ਪਰਗਟ ਸਿੰਘ ਸਤੌਜ
[ਲੜੀ ਜੋੜਨ ਲਈ ਪਿਛਲਾ ਅੰਕ ਵੇਖੋ]
ਵ ਾਪਸ ਆਉਂਦਿਆਂ ਉਨ੍ਹਾਂ ਨੂੰ ਸਾਢੇ ਅੱਠ ਦਾ ਸਮਾਂ ਹੋ ਗਿਆ। ਕਮਰੇ ‘ਚ ਆ ਕੇ ਸਕੀਮੀ ਫੇਸਬੁੱਕ ਖੋਲ੍ਹ ਕੇ ਬੈਠ ਗਿਆ। ਤਰਨ, ਲਾਇਬ੍ਰੇਰੀ ਵਿਚੋਂ ਕਢਵਾਇਆ ਮੋਹਨ ਕਾਹਲੋਂ ਦਾ ਨਾਵਲ ‘ਮਛਲੀ ਇਕ ਦਰਿਆ ਦੀ’ ਪੜ੍ਹਨ ਲੱਗ ਪਿਆ। ਤਰਨ ਦਾ ਧਿਆਨ ਪਹਿਲਾਂ ਵਾਂਗ ਨਾਵਲ ਉੱਪਰ ਕੇਂਦਰਿਤ ਨਹੀਂ ਹੋ ਰਿਹਾ ਸੀ। ਵਾਰ-ਵਾਰ ਉਸਦਾ ਧਿਆਨ ਉਖੜ ਕੇ ਨਿਮਰ ਉੱਪਰ ਜਾ ਟਿਕਦਾ। ਉਸਦੀ ਨਜ਼ਰ ਕਿਤਾਬ ਉੱਪਰ ਦੌੜ ਰਹੀ ਸੀ ਪਰ ਦਿਮਾਗ ਕੁਝ ਹੋਰ ਪੜ੍ਹ ਰਿਹਾ ਸੀ। ਅਖੀਰ ਉਸਨੇ ਨਾਵਲ ਬੰਦ ਕਰ ਦਿੱਤਾ ਤੇ ਅੱਖਾਂ ਮੀਟ ਕੇ ਲੰਬਾ ਪੈ ਗਿਆ। ਉਹ ਹੁਣ ਆਪਣੀ ਹੀ ਕਲਪਨਾ ਰਾਹੀਂ ਭਵਿੱਖ ਵਿਚ ਜੀਅ ਰਿਹਾ ਸੀ। ਨਿਮਰ ਦੇ ਚੁਬਾਰੇ ਜਾਣਾ, ਉਸਨੂੰ ਮਿਲਣਾ, ਤਰਨ ਨੂੰ ਵੱਖ-ਵੱਖ ਰੰਗਾਂ ਵਿਚ ਦਿਖਾਈ ਦੇ ਰਿਹਾ ਸੀ। ਕਦੇ ਉਸਨੂੰ ਪਏ-ਪਏ ਨੂੰ ਅਚਾਨਕ ਸਮਾਂ ਯਾਦ ਆਉਂਦਾ। ਉਸਨੂੰ ਜਾਪਦਾ ਜਿਵੇਂ ਕਈ ਘੰਟੇ ਬੀਤ ਗਏ ਹੋਣ। ਉਹ ਕਾਹਲੀ ਨਾਲ ਮੋਬਾਈਲ ਉੱਪਰ ਸਮਾਂ ਵੇਖਦਾ ਤਾਂ ਕੁਝ ਹੀ ਮਿੰਟ ਬੀਤੇ ਹੁੰਦੇ।
ਜ਼ਖ਼ਮੀ ਸੱਪ ਵਾਂਗ ਸਰਕਦਾ ਸਮਾਂ ਸਾਢੇ ਦੱਸ ‘ਤੇ ਪਹੁੰਚ ਗਿਆ। ਤਰਨ ਨੇ ਪਾਣੀ ਦਾ ਗਲਾਸ ਪੀਤਾ ਤੇ ਜਾਣ ਲਈ ਤਿਆਰ ਹੋ ਗਿਆ। ਉਸਨੇ ਸੁੱਤੇ ਪਏ ਸਕੀਮੀ ਨੂੰ ਘੋਥਲ ਕੇ ਉਠਾਇਆ, ”ਸਕੀਮੀ! ਚੰਗਾ ਮੈਂ ਜਾਨਾਂ। ਬਾਰ ਬੰਦ ਕਰ ਲੀਂ। ਕੁੰਡਾ ਅੰਦਰੋਂ ਖੁੱਲ੍ਹਾ ਰੱਖੀਂ ਕਿਤੇ ਸੌਂ ਨਾ ਜਾਈਂ ਕੁੰਡਾ ਲਾ ਕੇ।
”ਊਂ… ਊਂ… ਚੰਗਾ… ਆਲ ਦਾ ਬੈਸਟ।” ਸਕੀਮੀ ਨੀਂਦ ਦਾ ਦੱਬਿਆ ਔਖਾ ਜਿਹਾ ਹੁੰਦਾ ਬੋਲਿਆ ਤੇ ਮੁੜ ਅੱਖਾਂ ਮੀਟ ਲਈਆਂ।
ਤਰਨ ਬਾਰ ਖੋਲ੍ਹ ਕੇ ਬਾਹਰ ਆ ਗਿਆ। ਉਸ ਨੇ ਬਾਰ ਚ ਖੜ੍ਹ ਕੇ ਆਲਾ-ਦੁਆਲਾ ਤਾੜਿਆ। ਗਲੀ ‘ਚ ਸੰਨਾਟਾ ਪਸਰਿਆ ਸੀ। ਧਰਮਸ਼ਾਲਾ ਵਾਲੀ ਗਲੀ ਵੱਲੋਂ ਆਉਂਦੀ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਟਿਕੀ ਰਾਤ ਨੂੰ ਸੰਨ੍ਹ ਲਾ ਰਹੀ ਸੀ। ਤਰਨ ਦੇ ਘਰ ਦੇ ਖੱਬੇ ਪਾਸੇ ਦੋ ਕਦਮ ਦੀ ਦੂਰੀ ‘ਤੇ ਨਿਮਰ ਕੇ ਘਰ ਨੂੰ ਜਾਣ ਵਾਲੀ ਗਲੀ ਜੁੜਦੀ ਸੀ। ਉਸ ਗਲੀ ‘ਚ ਪ੍ਰਵੇਸ਼ ਕਰਦਿਆਂ ਹੀ ਗਲੀ ਦੇ ਦੋਵੇਂ ਪਾਸੇ ਸੁੰਨੇ ਘਰ ਸਨ ਜਿਹਨਾਂ ਦੇ ਮਾਲਕ ਵਿਦੇਸ਼ਾਂ ਵਿਚ ਗਏ ਕਦੇ ਸਾਲ-ਛਿਮਾਹੀ ਹੀ ਪਰਤਦੇ ਸਨ। ਬਾਕੀ ਸਾਰਾ ਸਾਲ ਜੰਗਾਲੇ ਜਿੰਦਰੇ ਹੀ ਉਹਨਾਂ ਘਰਾਂ ਦੇ ਪਹਿਰੇਦਾਰ ਰਹਿੰਦੇ ਸਨ। ਉਸੇ ਗਲੀ ਵਿਚ ਤੀਸਰਾ ਘਰ ਨਿਮਰ ਦਾ ਸੀ। ਨਿਮਰ ਕੇ ਘਰ ਦੇ ਅੱਗੇ ਬੀਹੀਂ ਉੱਪਰੋਂ ਦੀ ਸੀਮਿੰਟਡ ਚਾਦਰਾਂ ਪਾਈਆਂ ਹੋਈਆਂ ਸਨ ਜਿਹੜੀਆਂ ਦੂਸਰੇ ਪਾਸੇ ਸੁੰਨੇ ਘਰ ਦੀ ਕੰਧ ਉੱਪਰ ਟਿੱਕੀਆਂ ਹੋਈਆਂ ਸਨ। ਤਰਨ ਹੌਲੀ-ਹੌਲੀ ਕਦਮ ਪੁੱਟਦਾ ਅੱਗੇ ਤੁਰ ਪਿਆ। ਉਸਨੂੰ ਆਪਣੇ ਘਰ ਤੋਂ ਨਿਮਰ ਕੇ ਘਰ ਤੱਕ ਕੁਝ ਕਦਮਾਂ ਦੀ ਦੂਰੀ ਵੀ ਸੱਤ ਸਮੁੰਦਰ ਪਾਰ ਕਰਨ ਵਾਂਗ ਲਗਦੀ ਸੀ। ਅਚਾਨਕ ਪਿੰਡ ਦੀ ਬਾਹਰਲੀ ਫਿਰਨੀ ਤੋਂ ਘੁਮਾਰਾਂ ਦੇ ਘਰਾਂ ਵੱਲੋਂ ਗਧੇ ਦੇ ਹਿਣਕਣ ਦੀ ਆਵਾਜ਼ ਆਈ ਤਾਂ ਉਹ ਇਕ ਪਲ ਲਈ ਡਰ ਕੇ ਰੁਕ ਗਿਆ। ਉਸਨੇ ਆਲੇ-ਦੁਆਲੇ ਨਜ਼ਰ ਮਾਰੀ। ਸੁੰਨੀਆਂ ਗਲੀਆਂ ਭਾਂਅ-ਭਾਂਅ ਕਰ ਰਹੀਆਂ ਸਨ।
ਤਰਨ ਨੇ ਸੁੰਨੇ ਘਰ ਦੀ ਕੰਧ ਨੂੰ ਹੱਥ ਪਾਇਆ ਤੇ ਚੋਰਾਂ ਵਾਂਗ ਹੁਸ਼ਿਆਰੀ ਵਰਤਦਿਆਂ ਫੁਰਤੀ ਨਾਲ ਕੰਧ ਉੱਪਰ ਚੜ੍ਹ ਗਿਆ। ਕੰਧ ਦੇ ਨਾਲ ਲੱਗੇ ਦਰੱਖਤਾਂ ਵਿਚੋਂ ਕੋਈ ਪੰਛੀ ‘ਫੁਰ ਰ…’ ਕਰਦਾ ਉੱਡਿਆ ਤਾਂ ਉਸ ਦਾ ਦਿਲ ਫੜੱਕ-ਫੜੱਕ ਵੱਜਣ ਲੱਗਿਆ। ਉਸ ਨੇ ਕੁਝ ਦੇਰ ਰੁਕ ਕੇ ਆਲਾ-ਦੁਆਲਾ ਤਾੜਿਆ ਤੇ ਫਿਰ ਅੱਗੇ ਵੱਧਣ ਲੱਗਿਆ। ਸੀਮਿੰਟਡ ਚਾਦਰਾਂ ਕੋਲ ਜਾ ਕੇ ਉਹ ਫਿਰ ਰੁਕ ਗਿਆ। ਗਲੀ ਦੇ ਦੋਵੇਂ ਪਾਸੇ ਪੜਤਾਲ ਕੀਤੀ, ਚੁਬਾਰੇ ਵੱਲ ਵੇਖਿਆ ਤੇ ਫਿਰ ਹੌਲੀ ਜਿਹੇ ਪੈਰ ਟਿਕਾਉਂਦਾ ਚਾਦਰਾਂ ਉੱਪਰ ਚੜ੍ਹ ਗਿਆ। ਉਹ ਅਜੇ ਦੋ ਕਦਮ ਹੀ ਅੱਗੇ ਵਧਿਆ ਸੀ ਕਿ ਕੜਾਕ ਕਰਦੀ ਸੀਮਿੰਟਡ ਚਾਦਰ ਟੁੱਟ ਗਈ ਤੇ ਉਹ ਪਲਾਂ ਵਿਚ ਹੀ ਬੇਰੀ ਤੋਂ ਕਿਰੇ ਬੇਰ ਵਾਂਗ ਹੇਠਾਂ ਪੱਕੀ ਬੀਹੀ ਵਿਚ ਆ ਡਿੱਗਿਆ। ਉਪਰੋਂ ਬਾਅਦ ‘ਚ ਡਿੱਗਿਆ ਚਾਦਰ ਦਾ ਇਕ ਟੁੱਕੜਾ ਉਸਦੀ ਗਰਦਨ ‘ਤੇ ਆ ਵੱਜਿਆ। ਖੜਕਾ ਸੁਣ ਕੇ ਜ਼ੋਰ-ਜ਼ੋਰ ਦੀ ਕੁੱਤੇ ਭੌਂਕਣ ਲੱਗ ਪਏ। ਇਕ ਵਾਰ ਤਾਂ ਉਹ ਭਮੱਤਰ ਹੀ ਗਿਆ ਸੀ ਕਿ ਉਹ ਕੀ ਹੋ ਗਿਆ? ਦੂਜੇ ਪਲ ਉਸਦੀ ਸੁਰਤ ਪਰਤੀ ਤਾਂ ਉਹ ਹਨੇਰੀ ਵਾਂਗ ਦੌੜ ਕੇ ਘਰ ਆ ਵੜਿਆ।
”ਸਕੀਮੀ… ਓਏ ਸਕੀਮੀ ਸਾਲਿਆ।” ਉਸਨੇ ਕਮਰੇ ‘ਚ ਆ ਕੇ ਸਕੀਮੀ ਨੂੰ ਘੋਥਲਿਆ। ”ਹਾਂ… ਕੀ ਹੋਇਆ…? ਤੂੰ ਆ ਵੀ ਗਿਆ….?” ਸਕੀਮੀ ਸੁੱਤ-ਉਨੀਂਦਾ ਉੱਠ ਕੇ ਬੈਠ ਗਿਆ।
”ਹੋਇਆ ਤੇਰੀ ਮਾਂ ਦਾ ਮਕਲਾਵਾ। ਸਾਲਿਆ ਸਕੀਮੀਆਂ ਤੇਰੀ ਭੈਣ… ਗਈ ਓਏ! ਭੈਣ…।” ਤਰਨ ਸਕੀਮੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ।
”ਤੂੰ ਗੱਲ ਤਾਂ ਦੱਸ ਕੀ ਹੋ ਗੀ?”
”ਤੇਰੀ ਦੱਸੀ ਸਕੀਮ ਦਾ ਭੱਠਾ ਬੈਹ ਗਿਆ। ਉਹਨਾਂ ਦੀਆਂ ਚਾਦਰਾਂ ਟੁੱਟ ਗਈਆਂ।”
”ਹੈਂ…! ਹੁਣ ਓਏ।” ਸਕੀਮੀ ਦੀਆਂ ਹੈਰਾਨੀ ਅਤੇ ਡਰ ਨਾਲ ਅੱਖਾਂ ਟੱਡੀਆਂ ਗਈਆਂ।
”ਮੇਰੇ ਤਾਂ ਆਹ ਉਰੇ ਪਤਾ ਨੀ ਕੀ ਲੱਗਿਆ?” ਤਰਨ ਨੇ ਆਪਣੀ ਗਰਦਨ ‘ਤੇ ਹੱਥ ਲਾਇਆ ਤਾਂ ਉਸਦਾ ਹੱਥ ਲਹੂ ਨਾਲ ਲਿੱਬੜ ਗਿਆ। ਸਕੀਮੀ ਲਾਈਟ ਜਗਾਉਣ ਲੱਗਿਆ ਤਾਂ ਤਰਨ ਨੇ ਮਨ੍ਹਾ ਕਰ ਦਿੱਤਾ, ”ਰਹਿਣ ਦੇ, ਗਲੀ ਆਲੇ ਸਾਰੇ ਉੱਠ ਜਾਣਗੇ। ਲੈ ਕੋਈ ਕੱਪੜਾ ਦੇਹ ਗਿੱਲਾ ਕਰਕੇ, ਮੈਂ ਗਰਦਨ ‘ਤੇ ਬੰਨ੍ਹ ਲਾਂ।”
ਸਕੀਮੀ ਨੇ ਆਪਣੀ ਲੋਅਰ ‘ਚੋਂ ਰੁਮਾਲ ਕੱਡੀ ਅਤੇ ਭਿਉਂ ਕੇ ਤਰਨ ਨੂੰ ਫੜਾ ਦਿੱਤੀ। ਉਹ ਰੁਮਾਲ ਬੰਨ੍ਹ ਹੀ ਰਿਹਾ ਸੀ ਕਿ ਕੁਝ ਬੰਦਿਆਂ ਦੀਆਂ ਆਵਾਜ਼ਾਂ ਅਤੇ ਉਹਨਾਂ ਦੀ ਪੈੜਚਾਲ ਇੱਧਰ ਨੂੰ ਆਉਂਦੀ ਸੁਣਾਈ ਦਿੱਤੀ। ਉਹਰ ਦੋਵੇਂ ਚੁੱਪ ਹੋ ਗਏ ਅਤੇ ਸਾਹ ਖਿੱਚ ਕੇ ਆਪਣੀ-ਆਪਣੀ ਥਾਂ ਪੈ ਗਏ। ਆਵਾਜ਼ਾਂ ਬੀਹੀ ਦੇ ਮੋੜ ‘ਤੇ ਆ ਕੇ ਰੁਕ ਗਈਆਂ। ਕੁਝ ਦੇਰ ਉੱਥੇ ਹੀ ਘੁਸਰ-ਮੁਸਰ ਹੁੰਦੀ ਰਹੀ ਅਤੇ ਫਿਰ ਉਹ ਵਾਪਸ ਪਰਤ ਗਏ।
ਅੱਧੀ ਕੁ ਰਾਤ ਤੋਂ ਬਾਅਦ ਤਰਨ ਦੇ ਗੋਡੇ ਤੋਂ ਲੈ ਕੇ ਚੂਲ੍ਹੇ ਤੱਕ ਦਰਦ ਵੱਧ ਗਿਆ। ਉਸਨੇ ਸਕੀਮੀ ਨੂੰ ਫਿਰ ਉਠਾ ਲਿਆ, ”ਬਾਈ ਕੋਈ ਦਰਦ ਦੀ ਗੋਲੀ ਦੇਖੀ ਜੇ ਪਈ ਹੋਈ।”
ਸਕੀਮੀ ਨੇ ਕਮਰੇ ਦੀ ਲਾਈਟ ਨਹੀਂ ਜਗਾਈ ਸਗੋਂ ਮੋਬਾਈਲ ਦੀ ਲਾਈਟ ਲਾ ਕੇ ਅਲਮਾਰੀ ਵਿਚੋਂ ਗੋਲੀ ਲੱਭਣ ਲੱਗ ਪਿਆ, ”ਦਰਦ ਦੀ ਗੋਲੀ ਇਕ ਪਈ ਐ ਇਕ ਕਰੋਸੀਨ ਦੀ ਪਈ ਐ।”
”ਤੂ ਮੈਨੂੰ ਦੋਹੇਂ ਈ ਦੇ ਦੇ।”
ਸਕੀਮੀ ਨੇ ਗੋਲੀਆਂ ਅਤੇ ਪਾਣੀ ਦਾ ਗਿਲਾਸ ਤਰਨ ਨੂੰ ਫੜਾ ਦਿੱਤਾ। ਤਰਨ ਨੇ ਦੋਵੇਂ ਗੋਲੀਆਂ ਇਕੱਠੀਆਂ ਹੀ ਲੈ ਲਈਆਂ।
”ਜੇ ਸਵੇਰੇ ਮੈਨੂੰ ਜਾਗ ਨਾ ਆਈ ਤਾਂ ਉਠਾ ਦੇਈਂ ਮੈਨੂੰ। ਆਪਾਂ ਛੇਤੀ ਜਮਾਂਗੇ ਪਿੰਡ। ਜੇ ਕਿਸੇ ਨੂੰ ਮੇਰੇ ਸੱਟ ਲੱਗੀ ਦਾ ਪਤਾ ਲਗ ਗਿਆ ਤਾਂ ਸਿੱਧੀ ਸ਼ੱਕ ਆਪਣੇ ਉੱਤੇ ਹੋਵੇਗੀ।” ਤਰਨ ਨੇ ਸਕੀਮੀ ਨੂੰ ਚੌਕੰਨਾ ਕੀਤਾ।
”ਐ ਤਾਂ ਕੋਈ ਗੱਲ ਨੀਂ। ਜੇ ਕਹਿਣੈ ਤਾਂ ਹੁਣ ਵਗ ਚਲਦਿਆਂ।”
”ਸਾਲਿਆ ਜੇ ਹੁਣ ਤੁਰੇ ਤਾਂ ਜਮੀਂ ਮਾਰੇ ਜਾਮਾਂਗੇ।”
ਸਵੇਰੇ ਪੰਜ ਕੁ ਵਜੇ ਤਰਨ ਨੂੰ ਜਾਗ ਆ ਗਈ। ਉਸ ਦਾ ਦਰਦ ਚਾਹੇ ਘੱਟ ਸੀ ਪਰ ਲੱਤ ਆਕੜੀ ਪਈ ਸੀ। ਉਸਨੇ ਸਕੀਮੀ ਨੂੰ ਵੀ ਉਠਾ ਲਿਆ। ਦੋਵੇਂ ਬਿਨਾਂ ਨਹਾਏ ਹੀ ਹੱਥ-ਮੂੰਹ ਧੋ ਕੇ ਤਿਆਰ ਹੋ ਗਏ। ਸਕੀਮੀ ਨੇ ਤਰਨ ਦੀ ਗਰਦਨ ਵਾਲੀ ਰੁਮਾਲ ਖੋਲ੍ਹ ਕੇ ਵੇਖਿਆ। ਲਹੂ ਬੰਦ ਸੀ ਪਰ ਕਿਸੇ ਤਿੱਖੀ ਚੀਜ਼ ਦਾ ਗਰਦਨ ਉੱਪਰ ਤੋਂ ਹੇਠਾਂ ਤੱਕ ਕੱਟ ਪੈ ਗਿਆ ਸੀ। ਲਹੂ ਨਾਲ ਲਿੱਬੜੀ ਹੋਈ ਟੀ-ਸ਼ਰਟ ਉਹਨਾਂ ਨੇ ਲਿਫ਼ਾਫ਼ੇ ਵਿਚ ਪਾ ਕੇ ਬੈਗ ਵਿਚ ਪਾ ਲਈ।
”ਤੂੰ ਐਂ ਕਰ, ਅੰਦਰੋਂ ਈ ਮੈਨੂੰ ਮੋਟਰਸਾਈਕਲ ‘ਤੇ ਚੜ੍ਹਾ ਲੈ, ਜੇ ਬਾਹਰ ਕਿਸੇ ਨੂੰ ਲੰਗ ਮਾਰਦਾ ਦਿਖ ਗਿਆ ਤਾਂ ਵਾਧੂ ਸ਼ੱਕ ਹੋਜੂ।” ਤਰਨ ਨੇ ਕਿਹਾ।
”ਜੇ ਤੈਨੂੰ ਅੰਦਰੋਂ ਈ ਚੜ੍ਹਾ ਲਿਆ ਤਾਂ ਬਾਹਰਲੇ ਗੇਟ ਨੂੰ ਜਿੰਦਾ ਤੇਰਾ ਬਾਪੂ ਲਾਊਗਾ? ਮੈਂ ਮੋਟਰਸਾਈਕਲ ਬਾਹਰ ਕੱਢਦਾਂ। ਜਦੋਂ ਕੋਈ ਗਲੀ ‘ਚ ਨਾ ਹੋਇਆ ਤਾਂ ਮੈਂ ਤੈਨੂੰ ਦੱਸੂ। ਤੂੰ ਓਸੇ ਟੈਂਮ ਮੋਟਰਸਾਈਕਲ ਕੋਲੇ ਆ ਕੇ ਖੜ੍ਹ ਜੀਂ, ਮੈਂ ਬਾਰ ਨੂੰ ਜਿੰਦਾ ਲਾਦੂੰ।”
ਸਕੀਮੀ ਨੇ ਮੋਟਰਸਾਈਕਲ ਬੀਹੀ ਵਿਚ ਕੱਢ ਕੇ ਖੜ੍ਹਾ ਦਿੱਤਾ। ਗਲੀ ਸੁੰਨੀ ਦੇਖ ਕੇ ਤਰਨ ਲੰਗ ਮਾਰਦਾ ਮੋਟਰਸਾਈਕਲ ਕੋਲ ਜਾ ਖੜ੍ਹਿਆ। ਸਕੀਮੀ ਨੇ ਬੈਗ ਲਿਆ ਕੇ ਮੋਟਰਸਾਈਕਲ ਉੱਪਰ ਰੱਖ ਦਿੱਤੇ। ਬਾਰ ਨੂੰ ਜਿੰਦਰਾ ਲਾਇਆ। ਮੋਟਰਸਾਈਕਲ ਨੂੰ ਕਿੱਕ ਮਾਰੀ। ਉਹ ਦੋਵੇਂ ਸਵੇਰ ਦੇ ਹਨੇਰੇ ‘ਚ ਕੱਲ੍ਹ ਦੀ ਰਾਤ ਦਾ ਰਾਜ਼ ਆਪਣੇ ਨਾਲ ਲੈ ਕੇ ਪਿੰਡੋਂ ਬਾਹਰ ਨਿੱਕਲ ਗਏ। ਮੋਟਰਸਾਈਕਲ ਪਿੰਡ ਨੂੰ ਪਿੱਛੇ ਛੱਡਦਾ, ਸੜਕ ‘ਤੇ ਦੌੜਿਆ ਜਾ ਰਿਹਾ ਸੀ। ਜਿਉਂ-ਜਿਉਂ ਉਹ ਪਿੰਡੋਂ ਦੂਰ ਹੁਦੇ ਜਾ ਰਹੇ ਸਨ, ਬਾਬੇ ਮੋਹਰ ਦਾਸ ਦੇ ਗੁਰਦੁਆਰੇ ਦੇ ਸਪੀਕਰ ‘ਚੋਂ ਸੁਣਾਈ ਦਿੰਦੀ ਗੁਰਬਾਣੀ ਦੀ ਆਵਾਜ਼ ਮੱਧਮ ਪੈਂਦੀ ਜਾ ਰਹੀ ਸੀ।
* * *
ਨਿਮਰ ਕਿਤਾਬਾਂ ਉੱਪਰ ਅੱਖਾਂ ਟਿਕਾਈ ਤਰਨ ਦੀ ਉਡੀਕ ਵਿਚ ਬੈਠੀ ਸੀ। ਉਸਨੇ ਆਪਣੀ ਮਾਸੀ ਨੂੰ ਬਹਾਨਾ ਲਾਇਆ ਸੀ ਕਿ ਉਹ ਗਿਆਰਾਂ-ਬਾਰਾਂ ਵਜੇ ਤੱਕ ਚੁਬਾਰੇ ‘ਚ ਬੈਠ ਕੇ ਪੜ੍ਹੇਗੀ। ਉਸ ਦੀ ਮਾਸੀ ਨੇ ਹਾਮੀ ਭਰ ਦਿੱਤੀ। ਕੋਲ ਲਾਈਟ ਜਗਦੀ ਹੋਣ ਕਰਕੇ ਉਸਨੂੰ ਵੀ ਨੀਂਦ ਨਹੀਂ ਆਉਂਦੀ ਸੀ। ਉਸਦੀ ਮਾਸੀ ਤਾਂ ਸਾਢੇ ਕੇ ਨੌਂ ਵਜੇ ਹੀ ਸੌਂ ਗਈ ਸੀ ਪਰ ਨਿਮਰ ਇਸ਼ਕ ਦੇ ਪੇਪਰਾਂ ਦੀ ਤਿਆਰੀ ਵਿਚ ਪੂਰੀ ਤਰ੍ਹਾਂ ਖੁੱਭੀ ਜਾਗ ਰਹੀ ਸੀ।
ਨਿਮਰ ਦਾ ਆਪਣਾ ਪਿੰਡ ਵੀ ਇੱਥੋਂ ਨੇੜੇ ਹੀ ਸੀ। ਉਹ ਗਿਆਰਵੀਂ ਕਲਾਸ ਵਿਚ ਕਿਸੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਸੀ। ਉਸਦੇ ਸਕੂਲ ਦੀ ਵੈਨ ਦੋਵਾਂ ਪਿੰਡਾਂ ਵਿਚੋਂ ਹੀ ਬੱਚੇ ਲੈ ਕੇ ਜਾਂਦੀ ਸੀ। ਇਸ ਕਰਕੇ ਉਸਨੂੰ ਸਕੂਲ ਜਾਣ ਦੀ ਕੋਈ ਸਮੱਸਿਆ ਨਹੀਂ ਸੀ। ਪਹਿਲਾਂ ਉਹ ਆਪਣੀ ਮਾਸੀ ਕੋਲ ਇਕ ਦੋ ਦਿਨਾਂ ਲਈ ਹੀ ਆਉਂਦੀ ਹੁੰਦੀ ਸੀ। ਉਸਦਾ ਮਾਸੜ ਤੂੜੀ ਕਰਨ ਵਾਲੀਆਂ ਮਸ਼ੀਨਾਂ ਦੀ ਫੈਕਟਰੀ ਵਿਚ ਲੱਗਿਆ ਹੋਇਆ ਸੀ। ਜਦ ਕਦੀ ਉਹ ਮਸ਼ੀਨਾਂ ਲੈ ਕੇ ਬਾਹਰਲੇ ਸੂਬਿਆਂ ਵਿਚ ਛੱਡਣ ਜਾਂਦਾ ਤਾਂ ਮਾਸੀ ਫੋਨ ਕਰਕੇ ਨਿਮਰ ਨੂੰ ਏਥੇ ਬੁਲਾ ਲੈਂਦੀ। ਪਰ ਹੁਣ ਉਹ ਪੂਰੇ ਮਹੀਨੇ ਲਈ ਆਈ ਸੀ। ਉਸਦੀ ਮਾਸੀ ਨੇ ਰਸੌਲੀ ਦਾ ਉਪਰੇਸ਼ਨ ਕਰਵਾਇਆ ਸੀ। ਸ਼ਾਮ-ਸਵੇਰੇ-ਕੰਮ-ਧੰਦੇ ਲਈ ਨਿਮਰ ਨੂੰ ਬੁਲਾ ਲਿਆ ਸੀ।
ਨਿਮਰ ਨੂੰ ਆਇਆਂ ਵੀਹ ਪੱਚੀ ਦਿਨ ਹੋ ਗਏ ਸਨ। ਉਦੋਂ ਉਸ ਨੂੰ ਆਇਆਂ ਅਜੇ ਦਸ ਕੁ ਦਿਨ ਹੀ ਹੋਏ ਸਨ ਜਦੋਂ ਕੋਠੇ ‘ਤੇ ਖੜ੍ਹੀ ਨਿਮਰ ਅਤੇ ਤਰਨ ਦੇ ਆਪਸ ਵਿਚ ਹੱਥ ਹਿੱਲਣ ਲੱਗੇ ਸਨ। ਹਵਾ ਜਰੀਏ ਕਿਸਾਂ ਭੇਜੀਆਂ ਜਾਣ ਲੱਗੀਆਂ ਸਨ। ਫਿਰ ਕੁਝ ਦਿਨਾਂ ਬਾਅਦ ਨਗਰ ਕੀਰਤਨ ਵਾਲੇ ਦਿਨ ਤਰਨ ਨੇ ਨਿਮਰ ਨੂੰ ਆਪਣਾ ਮੋਬਾਈਲ ਨੰਬਰ ਵੀ ਫੜਾ ਦਿੱਤਾ ਸੀ ਤੇ ਕੁਝ ਦਿਨਾਂ ਬਾਅਦ ਇਕ ਸਿਮ ਕਾਰਡ ਵੀ ਲੈ ਕੇ ਭੇਜ ਦਿੱਤਾ। ਨਿਮਰ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਆਪਣੀ ਮਾਸੀ ਵਾਲੇ ਫ਼ੋਨ ਵਿਚ ਸਿਮ ਕਾਰਡ ਪਾ ਕੇ ਤਰਨ ਨਾਲ ਗੱਲ ਕਰ ਲੈਂਦੀ।
ਕੱਲ੍ਹ ਵੀ ਨਿਮਰ ਨੇ ਮਾਸੀ ਦੇ ਕਿਸੇ ਦੇ ਘਰ ਜਾਣ ‘ਤੇ ਮੌਕਾ ਵੇਖਦਿਆਂ ਉਸਦੇ ਫ਼ੋਨ ਤੋਂ ਤਰਨ ਨੂੰ ਇਹ ਸ਼ੁੱਭ ਖਬਰ ਸੁਣਾ ਦਿੱਤੀ ਸੀ ਕਿ ਮਾਸੜ ਤਿੰਨ ਦਿਨ ਲਈ ਬਾਹਰ ਜਾ ਰਿਹਾ ਹੈ, ਤੂੰ ਅੱਜ ਰਾਤ ਨੂੰ ਚੁਬਾਰੇ ‘ਚ ਆ ਜਾਵੀਂ। ਮਾਸੜ ਦੇ ਜਾਣ ਦਾ ਫਾਇਨਲ ਮੈਂ ਸ਼ਾਮ ਨੂੰ ਬਾਂਹ ਅਸਮਾਨ ਵੱਲ ਕਰ ਕੇ ਦੱਸ ਦੇਵਾਂਗੀ। ਜੇ ਬਾਂਹ ਅਸਮਾਨ ਵੱਲ ਹੋਈ ਤਾਂ ਸਮਝ ਲਵੀਂ ਕੋਈ ਖਤਰਾ ਨਹੀਂ।
ਪਰ ਖਤਰਾ ਤਾਂ ਵੱਡਾ ਪੈਦਾ ਹੋ ਗਿਆ ਸੀ। ਚੁਬਾਰੇ ਵਿਚ ਬੈਠੀ ਨਿਮਰ ਚਾਦਰ ਟੁੱਟਣ ਦਾ ਅਤੇ ਕਿਸੇ ਦੇ ਬੀਹੀ ਵਿਚ ਡਿੱਗਣ ਦਾ ਖੜਕਾ ਸੁਣਿਆ ਤਾਂ ਉਹ ਦਾ ਡਰ ਨਾਲ ਕੰਬ ਗਈ। ਉਹ ਏਨੀ ਡਰ ਗਈ ਸੀ ਕਿ ਉਸ ਨੇ ਬਾਹਰ ਆ ਕੇ ਵੀ ਨਹੀਂ ਵੇਖਿਆ। ਉਸ ਨੇ ਕਿਤਾਬ ਨੂੰ ਆਪਣੇ ਅੱਗੇ ਰੱਖਿਆ ਤੇ ਸੌਣ ਦਾ ਨਾਟਕ ਕਰਨ ਲੱਗੀ।
ਬਾਹਰ ਖੜਕਾ ਸੁਣ ਕੇ ਨਿਮਰ ਦੀ ਮਾਸੀ ਨੂੰ ਜਾਗ ਆ ਗਈ। ਉਸ ਨੇ ਬੀਹੀ ਵਾਲਾ ਬਾਰ ਖੋਲ੍ਹ ਕੇ ਵੇਖਿਆ, ਚਾਦਰ ਟੁੱਟੀ ਪਈ ਸੀ। ਉਸ ਨੇ ਇੱਧਰ-ਉਧਰ ਨਜ਼ਰ ਮਾਰੀ ਪਰ ਚਾਦਰ ਤੋੜਨ ਵਾਲਾ ਉਸ ਨੂੰ ਕੋਈ ਨਜ਼ਰ ਨਾ ਆਇਆ। ਇਕ ਗੁਆਂਢੀ ਬੰਦਾ ਅਤੇ ਇਕ ਲਾਗਲੇ ਘਰ ਦਾ ਮੁੰਡਾ ਵੀ ਬਾਹਰ ਆ ਗਏ। ਗੁਆਂਢਣ ਤੀਵੀਂ ਅਚਾਨਕ ਵਾਪਰ ਗਏ ਇਸ ਭਾਣੇ ‘ਤੇ ਆਪਣੇ ਬਾਰਾਂ ‘ਚ ਖੜ੍ਹੀਆਂ ਹੈਰਾਨੀ ਨਾਲ ਵੇਖ ਰਹੀਆਂ ਸਨ।
”ਮਾਸੀ ਕੀ ਹੋ ਗਿਆ?” ਗੁਆਂਢੀ ਮੁੰਡੇ ਨੇ ਪਹਿਲਾਂ ਟੁੱਟੀ ਚਾਦਰ ਵੇਖੀ ਅਤੇ ਫਿਰ ਨਿਮਰ ਦੀ ਮਾਸੀ ਵੱਲ ਹੈਰਾਨੀ ਨਾਲ ਵੇਖਦਿਆਂ ਪੁੱਛਿਆ।
”ਪਤਾ ਨਹੀਂ ਭਾਈ। ਮੈਨੂੰ ਤਾਂ ਆਪ ਖੜਕਾ ਸੁਣ ਕੇ ਜਾਗ ਆਈ ਐ।”
”ਕੁੱਤੇ-ਬਿੱਲੇ ਦੇ ਵਜ਼ਨ ਨਾਲ ਤਾਂ ਇਹ ਟੁੱਟ ਨਹੀਂ ਸਕਦੀ।” ਗੁਆਂਢੀ ਬੰਦੇ ਨੇ ਸ਼ੱਕੀ ਨਜ਼ਰਾਂ ਨਾਲ ਹਨੇਰੇ ਵਿਚ ਇੱਧਰ-ਓਧਰ ਵੇਖਿਆ।
ਫਿਰ ਸਾਰੇ ਘੁਸਰ-ਮੁਸਰ ਕਰਦੇ ਆਪੋ-ਆਪਣੇ ਅੰਦਾਜ਼ੇ ਲਗਾਉਣ ਲੱਗ ਪਏ। ਇਕ ਗੁਆਂਢੀ ਹੋਰ ਆ ਕੇ ਸ਼ਾਮਿਲ ਹੋ ਗਿਆ। ਫਿਰ ਉਹ ਸਾਰੇ ਤਰਨ ਦੇ ਘਰ ਵੱਲ ਬੀਹੀ ਦੇ ਮੋੜ ਤੱਕ ਆਏ। ਹਨੇਰੇ ਵਿਚ ਅੱਖਾਂ ਜਿੱਥੋਂ ਤੱਕ ਵੇਖ ਸਕਦੀਆਂ ਸਨ ਸਭ ਪਾਸੇ ਸੁੰਨ-ਸਰਾਂ ਸੀ। ਇੱਕ ਮੁੰਡੇ ਨੇ ਸੁੰਨੇ ਘਰ ਦੀ ਕੰਧ ਉੱਪਰ ਚੜ੍ਹ ਕੇ ਦਰੱਖਤਾਂ ਵਿਚ ਬੈਟਰੀ ਮਾਰੀ। ਘਰ ਦੇ ਖੱਲ-ਖੂੰਜਿਆਂ ਵਿਚ ਚਾਨਣ ਮਾਰ ਕੇ ਵੇਖਿਆ ਪਰ ਕੁਝ ਵੀ ਹੱਥ-ਪੱਲੇ ਨਾ ਪਿਆ। ਉਹ ਸਾਰੇ ਇਕੱਠੇ ਹੋਏ ਕੁਝ ਦੇਰ ਹੋਰ ਗੱਲਾਂ ਕਰਦੇ ਰਹੇ। ਫਿਰ ਆਪੋ-ਆਪਣੇ ਘਰ ਵੜ ਕੇ ਕੁੰਡੇ ਅੜਾ ਲਏ।
ਨਿਮਰ ਦੀ ਮਾਸੀ ਆਉਂਦਿਆਂ ਹੀ ਚੁਬਾਰੇ ਚੜ੍ਹ ਗਈ। ਉਸ ਨੇ ਵੇਖਿਆ ਨਿਮਰ ਖੁੱਲ੍ਹੀ ਕਿਤਾਬ ਕੋਲ ਸਿਰ ਰੱਖੀਂ, ਮੂਧੀ, ਸੁੱਤੀ ਪਈ ਸੀ।
”ਨਿਮਰ… ਨਿਮਰ….।” ਉਸ ਨੇ ਨਿਮਰ ਨੂੰ ਹਲੂਣਿਆ।
”ਊਂ… ਹਾਂ… ਕੀ ਹੋਇਆ….।” ਉਹ ਸੁੱਤੇ ਹੋਣ ਦਾ ਡਰਾਮਾ ਕਰਦੀ, ਅੱਖਾਂ ਮਲਦੀ ਉੱਠ ਬੈਠੀ।
”ਤੈਨੂੰ ਖੜਕਾ ਨਹੀਂ ਸੁਣਿਆ?” ਨਿਮਰ ਨੇ ਚਾਹੇ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸਦਾ ਸਹਿਮਿਆ ਚਿਹਰਾ ਸਭ ਦੱਸ ਰਿਹਾ ਸੀ।
”ਕਾਹਦਾ ਖੜਕਾ?” ਨਿਮਰ ਨੇ ਅਣਜਾਣ ਬਣਦਿਆਂ ਕਿਹਾ।
”ਆਪਣੀ ਚਾਦਰ ਟੁੱਟ ਗੀ। ਏਨਾ ਤਾਂ ਖੜਕਾ ਹੋਇਆ ਸੀ।”
”ਹੈਂ! ਕਿਵੇਂ? ਮੈਂ ਤਾਂ ਪੜ੍ਹਦੀ-ਪੜ੍ਹਦੀ ਸੌਂ ਗੀ ਸੀ।” ਨਿਮਰ ਨੇ ਸਫ਼ਾਈ ਦੇਣੀ ਚਾਹੀ।
”ਪਤਾ ਨੀ ਕਿਵੇਂ ਟੁੱਟ ਗੀ। ਚਲ ਆਜਾ ਹੁਣ, ਸੌਂ ਜਾ ਹੇਠਾਂ ਆ ਕੇ।” ਨਿਮਰ ਦੀ ਮਾਸੀ ਉਸਦੇ ਚਿਹਰੇ ਦੇ ਹਾਵ-ਭਾਵ ਪੜ੍ਹ ਰਹੀ ਸੀ।
ਨਿਮਰ ਚੁਬਾਰੇ ਦੀ ਲਾਈਟ ਬੰਦ ਕਰ ਕੇ ਮਾਸੀ ਨਾਲ ਹੇਠ ਉੱਤਰ ਆਈ। ਮੰਜੇ ‘ਚ ਪਈ ਨਿਮਰ ਦਾ ਦਿਲ ਡਰ ਨਾਲ ਅਜੇ ਵੀ ਧੜਕ ਰਿਹਾ ਸੀ। ਉਹ ਖੁੱਲ੍ਹੀਆਂ ਅੱਖਾਂ ਨਾਲ ਹਨੇਰੇ ਵਿਚ ਝਾਕਦੀ ਕਿੰਨਾ ਕੁਝ ਕਿਆਸਦੀ ਰਹੀ। ਫਿਰ ਉਸ ਨੇ ਤਸੱਲੀ ਭਰਿਆ ਸਾਹ ਲਿਆ, ‘ਸ਼ੁਕਰ ਹੈ, ਉਹ ਏਥੇ ਬੀਹੀ ‘ਚ ਲੱਤਾਂ ਤੁੜਵਾਈਂ ਡਿੱਗਿਆ ਪਿਆ ਜਾਂ ਮਰਿਆ ਪਿਆ ਨਾ ਮਿਲ ਗਿਆ।’ ਇਸ ਤਸੱਲੀ ਨੇ ਉਸਦਾ ਬਹੁਤ ਹੱਦ ਤੱਕ ਡਰ ਘਟਾ ਦਿੱਤਾ ਤੇ ਉਹ ਪਾਸਾ ਪਰਤ ਕੇ ਸੌਂ ਗਈ।
* * *
ਸਤੰਬਰ ਮਹੀਨੇ ਦਾ ਪਹਿਲਾ ਬੀਤ ਗਿਆ ਸੀ। ਮੌਸਮ ਵਿਚ ਤਬਦੀਲੀ ਆਉਣ ਲੱਗੀ ਸੀ। ਹੁਣ ਚਾਹੇ ਦੁਪਹਿਰ ਵੇਲੇ ਗਰਮੀ ਹੁੰਦੀ ਪਰ ਸ਼ਾਮ ਸਵੇਰੇ ਮੌਸਮ ਸਕੂਨ ਦੇਣ ਵਾਲਾ ਹੋ ਜਾਂਦਾ ਸੀ। ਤਰਨ ਹੋਰੀਂ ਫੱਮਣਵਾਲ ਤੋਂ ਪੰਜ ਵਜੇ ਦੇ ਤੁਰੇ ਹੋਏ ਸਨ। ਪਾਤੜਾਂ ਪਹੁੰਚਦਿਆਂ ਉਹਨਾਂ ਨੂੰ ਸੱਤ ਵੱਜ ਗਏ। ਸੂਰਜ ਦੀਆਂ ਕਿਰਨਾਂ ਨੇ ਫ਼ਸਲਾਂ ਦੇ ਟੂਸਿਆਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ। ਝੋਨੇ ਦੀ ਫਸਲ ਉੱਪਰ ਪਏ ਮੱਕੜੀ ਦੇ ਜਾਲੇ ‘ਤੇ ਪਈ ਤ੍ਰੇਲ ਸੂਰਜ ਦੀ ਰੌਸ਼ਨੀ ਨਾਲ ਮੋਤੀਆਂ ਵਾਂਗ ਚਮਕ ਰਹੀ ਸੀ।
ਤਰਨ ਤੇ ਸਕੀਮੀ ਨੇ ਪਿੰਡ ਜਾਣ ਤੋਂ ਪਹਿਲਾਂ ਕਨੌਰੀ ਡਾਕਟਰ ਨੂੰ ਦਿਖਾਉਂਣ ਦੀ ਸੋਚੀ। ਇਸ ਲਈ ਉਹ ਪਹਿਲਾਂ ਡਾਕਟਰ ਕੋਲ ਰੁੱਕ ਗਏ। ਡਾਕਟਰ ਨੇ ਗਰਦਨ ਉੱਪਰ ਪੱਟੀ ਕਰ ਦਿੱਤੀ। ਲੱਤ ਦਾ ਐਕਸਰੇ ਕਰ ਕੇ ਵੇਖਿਆ। ਹੱਡੀ ਬਿਲਕੁਲ ਠੀਕ ਸੀ। ਪੱਕੀ ਬੀਹੀ ਵਿਚ ਡਿੱਗਣ ਕਰਕੇ ਪੱਟ ਦਾ ਥੋੜ੍ਹਾ ਜਿਹਾ ਅੰਦਰੋਂ ਮਾਸ ਫਟ ਗਿਆ ਸੀ। ਡਾਕਟਰ ਨੇ ਕੁੱਝ ਗੋਲੀਆਂ ਅਤੇ ਮਲਣ ਲਈ ਦਵਾਈ ਦੇ ਕੇ ਉਨ੍ਹਾਂ ਨੂੰ ਤੋਰ ਦਿੱਤਾ।
ਉਹਨਾਂ ਨੇ ਮੋਟਰਸਾਈਕਲ ਖਨੌਰੀ ਤੋਂ ਵੱਡੀ ਨਹਿਰ ਦੇ ਨਾਲ-ਨਾਲ ਲੱਗੇ ਸਫੈਦਿਆਂ ਨਾਲ ਢਕੀ ਸੜਕ ਉੱਪਰ ਚਾੜ੍ਹ ਲਿਆ। ਇਹ ਸੜਕ ਅੱਗੇ ਜਾ ਕੇ ਖੱਬੇ ਉੱਤਰ ਜਾਂਦੀ ਸੀ। ਖੱਬੇ ਉੱਤਰ ਕੇ ਦੋ ਸੜਕਾਂ ਪਾਟ ਜਾਂਦੀਆਂ। ਇਕ ਹਰਿਆਣੇ ਦੇ ਪਿੰਡ ਬੁਰਜਗੜ੍ਹ ਨੂੰ ਚਲੀ ਜਾਂਦੀ ਅਤੇ ਦੂਸਰੀ ਹਾਣੀਪੁਰ ਨੂੰ। ਤਰਨ ਨੇ ਪਿੰਡ ਕੋਲ ਪਹੁੰਚ ਕੇ ਸਕੀਮੀ ਨੂੰ ਹਦਾਇਤ ਕੀਤੀ ਕਿ ਮੇਰੇ ਡਿੱਗਣ ਬਾਰੇ ਨਾ ਤਾਂ ਕਾਲਜ ਦੱਸਣਾ ਹੈ ਅਤੇ ਨਾ ਹੀ ਪਿੰਡ। ਕਾਲਜ ਤਾਂ ਡਿੱਗਣ ਦਾ ਦੱਸਣਾ ਹੀ ਨਹੀਂ। ਪਿੰਡ ਪਹੁੰਚਣ ਤੇ ਤਰਨ ਦੇ ਘਰਵਾਲਿਆਂ ਅਤੇ ਹੋਰ ਵੀ ਜਿਸ ਕਿਸੇ ਨੇ ਪੁੱਛਿਆ, ਉਸਨੂੰ ਇਹ ਹੀ ਦੱਸਿਆ ਗਿਆ ਕਿ, ‘ਤਰਨ ਦੁੱਧ ਲੈਣ ਜਾ ਰਿਹਾ ਸੀ। ਸਾਹਮਣੇ ਕੁੱਤਾ ਆਉਣ ‘ਤੇ ਇੱਕੋ ਦਮ ਬ੍ਰੇਕ ਲਾ ਦਿੱਤੇ। ਮੋਟਰਸਾਈਕਲ ਤਿਲਕ ਗਿਆ। ਸੜਕ ਦੇ ਕਿਨਾਰੇ ਪਿਆ ਤਿੱਖਾ ਵੱਟਾ ਉਸਦੀ ਗਰਦਨ ‘ਤੇ ਲੱਗ ਗਿਆ।’ ਉਹਨਾਂ ਦਾ ਇਹ ਝੂਠ ਸਭ ਨੇ ਸੱਚ ਮੰਨ ਲਿਆ।
ਆਸਿਫ਼ ਨੇ ਐਤਵਾਰ ਸ਼ਾਮ ਦੀ ਮੀਟਿੰਗ ਦਾ ਸੁਨੇਹਾ ਸਾਰਿਆਂ ਨੂੰ ਵਟਸਅੱਪ ਗਰੁੱਪ ‘ਚ ਲਾ ਦਿੱਤਾ ਸੀ। ਕੁਝ ਨੂੰ ਉਸ ਨੇ ਫ਼ੋਨ ‘ਤੇ ਵੀ ਦੱਸ ਦਿੱਤਾ। ਸ਼ਾਮੀ ਸਾਰੇ ਆਸਿਫ਼ ਦੇ ਬਾਹਰਲੇ ਬਾਗਲ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸਕੀਮੀ ਤਰਨ ਨੂੰ ਮੋਟਰਸਾਈਕਲ ਉੱਪਰ ਬਿਠਾ ਲਿਆਇਆ। ਜਿਹੜਾ ਵੀ ਤਰਨ ਨੂੰ ਲੰਗ ਮਾਰਦਿਆਂ ਵੇਖਦਾ, ਉਹ ਪੁੱਛ ਲੈਂਦਾ, ‘ਇਹ ਕੀ ਚੰਦ ਚਾੜ੍ਹ ਲਿਆ?” ਤਰਨ ਸਭ ਨੂੰ ਉਹੀ ਘੜਿਆ-ਘੜਾਇਆ ਜਵਾਬ ਦੇ ਕੇ ਚੁੱਪ ਹੋ ਜਾਂਦਾ।
ਨੰਦੂ ਤੋਂ ਬਿਨਾਂ ਬਾਕੀ ਸਾਰੇ ਆ ਗਏ ਸਨ। ਨੰਦੂ ਨਾਈਆਂ ਦਾ ਮੁੰਡਾ ਸੀ ਤੇ ਉਸ ਦੀ ਖਨੌਰੀ ਕਟਿੰਗ ਦੀ ਦੁਕਾਨ ਸੀ। ਸ਼ਾਮ ਦੇ ਸਮੇਂ ਗਾਹਕ ਜ਼ਿਆਦਾ ਹੋ ਜਾਂਦਾ ਸੀ ਇਸ ਕਰਕੇ ਉਹ ਹਰ ਮੀਟਿੰਗ ਉੱਪਰ ਲੇਟ ਹੋ ਜਾਂਦਾ। ਤਰਨ ਨੇ ਸਭ ਮੁੰਡਿਆਂ ਵੱਲ ਵੇਖਿਆ ਤੇ ਫਿਰ ਆਸਿਫ਼ ਨੂੰ ਪੁੱਛਿਆ, ”ਨੰਦੂ ਨੂੰ ਸੁਨੇਹਾ ਲਾ ਤਾ ਸੀ?”
”ਹਾਂ ਸਨ੍ਹੇਆ ਤਾਂ ਲਾ ਤਾ ਸੀ।”
”ਫੋਨ ਕਰ ਕੇ ਦੇਖੀਂ ਭਲਾ ਕਿੱਥੇ ਜੇ ਪਹੁੰਚਿਐ।”
”ਕਰਦਾਂ।” ਆਸਿਫ਼ ਨੇ ਫੋਨ ਲਾ ਕੇ ਪੁੱਛਿਆ ਤਾਂ ਉਹ ਪਿੰਡ ਪਹੁੰਚ ਗਿਆ ਸੀ ਤੇ ਸਿੱਧਾ ਇੱਧਰ ਹੀ ਆ ਰਿਹਾ ਸੀ। ਥੋੜ੍ਹੀ ਦੇਰ ਬਾਅਦ ਨੰਦੂ ਮੋਟਰਸਾਈਕਲ ‘ਤੇ ਪਹੁੰਚ ਗਿਆ।
”ਲੀਡਰਾਂ ਜੂੰ ਲੇਟ ਆਉਣੈ ਓਏ।” ਇਕ ਮੁੰਡੇ ਨੇ ਉਸ ਨੂੰ ਸੁਣਾਇਆ।
”ਦੋ ਤਿੰਨ ਗਾਹਕ ਤਾਂ ਮੈਂ ਮੀਟਿੰਗ ਕਰਕੇ ਛੱਡ ਵੀ ਆਇਆਂ।” ਉਸ ਨੇ ਸਭ ‘ਤੇ ਇਕ ਤਰ੍ਹਾਂ ਅਹਿਸਾਨ ਜਤਾਇਆ ਤੇ ਫਿਰ ਬੋਲਿਆ, ”ਹਾਂ ਦੱਸੋ ਫੇਰ ਕੀ ਸੱਪ ਕੱਢਣੈ।”
”ਗੱਲ ਇਹ ਐ ਵੀ ਆਪਾਂ ਪਿਛਲੀ ਵਾਰ ਮਾਂਗੂੰ ਐਤਕੀ ਵੀ ਨਾਟਕ ਮੇਲਾ ਕਰਵਾਉਣੈ। ਉਹਦੇ ਲਈ ੍ਰਫੰਡ ਕੱਟਣਾ ਸ਼ੁਰੂ ਕਰੀਏ।”
”ਕਰਵਾਮਾਂਗੇ ਕਦੋਂ ਕ?” ਇਕ ਮੁੰਡੇ ਨੇ ਪੁੱਛਿਆ।
”ਨਵੰਬਰ ਦੇ ਪਹਿਲੇ ਹਫ਼ਤੇ ਠੀਕ ਰਹੂ। ਨਾਲੇ ਤਾਂ ਫੰਡ ਕੱਟਣ ਨੂੰ ਖੁੱਲ੍ਹਾ ਟੈਂ ਮਿਲਜੂ, ਨਾਲੇ ਉਦੋਂ ਮੌਸਮ ਜ੍ਹਾ ਠੀਕ ਹੋ ਜਾਂਦੈ।” ਕਿਸੇ ਹੋਰ ਮੁੰਡੇ ਨੇ ਸਲਾਹ ਦਿੱਤੀ।
”ਹਾਂ ਉਦੋਂ ਜ੍ਹੇ ਠੀਕ ਐ।” ਸਾਰੇ ਉਸ ਨਾਲ ਸਹਿਮਤ ਹੋ ਗਏ।
”ਆਸਿਫ਼, ਫੰਡ ਆਲੀਆਂ ਕਾਪੀਆਂ ਆਪਣੇ ਕੋਲ ਕਿੰਨੀਆਂ ਕ ਪਈਆਂ ਨੇ ਬਚਦੀਆਂ?” ਤਰਨ ਨੇ ਪੁੱਛਿਆ।
”ਦੋ ਤਾਂ ਪੂਰੀਆਂ ਪਈਆਂ ਨੇ। ਤਿੰਨ ਕ ਅੱਧੀਆਂ-ਅੱਧੀਆਂ ਪਈਆਂ ਨੇ।”
”ਨੰਦੂ ਤੂੰ ਐ!ਂ ਕਰੀਂ ਫੇਰ, ਕੱਲ੍ਹ ਨੂੰ ਜਾਂਦਾ ਹੋਇਆ ਆਸਿਫ਼ ਤੋਂ ਇਕ ਕਾਪੀ ਫੜ ਕੇ ਲੈ ਜੀਂ। ਉਹਦੇ ਨਾਲ ਦੀਆਂ ਖਨੌਰੀ ਤੋਂ ਦਸ ਪੰਦਰਾਂ ਹੋਰ ਛਪਵਾ ਲਿਆਈਂ।” ਤਰਨ ਨੇ ਇਸ ਕੰਮ ਉੱਪਰ ਨੰਦੂ ਦੀ ਡਿਊਟੀ ਲਗਾ ਦਿੱਤੀ।
”ਬਾਈ ਨਾਟਕ ਆਲੇ ਪਹਿਲਾਂ ਮਾਂਗੂੰ ਤਰਕ ਤੁਰਕਸ਼ੀਲ ਜੇ ਤਾਂ ਬੁਲਾਇਓ ਨਾ। ਪਿਛਲੀ ਵਾਰ ਉਹ ਰੱਬ ਹੈ ਨੀਂ, ਰੱਬ ਹੈ ਨੀ ਕਹੀ ਗਏ। ਮੇਰਾ ਲਾਣੇਦਾਰ ਮੇਰੇ ਪਿੱਛੇ ਡਾਂਗ ਲੈ ਕੇ ਪੈ ਪਿਆ। ਕਹਿੰਦਾ, ”ਸਾਲਿਓ, ਤੁਸੀਂ ਰੱਬ ਨੂੰ ਟੱਬ ਸਮਝ ਰੱਖਿਐ। ਤੂੰ ਵੀ ਧਮਤਾਣ ਸਾਹਿਬ ਸੁੱਖਾਂ-ਸੁੱਖ ਕੇ ਹੋਇਆ ਸੀ ਮਸਾਂ।” ਮੁੰਡੇ ਦੀ ਇਸ ਗੱਲ ‘ਤੇ ਸਾਰੇ ਹੱਸ ਪਏ।
”ਚਲ ਤੂੰ ਹੀ ਦੱਸ ਦੇ ਫੇਰ ਕਿਹਨੂੰ ਬੁਲਾਈਏ?” ਸਕੀਮੀ ਨੇ ਉਸੇ ਮੁੰਡੇ ਨੂੰ ਪੁੱਛਿਆ।
”ਕੋਈ ਘੈਂਟ ਜਾ ਹੋਵੇ ਜਿਹੜਾ ਸਾਰੇ ਪਾਸੇ ਬਹਿ ਜਾ, ਬਹਿ ਜਾ ਕਰਾ ਦੇ।”
‘ਡਾ. ਸਾਹਿਬ ਸਿੰਘ ਨੂੰ ਬੁਲਾਓ।” ਨੰਦੂ ਇਸ ਤਰ੍ਹਾਂ ਉੱਪਰ ਦੀ ਹੋ ਕੇ ਬੋਲਿਆ ਜਿਵੇਂ ਸਾਹਿਬ ਸਿੰਘ ਬਾਰੇ ਸਿਰਫ਼ ਉਸੇ ਨੂੰ ਹੀ ਜਾਣਕਾਰੀ ਹੋਵੇ।
”ਨਾਟਕ ਦੇ ਤਾਂ ਉਹ ਵੱਟ ਕੱਢ ਦਿੰਦੈ ਪਰ ਜਿਹੜੇ ਭੋਰਾ ਪੈਸੇ ਹੈਗੇ ਉਹ ਤਾਂ ਉਹਦੀ ਸਟੇਜ ਤਿਆਰ ਕਰਨ ‘ਤੇ ਈ ਲੱਗ ਜਾਣਗੇ। ਜੇ ਉਹਨੂੰ ਬੁਲਾਉਣਾ ਈ ਐ ਤਾਂ ਕਦੇ ਫੇਰ ਦੇਖਲਾਂਗੇ, ਅਜੇ ਆਪਾਂ ਉਹਨੂੰ ਬੁਲਾਉਣ ਜੋਕਰੇ ਹੋਏ ਨੀਂ।” ਸਕੀਮੀ ਨੇ ਨੰਦੂ ਦੀ ਗੱਲ ‘ਤੇ ਕਾਟਾ ਮਾਰ ਦਿੱਤਾ।
”ਸੈਮੂਅਲ ਜੌਹਨ ਕਿਮੇਂ ਰਹੂ?” ਆਸਿਫ਼ ਨੇ ਸਾਰਿਅÎਾਂ ਨੂੰ ਪੁੱਛਿਆ।
”ਹਾਂ, ਉਹ ਠੀਕ ਐ। ਉਹਦੇ ਲਈ ਤਾਂ ਚਾਹੇ ਸਟੇਜ ਵੀ ਨਾ ਹੋਵੇ। ਉਹ ਤਾਂ ਥੱਲ੍ਹੇ ਖੜ੍ਹ ਕੇ ਵੀ ਨਾਟਕ ਖੇਡ ਜਾਂਦੈ” ਤਰਨ ਨੇ ਹਾਮੀ ਭਰ ਦਿੱਤੀ। ਉਸ ਦੇ ਪਿੱਛੇ ਬਾਕੀ ਸਾਰਿਆਂ ਨੇ ਵੀ ਸਹਿਮਤੀ ਵਿਚ ਸਿਰ ਹਿਲਾ ਦਿੱਤੇ। ਨਾਟਕ ਦੀ ਡੇਟ ਪੱਕੀ ਕਰ ਕੇ ਸੈਮੂਅਲ ਨੂੰ ਬੁਲਾਉਣ ਦੀ ਡਿਊਟੀ ਵੀ ਆਸਿਫ਼ ਦੀ ਹੀ ਲਗਾ ਦਿੱਤੀ।
”ਬਾਈ ਨਸ਼ਿਆਂ-ਨੁਸ਼ਿਆਂ ਤੋਂ ਰੋਕਣ ਆਲਾ ਨਾ ਹੋਵੇ ਨਾਟਕਕਾਰ। ਜਦੋਂ ਕੋਈ ਆ ਕੇ ਨਸ਼ੇ ਵਿਰੁੱਧ ੋਲਣ ਜੇ ਲੱਗ ਜਾਂਦੈ ਤਾਂ ਫਿਰ ਤਾਂ ਐਂ ਲੱਗਣ ਲੱਗਦੈ ਜਿਵੇਂ ਆਪਣੇ-ਆਪ ਨੂੰ ਗਾਲ੍ਹਾਂ ਕਢਵਾਉਣ ਲਈ ਬੰਦਾ ਪੈਸੇ ਦੇ ਕੇ ਬੁਲਾਇਆ ਹੁੰਦੈ।” ਨੰਦੂ ਕਾਫੀ ਸਮੇਂ ਤੋਂ ਮਨ ‘ਚ ਲਈਂ ਬੈਠਾ ਗੱਲ ਬੋਲ ਗਿਆ।
”ਨਸ਼ੇ ਤਾਂ ਸੈਮੂਅਲ ਵੀ ਨੀ ਕਰਦਾ। ਬੱਸ ਥੋਡੇ ਜੂੰ ਥੋੜ੍ਹੀ-ਬਹੁਤੀ ਸਿਗਰਟ-ਸੁਗਰਟ ਤਾਂ ਪੀ ਲੈਂਦੈ।” ਆਸਿਫ਼ ਨੇ ਦੱਸਿਆ।
”ਚਲ! ਫੇਰ ਵੀ ਠੀਕ ਐ, ਥੋੜ੍ਹਾ ਜਾ ਗੁਣ ਤਾਂ ਸਾਡੇ ਨਾਲ ਮਿਲ ਈ ਗਿਆ।” ਨੰਦੂ ਦੇ ਚਿਹਰੇ ‘ਤੇ ਲਾਲੀ ਆ ਗਈ। ਉਸ ਨੇ ਜੇਬ ਵਿਚੋਂ ਬੀੜੀ ਅਤੇ ਸੁੱਖੇ ਦੀ ਛੋਟੀ ਟਿੱਕੀ ਕੱਢ ਕੇ ਨਾਲ ਬੈਠੇ ਮੁੰਡੇ ਨੂੰ ਫੜਾ ਦਿੱਤੀ, ”ਲੈ ਬਣ ਫੇਰ ਯਾਰ।”
ਉਸ ਮੁੰਡੇ ਨੇ ਬੀੜੀ ਉਪਰਲਾ ਧਾਗਾ ਖੋਲ੍ਹ ਕੇ ਉਸ ਵਿਚਲਾ ਤੰਬਾਕੂ ਬਾਹਰ ਕੱਢ ਦਿੱਤਾ ਤੇ ਪਿਰ ਬੀੜੀ ਨੂੰ ਉਸੇ ਤਰ੍ਹਾਂ ਬੰਦ ਕਰ ਕੇ, ਸੁੱਖੇ ਦੀ ਟਿੱਕੀ ਭੋਰ ਕੇ ਉਸ ਵਿਚ ਪਾ ਦਿੱਤੀ। ਨੰਦੂ ਨੇ ਸੀਂਖ ਜਲਾ ਕੇ ਬੀੜੀ ਸੁਲ੍ਹਗਾ ਦਿੱਤੀ। ਮੁੰਡੇ ਨੇ ਸੂਟਾ ਖਿੱਚਿਆ ਤਾਂ ਮੂੰਹ ਅਤੇ ਨਾਸਾਂ ਵਿਚੋਂ ਧੂੰਆਂ ਪਰੈਸ਼ਰ ਕੂਕਰ ਵਾਂਗ ਬਾਹਰ ਕੱਢ ਦਿੱਤਾ। ਤਰਨ, ਆਸਿਫ਼ ਤੇ ਸਕੀਮੀ ਨੂੰ ਛੱਡ ਕੇ ਇਹ ਬੀੜੀ ਸਾਰਿਆਂ ਦੇ ਬੁੱਲਾਂ ‘ਤੇ ਟਿਕਦੀ ਗੇੜੇ ਦੇਣ ਲੱਗੀ। ਬੀੜੀ ਪੀਣ ਵਾਲਾ ਮੁੰਡਾ ਸੂਟਾ ਖਿੱਚ ਸਮੇਂ ਕੁਝ ਦੇਰ ਚੁੱਪ ਕਰਦਾ ਤੇ ਫਿਰ ਚਲਦੀ ਗੱਲ ਵਿਚ ਸ਼ਾਮਿਲ ਹੋ ਜਾਂਦਾ।
ਸੋਮਵਾਰ ਤੋਂ ਫੰਡ ਸ਼ਾਮ-ਸੇਵੇਰ ਕੱਟਣ ਦੀ ਰਾਇ ਬਣ ਗਈ ਕਿਉਂਕਿ ਦਿਨ ਸਮੇਂ ਬੰਦੇ ਆਪੋ-ਆਪਣੇ ਕੰਮਾਂ ਉੱਪਰ ਗਏ ਹੋਣ ਕਰਕੇ ਘੱਟ ਮਿਲਦੇ ਸਨ। ਸਕੀਮੀ ਨੂੰ ਕਹਿ ਦਿੱਤਾ ਕਿ ਉਹ ਦੋ ਦਿਨ ਫੰਡ ਕੱਟਣ ਦ ਸ਼ੁਰੂਆਤ ਕਰਵਾ ਕੇ ਫਿਰ ਹੀ ਕਾਲਜ ਜਾਵੇਗਾ। ਤਰਨ ਨੇ ਅਗਲੇ ਸੋਮਵਾਰ ਤੱਕ ਪਿੰਡ ਹੀ ਰਹਿਣਾ ਸੀ ਤਾਂ ਕਿ ਸੱਟਾਂ ਬਿਲਕੁਲ ਠੀਕ ਹੋ ਜਾਣ। ਆਸਿਫ਼ ਦੇ ਬਾਗਲ ਵਿਚ ਰਾਤ ਦੇ ਗਿਆਰਾਂ ਵਜੇ ਤੱਕ ਗੱਲਾਂ ਦੇ ਨਾਲ-ਨਾਲ ਹਾਸਾ ਗੂੰਜਦਾ ਰਿਹਾ। ਜਦੋਂ ਸਾਰਾ ਪਿੰਡ ਘੂਕ ਸੌਂ ਗਿਆ ਫਿਰ ਸਾਰੇ ਮੁੰਡੇ ਅਵਾਰਾ ਕੁੱਤਿਆਂ ਦੀ ‘ਟਊਂ-ਟਊਂ’ ਸੁਣਦੇ ਆਪੋ-ਆਪਣੇ ਘਰਾਂ ਨੂੰ ਤੁਰ ਪਏ।
ਦੋ ਦਿਨਾਂ ਬਾਅਦ ਸਕੀਮੀ ਕਾਲਜ ਨੂੰ ਤੁਰ ਗਿਆ। ਅਗਲੇ ਦਿਨ ਉਸ ਨੇ ਤਰਨ ਨੂੰ ਸੁਨੇਹਾ ਦਿੱਤਾ, ”ਚਬਾਈ ਤੇਰੇ ਆਲਾ ਪਟੋਲਾ ਪਤਾ ਨਹੀਂ ਕਿਹੜੀ ਖੱਡ ‘ਚ ਜਾ ਉਤਰਿਆ, ਦਿਖਾਈ ਈ ਨੀ ਦਿੱਤਾ।” ”ਛੜੇ ਜੇਠ ਨੂੰ ਮੂੰਹ ਕਿਮੇਂ ਦਿਖਾਵੇ ਉਹੋ।” ਤਰਨ ਨੇ ਸਕੀਮੀ ਨੂੰ ਛੇੜਿਆ।
”ਮਜ਼ਾਕ ਨੀ ਬਾਈ। ਮੈਨੂੰ ਤਾਂ ਲੱਗਦੈ ਉਹ ਮਾਰ ਗੀ ਉਡਾਰੀ।” ਸਕੀਮੀ ਨੇ ਸ਼ੰਕਾ ਪ੍ਰਗਟਾਇਆ।
”ਚਲ ਕੋਈ ਨਾ, ਆਕੇ ਦੇਖਦਿਆਂ।” ਤਰਨ ਨੇ ਫੋਨ ਕੱਟ ਦਿੱਤਾ।
ਹਫ਼ਤੇ ਬਾਅਦ ਸਵੇਰੇ ਹੀ ਆਪਣਾ ਬੈਗ ਮੋਢੇ ਪਾ ਕੇ ਤਰਨ ਵੀ ਕਾਲਜ ਜਾਣ ਲਈ ਤਿਆਰ ਹੋ ਗਿਆ। ਆਸਿਫ਼ ਉਸ ਨੂੰ ਖਨੌਰੀ ਤੋਂ ਬੱਸ ਚਾੜ੍ਹ ਆਇਆ। ਸੰਗਰੂਰ ਤੱਕ ਉਹ ਬੱਸ ‘ਚ ਚਲਾ ਗਿਆ ਤੇ ਸੰਗਰੂਰ ਤੋਂ ਸਾਢੇ ਛੇ ਵਾਲੀ ਟ੍ਰੇਨ ਫੜ ਲਈ। ਇਹ ਟ੍ਰੇਨ ਸਮੇਂ ਸਿਰ ਕਿਲਾ ਰਾਏਪੁਰ ਪਹੁੰਚਾ ਦਿੰਦੀ ਹੈ। ਉਥੋਂ ਥੋੜ੍ਹਾ ਤੁਰ ਕੇ ਫਾਟਕ ਤੱਕ ਜਾਣਾ ਪੈਂਦਾ ਹੈ। ਫਾਟਕ ਤੋਂ ਫੱਮਣਵਾਲ ਜਾਣ ਵਾਲਾ ਕੁੱਝ ਨਾ ਕੁੱਝ ਮਿਲ ਜਾਂਦਾ ਹੈ ਜਿਹੜਾ ਅੱਗੋਂ ਪੱਖੋਵਾਲ ਜਾਂ ਕਿਤੇ ਹੋਰ ਜਾਣਾ ਹੁੰਦਾ ਹੈ। ਫਾਟਕ
ਤੋਂ ਫੱਮਣਵਾਲ ਤਿੰਨ ਕੁ ਕਿਲੋਮੀਟਰ ਪੈਂਦਾ ਹੈ।
ਗੱਡੀ ਸੰਗਰੂਰ ਸਟੇਸ਼ਨ ‘ਤੇ ਸਹੀ ਸਾਢੇ ਛੇ ਵਜੇ ਪਹੁੰਚ ਗਈ। ਡੱਬੇ ਜ਼ਿਆਦਾ ਹੋਣ ਕਰਕੇ ਇਸ ਵਿਚ ਬਹੁਤਾ ਭੀੜ-ਭੜੱਕਾ ਨਹੀਂ ਹੁੰਦਾ। ਤਰਨ ਬਿਲਕੁੱਲ ਪਿਛਲੇ ਡੱਬੇ ਵਿਚ ਚੜ੍ਹ ਗਿਆ ਤਾਂ ਕਿ ਫਾਟਕ ਤੱਕ ਜਾਣ ਲਈ ਘੱਟ ਤੋਂ ਘੱਟ ਤੁਰਨਾ ਪਵੇ। ਉਸਨੇ ਬੈਗ ਉਪਰਲੇ ਫੱਟੇ ‘ਤੇ ਰੱਖ ਦਿੱਤਾ ਤੇ ਆਪ ਖਿੜਕੀ ਵੱਲ ਦੀ ਸੀਟ ਮੱਲ ਲਈ। ਗੱਡੀ ਧੂਏਂ ਦੇ ਬੱਦਲ ਛੱਡਦੀ, ਹੌਲੀ ਹੌਲੀ ਰਿਸਕਦੀ ਤੇਜ਼ ਹੋ ਗਈ। ਸੰਗਰੂਰ ਸ਼ਹਿਰ ਪਿੱਛੇ ਰਹਿ ਗਿਆ। ਦੂਰ-ਦੂਰ ਤੱਕ ਫੈਲੇ ਝੋਨੇ ਦੇ ਖੇਤ ਨਜ਼ਰ ਆਉਣ ਲੱਗੇ। ਤਰਨ ਦੀ ਨਜ਼ਰ ਝੋਨੇ ਦੀ ਇਸ ਹਰੀ ਚਾਦਰ ‘ਤੇ ਟਿੱਕੀ ਨਾਲ-ਨਾਲ ਦੌੜਨ ਲੱਗੀ। ਉਸਦੇ ਦਿਮਾਗ ਵਿਚ ਵੀ ਜੀਵਨ ਦੇ ਵੱਖ-ਵੱਖ ਐਪੀਸੋਡ ਚੱਲਣ ਲੱਗ ਪਏ।
(ਚਲਦਾ…)
Read more
ਨਾਵਲ : ਮੁਹੱਬਤ ਵੇਲਾ
ਨਾਵਲ : ਮੁਹੱਬਤ ਵੇਲਾ
ਲੜੀਵਾਰ ਨਾਵਲ : ਮੁਹੱਬਤ ਵੇਲਾ