January 19, 2026

ਲੜੀਵਾਰ ਨਾਵਲ : ਮੁਹੱਬਤ ਵੇਲਾ, ਭਾਗ-3

 

[ਲੜੀ ਜੋੜਨ ਲਈ ਪਿਛਲਾ ਅੰਕ ਵੇਖੋ]

ਪਰਗਟ ਸਿੰਘ ਸਤੌਜ

ਤਰਨ ਆਪਣੇ ਤੋਂ ਚਾਰ ਸਾਲ ਤੋਂ ਛੋਟੀ, ਪਲੱਸ ਟੂ ਵਿਚ ਪੜ੍ਹਦੀ ਭੈਣ ਦਾ ਇਕਲੌਤਾ ਭਰਾ ਸੀ। ਰੰਗ ਦੋਵੇਂ ਭੈਣ-ਭਰਾਵਾਂ ਦਾ ਆਪਣੇ ਪਿਤਾ ਵਾਂਗ ਚਾਹੇ ਕਣਕਵੰਨਾ ਸੀ ਪਰ ਨੈਣ-ਨਕਸ਼ਾਂ ਦੇ ਸੋਹਣੇ ਸਨ। ਤਰਨ ਦਾ ਪਿਤਾ ਜਵਾਨੀ ਵਿਚ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਸੀ ਪਰ ਵਿਆਹ ਤੋਂ ਬਾਅਦ ਉਸਨੂੰ ਕਬੀਲਦਾਰੀ ਨੇ ਅਜਿਹਾ ਜੱਫਾ ਮਾਰਿਆ ਕਿ ਉਹ ਖੇਡਣ ਵੱਲੋਂ ਹਮੇਸ਼ਾ ਲਈ ਆਊਟ ਹੋ ਗਿਆ। ਆਪਣੇ ਗੁਜ਼ਾਰੇ ਜੋਗੀ ਜ਼ਮੀਨ ‘ਚ ਖੇਤੀ ਕਰਦਾ ਉਹ ਘਰ ਤੋਂ ਖੇਤ ਤੇ ਖੇਤ ਤੋਂ ਘਰ ਦਾ ਹੋ ਕੇ ਰ

ਹਿ ਗਿਆ। ਕਬੱਡੀ ਖੇਡਣ ਦਾ ਸ਼ੌਕ ਅਗਲੀ ਪੀੜ੍ਹੀ ਤੱਕ ਪਹੁੰਚਦਿਆਂ ਤਰਨ ਨੂੰ ਵੀ ਚਿੰਬੜ ਗਿਆ। ਤਰਨ ਦਾ ਪਿਤਾ ਆਪਣਾ ਸ਼ੌਕ ਆਪਣੇ ਪੁੱਤਰ ਵਿਚੋਂ ਪੂਰਾ ਕਰਨ ਲੱਗਿਆ। ਉਸ ਨੇ ਤਰਨ ਨੂੰ ਕਦੇ ਵੀ ਖੇਡਣ ਤੋਂ ਨਹੀਂ ਰੋਕਿਆ, ਸਗੋਂ ਹਮੇਸ਼ਾ ਹੱਲਾ-ਸ਼ੇਰੀ ਦਿੱਤੀ। ਤਰਨ ਨੈਸ਼ਨਲ ਸਟਾਇਲ ਦਾ ਵਧੀਆ ਰੇਡਰ ਤੇ ਸਰਕਲ ਸਟਾਇਲ ਦਾ ਵਧੀਆ ਜਾਫੀ ਨਿਕਲ ਆਇਆ।

ਤਰਨ ਤੇ ਸਕੀਮੀ ਨੇ ਰਣਬੀਰ ਕਾਲਜ ਸੰਗਰੂਰ ਤੋਂ ਫ਼ਿਜੀਕਲ ਨਾਲ ਬੀ. ਏ. ਕੀਤੀ। ਸਕੀਮੀ ਵੀ ਤਰਨ ਦੇ ਵਿਹੜੇ ‘ਚੋਂ ਜੱਟਾਂ ਦਾ ਮੁੰਡਾ ਸੀ। ਚਾਹੇ ਉਹ ਤਰਨ ਵਾਂਗ ਵਧੀਆ ਖਿਡਾਰੀ ਤਾਂ ਨਹੀਂ ਸੀ ਪਰ ਉਹ ਉਨ੍ਹਾਂ ਦੀ ਟੀਮ ਵਿਚ ਜ਼ਰੂਰ ਸ਼ਾਮਿਲ ਸੀ। ਸਕੀਮੀ ਰੰਗ ਦਾ ਗੋਰਾ ਸੀ ਪਰ ਨੈਣ-ਨਕਸ਼ਾਂ ਤੋਂ ਸਧਾਰਨ ਜਿਹਾ ਹੀ ਸੀ। ਜਦੋਂ ਤਰਨ ਦੇ ਡੀ.ਪੀ.ਈ. ਨੇ ਤਰਨ ਨੂੰ ਬੀ.ਪੀ.ਐੱਡ. ਕਰਨ ਦੀ ਸਲਾਹ ਦਿੱਤੀ ਤਾਂ ਉਸ ਨੇ ਸਕੀਮੀ ਨੂੰ ਵੀ ਨਾਲ ਤਿਆਰ ਕਰ ਲਿਆ।
ਉਨ੍ਹਾਂ ਨੇ ਫ਼ੋਨ ਉੱਪਰ ਕਈ ਕਾਲਜਾਂ ਤੋਂ ਪਤਾ ਕੀਤਾ। ਕਿਤੇ ਫੀਸ ਵੱਧ ਸੀ, ਕਿਤੇ ਜ਼ੁਰਮਾਨਾ ਜ਼ਿਆਦਾ ਭਰਵਾਉਂਦੇ ਸਨ। ਪੰਜਾਬ ਤੋਂ ਬਾਹਰਲੇ ਕਾਲਜ ਦੂਰ ਸਨ ਤੇ ਉਥੋਂ ਦਾ ਮੀਡੀਅਮ ਵੀ ਹਿੰਦੀ ਸੀ। ਸਾਰੇ ਪੱਖਾਂ ਤੋਂ ਸੋਚ ਕੇ ਉਨ੍ਹਾਂ ਨੇ ਫੱਮਣਵਾਲ ਕਾਲਜ ਨੂੰ ਚੁਣਿਆ। ਫੱਮਣਵਾਲ ਕਾਲਜ ਪੈਂਦਾ ਕਿੱਥੇ ਕੁ ਹੈ? ਇਸ ਬਾਰੇ ਦੋਵਾਂ ਨੂੰ ਹੀ ਜਾਣਕਾਰੀ ਨਹੀਂ ਸੀ। ਸਕੀਮੀ ਦੇ ਕਿਸੇ ਦੋਸਤ ਦੀ ਕਿਲਾ ਰਾਏਪੁਰ ਰਿਸ਼ਤੇਦਾਰੀ ਸੀ। ਉਸ ਰਿਸ਼ਤੇਦਾਰੀ ‘ਚੋਂ ਪਤਾ ਕੀਤਾ ਤਾਂ ਰਿਸ਼ਤੇਦਾਰ ਮੁੰਡੇ ਨੇ ਸਾਰਾ ਹੱਲ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਇਕ ਵਾਰ ਕਿਲ੍ਹਾ ਰਾਏਪੁਰ ਦੇ ਸਟੇਸ਼ਨ ‘ਤੇ ਆ ਕੇ ਉਸ ਨੂੰ ਫ਼ੋਨ ਕਰ ਲੈਣ, ਅੱਗੇ ਉਹ ਆਪੇ ਲੈ ਜਾਵੇਗਾ।
ਤਰਨ ਨੂੰ ਯਾਦ ਆਇਆ, ਉਹ ਪਹਿਲੀ ਕਿਲ੍ਹਾ ਰਾਏਪੁਰ ਦੇ ਸਟੇਸ਼ਨ ‘ਤੇ ਉੱਤਰੇ ਸਨ। ਪੁਰਾਣੇ ਉਜਾੜ ਜਿਹੇ ਸਟੇਸ਼ਨ ਉੱਪਰ ਤਿੱਖੀ ਧੁੱਪ ਪੈ ਰਹੀ ਸੀ। ਇੱਕ ਵਾਰ ਤਾਂ ਉਹਨਾਂ ਨੂੰ ਜਾਪਿਆ ਜਿਵੇਂ ਉਹ 1947 ਤੋਂ ਪਹਿਲਾਂ ਦੇ ਸਮੇਂ ਵਿੱਚ ਕਿਸੇ ਸਟੇਸ਼ਨ ‘ਤੇ ਫਿਰ ਰਹੇ ਹੋਣ। ਦੋਵਾਂ ਨੇ ਔਟਲੇ ਪਸ਼ੂ ਵਾਂਗ ਆਲੇ-ਦੁਆਲੇ ਨਿਗ੍ਹਾ ਮਾਰੀ ਤੇ ਫਿਰ ਸਕੀਮੀ ਨੇ ਕਿਲ੍ਹਾ ਰਾਏਪੁਰ ਵਾਲੇ ਮੁੰਡੇ ਨੂੰ ਫੋਨ ਲਾ ਲਿਆ।
ਪੰਜ ਮਿੰਟਾਂ ਬਾਅਦ ਹੀ ਉਹ ਮੁੰਡਾ ਮੋਟਰਸਾਈਕਲ ਲੈ ਕੇ ਸਟੇਸ਼ਨ ਉੱਤੇ ਆ ਗਿਆ। ਦੋਵੇਂ ਹੱਥ ਮਿਲਾ ਕੇ ਉਸ ਦੇ ਪਿੱਛੇ ਬੈਠ ਗਏ। ਮੁੰਡਾ ਉਹਨਾਂ ਨੂੰ ਕਾਲਜ ਲੈ ਕੇ ਜਾਣ ਦੀ ਬਜਾਇ ਪਹਿਲਾਂ ਆਪਣੇ ਘਰ ਲੈ ਗਿਆ। ਦੋਵਾਂ ਨੂੰ ਰੋਟੀ ਖਵਾ ਕੇ ਕਾਲਜ ਛੱਡ ਗਿਆ।
ਇਹ ਕਾਲਜ ਇਸ ਇਲਾਕੇ ਦਾ ਬਹੁਤ ਪੁਰਾਣਾ ਤੇ ਵੱਡਾ ਕਾਲਜ ਸੀ। ਇਸ ਵਿੱਚ ਬਹੁਤ ਸਾਰੇ ਕੋਰਸਾਂ ਦੇ ਅਲੱਗ-ਅਲੱਗ ਡਿਪਾਰਟਮੈਂਟ ਸਨ। ਤਰਨ ਤੇ ਸਕੀਮੀ ਕਿਸੇ ਮੁੰਡੇ ਤੋਂ ਫ਼ਿਜੀਕਲ ਡਿਪਾਰਮੈਂਟ ਦਾ ਪੁੱਛ ਕੇ ਉਥੇ ਚਲੇ ਗਏ। ਸਟਾਫ਼ ਰੂਮ ਵਿਚ ਉਨ੍ਹਾਂ ਨੂੰ ਦੋ ਅਧਿਆਪਕ ਬੈਠੇ ਮਿਲ ਗਏ। ਉਨ੍ਹਾਂ ਨੇ ਅਧਿਆਪਕਾਂ ਤੋਂ ਫ਼ੀਸ ਤੋਂ ਇਲਾਵਾ ਹੋਰ ਸਾਰੀ ਜ਼ਰੂਰੀ ਜਾਣਕਾਰੀ ਲੈ ਕੇ ਪ੍ਰੋਸਪੈਕਟਸ ਖ਼ਰੀਦ ਲਏ। ਦੋਵਾਂ ਨੇ ਸੋਚਿਆ ਕਿ ਅਜੇ ਕਾਹਲੀ ਨਹੀਂ ਕਰਨੀ। ਘਰ ਜਾ ਕੇ ਇਕ ਦੋ ਦਿਨ ਹੋਰ ਵਿਚਾਰ ਕਰ ਕੇ ਦਾਖਲਾ ਭਰ ਕੇ ਜਾਵਾਂਗੇ।
ਦੋ ਦਿਨਾਂ ਬਾਅਦ ਉਹ ਪੱਕਾ ਮਨ ਬਣਾ ਕੇ ਦਾਖ਼ਲਾ ਭਰ ਗਏ। ਪਹਿਲੇ ਪੰਜ ਸੱਤ ਦਿਨ ਉਹ ਹਰ ਰੋਜ਼ ਅੱਪ-ਡਾਊਨ ਕਰਦੇ ਰਹੇ ਤੇ ਫਿਰ ਕਿਲਾ ਰਾਏਪੁਰ ਵਾਲੇ ਮੁੰਡੇ ਰਾਹੀਂ ਫੱਮਣਵਾਲ ਪਿੰਡ ਵਿਚ ਕਮਰਾ ਲੈ ਲਿਆ। ਕਮਰਾ ਲੈਣ ਤੋਂ ਅਗਲੇ ਦਿਨ ਉਹ ਸਾਮਾਨ ਚੁੱਕ ਲਿਆਏ ਤੇ ਕਮਰੇ ਦੀ ਸਫ਼ਾਈ ਕਰ ਕੇ ਇੱਥੇ ਡੇਰੇ ਜਮਾ ਲਏ। ਤਰਨ ਅੱਜ ਹਫ਼ਤੇ ਬਾਅਦ ਕਾਲਜ ਪਹੁੰਚ ਰਿਹਾ ਸੀ। ਜਿਉਂ-ਜਿਉਂ ਗੱਡੀ ਕਿਲਾ ਰਾਏਪੁਰ ਵੱਲ ਦੌੜੀ ਜਾ ਰਹੀ ਸੀ ਤਿਉਂ-ਤਿਉਂ ਉਸ ਦੇ ਮਨ ਵਿਚ ਵੀ ਯਾਦਾਂ ਦੇ ਵਰੋਲੇ ਘੁੰਮੇਰੀਆਂ ਖਾ ਰਹੇ ਸਨ। ਉਸ ਦੀਆਂ ਅੱਖਾਂ ਅੱਗੇ ਉਸ ਰਾਤ ਦਾ ਦ੍ਰਿਸ਼ ਫਿਰ ਘੁੰਮ ਗਿਆ, ‘ਸਕੀਮੀ ਦੱਸਦਾ ਸੀ ਕਿ ਉਹ ਮੁੜ ਦੇਖੀ ਨਹੀਂ। ਸ਼ਾਇਦ ਉਸਦੀ ਮਾਸੀ ਨੂੰ ਸ਼ੱਕ ਹੋ ਗਿਆ ਹੋਣਾ, ਉਹ ਵਾਪਸ ਭੇਜ ਦਿੱਤੀ ਹੋਣੀ।’ ਇਹ ਗੱਲ ਸੋਚਦਾ ਉਹ ਉਦਾਸ ਹੋ ਗਿਆ।
ਜਦੋਂ ਗੱਡੀ ਫਾਟਕਾਂ ਕੋਲ ਜਾ ਕੇ ਹੌਲੀ ਹੋਈ ਤਾਂ ਉਹ ਯਾਦਾਂ ਦੇ ਦਲਦਲ ਵਿਚੋਂ ਬਾਹਰ ਨਿਕਲਿਆ। ਉਸ ਨੇ ਬਾਹਰ ਨਿਗ੍ਹਾ ਮਾਰੀ। ਪੱਖੋਵਾਲ ਵਾਲੀ ਸੜਕ ਉੱਤੇ ਲਾਈਨ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਸਨ। ਉਹਨੂੰ ਯਾਦ ਆਇਆ, ਉਸਨੇ ਸਕੀਮੀ ਨੂੰ ਫਾਟਕ ਤੋਂ ਲੈ ਜਾਣ ਲਈ ਕਿਹਾ ਸੀ। ਤਰਨ ਨੇ ਫਾਟਕ ਕੋਲ ਖੜ੍ਹੇ ਮੋਟਰਸਾਈਕਲ ਵਾਲਿਆਂ ਵਿਚੋਂ ਸਕੀਮੀ ਨੂੰ ਪਛਾਣਨਾ ਚਾਹਿਆ ਪਰ ਦੂਜੇ ਪਲ ਹੀ ਗੱਡੀ ਅੱਗੇ ਲੰਘ ਗਈ। ਉਹ ਸਟੇਸ਼ਨ ਉੱਪਰ ਉਤਰਦਿਆਂ ਹੀ ਫਾਟਕ ਵੱਲ ਤੁਰ ਪਿਆ। ਫਾਟਕ ਖੁੱਲ੍ਹ ਗਿਆ ਸੀ। ਸਾਰੇ ਵਾਹਨ ਲਾਈਨਾਂ ਪਾਰ ਕਰ ਰਹੇ ਸਨ। ਇਕ ਮੋਟਰਸਾਈਕਲ ਲਾਈਨਮੈਨ ਦੀ ਕੋਠੀ ਕੋਲ ਖੜ੍ਹਾ ਸੀ। ਤਰਨ ਨੇ ਦੂਰੋਂ ਹੀ ਪਛਾਣ ਲਾ, ਇਹ ਸਕੀਮੀ ਹੀ ਸੀ।
‘ਬੈਠ ਬਾਈ।” ਤਰਨ ਦੇ ਨੇੜੇ ਆਉਣ ‘ਤੇ ਸਕੀਮੀ ਨੇ ਕਿੱਕ ਮਾਰ ਕੇ ਮੋਟਰਸਾਈਕਲ ਸਟਾਰਟ ਕਰ ਲਿਆ। ਤਰਨ ਹੱਥ ਮਿਲਾ ਕੇ ਪਿੱਛੇ ਬੈਠ ਗਿਆ।
”ਮਾਹੌਲ ਠੀਕ ਐ ਸਾਰਾ?” ਤਰਨ ਨੇ ਉਸ ਰਾਤ ਵਾਪਰੀ ਘਟਨਾ ਨਾਲ ਜੋੜ ਕੇ ਪੁੱਛਿਆ।
”ਹਾਂ ਹਾਂ ਜਮਾਂ ਓਕੇ! ਪਰ ਤੇਰੇ ਆਲੀ ਤਾਂ ਮੈਨੂੰ ਲਗਦੈ ਪੱਕਾ ਮਾਰ ਗੀ ‘ਡਾਰੀ। ਸਕੀਮੀ ਨੇ ਤਰਨ ਦੀ ਗੱਲ ਸਮਝਦਿਆਂ ਜਵਾਬ ਦਿੱਤਾ।
”ਚਲ ਕੋਈ ਨਾ।” ਤਰਨ ਨੇ ਚੁੱਪ ਹੋ ਕੇ ਅੱਖਾਂ ਮੀਟ ਲਈਆਂ।
ਹੁਣ ਸਾਹਮਣੇ ਕਾਲਜ ਦੀ ਬਿਲਡਿੰਗ ਦਿਸਣ ਲੱਗੀ ਸੀ। ਗਰਾਊਂਡ ਦੀ ਲੰਬੀ ਦੀਵਾਰ, ਕਮਰੇ ਅਤੇ ਉੱਚਾ ਇਨਡੋਰ ਸਟੇਡੀਅਮ, ਕਾਲਜ ਦੇ ਖੱਬੇ ਹੱਥ ਪੰਜਾਹ ਕੁ ਮੀਟਰ ਦੂਰ ਦਰੱਖਤਾਂ ‘ਚ ਘਿਰਿਆ ਬਾਬੇ ਮੋਹਨ ਦਾਸ ਦਾ ਗੁਰੂ ਘਰ। ਕਾਲਜ ਦੇ ਪਿਛਲੇ ਖੂੰਜੇ ਤੋਂ ਖੱਬੇ ਹੱਥ ਤਿੰਨ ਮੰਜ਼ਲੀ ਮੁੰਡਿਆਂ ਦਾ ਹੋਸਟਲ ਦੀ ਬਿਲਡਿੰਗ। ਕਿਲ੍ਹਾ ਰਾਏਪੁਰ ਤੋਂ ਆਉਂਦੀ ਇਹ ਸੜਕ ਸਿੱਧੀ ਪੱਖੋਵਾਲ ਨੂੰ ਲੰਘ ਜਾਂਦੀ। ਇਕ ਸੜਕ ਕਾਲਜ ਦੀ ਬਿਲਡਿੰਗ ਖ਼ਤਮ ਹੁੰਦਿਆਂ ਹੀ ਕਾਲਜ ਦੇ ਪਿੱਛੋਂ ਦੀ ਮੁੜਦੀ ਹੋਈ ਅੱਗੇ ਜੋਧਾਂ ਹੋ ਕੇ ਲੁਧਿਆਣੇ ਨੂੰ ਨਿਕਲ ਜਾਂਦੀ। ਲੁਧਿਆਣੇ ਨੂੰ ਜਾਂਦੀ ਇਸੇ ਸੜਕ ਉੱਤੇ ਕਾਲਜ ਤੋਂ ਦੋ ਕੁ ਸੌ ਮੀਟਰ ਦੂਰ ਫੱਮਣਵਾਲ ਪਿੰਡ ਵਸਿਆ ਹੋਇਆ ਸੀ।
ਕਮਰਾ ਵੇਖਣ ਲਈ ਜਦੋਂ ਤਰਨ ਤੇ

ਸਕੀਮੀ ਪਹਿਲੀ ਵਾਰ ਪਿੰਡ ਵਿਚ ਵੜੇ ਸਨ ਤਾਂ ਪਿੰਡ ਦੀਆਂ ਭੀੜੀਆਂ ਗਲੀਆਂ ਅਤੇ 1947 ਤੋਂ ਪਹਿਲਾਂ ਦੇ ਬਣੇ ਘਰ ਵੇਖ ਕੇ ਮਹਿਸੂਸ ਕਰ ਰਹੇ ਸਨ ਜਿਵੇਂ ਉਹ ਪਿਛਲੀ ਸਦੀ ਵਿਚ ਵਿਚਰ ਰਹੇ ਹੋਣ। ਪਿੰਡ ਦੀ ਇਹ ਪੁਰਾਣੀ ਲੋਕੇਸ਼ਨ ਉਨ੍ਹਾਂ ਨੂੰ ਬਹੁਤ ਪਸੰਦ ਆਈ ਸੀ। ਉਨ੍ਹਾਂ ਇਕ ਪੁਰਾਣਾ ਘਰ ਵੇਖਦਿਆਂ ਝੱਟ ਹਾਂ ਕਰ ਦਿੱਤੀ ਸੀ ਤੇ ਸਾਲ ਦੇ ਛੇ ਹਜ਼ਾਰ ਪਰ ਮੈਂਬਰ ਦੇ ਹਿਸਾਬ ਨਾਲ ਕਮਰਾ ਲੈ ਲਿਆ ਸੀ। ਸਕੀਮੀ ਨੇ ਘਰ ਦੇ ਅੱਗੇ ਆ ਕੇ ਮੋਟਰਸਾਈਕਲ ਰੋਕ ਲਿਆ। ਤਰਨ ਨੇ ਬੈਗ ਕਮਰੇ ਵਿਚ ਲਿਆ ਸੁੱਟਿਆ। ਗਰੇਵਾਲ ਤੇ ਲਾਲੀ ਨਹਾ ਕੇ ਕਾਲਜ ਜਾਣ ਲਈ ਤਿਆਰ ਹੋ ਰਹੇ ਸਨ। ਉਨ੍ਹਾਂ ਦੋਵਾਂ ਨੇ ਤਿਆਰ ਹੁੰਦਿਆਂ ਹੀ ਉਹ ਦੋ ਮੋਟਰਸਾਈਕਲ ਲੈ ਕੇ ਕਾਲਜ ਨੂੰ ਚੱਲ ਪਏ।
ਕਾਲਜ ਪਹੁੰਚਦਿਆਂ ਹੀ ਤਰਨ ਦੀ ਰੂ

ਖੁਸ਼ ਹੋ ਗਈ। ਮੁੰਡੇ ਭੌਰਿਆਂ ਵਾਂਗ ਮੰਡਰਾਉਂਦੇ ਫਿਰ ਰਹੇ ਸਨ। ਕੁੜੀਆਂ ਰੰਗ-ਬਰੰਗੇ ਸੂਟਾਂ ‘ਚ ਸਜੀਆਂ ਹੋਈਆਂ ਰੰਗੀਨ ਤਿਤਲੀਆਂ ਵਾਂਗ ਲਗਦੀਆਂ ਸਨ। ਉਹ ਚਾਰੋਂ ਕਿਸੇ ਕੁੜੀ ਦੀ ਚਾਲ, ਕਿਸੇ ਦਾ ਸੂਟ, ਕਿਸੇ ਕੁੜੀ ਦਾ ਖੂਬਸੂਰਤ ਚਿਹਰਾ, ਕਿਸੇ ਦਾ ਨਖ਼ਰਾ ਪਰਖਦੇ, ਕੁਮੈਂਟ ਕਰਦੇ ਆਪਣੇ ਡਿਪਾਰਟਮੈਂਟ ਵੱਲ ਚੱਲ ਪਏ। ਉਹ ਕਲਾਸ ਰੂਮ ਵਿਚ ਪਹੁੰਚੇ ਤਾਂ ਉਥੇ ਤਿੰਨ ਕੁੜੀਅੰ ਤੇ ਚਾਰ ਮੁੰਡੇ ਆਪੋ-ਆਪਣੇ ਮੋਬਾਈਲਾਂ ਵਿਚ ਖੁੱਭੇ ਬੈਠੇ ਸਨ। ਸਕੀਮੀ ਨੂੰ ਕਮਰੇ ਅੰਦਰ ਆਉਂਦਿਆਂ ਵੇਖ ਕੇ ਮਹਿਕ ਉਸ ਨੂੰ ਭੱਜ ਕੇ ਪੈ ਗਈ, ”ਹੈਂ ਓਏ! ਨਾ ਕੀ ਸਲਾਹ ਐ ਤੇਰੀ?”

”ਕੀ ਹੋਇਆ ਬਾਬਿਓ?” ਸਕੀਮੀ ਨੇ ਉਸ ਨਾਲ ਹੱਥ ਮਿਲਾਉਣ ਲਈ ਹੱਥ ਅੱਗੇ ਕਰ ਦਿੱਤਾ।
”ਬਾਬੇ ਦਾ ਪੁੱਤਰਾ! ਆਹ ਮੈਸਿਜ ਕੀ ਭੇਜਿਆ ਸੀ? ‘ਕੁੜੀਆਂ ਤੇ ਭਰਿੰਡਾਂ ਤਾਂ ਹੁੰਦੀਆਂ ਈ ਲੜਨ ਲਈ ਨੇ।” ਮਹਿਕ ਨੇ ਉਸ ਨਾਲ ਹੱਥ ਮਿਲਾਉਂਦਿਆਂ ਉਸ ਦੀ ਹਿੱਕ ਵਿਚ ਮੁੱਕੀ ਮਾਰੀ।
”ਮੈਂ ਕਿਹੜਾ ਗਲਤ ਕਿਹੈ! ਆਹ ਦੇਖ ਲੈ ਆਉਣ ਸਾਰ ਈ ਲੜਨ ਲੱਗ ਪਈ।” ਸਕੀਮੀ ਨੇ ਦੂਜੇ ਮੁੰਡੇ-ਕੁੜੀਆਂ ਨੂੰ ਸੁਣਾ ਕੇ ਕਿਹਾ। ਸਕੀਮੀ ਦੀ ਗੱਲ ਸੁਣ ਕੇ ਸਾਰੇ ਮੁਸਕੁਰਾ ਪਏ।
”ਕੋਈ ਨਾ, ਤੈਨੂੰ ਮੈਂ ਪੁੱਛੂੰ ਵੱਡੇ ਸਰੀਫ਼ ਨੂੰ।” ਮਹਿਕ ਨੇ ਉਸ ਵੱਲ ਉਂਗਲ ਸੇਧਦਿਆਂ, ਉਸ ਨੂੰ ਪਿਆਰ ਭਰੀ ਧਮਕੀ ਦਿੱਤੀ।
ਥੋੜ੍ਹੀ ਦੇਰ ਬਾਅਦ ਅਨੌਟਮੀ ਵਾਲੀ ਮੈਡਮ ਕਲਾਸ ਵਿਚ ਆ ਗਈ ਤਾਂ ਹੋਰ ਮੁੰਡੇ-ਕੁੜੀਆਂ ਵੀ ਆ ਕੇ ਡੈਸਕਾਂ ‘ਤੇ ਬੈਠ ਗਏ। ਸਾਰਿਆਂ ਨੇ ਮੋਬਾਈਲ ਜੇਬਾਂ ਵਿਚ ਪਾ ਲਏ ਅਤੇ ਕਾਪੀਆਂ ਕਿਤਾਬਾਂ ਖੋਲ੍ਹ ਲਈਆਂ।
ਪਹਿਲੇ ਦੋ ਪੀਰੀਅਡਾਂ ਬਾਅਦ ਤੀਸਰਾ ਪੀਰੀਅਡ ਖਾਲੀ ਸੀ। ਤੀਸਰੇ ਪੀਰੀਅਡ ਵਿਚ ਤਰਨ ਤੇ ਲਾਲੀ ਲਾਇਬ੍ਰੇਰੀ ਚਲੇ ਗਏ ਅਤੇ ਗਰੇਵਾਲ ਤੇ ਸਕੀਮੀ ਕਲਾਸ ਤੋਂ ਬਾਹਰ ਬੈਠੇ ਮੁੰਡੇ-ਕੁੜੀਆਂ ਵਿਚ ਜੱਕੜ ਮਾਰਨ ਲੱਗ ਪਏ। ਦੋ ਵਜੇ ਸਾਰੀ ਛੁੱਟੀ ਹੋ ਗਈ। ਉਹ ਚਾਰੋਂ ਮੋਟਰਸਾਈਕਲ ਲੈ ਕੇ ਲੋਹਗੜ੍ਹ ਚੌਂਕ ‘ਚ ਦੁੱਧ ਪੀਣ ਚਲੇ ਗਏ ਅਤੇ ਉਥੋਂ ਸਿੱਧਾ ਘਰ ਆ ਕੇ ਸੌ ਗਏ।
”ਤਰਨ…। ਤਰਨ ਉੱਠ, ਚਾਰ ਵੱਜਣ ਆਲੇ ਨੇ।” ਤਰਨ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਵੇਖਿਆ, ਸਕੀਮੀ ਸ਼ਾਮ ਦੀ ਐਕਟੀਵਿਟੀ ਲਈ ਤਿਆਰ ਹੁੰਦਾ, ਉਸ ਨੂੰ ਬੋਲ ਮਾਰ ਰਿਹਾ ਸੀ।
”ਮੈਂ ਨੀ ਜਾਂਦਾ ਯਾਰ ਅੱਜ। ਜੀਅ ਜਾ ਨੀਂ ਕਰਦਾ।” ਉਹ ਪਾਸਾ ਪਰਤ ਕੇ ਫਿਰ ਸੌਂ ਗਿਆ। ਬਾਕੀ ਤਿੰਨੋਂ ਤਿਆਰ ਹੋ ਕੇ ਐਕਟੀਵਿਟੀ ਲਗਾਉਣ ਲਈ ਚਲੇ ਗਏ।
ਜਦੋਂ ਤਰਨ ਦੀ ਦੁਬਾਰਾ ਅੱਖ ਖੁੱਲ੍ਹੀ ਤਾਂ ਸਾਢੇ ਪੰਜ ਹੋ ਗਏ ਸਨ। ਉਸ ਨੇ ਖੜ੍ਹੇ ਹੋ ਕੇ ਪਾਣੀ ਪੀਤਾ ਤੇ ਫਿਰ ਮੂੰਹ ਧੋ ਕੇ ਕੁਝ ਦੇਰ ਬੈਠਾ ਸੋਚਦਾ ਰਿਹਾ। ਫਿਰ ਉਠ ਕੇ ਕੋਠੇ ਉੱਪਰ ਚੜ੍ਹ ਗਿਆ। ਕੋਠੇ ਚੜ੍ਹਦਿਆਂ ਸਭ ਤੋਂ ਪਹਿਲਾਂ ਉਸਦੀ ਨਜ਼ਰ ਨਿਮਰ ਕੇ ਚੁਬਾਰੇ ਵੱਲ ਗਈ। ਉਸ ਦੀ ਚਾਹਤ ਅਨੁਸਾਰ ਉੱਥੇ ਕੁਝ ਵੀ ਨਹੀਂ ਸੀ। ਉਹ ਕੁਝ ਦੇਰ ਖੜ੍ਹਾ ਵੇਖਦਾ ਰਿਹਾ। ਸਾਰੇ ਕੋਠੇ ਸੁੰਨੇ ਸਨ। ਉਸਨੂੰ ਸਾਰਾ ਆਲਾ-ਦੁਆਲਾ ਉਦਾਸਿਆ -ਉਦਾਸਿਆ ਜਾਪਿਆ। ਉਹ ਹੌਲੀ-ਹੌਲੀ ਬਿਮਾਰਾਂ ਵਾਂਗ ਪੌੜੀਆਂ ‘ਚ ਕਦਮ ਟਿਕਾਉਂਦਾ ਹੇਠਾਂ ਉੱਤਰ ਆਇਆ। ਮੰਜੇ ਉੱਤੇ ਬੈਠ ਕੇ ਕੰਧ ਨਾਲ ਢੂਅ ਲਾ ਲਈ। ਅੱਖਾਂ ਮੀਟ ਲਈਆਂ। ਮੀਟੀਆਂ ਅੱਖਾਂ ਵਿਚ ਵੀ ਉਸ ਨੂੰ ਨਿਮਰ ਦੀ ਸ਼ਕਲ ਸਾਫ਼ ਦਿਖਾਈ ਨਹੀਂ ਦਿੱਤੀ। ਉਸਨੂੰ ਜਾਪਿਆਂ ਜਿਵੇਂ ਉਹ, ਉਸ ਦੀਆਂ ਯਾਦਾਂ ਵਿਚੋਂ ਵੀ ਕੰਨੀ ਛੁਡਾ ਕੇ ਕਿਤੇ ਦੂਰ ਗੁਆਚ ਗਈ ਹੋਵੇ।


ਸਤੰਬਰ ਦਾ ਆਖਰੀ ਹਫ਼ਤਾ ਚੱਲ ਪਿਆ ਸੀ। ਦਿਨ ਛੋਟੇ ਹੋ ਗਏ ਸਨ। ਪਹਿਲਾਂ ਵਾਲੇ ਟਾਇਮ ਉੱਠਣਾ ਹੁਣ ਔਖਾ ਲੱਗਣ ਲੱਗ ਪਿਆ ਸੀ। ਤਰਨ ਹੋਰਾਂ ਨੂੰ ਰਾਤ ਨੂੰ ਪੈਂਦਿਆਂ ਗਿਆਰਾਂ ਵੱਜ ਜਾਂਦੇ। ਸਵੇਰੇ ਪੰਜ ਵਜੇ ਲਗਾਇਆ ਮੋਬਾਈਲ ਦਾ ਅਲਾਰਮ ਇੰਝ ਲਗਦਾ ਜਿਵੇਂ ਘੰਟੇ ਬਾਅਦ ਹੀ ਬੋਲ ਪਿਆ ਹੋਵੇ। ਅਲਾਰਮ ਹਮੇਸ਼ਾ ਤਰਨ ਬੰਦ ਕਰਦਾ। ਸਕੀਮੀ ਘੇਸਲ ਵੱਟੀਂ ਪਿਆ ਰਹਿੰਦਾ। ਤਰਨ ਫਰੈੱਸ਼ ਹੋਣ ਤੋਂ ਬਾਅਦ ਸਕੀਮੀ ਨੂੰ ਉਠਾਉਂਦਾ। ਪੰਜ ਚਾਲੀ ‘ਤੇ ਸਭ ਐਕਟੀਵਿਟੀ ਲਈ ਤਿਆਰ ਹੋ ਜਾਂਦੇ। ਸਕੀਮੀ ਤੇ ਲਾਲੀ ਘਰ ਦੇ ਵਿਹੜੇ ਵਿਚ ਖੜ੍ਹ ਕੇ ਉੱਚੀ-ਉੱਚੀ ਵਿਸਲਾਂ ਮਾਰਦੇ। ਚੁਬਾਰੇ ਵਿਚੋਂ ਗਰੇਵਾਲ ਵੀ ਵਿਸਲ ਦਾ ਮੋੜਵਾਂ ਜਵਾਬ ਦਿੰਦਾ ਹੇਠ ਉੱਤਰ ਆਉਂਦਾ। ਫਿਰ ਚਾਰੋਂ ਮੋਟਰਸਾਈਕਲ ਲੈ ਕੇ ਗਰਾਊਂਡ ਵਿਚ ਆ ਜਾਂਦੇ।
ਅੱਜ ਵੀ ਛੇ ਵਜੇ ਤੋਂ ਪਹਿਲਾਂ ਹੀ ਸਾਰੇ ਮੁੰਡੇ-ਕੁੜੀਆਂ ਐਕਟੀਵਿਟੀ ਲਈ ਗਰਾਊਂਡ ਵਿਚ ਇਕੱਠੇ ਹੋ ਗਏ ਸਨ। ਅੱਜ ਐਕਟੀਵਿਟੀ ਕਰਵਾਉਣ ਦੀ ਬੀ.ਪੀ. ਐੱਡ. ਵਿਚੋਂ ਲਾਲੀ ਦੀ ਵਾਰੀ ਸੀ। ਉਸ ਨੇ ਛੇ ਵੱਜਦਿਆਂ ਹੀ ਲੰਬੀ ਵਿਸਲ ਮਾਰੀ ਤਾਂ ਸਾਰੇ ਮੁੰਡੇ-ਕੁੜੀਆਂ ਗਰਾਊਂਡ ਵਿਚ ਲਾਈਨ-ਅੱਪ ਹੋ ਗਏ। ਅਸੈਂਬਲੀ ਤੋਂ ਬਾਅਦ ਸਾਰੀਆਂ ਕਲਾਸਾਂ ਦੇ ਸੀ. ਆਰਜ਼ ਨੇ ਆਪਣੀ-ਆਪਣੀ ਕਲਾਸ ਨੂੰ ਗਰਾਊਂਡ ਦੇ ਚੱਕਰ ਲਗਵਾਉਣ ਲਈ ਦੌੜਾ ਲਿਆ। ਵਾਰਮ-ਅੱਪ ਹੋਣ ਤੋਂ ਬਾਅਦ ਸਾਰੀਆਂ ਕਲਾਸਾਂ ਅਲੱਗ-ਅਲੱਗ ਲਾਈਨ-ਅੱਪ ਹੋ ਗਈਆਂ। ਬੀ. ਪੀ. ਐੱਡ. ਦਾ ਅੱਜ ਹਾਕੀ ਦੀ ਡਰਿਵਲਿੰਗ ਦਾ ਪੀਰੀਅਡ ਸੀ ਪਰ ਅੱਜ ਹਾਕੀ ਵਾਲੀ ਮੈਡਮ ਆਈ ਨਹੀਂ ਸੀ। ਲਾਲੀ ਨੇ ਦੂਸਰੇ ਟੀਚਰ ਨੂੰ ਜਾ ਕੇ ਇਸ ਬਾਰੇ ਸੂਚਿਤ ਕਰ ਦਿੱਤਾ।
”ਬੀ. ਪੀ. ਐੱਡ. ਕਲਾਸ ਇਸ ਤਰ੍ਹਾਂ ਕਰੋ। ਮੁੰਡੇ-ਕੁੜੀਆਂ ਅੱਧੇ-ਅੱਧੇ ਹੋ ਕੇ ਆਪਸ ਵਿ

ਚ ਹਾਕੀ ਦਾ ਮੈਚ ਲਗਾਓ।” ਅਧਿਆਪਕ ਨੇ ਲਾਲੀ ਨੂੰ ਹੁਕਮ ਸੁਣਾ ਦਿੱਤਾ। ਲਾਲੀ ਦੋ ਮੁੰਡਿਆਂ ਨੂੰ ਨਾਲ ਲੈ ਕੇ ਸਟੋਰ ਵਿਚੋਂ ਹਾਕੀਆਂ ਚੁੱਕ ਲਿਆਇਆ।
ਅੱਧੇ-ਅੱਧੇ ਮੁੰਡੇ-ਕੁੜੀਆਂ ਵੰਡ ਕੇ ਮੈਚ ਸ਼ੁਰੂ ਹੋ ਗਿਆ। ਉੱਪਰ ਉੱਠ ਆਏ ਸੂਰਜ ਦੀਆਂ ਕਿਰਨਾਂ ਨਾਲ ਘਾਹ ਉੱਪਰ ਪਈ ਤ੍ਰੇਲ ਮੋਤੀਆਂ ਵਾਂਗ ਚਮਕਣ ਲੱਗੀ ਸੀ। ਜਿੱਥੋਂ-ਜਿੱਥੋਂ ਦੀ ਵਿਦਿਆਰਥੀ ਗੇਂਦ ਦੇ ਨਾਲ-ਨਾਲ ਦੌੜ ਰਹੇ ਸਨ, ਉੱਥੋਂ ਹੀ ਘਾਹ ਤੋਂ ਤ੍ਰੇਲ ਸਾਫ਼ ਹੁੰਦੀ ਜਾ ਰਹੀ ਸੀ। ਇਸ ਤਰ੍ਹਾਂ ਸਾਰਾ ਗਰਾਊਂਡ ਡੱਬ-ਖੜੱਬ ਜਿਹਾ ਬਣ ਗਿਆ ਸੀ। ਜਿਵੇਂ ਲਲਾਰੀ ਨੇ ਆਪਣੀ ਪ੍ਰਤਿਭਾ ਨਾਲ ਚੁੰਨੀ ਨੂੰ ਹਰੇ ਫਿੱਕੇ ਤੇ ਗੂੜੇ ਰੰਗ ਦੀ ਰੰਗ ਦਿੱਤਾ ਹੋਵੇ। ਤ੍ਰੇਲ, ਘਾਹ ਅਤੇ ਮਿੱਟੀ ਨਾਲ ਸਾਰਿਆਂ ਦੇ ਬੂਟ ਲਿੱਬੜ  ਗਏ ਸਨ।
ਤਰਨ ਦੀ ਟੀਮ ਵਿਚ ਗਰੇਵਾਲ, ਸਕੀਮੀ, ਪ੍ਰੀਤ, ਸੁਮਨ ਆਦਿ ਕੁੱਲ ਦਸ ਮੁੰਡੇ-ਕੁੜੀਆਂ ਸਨ। ਦੂਸਰੇ ਪਾਸੇ ਲਾਲੀ ਤੇ ਮਹਿਕ ਹੋਰੀਂ ਵੀ ਕੁੱਲ ਦਸ ਜਣੇ ਸਨ। ਲਾਲੀ ਹੋਰਾਂ ਨੇ ਦੋ ਗੋਲ ਕਰ ਦਿੱਤੇ ਸਨ ਤੇ ਤਰਨ ਹੋਰਾਂ ਤੋਂ ਮਸਾਂ ਇਕ ਗੋਲ ਹੀ ਹੋਇਆ ਸੀ। ਹੁਣ ਬਾਲ ਦੂਸਰੀ ਟੀਮ ਦੀ ਮਹਿਕ ਕੋਲ ਸੀ। ਸਕੀਮੀ ਮਹਿਕ ਵੱਲ ਦੌੜਿਆ। ਮ

ਹਿਕ ਨੇ ਬਾਲ ਦੂਸਰੀ ਕੁੜੀ ਨੂੰ ਪਾਸ ਕਰ ਕੇ ਫਿਰ ਆ ਲੈ ਲਈ। ਮਹਿਕ ਤੋਂ ਬਾਲ ਖੋਹਣ ਲਈ ਗਰੇਵਾਲ ਤੇ ਸਕੀਮੀ ਅੱਗੇ ਵਧੇ ਤਾਂ ਸਕੀਮੀ ਦੀ ਹਾਕੀ ਮਹਿਕ ਦੀ ਲੱਤ ਵਿਚ ਅੜ ਗਈ ਤਾਂ ਉਹ ਮੂਧੇ ਮੂੰਹ ਡਿੱਗ ਪਈ। ਭੱਜੇ ਆਉਂਦੇ ਗਰੇਵਾਲ ਦਾ ਗਿੱਲੇ ਘਾਹ ‘ਤੇ ਸੰਤੁਲਨ ਵਿਗੜ ਗਿਆ। ਉਹ ਮਹਿਕ ਉੱਪਰ ਜਾ ਡਿੱਗਿਆ।
”ਤੇਰੀ ਓਏ ਭੈਣ… ਸਕੀਮੀਆ।” ਮਹਿਕ ਨੇ ਸਕੀਮੀ ਨੂੰ ਕਰਾਰੀ ਜਿਹੀ ਗਾਲ ਕੱਢ ਦਿੱਤੀ।
”ਸੌਰੀ… ਸੌਰੀ… ਸੌਰੀ… ਯਾਰ…।” ਸਕੀਮੀ ਹੱਸਦਾ ਸੌਰੀ ਮੰਗ ਰਿਹਾ ਸੀ।
”ਤੇਰੇ ਵੀ ਐਡੇ-ਐਡੇ ਡੇਲੇ ਲਾਏ ਨੇ ਰੱਬ ਨੇ। ਤੈਨੂੰ ਦਿੱਸਿਆ ਨੀਂ?” ਮਹਿਕ ਸਕੀਮੀ ਤੋਂ ਬਾਅਦ ਗਰੇਵਾਲ ਨੂੰ ਪੈ ਗਈ। ਗਰੇਵਾਲ ਨੇ ਮਹਿਕ ਦਾ ਹੱਥ ਫੜ੍ਹ ਕੇ ਖੜ੍ਹੀ ਕਰ ਲਿਆ।
”ਮੈਨੂੰ ਪਤੈ, ਇਹ ਜਾਣ ਕੇ ਤੇਰੇ ‘ਤੇ ਡਿੱਗਿਐ। ਤੂੰ ਇਹਨੂੰ ਨਜ਼ਰਾਂ ‘ਚੋਂ ਡੇਗ ਦੇ ਹੁਣ।” ਸਕੀਮੀ ਨੂੰ ਮਜ਼ਾਕ ਸੁੱਝ ਰਹੇ ਸਨ।
”ਉਂਝ ਡਿਗਦੀ ਤਾਂ ਚੁੱਕ ਲੈਂਦੇ… ਨਜ਼ਰਾਂ ‘ਚੋਂ ਗਿਰ ਗੀ ਕੀ ਕਰੀਏ…।” ਸੁਮਨ ਹੱਸਦੀ ਗੀਤ ਗਾਉਣ ਲੱਗ ਪਈ।
”ਓਏ… ਰੁਕਣਾ ਨਹੀਂ। ਚਲੋ ਖੇਡੋ।” ਦੂਰੋਂ ਸਰ ਦਾ ਬੋਲ ਗੂੰਜਿਆ ਤਾਂ ਮੈਚ ਫਿਰ ਸ਼ੁਰੂ ਹੋ ਗਿਆ।
ਅੱਠ ਵਜੇ ਐਕਟੀਵਿਟੀ ਦੀ ਸਮਾਪਤੀ ਦੀ ਵਿਸਲ ਵੱਜ ਗਈ। ਸਾਰੇ ਮੁੰਡੇ-ਕੁੜੀਆਂ ਫਿਰ ਲਾਈਨਾਂ ਵਿਚ ਆ ਖੜ੍ਹੇ। ਪਤੰਗਾ ਸਰ ਨੇ ਸਾਰਿਆਂ ਨੂੰ ਬੈਠਣ ਦਾ ਹੁਕਮ ਦੇ ਦਿੱਤਾ, ”ਹਾਂ ਬਈ, ਪਰਸੋਂ ਨੂੰ ਆਪਣਾ ਇੰਟਰ ਕਾਲਜ ਹੈ। ਕਬੱਡੀ ਵਾਲੇ ਮੁੰਡੇ-ਕੁੜੀਆਂ, ਜਿਹੜਾ ਵੀ ਤੁਹਾਡਾ ਕੋਈ ਟੀਮ ‘ਚ ਖੇਡਣ ਵਾਲਾ ਦੋਸਤ ਮਿੱਤਰ ਨਹੀਂ ਆਇ

ਆ, ਉਹਨੂੰ ਵੀ ਸੁਨੇਹਾ ਲਾ ਦਿਓ। ਆਪਾਂ ਪਰਸੋਂ ਨੂੰ ਸਾਢੇ ਅੱਠ ਵਜੇ ਇੱਥੋਂ ਚੱਲਣੈ।”

”ਸਰ ਟੂਰਨਾਮੈਂਟ ਕਿੱਥੇ ਹੋਣੇ ਨੇ ਜੀ?” ਵਿੱਚੋਂ ਇਕ ਨੇ ਪੁੱਛਿਆ।
”ਲੁਧਿਆਣੇ ਹੋਣੇ ਨੇ, ਆਰੀਆ ਕਾਲਜ ‘ਚ। ਆਪਣੀ ਪਰੋਪਰ ਡਰੈੱਸ ‘ਚ ਆਉਣੈ। ਐਨੀ ਡਾਊਟ?”
”ਨੋ ਸਰ।” ਸਾਰੇ ਇਕ ਸਾਥ ਬੋਲੇ।
”ਸਟੈਂਡ ਅੱਪ।” ਲਾਲੀ ਦੀ ਕਮਾਂਡ ‘ਤੇ ਸਾਰੇ ਵਿਦਿਆਰਥੀ ਖੜ੍ਹੇ ਹੋ ਗਏ। ”ਔਨ ਦੀ ਵਰਡ ਆਫ ਕਮਾਂਡ, ਗਰੁੱਪ ਡਿਸਮਿਸ, ਟਰਨ ਯੂਅਰ ਰਾਈਟ ਸਾਈਡ ਐਂਡ ਸੇ ਲਾਉਡਲੀ ਜੈ ਹਿੰਦ। ਕਲੀਅਰ?”
”ਯੈੱਸ ਸਰ।” ਸਾਰਿਆਂ ਨੇ ਉੱਚੀ ਆਵਾਜ਼ ਵਿਚ ਬੋਲਿਆ।
ਲਾਲੀ ਨੇ ਸਾਰਿਆਂ ਨੂੰ ਰਾਈਟ ਟਰਨ ਕਰ ਕੇ ਲਾਈਨਾਂ ਤੋੜ ਦਿੱਤੀਆਂ। ਮੁੰਡੇ-ਕੁੜੀਆਂ ਤਿਆਰ ਹੋਣ ਲਈ ਆਪੋ-ਆਪਣੇ ਕਮਰਿਆਂ ਨੂੰ ਚੱਲ ਪਏ। ਤਰਨ ਹੋਰੀਂ ਕੁਝ ਮੁੰਡਿਆਂ ਨਾਲ ਕਾਹਲੀ-ਕਾਹਲੀ ਕੰਟੀਨ ਵੱਲ ਤੁਰ ਪਏ। ਹੋਸਟਲਾਂ ‘ਚ ਰਹਿੰਦੇ ਜ਼ਿਆਦਾਤਰ ਮੁੰਡੇ ਤਿਆਰ ਹੋ ਕੇ ਹੀ ਰੋਟੀ ਖਾਣ ਲਈ ਆਉਂਦੇ। ਕੁਝ ਮੁੰਡੇ ਉਸ ਸਮੇਂ ਜ਼ਿਆਦਾ ਇਕੱਠ ਹੋਣ ਕਰਕੇ ਅਸੈਂਬਲੀ ਤੋਂ ਤੁਰੰਤ ਬਾਅਦ ਹੀ ਰੋਟੀ ਖਾ ਲੈਂਦੇ ਤੇ ਫਿਰ ਦਸ ਵਜਦੇ ਨੂੰ ਆਰਾਮ ਨਾਲ ਤਿਆਰ ਹੋ ਕੇ ਕਾਲਜ ਆਉਂਦੇ। ਪਿੰਡ ਵਿਚ ਕਿਰਾਏ ‘ਤੇ ਰਹਿੰਦੇ ਮੁੰਡਿਆਂ ਨੂੰ ਮਜ਼ਬੂਰੀ ਵੱਸ ਰੋਟੀ ਅਸੈਂਬਲੀ ਤੋਂ ਤੁਰੰਤ ਬਾਅਦ ਹੀ ਖਾਣੀ ਪੈਂਦੀ ਕਿਉਂਕਿ ਜੇਕਰ ਉਹ ਕਾਲਜ ਦੇ ਸਮੇਂ ਤਿਆਰ ਹੋ ਕੇ ਰੇਟੀ ਖਾਣ ਆਉਂਦੇ ਉਦੋਂ ਤੱਕ ਰੋਟੀ ਬੰਦ ਹੋ ਜਾਂਦੀ। ਜੇ ਪਹਿਲਾਂ ਆਉਂਦੇ ਤਾਂ ਏਨੀ ਦੂਰੋਂ ਦੋ ਗੇੜੇ ਲਾਉਣੇ ਪੈਂਦੇ। ਇਸ ਕਰਕੇ ਤਰਨ ਹੋਰੀਂ ਰੋਟੀ ਦਾ ਪਹਿਲਾਂ ਹੀ ਕੰਮ ਨਿਬੇੜ ਜਾਂਦੇ। ਅੱਜ ਵੀ ਉਹ ਸਾਢੇ ਅੱਠ ਵੱਜਦੇ ਨੂੰ ਰੋਟੀ ਖਾ ਕੇ ਤਿਆਰ ਹੋਣ ਲਈ ਘਰ ਆ ਗਏ।
—————
ਇੰਟਰ ਕਾਲਜ ਲਈ ਖੇਡਣ ਜਾਣ ਵਾਲਾ ਦਿਨ ਆ ਗਿਆ ਸੀ। ਕਾਲਜ ਦੀ ਬੱਸ ਹਾਰਨ ਮਾਰਦੀ ਮੁੰਡੇ-ਕੁੜੀਆਂ ਨੂੰ ਤਿਆਰੀ ਖਿੱਚ ਕੇ ਆ ਜਾਣ ਦੇ ਸੱਦੇ ਦੇ ਰਹੀ ਸੀ। ਮੁੰਡੇ-ਕੁੜੀਆਂ ਟੌਹਰਾਂ ਕੱਢੀਂ, ਆਪੋ-ਆਪਣੀਆਂ ਕਿੱਟਾਂ, ਬੈਗ ਲਈ ਹੱਸਦੇ ਚਿਹਰਿਆਂ ਨਾਲ ਬੱਸ ਦੁਆਲੇ ਇਕੱਠੇ ਹੋ ਰਹੇ ਸਨ। ਇਕ-ਦੂਜੇ ਦੀ ਨਜ਼ਰ ਬਾਕੀ ਸਾਥੀਆਂ ‘ਤੇ ਫਿਰਦੀ ਇਹ ਪਰਖ ਰਹੀ ਸੀ ਕਿ ਬਾਕੀ ਕਿਹੜਾ ਅਜੇ ਵੀ ਰਹਿ ਗਿਆ ਹੈ? ਜਦੋਂ ਸਾਰੇ ਮੁੰਡੇ-ਕੁੜੀਆਂ ਬੱਸ ਵਿਚ ਬੈਠ ਗਏ ਤਾਂ ਹਰਮੀਤ ਸਰ ਨੇ ਬੱਸ ਦੀ ਅਗਲੀ ਤਾਕੀ ਕੋਲ ਖੜ੍ਹ ਕੇ ਸਭ ਨੂੰ ਸੰਬੋਧਨ ਕੀਤਾ, ”ਕੋਈ ਰਿਹਾ ਤਾਂ ਨਹੀਂ ਬਈ?”
”ਆ ਗਈਆਂ ਜੀ ਸੰਗਤਾਂ ਸਾਰੀਆਂ।” ਲਾਲੀ ਨੇ ਪਿਛਲੀ ਤਾਕੀ ਚੜ੍ਹਦਿਆਂ ਕਿਹਾ।
”ਚੱਲੀਏ ਫੇਰ?” ਸਰ ਨੇ ਸਭ ਤੋਂ ਇਜਾਜ਼ਤ ਮੰਗੀ।
”ਯੈੱਸ ਸਰ।” ਸਾਰੇ ਇਕ ਸੁਰ ਬੋਲੇ।
”ਛੱਡੋ ਫੇਰ ਜੈਕਾਰਾ।”
”ਬੋ… ਲੇ ਸੋ… ਨਿਹਾਲ ਓ…।” ਪਿੱਛੋਂ ਇਕ ਮੁੰਡਾ ਉੱਚੀ ਆਵਾਜ਼ ਵਿੱਚ ਬੋਲਿਆ।
”ਸਤਿ ਸ੍ਰੀ ਅਕਾਲ.. ਓ…।” ਸਾਰਿਆਂ ਦੇ ਦਿੱਤੇ ਜੈਕਾਰੇ ਦੇ ਜਵਾਬ ਨਾਲ ਹੀ ਬੱਸ ਤੁਰ ਪਈ।
ਲਾਲੀ, ਮਹਿਕ ਨਾਲ ਆ ਕੇ ਬੈਠ ਗਿਆ। ਮਹਿਕ ਸ਼ੀਸ਼ੇ ਵਾਲੇ ਪਾਸੇ ਬੈਠੀ ਸੀ। ਉਸ ਨੇ ਲਾਲੀ ਵੱਲ ਵੇਖ ਕੇ ਮੁਸਕੁਰਾਇਆ ਤੇ ਫਿਰ ਬਾਹਰ ਖੁੱਲ੍ਹੀ ਫ਼ਿਜ਼ਾ ਵੱਲ ਵੇਖਣ ਲੱਗ ਪਈ। ਨਿੱਸਰ ਰਹੇ ਝੋਨੇ ਦੀ ਮਹਿਕ ਠੰਢੀ ਹਵਾ ਵਿਚ ਘੁਲ ਕੇ ਸ਼ੀਸ਼ੇ ਰਾਹੀਂ ਅੰਦਰ ਆ ਰਹੀ ਸੀ। ਮਹਿਕ ਨੂੰ ਹਵਾ ਜ਼ਿਆਦਾ ਲੱਗੀ ਤਾਂ ਉਸ ਨੇ ਅੱਧਾ ਸ਼ੀਸ਼ਾ ਬੰਦ ਕਰ ਦਿੱਤਾ।
”ਮਹਿਕ।” ਲਾਲੀ ਨੇ ਉਸ ਨੂੰ ਬੁਲਾਇਆ।
”ਹਾਂ?” ਮਹਿਕ ਦੀਆਂ ਸਵਾਲੀਆਂ ਨਜ਼ਰਾਂ ਲਾਲੀ ਦੇ ਚਿਹਰੇ ‘ਤੇ ਟਿਕ ਗਈਆਂ.
”ਯਾਰ ਮੇਰੀ ਇੱਕ ਹੈਲਪ ਈ ਕਰ ਦੇ।”
”ਬੋਲ।”
”ਪਹਿਲਾਂ ਪ੍ਰੋਮਿਸ ਕਰ ਵੀ ਕਰੇਂਗੀ।” ਲਾਲੀ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਭੱਜਣ ਦਾ ਕੋਈ ਰਾਹ ਬਚ ਜਾਵੇ।
”ਕਿਉਂ? ਮੈਂ ਪ੍ਰੋਮਿਸ ਕਰ  ਲਵਾਂ, ਤੂੰ ਛਿੱਤਰ ਪਵਾਉਣ ਵਾਲਾ ਕੰਮ ਕਹਿ ਦੇਵੇਂ। ਇਸ ਤਰ੍ਹਾਂ ਨੀ ਚੱਲਣਾ ਕਾਕਾ। ਪਹਿਲਾਂ ਕੰਮ ਦੱਸ।”
”ਉਹ ਮੇਰੀ ਜ਼ਿੰਮੇਵਾਰੀ ਐ।”
”ਚੱਲ ਦੱਸ ਫੇਰ।”
”ਬੀ. ਏ. ‘ਚ ਇਕ ਕੁੜੀ ਪੜ੍ਹਦੀ ਐ ਮੂਲੇਵਾਲ ਦੀ…।”
”ਉਹ ਪਤਲੀ ਜਿਹੀ? ਗੋਰੀ ਜਿਹੀ? ਜਿਹਦੇ ਪਿੱਛੇ ਤੂੰ ਗੇੜੀਆਂ ਲਾਉਣੈ?” ਲਾਲੀ ਦੀ ਰਹਿੰਦੀ ਗੱਲ ਮਹਿਕ ਨੇ ਪੂਰੀ ਕਰ ਦਿੱਤੀ।
”ਹਾਂ ਹਾਂ… ਤੈਨੂੰ ਕਿਵੇਂ ਪਤੈ?” ਲਾਲੀ ਨੇ ਹੈਰੀ ਨਾਲ ਮਹਿਕ ਵੱਲ ਵੇਖਿਆ।
”ਸਾਨੂੰ ਸਭ ਪਤਾ ਹੈ ਪੁੱਤਰਾ ਕਿ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ।” ਮਹਿਕ ਖਚਰੀ ਹਾਸੀ ਹੱਸੀ।
”ਚੰਗਾ ਸੰਤ ਬਾਬਾ ਜਾਣੀ-ਜਾਣ ਜੀ, ਓਸ ਕੁਡੀ ਨੂੰ ਮੇਰਾ ਨੰਬਰ ਫੜਾ ਦੀਂ।”
”ਜੇ ਮੇਰੇ ਗਲ ਪੈ ਗਈ?”
”ਓਏ ਨਹੀਂ ਪੈਂਦੀ ਯਾਰ! ਮੇਰੀ ਜ਼ਿੰਮੇਵਾਰੀ ਐ। ਉਹਦੇ ਵੱਲੋਂ ਵੀ ਸੌ ਪਰਸੈਂਟ ਐ। ਬੱਸ ਬੋਲ ਈ ਨੀਂ ਸਾਂਝੇ ਹੋਏ। ਤੇਰੇ ਅਸ਼ੀਰਵਾਦ ਦੀ ਲੋੜ ਐ ਬਾਬਾ ਜੀ।”
”ਚੱਲ ਠੀਕ ਐ ਫੇਰ। ਤੂੰ ਵੀ ਕੀ ਯਾਦ ਰੱਖੇਂਗਾ। ਪਾਰਟੀ ਫੇਰ ਵੱਡੀ ਦੇਣੀ ਪਊ।”
”ਪਾਰਟੀ ਤਾਂ ਤੂੰ ਚਾਹੇ ਆਹ ਵਾਟਰਬਕਸ ਜਿੱਡੀ ਲੈ ਲੀਂ।” ਲਾਲੀ ਨੇ ਸ਼ੀਸ਼ੇ ਵਿਚੋਂ ਬਾਹਰ ਦਿਖਾਈ ਦਿੰਦੀ ਡਿੱਗੀ ਵੱਲ ਇਸ਼ਾਰਾ ਕੀਤਾ।
”ਤੇਰੀ ਓਏ ਭੈਣ…।” ਮਹਿਕ ਨੇ ਉਸ ਦੇ ਮੋਢੇ ਉੱਤੇ ਮੁੱਕੀ ਮਾਰੀ। ਦੋਵਾਂ ਦਾ ਹਾਸਾ ਗੂੰਜਿਆ ਤੇ ਫਿਰ ਗੱਲਾਂ ਵਿਚ ਰੁੱਝ ਗਏ।
”ਸਾਰੀ ਬੱਸ ਵਿਚ ਹੀ ਗੱਲਾਂ ਦੀ ਕਿੱਚ-ਕਿੱਚ ਹੋ ਰਹੀ ਸੀ। ਡਰਾਈਵਰ ਨੇ ਗੀਤ ਲਾ ਕੇ ਆਵਾਜ਼ ਉੱਚੀ ਚੁੱਕ ਦਿੱਤੀ ਤਾਂ ਅੱਧਿਆਂ ਦਾ ਧਿਆਨ ਗੱਲਾਂ ਵੱਲੋਂ ਹਟ ਕੇ ਗੀਤ ਵੱਲ ਹੋ ਗਿਆ। ਗੱਲਾਂ ਮਾਰਦਿਆਂ, ਗੀਤ ਦੇ ਬੋਲਾਂ ਨਾਲ ਬੋਲ ਮਿਲਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਲੁਧਿਆਣੇ ਦਾ ਕਾਲਜ ਆ ਗਿਆ। ਸਾਰੇ ਉੱਤਰ ਕੇ ਗਰਾਊਂਡ ਕੋਲ ਲਾਏ ਬੈਂਚਾਂ ਉੱਤੇ ਬੈਠ ਗਏ।
ਹੋਰ ਕਾਲਜ ਤੋਂ ਵੀ ਮੁੰਡੇ-ਕੁੜੀਆਂ ਆ ਗਏ ਸਨ ਤੇ ਕੁਝ ਆ ਰਹੇ ਸਨ। ਕਾਲਜ ਵਿਚ ਚੜ੍ਹਦੀ ਜਵਾਨੀ ਦਾ ਮੇਲਾ ਲੱਗ ਗਿਆ ਸੀ। ਮੁੰਡੇ-ਕੁੜੀਆਂ ਵੱਖ-ਵੱਖ ਡਰੈੱਸਾਂ ਵਿਚ ਇੱਧਰ-ਉਧਰ ਫਿਰਦੇ ਵੱਖ-ਵੱਖ ਰੰਗਾਂ ਦੀਆਂ ਤਿਤਲੀਆਂ ਵਾਂਗ ਜਾਪਦੇ ਸਨ। ਜਦੋਂ ਮੈਂਚ ਸਟਾਰਟ ਹੋਏ ਤਾਂ ਸਾਰੇ ਮੁੰਡੇ-ਕੁੜੀਆਂ ਆਪੋ-ਆਪਣੀ ਟੀਮ ਦੀ ਹੌਂਸਲਾ ਅਫ਼ਜ਼ਾਈ ਲਈ ਗਰਾਊਂਡਾਂ ਦੁਆਲੇ ਇਕੱਠੇ ਹੋ ਗਏ। ਜਿਸ ਕਾਲਜ ਦੀ ਵੀ ਟੀਮ ਕੋਈ ਅੰਕ ਪ੍ਰਾਪਤ ਕਰ ਲੈਂਦੀ ਉਸੇ ਟੀਮ ਦੇ ਮੁੰਡੇ-ਕੁੜੀਆਂ ਤਾੜੀਆਂ ਅਤੇ ਚੀਕਾਂ ਨਾਲ ਅਸਮਾਨ ਚੁੱਕ ਦਿੰਦੇ। ਰੈਫ਼ਰੀ ਨੇ ਇੱਕ ਦੋ ਵਾਰ ਕਿਹਾ ਵੀ ਕਿ ਪਿੱਛੋਂ ਸ਼ੋਰ ਨਾ ਪਾਇਆ ਜਾਵੇ ਪਰ ਮੇਲੇ ਦੇ ਚੀਕ-ਚਿਹਾੜੇ ‘ਚ ਉਸਦਾ ਹੋਕਾ ਕਿਸ ਨੇ ਸੁਣਨਾ ਸੀ? ਜੋਸ਼ ਅੱਗੇ ਬੰਨ੍ਹ ਕੌਣ ਲਾ ਸਕਦਾ ਸੀ। ਸਭ ਉਵੇਂ ਹੀ ਚੱਲ ਰਿਹਾ ਸੀ।
ਅੱਜ ਫੱਮਣਵਾਲ ਦੀਆਂ ਦੋਵੇਂ ਕਬੱਡੀ ਟੀਮਾਂ ਇੱਕ-ਇੱਕ ਮੈਚ ਜਿੱਤ ਗਈਆਂ। ਸੈਮੀ ਫਾਈਨਲ ਅਤੇ ਫਾਈਨਲ ਕੱਲ੍ਹ ਹੋਣੇ ਸੀ। ਸਾਰੇ ਮੈਚ ਸਮਾਪਤ ਹੋਣ ਤੋਂ ਬਾਅਦ ਜਿੱਤ ਦੀ ਖੁਸ਼ੀ ਵਿਚ ਤਰਨ ਹੋਰਾਂ ਨੇ ਆਪਣੀ ਕਾਲਜ ਬੱਸ ‘ਚੋਂ ਵੱਡਾ ਬਕਸਾ ਚੁੱਕ ਕੇ ਬੱਸ ਦੀ ਤਾਕੀ ਵਿਚ ਰੱਖ ਲਿਆ ਤੇ ਵੱਡੀ ਆਵਾਜ਼ ਵਿਚ ਗੀਤ ਲਾ ਕੇ ਨੱਚਣ ਲੱਗ ਪਏ। ਕਾਲਜ ਦੇ ਸਾਰੇ ਮੁੰਡੇ-ਕੁੜੀਆਂ, ਜਿਸ ਨੂੰ ਵੀ ਪੁੱਠੀਆਂ-ਸਿੱਧੀਆਂ ਲੱਤਾਂ ਮਾਰਨੀਆਂ ਆਉਂਦੀਆਂ ਸਨ, ਉਹ ਆਪੋ-ਆਪਣੇ ਡਾਂਸ ਨੂੰ ਮਹਾਨ ਸਮਝਦੇ ਵਿਚ ਸ਼ਾਮਿਲ ਹੋ ਗਏ ਸਨ। ਜਦੋਂ ਜੋਸ਼ ਉੱਤੇ ਥਕੇਵਾਂ ਭਾਰੂ ਪੈਣ ਲੱਗਿਆ ਫਿਰ ਸਾਰੇ ਕੰਟੀਨ ਜਾ ਕੇ ਰੋਟੀ ਖਾ ਆਏ। ਰੋਟੀ ਤੋਂ ਬਾਅਦ ਮੁੰਡੇ-ਕੁੜੀਆਂ ਨੇ ਆਪੋ-ਆਪਣੇ ਕਮਰਿਆਂ ਵਿਚ ਮਹਿਫ਼ਲਾਂ ਲਗਾ ਲਈਆਂ।
ਅਗਲੇ ਦਿਨ ਬਾਕੀ ਮੈਚ ਹੋ ਗਏ। ਫੱਮਣਵਾਲ ਕਾਲਜ ਦੀਆਂ ਕੁੜੀਆਂ ਫਸਟ ਆ ਗਈਆਂ। ਮੁੰਡੇ ਦੋ ਨੰਬਰਾਂ ਦੇ ਫਰਕ ਨਾਲ ਦੂਸਰੇ ਸਥਾਨ ‘ਤੇ ਰਹਿ ਗਏ। ਸ਼ਾਮ ਤਿੰਨ ਵਜਦੇ ਨੂੰ ਸਾਰੀ ਸਮਾਪਤੀ ਹੋ ਗਈ। ਸਾਰੇ ਖਿਡਾਰੀਆਂ ਨੂੰ ਕਾਲਜ ਪਹੁੰਚਾਉਣ ਦੀ ਡਿਊਟੀ ਡਰਾਈਵਰ ਅਤੇ ਕੰਡਕਟਰ ਨੂੰ ਸੰਭਾਲ ਕੇ ਪਤੰਗਾ ਅਤੇ ਹਰਮੀਤ ਸਰ ਆਪ ਸੁਰਖਰੂ ਹੋਏ, ਜਿੱਤ ਦੀ ਖੁਸ਼ੀ ਮਨਾਉਣ ਲਈ ਰੈਸਟੋਰੈਂਟ ਵਿਚ ਜਾ ਬੈਠੇ।
ਕਾਲਜ ਗਰਾਊਂਡ ਵਿਚ ਸ਼ਾਮ ਦੀ ਐਕਟੀਵਿਟੀ ਤੋਂ ਬਾਅਦ ਅਸੈਂਬਲੀ ਚੱਲ ਰਹੀ ਸੀ ਜਦੋਂ ਪਤੰਗਾ ਤੇ ਹਰਮੀਤ ਸਰ ਛਾਪਾ ਮਾਰਨ ਵਾਲਿਆਂ ਵਾਂਗ ਗੱਡੀ ਲੈ ਕੇ ਗਰਾਊਂਡ ਵਿਚ ਆ ਪਹੁੰਚੇ। ਐਮ. ਪੀ. ਐਡ. ਦਾ ਮੁੰਡਾ ਰਾਈਟ ਡਰੈੱਸ ਕਰਵਾ ਰਿਹਾ ਸੀ। ਉਹ ਦੋਵੇਂ, ਨੇਤਾ ਦੇ ਬਾਡੀਗਾਰਡਾਂ ਵਾਂਗ ਉਸ ਦੇ ਪਿੱਛੇ ਆ ਖੜ੍ਹੇ।
”ਔਨ ਦੀ ਵਰਡ ਆਫ ਕਮਾਂਡ। ਗਰੁੱਪ ਡਿਸਮਿਸ, ਟਰਨ ਯੂਅਰ ਰਾਈਟ ਸਾਈਡ ਐਂਡ ਸੇ ਲਾਉਡਲੀ ਜੈ ਹਿੰਦ।” ਮੁੰਡੇ ਨੇ ਸਾਰੇ ਗਰੁੱਪਾਂ ਨੂੰ ਕਮਾਂਡ ਦਿੱਤੀ ਤੇ ਫਿਰ ਪੁੱਛਿਆ, ”ਕਲੀਅਰ?”
”ਯੈੱਸ ਸਰ।”
”ਅਟੈਨਸ਼ਨ। ਰਾਈਟ ਟਰਨ।”
”ਜੈ ਹਿੰਦ।” ਸਭ ਨੇ ਸੱਜੇ ਮੁੜਦਿਆਂ ਸੈਲੂਟ ਮਾਰਿਆ।
”ਰੁਕੋ ਓਏ ਰੁਕੋ।” ਵਿਦਿਆਰਥੀ ਲਾਈਨਾਂ ਤੋੜਦੇ ਇਸ ਤੋਂ ਪਹਿਲਾਂ ਹੀ ਹਰਮੀਤ ਸਰ ਨੇ ਹੁਕਮ ਸੁਣਾ ਦਿੱਤਾ, ”ਤੂੰ ਬੋਲਣੈ, ਟਿੰਗ-ਲਿੰਗ, ਟਊਂ-ਟਊਂ, ਟਰਨ-ਟਰਨ। ਬਾਕੀ ਸਾਰਿਆਂ ਨੇ ਬੋਲਣੈ, ਬੁ.. ਰ… ਰ…ਅ…।” ਉਸ ਦੀ ਜ਼ੁਬਾਨ ਨਸ਼ੇ ਕਾਰਨ ਤਿਲਕ ਰਹੀ ਸੀ।
ਸਾਰੇ ਵਿਦਿਆਰਥੀਆਂ ਦਾ ਹਾਸਾ ਨਿਕਲ ਗਿਆ।
”ਨਾ ਨਾ ਨੋ… ਹੱਸਣਾ ਨਹੀਂ। ਸਹੀ ਬੋਲਣੈ।” ਪਤੰਗਾ ਸਰ ਨੇ ਇੱਕ ਉਂਗਲ ਖੜ੍ਹੀ ਕਰ ਕੇ ਹਵਾ ਵਿਚ ਨਾਂਹ ਦੀ ਮੁਦਰਾ ਵਿਚ ਨਚਾਈ, ”ਚਲ ਬੋਲ।”
”ਟਿੰਗ-ਲਿੰਗ, ਟਊਂ… ਊਂ…।” ਲੀਡਰ ਮੁੰਡੇ ਦਾ ਪੂਰਾ ਵਾਕ ਬੋਲਣ ਤੋਂ ਪਹਿਲਾਂ ਹੀ ਹਾਸਾ ਛੁਟ ਗਿਆ। ਬਾਕੀ ਵਿਦਿਆਰਥੀ ਵੀ ਉਸ ਦੇ ਪਿੱਛੇ ਹੀ ਹੱਸ ਪਏ।
”ਬੋਲ ਬੋਲ।” ਪਿੱਛੇ ਖੜ੍ਹੇ ਹਰਮੀਤ ਸਰ ਫਿਰ ਬੋਲ ਪਏ। ”ਚਲੋ ਹੁਣ ਸੀਰੀਅਸ ਹੋ ਕੇ ਬੋਲਣੈ। ਟਿੰਗ-ਲਿੰਗ, ਟਰਨ-ਟਰਨ, ਟਊਂ-ਟਊਂ।” ਮੁੰਡੇ ਨੇ ਕਮਾਂਡ ਦਿੱਤੀ।
”ਓਏ…। ਗਲਤ ਬੋਲਦੈਂ। ਸਹੀ ਬੋਲ। ਦੇਖ ਇਧਰ। ਏਵੇਂ ਬੋਲਣੈ, ਟਿੰਗ-ਲਿੰਗ, ਟਊਂ-ਟਊਂ, ਟਰਨ-ਟਰਨ।” ਹਰਮੀਤ ਸਰ ਨੇ ਉਸ ਨੂੰ ਇਸ ਤਰ੍ਹਾਂ ਸਮਝਾਇਆ ਜਿਵੇਂ ਪੇਪਰਾਂ ਵਿਚ ਆਉਣ ਵਾਲਾ ਕੋਈ ਖਾਸ ਸਵਾਲ ਸਮਝਾ ਰਿਹਾ ਹੋਵੇ।
ਲੀਡਰ ਮੁੰਡਾ ਜਦੋਂ ਕਮਾਂਡ ਦਿੰਦਾ ਜਾਂ ਬਾਕੀ ਵਿਦਿਆਰਥੀਆਂ ਦੇ ‘ਬੁ.. ਰ… ਰ.. ਅ’ ਬੋਲਣ ਵਿਚ, ਦੋਵੇਂ ਅਧਿਆਪਕਾਂ ਦੀ ਨਜ਼ਰ ਵਿਚ ਕੋਈ ਨਾ ਕੋਈ ਗਲਤੀ ਰਹਿ ਜਾਂਦੀ। ਉਹ ਦੁਬਾਰਾ ਫਿਰ ਬੋਲਣ ਦਾ ਹੁਕਮ ਦੇ ਦਿੰਦੇ। ਇਹ ਸਿਲਸਿਲਾ ਕਿੰਨੀ ਦੇਰ ਚਲਦਾ ਰਿਹਾ। ਪਹਿਲਾਂ ਤਾਂ ਵਿਦਿਆਰਥੀ ਇਸ ਵਿਚੋਂ ਇਨਜੁਆਏ ਕਰਦੇ ਰਹੇ ਪਰ ਜਦੋਂ ਇਹ ਵਾਰ-ਵਾਰ ਦੁਹਰਾਇਆ ਜਾਣ ਲੱਗਿਆ ਤਾਂ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ‘ਤੇ ਗੁੱਸਾ ਆਉਣਾ ਸ਼ੁਰੂ ਹੋ ਗਿਆ। ਉਹ ਆਪੋ-ਆਪਣੇ ਮਨ ਵਿਚ ਦੋਵਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਸ਼ਾਇਦ ਅਧਿਆਪਕ ਵੀ ਸਮਝ ਗਏ ਸੀ ਜਾਂ ਆਪ ਵੀ ਹੁਣ ਇਸ ਤੋਂ ਅੱਕ ਗਏ ਸਨ, ਉਹਨਾਂ ਨੇ ਲੀਡਰ ਮੁੰਡੇ ਨੂੰ ਅਸੈਂਬਲੀ ਖ਼ਤਮ ਕਰਨ ਦਾ ਇਸ਼ਾਰਾ ਕਰ ਦਿੱਤਾ।
”ਟਿੰਗਲਿੰਗ, ਟਊਂ-ਟਊਂ, ਟਰਨ-ਟਰਨ।” ਮੁੰਡੇ ਨੇ ਉੱਚੀ ਆਵਾਜ਼ ਵਿਚ ਕਮਾਂਡ ਦਿੱਤੀ।
”ਬੂ…ਰ…ਰ….ਅ।” ਸਾਰੇ ਮੁੰਡੇ-ਕੁੜੀਆਂ ਨੇ ਲਲਕਾਰਾ ਮਾਰ ਕੇ ਲਾਈਨਾਂ ਤੋੜ ਦਿੱਤੀਆਂ।
ਸਾਰਿਆਂ ਦੇ ਚਿਹਰਿਆਂ ‘ਤੇ ਬੁੱਚੜ ਅਧਿਆਪਕਾਂ ਤੋਂ ਜਾਨ ਛੁੱਟ ਜਾਣ ਕਰਕੇ ਹਾਸਾ ਆ ਗਿਆ। ਉਹ ਖੁਸ਼ ਹੋਏ ਗੱਲਾਂ ਕਰਦੇ, ਕੁਝ ਅਧਿਆਪਕਾਂ ਦੀ ਬੇਵਕੂਫ਼ੀ ‘ਤੇ ਔਖੇ-ਭਾਰੇ ਹੁੰਦੇ ਸ਼ਾਮ ਦੇ ਖੁਸਮੁਸੇ ਵਿਚ ਗਰਾਊਂਡ ਤੋਂ ਬਾਹਰ ਆ ਗਏ।

4
ਮੌਸਮ ਵਿਚ ਪਿਆਰੀ-ਪਿਆਰੀ ਠੰਢ ਘੁਲਣ ਲੱਗੀ ਸੀ। ਤਿਉਹਾਰਾਂ ਤੇ ਮੇਲਿਆਂ ਦਾ ਮੌਸਮ ਦਸਤਕ ਦੇਣ ਲਈ ਤਿਆਰ ਖੜ੍ਹਾ ਸੀ। ਸਾਰੇ ਪੰਜਾਬ ਵਿਚ ਯੁਵਕ ਮੇਲੇ ਸ਼ੁਰੂ ਹੋ ਗਏ ਸਨ। ਇਸ ਵਾਸਲ ਜੋਨਲ ਯੁਵਕ ਮੇਲੇ ਦੀ ਮੇਜ਼ਬਾਨੀ ਫੱਮਣਵਾਲ ਕਾਲਜ ਦੇ ਹਿੱਸੇ ਆਈ ਸੀ। ਸਾਰੇ ਕਾਲਜ ਨੂੰ ਹੀ ਇਸ ਦਾ ਘਰ ਰੱਖੇ ਵਿਆਹ ਜਿੰਨਾ ਚਾਅ ਸੀ। ਮੁੰਡੇ-ਕੁੜੀਆਂ ਕਿੰਨੇ ਹੀ ਸਮੇਂ ਤੋਂ ਤਿਆਰੀ ਵਿਚ ਜੁਟੇ ਸਨ। ਕਿਧਰੋਂ ਭੰਗੜੇ ਵਾਲਿਆਂ ਦਾ ਢੋਲ ਘੜਕਦਾ ਰਿਹਾ ਸੀ ਤੇ ਕਾਲਜ ਦੇ ਕਿਸੇ ਹੋਰ ਕੋਨੇ ਵਿਚੋਂ ਗਿੱਧੇ ਦੀ ਤਾਲ ਨਾਲ ਢੋਲਕੀ ਵਜਦੀ ਸੁਣਾਈ ਦਿੰਦੀ ਰਹੀ ਸੀ। ਏਨੇ ਸਮੇਂ ਦੀ ਕੀਤੀ ਮਿਹਨਤ ਦਾ ਹੁਣ ਪਰਖ ਸਮਾਂ ਆ ਗਿਆ ਸੀ। ਸਾਰੇ ਫ਼ਿਜੀਕਲ ਡਿਪਾਰਮੈਂਟ ਨੂੰ ਪ੍ਰਬੰਧਕੀ ਕਮੇਟੀਆਂ ਦੀ ਡਿਊਟੀ ਸੰਭਾਲ ਦਿੱਤੀ ਸੀ। ਤਰਨ, ਸਕੀਮੀ, ਗਰੇਵਾਲ ਨਾਲ ਸੀ.ਪੀ. ਐਡ. ਵਾਸਲੇ ਮੁੰਡੇ ਤਿੰਨ ਹੋਰ ਕੁੜੀਆਂ ਦੀ ਡਿਊਟੀ ਮਹਿਮਾਨਾਂ ਨੂੰ ਚਾਹ, ਕੌਫੀ ਅਤੇ ਪਾਣੀ ਦੇਣ ਉੱਪਰ ਲਗਾ ਦਿੱਤੀ ਸੀ। ਇਸ ਚਾਹ ਕਮੇਟੀ ਦਾ ਪ੍ਰਧਾਨ ਤਰਨ ਨੂੰ ਥਾਪਿਆ ਗਿਆ ਸੀ। ਇਸ ਪੂਰੀ ਟੀਮ ਨੂੰ ਚਾਰ ਵੇਟਰ ਵੀ ਦੇ ਦਿੱਤੇ ਸਨ।
ਤਰਨ ਆਪਣੀ ਟੀਮ ਨੂੰ ਲੈ ਕੇ ਸਵੇਰ ਤੋਂ ਹੀ ਚਾਹ-ਪਾਣੀ ਦੇ ਪ੍ਰਬੰਧ ਵਿਚ ਜੁਟ ਗਿਆ ਸੀ। ਚਾਹ-ਪਾਣੀ ਦਾ ਪ੍ਰਬੰਧ ਫ਼ਿਜੀਓਥੈਰੇਪੀ ਡਿਪਾਰਟਮੈਂਟ ਵਿਚ ਰੱਖਿਆ ਗਿਆ ਸੀ। ਹੁਣ ਦੋ ਦਿਨਾਂ ਲਈ ਇਸ ਡਿਪਾਰਟਮੈਂਟ ਦੀ ਚਾਬੀ ਦੀ ਮਾਲਕ ਇਹ ਚਾਹ ਕਮੇਟੀ ਸੀ। ਤਰਨ ਹੋਰਾਂ ਨੇ ਵੇਟਰ ਨਾਲ ਰਲ ਕੇ ਚਾਹ ਅਤੇ ਕੌਫ਼ੀ ਦੀ ਸਟਾਲ ਡਿਪਾਰਮੈਂਟ ਦੇ ਵਿਹੜੇ ਵਿਚ ਲਗਾ ਲਈ ਅਤੇ ਖਾਣ-ਪੀਣ ਦਾ ਸਾਮਾਨ ਇਕ ਰੂਪ ਵਿਚ ਰੱਖ ਦਿੱਤਾ। ਚਾਹ ਵਾਲੇ ਕੱਪ ਮੇਜਾਂ ਉੱਪਰ ਸਜਾ ਦਿੱਤੇ।
ਦੋ ਕੁੜੀਆਂ ਅਤੇ ਦੋ ਮੁੰਡਿਆਂ ਦੀ ਡਿਊਟੀ ਆ ਰਹੇ ਮਹਿਮਾਨਾਂ ਨੂੰ ਵੇਖਣ ਉੱਤੇ ਲਾ ਦਿੱਤੀ ਤਾਂ ਕਿ ਉਹ ਵੇਟਰਾਂ ਨੂੰ ਦੱਸ ਸਕਣ ਕਿ ਕਿਸ ਨੂੰ ਕੀ ਪਹੁੰਚਾਉਣਾ ਹੈ। ਇਕ ਮੁੰਡੇ, ਰਕੁੜੀ ਦੀ ਡਿਊਟੀ ਡਿਪਾਰਮੈਂਟ ਦੇ ਗੇਟ ਉੱਪਰ ਵਾਧੂ ਬੰਦਿਆਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਲਗਾ ਦਿੱਤੀ। ਬਾਕੀ ਨੇ ਆਪਣੀ ਅੰਦਰਲੀ ਡਿਊਟੀ ਸੰਭਾਲ ਲਈ। ਤਰਨ ਸਾਰਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਤੋਰੇ-ਫੇੱਰੇ ਉੱਪਰ ਹੋ ਗਿਆ। ਹੁਣ ਬਾਹਰਲੇ ਕਾਲਜਾਂ ਤੋਂ ਮਹਿਮਾਨ ਆਉਣੇ ਸ਼ੁਰੂ ਹੋ ਗਏ। ਚਾਹ-ਪਾਣੀ ਪੰਡਾਲ ਵਿਚ ਪਹੁੰਚਾਇਆ ਜਾਣ ਲੱਗਾ ਸੀ। ਗਰਾਊਂਡ ਦੇ ਗੇਟ ਕੋਲ ਵਹੀਕਲ ਆ-ਆ ਲਾਈਨਾਂ ਵਿਚ ਲੱਗ ਰਹੇ ਸਨ। ਵਹੀਕਲ ਕਮੇਟੀ ਵਿਚ ਲਾਲੀ ਨਾਲ ਹੋਰ ਮੁੰਡੇ-ਕੁੜੀਆਂ ਜਦੋਂ ਪੰਡਾਲ ਵੱਲ ਆਉਂਦੇ ਤਾਂ ਇੱਧਰ-ਉਧਰ ਕੰਮਾਂ ਵਿਚ ਲੱਗੇ ਮੁੰਡੇ-ਕੁੜੀਆਂ ਦੀਆਂ ਨਜ਼ਰਾਂ ਉਹਨਾਂ ਨਵੇਂ ਆਏ ਮਹਿਮਾਨਾਂ ਵੱਲ ਉਠ ਜਾਂਦੀਆਂ। ਗਰੇਵਾਲ ਬੱਸ ਵਿਚੋਂ ਉੱਤਰ ਕੇ ਇੱਧਰ ਨੂੰ ਆ ਰਹੀਆਂ ਕੁੜੀਆਂ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਣ ੱਲਗ ਪਿਆ।
‘ਗਰੇਵਾਲ ਕੰਮ ਕਰ ਲੈ ਇੱਧਰ ਆ ਕੇ।’ ਤਰਨ ਉਸ ਨੂੰ ਤਾੜ ਗਿਆ ਸੀ।
‘ਓਏ ਤਰਨ, ਇਥੇ ਆ ਕੇ ਦੇਖ ਤੂੰ ਵੀ।’ ਗਰੇਵਾਲ ਨੇ ਤਰਨ ਨੂੰ ਵੀ ਬੋਲ ਮਾਰ ਲਿਆ। ਤਰਨ, ਗਰੇਵਾਲ ਨੂੰ ਏਨਾ ਐਕਸਾਈਟਿਡ ਵੇਖ ਕੇ ਉਸ ਕੋਲ ਗੇਟ ਵਿਚ ਜਾ ਖੜ੍ਹਿਆ।
‘ਉਹ ਦੇਖ ਓਏ! ਕਿੰਨੀ ਸੋਹਣੀ ਐ।’ ਗਰੇਵਾਲ ਨੇ ਕੁੜੀਆਂ ਦੇ ਝੁੰਡ ਪਿੱਛੇ ਆ ਰਹੀ ਨੀਲੀ ਪਜਾਮੀ ਵਾਲੀ ਕੁੜੀ ਵੱਲ ਇਸ਼ਾਰਾ ਕੀਤਾ।
‘ਹਾਂ ਓਏ।’ ਤਰਨ ਵੀ ਗਰੇਵਾਲ ਦੇ ਮੋਢੇ ‘ਤੇ ਕੂਹਣੀ ਰੱਖ ਕੇ ਉਸ ਵੱਲ ਵੇਖਣ ਲੱਗ ਪਿਆ।
”ਕੁੜੀਆਂ ਨੀ ਦੇਖੀਆਂ ਕਦੇ?’ ਜਿਨ੍ਹਾਂ ਕੁੜੀਆਂ ਦੀ ਪੰਡਾਲ ਵਿਚ ਡਿਊਟੀ ਲਾਈ ਸੀ ਉਹਨਾਂ ਵਿਚੋਂ ਇਕ ਨੇ ਆ ਕੇ ਤਰਨ ਹੋਰਾਂ ਦਾ ਧਿਆਨ ਤੋੜਿਆ।
‘ਲਿਬੜੀਆਂ-ਤਿੱਬੜੀਆਂ ਜੀਆਂ ਤਾਂ ਬਥੇਰੀਆਂ ਦੇਖੀਆਂ ਨੇ ਪਰ ਏਨੀਆਂ ਸੋਹਣੀਆਂ ਨੀ ਦੇਖੀਆਂ।’ ਤਰਨ ਨੇ ਉਹਨਾਂ ਨੂੰ ਛੇੜਿਆ।
‘ਤੇਰੇ ਵਰਗੇ ਰਾਂਝੇ ਇਨ੍ਹਾਂ ਨੂੰ ਵੀ ਨੀ ਕਿਤੇ ਮਿਲੇ ਹੋਣੇ।” ਕੁੜੀ ਨੇ ਬਰਾਬਰ ਕੁਮੈਂਟ ਕੀਤਾ ਫਿਰ ਉਹ ਅੱਗੇ ਅਸਲ ਗੱਲ ‘ਤੇ ਆ ਗਈ, ”ਕਾਕਾ ਏਵੇਂ ਟਾਈਮ ਪਾਸ ਨੀ ਹੋਣਾ। ਵੇਟਰਾਂ ਨੂੰ ਪਾਣੀ ਤੇ ਚਾਹ ਲੈ ਕੇ ਭੇਜੋ, ਤਿੰਨ-ਚਾਰ ਮਹਿਮਾਨ ਆਏ ਨੇ।”
”ਜਾਹ ਗਰੇਵਾਲ, ਨਾਲ ਜਾਹ ਬਾਈਆਂ ਦੇ।” ਤਰਨ ਨੇ ਚਾਹ ਦੇ ਬਿਸਕੁਟ ਲੈ ਕੇ ਜਾ ਰਹੇ ਵੇਟਰਾਂ ਨਾਲ ਗਰੇਵਾਲ ਨੂੰ ਭੇਜ ਦਿੱਤਾ।
ਹੌਲੀ-ਹੌਲੀ ਮਹਿਮਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ। ਤਰਨ ਹੋਰੀਂ ਸਾਰੇ ਮੁੰਡੇ-ਕੁੜੀਆਂ ਕੰਮ ਵਿਚ ਖੁੱਭ ਗਏ। ਮੁੱਖ ਮਹਿਮਾਨ ਦੇ ਆਉਣ ਤੋਂ ਬਾਅਦ ਮੇਲੇ ਦਾ ਉਦਘਾਟਨ ਹੋਇਆ ਤੇ ਫਿਰ ਉਸ ਦੀ ਮੇਜ਼ਬਾਨੀ ਹੇਠ ਮੁਕਾਬਲੇ ਸ਼ੁਰੂ ਹੋ ਗਏ। ਵਿੱਚੋਂ-ਵਿੱਚੋਂ ਸਾਰੇ ਚਾਹ ਕਮੇਟੀ ਵਾਲੇ ਵਾਰੀ-ਵਾਰੀ ਪੰਡਾਲ ਵਿਚ ਜਾ ਕੇ ਆਪਣਾ ਮਨੋਰੰਜਨ ਕਰ ਆਉਂਦੇ। ਹੁਣ ਚਾਹ ਅਤੇ ਪਾਣੀ ਲਈ ਬਾਹਰਲੇ ਵੀ ਫ਼ਿਜੀਓਥੈਰੇਪੀ ਡਿਪਾਰਟਮੈਂਟ ਵਿੱਚ ਆਉਣ ਲੱਗ ਪਏ ਸਨ। ਜਾਣ-ਪਛਾਣ ਵਾਲਿਆਂ ਨੂੰ ਕੌਫ਼ੀ ਜਾਂ ਚਾਹ ਦਾ ਕੱਪ ਪਿਆ ਤੇ ਤਰਨ ਹੋਰੀਂ ਮਾਣ ਰੱਖ ਲੈਂਦੇ। ਅਣਜਾਣ ਨੂੰ ਮਜਬੂਰੀ ਦੱਸ ਕੇ, ਪੇਡ ਕੰਨਟੀਨ ਵੱਲ ਇਸ਼ਾਰਾ ਕਰ ਕੇ ਵਾਪਸ ਭੇਜ ਦਿੰਦੇ।
ਵੇਟਰਾਂ ਨੂੰ ਪੰਡਾਲ ਵਿਚ ਚਾਹ ਅਤੇ ਪਾਣੀ ਦੇ ਕੇ ਭੇਜਣ ਤੋਂ ਬਾਅਦ ਤਰਨ ਤੇ ਗਰੇਵਾਲ ਡਿਪਾਰਟਮੈਂਟ ਦੇ ਬਾਰ ਵਿਚ ਆ ਖੜ੍ਹੇ। ਕਾਲਜ ਦੀ ਬਿਲਡਿੰਗ ਵੱਲੋਂ ਦੋ ਕੁੜੀਆਂ ਤਰਨ ਹੋਰਾਂ ਵੱਲ ਆ ਰਹੀਆਂ ਸਨ। ਤਰਨ ਤੇ ਗਰੇਵਾਲ ਨੇ ਆਪਸੀ ਗੱਲਾਂ ਛੱਡ ਕੇ ਉਨ੍ਹਾਂ ਵੱਲ ਧਿਆਨ ਟਿਕਾ ਲਿਆ। ਦੋਵਾਂ ਵਿਚੋਂ ਇਕ ਜੀਨ ਅਤੇ ਟਾਪ ਵਾਲੀ ਮੋਟੀ ਜਿਹੀ ਸਾਧਾਰਨ ਸ਼ਕਲ-ਸੂਰਤ ਵਾਲੀ ਸੀ। ਦੂਸਰੀ ਪਤਲੀ ਅਤੇ ਗੋਰੇ ਰੰਗ ਦੀ ਸੀ। ਉਸ ਨੇ ਸੱਗੀ ਫੁੱਲ ਅਤੇ ਟਿੱਕੇ ਸਮੇਤ ਪੂਰੀ ਪੰਜਾਬੀ ਡਰੈੱਸ ਪਾਈ ਹੋਈ ਸੀ। ਗਲ ਵਿੱਚ ਗੁਲਾਬੀ ਫੁਲਕਾਰੀ ਫ਼ਬ ਰਹੀ ਸੀ।
”ਕੌਫੀ ਦਾ ਕੱਪ ਮਿਲੇਗਾ ਜੀ ਇੱਕ?” ਫੁਲਾਕਰੀ ਵਾਲੀ ਕੁੜੀ ਨੇ ਤਰਲਾ ਲੈਣ ਵਾਂਗ ਕਿਹਾ।
”ਸੌਰੀ ਮਜਬੂਰੀ ਐ। ਇਸ ਤਰ੍ਹਾਂ ਦੇ ਨੀ ਸਕਦੇ।” ਤਰਨ ਨੇ ਮਨ੍ਹਾਂ ਕਰ ਦਿੱਤਾ।
”ਦੇ ਦਿਓ ਯਾਰ ਇੱਕ। ਥੋੜ੍ਹੀ ਜਿਹੀ ਐਨਰਜੀ ਆ ਜਾਏਗੀ। ਮੇਰੀ ਵਾਲੀ ਆਉਣ ਵਾਲੀ ਐ, ਮੈਂ ਗੀਤ ਗਾਉਣੈ। ਪਲੀਜ਼।” ਕੁੜੀ ਨੇ ਫਿਰ ਅਰਜ਼ ਕੀਤੀ।
ਤਰਨ ਤੇ ਗਰੇਵਾਲ ਨੇ ਇਕ ਦੂਜੇ ਵੱਲ ਵੇਖਿਆ। ਦੋਵਾਂ ਦੀਆਂ ਹੀ ਅੱਖਾਂ ਵਿਚ ਸਹਿਮਤੀ ਸੀ।
”ਆਓ ਜੀ।” ਤਰਨ ਨੇ ਉਨ੍ਹਾਂ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ।
”ਥੈਂਅਕ ਯੂ…।” ਉਹ ਦੋਵੇਂ ਅੰਦਰ ਆ ਗਈਆਂ।
”ਪਾਣੀ ਮਿਲੇਗਾ।” ਜੀਨ ਵਾਲੀ ਕੁੜੀ ਨੇ ਪਾਣੀ ਦੀਆਂ ਬੋਤਲਾਂ ਵੱਲ ਵੇਖਦਿਆਂ ਪੁੱਛਿਆ।
”ਹਾਂ ਹਾਂ ਲਓ।” ਗਰੇਵਾਲ ਨੇ ਦੋਵਾਂ ਨੂੰ ਇੱਕ-ਇੱਕ ਛੋਟੀ ਬੋਤਲ ਫੜਾ ਦਿੱਤੀ।
”ਇੱਕ ਕੱਪ ਨਾਲ ਸਾਰਾ ਲਓਂਗੇ ਜੀ?” ਤਰਨ ਨੇ ਫੁਲਕਾਰੀ ਵਾਲੀ ਕੁੜੀ ਨੂੰ ਕਾਫੀ ਦਾ ਕੱਪ ਫੜਾਉਣ ਤੋਂ ਬਾਅਦ ਦੂਸਰਾ ਜੀਨ ਵਾਲੀ ਨੂੰ ਫੜਾਉਂਦਿਆਂ ਮਜਾਕ ਕੀਤਾ।
”ਚਾਹੇ ਚਾਰ ਪਿਆ ਦੇ।” ਜੀਨ ਵਾਲੀ ਨੇ ਵੀ ਨਹਿਲੇ ਤੇ ਦਹਿਲਾ ਠੋਕ ਦਿੱਤਾ।
”ਤੁਹਾਡਾ ਕਾਲਜ ਕਿਹੜੈ ਜੀ?” ਤਰਨ ਵੀ ਕੌਫੀ ਦਾ ਕੱਪ ਲੈ ਕੇ ਉਹਨਾਂ ਕੋਲ ਆ ਖੜ੍ਹਿਆ।
”ਮੋਗਾ।” ਫੁਲਕਾਰੀ ਵਾਲੀ ਨੇ ਕੌਫੀ ਦਾ ਸਵਾਦ ਲੈਂਦਿਆਂ ਉੱਤਰ ਦਿੱਤਾ।
”ਕਿਹੜਾ ਗੀਤ ਸੁਣਾਉਣੈ ਅੱਜ?”
”ਸੁਰਜੀਤ ਪਾਤਰ ਜੀ ਦਾ। ਕੱਚ ਦਾ ਗਲਾਸ।” ਕੁੜੀ ਦੇ ਦੰਦਾਂ ‘ਤੇ ਲਗਾਈ ਤਾਰ ਚਮਕੀ।
”ਵਾਹ! ਫੇਰ ਤਾਂ ਜ਼ਰੂਰ ਸੁਣਾਂਗੇ। ਜੇ ਕੋਈ ਪੁਜੀਸ਼ਨ ਲੈ ਕੇ ਗਏ ਤਾਂ ਕੌਫੀ ਦੇ ਕੱਪ ਨਾਲ ਬਿਸਕੁਟ ਮੇਰੇ ਵੱਲੋਂ ਪੱਕੇ।” ਤਰਨ ਨੇ ਆਪਣੇ ਵੱਲੋਂ ਇਨਾਮ ਵੀ ਘੋਸ਼ਿਤ ਕਰ ਦਿੱਤਾ।
”ਤੇਰੀ ਕੌਫੀ ਤਾਂ ਜ਼ਰੂਰ ਪੀਵਾਂਗੇ। ਸਵਾਦ ਬਹੁਤ ਬਣੀ ਐ।” ਉਸਨੇ ਤਾਰੀਫ਼ ਕੀਤੀ।
”ਧੰਨਵਾਦ! ਤੁਹਾਡੀ ਵਾਰੀ ਕਦੋਂ ਕ ਆਵੇਗੀ? ਸਾਨੂੰ ਕਿਮੇਂ ਪਤਾ ਲੱਗੇਗਾ?”
”ਮੇਰਾ ਨੰਬਰ ਬੋਲਣਗੇ। ਅੱਠ ਨੰਬਰ ਐ ਮੇਰਾ।”
”ਅੱਛਾ ਜੀ! ਜੇ ਬੁਰਾ ਨਾ ਮਨਾਓਂ ਤਾਂ ਨਾਮ ਪੁੱਛ ਸਕਦਾਂ?” ਤਰਨ ਨੇ ਚਲਾਕੀ ਨਾਲ ਉਸ ਨੂੰ ਨਾਮ ਦੱਸਣ ਲਈ ਉਕਸਾਇਆ।
”ਨਹੀਂ ਨਹੀਂ, ਬੁਰਾ ਕਿਉਂ ਮੰਨਾਉਣਾ। ਮੇਰਾ ਨਾਮ ਰੀਤ ਐ। ਇਹ ਮੇਰੀ ਸਹੇਲੀ ਐ ਸੁਮਨ।” ਕੁੜੀ ਨੇ ਕੌਫੀ ਦਾ ਕੱਪ ਖ਼ਾਲੀ ਕਰ ਦਿੱਤਾ।
”ਵਾਹ ਵੈਰੀ ਨਾਈਸ। ਮੇਰਾ ਤਰਨ।” ਤਰਨ ਨੇ ਧੜਕਦੇ ਦਿਲ ਨਾਲ ਆਪਣਾ ਹੱਥ ਅੱਗੇ ਵਧਾਇਆ। ਕੁੜੀ ਨੇ ਉਸ ਦੇ ਹੱਥ ਵਿਚ ਹੱਥ ਦੇ ਦਿੱਤਾ। ਇੱਕ ਅਜੀਬ ਜਿਹੀ ਝਰਨਾਹਟ ਤਰਨ ਦੇ ਸਾਰੇ ਸਰੀਰ ਵਿਚ ਫਿਰ ਗਈ।
”ਓ ਕੇ।” ਬੋਲ ਕੇ ਉਹ ਕਦੋਂ ਹਵਾ ਦੇ ਬੁੱਲ੍ਹੇ ਵਾਂਗ ਤੁਰ ਗਈਆਂ, ਹੱਥ ਮਿਲਾ ਕੇ ਸ਼ਿਆਂ ਗਏ ਤਰਨ ਨੂੰ ਪਤਾ ਹੀ ਨਹੀਂ ਲੱਗਿਆ। ਜਦੋਂ ਉਸ ਦੀ ਸੁਰਤ ਪਰਤੀ, ਗੇਟੋਂ ਬਾਹਰ ਨਿਕਲਦੀ ਰੀਤ ਦੀ ਫੁਲਕਾਰੀ ਦਾ ਪੱਲਾ ‘ਬਾਏ’ ਕਰਦਾ ਹੀ ਦਿੱਸਿਆ।
ਤਰਨ ਤੇ ਗਰੇਵਾਲ ਦੇ ਕੰਨ ਸਟੇਜ ਸੰਚਾਲਕ ਦੇ ਬੋਲਾਂ ਵੱੱਲ ਹੀ ਰਹੇ। ਜਦੋਂ ਉਸ ਨੇ ਰੀਤ ਦਾ ਨੰਬਰ ਬੋਲਿਆ ਤਾਂ ਉਹ ਦੌੜ ਕੇ ਪੰਡਾਲ ਵਿੱਚ ਜਾ ਖੜ੍ਹੇ। ਲਗਰ ਵਰਗੀ ਰੀਤ ਸਟੇਜ ਉੱਪਰ ਬੜੇ ਆਤਮ ਵਿਸ਼ਵਾਸ ਨਾਲ ਆਈ। ਉਸ ਨੇ ਆਉਂਦਿਆਂ ਮਾਈਕ ਚੈੱਕ ਕੀਤਾ। ਉਸ ਨੂੰ ਆਪਣੇ ਕੱਦ ਅਨੁਸਾਰ ਸੈੱਟ ਕੀਤਾ। ਮਿਊਜੀਸ਼ਨਾਂ ਨੂੰ ਪਰਖਿਆ। ਕਾਲਜ ਪ੍ਰਬੰਧਕਾਂ ਤੇ ਮਹਿਮਾਨਾਂ ਦਾ ਧੰਨਵਾਦ ਕਰ ਕੇ ਗੀਤ ਛੋਹ ਲਿਆ।
ਉਸ ਦੇ ਕੋਇਲ ਵਰਗੇ ਗਲੇ ਵਿੱਚੋਂ ਨਸ਼ਿਆਂ ਦੇਣ ਵਾਲੀ ਮਾਧੁਰ ਆਵਾਜ਼ ਨਿਕਲੀ ਤਾਂ ਤਰਨ ਇੱਕ ਤਰ੍ਹਾਂ ਨਾਲ ਲੁੱਟਿਆ ਹੀ ਗਿਆ। ਉਹ ਅਗੰਮੀ ਨੂਰ ਵਿਚ ਗੁਆਚਿਆ ਰੀਤ ਦੇ ਬੋਲ ਸੁਣ ਰਿਹਾ ਸੀ।
”ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
ਤੇ ਮੈਨੂੰ ਅਮੜੀ ਨੇ।”
‘ਉਸ ਨੇ ਡਫ਼ਲੀ ਪੱਡ ਨਾਲ ਮਾਰ ਕੇ ਤਾਲ ਪੈਦਾ ਕੀਤੀ ਫਿਰ ਦੂਸਰੇ ਹੱਥ ‘ਤੇ ਡਫ਼ਲੀ ਨੂੰ ਵਜਾਇਆ।
”ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ
ਤੇ ਮੇਰੇ ਨੈਣਾਂ ਵਿੱਚੋਂ…।”
ਰੀਤ ਦੀ ਗੁਆਰੇ ਦੀ ਫਲੀ ਵਰਗੀ ਪਤਲੀ ਉਂਗਲ ਬੋਲਾਂ ਦੇ ਨਾਲ-ਨਾਲ ਹਵਾ ਵਿੱਚ ਨੱਚੀ। ਉਸ ਦੇ ਚਿਹਰੇ ਦਾ ਨੂਰ ਬਦਲਿਆ ਤੇ ਉਹ ਖੁਦ ਗੀਤ ਨਾਲ ਇੱਕ-ਮਿੱਕ ਹੋ ਗਈ। ਸਾਰੇ ਪੰਡਾਲ ਵਾਲਿਆਂ ਦਾ ਧਿਆਨ ਸਟੇਜ ‘ਤੇ ਪੂਰੀ ਰੂਹ ਨਾਲ ਗਾ ਰਹੀ ਰੀਤ ਵੱਲ ਕੇਂਦਰਿਤ ਹੋ ਗਿਆ। ਇੱਧਰ-ਉਧਰ ਫਿਰਦੇ ਮੁੰਡੇ-ਕੁੜੀਆਂ ਵੀ ਕੁਰਸੀਆਂ ਦੇ ਦੁਆਲੇ ਖੜ੍ਹੇ-ਖੜ੍ਹੇ ਹੀ ਸੁਣਨ ਲੱਗ ਪਏ। ਉਸ ਦੀ ਜਾਦੂਮਈ ਆਵਾਜ਼ ਨੇ ਸਾਰਿਆਂ ਨੂੰ ਇੰਝ ਕੀਲ ਲਿਆ ਸੀ ਜਿਵੇਂ ਜ਼ਹਿਰੀ ਸੱਪ ਨੂੰ ਉਸਤਾਦ ਸਪੇਰੇ ਨੇ ਬੀਨ ਉੱਤੇ ਨੱਚਣ ਲਾ ਲਿਆ ਹੋਵੇ।
”ਮਾਏ ਨੀ ਸੁਣ ਮੇਰੀਆਂ ਮਾਏ ਕਰਮ ਏਨਾ ਹੀ ਕਰਦੇ
ਨਾ ਦੇ ਨੀ ਮੈਨੂੰ ਸੋਨੇ ਦਾ ਟਿੱਕਾ, ਸਿਰ ਉੱਤੇ ਹੱਥ ਧਰਦੇ
ਮਾਏ ਨੀ ਕੁਝ ਹੋਰ ਨਾ ਮੰਗਾਂ ਰਾਂਝਾ ਮੈਨੂੰ ਵਰਦੇ…।”
ਰੀਤ ਵਿਚ ਗੁਆਚੇ ਤਰਨ ਨੂੰ ਜਾਪਿਆ ਜਿਵੇਂ ਉਹ ਆਪਣੀ ਮਾਂ ਤੋਂ ਉਸੇ ਦਾ ਹੱਥ ਮੰਗ ਰਹੀ ਹੋਵੇ। ਤਰਨ ਮਹਿਸੂਸ ਕਰ ਰਿਹਾ ਸੀ ਕਿ ਰੀਤ ਦਾ ਇਹ ਗੀਤ ਕਦੀ ਨਾ ਮੁੱਕੇ ਤੇ ਉਹ ਇੱਥੇ ਹੀ ਖੜ੍ਹਾ ਸਾਰੀ ਉਮਰ ਉਸ ਨੂੰ ਇੰਝ ਹੀ ਸੁਣਦਾ ਰਹੇ। ਕੁਝ ਮੁੰਡੇ-ਕੁੜੀਆਂ ਉਸਦੇ ਗੀਤ ਦੀ ਤਾਲ ‘ਤੇ ਬੱਝੇ ਨੱਚਣ ਲੱਗ ਪਏ ਸਨ।
”ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ
ਤੇ ਮੇਰੇ ਨੈਣਾਂ ਵਿੱਚੋਂ…।” ਇਹਨਾਂ ਬੋਲਾਂ ‘ਤੇ ਤੋੜਾ ਝਾੜਦਿਆਂ ਜਦ ਢੋਲਕੀ ਦੀ ਆਖਰੀ ਥਾਪ ਨਾਲ ਗੀਤ ਖ਼ਤਮ ਹੋ ਗਿਆ ਤਾਂ ਸਾਰੇ ਪੰਡਾਲ ਵਿਚੋਂ ਤਾੜੀਆਂ ਹੀ ਤਾੜੀਆਂ ਗੂੰਜ ਪਈਆਂ। ਤਰਨ ਨੇ ਉੱਪਰ ਹੱਥ ਚੁੱਕ ਕੇ ਜ਼ੋਰ-ਜ਼ੋਰ ਦੀ ਤਾੜੀਆਂ ਮਾਰੀਆਂ। ਗੀਤ ਦਾ ਕੇ ਰੀਤ ਸਟੇਜ ਦੇ ਪਿੱਛਲੇ ਪਾਸੇ ਚਲੀ ਗਈ। ਤਰਨ ਤੇ ਗਰੇਵਾਲ ਫ਼ਿਜ਼ੀਓਥੈਰੇਪੀ ਡਿਪਾਰਟਮੈਂਟ ਵੱਲ ਆ ਗਏ।
ਤਰਨ ਦੀਆਂ ਨਜ਼ਰਾਂ ਤੋਂ ਰੀਤ ਦਾ ਚਿਹਰਾ ਇਕ ਪਲ ਲਈ ਵੀ ਉਹਲੇ ਨਹੀਂ ਹੋ ਰਿਹਾ ਸੀ। ਜੇਵੰ ਉਹ ਪੰਡਾਲ ਵੱਲ ਗਿਆ ਤਾਂ ਪੂਰੇ ਦਾ ਪੂਰਾ ਸੀ ਪਰ ਉੱਥੋਂ ਉਹ ਅੱਧਾ-ਅਧੂਰਾ ਹੋ ਕੇ ਮੁੜ ਆਇਆ ਸੀ। ਉਸ ਦਾ ਅੱਧ ਉਹ ਮਿਰਗ ਨੈਣੀ ਲੁੱਟ ਕੇ ਲੈ ਗਈ ਸੀ। ਉਸ ਦੇ ਮਨ ਦੀ ਚਾਹਤ ਹੱਦ-ਬੰਨੇ ਤੋੜ ਰਹੀ ਸੀ ਕਿ ਉਹਹੁਣ ਦੁਬਾਰਾ ਰੀਤ ਨੂੰ ਕਦੋਂ ਮਿਲ ਲਵੇ।
ਥੋੜ੍ਹੀ ਦੇਰ ਬਾਅਦ ਰੀਤ ਹੋਰਾਂ ਦਾ ਰਿਜ਼ਲਟ ਬੋਲਿਆ ਗਿਆ। ਰੀਤ ਦੂਸਰੀ ਪੁਜ਼ੀਸ਼ਨ ‘ਤੇ ਆਈ ਸੀ ਪਰ ਤਰਨ ਨੂੰ ਇਹ ਨਤੀਜਾ ਪਸੰਦ ਨਹੀਂ ਸੀ। ਉਹ ਜੱਜਾਂ ਨੂੰ ਮਨ ਹੀ ਮਨ ਗਾਲ੍ਹਾਂ ਕੱਢ ਰਿਹਾ ਸੀ। ‘ਏਨਾ ਖੂਬਸੂਰਤ ਗਾਉਣ ਵਾਲੀ ਪਿੱਛੇ ਕਿਵੇਂ ਰਹਿ ਸਕਦੀ ਹੈ? ਜ਼ਰੂਰ ਕੋਈ ਪੱਖ-ਪਾਤ ਹੋਇਆ ਹੈ।’ ਉਹ, ਗਰੇਵਾਲ ਨੂੰ ਖਿਥਆਲ ਰੱਖਣ ਲਈ ਕਹਿ ਕੇ ਰੀਤ ਨੂੰ ਲੱਭਣ ਤੁਰ ਗਿਆ। ਪੰਡਾਲ ‘ਚ ਨਿਗ੍ਹਾ ਮਾਰੀ, ਰੀਤ ਕਿਤੇ ਨਜ਼ਰ ਨਹੀਂ ਆਈ। ਉਹ ਸਟੇਜ ‘ਤੇ ਗਿਆ, ਉੱਥੇ ਵੀ ਉਹ ਦਿਖਾਈ ਨਾ ਦਿੱਤੀ। ਉਹ ਉੱਧਰ ਵੱਲ ਤੁਰ ਪਿਆ ਜਿਸ ਪਾਸੇ ਹੋਰ ਕਾਲਜਾਂ ਦੇ ਵਿਦਿਆਰਥੀ ਠਹਿਰੇ ਸਨ। ਉਧਰੋਂ ਵੀ ਉਹ ਖਾਲੀ ਹੱਥ ਪਰਤ ਆਇਆ। ਉਸ ਨੇ ਟੋਕਣਾ ਵਾਸਲੀ ਆਰਜੀ ਕੰਟੀਨ ਵੱਲ ਵੇਖਿਆ। ਉਸ ਨੂੰ ਕੁੱਝ ਭਲੇਖਾ ਜਿਹਾ ਪਿਆ। ਉਸ ਨੇ ਥੋੜ੍ਹਾ ਅੱਗੇ ਵੱਧ ਕੇ ਵੇਖਿਆ ਤਾਂ ਉਹ ਸੱਚਮੁੱਚ ਹੀ ਰੀਤ ਸੀ। ਰੀਤ ਨੂੰ ਵੇਖ ਕੇ ਉਸ ਦਾ ਚਿਹਰਾ ਇੰਝ ਖਿੜ ਗਿਆ ਜਿਵੇਂ ਕੁਮਲਾ ਰਹੇ ਫੁੱਲਾਂ ਉੱਤੇ ਆਚਨਕ ਬਰਸਾਤ ਹੋ ਗਈ ਹੋਵੇ। ਉਹ ਕਾਹਲੀ ਨਾਲ ਉਨ੍ਹਾਂ ਕੋਲ ਜਾ ਖੜ੍ਹਿਆ। ਉਹ ਕੰਟੀਨ ਤੋਂ ਕੁਝ ਖਾਣ ਦੀ ਸਲਾਹ ਕਰ ਰਹੀਆਂ ਸਨ। ਸ਼ਾਇਦ ਅਜੇ ‘ਕੀ ਕਾਣਾ ਹੈ?” ਇਸ ਉੱਤੇ ਸਹਿਮਤੀ ਨਹੀਂ ਬਣੀ ਸੀ।
”ਹੈਲੋ ਰੀਤ।” ਉਸ ਨੇ ਕੋਲ ਜਾ ਕੇ ਰੀਤ ਨੂੰ ਬੁਲਾਇਆ।
”ਓਹ…।” ਰੀਤ ਨੇ ਪਾਸਾ ਪਰਤ ਕੇ ਵੇਖਿਆ ਤਾਂ ਤਰਨ ਨੂੰ ਕੋਲ ਖੜ੍ਹਾ ਵੇਖ ਕੇ ਮੁਸਕਰਾ ਪਈ।
”ਕਮਾਲ ਕਰਤੀ ਜੀ ਤੁਸੀਂ ਤਾਂ। ਸਾਰਾ ਮੇਲਾ ਲੁੱਟ ਲਿਆ। ਵਾਹ…। ਤਾਰੀਫ਼ ਕਰਨ ਲਈ ਮੈਨੂੰ ਤਾਂ… ਮੈਨੂੰ ਤਾਂ ਕੋਈ ਸ਼ਬਦ ਵੀ ਨਹੀਂ ਲੱਭ ਰਹੇ।” ਤਰਨ ਸੱਚ-ਮੁੱਚ ਉਲਝਿਆ ਪਿਆ ਸੀ। ਉਸ ਨੂੰ ਰੀਤ ਦੀ ਤਾਰੀਫ਼ ਦੇ ਮੇਚ ਦੇ ਕੋਈ ਸ਼ਬਦ ਹੀ ਨਹੀਂ ਲੱਭ ਰਹੇ ਸਨ।
”ਥੈਂਕ ਯੂ, ਥੈਂਕ ਯੂ ਵੈਰੀ ਮੱਚ।” ਰੀਤ ਨੇ ਵੀ ਉਸਦਾ ਸ਼ੁਕਰੀਆ ਅਦਾ ਕੀਤਾ। ਪੁਜ਼ੀਸ਼ਨ ਪੱਕੀ ਬਣਦੀ ਸੀ ਪਰ ਜੱਜਾਂ ਨੂੰ ਪਤਾ ਨਹੀਂ ਕਿਹੜੀ ਮਜਬੂਰੀ ਮਾਰ ਗਈ? ਉਹ ਤੁਹਾਡਾ ਹੱਕ ਮਾਰ ਗੇ। ਸਾਰੇ ਕਹਿ ਰਹੇ ਸੀ ਕਿ ਤੁਸੀਂ ਹੀ ਫਸਟ ਆਉਣੈ।” ਤਰਨ ਦੇ ਚਿਹਰੇ ਉੱਪਰ ਜੱਜਾਂ ਪ੍ਰਤੀ ਗੁੱਸਾ ਝਲਕ ਰਿਹਾ ਸੀ।
”ਨੋ ਇਸ਼ੂ। ਜੋ ਉਨ੍ਹਾਂ ਨੂੰ ਚੰਗਾ ਲੱਗਿਆ, ਕਰ ਦਿੱਤਾ।” ਰੀਤ ਨੇ ਏਨੀ ਬੇਪ੍ਰਵਾਹੀ ਨਾਲ ਕਿਹਾ ਜਿਵੇਂ ਤਰਨ ਉਸ ਦੀ ਨਹੀਂ ਸਗੋਂ ਕਿਸੇ ਹੋਰ ਦੀ ਗੱਲ ਕਰ ਰਿਹਾ ਹੋਵੇ।
”ਚਲੋ, ਹੁਣ ਇਹ ਦੱਸੋ ਕਿ ਕੌਫੀ ਨਾਲ ਕੀ ਖਾਣੈ?” ਤਰਨ ਆਪਣਾ ਕੀਤਾ ਵਾਅਦਾ ਨਿਭਾਉਣ ਉੱਤੇ ਆ ਗਿਆ।
”ਨਈਂ ਨਈਂ, ਅਸੀਂ ਲੈ ਰਹੇ ਸੀ।” ਰੀਤ ਨੇ ਮਨਾਂ ਕਰਨਾ ਚਾਹਿਆ ਕਿਉਂਕਿ ਉਹ ਹੋਰ ਖੇਚਲ ਨਹੀਂ ਕਰ ਦੇਣਾ ਚਾਹੁੰਦੀ ਸੀ।
”ਮੈਂ ਆਪਣਾ ਵਾਅਦਾ ਨਿਭਾਉਣ ਆਇਆਂ। ਜੱਜਾਂ ਦਾ ਜੋ ਮਰਜ਼ੀ ਫ਼ੈਸਲਾ ਹੋਵੇ।” ਤਰਨ ਨੇ ਯਾਦ ਕਰਵਾਇਆ।
”ਐਜ਼ ਯੂ ਵਿਸ਼!” ਰੀਤ ਵੀ ਮੰਨ ਗਈ।
‘ਕੌਫੀ ਨਾਲ ਕੀ ਲੈ ਕੇ ਆਮਾਂ?” ਤਰਨ ਨੇ ਪੁੱਛਿਆ।
”ਜੋ ਤੁਹਾਨੂੰ ਠੀਕ ਲੱਗੇ। ਪਰ ਕੌਫੀ ਤੇਰੇ ਵਾਲੀ ਪੀਣੀ ਐ।” ਰੀਤ ਨੇ ਪਿਆਰ ਭਰੀ ਸ਼ਰਤ ਰੱਖ ਦਿੱਤੀ।
”ਓਕੇ ਓਕੇ…।” ਤਰਨ ਜਾ ਕੇ ਤਿੰਨ ਕੱਪ ਕੌਫੀ ਲੈ ਆਇਆ ਅਤੇ ਕੰਟੀਨ ਤੋਂ ਗੋਭੀ ਦੇ ਪਕੌੜੇ ਪਵਾ ਲਿਆਇਆ, ”ਇਹ ਤੁਹਾਡੇ ਰੀਤ ਤੋਂ ਖੁਸ ਹੋ ਕੇ ਮੇਰੇ ਵੱਲੋਂ ਛੋਟੀ ਜਿਹੀ ਪਾਰਟੀ ਐ।” ਤਰਨ ਨੇ ਪਕੌੜੇ ਉਹਨਾਂ ਕੋਲ ਕੁਰਸੀ ਉੱਤੇ ਰੱਖ ਦਿੱਤੇ।
ਉਹ ਤਿੰਨੋਂ ਕੌਫੀ ਪੀਂਦੇ ਗੱਲਾਂ ਕਰਦੇ ਰਹੇ। ਤਰਨ ਨੇ ਕੌਫ਼ੀ ਦੀ ਆਖਰੀ ਘੁੱਟ ਭਰਦਿਆਂ, ਝਿਜਕਦਿਆਂ-ਝਿਜਕਦਿਆਂ ਕਹਿ ਦਿੱਤਾ, ”ਜੇ ਬੁਰਾ ਨਾ ਮੰਨੋਂ ਤਾਂ ਆਪਾਂ ਵਟਸ-ਅੱਪ ‘ਤੇ ਗੱਲਾਂ ਕਰ ਸਕਦੇ ਆਂ?”
”ਹਾਂ ਹਾਂ ਸ਼ੋਅਰ।”
”ਮੇਰਾ ਨੰਬਰ ਨੋਟ ਕਰੋ।” ਤਰਨ ਨੇ ਆਪਣਾ ਨੰਬਰ ਨੋਟ ਕਰਵਾ ਦਿੱਤਾ ਤੇ ਉੱਧਰੋਂ ਮਿਸ ਕਾਲ ਲੈ ਕੇ ਰੀਤ ਦਾ ਨੰਬਰ ਨੋਟ ਕਰ ਲਿਆ। ਉਨ੍ਹਾਂ ਨੇ ਇਕ ਦੂਜੇ ਤੋਂ ਇਜਾਜ਼ਤ ਲਈ। ਰੀਤ ਪੰਡਾਲ ਵੱਲ ਚਲੀ ਗਈ ਤੇ ਤਰਨ ਆਪਣੀ ਚਾਹ ਡਿਊਟੀ ‘ਤੇ ਆ ਗਿਆ।
ਕੰਮ ਵਿਚ ਫਸੇ ਤਰਨ ਨੂੰ ਰੀਤ ਸ਼ਾਮ ਤੱਕ ਦਿਖਾਈ ਨਾ ਦਿੱਤੀ। ਜਦੋਂ ਪ੍ਰੋਗਰਾਮ ਖ਼ਤਮ ਹੋ ਗਿਆ ਤਾਂ ਖ਼ਾਲੀ ਪਈ ਸਟੇਜ ਉੱਪਰ ਫੱਮਣਵਾਲ ਕਾਲਜ ਦੀਆਂ ਕੁੜੀਆਂ ਗਿੱਧੇ ਦੀ ਰਿਹਰਸਲ ਕਰਨ ਲੱਗ ਪਈਆਂ। ਲਾਲੀ, ਗਰੇਵਾਲ, ਤਰਨ ਹੋਰੀਂ ਸਭ ਇਕੱਠੇ ਹੋ ਕੇ ਰਿਹਰਸਲ ਦਾ ਆਨੰਦ ਮਾਣਨ ਲਈ ਪੰਡਾਲ ਵਿਚ ਜਾ ਬੈਠੇ। ਜਦੋਂ ਉਹ ਪੰਡਾਲ ਵਿਚੋਂ ਉੱਠੇ ਤਾਂ ਹਨੇਰਾ ਹੋ ਗਿਆ ਸੀ। ਉਹ ਰੋਟੀ ਖਾਣ ਕੰਟੀਨ ਚਲੇ ਗਏ। ਰੋਟੀ ਖਾਂਦਿਆਂ ਤਰਨ ਦਾ ਧਿਆਨ ਹਰ ਆ ਜਾ ਰਹੇ ਮੁੰਡੇ-ਕੁੜੀ ਵੱਲ ਸੀ ਪਰ ਰੀਤ ਉਸ ਨੂੰ ਇੱਥੇ ਵੀ ਦਿਖਾਈ ਨਹੀਂ ਦਿੱਤੀ।
ਉਹ ਮੋਟਰਸਾਈਕਲ ਲੈ ਕੇ ਘਰ ਨੂੰ ਚੱਲ ਪਏ। ਕਾਲਜ ਦੇ ਸਾਹਮਣੇ ਵਾਲੇ ਖੇਤ ਹਨੇਰੇ ਵਿੱਚ ਡੁੱਬ ਚੁੱਕੇ ਸਨ। ਡੇਹਲੋਂ-ਪੱਖੋਵਾਲ ਰੋਡ ਉੱਪਰ ਵਾਹਨਾਂ ਦੀ ਰੌਸ਼ਨੀ ਇੱਧਰ-ਉੱਧਰ ਦੌੜੀ ਜਾ ਰਹੀ ਸੀ। ਉਨ੍ਹਾਂ ਨੇ ਵੱਡੀ ਰੋਡ ਵੱਲ ਜਾਣ ਦੀ ਬਜਾਇ ਮੁੰਡਿਆਂ ਦੇ ਹੋਸਟਲ ਵੱਲ ਦੀ ਮੋਟਰਸਾਈਕਲ ਤੋਰ ਲਏ। ਸਾਹਮਣੇ ਬਾਬਾ ਮੋਹਨ ਦਾਸ ਦੇ ਗੁਰੂ ਘਰ ਵਿਚਲੇ ਉੱਚੇ ਦਰੱਖਤਾਂ ਦਾ ਝੁੰਡ ਹਨੇਰੇ ਵਿਚ ਕਿਸੇ ਪਹਾੜ ਵਾਂਗ ਜਾਪ ਰਿਹਾ ਸੀ। ਮੁੰਡਿਆਂ ਦੇ ਕਿਸੇ-ਕਿਸੇ ਕਮਰੇ ਵਿੱਚੋਂ ਰੌਸ਼ਨੀ ਚਮਕਣ ਕਰਕੇ ਹੋਸਟਲ ਦੀ ਬਿਲਡਿੰਗ ਡੱਬ-ਖੜੱਬੀ ਜਿਹੀ ਦਿਖਾਈ ਦੇ ਰਹੀ ਸੀ। ਹੋਸਟਲ ਦੇ ਅੱਗੋਂ ਦੀ ਲੰਘਦਿਆਂ ਉਨ੍ਹਾਂ ਨੇ ਮੋਟਰਸਾਈਕਲ ਗੁਰੂ ਘਰ ਵਾਲੀ ਪੱਕੀ ਸੜਕ ਚਾੜ੍ਹ ਲਏ ਤੇ ਫਿਰ ਅੱਗੋਂ ਜੋਧਾਂ ਵਾਲੀ ਰੋਡ ਪੈ ਗਏ।
ਘਰ ਆ ਕੇ ਸਾਰਿਆਂ ਨੇ ਮੰਜਿਆਂ ਵਿੱਚ ਡਿੱਗਣ ਦੀ ਕੀਤੀ। ਉਹ ਸਾਰਾ ਦਿਨ ਭੱਜ-ਨੱਠ ਕਰਦੇ ਥਕੇਵੇਂ ਨਾਲ ਚੂਰ ਹੋ ਗਏ ਸਨ। ਤਰਨ ਦੇ ਦਿਮਾਗ ਵਿੱਚ ਰੀਤ ਹੀ ਘੁੰਮ ਰਹੀ ਸੀ। ਉਹ ਕਿੰਨੀ ਹੀ ਦੇਰ ਵਟਸ-ਅੱਪ ਤੋਂ ਉਸਦੀ ਡੀ. ਪੀ. ਦੇਖਦਾ ਰਿਹਾ ਫਿਰ ਉਸ ਨੇ ਰੀਤ ਨੂੰ ਪਹਿਲਾ ਮੈਸੇਜ ਕੀਤਾ, ”ਸਤਿ ਸ੍ਰੀ ਅਕਾਲ ਜੀ।”
”ਸਤਿ ਸ੍ਰੀ ਅਕਾਲ ਜੀ।” ਦਸ ਵੀਹ ਮਿੰਟ ਉਡੀਕਣ ਤੋਂ ਬਾਅਦ ਰੀਤ ਦਾ ਮੈਸੇਜ ਆਇਆ। ਸ਼ਾਇਦ ਉਹ ਪਹਿਲਾਂ ਆਨ-ਲਾਈਨ ਨਹੀਂ ਸੀ।
”ਰੋਟੀ ਖਾ ਲਈ ਸੀ ਤੁਸੀਂ?” ਤਰਨ ਨੇ ਗੱਲ ਅੱਗੇ ਵਧਾਈ।
”ਯੈੱਸ।”
”ਸਾਡੇ ਕਾਲਜ ਦਾ ਖਾਣਾ ਪਸੰਦ ਆਇਆ?” ਨਾਲ ਉਸ ਨੇ ਹਾਸੇ ਵਾਲੇ ਇਮੋਜੀ ਭੇਜ ਦਿੱਤੇ।
”ਹਾਂ ਹਾਂ, ਬਹੁਤ ਟੇਸਟੀ ਸੀ।”
”ਤੁਹਾਡੀ ਡੀ. ਪੀ. ਬਹੁਤ ਸੋਹਣੀ ਐ।”
”ਥੈਂਕ ਜੀ।”
”ਹੁਣ ਕਿੱਥੇ ਓਂ?”
”ਹੁਣ ਕਮਰੇ ‘ਚ ਆ ਸਾਰੇ। ਰੋਟੀ ਖਾ ਕੇ ਆਏ ਸੀ।”
”ਠੀਕ ਏ ਜੀ ਫੇਰ। ਕੱਲ੍ਹ ਜ਼ਰੂਰ ਮਿਲਣਾ।”
”ਪੱਕਾ।”
”ਓਕੇ! ਗੁੱਡ ਨਾਈਟ।”
”ਗੁੱਡ ਨਾਈ। ਸਵੀਟ ਡਰੀਮਜ਼।”
ਅੱਗੋਂ ਤਰਨ ਨੇ ਫੁੱਲਾਂ ਦੇ ਗੁਲਦਸਤੇ ਭੇਜ ਦਿੱਤੇ।
ਅਗਲੇ ਦਿਨ ਦੁਪਹਿਰ ਤੋਂ ਬਾਅਦ ਰੀਤ ਆਪਣੀ ਕਿਸੇ ਹੋਰ ਸਹੇਲੀ ਨਾਲ ਫ਼ਿਜ਼ੀਓਥੈਰੇਪੀ ਡਿਪਾਰਟਮੈਂਟ ਵਿੱਚ ਆ ਗਈ। ਕੌਫੀ ਪੀਂਦਿਆਂ ਉਸ ਨੇ ਤਰਨ ਨੂੰ ਦੱਸਿਆ ਕਿ ਉਹ ਅੱਧੇ ਕੁ ਘੰਟੇ ਬਾਅਦ ਤੁਰਨਗੇ। ਸੁਣ ਕੇ ਤਰਨ ਦਾ ਦਿਲ ਬੈਠ ਗਿਆ। ਦਿਲ ਕਰਦਾ ਸੀ ਰੀਤ ਨੂੰ ਇੱਥੇ ਹੀ ਰੋਕ ਲਵੇ। ਕਦੀ ਜਾਣ ਹੀ ਨਾ ਦੇਵੇ। ਪਰ ਇਹ ਉਸਦੀ ਬੱਚਿਆਂ ਵਾਲੀ ਸੋਚ ਸੀ। ਉਸ ਨੇ ਤਾਂ ਤੁਰ ਹੀ ਜਾਣਾ ਸੀ।
ਤੁਰਨ ਦਾ ਸਮਾਂ ਵੀ ਆ ਿਗਆ। ਰੀਤ ਹੋਰ ਕੁੜੀਆਂ ਨਾਲ ਬੈੱਗ ਚੁੱਕੀਂ ਆ ਰਹੀ ਸੀ। ਉਸ ਨੇ ਕਮਰੇ ਵਿਚੋਂ ਚੱਲਣ ਤੋਂ ਪਹਿਲਾਂ ਤਰਨ ਨੂੰ ਮੈਸੇਜ ਕਰ ਦਿੱਤਾ ਸੀ ਜਿਸ ਕਰਕੇ ਉਹ ਸਾਹਮਣੇ ਖੜ੍ਹਾ ਉਨ੍ਹਾਂ ਨੂੰ ਹੀ ਉਡੀਕ ਰਿਹਾ ਸੀ।
”ਓਕੇ ਬਾਏ! ਫਿਰ ਮਿਲਦੇ ਆਂ ਕਦੀ।” ਨੇੜੇ ਆ ਕੇ ਰੀਤ ਨੇ ਤਰਨ ਤੋਂ ਇਜਾਜ਼ਤ ਮੰਗੀ।
”ਓਕੇ ਜੀ! ਜ਼ਰੂਰ ਮਿਲਾਂਗੇ। ਵਟਸ-ਅੱਪ ‘ਤੇ ਇਨ ਟੱਚ ਰਹਿਣਾ। ਫੇਸਬੁੱਕ ‘ਤੇ ਮੈਂ ਤੁਹਾਨੂੰ ਰਿਕੂਐਸਟ ਭੇਜੀ ਸੀ ‘ਤਰਨ ਮਰਜਾਣਾ’ ਨਾਮ ਤੋਂ। ਉਹ ਐਕਸੈਪਟ ਕਰ ਲੈਣਾ।”
”ਹਾਂ ਹਾਂ ਪੱਕਾ। ਓਕੇ ਬਾਏ।” ਉਹ ਹੱਥ ਹਿਲਾ ਕੇ ਗਰਾਊਂਡ ਵਿੱਚ ਖੜ੍ਹੀਆਂ ਬੱਸਾਂ ਵੱਲ ਨੂੰ ਤੁਰ ਪਈ। ਤਰਨ ਵੀ ਮਰੇ ਜਿਹੇ ਕਦਮਾਂ ਨਾਲ ਉਨ੍ਹਾਂ ਤੋਂ ਕੁਝ ਦੂਰੀ ‘ਤੇ ਪਿੱਛੇ-ਪਿੱਛੇ ਤੁਰ ਪਿਆ। ਕੁਝ ਦੇਰ ਬਾਅਦ ਉਨ੍ਹਾਂ ਦੀ ਬੱਸ ਸਟਾਰਟ ਹੋਈ ਤੇ ਪੱਖੋਵਾਲ ਰੋਡ ਉੱਪਰ ਜਾ ਚੜ੍ਹੀ। ਤਰਨ ਖੜ੍ਹਾ ਵੇਖਦਾ ਰਿਹਾ। ਬੱਸ ਕਾਲਜ ਦੇ ਖੂੰਜੇ ਤੱਕ ਦਿਖਾਈ ਦਿੰਦੀ ਰਹੀ ਤੇ ਫਿਰ ਚੌਂਕ ਵਾਲੀਆਂ ਦੁਕਾਨਾਂ ਉਹਲੇ ਅਲੋਪ ਹੋ ਗਈ। ਤਰਨ ਨੂੰ ਜਾਪਿਆ ਜਿਵੇਂ ਸਾਰੇ ਮੇਲੇ ਦਾ ਰੰਗ ਉੱਡ ਗਿਆ ਹੋਵੇ। ਮਹਿਕਮੁੱਕ ਗਈ ਹੋਵੇ। ਸਾਰਾ ਕੁਝ ਥੋੜ੍ਹੇ ਜਿਹੇ ਪਲਾਂ ਵਿਚ ਹੀ ਫਿੱਕਾ-ਫਿੱਕਾ, ਬੇਰੌਣਕਾ ਜਿਹਾ ਹੋ ਗਿਆ। ਉਹ ਸਿਰ ਉੱਪਰ ਉਦਾਸੀ ਦੀ ਪੰਡ ਰੱਖੀਂ, ਥੱਕੇ-ਥੱਕੇ ਕਦਮਾਂ ਨਾਲ ਵਾਪਸ ਤੁਰ ਪਿਆ।

(…ਚੱਲਦਾ)