੂਏ ਦੀ ਪਟੜੀ ਉੱਪਰ ਖੜ੍ਹੇ ਉੱਚੇ ਦਰੱਖਤ ਹਨੇਰੇ ਨਾਲ ਇੱਕ-ਮਿੱਕ ਹੋਏ ਪਏ ਸਨ। ਇਹਨਾਂ ਦਰੱਖਤਾਂ ਹੇਠੋਂ ਸੂਏ ਦੀ ਪਟੜੀ ਤੁਰੇ ਜਾਂਦੇ ਆਸਿਫ਼ ਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਲੰਬੀ ਖੁੱਡ ਵਿੱਚ ਵੜ ਰਿਹਾ ਹੋਵੇ। ਉਸ ਨੇ ਮੁੜ ਕੇ ਪਿੱਛੇ ਵੇਖਿਆ, ਵੱਡੀਆਂ ਲਾਈਟਾਂ ਦਾ ਧੁੰਦਲਾ ਜਿਹਾ ਚਾਨਣ ਮੰਡੀ ਪਿੱਛੇ ਰਹਿ ਜਾਣ ਦਾ ਸਬੂਤ ਸੀ। ਹਾਣੀਪੁਰ ਤੋਂ ਬੁਰਜਗੜ੍ਹ ਸੂਏ ਦੀ ਪਟੜੀ-ਪਟੜੀ ਸਿਰਫ਼ ਡੇਢ ਕਿਲੋਮੀਟਰ ਪੈਂਦਾ ਹੈ। ਅੱਧਾ ਰਸਤਾ ਉਹ ਲੰਘ ਆਇਆ ਸੀ। ਇਹ ਸੂਆ ਦੋਵੇਂ ਪਿੰਡਾਂ ਨੂੰ ਜੋੜਦਾ ਹਾਣੀਪੁਰ ਦੇ ਛਿਪਦੇ ਵੱਲੋਂ ਅਤੇ ਬੁਰਜਗੜ੍ਹ ਦੇ ਚੜ੍ਹਦੇ ਵੱਲੋਂ ਲੰਘਦਾ ਹੈ। ਸਹਿਜ ਦਾ ਘਰ ਇਸ ਸੂਏ ਦੀ ਪਟੜੀ ਉੱਪਰ ਹੀ ਹੈ। ਸੂਆ ਪਿੰਡ ਦੇ ਨਾਲ ਖਹਿਵਾਂ ਲੰਘਦਾ ਹੋਣ ਕਰਕੇ ਹੋਰ ਵੀ ਬਹੁਤ ਸਾਰੇ ਘਰ ਸੂਏ ਦੀ ਪਟੜੀ ਉੱਪਰ ਪਾਏ ਹੋਏ ਸਨ।
ਆਸਿਫ਼ ਬੁਰਜਗੜ੍ਹ ਪਹੁੰਚ ਕੇ ਚੁਕੰਨਾ ਹੋ ਗਿਆ। ਅੱਜ ਪਿੰਡ ਵਿੱਚ ਆਮ ਨਾਲੋਂ ਜ਼ਿਆਦਾ ਰੋਸ਼ਨੀ ਸੀ। ਬਹੁਤੇ ਘਰਾਂ ਉੱਪਰ ਦੀਪਮਾਲਾਵਾਂ ਟਿਮ ਟਿਮਾ ਰਹੀਆਂ ਸਨ। ਕਦੇ-ਕਦੇ ਕਿਸੇ ਦੂਰ ਪਿੰਡ ਤੋਂ ਟਾਵੇਂ-ਟਾਵੇਂ ਪਟਾਕੇ ਦੀ ਮੱਧਮ ਜਿਹੀ ਅਵਾਜ਼ ਸੁਣਦੀ ਸੀ। ਇਸ ਪਾਸਿਓਂ ਪਟੜੀ ਉੱਪਰ ਸਹਿਜ ਦਾ ਦੂਸਰਾ ਘਰ ਹੀ ਹੈ। ਸਹਿਜ ਨੇ ਪਟੜੀ ਤੋਂ ਥੋੜ੍ਹਾ ਹਟਵੀਂ ਵੱਡੀ ਟਾਹਲੀ ਹੇਠ ਰੁਕਣ ਲਈ ਕਿਹਾ ਸੀ। ਉਸ ਨੇ ਧਿਆਨ ਨਾਲ ਪਰਖ ਕੀਤੀ। ਟਾਹਲੀ ਉਹੀ ਸੀ। ਉਹ ਧੜਕਦੇ ਦਿਲ ਨਾਲ ਉੱਥੇ ਖੜ੍ਹ ਕੇ ਸਹਿਜ ਨੂੰ ਉਡੀਕਣ ਲੱਗ ਪਿਆ। ਥੋੜ੍ਹੀ-ਥੋੜ੍ਹੀ ਹਵਾ ਚੱਲ ਰਹੀ ਸੀ। ਜਦੋਂ ਹਵਾ ਦਾ ਬੁੱਲ੍ਹਾ ਟਾਹਲੀ ਦੇ ਪੱਤਿਆਂ ਵਿੱਚੋਂ ਦੀ ਲੰਘਦਾ ਤਾਂ ਉਹ ਛਣ-ਛਣ ਕਰਦੇ ਹਿਲਦੇ। ਆਸਿਫ਼ ਪੱਤਿਆਂ ਦਾ ਖੜਾਕ ਸੁਣ ਕੇ ਇੱਕ ਵਾਰ ਤਬਕ ਜਾਂਦਾ ਤੇ ਫਿਰ ਆਲੇ-ਦੁਆਲੇ ਡਰੀ ਨਜ਼ਰ ਮਾਰਦਾ ਪਹਿਲਾਂ ਵਾਂਗ ਸ਼ਾਂਤ ਹੋ ਜਾਂਦਾ। ਮੋਬਾਈਲ ‘ਤੇ ਨੋਟੀਫਿਕੇਸ਼ਨ ਆਈ। ਸਹਿਜ ਦਾ ਮੈਸੇਜ ਸੀ, ਮੈਂ ਆ ਰਹੀ ਹਾਂ।
ਦਸ ਕੁ ਮਿੰਟਾਂ ਬਾਅਦ ਉਸ ਨੂੰ ਕੋਈ ਪ੍ਰਛਾਵਾਂ ਪਟੜੀ ਆਉਂਦਾ ਦਿਸਿਆ। ਉਹ ਟਾਹਲੀ ਦੀ ਓਟ ‘ਚ ਹੋ ਕੇ ਧਿਆਨ ਨਾਲ ਵੇਖਣ ਲੱਗਿਆ। ਹੋਰ ਨੇੜੇ ਆਉਣ ‘ਤੇ ਉਸ ਨੇ ਅੰਦਾਜ਼ਾ ਲਾ ਲਿਆ, ਇਹ ਕੋਈ ਕੁੜੀ ਸੀ। ਉਹ ਟਾਹਲੀ ਦੇ ਓਹਲਿਓਂ ਹਟ ਕੇ ਪਰਛਾਵੇਂ ਵੱਲ ਤੁਰ ਪਿਆ। ਉਹ ਪਰਛਾਵਾਂ ਥਾਂਏ ਰੁਕ ਗਿਆ।
”ਸਹਿਜ?” ਨੇੜੇ ਜਾਣ ‘ਤੇ ਆਸਿਫ਼ ਨੇ ਕਿਹਾ।
”ਹਾਂ ਆਂ ….।” ਸਹਿਜ ਦੀ ਡਰੀ ਜਿਹੀ ਅਵਾਜ਼ ਆਈ ਤੇ ਉਹ ਦੂਜੇ ਹੀ ਪਲ ਆਸਿਫ਼ ਨੂੰ ਚਿੰਬੜ ਗਈ। ਆਸਿਫ਼ ਉਸਨੂੰ ਕਲਾਵੇ ਵਿੱਚ ਲੈ ਕੇ ਟਾਹਲੀ ਕਲੋਂ ਹੁੰਦਾ ਹੋਇਆ ਪਟੜੀ ਦੇ ਨਜ਼ਦੀਕ ਵਾਲੀ ਮੋਟਰ ਉੱਪਰ ਲੈ ਗਿਆ।
”ਡਰ ਤਾਂ ਨੀ ਲੱਗਿਆ? ‘ਖੇਲ ‘ਤੇ ਬੈਠਦਿਆਂ ਆਸਿਫ਼ ਨੇ ਪੁੱਛਿਆ।” ਪਿਆਰ ਸਾਰੇ ਡਰ ਭੁਲਾ ਦਿੰਦੈ।” ਸਹਿਜ ਨੇ ਆਸਿਫ਼ ਦਾ ਹੱਥ ਫੜ ਕੇ ਸਹਿਲਾਇਆ।
”ਮੈਂ ਵੀ ਅੱਜ ਮੰਡੀ ‘ਚ ਸੀ। ਉਥੋਂ ਸਿੱਧਾ ਆਇਆਂ।” ਆਸਿਫ਼ ਨੇ ਦੱਸਿਆ।
ਰਾਤ ਬਾਕੀ ਹੈ ਨਾਵਲ ‘ਚ ਚਰਨ ਤੇ ਰਾਜ ਵੀ ਇੱਕ ਵਾਰ ਆਪਣੇ ਮਾਂਗੂੰ ਰਾਤ ਨੂੰ ਮਿਲਦੇ ਨੇ।” ਸਹਿਜ ਦੇ ਕੁਝ ਦਿਨ ਪਹਿਲਾਂ ਪੜ੍ਹੇ ਨਾਵਲ ਦੀ ਕਹਾਣੀ ਯਾਦ ਆ ਗਈ।
”ਹਾਂ….।” ਆਸਿਫ਼ ਨੇ ਉਸ ਨੂੰ ਕਲਾਵੇ ਵਿੱਚ ਘੁੱਟਿਆ, ਆਈ ਲਵ ਯੂ ਸਹਿਜ।” ਲਵ ਯੂ ਮੇਰੀ ਜਾਨ।” ਸਹਿਜ ਨੇ ਪਿਆਰ ਨਾਲ ਉਸਦੇ ਚਿਹਰੇ ‘ਤੋਂ ਹੱਥ ਫੇਰਿਆ। ਆਸਿਫ਼ ਨੇ ਉਸ ਦਾ ਹੱਥ ਫੜ ਲਿਆ ਤੇ ਉਸ ਦੇ ਚਿਹਰੇ ਨੂੰ ਨੇੜੇ ਕਰ ਕੇ ਪਿਆਰ ਭਰਿਆ ਚੁੰਮਣ ਦਿੱਤਾ? ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਇੱਕ-ਦੂਸਰੇ ਵਿੱਚ ਗੁਆਚ ਗਏ।
ਆਸਿਫ਼ ਨੇ ਮੋਬਾਈਲ ਉੱਤੇ ਸਮਾਂ ਵੇਖਿਆ, ਤਿੰਨ ਤੋਂ ਉੱਪਰ ਹੋ ਗਿਆ ਸੀ।
ਉਹ ਦੋਵੇਂ ਕੋਠੇ ਕੋਲੋਂ ਉੱਠ ਕੇ ਪਟੜੀ ਉੱਪਰ ਆ ਗਏ। ਤੂੰ ਜਾਹ! ਐਨੇ ਮੈਂ ਇੱਥੇ ਖੜ੍ਹ ਕੇ ਵੇਖਦਾਂ। ਤੂੰ ਜਦੋਂ ਘਰ ਪਹੁੰਚ ਗੀ ਫੇਰ ਇੱਥੋਂ ਚੱਲੂੰਗਾ।” ਚੰਗਾ ਜੀ ਫੇਰ? ਮੇਰੇ ਪਿੰਡ ਆਇਆ ਸੀ ਤੈਨੂੰ ਕੁਝ ਖਵਾ ਵੀ ਨੀ ਸਕੀ।”
”ਕੋਈ ਨਾ ਜਦੋਂ ਬਰਾਤ ਲੈ ਕੇ ਆਇਆ ਓਦੋਂ ਸੇਵਾ ਕਰ ਲੀਓਂ।” ਆਸਿਫ਼ ਦੀ ਗੱਲ ‘ਤੇ ਸਹਿਜ ਉਸਦੀ ਵੱਖੀ ਵਿੱਚ ਪਿਆਰ ਨਾਲ ਮੁੱਕਾ ਮਾਰ ਕੇ ਮੁਸਕੁਰਾ ਪਈ ਤੇ ‘ਬਾਏ ਕਹਿ ਕੇ ਤੁਰ ਪਈ।’
ਆਸਿਫ਼ ਉੱਥੇ ਹੀ ਖੜ੍ਹਾ ਉਸ ਨੂੰ ਵੇਖਦਾ ਰਿਹਾ। ਦੂਰੋਂ ਉਸ ਨੂੰ ਨਜ਼ਰ ਆਇਆ, ਸਹਿਜ ਬਾਰ ਖੋਲ੍ਹ ਕੇ ਘਰ ਦੇ ਅੰਦਰ ਹੋ ਗਈ। ਆਸਿਫ਼ ਤਸੱਲੀ ਭਰਿਆ ਮੁਸਕੁਰਾ ਕੇ ਵਾਪਸ ਚੱਲ ਪਿਆ। ਜਦੋਂ ਉਹ ਮੰਡੀ ਪਹੁੰਚਿਆ, ਉਸ ਸਮੇਂ ਵੀ ਕੋਈ ਨਹੀਂ ਜਾਗਿਆ ਸੀ। ਉਹ ਚੁਪਕਾ ਜਾ ਕੇ ਰਜਾਈ ਵਿੱਚ ਵੜ ਗਿਆ। ਸਹਿਜ ਦੇ ਖ਼ਿਆਲਾਂ ‘ਚ ਗੁਆਚਿਆਂ ਹੀ ਉਸ ਨੂੰ ਨੀਂਦ ਆ ਗਈ। ਆਸਿਫ਼ ਨੂੰ ਜਾਗ ਆਈ। ਉਸ ਨੇ ਰਜਾਈ ਦਾ ਲੜ ਚੁੱਕ ਕੇ ਵੇਖਿਆ।
ਸੂਰਜ ਸਿਰ ਉੱਤੇ ਆਇਆ ਖੜ੍ਹਾ ਸੀ। ਮੰਡੀ ਵਿੱਚ ਪਏ ਲੋਕ ਕਦੋਂ ਦੇ ਘਰਾਂ ਨੂੰ ਚਲੇ ਗਏ ਸਨ। ਮਜ਼ਦੂਰਾਂ ਨੇ ਆਪਣਾ ਕੰਮ ਆਰੰਭ ਦਿੱਤਾ ਸੀ। ਸਮਾਂ ਵੇਖਿਆ, ਅੱਠ ਵਜ ਗਏ ਸਨ। ”ਓਹ ਤੇਰੀ।” ਉਹ ਛਾਲ ਮਾਰ ਕੇ ਮੰਜੇ ਵਿੱਚੋਂ ਉੱਠਿਆ। ਉਸ ਨੇ ਆਲ ਦੁਆਲੇ ਵੇਖਿਆ ਕਿ ਕੋਈ ਵੇਖ ਤਾਂ ਨਹੀਂ ਰਿਹਾ। ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਏਨਾ ਲੇਟ ਉੱਠਣ ਦਾ ਕਾਰਨ ਪੁੱਛੇ, ਉਸ ਨੇ ਬਿਸਤਰਾ ਇਕੱਠਾ ਕੀਤਾ ਤੇ ਬੂਟ ਪਾ ਕੇ ਘਰ ਵੱਲ ਸੂਟ ਵੱਟ ਲਈ।