ਨਾਵਲਕਾਰ : ਲਵੀ ਸਹਿਜ਼ਾਦ (ਆਸਟਰੇਲੀਆ)
ਜਾਣ-ਪਹਿਚਾਣ
17 ਅਗਸਤ, 1989
ਪਿੰਡ : ਚੱਕ ਫ਼ਤਿਹ ਸਿੰਘ ਵਾਲਾ
ਜ਼ਿਲ੍ਹਾ : ਬਠਿੰਡਾ
ਸੰਪਰਕ : +61 (435) 028074
ਮੈਂ ਲਾਭ ਸਿੰਘ (ਲਵੀ ਸ਼ਹਿਜ਼ਾਦ) ਵਾਸੀ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ। ਮੈਂ ਆਪਣੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉੱਚੇਰੀ ਵਿੱਦਿਆ ਲਈ ਡੀ. ਏ. ਵੀ. ਕਾਲਜ ਅਤੇ ਬੀ.ਐੱਡ ਤੇ ਐਮ ਏ ਪੰਜਾਬੀ ਦੀ ਪੜ੍ਹਾਈ ਲਈ ਬਾਬਾ ਫ਼ਰੀਦ ਬਠਿੰਡਾ ਵਿੱਚ ਦਾਖ਼ਲਾ ਲਿਆ। ਐਮ.ਏ. ਦੀ ਪੜ੍ਹਾਈ ਪ੍ਰਾਪਤੀ ਤੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਰਦੂ ਵਿਭਾਗ ਵਿੱਚ ਦਾਖ਼ਲਾ ਲਿਆ। ਉੱਥੇ ਉਰਦੂ ਦੀ ਤਾਲੀਮ ਲੈਣ ਤੋਂ ਬਾਅਦ ਯੂਨੀਵਰਸਿਟੀ ਆਫ਼ ਦਿੱਲੀ ‘ਦਿੱਲੀ’ ਵਿਖੇ ਐਮ. ਫਿਲ. ਦੀ ਪੜ੍ਹਾਈ ਸੁਰੂ ਕੀਤੀ। ਐਮ.ਫਿਲ. ਦੀ ਖੋਜ ਦੌਰਾਨ ਮੈਂ ਇੱਕ ਵੱਖਰੇ ਵਿਸ਼ੇ ਦੀ ਚੋਣ ਕੀਤੀ। ਇਹ ਖੋਜ ਮੇਰੇ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੱਖਰਾ ਵਿਸ਼ਾ ਹੈ। ਮੈਂ ਐਮ. ਫਿਲ. ਦੇ ਦੌਰਾਨ ‘ਥਰਡ ਜੈਂਡਰ ਐਧਿਐਨ’ ਦੀ ਖੋਜ ਪ੍ਰੋ. ਡਾ. ਰੇਵਲ ਦੀ ਨਿਗਰਾਨਗੀ ਵਿੱਚ ਖੋਜ ਕਾਰਜ ਚੱਲ ਰਿਹਾ ਹੈ ਅਤੇ ਜੋ ਬਿਲਕੁਲ ਆਪਣੇ ਆਖਰੀ ਪੜਾਅ ‘ਤੇ ਹੈ।
ਸਾਹਿਤ ਪੜ੍ਹਨ ਦੀ ਚਿਣਗ ਮੈਨੂੰ ਆਪਣੇ ਘਰ ਤੋਂ ਹੀ ਲੱਗੀ।
ਕਹਿੰਦੇ ਹਨ! ਸਾਹਿਤ ਦਾ ਨਿਰਮਾਣ ਕਿਸੇ ਆਸਮਾਨ ਵਿੱਚੋਂ ਨਹੀਂ ਹੁੰਦਾ। ਸਗੋਂ ਸਾਹਿਤ ਤੁਹਾਡੇ ਆਲੇ-ਦੁਆਲੇ ਆਦ੍ਰਿਸ਼ ਰੂਪ ਵਿੱਚ ਹੀ ਹੁੰਦਾ ਹੈ। ਜਿਸ ਸਾਹਿਤ ਨੂੰ ਕਲਮਬੰਦ ਕਰਨ ਲਈ ਅਤੇ ਪਹਿਚਾਣ ਦੀ ਕਲਾ ਅਤੇ ਚਿਣਗ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਇਹ ਚਿਣਗ ਮੈਨੂੰ ਘਰ ਤੋਂ ਹੀ ਲੱਗੀ। ਜਦੋਂ ਵੀ ਮੈਂ ਸਕੂਲੋਂ ਆਉਂਦਾ ਤਾਂ ਦਾਦਾ ਜੀ ਦੇ ਕਮਰੇ ਵਿੱਚ ਚਲਾ ਜਾਂਦਾ ਜਾਂ ਉਨ੍ਹਾਂ ਦੇ ਕਮਰੇ ਵੱਲ ਵੇਖਦਾ ਤਾਂ ਉਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਹੀ ਸੂਫ਼ੀਆਨਾ ਕਿਤਾਬਾਂ ਤੇ ਕੁਝ ਪੁਰਾਤਨ ਕਿੱਸਿਆਂ ਵਾਲਾ ਝੋਲਾ ਖਿੜਕੀ ਦੇ ਕਿੱਲ ‘ਤੇ ਟੰਗਿਆ ਨਜ਼ਰ ਆਉਂਦਾ। ਹਰ ਰੋਜ਼ ਦੀ ਤਰ੍ਹਾਂ ਦਾਦਾ ਜੀ ਉਸ ਝੋਲੇ ਵਿੱਚੋਂ ਕਿਤਾਬ ਕੱਢ ਦੇ ਤੇ ਮੈਨੂੰ ਪੜ੍ਹਨ ਲਈ ਦੇ ਦਿੰਦੇ ਤੇ ਕਹਿੰਦੇ। ਲੈ ਤੂੰ ਵੀ ਪੜ੍ਹ ਲੈ।
ਮੈਂ ਕੁਝ ਸਮਾਂ ਦਾਦਾ ਜੀ ਕੋਲ ਪੜ੍ਹਦਾ ਤੇ ਬਾਕੀ ਉਸ ਤਰ੍ਹਾਂ ਖੁੱਲ੍ਹੀ ਕਿਤਾਬ ਰੱਖ ਕੇ ਵਾਪਿਸ ਆ ਜਾਣਾ। ਪ੍ਰੰਤੂ ਦਾਦਾ ਜੀ ਉਸੇ ਕਿਤਾਬ ਦਾ ਪੰਨਾ ਯਾਦ ਰੱਖਦੇ ਤੇ ਅਗਲੀ ਵਾਰ ਫਿਰ ਉਹੀ ਕਿਤਾਬ ਝੋਲੇ ਵਿੱਚੋਂ ਕੱਢ ਕੇ ਦਿੰਦੇ ਤੇ ਜੋ ਪੰਨੇ ਤੋਂ ਪੜ੍ਹਨਾ ਬੰਦ ਕੀਤਾ ਸੀ। ਮੁੜ ਉੱਥੋ ਹੀ ਪੜ੍ਹਨ ਲਈ ਕਹਿੰਦੇ।
ਇਸੇ ਤਰ੍ਹਾਂ ਮੇਰੀ ਘਰ ਵਿੱਚੋਂ ਪੜ੍ਹਨ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਾਲਜ ਵਿੱਚ ਮਸ਼ਹੂਰ ਨਾਵਲਕਾਰਾਂ ਵਿੱਚੋਂ ਨਾਵਲਕਾਰ ਨਾਨਕ ਸਿੰਘ, ਜਸਵੰਤ ਕੰਵਲ ਆਦਿ ਨਾਵਲਕਾਰਾਂ ਨੂੰ ਪੜ੍ਹਨਾ ਸੁਰੂ ਕੀਤਾ। ਪ੍ਰੰਤੂ ਹਮੇਸ਼ਾ ਤੋਂ ਦਿਲ ਵਿੱਚ ਕੁਝ ਵੱਖਰਾ ਲਿਖਣ ਦੀ ਤਮੰਨਾ ਰਹੀ। ਪ੍ਰੰਤੂ ਇਹ ਸਮਝ ਨਹੀਂ ਸੀ ਕਿ? ਇਸ ਨੂੰ ਕਿਸ ਤਰ੍ਹਾਂ ਤੇ ਕਿਵੇਂ ਲਿਖਣਾ ਹੈ। ਜਿਸ ਦੀ ਸਮਝ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਉੱਚ ਕੋਟੀ ਦੀਆਂ ਪੁਸਤਕਾਂ ਦੇ ਪੜ੍ਹਨ ਅਤੇ ਅਧਿਐਨ ਕਰਨ ਤੋਂ ਬਾਅਦ ਨਾਵਲ ਲਿਖਣ ਦੀ ਜਾਂਚ ਆਈ।
ਨਾਵਲ ਦੀ ਸ਼ੁਰੂਆਤ ਪਿੰਡ ਵਿੱਚ ਰਹਿੰਦਿਆਂ ਹੋਈ। ਮੈਂ ਹਰ ਰੋਜ਼ ਯਾਰਾਂ-ਮਿੱਤਰਾਂ ਨਾਲ ਸ਼ਾਮਾਂ ਨੂੰ ਗਰਾਊਂਡ ਵਿੱਚ ਜਾਣਾ। ਉੱਥੇ ਹਰ ਰੋਜ਼ ਵਾਲੀਬਾਲ ਖੇਡਣਾ ਤੇ ਘਰਾਂ ਨੂੰ ਵਾਪਿਸ ਆ ਜਾਣਾ। ਪ੍ਰੰਤੂ ਇਸ ਖੇਡ ਤੋਂ ਇਲਾਵਾ ਮੈਨੂੰ ਇੱਕ ਹੋਰ ਵੱਖਰੀ ਖੇਡ ਦਾ ਸ਼ੌਕ ਪੈ ਗਿਆ। ਉਹ ਖੇਡ ਸੀ ਤਾਸ਼ ਖੇਡਣਾ! ਪਿੰਡਾਂ ਵਿੱਚ ਤਾਸ਼ ਖੇਡਣਾ ਵੇਹਲੜਾ, ਨਿਕੰਮਿਆ ਤੇ ਜੁਆਰੀਆਂ ਦਾ ਕੰਮ ਸਮਝਿਆ ਜਾਂਦਾ ਹੈ। ਇਸ ਖੇਡ ਦੇ ਬਦਲੇ ਬਹੁਤ ਵਾਰ ਘਰਦਿਆਂ ਤੋਂ ਵੀ ਗਾਲ੍ਹਾਂ ਪੈਂਦੀਆਂ। ਗਾਲ੍ਹਾਂ ਲੈ ਕੇ ਕੁੱਝ ਦਿਨ ਟਿਕਣਾ ਤੇ ਮੁੜ ਫਿਰ ਤੋਂ ਤਾਸ਼ ਖੇਡਣਾ ਸ਼ੁਰੂ ਕਰ ਦੇਣਾ। ਇਹ ਤਾਸ਼ ਖੇਡਣ ਵਾਲੇ ਭਾਵੇਂ ਉਮਰ ਦੇ ਤਕਾਜ਼ੇ ‘ਚ ਮੇਰੇ ਤੋਂ ਵਡੇਰੀ ਉਮਰ ਦੇ ਸਨ। ਭਾਵੇਂ ਮੇਰਾ ਉਨ੍ਹਾਂ ਦਾ ਕੋਈ ਮੇਲ ਨਹੀਂ ਸੀ। ਪਰ ਤਾਸ਼ ਖੇਡਦਿਆਂ ਉਨ੍ਹਾਂ ਵੱਲੋਂ ਬੀਤੇ ਅਤੀਤ ਦੀਆਂ ਕੀਤੀਆਂ ਜਾਦੀਆਂ ਗੱਲਾਂ ਮੇਰੇ ਅੰਦਰ ਖਲਬਲੀ ਪੈਦਾ ਕਰ ਦਿੰਦੀਆਂ। ਇਹ ਗੱਲਾਂ ਮੈਨੂੰ ਵਾਰ-ਵਾਰ ਇਸੇ ਥਾਂ ‘ਤੇ ਬੈਠਣ ਲਈ ਮਜਬੂਰ ਕਰ ਦਿੰਦੀਆਂ। ਇਸ ਤਰ੍ਹਾਂ ਮੈਂ ਇਨ੍ਹਾਂ ਗੱਲਾਂ ਨੂੰ ਸਹਿਜਤਾ ਨਾਲ ਸੁਣਦਾ ਤੇ ਆਪਣੇ ਨਾਵਲ ਦੇ ਮਣਕਿਆਂ ਵਿੱਚ ਪ੍ਰੋਣਾ ਸੁਰੂ ਕਰ ਦਿੱਤਾ।
ਇਸ ਤਰ੍ਹਾਂ ਮੇਰੇ ਨਾਵਲ ਲਿਖਣ ਦੀ ਸ਼ੁਰੂਆਤ ਹੋਈ। ਅਸਲ ਵਿੱਚ ਇਹ ਨਾਵਲ ਨਹੀਂ ਇਹ ਮੇਰੇ ਜ਼ਜ਼ਬਾਤਾਂ ਦਾ ਭੰਡਾਰ ਅਤੇ ਪਿੰਡ ਵਾਲਿਆਂ ਖ਼ਾਸ ਤੌਰ ਤੇ ਦਲਿਤ ਵਰਗ ਦੇ ਪਿੰਡੇ ‘ਤੇ ਹੰਢਾਇਆ ਹੋਇਆ ਯਥਾਰਥ ਹੈ। ਇਸ ਨਾਵਲ ਨੂੰ ਲਿਖਣ ਵਿੱਚ ਲਗਭਗ ਡੇਢ-ਪੌਣੇ ਦੋ ਸਾਲ ਲੱਗ ਗਏ।
ਮੈਂ ਯੂਨੀਵਰਸਿਟੀ ਆਫ਼ ਦਿੱਲੀ ਤੋਂ ਐਮ.ਫਿਲ. ਦੀ ਪੜ੍ਹਾਈ ਕਰਦਿਆ 13/01/2022 ਨੂੰ ਆਪਣੀ ਧਰਮਪਤਨੀ ਮਨਦੀਪ ਕੌਰ ਨਾਲ ‘ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਆ ਵਸਿਆ ਹਾਂ। ਏਥੇ ਆ ਕੇ ਜਿੰਦਗੀ ਦੇ ਨਜ਼ਰੀਏ ਵਿੱਚ ਹੋਰ ਵੱਖਰਤਾ ਆ ਗਈ ਹੈ। ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਅਜਿਹੇ ਨਾਵਲ ਦਾ ਬਿਰਤਾਂਤ ਸਿਰਜ ਸਕਾਂ। ਜੋ ਇੱਕ ਪਿੰਡ ਨਹੀਂ ਪਿੰਡ ਤੋਂ ਲੈ ਕੇ ਵਿਸ਼ਵ ਨੂੰ ਇੱਕ ਮੁੱਠੀ ਵਿੱਚ ਸਮੇਟ ਸਕੇ ਤੇ ਅਜੋਕੇ ਸਮੇਂ ਦੇ ਸੰਤਾਪ ਨੂੰ ਬਿਆਨ ਕਰਦਾ ਹੋਵੇ।
ਨਾਵਲ : ਚੁਰਸਤਾ
ਕਾਂਡ-ਪਹਿਲਾ
ਜੁੰਮੇਰਾਤ (ਵੀਰਵਾਰ) ਪਾਣੀ ਦੀ ਵਾਰੀ ਲਾਉਣ ਤੋਂ ਬਾਅਦ ਸੁਵੱਖਤੇ ਹੈਰੀ ਅਤੇ ਉਸ ਦਾ ਤਾਇਆ ਗੁਰਚਰਨ ਪਿੰਡ ਦੀਆਂ ਕਬਰਾਂ ਨਾਲ ਲੱਗਦੇ ਖੇਤਾਂ ਵਿਚ ਪਾਣੀ ਲਾਉਣ ਤੋਂ ਬਾਅਦ ਕੱਚੇ ਰਸਤੇ ਘਰ ਵਾਪਿਸ ਆ ਰਹੇ ਸਨ। ਗਰਮੀ ਦੇ ਦਿਨਾਂ ਕਾਰਨ ਆਲ਼ਾ- ਦੁਆਲਾ ਛੇਤੀ ਚਾਨਣ ਨਾਲ਼ ਭਰ ਜਾਂਦਾ ਸੀ। ਦਿਨ ਚੜ੍ਹਦੇ ਸਾਰ ਹੀ ਲੋਕ ਤੁਰਨ-ਫਿਰਨ ਜਾਂ ਕੰਮ-ਧੰਦੀ ਜਾਣ ਲੱਗਦੇ। ਕਬਰਾਂ ਵਾਲ਼ੇ ਖੇਤ ਨੂੰ ਜਾਂਦੀ ਕੱਚੀ ਪਹੀ ਨੂੰ ਪਾਰ ਕਰਕੇ ਹੈਰੀ ਅਤੇ ਤਾਇਆ ਗੁਰਚਰਨ ਪਿੰਡ ਨੂੰ ਆਉਂਦੀ ਸੜਕ ‘ਤੇ ਆ ਖੜ੍ਹੇ ਹੋਏ। ਉੱਥੇ ਹੀ ਗੁਰਜੀਤ ਹਰ ਰੋਜ਼ ਦੀ ਤਰ੍ਹਾਂ ਦੌੜ ਲਗਾਉਣ ਤੋਂ ਬਾਅਦ ਕਸਰਤ ਕਰ ਰਿਹਾ ਸੀ। ਗੁਰਜੀਤ ਨੇ ਹੈਰੀ ਅਤੇ ਤਾਇਆ ਗੁਰਚਰਨ ਆਉਂਦੇ ਵੇਖ ਦੂਰੋਂ ਹੀ ਸਤਿ ਸ੍ਰੀ ਅਕਾਲ ਬੁਲਾਈ। ਗੁਰਚਰਨ ਨੇ ਉਸ ਦਾ ਮੋਢਾ ਥਾਪੜਦਿਆਂ ਕਿਹਾ ”ਲੱਗਾ ਰਹਿ ਸ਼ੇਰ ਬੱਲਿਆ ਇਕ ਦਿਨ ਜ਼ਰੂਰ ਰੰਗ ਭਾਗ ਲੱਗਣਗੇ” ਅਸੀਸ ਦੇ ਗੁਰਚਰਨ ਘਰ ਵੱਲ ਹੋ ਤੁਰਿਆ ਪਰ ਹੈਰੀ ਗੁਰਜੀਤ ਕੋਲ਼ ਰੁਕ ਗਿਆ। ਉਸ ਹੈਰਾਨੀ ਨਾਲ਼ ਗੁਰਜੀਤ ਨੂੰ ਪੁੱਛਿਆ ”ਤੈਨੂੰ ਪਤੈ? ਰਾਤ ਆਪਣਾ ਨਤੀਜਾ ਆ ਗਿਐ। (ਹੈਰੀ ਅਤੇ ਗੁਰਜੀਤ ਨੇ ਦਸਵੀਂ ਦੇ ਪੇਪਰ ਦਿੱਤੇ ਸਨ) ਹੈਰੀ ਨੇ ਜਵਾਬ ਦਿੱਤਾ ”ਨਹੀਂ ਯਾਰ ਹੈਰੀ ਕੰਮ ਧੰਦਿਆਂ ‘ਚ ਵੇਖਿਆ ਹੀ ਨਹੀਂ ਗਿਆ” ਗੁਰਜੀਤ ਨੇ ਹੈਰੀ ਵੱਲ ਸਵਾਲ ਦਾਗਿਆ, ਤੂੰ ਨਤੀਜਾ ਵੇਖ ਲਿਆ? ਹੈਰੀ ਨੇ ਜਵਾਬ ‘ਚ ਕਿਹਾ ”ਹਾਂ ਦੋਵਾਂ ਦਾ” (ਇਹ ਕਹਿ ਕੇ ਉਹ ਲਾਚੜ ਗਿਆ)” ਵੇਖ ਤਾਂ ਲਿਆ ਪਰ ਦੱਸਣ ਦੀ ਫ਼ੀਸ ਲੱਗੂ ਕਾਕਾ” ਗੁਰਜੀਤ ਨੇ ਹੱਥ ਪੈਰ ਮਾਰਨੇ ਬੰਦ ਕਰ ਦਿੱਤੇ ਤੇ ਜੋਸ਼ ਨਾਲ਼ ਬੋਲਿਆ ”ਫ਼ੀਸ ਛੱਡ ਤੇਰੇ ਲਈ ਜਾਨ ਹਾਜ਼ਰ ਆ ਪੱਟੂਆ” ਦੋਵੇਂ ਮਿੱਤਰ ਹਾਸਾ-ਠੱਠਾ ਕਰਨ ਲੱਗੇ। ਹੈਰੀ ਨੇ ਸਹਿਜ ਹੁੰਦਿਆ ਕਿਹਾ ”ਮੇਰੇ ਕੋਲ਼ ਤੇਰਾ ਰੋਲ ਨੰਬਰ ਸੀ ਮੈਂ ਨਤੀਜਾ ਵੇਖ ਲਿਆ ਪਰ ਦੱਸੂੰਗਾ ਤਾਂ ਜੇ ਲੱਡੂ ਖਵਾਏਂਗਾ” ਗੁਰਜੀਤ ਨੇ ਹੈਰੀ ਦੇ ਗਲ਼ ਉੱਤੋਂ ਦੀ ਬਾਂਹ ਵਲ਼ ਲਈ ਤੇ ਕਿਹਾ ”ਲੈ ਲੱਡੂਆਂ ਦਾ ਕੀ ਆ ਤੁਰੇ ਜਾਂਦੇ ਬੰਸੀ ਵਲਵਾਈ ਤੋਂ ਲੈ ਜਾਨੇਂ ਆਂ ਤੇ ਦੁੱਧ ਸੁੱਖ ਨਾਲ਼ ਥੋਡੇ ਘਰੇ ਬਥੇਰਾ” ਦੋਵੇਂ ਮਿੱਤਰ ਘਰ ਨੂੰ ਹੈਰੀ ਕੇ ਘਰ ਵੱਲ ਤੁਰ ਪਏ।
ਹੈਰੀ ਘਰ ਵੜਦਿਆਂ ਹੀ ਤਾਏ ਗੁਰਚਰਨ ਨੂੰ ਸੰਬੋਧਨ ਹੋਇਆ ”ਤਾਇਆ ਜੀ ਕਰੋ ਮੂੰਹ ਮਿੱਠਾ ਸੁੱਖ ਨਾਲ਼ ਅਸੀਂ ਦਸਵੀਂ ਕਰਗੇ” ਗੁਰਚਰਨ ਖ਼ੁਸ਼ੀ ਦੇ ਰੌਂਅ ‘ਚ ਬੋਲਿਆ ”ਬੱਲੇ ਪੁੱਤਰੋ ਦਿਲ ਖ਼ੁਸ਼ ਕਰਤਾ ਭਲਾ ਕਿਸੇ ਨੰਬਰ ‘ਤੇ ਵੀ ਆਏ ਓਂ? ਤਾਇਆ ਜੀ ਆਪਣਾ ਹੈਰੀ ਜ਼ਿਲ੍ਹੇ ‘ਚੋਂ ਪਹਿਲੇ ਨੰਬਰ ‘ਤੇ ਆਇਆ ਤੇ ਨੰਬਰਦਾਰਾਂ ਦੀ ਕੁੜੀ ਨਵਪ੍ਰੀਤ ਦੂਜੇ ਨੰਬਰ ‘ਤੇ ਆਈ ਆ” ਗੁਰਚਰਨ ਮੰਜੇ ‘ਤੋਂ ਛਾਲ ਮਾਰਨ ਵਾਂਗ ਉੱਠਿਆ ਤੇ ਬੋਲਿਆ ”ਵਾਹ ਬਈ ਵਾਹ ਨਾਂ ਕੱਢਤਾ ਪਿੰਡ ਦਾ, ਚਲੋ ਵਾਹਿਗੁਰੂ ਰੰਗ-ਭਾਗ ਲਾਵੇ” ਉਸ ਨੇ ਗੁਰਜੀਤ ਅਤੇ ਹੈਰੀ ਨੂੰ ਨਸੀਹਤ ਦੇਣ ਵਾਂਗ ਕਿਹਾ ”ਪੁੱਤਰੋ ਹੁਣ ਹੁਣ ਜੇ.ਬੀ.ਟੀ. ਕਰਕੇ ਇੰਜੀਨੀਅਰਿੰਗ ਕਰ ਲਿਓ ਵਾਰੇ ਨਿਆਰੇ ਹੋ ਜਾਣਗੇ ਥੋਡੇ” ਨੌਕਰੀ ਨਾ ਵੀ ਮਿਲੀ ਆਵਦਾ ਕੰਮਕਾਰ ਤੋਰਕੇ ਬਹਿ ਜਿਓ” ਏਨੇ ਨੂੰ ਗੁਰਜੀਤ ਦਾ ਪਿਤਾ ਹਰਚੰਦ ਸਰਪੰਚ ਆ ਗਿਆ। ਗੁਰਚਰਨ ਨੇ ਹੈਰੀ ਦਾ ਨਤੀਜਾ ਹਰਚੰਦ ਨੂੰ ਦੱਸਿਆ ਤਾਂ ਹਰਚੰਦ ਨੇ ਆਪਣੇ ਗੁਸੈਲੇ ਅਤੇ ਜਾਤੀ-ਪਾਤੀ ਵਿਤਕਰੇ ਵਾਲ਼ੀ ਸੋਚ ਅਨੁਸਾਰ ਹੈਰੀ ਨੂੰ ਸਾਬਾਸ਼ ਦਿੰਦਿਆਂ ਗੁਰਜੀਤ ਵੱਲ ਕੁਨੱਖਾ ਝਾਕਦਿਆਂ ਸੁਣਾਉਣ ਵਾਂਗ ਕਿਹਾ “ਚਲੋ ਵਧੀਆ ਹੋਇਆ, ਹੁਣ ਇਹ ਨਾ ਹੋਵੇ ਕਿ ਏਥੇ ਹੀ ਤੁਰਿਆ ਫਿਰੇਂ ਜਣੇ-ਖਣੇ ਨਾਲ਼“ ਏਨਾ ਕਹਿ ਉਹ ਅੰਦਰੀੰ ਜਾ ਵੜਿਆ। ਗੁਰਜੀਤ ਨੇ ਹਉਕਾ ਭਰਿਆ ਪਰ ਚਿਹਰੇ ‘ਤੇ ਕੋਈ ਭਾਵ ਉਜਾਗਰ ਨਾ ਹੋਣ ਦਿੱਤਾ। ਦੋਵੇਂ ਦੋਸਤ ਬਾਕੀ ਮਿੱਤਰਾਂ ਦੇ ਨਤੀਜੇ ਦੀ ਸੂਹ ਲੈਣ ਘਰੋਂ ਬਾਹਰ ਹੋਏ। ਬੀਹੀ ‘ਚ ਮੁੜਦਿਆਂ ਸਾਰ ਹੈਰੀ ਨੇ ਗੱਲ ਛੇੜੀ ”ਯਾਰ ਗੁਰਜੀਤ ਤੂੰ ਆਵਦਾ ਨਤੀਜਾ ਦੱਸਿਆ ਈ ਨੀ? ਹੈਰੀ ਨੇ ਉਸ ਦੇ ਜਵਾਬ ‘ਚ ਕਿਹਾ ”ਯਾਰ ਅਸੀਂ ਗ਼ਰੀਬਾਂ ਨੇ ਕਿਹੜੇ ਨੰਬਰਾਂ ‘ਤੇ ਆਉਣਾ ਬੱਸ ਪਾਸ ਹੋਗੇ ਆਂ ਏਨਾ ਬਹੁਤ ਆ” ਹੈਰੀ ਦੇ ਜ਼ਿੱਦ ਕਰਨ ‘ਤੇ ਉਸ ਦੱਸਿਆ ਕਿ ਉਹ ਪੰਜਾਬ ‘ਚੋਂ ਸੱਤਵੇਂ ਨੰਬਰ ‘ਤੇ ਸੀ। ਦੋਵੇਂ ਮਿੱਤਰ ਗੁਰਜੀਤ ਕੇ ਘਰ ਪਹੁੰਚ ਗਏ ਦੋਵਾਂ ਨੇ ਨਤੀਜਾ ਦੱਸਿਆ ਗੁਰਜੀਤ ਦੀ ਮਾਂ ਕਰਮੋ ਨੂੰ ਅਥਾਹ ਖ਼ੁਸ਼ੀ ਹੋਈ ਉਹ ਕੱਚੇ ਕੋਠੇ ਅੰਦਰੋਂ ਗੁੜ ਲਿਆਈ ਤੇ ਦੋਵਾਂ ਦਾ ਮੂੰਹ ਮਿੱਠਾ ਕਰਵਾਇਆ। ਗੁਰਜੀਤ ਦੇ ਦਾਦੀ ਨੇ ਦੋਵਾਂ ਦਾ ਸਿਰ ਪਲੋਸਿਆ ਤੇ ਅਸੀਸ ਦਿੱਤੀ ”ਪੁੱਤਰੋ ਵਾਹਿਗੁਰੂ ਕੁਰਸੀਆਂ ਬਖ਼ਸ਼ੇ ਥੋਨੂੰ” ਦੋ ਰੁਪਈਏ ਉਸ ਗੁਰਜੀਤ ਦੇ ਹੱਥ ‘ਤੇ ਧਰੇ ਤੇ ਕਿਹਾ ”ਜਾਓ ਦੋਵੇਂ ਬਾਲੂ ਸ਼ਾਈਆਂ ਖਾਲੋ” ਦੋਵੇਂ ਮਿੱਤਰ ਹੱਸਦੇ ਖੇਡਦੇ ਘਰ ਤੋਂ ਬਾਹਰ ਹੋਏ ਉਨ੍ਹਾਂ ਮੁਕੰਦ ਅਰੋੜੇ ਦੀ ਹੱਟੀ ਤੋਂ ਬੱਲੂ ਸ਼ਾਹੀਆਂ ਖਰੀਦੀਆਂ ਤੇ ਤੀਜੇ ਮਿੱਤਰ ਕੀਪੂ ਕੇ ਘਰ ਵੱਲ ਹੋ ਤੁਰੇ…
Read more
ਨਾਵਲ : ਮੁਹੱਬਤ ਵੇਲਾ
ਨਾਵਲ : ਮੁਹੱਬਤ ਵੇਲਾ
ਲੜੀਵਾਰ ਨਾਵਲ : ਮੁਹੱਬਤ ਵੇਲਾ