January 17, 2025

ਪੰਜਾਬੀ ਕਹਾਣੀ : ਜੰਗਲ ਰਾਖੇ ਜੱਗ ਦੇ

ਪੰਜਾਬੀ ਕਹਾਣੀ : ਜੰਗਲ ਰਾਖੇ ਜੱਗ ਦੇ

ਮੂਲ ਲੇਖਕ : ਸ਼ਹਿਜ਼ਾਦ ਅਸਲਮ

ਲਿਪੀਅੰਤਰ : ਖ਼ਾਲਿਦ ਫ਼ਰਹਾਦ ਧਾਰੀਵਾਲ

ਸ਼ੇਰਾ ਤੇ ਜਾਨੀ ਹੈੱਡ ਫ਼ਕੀਰੀਆਂ ਵਾਲੀ ਨਹਿਰ ਦੇ ਚੜ੍ਹਦੇ ਪਾਸੇ ਰਾਤ ਦੇ ਅਨ੍ਹੇਰੇ ਨੂੰ ਚੀਰਦੇ, ਅਣਜਾਣ ਖ਼ੌਫ਼ ਤੋਂ ਤਰੱਠੇ ਹੋਏ ਟੁਰ ਰਹੇ ਸਨ। ਲੱਗਦਾ ਸੀ ਪੂਰਾ ਇਲਾਕਾ ਅਨ੍ਹੇਰੇ ਵਿੱਚ ਨਹੀਂ, ਡਰ ਵਿੱਚ ਡੁੱਬਿਆ ਹੋਇਆ ਏ। ਜਿੱਥੇ ਡਰ ਵੱਸਦਾ ਹੋਵੇ ਓਥੇ ਕੋਈ ਹੋਰ ਸ਼ੈ ਨਹੀਂ ਰਹਿੰਦੀ। ਡਰ ਸ਼ੈਵਾਂ ਨੂੰ ਡਿੰਗਾ-ਚਿੱਬਾ ਕਰ ਕੇ ਸ਼ਕਲਾਂ ਵਿਗਾੜ ਦਿੰਦਾ ਏ। ਜ਼ਿੰਦਾ ਸ਼ੈਵਾਂ ਦੇ ਵਿਚਕਾਰ ਡਰ ਆਪਣੇ ਨਿਆਣੇ ਜੰਮਦਾ ਏ। ਡਰ ਰੁੱਖਾਂ ਨੂੰ ਖੱਟਾ ਤੇ ਮਨੁੱਖਾਂ ਨੂੰ ਸਾਵਾ ਰੰਗ ਦਿੰਦਾ ਏ। ਡਰ ਉਨ੍ਹਾਂ ਦੋਨਾਂ ਦੇ ਪਿੱਛੇ ਡਾਂਗ ਲੈ ਕੇ ਚੜ੍ਹਿਆ ਸੀ। ਨਿੱਕਾ ਜਿਹਾ ਕਾਨਾ ਵੀ ਛਤੀਰ ਜਿੱਡਾ ਬੰਦਾ ਬਣ ਕੇ ਡਰਾਉਂਦਾ ਹੈ। ਸਰਗੋਧਾ ਦੇ ਨਵੇਂ ਡੀ.ਆਈ.ਜੀ. ਨੇ ਸਾਰੇ ਡਾਕੂਵਾਂ ਤੇ ਇਸ਼ਤਿਹਾਰੀਆਂ ਨੂੰ ਆਪਣੀ ਜੂਹ ਵਿੱਚੋਂ ਆਪਣੇ ਨਾਂ ਨਾਲ਼ ਜੁੜੀ ਦਹਿਸ਼ਤ ਪਾਰੋਂ ਬਾਹਰ ਕੱਢ ਦਿੱਤਾ ਸੀ। ਇਸ਼ਤਿਹਾਰੀਆਂ ਕੋਲੋਂ ਸਾਰਾ ਜ਼ਮਾਨਾ ਡਰਦਾ ਸੀ ਪਰ ਉਹ ‘ਕੱਲੇ ਡੀ. ਆਈ. ਜੀ. ਤੋਂ ਡਰਦੇ ਸਨ। ਉਹ ਮੂੰਹ ਨਾਲ਼ ਘੱਟ ਤੇ ਪਿਸਤੌਲ ਦਾ ਘੋੜਾ ਦੱਬ ਕੇ ਚੋਖੀ ਗੱਲ ਕਰਦਾ ਸੀ।
ਸਿਆਲ਼ ਦੀ ਠੰਢੀ ਵਾਅ ਉਨ੍ਹਾਂ ਦੋਨਾਂ ਨੂੰ ਚੀਰ ਕੇ ਲੰਘ ਰਹੀ ਸੀ। ਜੁੱਸੇ ਦੀ ਗਰਮੀ ਨੂੰ ਠੰਢ ਚੂਸਦੀ ਪਈ ਸੀ। ਉਨ੍ਹਾਂ ਦੇ ਖੱਬੇ ਪਾਸੇ ਨਹਿਰ ਦੇ ਲਹਿੰਦੇ ਵੱਲ ਦੱਸ ਹਜ਼ਾਰ ਪੈਲੀਆਂ ਵਿੱਚ ਖਿੱਲਰਿਆ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬਣਿਆ ਫ਼ੌਜੀਆਂ ਦਾ ਮਸ਼ਹੂਰ ਮੋਨਾ ਡਿਪੂ ਸੀ, ਜਿੱਥੇ ਅੰਗਰੇਜ਼ਾਂ ਦੇ ਵੇਲੇ ਤੋਂ ਘੋੜੇ ਤੇ ਖੋਤੇ ਪਾਲਣ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ। ਨਹਿਰ ਦਾ ਠਰਿਆ ਪਾਣੀ ਦਰਿਆਵਾਂ ਦੇ ਗਾਉਣ ਸੁਣਾਉਂਦਾ ਪੈਲੀਆਂ ਵੱਲ ਜਾ ਕੇ ਝੂਮਦਾ ਹੋਇਆ ਸਾਵਾ ਰੰਗ ਬਣ ਜਾਂਦਾ। ਚੋਰਾਂ ਦੀ ਤਾਂ ਗੱਲ ਛੱਡੋ ਡਿਪੂ ਵੱਲ ਪੁਲਿਸ ਵੀ ਜਾਣ ਤੋਂ ਕਤਰਾਂਦੀ ਸੀ। ਡਿਪੂ ਦੇ ਪੰਖੇਰੂ ਉੱਡ ਕੇ ਜੰਗਲ ਵੱਲ ਆ ਜਾਂਦੇ ਪਰ ਜੰਗਲ ਦਾ ਕੋਈ ਪੰਖੇਰੂ ਉਨ੍ਹਾਂ ਨਾਲ਼ ਨਾ ਤਾਂ ਯਾਰੀਆਂ ਗੰਢਦਾ ਤੇ ਨਾ ਈ ਉੱਧਰ ਉਡਾਰੀ ਮਾਰਦਾ। ਸ਼ੇਰੇ ਤੇ ਜਾਨੀ ਵਿੱਚ ਵੀ ਜੰਗਲ ਫੁਟਿਆ ਸੀ। ਉਹ ਇਸ ਜੰਗਲ ਨੂੰ ਡੱਫ਼ਰ ਜੰਗਲ ਨਾਲ਼ ਰਲਾਉਣ ਟੁਰ ਪਏ ਸਨ। ਸ਼ੇਰੇ ਤੇ ਜਾਨੀ ਦੀਆਂ ਡੱਬਾਂ ਵਿੱਚ ਗੋਲੀਆਂ ਨਾਲ਼ ਭਰੇ ਪਿਸਤੌਲ ਟੁੰਗੇ ਸਨ। ਉਹ ਕਿਸੇ ਉੱਤੇ ਵਸਾਹ ਨਹੀਂ ਸੀ ਖਾਂਦੇ, ਇਸ ਲਈ ਉਨ੍ਹਾਂ ਦਾ ਇੱਕ ਹੱਥ ਡੱਬ ਉੱਤੇ ਰਹਿੰਦਾ। ਬੁੱਕਲਾਂ ਵਿੱਚ ਉਨ੍ਹਾਂ ਦੇ ਮੂੰਹ ਲੁਕੇ ਹੋਏ ਸਨ। ਪਾਲ਼ਾ ਆਪਣੀ ਥਾਂ ਪਰ ਅਨ੍ਹੇਰੇ ਵਿੱਚ ਵੀ ਉਨ੍ਹਾਂ ਆਪਣੀ ਪਛਾਣ ਲੁਕਾਉਣ ਲਈ ਮੁੰਡਾਸੇ ਮਾਰੇ ਹੋਏ ਸਨ। ਮਨੁੱਖ ਤਾਂ ਆਪਣੇ ਘੁਰਨਿਆਂ ਵਿੱਚ ਸੁੱਤੇ ਪਏ ਸਨ ਪਰ ਜੰਗਲ ਦੇ ਜਨੌਰਾਂ ਦੀ ਆਵਾਜ਼ ਰਾਤ ਦੇ ਅਨ੍ਹੇਰੇ ਨੂੰ ਹੋਰ ਡਰਾਉਣੀ ਬਣਾਉਂਦੀ ਪਈ ਸੀ। ਸ਼ੇਰੇ ਤੇ ਜਾਨੀ ਨੂੰ ਇਨ੍ਹਾਂ ਜਨੌਰਾਂ ਦੀਆਂ ਆਵਾਜ਼ਾਂ ਦਾ ਕੋਈ ਡਰ ਨਹੀਂ ਸੀ। ਉਨ੍ਹਾਂ ਨੂੰ ਆਪਣੇ ਘੁਰਨਿਆਂ ਵਿੱਚ ਲੁੱਕੇ ਮਨੁੱਖਾਂ ਦਾ ਡਰ ਸੀ, ਜਿਹੜੇ ਰਾਤ ਨੂੰ ਕਦੇ ਕਦਾਰ ਜੰਗਲ ਦੇ ਰੁੱਖਾਂ ਉੱਤੇ ਸੁੱਤੇ ਤਿੱਤਰਾਂ ਨੂੰ ਮਾਰਨ ਆ ਜਾਂਦੇ ਸਨ। ਸ਼ੇਰੇ ਨੂੰ ਇਲਮ ਸੀ ਕਿ ਮਨੁੱਖ ਜਨੌਰਾਂ ਉੱਤੇ ਕਾਰਤੂਸ ਨਹੀਂ ਗਵਾਉਂਦਾ ਪਰ ਅਨ੍ਹੇਰੇ ਵਿੱਚ ਦੂਜੇ ਮਨੁੱਖ ਦੇ ਡਰ ਨਾਲ਼ ਘੋੜਾ ਦੱਬਣ ਤੋਂ ਹੱਥ ਨਹੀਂ ਖਿੱਚਦਾ।
”ਕਿਸੇ ਹੋਰ ਜਾਤੀ ਦੇ ਜਨੌਰ ਵੀ ਮਨੁੱਖ ਵਾਂਗ ਆਪਣੀ ਜਾਤੀ ਦੇ ਡਰ ਤੋਂ ਲਹੂ ਦੀਆਂ ਪਰਾਤਾਂ ਭਰਦੇ ਨੇ?” ਸ਼ੇਰਾ ਹੈਰਾਨ ਹੋ ਕੇ ਇਹ ਸੋਚਦਾ ਰਹਿੰਦਾ ਸੀ। ਉਹਨੂੰ ਕੋਈ ਜਵਾਬ ਤਾਂ ਨਾ ਲੱਭਾ ਪਰ ਉਸ ਇਹ ਖੋਜ ਕਰ ਲਈ ਸੀ ਕਿ ਮਨੁੱਖ ਆਪਣੀ ਮੌਤ ਦੇ ਡਰ ਤੋਂ ਈ ਦੂਜੇ ਮਨੁੱਖ ਨੂੰ ਮਾਰਦਾ ਏ। ਉਹਦੇ ਲਈ ਬਦਲੇ ਤੋਂ ਵੱਡਾ ਕੋਈ ਸੁਆਦ ਨਹੀਂ। ਆਪਣੀ ਜਾਤੀ ਨੂੰ ਮਾਰਨ ਮਗਰੋਂ ਈ ਮਨੁੱਖ ਨੂੰ ਕਿਆਮਤ ਦਾ ਖ਼ਿਆਲ ਸੁੱਝਿਆ ਸੀ। ਸ਼ੇਰੇ ਨੇ ਜਦੋਂ ਆਪਣੇ ਭਰਾ ਦੇ ਕਾਤਲ ਨੂੰ ਮਾਰਿਆ ਸੀ, ਉਦੋਂ ਡਰ ਨਾਲੋਂ ਚੋਖਾ ਉਹਨੂੰ ਸੁਆਦ ਆਇਆ ਸੀ। ਆਪਣੇ ਦੁਸ਼ਮਣ ਨੂੰ ਮਾਰਨ ਦਾ ਸੁਆਦ ਉਹਨੂੰ ਹਾਲੇ ਤੱਕ ਵੀ ਨਹੀਂ ਸੀ ਭੁੱਲਿਆ।
ਸ਼ੇਰਾ ਤੇ ਜਾਨੀ ਇੱਕ ਮੀਲ ਚੱਲ ਕੇ ਚੜ੍ਹਦੇ ਵੱਲ ਟੁਰ ਪਏ। ਉਨ੍ਹਾਂ ਰੱਜ-ਰੱਜ ਕੇ ਇੰਜ ਦੀਆਂ ਕਈ ਰਾਤਾਂ ਵਿੱਚ ਚੰਨ ਦੀ ਚਾਨਣੀ ਥੱਲੇ ਖ਼ਤਰਿਆਂ ਦੇ ਜੱਗ ਪੀਤੇ ਸਨ। ਅੱਜ ਉਨ੍ਹਾਂ ਦੀ ਮੰਜ਼ਲ ਜੰਗਲ ਦੇ ਅੰਦਰ ਉਹ ਢੱਠਾ ਕੋਠਾ ਸੀ ਜਿਹਦੇ ਵਿੱਚ ਰਹਿਣ ਵਾਲਾ ਸਾਈਂ ਇੱਕ ਦਿਹਾੜੇ ਜੰਗਲ ਤੋਂ ਤੰਗ ਆ ਕੇ ਸ਼ਹਿਰ ਵੱਲ ਟੁਰ ਗਿਆ ਸੀ। ਪਰਤ ਕੇ ਉਹ ਸਾਈਂ ਲੋਕਾਂ ਨੂੰ ਇਹੋ ਦੱਸਦਾ ਫਿਰਦਾ:
”ਇਹ ਸ਼ਹਿਰ ਜੰਗਲ ਤੋਂ ਵੀ ਵੱਡੇ ਜੰਗਲ ਨੇ।”
ਸ਼ੇਰਾ ਤੇ ਜਾਨੀ ਉਸੇ ਜੰਗਲ ਤੋਂ ਪਰਤ ਕੇ ਜਨੌਰਾਂ ਨਾਲ਼ ਭਰੇ ਡੱਫ਼ਰ ਜੰਗਲ ਵੱਲ ਜਾ ਰਹੇ ਸਨ। ਇਸ ਠਰੀ ਹੋਈ ਰਾਤ ਵਿੱਚ ਨਿੱਕੇ ਜਿਹੇ ਖੜਕ ਨਾਲ਼ ਈ ਬੰਦੇ ਨੂੰ ਕੰਬਣੀ ਲੱਗ ਜਾਂਦੀ, ਪਰ ਉਨ੍ਹਾਂ ਦੋਨਾਂ ਨੂੰ ਹੁਣ ਡਰ ਤੋਂ ਵੱਧ ਪਾਲ਼ਾ ਤੇ ਭੁੱਖ ਲੱਗਣ ਲੱਗ ਪਈ ਸੀ। ਭੁੱਖ ਡਰ ਦੀ ਵੀ ਮਾਂ ਏ। ਉਨ੍ਹਾਂ ਦੋਨਾਂ ਡਰ ਦੇ ਨਾਲ਼ ਭੁੱਖਾਂ ਵੀ ਵੇਖੀਆਂ ਸਨ। ਉਹ ਨਿੱਤ ਇਸ਼ਤਿਹਾਰੀਆਂ ਦੀਆਂ ਕਹਾਣੀਆਂ ਸੁਣ ਕੇ ਔਖੀਆਂ ਰਾਹਾਂ ਉੱਤੇ ਚਲਦੇ ਰਹਿੰਦੇ ਸਨ। ਉਨ੍ਹਾਂ ਡਰ ਨਾਲ਼ ਖੇਡਣਾ ਸਿੱਖ ਲਿਆ ਸੀ। ਡਰ ਥਾਵਾਂ ਵਿੱਚ ਨਹੀਂ, ਦਿਲਾਂ ਵਿੱਚ ਵੱਸਦਾ ਏ। ਤੇ ਜੁੱਸੇ ਅੰਦਰ ਲਹੂ ਵਾਂਗ ਦੌੜਦਾ ਏ। ਸ਼ੇਰੇ ਨੇ ਥਾਂਵਾਂ ਦਾ ਡਰ ਕਦੋਂ ਦਾ ਲਾਹ ਦਿੱਤਾ ਸੀ। ਉਹਦੇ ਲਈ ਸਾਰੀਆਂ ਥਾਂਵਾਂ ਇੱਕੋ ਜਿਹੀਆਂ ਸਨ।
”ਇਸ਼ਤਿਹਾਰੀ ਨੂੰ ਹਮੇਸਾ ਸੱਜਣ ਈ ਮਰਵਾਉਂਦੇ ਨੇ।” ਇਹ ਇੱਕ ਅਜਿਹਾ ਡਰ ਸੀ ਜਿਹੜਾ ਸ਼ੇਰੇ ਦੀ ਹਯਾਤੀ ਵਿੱਚ ਛੱਪੜ ਦੇ ਪਾਣੀ ਵਾਂਗ ਖਲੋ ਗਿਆ ਸੀ।
ਸ਼ੇਰਾ ਤੇ ਜਾਨੀ ਗੱਲਾਂ ਕਰਦੇ ਜਾ ਰਹੇ ਸਨ। ਰਾਤ ਵੈਕਿਊਮ ਵਾਂਗ ਸੀ, ਜਿਹਦੇ ਵਿੱਚ ਉਨ੍ਹਾਂ ਦੀ ਆਵਾਜ਼ ਪਹਾੜਾਂ ਦੀ ਸ਼ੀਸ਼ੇ ਵਰਗੀ ਬਰਫ਼ ਦੇ ਪਾਣੀ ਵਾਂਗ ਸਾਫ਼ ਸੀ। ਉਹ ਡੰਗਰਾਂ ਦੀ ਇੱਕ ਹਵੇਲੀ ਕੋਲੋਂ ਲੰਘੇ ਤੇ ਜਾਨੀ ਨੇ ਅਨ੍ਹੇਰੇ ਵਿੱਚ ਸ਼ੇਰੇ ਵੱਲ ਇੰਜ ਵੇਖਿਆ ਜਿਵੇਂ ਉਹ ਕੋਈ ਸਾਂਝਾ ਵਿਚਾਰ, ਸੋਚ ਰਹੇ ਹੋਣ।
”ਕੋਈ ਡੰਗਰ ਨਾ ਖੋਲ੍ਹ ਲਈਏ?” ਜਾਨੀ ਨੇ ਸ਼ੇਰੇ ਨੂੰ ਪੁੱਛਿਆ।
”ਸਾਡੇ ਲਈ ਅਪਣਾ ਵਜੂਦ ਸਾਂਭਣਾ ਔਖਾ ਏ। ਬੇ-ਜ਼ਬਾਨ ਡੰਗਰ ਦੇ ਗਲ ਵਿੱਚ ਰੱਸੀ ਪਾ ਕੇ ਧਰੀਕਣਾ ਮੈਨੂੰ ਭੈੜਾ ਲਗਦਾ ਏ।” ਸ਼ੇਰਾ ਜਵਾਬ ਦੇ ਕੇ ਤੇਜ਼ ਪੈਰ ਪੁੱਟਣ ਲੱਗ ਪਿਆ। ਉਹਨੂੰ ਡਰ ਸੀ ਕਿਧਰੇ ਜਾਨੀ ਜ਼ਿੱਦ ਨਾ ਕਰ ਜਾਵੇ। ਸ਼ੇਰੇ ਨੂੰ ਡੰਗਰਾਂ ਦੀ ਨੱਥ ਵੇਖ ਕੇ ਪੁਲਿਸ ਦੀਆਂ ਹੱਥਕੜੀਆਂ ਯਾਦ ਆ ਜਾਂਦੀਆਂ। ਉਨ੍ਹਾਂ ਹੱਥਕੜੀਆਂ ਦੀ ਆਵਾਜ਼ ਈ ਉਹਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਸੀ। ਉਹ ਜਿੰਨਾ ਵੀ ਦੂਰ ਨੱਸ ਕੇ ਜਾਂਦਾ, ਇਹ ਆਵਾਜ਼ ਉਹਦੇ ਨਾਲ਼-ਨਾਲ਼ ਈ ਟੁਰਦੀ ਰਹਿੰਦੀ। ਸ਼ੇਰੇ ਤੇ ਜਾਨੀ ਦੇ ਬਾਰੇ ਵਿੱਚ ਇਹ ਮਸ਼ਹੂਰ ਸੀ ਕਿ ਉਨ੍ਹਾਂ ਏਕੋੱਤਰ ਸੌ ਦੇ ਨੇੜੇ ਬੰਦੇ ਮਾਰੇ ਨੇ। ਜਦੋਂ ਸ਼ੇਰਾ ਇਹ ਗੱਲਾਂ ਸੁਣਦਾ ਤੇ ਉਹਦਾ ਹਾਸਾ ਨਿਕਲ ਜਾਂਦਾ।
”ਬੰਦੇ ਨਾਲੋਂ ਵੱਡਾ ਉਹਦੇ ਨਾਂ ਦਾ ਪਰਛਾਵਾਂ ਹੁੰਦਾ ਏ।” ਜਾਨੀ ਇਹ ਗੱਲ ਹਰ ਨਵੀਂ ਮਿਲਣ ਵਾਲੇ ਬੰਦੇ ਨੂੰ ਆਖਦਾ ਹੁੰਦਾ ਸੀ। ਸ਼ੇਰੇ ਨੂੰ ਇਲਮ ਸੀ ਕਿ ਇਹ ਪਰਛਾਵਾਂ ਈ ਇੱਕ ਦਿਹਾੜੀ, ਰਾਤ ਬਣ ਕੇ ਵਜੂਦ ਨੂੰ ਖਾ ਜਾਂਦਾ ਏ।
ਸ਼ੇਰਾ ਤੇ ਜਾਨੀ ਜੰਗਲ ਦੇ ਅੰਦਰ ਵੜ ਕੇ ਸਾਈਂ ਦੇ ਕੋਠੇ ਵੱਲ ਟੁਰ ਪਏ। ਉਹ ਟੁਰਦੇ ਰਹੇ ਪਰ ਕੋਠਾ ਨੇੜੇ ਨਾ ਆਇਆ। ਉਨ੍ਹਾਂ ਨੂੰ ਇੰਜ ਜਾਪਣ ਲੱਗ ਪਿਆ ਜਿਵੇਂ ਕੋਠਾ ਵੀ ਉਨ੍ਹਾਂ ਦੇ ਅੱਗੇ ਲੱਗ ਕੇ ਭੱਜਣ ਲੱਗ ਪਿਆ ਏ। ਇਹ ਕੋਈ ਪਹਿਲਾ ਕੋਠਾ ਨਹੀਂ ਸੀ ਜਿਹੜਾ ਉਨ੍ਹਾਂ ਤੋਂ ਲੁਕਦਾ ਫਿਰਦਾ ਸੀ, ਸਾਰੇ ਕੋਠੇ ਈ ਉਨ੍ਹਾਂ ਨੂੰ ਪਨਾਹ ਦੇਣ ਤੋਂ ਚਾਲੂ ਸਨ। ਉਨ੍ਹਾਂ ਰਾਤ ਜੰਗਲ ਵਿੱਚ ਟੁਰਦਿਆਂ ਈ ਲੰਘਾ ਦਿੱਤੀ ਪਰ ਕੋਠਾ ਨਾ ਲੱਭਿਆ। ਸਵੇਰ ਹੋਈ ਤੇ ਉਨ੍ਹਾਂ ਨੂੰ ਇਸ ਗੱਲ ਦਾ ਚਾਨਣ ਹੋ ਗਿਆ ਕਿ ਰਾਤੀਂ ਉਹ ਅਨ੍ਹੇਰੇ ਵਿੱਚ ਰਾਹ ਭੁੱਲ ਕੇ ਕੋਠੇ ਦੇ ਉਲਟ ਪਾਸੇ ਜੰਗਲ ਝਾਗਦੇ ਰਹੇ ਸਨ। ਉਹ ਜਦੋਂ ਪਿਛਾਂਹ ਨੂੰ ਟੁਰੇ, ਉਦੋਂ ਜੰਗਲ ਦੇ ਸਾਰੇ ਪਖੇਰੂ ਜਾਗ ਗਏ ਸਨ। ਉਨ੍ਹਾਂ ਦੀਆਂ ਆਵਾਜ਼ਾਂ ਨਾਲ਼ ਜੰਗਲ ਵਿੱਚ ਚੀਕ-ਚਿਹਾੜਾ ਪਿਆ ਹੋਇਆ ਸੀ। ਪਖੇਰੂ ਉਨ੍ਹਾਂ ਨੂੰ ਸ਼ਿਕਾਰੀ ਸਮਝ ਕੇ ਰੁੱਖਾਂ ਦੇ ਪੱਤਰਾਂ ਪਿੱਛੇ ਲੁਕਦੇ ਫਿਰਦੇ ਸਨ। ਉਹ ਦੋਵੇਂ ਰੁੱਖਾਂ ਦੇ ਵਿਚਕਾਰ ਕੱਚੀ ਪਗਡੰਡੀ ਉੱਤੇ ਚਲਦੇ ਸਾਈਂ ਦੇ ਢਾਰੇ ਅੱਪੜ ਗਏ। ਉਨ੍ਹਾਂ ਦੇ ਜੁੱਸੇ ਜਗਰਾਤੇ ਨਾਲ਼ ਥੱਕੇ ਹੋਏ ਸਨ। ਜੇਕਰ ਹੁਣ ਵੀ ਢਾਰਾ ਨਾ ਲੱਭਦਾ ਤਾਂ ਉਨ੍ਹਾਂ ਝਾੜੀਆਂ ਵਿੱਚ ਈ ਚਾਦਰ ਚਾੜ੍ਹ ਕੇ ਸੌਂ ਜਾਣਾ ਸੀ। ਉਹ ਜਦੋਂ ਢਾਰੇ ਦੇ ਅੰਦਰ ਵੜੇ ਤਾਂ ਸਾਈਂ ਪਰਾਲ਼ੀ ਦੇ ਬਿਸਤਰੇ ਉੱਤੇ ਰਜ਼ਾਈ ਥੱਲੇ ਸੁੱਤਾ ਪਿਆ ਸੀ। ਬੂਹੇ ਦੇ ਖੜਕ ਨਾਲ਼ ਵੀ ਉਹਦੀ ਅੱਖ ਨਾ ਖੁੱਲ੍ਹੀ। ਢਾਰੇ ਦੇ ਅੰਦਰ ਚਰਸ ਤੇ ਬੂਟੀ ਦੀ ਬੋ ਖਿੱਲਰੀ ਸੀ। ਉਨ੍ਹਾਂ ਸਾਈਂ ਨੂੰ ਬੜੀਆਂ ਵਾਜਾਂ ਮਾਰੀਆਂ ਪਰ ਉਹ ਨਾ ਉੱਠਿਆ। ਉਹਨੂੰ ਚੋਰੀ ਚਕਾਰੀ ਜਾਂ ਕਿਸੇ ਹੋਰ ਨੁਕਸਾਨ ਦਾ ਅੰਦੇਸ਼ਾ ਹੁੰਦਾ ਤਾਂ ਫ਼ਿਰ ਸ਼ਾਇਦ ਉਹ ਜ਼ਰੂਰ ਉੱਠ ਪੈਂਦਾ। ਸ਼ੇਰੇ ਤੇ ਜਾਨੀ ਨੂੰ ਪੱਕ ਹੋ ਗਿਆ ਕਿ ਸਾਈਂ ਐਵੇਂ ਨਹੀਂ ਉੱਠੇਗਾ। ਉਨ੍ਹਾਂ ਦੋਨਾਂ ਨੇ ਸਾਈਂ ਨੂੰ ਬਾਂਹੋਂ ਫੜਿਆ ਤੇ ਚੁੱਕ ਕੇ ਇੱਕ ਨੁੱਕੜ ਵਿੱਚ ਬਿਠਾ ਦਿੱਤਾ। ਉਹ ਆਪ ਦੋਵੇਂ ਸਾਈਂ ਦੇ ਬਿਸਤਰੇ ਉੱਤੇ ਲੰਮੇ ਪੈ ਗਏ। ਕੁਝ ਮਿੰਟਾਂ ਵਿੱਚ ਈ ਉਹ ਇੰਜ ਸੌਂ ਗਏ ਜਿਵੇਂ ਬੇਹੋਸ਼ੀ ਦੀ ਦਵਾ ਸੁੰਘੀ ਹੋਵੇ। ਸਾਈਂ ਕੁਝ ਚਿਰ ਤਾਂ ਕੰਧ ਨਾਲ਼ ਢੋਹ ਲਾ ਕੇ ਸੁੱਤਾ ਰਿਹਾ ਪਰ ਫ਼ਿਰ ਉਹਦੀ ਅੱਖ ਖੁੱਲ੍ਹ ਗਈ। ਆਪਣੇ ਬਿਸਤਰੇ ਉੱਤੇ ਲੰਮੇ ਪਏ ਦੋ ਡਸ਼ਕਰੇ ਵੇਖ ਕੇ ਸਾਈਂ ਨੂੰ ਇੰਜ ਲੱਗਾ ਜਿਵੇਂ ਕੋਈ ਖ਼ਾਬ ਪਿਆ ਵੇਖਦਾ ਹੋਵੇ। ਉਹਦਾ ਖ਼ਾਬ ਛੇਤੀ ਈ ਟੁੱਟ ਗਿਆ। ਉਹਦੀ ਹਾਲਤ ਉਸ ਕੁੱਕੜੀ ਵਾਂਗ ਸੀ ਜਿਹਦੇ ਖੁੱਡੇ ਵਿੱਚ ਸੱਪ ਵੜ ਕੇ ਬੈਠ ਗਿਆ ਹੋਵੇ। ਸਾਈਂ ਉੱਠ ਕੇ ਢਾਰੇ ਤੋਂ ਬਾਹਰ ਆਇਆ ਤੇ ਚਾਰੇ ਪਾਸੇ ਇੰਜ ਵੇਖਣ ਲੱਗ ਪਿਆ ਜਿਵੇਂ ਕੋਈ ਸ਼ੈ ਲੱਭ ਰਿਹਾ ਹੋਵੇ। ਉਹਨੂੰ ਇੱਕ ਰੁੱਖ ਕੋਲ਼ ਪਰਾਲ਼ੀ ਦਿੱਸ ਪਈ। ਪਰਾਲ਼ੀ, ਤਰੇਲ਼ ਨਾਲ ਗਿੱਲੀ ਹੋਣ ਪਾਰੋਂ ਠੰਢੀ ਹੋ ਗਈ ਸੀ। ਸਾਈਂ ਨੇ ਥੱਲੇ ਵਾਲੀ ਸੁੱਕੀ ਪਰਾਲ਼ੀ ਦਾ ਇੱਕ ਥੱਬਾ ਚੁੱਕਿਆ ਤੇ ਢਾਰੇ ਵਿੱਚ ਆ ਗਿਆ। ਇੱਕ ਕੰਧ ਨਾਲ਼ ਪੱਧਰੀ ਕਰ ਕੇ ਉਹਦੇ ਉੱਤੇ ਉਹ ਇੰਜ ਈ ਲੰਮਾ ਪੈ ਗਿਆ ਜਿਵੇਂ ਪਹਿਲਾਂ ਸੁੱਤਾ ਪਿਆ ਸੀ। ਸਾਈਂ ਦੁਪਹਿਰ ਨੂੰ ਉੱਠ ਗਿਆ ਪਰ ਸ਼ੇਰਾ ਤੇ ਜਾਨੀ ਦੋਵੇਂ ਲੌਢੇ ਵੇਲੇ ਤੱਕ ਸੁੱਤੇ ਰਹੇ। ਸਾਈਂ ਨੂੰ ਉਨ੍ਹਾਂ ਦੇ ਸਿਰਹਾਣੇ ਪਏ ਪਿਸਤੌਲ ਦਿੱਸ ਪਏ ਸਨ, ਇਸ ਲਈ ਉਹ ਸਹਿਮ ਕੇ ਬੈਠਾ ਸੀ। ਸਾਈਂ ਨੂੰ ਇਸ ਗੱਲ ਦਾ ਗਵੇੜ ਹੋ ਗਿਆ ਸੀ ਕਿ ਇਹ ਪ੍ਰਾਹੁਣੇ ਢਾਰੇ ਦੇ ਮਾਲਕ ਬਣ ਕੇ ਰਹਿਣਗੇ। ਸ਼ੇਰਾ ਤੇ ਜਾਣੀ ਜਦੋਂ ਸੌਂ ਕੇ ਉੱਠੇ ਤਾਂ ਉਨ੍ਹਾਂ ਸਾਈਂ ਨੂੰ ਪਹਿਲਾ ਸਵਾਲ ਈ ਰੋਟੀ ਦਾ ਕੀਤਾ। ਉਨ੍ਹਾਂ ਨੂੰ ਭੁੱਖ ਨੇ ਆਪਣਾ ਆਪ ਵਿਖਾ ਦਿੱਤਾ ਸੀ। ਸਾਈਂ, ਰੋਟੀ ਦਾ ਸੁਣ ਕੇ ਉਨ੍ਹਾਂ ਵੱਲ ਬਿਟਰ-ਬਿਟਰ ਵੇਖਣ ਲੱਗ ਪਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਰੋਵੇ ਜਾਂ ਹੱਸੇ। ਜਿਹੜਾ ਆਪ ਮੰਗ ਕੇ ਖਾਂਦਾ ਸੀ, ਉਹਦੇ ਕੋਲ਼ ਵੀ ਖੋਹਣ ਵਾਲੇ ਆ ਗਏ ਸਨ। ਸਾਈਂ ਸੁੱਕੀਆਂ ਰੋਟੀਆਂ ਇੱਕ ਕੰਦੂਰੀ ਵਿੱਚੋਂ ਕੱਢ ਕੇ ਉਨ੍ਹਾਂ ਦੇ ਅੱਗੇ ਰੱਖ ਦਿੱਤੀਆਂ। ਸਾਈਂ ਨੇ ਬਾਹਰ ਸੁੱਕੀਆਂ ਲੱਕੜੀਆਂ ਨੂੰ ਅੱਗ ਲਾ ਕੇ ਉਹਦੇ ਉੱਤੇ ਪਤੀਲੀ ਰੱਖੀ ਹੋਈ ਸੀ। ਉਹਦਾ ਧੂੰ ਢਾਰੇ ਦੇ ਅੰਦਰ ਆਉਣ ਲੱਗ ਪਿਆ।
”ਤੂੰ ਇਹ ਬਾਹਰ ਕੀ ਧੂਣੀ ਧੁਖਾਈ ਹੋਈ ਏ?” ਜਾਨੀ ਨੇ ਸਾਈਂ ਨੂੰ ਪੁੱਛਿਆ।
”ਤੁਹਾਡੇ ਲਈ ਚਾਹ ਬਣਾਉਂਦਾ ਪਿਆਂ।” ਸਾਈਂ ਉਹਨੂੰ ਜਵਾਬ ਦਿੱਤਾ।
”ਚਲੋ ਚਾਹ ਵਿੱਚ ਭੇਂ ਕੇ ਰੋਟੀ ਖਾ ਲਵਾਂਗੇ।” ਸ਼ੇਰੇ ਤੇ ਜਾਨੀ ਨੂੰ ਇਹ ਸਾਂਝਾ ਖ਼ਿਆਲ ਸੁੱਝਿਆ। ਜਦੋਂ ਉਨ੍ਹਾਂ ਦੋਨਾਂ ਦੇ ਅੱਗੇ ਸਾਈਂ ਨੇ ਚਾਹ ਦੇ ਪਿਆਲੇ ਰੱਖੇ ਤੇ ਉਨ੍ਹਾਂ ਰੋਟੀਆਂ ਨੂੰ ਚਾਹ ਵਿੱਚ ਡੋਬ ਕੇ ਇੰਜ ਚਬਾਇਆ ਜਿਵੇਂ ਉਹ ਲੱਛੇ ਹੋਣ। ਖਾਣ ਮਗਰੋਂ ਵੀ ਭੁੱਖ ਆਪਣੀ ਥਾਂ ਉੱਤੇ ਖਲੋਤੀ ਸੀ। ਸਾਈਂ ਜੰਗਲ ਵਿੱਚ ਵੱਖੋ-ਵੱਖ ਥਾਵਾਂ ਉੱਤੇ ਬਣੇ ਘਰਾਂ ਦੇ ਵਸਨੀਕਾਂ ਤੋਂ ਮੰਗ-ਪਿੰਨ ਕੇ ਰੋਟੀ ਖਾਂਦਾ ਸੀ। ਕਦੇ-ਕਦਾਰ ਉਹ ਆਪ ਵੀ ਦੇ ਜਾਂਦੇ ਸਨ। ਸ਼ਾਮ ਵੇਲੇ ਸਾਈਂ ਆਪਣੇ ਨਾਲ਼ ਹੁਣ ਨਵੇਂ ਪ੍ਰਾਹੁਣਿਆਂ ਲਈ ਵੀ ਰੋਟੀ ਮੰਗਣ ਟੁਰ ਪਿਆ। ਸਾਈਂ ਜਦੋਂ ਟੁਰਨ ਲੱਗਾ ਤਾਂ ਸ਼ੇਰੇ ਨੇ ਉਹਨੂੰ ਵਾਜ ਮਾਰੀ। ਸਾਈਂ ਨੇ ਪਿੱਛੇ ਪਰਤ ਕੇ ਸ਼ੇਰੇ ਵੱਲ ਵੇਖਿਆ। ਉਹਨੂੰ ਵੱਡੀਆਂ ਮੁੱਛਾਂ ਤੇ ਬਰੀਕ ਅੱਖਾਂ ਦੇ ਰਲੇ ਨਾਲ਼ ਫਬਿਆ ਸ਼ੇਰਾ ਜੰਗਲ ਦਾ ਹਾਕਮ ਜਾਪਿਆ।
”ਉਨ੍ਹਾਂ ਨੂੰ ਦੱਸੀਂ! ਸ਼ੇਰਾ ਆਇਆ ਏ।” ਸ਼ੇਰੇ ਨੇ ਸਾਈਂ ਨੂੰ ਤਿੜ ਕੇ ਆਖਿਆ। ਸਾਈਂ, ਸ਼ੇਰੇ ਦਾ ਨਾਂ ਜਪਦਾ ਜੰਗਲ ਦੇ ਰੈਸਟ ਹਾਊਸ ਵਾਲੇ ਪਾਸੇ ਘਰਾਂ ਵੱਲ ਟੁਰ ਪਿਆ। ਜੰਗਲ ਵਿੱਚ ਕੁੱਕੜ, ਦੁੱਧ ਤੇ ਸਬਜ਼ੀਆਂ ਦੀ ਥੋੜ੍ਹ ਨਹੀਂ ਸੀ। ਫ਼ਾਰਸੈਟ ਡਿਪਾਰਟਮੈਂਟ ਦੇ ਮੁਲਾਜ਼ਮਾਂ ਦੇ ਨਾਲ਼ ਉੱਥੇ ਹੋਰ ਵੱਸਦੇ ਕਮੀ-ਕਾਰੀ ਵੀ ਸਾਈਂ ਨੂੰ ਰੋਟੀ ਟੁੱਕਰ ਦੇ ਕੇ ਖ਼ੁਸ਼ ਹੁੰਦੇ। ਸਾਈਂ ਇੱਕ ਫ਼ਾਰਸੈਟ ਮੁਲਾਜ਼ਮ ਦੇ ਘਰ ਦੇ ਬੂਹੇ ਨੂੰ ਖੜਕਾ ਕੇ ਜਦੋਂ ਉੱਚੀ ਆਵਾਜ਼ ਵਿੱਚ ਰੋਟੀ ਦਾ ਸਵਾਲ ਕੀਤਾ ਤਾਂ ਮੁਲਾਜ਼ਮ ਅੰਦਰੋਂ ਬਾਹਰ ਨਿਕਲ ਆਇਆ। ਉਹਦੇ ਪਿੱਛੇ ਇੱਕ ਨਿਆਣਾ ਵੀ ਆਪਣੇ ਪਿਓ ਦੇ ਕੁਰਤੇ ਦਾ ਪੱਲਾ ਫੜ ਕੇ ਸਾਈਂ ਨੂੰ ਵੇਖਣ ਆਇਆ। ਨਿਆਣੇ ਨੂੰ ਸਾਈਂ ਦੇ ਲੰਮੇ ਵਾਲ਼, ਗੂੜ੍ਹੇ ਰੰਗਾਂ ਦੇ ਕੱਪੜੇ ਤੇ ਗਲ ਵਿੱਚ ਲਮਕਦੀਆਂ ਤਸਬੀਆਂ ਵੇਖ ਕੇ ਹੈਰਾਨੀ ਹੋ ਰਹੀ ਸੀ। ਉਹ ਹੈਰਾਨੀ ਦੇ ਸ਼ੀਸ਼ੇ ਵਿੱਚ ਧਿਆਨ ਨਾਲ਼ ਸਾਈਂ ਨੂੰ ਵੇਖਦਾ ਰਿਹਾ। ਜਦੋਂ ਉਸ ਮੁਲਾਜ਼ਮ ਨੇ ਸਾਈਂ ਦੀ ਦੋਹਣੀ ਵਿੱਚ ਦੁੱਧ ਪਾਇਆ ਤੇ ਸਾਈਂ, ਜਿਹੜਾ ਪਹਿਲਾਂ ਕੁੱਝ ਮੰਗਦਾ ਈ ਨਹੀਂ ਸੀ, ਮੂੰਹ ਅੱਡ ਕੇ ਉਸ ਮੁਲਾਜ਼ਮ ਵੱਲ ਵੇਖਣ ਲੱਗ ਪਿਆ।
”ਸ਼ੇਰਾ ਤੇ ਉਹਦਾ ਇੱਕ ਬੇਲੀ ਵੀ ਆਏ ਨੇ। ਉਨ੍ਹਾਂ ਵੀ ਰੋਟੀ ਖਾਣੀ ਏ।” ਸਾਈਂ ਝਕਦਾ ਹੋਇਆ ਬੋਲ ਪਿਆ। ਉਸ ਪਹਿਲੀ ਵਾਰੀ ਬੋਲ ਕੇ ਕੋਈ ਸ਼ੈਅ ਮੰਗੀ ਸੀ। ਸ਼ੇਰਾ ਇੱਥੇ ਕੋਈ ਪਹਿਲੀ ਵਾਰੀ ਨਹੀਂ ਸੀ ਆਇਆ। ਸਾਰਾ ਜੰਗਲ ਉਹਨੂੰ ਜਾਣਦਾ ਸੀ। ਜਿਹੜੇ ਸਾਈਂ ਨੂੰ ਖ਼ੁਸ਼ ਹੋ ਕੇ ਰੋਟੀ ਦਿੰਦੇ ਸਨ ਉਹ ਸ਼ੇਰੇ ਦੇ ਰੋਅਬ ਵਿੱਚ ਆ ਕੇ ਕੁੱਕੜ ਕੋਹ ਲੈਂਦੇ। ਉਹ ਸ਼ੇਰੇ ਦੀ ਪੁਲਿਸ ਨੂੰ ਸ਼ਕੈਤ ਵੀ ਨਹੀਂ ਸੀ ਲਾਉਂਦੇ। ਉਨ੍ਹਾਂ ਨੂੰ ਪੱਕ ਸੀ ਕਿ ਅਖ਼ੀਰ ਉਸ ਇੱਕ ਦਿਹਾੜੇ ਛੁੱਟ ਕੇ ਪਰਤ ਆਉਣਾ ਏ:
”ਜਿਹਨੂੰ ਕਿਸੇ ਦਾ ਭਾਰ ਈ ਨਾ ਹੋਵੇ, ਉਹਦੇ ਨਾਲ਼ ਕੌਣ ਮੱਥਾ ਲਾਏ?”
ਉਸ ਰਾਤ ਸ਼ੇਰੇ ਤੇ ਜਾਨੀ ਨੇ ਕਿੰਨੇ ਈ ਦਿਹਾੜਿਆਂ ਮਗਰੋਂ ਰੱਜ ਕੇ ਰੋਟੀ ਖਾਦੀ। ਸਾਈਂ ਵੀ ਆਪਣੀ ਸੁੱਕੀ ਰੋਟੀ ਦੁੱਧ ਨਾਲ਼ ਘੁੱਟੋਵੱਟੀ ਖਾਂਦਾ ਰਿਹਾ। ਸ਼ੇਰੇ ਤੇ ਜਾਨੀ ਨੇ ਹਾਲੀਂ ਜੰਗਲ ਉੱਤੇ ਆਪਣੇ ਰੋਅਬ ਦਾ ਪੂਰਾ ਸੁਆਦ ਵੀ ਨਹੀਂ ਚੱਖਿਆ ਸੀ ਕਿ ਦੋ ਚੋਰ ਮੋਨਾ ਡਿਪੂ ਵਿੱਚੋਂ ਨੱਸ ਕੇ ਜੰਗਲ ਵਾਲੇ ਪਾਸੇ ਆ ਗਏ। ਸਿਪਾਹੀ ਤੇ ਫ਼ੌਜੀ ਉਨ੍ਹਾਂ ਦੇ ਪਿੱਛੇ ਚੜ੍ਹੇ ਹੋਏ ਸਨ। ਚੋਰਾਂ ਕੋਲ਼ ਨੱਸਣ ਦਾ ਚੋਖਾ ਤਜਰਬਾ ਸੀ। ਉਹ ਉਸ ਖ਼ਰਗੋਸ਼ ਵਾਂਗ ਭੱਜ ਰਹੇ ਸਨ ਜਿਹਨੂੰ ਪਿੱਛੇ ਪਏ ਸ਼ਿਕਾਰੀ ਕੁੱਤਿਆਂ ਤੋਂ ਜਾਣ ਦਾ ਖ਼ਤਰਾ ਹੁੰਦਾ ਏ। ਉਨ੍ਹਾਂ ਚੋਰਾਂ ਨੇ ਡਿਪੂ ਦੇ ਉਹ ਨਸਲੀ ਘੋੜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਘੋੜੀਆਂ ਨਵੀਆਂ ਕਰਦੇ ਸਨ। ਕੁਝ ਚਿਰ ਪਹਿਲਾਂ ਜਦੋਂ ਇਲਾਕੇ ਦੇ ਲੋਕਾਂ ਆਪਣੀਆਂ ਘੋੜੀਆਂ ਚੋਰੀ ਹੋਣ ਦੀ ਸ਼ਕੈਤ ਥਾਣੇਦਾਰ ਨੂੰ ਕੀਤੀ ਤਾਂ ਉਸ ਅੱਗੋਂ ਹੱਸ ਕੇ ਇਹੋ ਜਵਾਬ ਦਿੱਤਾ ਕਿ ਹੁਣ ਘੋੜੀਆਂ ਰੱਖਣ ਦੀ ਕਿਹੜੀ ਲੋੜ ਏ। ਫ਼ਿਰ ਉਨ੍ਹਾਂ ਦੋਨਾਂ ਚੋਰਾਂ ਜਿਹਲਮ ਦਰਿਆ ਦੇ ਆਰ-ਪਾਰ ਪਿੰਡਾਂ ਵਿੱਚ ਘੋੜੀਆਂ ਦੀਆਂ ਖੁਰਲੀਆਂ ਉਜਾੜ ਦਿੱਤੀਆਂ। ਉਹ ਦੋਵੇਂ ਭਰਾ ਇਲਾਕੇ ਦੇ ਮਸ਼ਹੂਰ ਚੋਰ ਕਾਲੂ ਤੇ ਮਤਲੀ ਸਨ। ਹੁਣ ਉਨ੍ਹਾਂ ਨੂੰ ਘੋੜੀਆਂ ਲਈ ਚੰਗੇ ਘੋੜੇ ਚਾਹੀਦੇ ਸਨ। ਮੋਨਾ ਡਿਪੂ ਦੇ ਘੋੜੇ ਵੇਖ ਕੇ ਉਨ੍ਹਾਂ ਡਿਪੂ ਦੀਆਂ ਕੰਧਾਂ ਟੱਪੀਆਂ ਤੇ ਜਦੋਂ ਫ਼ੌਜੀ ਪਿੱਛੇ ਚੜ੍ਹੇ ਤਾਂ ਫ਼ਿਰ ਗਿੱਦੜਾਂ ਵਾਂਗ ਉਹ ਕੰਧਾਂ ਟੱਪ ਕੇ ਜੰਗਲ ਵੱਲ ਭੱਜ ਪਏ। ਭੱਜਦੇ ਚੋਰਾਂ ਨੂੰ ਸਮਝ ਆ ਗਈ ਸੀ ਕਿ ਉਨ੍ਹਾਂ ਨੂੰ ਘੋੜਿਆਂ ਦਾ ਕੰਮ ਰਾਸ ਨਹੀਂ ਆਉਣਾ। ਚੋਰ ਇੰਜ ਭੱਜੇ ਜਿਵੇਂ ਟ੍ਰੇਂਡ ਫ਼ੌਜੀ ਭੱਜਦੇ ਨੇ। ਚੋਰ ਭੱਜਣ ਦੀ ਮਸ਼ਕ ਰੋਜ਼ ਕਰਦੇ ਸਨ, ਫ਼ੌਜੀ ਉਨ੍ਹਾਂ ਦੇ ਪਿੱਛੇ ਕਿੰਨਾ ਦੂਰ ਭੱਜਦੇ। ਫ਼ੌਜ ਤੇ ਸਿਪਾਹੀਆਂ ਨੇ ਚੋਰਾਂ ਦਾ ਪਿੱਛਾ ਨਾ ਛੱਡਿਆ। ਉਹ ਜੰਗਲ ਵਿੱਚ ਇੰਜ ਫਿਰੇ ਜਿਵੇਂ ਵਾਲਾਂ ਵਿੱਚ ਕੰਘੀ ਫਿਰਦੀ ਏ। ਚੋਰ ਤੇ ਨਾ ਲੱਭੇ ਪਰ ਜਦੋਂ ਸਿਪਾਹੀ ਪਿੱਛੇ ਪਰਤੇ ਤਾਂ ਸੂਰਾਂ ਦੀ ਪੂਰੀ ਦਰਜਨ ਰੈਸਟ ਹਾਊਸ ਦੇ ਕੋਲ਼ ਮੋਈ ਪਈ ਸੀ। ਪੁਲੀਸ ਤੇ ਫ਼ੌਜ ਚੋਰਾਂ ਨੂੰ ਭੁੱਲ ਕੇ ਇਨ੍ਹਾਂ ਸੂਰਾਂ ਦੀਆਂ ਕਹਾਣੀਆਂ ਵਿੱਚ ਰੁੱਝ ਗਈ। ਉਂਜ ਵੀ ਇਨ੍ਹਾਂ ਚੋਰਾਂ ਕਿਹੜਾ ਕੋਈ ਘੋੜਾ ਚੋਰੀ ਕੀਤਾ ਸੀ, ਜਿਹੜਾ ਉਨ੍ਹਾਂ ਕੋਲ਼ ਲੱਭਣ ਦੀ ਲੋੜ ਹੁੰਦੀ। ਸੂਰ ਵਿਚਾਰੇ ਤੇ ਐਵੇਂ ਈ ਮਾਰੇ ਗਏ।
ਜੰਗਲ ਦੇ ਨਿੱਕੇ ਜਿਹੇ ਖੜਕ ਨਾਲ਼ ਈ ਸ਼ੇਰੇ ਤੇ ਜਾਨੀ ਦੇ ਕੰਨ ਖਲੋ ਜਾਂਦੇ ਸਨ। ਪੁਲਿਸ ਜੰਗਲ ਵਿੱਚ ਹਾਲੇ ਪੈਰ ਈ ਧਰੇ ਸਨ ਤੇ ਉਨ੍ਹਾਂ ਨੂੰ ਇਲਮ ਹੋ ਗਿਆ। ਚੋਰਾਂ ਵੀ ਸਿੱਧਾ ਓਥੇ ਅੱਪੜ ਕੇ ਸਾਹ ਲਏ। ਮੱਝਾਂ, ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ। ਸ਼ੇਰਾ ਤੇ ਜਾਨੀ ਭਾਵੇਂ ਚੋਰ ਨਹੀਂ ਸਨ ਪਰ ਚੋਰ ਤੇ ਇਸ਼ਤਿਹਾਰੀ ਇੱਕੋ ਖੁਰਲੀ ਉੱਤੇ ਬੱਧੇ ਜਨੌਰ ਹੁੰਦੇ ਨੇ। ਉਹ ਉਨ੍ਹਾਂ ਰਾਹਾਂ ਉੱਤੇ ਵੀ ਜਾਂਦੇ ਨੇ ਜਿਨ੍ਹਾਂ ਉੱਤੇ ਵਸਨੀਕਾਂ ਨੂੰ ਛੱਡ ਕੇ ਹੋਰ ਕੋਈ ਪੈਰ ਨਹੀਂ ਧਰਦਾ। ਇਨ੍ਹਾਂ ਰਾਹਾਂ ਉੱਤੇ ਸ਼ੇਰਾ ਪਹਿਲਾਂ ਵੀ ਚੋਰਾਂ ਨੂੰ ਮਿਲ ਚੁੱਕਿਆ ਸੀ। ਜੰਗਲ ਵਿੱਚ ਸਾਈਂ ਦੇ ਢਾਰੇ ਅੰਦਰ ਚਾਰ ਕੋਲੰਬਸ ਇਕੱਠੇ ਹੋ ਗਏ। ਸ਼ੇਰੇ ਨੇ ਉਨ੍ਹਾਂ ਦੋਨਾਂ ਚੋਰਾਂ ਨੂੰ ਢਾਰੇ ਦੀ ਛੱਤ ਉੱਤੇ ਪਰਾਲ਼ੀ ਹੇਠ ਲੁਕਾ ਦਿੱਤਾ ਤੇ ਆਪ ਸਿਰ ਉੱਤੇ ਚਾਦਰ ਦੇ ਫੇਰ ਦੇ ਕੇ ਰੰਬਾ ਹੱਥ ਵਿੱਚ ਫੜ ਕੇ ਕੰਮ ਰੁੱਝੇ ਹੋਣ ਦਾ ਵਿਖਾਲਾ ਕਰਨ ਲੱਗ ਪਿਆ। ਸਾਈਂ ਢਾਰੇ ਦੇ ਬਾਹਰ ਦੌਰੀ-ਡੰਡਾ ਲੈ ਕੇ ਬੂਟੀ ਘੋਟਣ ਲੱਗ ਪਿਆ। ਢਾਰੇ ਕੋਲੋਂ ਲੰਘਣ ਵਾਲੇ ਦੋ ਸਿਪਾਹੀ ਢਾਰੇ ਦੇ ਅੰਦਰ ਝਾਤੀ ਪਾ ਕੇ ਬਾਹਰ ਆਨ ਖਲੋਤੇ। ਉਨ੍ਹਾਂ ਸ਼ੇਰੇ ਤੇ ਜਾਨੀ ਨੂੰ ਕੋਲ਼ ਬੁਲ਼ਾ ਕੇ ਚੋਰਾਂ ਬਾਰੇ ਪੁੱਛਿਆ ਤੇ ਉਨ੍ਹਾਂ ਅੱਗੋਂ ਨਾਂਹ ਵਿੱਚ ਸਿਰ ਹਿਲਾ ਦਿੱਤੇ।
”ਤੁਸੀਂ ਕੌਣ ਓ?” ਇੱਕ ਸਿਪਾਹੀ ਨੇ ਸ਼ੇਰੇ ਨੂੰ ਪੁੱਛਿਆ। ਜਾਨੀ ਦਾ ਸੰਘ ਇਸ ਸਵਾਲ ਨਾਲ਼ ਈ ਸੁੱਕਣ ਲੱਗ ਪਿਆ।
”ਅਸੀਂ ਇੱਥੇ ਜੰਗਲ ਵਿੱਚ ਨਵੇਂ ਬੂਟੇ ਲਾ ਕੇ ਉਨ੍ਹਾਂ ਨੂੰ ਪਾਲਦੇ ਆਂ।” ਸ਼ੇਰੇ ਨੇ ਰੰਬੇ ਨੂੰ ਵਾਅ ਵਿੱਚ ਹਿਲਾਉਂਦੇ ਹੋਏ ਜਵਾਬ ਦਿੱਤਾ। ਸਿਪਾਹੀ ਕਿਹੜਾ ਤਫ਼ਤੀਸ਼ ਦੇ ਸਿਆਣੇ ਸਨ, ਉਨ੍ਹਾਂ ਨੂੰ ਸ਼ੇਰੇ ਦੀ ਗੱਲ ਉੱਤੇ ਯਕੀਨ ਆ ਗਿਆ। ਚੋਰ ਵੀ ਸ਼ਾਮ ਤੱਕ ਪਰਾਲ਼ੀ ਥੱਲੇ, ਛੱਤ ਉੱਤੇ ਲੰਮੇ ਪਏ ਰਹੇ। ਉਨ੍ਹਾਂ ਦੇ ਜੁੱਸਿਆਂ ਉੱਤੇ ਧੱਫੜ ਪੈ ਗਏ ਸਨ। ਚੋਰਾਂ ਨੂੰ ਆਪਣੇ ਜੁੱਸਿਆਂ ਦੀ ਖੁਰਕ ਨਾਲ਼ ਪਹਿਲੋਂ ਸੁਆਦ ਆਇਆ ਤੇ ਫ਼ਿਰ ਸਾੜ ਉੱਠੇ। ਸ਼ਾਮ ਵੇਲੇ ਉਹ ਚਾਰੇ ਤੇ ਸਾਈਂ ਢਾਰੇ ਦੇ ਅੰਦਰ ਰਜ਼ਾਈਆਂ ਵਿੱਚ ਨਿੱਘੇ ਹੋ ਕੇ ਬੈਠ ਗਏ। ਢਾਰੇ ਦੇ ਬਾਹਰ ਸਾਈਂ ਪਰਾਲ਼ੀ ਵਿੱਚ ਸੁੱਕੀਆਂ ਲੱਕੜੀਆਂ ਰੱਖ ਕੇ ਤੀਲ਼ੀ ਲਾ ਦਿੱਤੀ। ਅੱਗ ਦੇ ਮਚਣ ਦਾ ਚਾਨਣ ਨਿੱਘ ਨੂੰ ਹੋਰ ਵੀ ਵਧਾ ਰਿਹਾ ਸੀ। ਰਾਤ ਨੂੰ ਚਣਨ ਇਸਾਈ ਪਹਿਲੇ ਤੋੜ ਦੀ ਦਾਰੂ ਦੀ ਬੋਤਲ ਸਾਈਂ ਦੇ ਢਾਰੇ ਵਿੱਚ ਛੱਡ ਗਿਆ। ਰਾਤ ਦੀ ਰੋਟੀ ਜੰਗਲ ਦੇ ਕੰਢੇ ਵੱਸਦੇ ਪਿੰਡ ਦੇ ਵੱਡੇ ਚੌਧਰੀ ਦੇ ਜ਼ਿੰਮੇ ਸੀ। ਸ਼ਰਾਬ ਦੇ ਦੋ-ਦੋ ਗਲਾਸ ਚਾੜ੍ਹ ਕੇ ਉਨ੍ਹਾਂ ਨੂੰ ਸਾਈਂ ਵੀ ਯਾਦ ਆ ਗਿਆ ਜਿਹੜਾ ਚੁੱਪ ਕਰ ਕੇ ਬੈਠਾ ਹੋਇਆ ਸੀ। ਜਾਨੀ ਨੇ ਅੱਧਾ ਗਲਾਸ ਦਾਰੂ ਨਾਲ਼ ਭਰਿਆ ਤੇ ਪੈਪਸੀ ਨਾਲ਼ ਪੂਰਾ ਕਰਕੇ ਸਾਈਂ ਦੇ ਹੱਥ ਫੜਾ ਦਿੱਤਾ। ਇਸੇ ਵੇਲੇ ਈ ਢਾਰੇ ਦੇ ਬਾਹਰ ਖੜਾਕ ਹੋਇਆ ਤੇ ਜਾਨੀ ਪਿਸਤੌਲ ਹੱਥ ਵਿੱਚ ਫੜ ਕੇ ਬਾਹਰ ਨਿਕਲਿਆ। ਬਾਹਰ ਚੌਕੀਦਾਰ ਰੋਟੀ ਲੈ ਕੇ ਖੜ੍ਹਾ ਸੀ। ਪਹਿਲਾਂ ਉਹ ਚੌਧਰੀ ਦੇ ਘਰੋਂ ਸਿਪਾਹੀਆਂ ਲਈ ਰੋਟੀ ਲਿਆਂਦਾ ਸੀ, ਅੱਜ ਉਹ ਚੋਰਾਂ ਨੂੰ ਰੋਟੀ ਵਰਤਾਉਂਦਾ ਪਿਆ ਸੀ। ਉਹ ਸਾਰੇ ਰਲ਼ ਕੇ ਰੋਟੀ ਖਾਣ ਲੱਗ ਪਏ। ਜਦੋਂ ਦੇ ਸ਼ੇਰਾ ਤੇ ਜਾਨੀ ਆਏ ਸਨ, ਸਾਈਂ ਨੂੰ ਵੀ ਵੰਨ-ਸਵੰਨਾ ਖਾਣ ਨੂੰ ਲੱਭ ਰਿਹਾ ਸੀ, ਪਰ ਉਸ ਫ਼ਿਰ ਵੀ ਗੋਸ਼ਤ ਨੂੰ ਹੱਥ ਨਾ ਪਾਇਆ। ਉਹਨੂੰ ਪੰਖੇਰੂਆਂ ਤੇ ਜਨੌਰਾਂ ਨਾਲ਼ ਪਿਆਰ ਸੀ।
”ਤੁਹਾਨੂੰ ਮੋਨਾ ਡਿਪੂ ਵਿੱਚ ਸੰਨ੍ਹ ਲਾਉਣ ਦਾ ਖ਼ਿਆਲ ਕਿਵੇਂ ਆਇਆ?” ਜਾਨੀ ਨੇ ਬੱਕਰੇ ਦੀ ਬੋਟੀ ਨੂੰ ਦੰਦਾਂ ਵਿੱਚ ਚੱਬਦੇ ਹੋਏ ਚੋਰਾਂ ਨੂੰ ਪੁੱਛਿਆ।
”ਬਸ ਭੈੜਾ ਵੇਲਾ ਸੀ ਜਦੋਂ ਸਾਨੂੰ ਕੋਠੇ ਜਿੱਡੇ ਘੋੜੇ ਵੇਖ ਕੇ ਉਨ੍ਹਾਂ ਨੂੰ ਖੋਲ੍ਹਣ ਦਾ ਖ਼ਿਆਲ ਆ ਗਿਆ।” ਉਨ੍ਹਾਂ ਵਿੱਚੋਂ ਇੱਕ ਚੋਰ ਬੋਲ ਪਿਆ।
”ਤੁਸਾਂ ਘੋੜੇ ਕੀ ਕਰਨੇ ਸਨ?” ਜਾਨੀ ਫ਼ਿਰ ਪੁੱਛ ਲਿਆ।
”ਅਸਾਂ ਜਿਹੜੀਆਂ ਘੋੜੀਆਂ ਚੋਰੀ ਕੀਤੀਆਂ ਨੇ, ਉਨ੍ਹਾਂ ਲਈ ਇਹ ਘੋੜੇ ਚਾਹੀਦੇ ਸਨ। ਇਸ ਨਸਲ ਦਾ ਇੱਕ ਵਛੇਰਾ ਲੱਖਾਂ ਦਾ ਵਿਕਦਾ ਏ। ਅਸੀਂ ਚੋਰੀ-ਚਕਾਰੀ ਛੱਡ ਕੇ ਕਾਰੋਬਾਰ ਕਰਨ ਲੱਗੇ ਸਾਂ।” ਦੂਜਾ ਚੋਰ ਬੋਲ ਪਿਆ।
”ਤੁਸੀਂ ਸਿਰਫ਼ ਮਾਲ-ਡੰਗਰ ਈ ਚੋਰੀ ਕਰਦੇ ਓ? ਕੋਈ ਹੋਰ ਸ਼ੈਅ ਚੋਰੀ ਕਿਉਂ ਨਹੀਂ ਕਰਦੇ?” ਸ਼ੇਰੇ ਨੇ ਡਕਾਰ ਮਾਰ ਕੇ ਪੁੱਛਿਆ।
”ਮਾਲ-ਡੰਗਰ ਚੋਰੀ ਕਰਨਾ ਸਾਡੇ ਪਿਓ ਦਾਦੇ ਦਾ ਕੰਮ ਏ। ਕੋਈ ਹੋਰ ਸ਼ੈਅ ਚੋਰੀ ਕਰ ਕੇ ਅਸੀਂ ਪਿਓ ਦਾਦੇ ਦੇ ਨਾਂ ਨੂੰ ਲੀਕ ਨਹੀਂ ਲਾ ਸਕਦੇ।” ਚੋਰ ਨੇ ਜਵਾਬ ਦਿੱਤਾ। ਸ਼ੇਰੇ ਨੂੰ ਇਹ ਜਵਾਬ ਨਿਵੇਕਲਾ ਲੱਗਾ। ਇਹ ਜਵਾਬ ਸੁਣ ਕੇ ਜਾਨੀ ਦਾ ਹਾਸਾ ਨਿਕਲ ਗਿਆ।
”ਤੁਸੀਂ ਭਾਵੇਂ ਹੱਸੋ ਪਰ ਹਰ ਬੰਦਾ ਆਪਣੇ ਪੁਰਖਿਆਂ ਦੇ ਕੰਮ ਨਾਲ਼ ਈ ਜੁੜਿਆ ਏ। ਚੋਰੀ ਵੀ ਇੰਜ ਈ ਧੰਦਾ ਏ ਜਿਵੇਂ ਡਾਕਟਰੀ ਇੱਕ ਧੰਦਾ ਏ। ਇਹਦੀ ਆਪਣੀ ਸਾਇੰਸ ਏ।” ਵੱਡੀ ਉਮਰ ਦੇ ਚੋਰ ਨੇ ਸ਼ੇਰੇ ਨੂੰ ਸਮਝਾਉਣ ਦਾ ਜਤਨ ਕੀਤਾ।
”ਮੇਰੇ ਦਾਦੇ ਦੇ ਹੱਥ ਸੁੰਘਣ ਨਾਲ਼ ਈ ਡੰਗਰ ਉਹਦੇ ਪਿੱਛੇ ਟੁਰ ਪੈਂਦਾ ਸੀ। ਇਲਾਕੇ ਦਾ ਵੱਡਾ ਯਾਰੂ ਨਾਂ ਦਾ ਖੋਜੀ, ਜਿਹੜਾ ਪੈਰਾਂ ਦੇ ਨਿਸ਼ਾਨ ਵੇਖ ਕੇ ਚੋਰ ਲੱਭ ਲੈਂਦਾ ਸੀ, ਉਹ ਵੀ ਮੇਰੇ ਦਾਦੇ ਦਾ ਖੁਰਾ ਨਾ ਨੱਪ ਸਕਿਆ।” ਚੋਰ ਨੇ ਇਹ ਦੱਸ ਕੇ ਸ਼ੇਰੇ ਤੇ ਜਾਨੀ ਨੂੰ ਹੈਰਾਨ ਕਰ ਦਿੱਤਾ।
”ਤੇਰਾ ਦਾਦਾ ਕਦੇ ਫੜਿਆ ਵੀ ਗਿਆ ਸੀ?” ਜਾਨੀ ਨੇ ਚੋਰ ਨੂੰ ਪੁੱਛਿਆ।
”ਇੱਕ ਵਾਰੀ ਦਾਦੇ ਨੇ ਭੁੱਲ ਕੇ ਥਾਣੇਦਾਰ ਦੀ ਮੱਝ ਖੋਲ੍ਹ ਲਈ ਸੀ। ਥਾਣੇਦਾਰ ਨੇ ਸ਼ੱਕ ਵਿੱਚ ਮਾਰ-ਮਾਰ ਕੇ ਦਾਦੇ ਦੀਆਂ ਹੱਡੀਆਂ ਪੀਸ ਦਿੱਤੀਆਂ ਪਰ ਦਾਦੇ ਦੀ ਜ਼ਬਾਨ ਨਾ ਖੁੱਲ੍ਹੀ। ਮੱਝ ਤੇ ਨਾ ਲੱਭੀ ਪਰ ਦਾਦਾ ਵੀ ਟੁਰਨ ਜੋਗਾ ਨਾ ਰਿਹਾ। ਉਸ ਦਿਨ ਤੋਂ ਈ ਅੱਬਾ ਬਾਹਕਾਂ ਨੂੰ ਟੁਰ ਪਿਆ। ਅਬੇ ਨੇ ਹੁਣ ਤੀਕਰ ਕਦੇ ਵੀ ਕਿਸੇ ਥਾਣੇਦਾਰ ਦੀ ਮੱਝ ਨਹੀਂ ਖੋਲ੍ਹੀ। ਅਬੇ ਨੇ ਜਿਹੜੀ ਪਹਿਲੀ ਮੱਝ ਖੋਲ੍ਹੀ, ਉਹਨੂੰ ਜਿਹਲਮ ਦੇ ਕੰਢੇ ਆਪਣੀ ਭੈਣ ਦੇ ਬੂਹੇ ਅੱਗੇ ਜੂੜ ਮਾਰ ਆਇਆ। ਅਬੇ ਦੀ ਇਹ ਪਹਿਲੀ ਚੋਰੀ ਭੈਣ ਲਈ ਸ਼ਗਨ ਸੀ।” ਚੋਰ ਨੇ ਹੱਸਦੇ ਹੋਏ ਜਾਨੀ ਨੂੰ ਦੱਸਿਆ।
”ਤੁਸੀਂ ਤੇ ਥਾਣੇਦਾਰ ਨੂੰ ਛੱਡ ਕੇ ਫ਼ੌਜੀਆਂ ਵੱਲ ਟੁਰ ਪਏ ਓ।” ਸ਼ੇਰੇ ਨੇ ਉਨ੍ਹਾਂ ਚੋਰਾਂ ਨੂੰ ਆਖਿਆ।
”ਸਾਡਾ ਕੰਮ ਵੀ ਮੁੱਕਦਾ ਜਾ ਰਿਹਾ ਏ, ਇਸ ਲਈ ਅਸਾਂ ਹੁਣ ਅਖ਼ੀਰਲੀ ਚੋਰੀ ਦਾ ਸੋਚਿਆ ਸੀ। ਕੋਈ ਨਵਾਂ ਕੰਮ ਕਰਨ ਦੇ ਆਪਣੇ ਖ਼ੌਫ਼ ਹੁੰਦੇ ਨੇ। ਘਸੀਆਂ ਰਾਹਾਂ ਉੱਤੇ ਚੱਲਣ ਵਾਲੇ ਨਵੀਂ ਥਾਂ ‘ਤੇ ਪੈਰ ਰੱਖਣ ਤੋਂ ਡਰਦੇ ਨੇ। ਤਿਲ੍ਹਕਣ ਦਾ ਡਰ ਪੈਰ ਧਰਨ ਨਹੀਂ ਦਿੰਦਾ।” ਚੋਰ ਇਹ ਆਖ ਕੇ ਆਪਣੀ ਹਯਾਤੀ ਦੇ ਅੰਦਰ ਦੇ ਪਰਤ ਖੋਲ੍ਹਣ ਲੱਗ ਪਿਆ।
ਇੰਨੇ ਚਿਰ ਵਿੱਚ ਸਾਈਂ ਨੂੰ ਵੀ ਨਸ਼ਾ ਚੜ੍ਹਨਾ ਸ਼ੁਰੂ ਹੋ ਗਿਆ ਸੀ। ਉਹ ਆਪਣੀ ਕਥਾ ਸੁਣਾਉਣ ਲਈ ਆਵਾਜ਼ਾਂ ਕੱਢਣ ਲੱਗ ਪਿਆ:
”ਮਾਸ ਦੀ ਕੈਦ ਸਭ ਤੋਂ ਵੱਡੀ ਕੈਦ ਏ। ਮਾਸ ਦਾ ਕਲਬੂਤ ਅਜ਼ਾਦ ਨਹੀਂ ਹੋਣ ਦਿੰਦਾ।”
ਸਾਈਂ ਦੀ ਇਸ ਗੱਲ ਵਿੱਚੋਂ ਓਥੇ ਬੈਠੇ ਰਮਜ਼ਾਂ ਕੱਢਦੇ ਰਹੇ ਪਰ ਸਮਝ ਕਿਸੇ ਨੂੰ ਵੀ ਨਾ ਆਈ।
”ਇਸ਼ਤਿਹਾਰੀ ਬਣ ਕੇ ਵੈਰ ਕੱਟਣਾ ਤੇ ਜੰਗਲਾਂ ਬੇਲੀਆਂ ਵਿੱਚ ਰਹਿਣਾ ਕੋਈ ਧੰਦਾ ਨਹੀਂ। ਤੁਸੀਂ ਕਿਵੇਂ ਇਸ ਬੰਨੇ ਉੱਤੇ ਪੈਰ ਰੱਖ ਲਏ?” ਚੋਰ ਨੇ ਵੀ ਆਪਣੇ ਤੋਂ ਗੱਲ ਦਾ ਪੱਲਾ ਚੁੱਕ ਕੇ ਸ਼ੇਰੇ ਦੇ ਮੋਢਿਆਂ ਉੱਤੇ ਰੱਖ ਦਿੱਤਾ। ਸਾਈਂ ਤੇ ਜਾਨੀ ਨੇ ਭਾਂਡੇ ਚੁੱਕ ਕੇ ਢਾਰੇ ਦੇ ਬੂਹੇ ਨਾਲ਼ ਦੀ ਗੁੱਠ ਵਿੱਚ ਰੱਖ ਦਿੱਤੇ ਸਨ। ਸਾਈਂ ਨੇ ਅੰਗੀਠੀ ਭਖਾਈ ਤੇ ਅੰਦਰ ਲਿਆ ਰੱਖੀ। ਅੱਗ ਤਾਪਦਾ ਸ਼ੇਰਾ ਆਪਣੀ ਹਯਾਤੀ ਦੀ ਗੰਢ ਖੋਲ੍ਹ ਕੇ ਅੰਦਰ ਦਾ ਸੌਦਾ ਵਿਖਾਉਣ ਲੱਗ ਪਿਆ ਸੀ :
”ਮੈਨੂੰ ਕਿਹੜੇ ਚਾਅ ਸਨ ਇਸ ਡਗਰ ਵਾਲੀ ਹਯਾਤੀ ਦੇ। ਜਦੋਂ ਸਿਰ ‘ਤੇ ਪੈ ਗਈ ਤਾਂ ਫ਼ਿਰ ਚੁੱਕਣੀ ਪਈ।”
ਸ਼ੇਰੇ ਨੂੰ ਉਹ ਦਿਹਾੜਾ ਯਾਦ ਆ ਗਿਆ ਜਦੋਂ ਉਹਦਾ ਨਿੱਕਾ ਭਰਾ ਲਹੂ ਨਾਲ਼ ਲੱਥ-ਪਥ ਹੋਇਆ ਮੂੰਹ ਪਰਨੇ ਭੋਈਂ ਉੱਤੇ ਡਿੱਗਾ ਹੋਇਆ ਸੀ। ਇਹ ਯਾਦ ਕਰ ਕੇ ਸ਼ੇਰੇ ਦੇ ਦਿਮਾਗ਼ ਵਿੱਚ ਖ਼ੌਫ਼ ਉੱਭਰ ਆਇਆ ਸੀ ਤੇ ਨਾਲ਼ ਈ ਉਹਦੇ ਲੂੰ-ਕੰਡੇ ਖਲੋ ਗਏ। ਉਸ ਛੰਡ ਕੇ ਇਸ ਖ਼ੌਫ਼ ਨੂੰ ਆਪਣੇ ਜੁੱਸੇ ਉੱਤੋਂ ਝਾੜ ਦਿੱਤਾ ਤੇ ਫ਼ਿਰ ਗੱਲਾਂ ਵਿੱਚ ਰੁੱਝ ਗਿਆ ਤੇ ਚੋਰ ਨੂੰ ਦੱਸਣ ਲੱਗ ਪਿਆ:
”ਭਰਾ ਦੇ ਕਤਲ ਨਾਲ਼ ਜਿਹੜੀ ਹਯਾਤੀ ਮੂੰਜੀ ਦੇ ਬੂਟੇ ਵਾਂਗ ਭੋਈਂ ਵਿੱਚ ਡਾਢੀ ਦੱਬੀ ਹੋਈ ਸੀ ਉਹ ਤੂੜੀ ਵਾਂਗ ਖਿੱਲਰ ਗਈ। ਮੈਨੂੰ ਲੱਗਦਾ ਸੀ ਭਰਾ ਦੇ ਕਾਤਲਾਂ ਨੂੰ ਮਾਰ ਕੇ ਠੰਢ ਪੈ ਜਾਵੇਗੀ ਪਰ ਮੈਂ ਉਦੋਂ ਦਾ ਧੁੱਪਾਂ ਤੇ ਪਾਲ਼ਿਆਂ ਵਿੱਚ ਭੱਜਦਾ ਫਿਰ ਰਿਹਾਂ।”
ਸ਼ੇਰੇ ਇੰਜ ਗੱਲ ਕੀਤੀ ਜਿਵੇਂ ਉਹ ਪਾਲ਼ਿਆਂ ਵਿੱਚ ਠਰ ਗਿਆ ਹੋਵੇ ਤੇ ਆਪਣੇ ਘਰ ਦੀ ਛੱਤ ਉੱਤੇ ਧੁੱਪ ਸੇਕਣ ਲਈ ਪੌੜੀਆਂ ਲੱਭਦਾ ਫਿਰਦਾ ਏ।
”ਮੈਨੂੰ ਇਹ ਭੁਲੇਖਾ ਸੀ ਕਿ ਕਾਤਲਾਂ ਨੂੰ ਅਬਦੀ ਨੀਂਦਰ ਸੰਵਾ ਕੇ ਆਪਣੇ ਅੰਦਰ ਮਚੇ ਭਾਂਬੜ ਬੁਝਾ ਲਵਾਂਗਾ। ਭਾਂਬੜ ਤੇ ਬੁੱਝ ਗਏ ਪਰ ਮੇਰੀ ਹਯਾਤੀ ਵਿੱਚ ਝੁੱਲੀ ਅਨ੍ਹੇਰੀ ਅੱਜ ਵੀ ਮੈਨੂੰ ਉਡਾਉਂਦੀ ਫਿਰਦੀ ਏ।” ਇਹ ਬੋਲ ਕੇ ਉਹ ਚੁੱਪ ਹੋ ਗਿਆ। ਉਹਨੂੰ ਸਕੂਨ ਦੀ ਲੋੜ ਸੀ। ਇਸ ਠੰਢੀ ਰਾਤ ਦੇ ਅਨ੍ਹੇਰੇ ਅੰਦਰ ਲੁਕੀ ਚੁੱਪ ਵਿੱਚ ਉਹਨੂੰ ਸਕੂਨ ਦੀ ਥੋੜ੍ਹ ਜਾਪੀ ਤੇ ਉਸ ਸਕੂਨ ਲਈ ਸਾਰਿਆਂ ਨੂੰ ਸੌਣ ਦਾ ਆਖ ਦਿੱਤਾ।
ਸਵੇਰ ਹੋਈ ਤਾਂ ਦੋਵੇਂ ਚੋਰ ਕਾਲੂ ਤੇ ਮਤਲੀ ਆਪਣੇ ਰਾਹ ਪੈ ਗਏ। ਉਹ ਘਰ ਤੋਂ ਦੂਰ ਨਹੀਂ ਸੀ ਰਹਿੰਦੇ। ਸਰਘੀ ਤਾਈਂ ਉਹ ਆਪਣਾ ਕੰਮ ਕਰ ਕੇ ਘਰ ਵਾਲਿਆਂ ਨੂੰ ਸਜਦਿਆਂ ਵਿਚੋਂ ਜਾ ਉਠਾਉਂਦੇ। ਅੱਜ ਵੀ ਸਿੱਧੇ ਘਰ ਈ ਗਏ, ਪੁਲਿਸਾਂ ਨੂੰ ਕਿਹੜਾ ਚੋਰਾਂ ਦੀ ਲਾਧ ਹੋਈ ਸੀ।
ਉਸੇ ਦਿਹਾੜੇ ਲੌਢੇ ਵੇਲੇ ਸ਼ੇਰੇ ਦੇ ਚਾਰ ਹੋਰ ਸੱਜਣ ਸਾਥੀ ਵੀ ਆ ਗਏ। ਉਨ੍ਹਾਂ ਨੂੰ ਇਹ ਜੰਗਲ ਬਹੂੰ ਚੰਗਾ ਲੱਗਾ। ਇਹ ਜੰਗਲ ਆਪ ਈ ਇੱਕ ਵਾੜ ਸੀ। ਏਡੇ ਵੱਡੇ ਜੰਗਲ ਵਿੱਚੋਂ ਬੰਦਾ ਲੱਭਣਾ ਸੌਖਾ ਨਹੀਂ ਸੀ। ਇਨ੍ਹਾਂ ਦੇ ਡੇਰੇ ਲਾਉਣ ਨਾਲ਼ ਤਿੱਤਰਾਂ ਦੇ ਸ਼ਿਕਾਰੀ ਵੀ ਹੋਰ ਪਾਸੇ ਮੂੰਹ ਕਰ ਗਏ। ਰਾਤ ਨੂੰ ਜੰਗਲ ਵਿੱਚੋਂ ਠਾਹ-ਠੁੱਸ ਦੀ ਆਵਾਜ਼ ਆਉਣੀ ਬੰਦ ਹੋ ਗਈ। ਪੰਖੇਰੂਆਂ ਵੀ ਸ਼ਾਂਤੀ ਨਾਲ਼ ਰਾਤ ਦੇ ਅਨ੍ਹੇਰੇ ਵਿੱਚ ਨੀਂਦਰਾਂ ਪੂਰੀਆਂ ਕਰਨਾ ਸ਼ੁਰੂ ਕਰ ਦਿੱਤੀਆਂ। ਜੰਗਲ ਇੱਕ ਵਾਰੀ ਫ਼ਿਰ ਪੰਖੇਰੂਆਂ ਨਾਲ਼ ਰਲ਼ ਕੇ ਜ਼ਿਮੀਂ ਤੇ ਜ਼ਮਨ ਦੀਆਂ ਕਹਾਣੀਆਂ ਸੁਣਾਉਣ ਲੱਗ ਪਿਆ। ਜੰਗਲ ਵੀ ਰਾਹਾਂ ਉੱਤੇ ਕੰਡੇ ਵਿਛਾ ਕੇ ਆਪਣੀਆਂ ਰਮਜ਼ਾਂ ਦੇ ਫੇਰੇ ਪਾਉਣੇ ਸ਼ੁਰੂ ਕਰ ਦਿੱਤੇ। ਇੰਜ ਸਮਝ ਲਓ ਪਈ ਜੰਗਲ ਨੇ ਆਪਣੇ ਕਾਨੂੰਨ ਚਲਾਣੇ ਸ਼ੁਰੂ ਕਰ ਦਿੱਤੇ ਸਨ। ਚਿੜੀਆਂ, ਮੋਰ, ਤੋਤੇ,ਕਬੂਤਰ ਤੇ ਘੁੱਗੀਆਂ ਸੂਰਜ ਡੁੱਬਣ ਤੋਂ ਪਹਿਲਾਂ ਇੰਜ ਰੌਲ਼ਾ ਪਾਉਂਦੇ ਜਿਵੇਂ ਉਹ ਜੰਗਲ ਦੇ ਬੂਟਿਆਂ ਨਾਲ਼ ਸਾਰੀ ਦਿਹਾੜ ਦਾ ਹਿਸਾਬ ਕਰ ਰਹੇ ਹੋਵਣ। ਕੋਇਲ ਆਪਣੇ ਗੀਤਾਂ ਨਾਲ਼ ਸਾਰੇ ਜੰਗਲ ਨੂੰ ਮਸਤ ਕਰਦੀ ਰਹਿੰਦੀ। ਜੰਗਲ ਦੇ ਰੈਸਟ ਹਾਊਸ ਦੇ ਅੱਗੇ ਘਾਹ ਦੇ ਵੱਡੇ ਖੱਤੇ ਦੇ ਕੰਢੇ ਨਾਲ਼ ਬੋਤਲ ਪਾਮ ਦੇ ਮੋਟੇ ਤਣਿਆਂ ਵਾਲੇ ਉੱਚੇ ਰੁੱਖ, ਆਪਣੀਆਂ ਝਾਲਰਾਂ ਵਾਲੀਆਂ ਬਾਹਾਂ ਝੂਲਾਉਂਦੇ ਪਏ ਸਨ। ਇਹ ਜੰਗਲ ਵਿੱਚ ਵਾਪਰੇ ਪੁਰਾਣੇ ਵੇਲੇ ਹੰਢਾ ਕੇ ਨਿੱਕੇ ਰੁੱਖਾਂ ਨੂੰ ਆਪਣੇ ਤਜਰਬੇ ਦੇ ਅਣਮੁੱਲੇ ਸਬਕ ਵੀ ਪੜ੍ਹਾਉਂਦੇ। ਇਨ੍ਹਾਂ ਕੋਲ਼ ਲੰਮੀ ਹਯਾਤੀ ਦੇ ਸਾਰੇ ਕੁੱਲੀਏ ਸਨ। ਉਨ੍ਹਾਂ ਮਨੁੱਖਾਂ ਦੀਆਂ ਕਿੰਨੀਆਂ ਈ ਪੀੜ੍ਹੀਆਂ ਆਪਣੇ ਸਾਹਮਣੇ ਜੰਮਦੀਆਂ ਤੇ ਮਰਦੀਆਂ ਵੇਖੀਆਂ ਸਨ। ਨਿੱਕੇ ਬੂਟੇ ਉਨ੍ਹਾਂ ਦੇ ਫ਼ਾਰਮੂਲੇ ਸੁਣ ਕੇ ਖ਼ੁਸ਼ ਸਨ ਕਿ ਉਨ੍ਹਾਂ ਦੇ ਬੀ ਇਸ ਜੰਗਲ ਵਿੱਚ ਉੱਗੇ; ਕਿਉਂ ਜੋ ‘ਕੱਲਾ ਰੁੱਖ ਵੀ ਇੱਕਲਾਪੇ ਹੱਥੋਂ ਥੋੜ੍ਹੇ ਦਿਹਾੜੇ ਈ ਕੱਢਦਾ ਏ। ਇਕਲਾਪਾ ਮਨੁੱਖ ਵਾਂਗ ਰੁੱਖ ਨੂੰ ਵੀ ਵੇਲੇ ਤੋਂ ਅਗਦੋਂ ਮਾਰ ਮੁਕਾਉਂਦਾ ਏ। ਜੱਟਾਂ ਦੀਆਂ ਪੈਲੀਆਂ ਵਿੱਚ ਉੱਗਣ ਵਾਲੇ ਬੂਟੇ ਜੰਗਲ ਨੂੰ ਦੂਰੋਂ ਵੇਖ ਕੇ ਆਪਣੀ ਕੈਦ ਦਾ ਮਾਤਮ ਕਰਦੇ ਰਹਿੰਦੇ। ਜੰਗਲ ਦੇ ਰੁੱਖਾਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਉਹੋ ਫੁੱਲ ਖਿੜ ਕੇ ਟਾਹਣੀ ਉੱਤੇ ਮੁਰਝਾਉਂਦੇ ਨੇ, ਜਿਨ੍ਹਾਂ ਦੇ ਰਾਖੇ ਕੰਡੇ ਹੁੰਦੇ ਨੇ। ਦੂਜੇ ਫੁੱਲਾਂ ਨੂੰ ਖੋਹਣ ਵਾਲੇ ਬਥੇਰੇ। ਫੁੱਲਾਂ ਨੂੰ ਵੀ ਇਸ ਗੱਲ ਦਾ ਗਿਆਨ ਸੀ ਤੇ ਇਸ ਕਰ ਕੇ ਉਹ ਵੱਡੇ ਰੁੱਖਾਂ ਵਿਚਕਾਰ ਲੁਕਵੇਂ ਥਾਂ ਜਾਂ ਉੱਚੇ ਰੁੱਖਾਂ ਦੀ ਟੀਸੀ ਉੱਤੇ ਈ ਖਿੜਦੇ। ਉਨ੍ਹਾਂ ਇਹ ਭੇਤ ਪੁਰਖਾਂ ਤੋਂ ਪਾਇਆ ਸੀ ਕਿ ਛੂਹਣ ਛੁੱਪਣ ਨਾਲ਼ ਜਾਂ ਉੱਚੀ ਥਾਂ ਉੱਤੇ ਖਲੋਣ ਨਾਲ਼ ਈ ਬਚਦਾ ਏ। ਸਾਰਾ ਜੰਗਲ ਘਾਹ ਦੀਆਂ ਤਿੜਾਂ ਰਾਹੀਂ ਆਪਸ ਵਿੱਚ ਜੁੜਿਆ ਸੀ। ਜੰਗਲ ਦੇ ਇੱਕ ਪਾਸੇ ਕੋਈ ਘਟਨਾ ਹੁੰਦੀ ਤਾਂ ਸਾਵੀਆਂ ਤਿੜਾਂ ਸਾਰੇ ਜੰਗਲ ਨੂੰ ਇਸ ਘਟਨਾ ਦੀ ਦੱਸ ਪਾ ਦਿੰਦੀਆਂ। ਇੱਕ ਵਾਰੀ ਜੰਗਲ ਵਿੱਚੋਂ ਬਘਿਆੜ ਉਚਾਲਾ ਕਰ ਗਏ। ਇੱਥੇ ਸਬਜ਼ੀਆਂ ਗੁੱਡਣ ਵਾਲੇ ਉਨ੍ਹਾਂ ਦੇ ਪਿੱਛੇ ਜੋ ਪੈ ਗਏ ਸਨ। ਜੰਗਲ ਉਨ੍ਹਾਂ ਦੇ ਜਾਣ ਨਾਲ਼ ਬਦਲਣ ਲੱਗ ਪਿਆ। ਇੰਜ ਲੱਗਦਾ ਜਿਵੇਂ ਕੋਈ ਘਰ ਦਾ ਜੀ ਰੁੱਸ ਕੇ ਟੁਰ ਗਿਆ ਏ। ਬੱਕਰੀਆਂ ਤੇ ਭੇਡਾਂ ਦਾ ਡਰ ਲੱਥ ਗਿਆ ਤੇ ਜੰਗਲ ਉਨ੍ਹਾਂ ਨਾਲ਼ ਭਰਨ ਲੱਗ ਪਿਆ। ਪਿੱਪਲ, ਸ਼ਹਿਤੂਤ, ਟਾਹਲੀ ਤੇ ਦੂਜੇ ਬੂਟੇ, ਜਿਹੜੇ ਖਾਲ਼ਾਂ ਦੇ ਬੰਨ੍ਹੇ ਉੱਗੇ ਸਨ, ਮੁੱਕਣ ਲੱਗ ਪਏ। ਜਿਹੜੇ ਕੀੜੇ ਤੇ ਜਨੌਰ ਇਨ੍ਹਾਂ ਉੱਤੇ ਗੁਜ਼ਾਰਾ ਕਰਦੇ ਸਨ ਉਹ ਵੀ ਗ਼ੈਬ ਹੋ ਗਏ। ਜੰਗਲ ਨੂੰ ਜਿਵੇਂ ਕੋਈ ਬਿਮਾਰੀ ਪੈ ਗਈ ਸੀ। ਦਸ ਵਰ੍ਹਿਆਂ ਮਗਰੋਂ ਸਬਜ਼ੀਆਂ ਉਗਾਉਣ ਵਾਲਿਆਂ ਦਾ ਠੇਕਾ ਮੁੱਕਿਆ ਤੇ ਬਘਿਆੜ ਵੀ ਪਰਤ ਆਏ। ਇਸ ਵੇਲੇ ਜੰਗਲ ਉੱਜੜਿਆ ਹੋਇਆ ਸੀ। ਉਨ੍ਹਾਂ ਦੇ ਆਉਣ ਨਾਲ਼ ਖਾਲ਼ਾਂ ਉੱਤੇ ਬੂਟੇ ਮੁੜ ਉੱਗ ਪਏ ਤੇ ਪਾਣੀ ਨੇ ਵੀ ਆਪਣੀ ਚਾਲ ਮੱਠੀ ਕਰ ਲਈ। ਇਹ ਬੂਟੇ ਇੰਜ ਵਧਣ ਲੱਗ ਪਏ ਜਿਵੇਂ ਉਨ੍ਹਾਂ ਨੂੰ ਜਵਾਨ ਹੋਣ ਦੀ ਕੋਈ ਕਾਹਲੀ ਸੀ। ਲੁਧਰਾਂ ਲਈ ਵੀ ਥਾਂ ਬਣ ਗਈ ਸੀ। ਉਨ੍ਹਾਂ ਵੀ ਆਪਣੇ ਘੁਰਨੇ ਜੰਗਲ ਵਿੱਚ ਬਣਾ ਲਏ। ਹੌਲੀ-ਹੌਲੀ ਜੰਗਲ ਨੂੰ ਇਹ ਸੁਰਤ ਲੱਗ ਗਈ ਕਿ ਬਘਿਆੜ ਈ ਉਹਦੇ ਰਾਖੇ ਨੇ, ਮਨੁੱਖ ਨਹੀਂ।
ਸ਼ੇਰੇ ਦੇ ਜਿਹੜੇ ਚਾਰ ਨਵੇਂ ਬੇਲੀ ਜੰਗਲ ਵਿੱਚ ਆਏ ਸਨ ਉਨ੍ਹਾਂ ਝਾੜੀਆਂ ਦੀਆਂ ਕੰਧਾਂ ਉੱਤੇ ਛੱਪਰ ਪਾ ਲਏ। ਛੱਤ ਦੀਆਂ ਵਿਰਲਾਂ ਪਰਾਲ਼ੀ ਨਾਲ਼ ਬੰਦ ਕੀਤੀਆਂ ਤੇ ਅੰਦਰ ਵੀ ਪਰਾਲ਼ੀ ਦਾ ਬਿਸਤਰ ਵਿਛਾ ਕੇ ਰਹਿਣ ਲੱਗ ਪਏ। ਉਨ੍ਹਾਂ ਆਪਣੀ ਮਰਜ਼ੀ ਨਾਲ਼ ਈ ਦੋ ਕੁੱਲੀਆਂ ਬਣਾਈਆਂ, ਭਾਵੇਂ ਓਥੇ ਹੋਰ ਵੀ ਬਣਾਉਣ ਲਈ ਸਾਰਾ ਜੰਗਲ ਵਿਹਲਾ ਪਿਆ ਸੀ। ਜਾਨੀ ਨੇ ਵੀ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਜਿਹਦੇ ਨਾਲ਼ ਉਹ ਆਪਣੇ ਆਪ ਨੂੰ ਨਵੀਆਂ ਰਾਹਾਂ ਦੇ ਉੱਚੇ ਸਵਾਰ ਸਮਝਣ ਲੱਗ ਪਏ।
”ਇੱਥੇ ਚਿਰਾਗ਼ ਬਾਲੀ, ਰੱਝੀ ਤਾਰੜ ਤੇ ਤੀਫ਼ੇ ਮੁਸੱਲੀ ਜਿਹਿਆਂ ਵੀ ਲੁਕ ਕੇ ਦਿਨੇ ਕੱਢੇ ਸਨ। ਇਹ ਜੰਗਲ ਸਾਨੂੰ ਅਪਣਾ ਲੱਗਦਾ ਏ।” ਜਾਨੀ ਨੇ ਉਨ੍ਹਾਂ ਨੂੰ ਦੱਸਿਆ।
ਜਾਨੀ ਦੀ ਗੱਲ ਸੁਣ ਕੇ ਉਹ ਚਾਰੇ ਇੰਜ ਖ਼ੁਸ਼ ਹੋਏ ਜਿਵੇਂ ਪਾਣੀਪਤ ਦੇ ਮੈਦਾਨ ਵਿੱਚ ਲੜਨ ਵਾਲੇ ਵੱਡੇ ਫ਼ੌਜੀਆਂ ਦੇ ਨਾਲ਼ ਨਾਂ ਲਿਖਵਾ ਲਿਆ ਹੋਵੇ। ਉਹ ਵੀ ਆਪਣੇ ਆਪ ਨੂੰ ਚਿਰਾਗ਼ ਬਾਲੀ ਸਮਝਣ ਲੱਗ ਪਏ। ਚਿਰਾਗ਼ ਬਾਲੀ ਦੇ ਨਾਂ ਨਾਲ਼ ਇੱਕ ਸਵਾਲ ਜਾਨੀ ਦੇ ਦਿਮਾਗ਼ ਵਿੱਚ ਖੁੱਭ ਗਿਆ। ਉਹ ਇਹ ਸਵਾਲ ਸਿਰ ਉੱਤੇ ਚੁੱਕ ਕੇ ਸ਼ੇਰੇ ਦੇ ਅੱਗੇ ਜਾ ਖਲੋਤਾ।
”ਜੇਕਰ ਚਿਰਾਗ਼ ਬਾਲੀ ਦਾ ਵੈਰ ਪਾਕਿਸਤਾਨ ਬਣਨ ਤੋਂ ਪਹਿਲਾਂ ਸ਼ੁਰੂ ਹੋਇਆ ਤੇ ਫ਼ਿਰ ਆਜ਼ਾਦੀ ਲੱਭਣ ਨਾਲ਼ ਉਹਦਾ ਵੈਰ ਕਿਉਂ ਨਾ ਮੁੱਕਿਆ?” ਜਾਨੀ ਨੇ ਸ਼ੇਰੇ ਨੂੰ ਪੁੱਛਿਆ।
”ਤੂੰ ਵੀ ਝੱਲਾ ਐਂ! ਵੈਰਾਂ ਦਾ ਅਪਣਾ ਇਲਾਕਾ ਹੁੰਦਾ ਏ। ਇਹ ਹੌਲੀ-ਹੌਲੀ ਪਲਦੇ ਰਹਿੰਦੇ ਨੇ। ਵੈਰੀ ਸਾਹਮਣੇ ਖਲੋਤਾ ਹੋਵੇ ਤੇ ਵੈਰ ਨਾਸਾਂ ਵਿੱਚੋਂ ਫੂੰ-ਫੂੰ ਕਰ ਕੇ ਨਿਕਲਦਾ ਏ।” ਸ਼ੇਰੇ ਨੇ ਜਾਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਾਨੀ ਨੂੰ ਫ਼ਿਰ ਵੀ ਸਮਝ ਨਾ ਆਈ।
”ਕਈ ਇਸ਼ਤਿਹਾਰੀ, ਜਿਨ੍ਹਾਂ ਹਿੰਦੂਆਂ-ਸਿੱਖਾਂ ਨਾਲ਼ ਵੈਰ ਕੱਟੇ ਉਹ ਸੀਨੇ ਚੌੜੇ ਕਰ ਕੇ ਫਿਰਦੇ ਰਹੇ, ਬਾਲੀ ਤੇ ਫ਼ਿਰ ਵੀ ਇਸ਼ਤਿਹਾਰੀ ਈ ਰਿਹਾ।” ਜਾਨੀ ਫ਼ਿਰ ਗੱਲ ਟੋਰ ਦਿੱਤੀ।
”ਲੋਭ ਨੂੰ ਹੁਣ ਵੈਰ ਆਖ ਕੇ ਵੈਰ ਨੂੰ ਥੱਲੇ ਨਾ ਡੇਗ। ਵੈਰੀ ਦੇ ਲਹੂ ਦੇ ਘੁੱਟ ਭਰਨ ਤੋਂ ਵੱਡੀ ਕੋਈ ਭਾਵਨਾ ਨਹੀਂ। ਬਾਲੀ ਦੇ ਵੈਰੀ ਵੀ ਉੱਥੇ ਸਨ ਤੇ ਪਿੜ ਵੀ ਉੱਥੇ ਈ ਸੀ। ਹਿੰਦੂ ਤੇ ਸਿੱਖ ਨਾ ਆਪ ਇੱਥੇ ਰਹੇ ਤੇ ਨਾ ਈ ਕੋਈ ਪਿੜ ਬਚਿਆ ਸੀ। ਇਸ ਲਈ ਉਨ੍ਹਾਂ ਦੇ ਮੁਸਲੇ ਵੈਰੀ ਜਿਹੜੇ ਇਸ਼ਤਿਹਾਰੀ ਸਨ, ਉਹ ਆਜ਼ਾਦੀ ਦੇ ਨਾਲ਼ ਈ ਆਜ਼ਾਦ ਹੋ ਗਏ। ਉਨ੍ਹਾਂ ਦਾ ਲੋਭ ਜੇਤੂ ਸੀ। ਉਂਜ ਵੀ ਅਸੀਂ ਪੰਜਾਬੀ ਹਰ ਕੰਮ ਭਾਜੜ ਵਿੱਚ ਕਰਦੇ ਆਂ। ਭਾਜੜ ਵਿੱਚ ਕੀਤਾ ਕੋਈ ਕੰਮ ਵੀ ਸਾਫ਼-ਸੁਥਰਾ ਨਹੀਂ ਹੁੰਦਾ। ਜ਼ੁਲਮ ਕਰਦੇ ਹੋਏ ਵੀ ਸਾਡੀ ਭਾਜੜ ਨਹੀਂ ਮੁੱਕਦੀ। ਅਸੀਂ ਪੰਜਾਬੀ ਇੰਜ ਦੇ ਈ ਆਂ।” ਸ਼ੇਰੇ ਦੀ ਇਸ ਗੱਲ ਵਿੱਚ ਕਈ ਸਵਾਲ ਸਨ, ਜਿਨ੍ਹਾਂ ਦੇ ਜਵਾਬਾਂ ਦੀ ਲੋੜ ਜਾਨੀ ਨੂੰ ਨਹੀਂ ਸੀ ਤੇ ਇਸ ਕਰ ਕੇ ਉਹ ਚੁੱਪ  ਹੋ ਗਿਆ ਸੀ।
ਸ਼ੇਰੇ ਦੀ ਟੋਲੀ ਦੇ ਬੰਦੇ ਸੰਘਣੇ ਜੰਗਲ ਪਾਸੇ ਰਹਿੰਦੇ ਪਏ ਸਨ। ਦੂਰੋਂ ਕੋਈ ਵੀ ਇਹ ਗਵੇੜ ਨਹੀਂ ਸੀ ਲਾ ਸਕਦਾ ਕਿ ਇੱਥੇ ਇਸ਼ਤਿਹਾਰੀ ਜੰਗਲ ਨੂੰ ਸੰਨ੍ਹ ਲਾ ਕੇ ਬੈਠੇ ਨੇ। ਹੁਣ ਉੱਥੇ ਰੋਟੀ-ਟੁੱਕਰ ਵੀ ਪੱਕਣ ਲੱਗ ਪਿਆ। ਬਾਲਣ ਦੀ ਥੋੜ੍ਹ ਨਹੀਂ ਸੀ। ਸ਼ੇਰੇ ਦੇ ਨਵੇਂ ਸੰਗੀਆਂ ਵਿੱਚ ਇੱਕ ਨਾਈ ਵੀ ਸੀ ਜਿਹੜਾ ਰਿੰਨ੍ਹਣ-ਪਕਾਉਣ ਦੇ ਕੰਮ ਦਾ ਚੰਗਾ ਜਾਣੂ ਸੀ। ਜ਼ਨਾਨਾ ਦੀਨੂੰ ਨਾਈ ਗੋਲੀਆਂ ਦਾ ਗਾਤਰਾ ਬਨ੍ਹ ਕੇ ਸਾਲਣ ਪੱਕਾਉਂਦਾ। ਉਸ ਗਾਤਰੇ ਪਾਰੋਂ ਉਹਦਾ ਖ਼ੌਫ਼ ਦੂਰ ਈ ਖਲੋਤਾ ਰਹਿੰਦਾ। ਸਾਈਂ ਜਦੋਂ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦਾ ਤਾਂ ਦੀਨੂੰ ਵੀ ਆਪਣੇ ਢੋਲੇ ਮਾਹੀਏ ਗਾ ਕੇ ਵਾਰੀ ਦਿੰਦਾ। ਉਨ੍ਹਾਂ ਨੂੰ ਵੇਖ ਕੇ ਇਹ ਲੱਗਦਾ ਈ ਨਹੀਂ ਸੀ ਕਿ ਉਹ ਇੱਥੇ ਕੁਝ ਦਿਹਾੜੀਆਂ ਲਈ ਰਹਿਣ ਆਏ ਨੇ। ਜੰਗਲ ਦੇ ਨੇੜੇ ਪਿੰਡ ਦੇ ਇੱਕ ਚੌਧਰੀ ਨੇ ਮੰਜੀਆਂ ਤੇ ਰਜ਼ਾਈਆਂ ਸ਼ੇਰੇ ਦੇ ਆਖਣ ‘ਤੇ ਘੱਲ ਦਿੱਤੀਆਂ ਸਨ। ਹੌਲੀ-ਹੌਲੀ ਉਨ੍ਹਾਂ ਕੋਲ਼ ਸਾਮਾਨ ਵੀ ਵਧਣ ਲੱਗ ਪਿਆ। ਜੰਗਲ ਵੀ ਉਨ੍ਹਾਂ ਨੂੰ ਦੂਜੇ ਜਨੌਰਾਂ ਵਾਂਗ ਜਨੌਰ ਸਮਝ ਕੇ ਆਪਣਾ ਹਿੱਸਾ ਸਮਝਣ ਲੱਗ ਪਿਆ ਸੀ। ਇਨ੍ਹਾਂ ਜਨੌਰਾਂ ਨੂੰ ਦੂਜੇ ਜਨੌਰਾਂ ਨਾਲ਼ ਵੈਰ ਪਾਲਣ ਲਈ ਜ਼ਿਮੀਂ ਤੇ ਜ਼ਾਲ ਦਾ ਰੌਲ਼ਾ ਨਹੀਂ ਸੀ। ਸਾਈਂ ਆਪਣੇ ਢਾਰੇ ਦੇ ਕੋਲ਼ ਸੁਹਾਞਣੇ ਦੇ ਬੂਟੇ ਥੱਲੇ ਬੈਠ ਕੇ ਭਜਨ-ਕੀਰਤਨ ਦੇ ਸੁਰਾਂ ਵਿੱਚ ਕਾਫ਼ੀਆਂ ਗਾਉਂਦਾ ਤੇ ਸੁਹਾਂਞਣਾ ਆਪਣੇ ਫੁੱਲ ਸਾਈਂ ਦੇ ਸਿਰ ਉੱਤੋਂ ਵਾਰਦਾ ਰਹਿੰਦਾ।
ਇੱਕ ਰਾਤੀਂ ਕਾਲੂ ਤੇ ਮਤਲੀ ਚੋਰ ਵੀ ਆਪਣੀਆਂ ਘੋੜੀਆਂ ਸਣੇ ਆਨ ਜੰਗਲ ਵਾਸਾ ਕੀਤਾ। ਪੁਲਿਸ ਨੇ ਚੋਰਾਂ ਨੂੰ ਫੜਨ ਲਈ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ। ਫ਼ਿਰ ਵੀ ਮੋਨਾ ਡਿਪੂ ਦੇ ਘੋੜੇ ਚੋਰੀ ਕਰਨ ਦੀ ਆਸ ਉਨ੍ਹਾਂ ਚੋਰਾਂ ਨੇ ਮੁੱਕਣ ਨਹੀਂ ਸੀ ਦਿੱਤੀ। ਉਨ੍ਹਾਂ ਵੀ ਆਪਣੇ ਲਈ ਝਾੜੀਆਂ ਦੇ ਥੱਲੇ ਥਾਂ ਸਾਫ਼ ਕਰਕੇ ਸੌਣ ਦਾ ਪ੍ਰਬੰਧ ਕਰ ਲਿਆ। ਪਰਾਲ਼ੀ ਦਾ ਕੁੰਨੂ ਉਨ੍ਹਾਂ ਦੇ ਚੋਖੇ ਕੰਮ ਆਇਆ। ਸਾਈਂ ਨੂੰ ਹੁਣ ਇੰਨੇ ਬੰਦੇ ਵੇਖ ਕੇ ਇੰਜ ਲੱਗਾ ਜਿਵੇਂ ਬਾਹਰਲੀ ਦੁਨੀਆ ਬਦਲ ਗਈ ਏ। ਹਰ ਬੰਦਾ ਜੰਗਲ ਨੂੰ ਵੜਿਆ ਆਉਂਦਾ ਸੀ। ਬਾਹਰ ਦੀ ਦੁਨੀਆ ਦੇ ਲੋਕ ਇਕੱਲੇ ਨਹੀਂ ਸਨ, ਉਨ੍ਹਾਂ ਨੇ ਲੋਭ ਤੇ ਡਰਦੇ ਭਰਵੱਟੇ ਵੀ ਚੁੱਕੇ ਹੋਏ ਸਨ।
”ਇਹ ਜੰਗਲ ਹੁਣ ਜੰਗਲ ਨਹੀਂ ਰਹਿਣਾ।” ਸਾਈਂ ਨੂੰ ਸੁਹਾਞਣੇ ਦੇ ਬੂਟੇ ਨੇ ਇਹ ਗੱਲ ਦੱਸ ਦਿੱਤੀ ਸੀ। ਉਹਦੇ ਥੱਲੇ ਘੋੜਿਆਂ ਦੀ ਲਿੱਦ ਖਿੱਲਰਨ ਲੱਗ ਪਈ ਸੀ। ਜੰਗਲ ਨੂੰ ਵੀ ਇਹ ਗੱਲ ਚੰਗੀ ਨਾ ਲੱਗੀ, ਕਿਉਂ ਜੋ ਉਹਨੂੰ ਪਤਾ ਸੀ ਕਿ ਇਸ ਜਨੌਰ ਦੇ ਨਾਲ਼ ਕਦੇ ਅਮਨ ਨਹੀਂ ਟੁਰਿਆ। ਜੰਗਲ ਦੇ ਦੂਜੇ ਜਨੌਰ ਵੀ ਉਨ੍ਹਾਂ ਘੋੜਿਆਂ ਦੇ ਹਿਣਕਣ ਨਾਲ਼ ਲੁੱਕ-ਲੁੱਕ ਕੇ ਵੇਖਦੇ ਤੇ ਉਨ੍ਹਾਂ ਨੂੰ ਜੰਗਲ ਦਾ ਇਹ ਪਾਸਾ ਓਪਰਾ-ਓਪਰਾ ਜਾਪਣ ਲੱਗ ਪਿਆ। ਲਾਗੇ ਦੇ ਪਿੰਡ ਦੇ ਚੌਧਰੀ ਕਰਮ ਦੀਨ ਨੂੰ ਵੀ ਉਹ ਦਿਹਾੜੇ ਨੇੜੇ ਦਿੱਸਣ ਲੱਗ ਪਏ ਸਨ ਜਿਹਦੀ ਉਡੀਕ ਵਿੱਚ ਉਸ ਡੰਗ ਟੱਪਾ ਛੱਡੇ ਸਨ। ਉਹਨੂੰ ਜੰਗਲ ਦਾ ਬਲਾਕ ਅਫ਼ਸਰ ਜੰਗਲ ਦੇ ਰੁੱਖ ਵਢਣ ਦਾ ਠੇਕਾ ਲੈਣ ਲਈ ਸ਼ਸ਼ਿਕਾਰਦਾ ਰਹਿੰਦਾ ਸੀ ਪਰ ਉਸ ਉਹਦੀ ਗੱਲ ਕਦੇ ਨਾ ਮੰਨੀ। ਸ਼ੇਰੇ ਦੇ ਆਉਣ ਨਾਲ਼ ਉਹ ਆਪ ਬਲਾਕ ਅਫ਼ਸਰ ਕੋਲ਼ ਗਿਆ। ਬਲਾਕ ਅਫ਼ਸਰ, ਚੌਧਰੀ ਕਰਮ ਦੀਨ ਨੂੰ ਡੀ.ਐਫ਼.ਓ. ਦੇ ਦਫ਼ਤਰ ਲੈ ਗਿਆ। ਓਥੇ ਸਾਰੀ ਗੱਲ ਮਿੱਥੀ ਗਈ। ਦਸਾਂ ਦਿਨਾਂ ਵਿੱਚ ਈ ਚੌਧਰੀ ਨੂੰ ਰੁੱਖ ਵਢਣ ਦਾ ਠੇਕਾ ਲੱਭ ਗਿਆ। ਚੌਧਰੀ ਨੇ ਆਪਣੇ ਪਿੰਡ ਦੇ ਮਜ਼ਦੂਰ ਇਕੱਠੇ ਕੀਤੇ ਤੇ ਜੰਗਲ ਵਿੱਚ ਵੜ ਗਿਆ। ਉਸ ਦਿਨ ਜੰਗਲ ਦੇ ਰੁੱਖ ਆਪਣੇ ਪੱਤੇ ਖੜਕਾ-ਖੜਕਾ ਕੇ ਰੌਲ਼ਾ ਪਾਉਂਦੇ ਰਹੇ। ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ। ਚੌਧਰੀ ਦੇ ਕਾਮਿਆਂ ਨੇ ਮੋਟੀ ਪੋਰੀ ਵਾਲੇ ਟਾਹਲੀ ਤੇ ਸਫ਼ੈਦੇ ਦੇ ਉੱਚੇ ਰੁੱਖਾਂ ਨੂੰ ਆਰੀ ਦੇ ਫੇਰੇ ਦੇਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਰੁੱਖਾਂ ਉੱਤੇ ਤੋਤਿਆਂ ਤੇ ਘੁੱਗੀਆਂ ਦੇ ਆਲ੍ਹਣੇ ਸਨ। ਆਲ੍ਹਣਿਆਂ ਵਿੱਚ ਨਿੱਕੇ-ਨਿੱਕੇ ਬੋਟ ਆਰੀ ਫਿਰਨ ਦੀ ਆਵਾਜ਼ ਨਾਲ਼ ਚੀਂ-ਚੀਂ ਕਰਨ ਲੱਗ ਪਏ। ਉਨ੍ਹਾਂ ਦੇ ਮਾਪੇ ਜੰਗਲ ਤੋਂ ਬਾਹਰ ਅਮਰੂਦਾਂ ਦੇ ਬਾਗ਼ ਵਿੱਚ ਬੇ-ਪ੍ਰਵਾਹ ਹੋ ਕੇ ਪੱਕੇ ਅਮਰੂਦਾਂ ਨੂੰ ਚੁੰਝਾਂ ਮਾਰਦੇ ਪਏ ਸਨ। ਜਦੋਂ ਟਾਹਲੀ ਦਾ ਪਹਿਲਾ ਰੁੱਖ ਡਿੱਗਾ ਤਾਂ ਪੱਖੂਵਾਂ ਦੀਆਂ ਟੋਲੀਆਂ ਉੱਡ ਕੇ ਅਸਮਾਨ ਵੱਲ ਮੂੰਹ ਕੀਤਾ। ਟਾਹਲੀ ਦੇ ਡਿੱਗਣ ਦੀ ਆਵਾਜ਼ ਬਾਗ਼ ਦੀਆਂ ਟਹਿਣੀਆਂ ਨਾਲ਼ ਚੰਬੜੇ ਤੋਤਿਆਂ ਵੀ ਸੁਣ ਲਈ। ਉਹ ਬਾਗ਼ ਤੋਂ ਉੱਡ ਕੇ ਉਸ ਪਾਸੇ ਗਏ ਜਿਹੜੇ ਪਾਸਿਉਂ ਪੰਖੇਰੂ ਡਰ ਕੇ ਉੱਡੇ ਸਨ। ਪੱਖੂਵਾਂ ਨੇ ਤੋਤਿਆਂ ਅੱਗੇ ਆਰੀ ਦਾ ਨਾਂ ਲਿਆ ਤੇ ਉਹ ਪੂਰੇ ਟਿਲ ਨਾਲ਼ ਫੜ-ਫੜਾਉਣ ਲੱਗ ਪਏ। ਉਨ੍ਹਾਂ ਨੂੰ ਆਪਣੇ ਬੋਟਾਂ ਦੀ ਫ਼ਿਕਰ ਸੀ, ਜਿਨ੍ਹਾਂ ਦੇ ਖੰਬ ਹਾਲੇ ਉਡਾਰੀ ਮਾਰਨ ਜੋਗੇ ਨਹੀਂ ਸਨ। ਇੱਕ ਘੁੱਗੀ ਨੇ ‘ਟਾਹਲੀ ਮੇਰੇ ਬੱਚੜੇ ਲਕ ਟੁਣੂੰ ਟੁਣੂੰ’ ਪੁਕਾਰਦਿਆਂ ਅਸਮਾਨ ਸਿਰ ਉੱਤੇ ਚੁੱਕ ਲਿਆ। ਪੰਖੇਰੂਆਂ ਦੇ ਅੱਪੜਣ ਤੋਂ ਪਹਿਲਾਂ ਈ ਬੋਟ ਆਲ੍ਹਣਿਆਂ ਸਮੇਤ ਭੋਈਂ ‘ਤੇ ਡਿਗੇ ਪਏ ਸਨ। ਚੌਧਰੀ ਦੇ ਕਾਮਿਆਂ ਨਾਲ਼ ਸ਼ੇਰੇ ਦੇ ਦੋ ਸੰਗੀ ਵੀ ਆਏ ਸਨ। ਉਨ੍ਹਾਂ ਮੋਢਿਆਂ ਉੱਤੇ ਗਾਤਰੇ ਚਾੜ੍ਹੇ ਹੋਏ ਸਨ, ਜਿਨ੍ਹਾਂ ਵਿੱਚ ਗੋਲੀਆਂ ਵਾਲਾ ਇੱਕ ਵੀ ਖ਼ਾਨਾ ਖ਼ਾਲੀ ਨਹੀਂ ਸੀ। ਚੌਧਰੀ ਦੇ ਕਾਮੇ ਰੁੱਖ ਵੱਢ ਕੇ ਡੇਗਦੇ ਰਹੇ। ਪੰਖੇਰੂ ਆਪਣੇ ਆਂਡੇ ਤੇ ਬੋਟ ਛੱਡ ਕੇ ਰੈਸਟ ਹਾਊਸ ਦੇ ਨੇੜੇ ਬੋਤਲ ਪਾਮ ਦੇ ਰੁੱਖਾਂ ਕੋਲ਼ ਅੱਪੜ ਕੇ ਰੌਲ਼ਾ ਪਾਵਨ ਲੱਗ ਪਏ। ਉਸ ਰਾਤੀਂ ਜੰਗਲ ਵਿੱਚ ਕੋਈ ਵੀ ਪੰਖੇਰੂ ਸੁੱਤਾ ਨਹੀਂ ਸੀ। ਜਨੌਰ ਵੀ ਸੰਘਣੇ ਜੰਗਲ ਵਿੱਚ ਲੁੱਕ ਕੇ ਬੈਠ ਗਏ। ਜਿਹੜੇ ਪੰਖੇਰੂ ਭੁਚਾਲ ਦਾ ਅਗਦੋਂ ਗਵੇੜ ਲਾ ਲੈਂਦੇ ਸਨ, ਉਨ੍ਹਾਂ ਨੂੰ ਆਉਣ ਵਾਲੇ ਦਿਹਾੜਿਆਂ ਦੀ ਕੋਈ ਭੁੱਲ ਨਹੀਂ ਸੀ ਰਹਿ ਗਈ। ਚੌਧਰੀ ਦੇ ਕਾਮੇ ਤਨਖ਼ਾਹ ਵਿੱਚ ਨਿੱਕੇ ਰੁੱਖ ਵੱਢਦੇ ਤੇ ਟੋਟੇ ਕਰ ਕੇ ਸਿਰ ਉੱਤੇ ਚੁੱਕ ਕੇ ਘਰ ਲੈ ਜਾਂਦੇ। ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਸਾਰੇ ਈ ਸ਼ੇਰੇ ਦੇ ਬੇਲੀਆਂ ਤੋਂ ਡਰਦੇ ਸਨ। ਗਾਰਡ ਨੇ ਇਹ ਵੇਖ ਕੇ ਜਦੋਂ ਬਲਾਕ ਅਫ਼ਸਰ ਨੂੰ ਸ਼ਕੈਤ ਲਾਈ ਤਾਂ ਉਹ ਭੱਜਦਾ ਹੋਇਆ ਚੌਧਰੀ ਕੋਲ਼ ਆਇਆ। ਚੌਧਰੀ ਸਿਆਣਾ ਬੰਦਾ ਸੀ, ਉਸ ਅੱਗੋਂ ਸਿੱਧਾ ਈ ਸ਼ੇਰੇ ਦਾ ਨਾਂ ਲੈ ਲਿਆ। ਬਲਾਕ ਅਫ਼ਸਰ ਪਹਿਲੇ ਈ ਸ਼ੇਰੇ ਤੋਂ ਡਰਦਾ ਸੀ, ਉਹ ਦੜ ਵੱਟ ਗਿਆ। ਚੌਧਰੀ ਨੇ ਹੁਣ ਖੁੱਲ੍ਹ ਕੇ ਜੰਗਲ ਦੀ ਸਫ਼ਾਈ ਸ਼ੁਰੂ ਕਰ ਦਿੱਤੀ। ਚੌਧਰੀ ਉਹ ਵੀ ਰੁੱਖ ਵੱਢਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਠੇਕਾ ਉਹਦੇ ਕੋਲ਼ ਨਹੀਂ ਸੀ। ਸ਼ੇਰੇ ਨੂੰ ਉਹਦਾ ਹਿੱਸਾ ਲੱਭਦਾ ਰਿਹਾ। ਬਲਾਕ ਅਫ਼ਸਰ ਚੌਧਰੀ ਨੂੰ ਸ਼ੇਰੇ ਦੇ ਡਰ ਪਾਰੋਂ ਡੱਕ ਨਾ ਸਕਿਆ ਤੇ ਇਸ ਲਈ ਉਸ ਵੀ ਅਪਣਾ ਤੇ ਡੀ. ਐਫ਼. ਓ. ਦਾ ਹਿੱਸਾ ਮੰਗ ਲਿਆ। ਜੰਗਲ ਦੇ ਰੁੱਖਾਂ ਨੂੰ ਫ਼ਿਕਰ ਪੈ ਗਈ ਕਿ ਠੇਕੇਦਾਰ ਸਾਰੇ ਜੰਗਲ ਨੂੰ ਆਰੀ ਫੇਰ ਦੇਵੇਗਾ। ਵੱਡੇ ਜਾਣ ਵਾਲੇ ਰੁੱਖਾਂ ਦੀ ਪਾਤਾਲ ਵਿੱਚੋਂ ਉੱਠੀ ਚੀਕ ਘਾਹ ਦੀਆਂ ਤਿੜਾਂ ਨੇ ਦੂਜੇ ਰੁੱਖਾਂ ਤੀਕ ਵੀ ਅੱਪੜਾ ਦਿੱਤੀ। ਰੁੱਖਾਂ ਦਾ ਸਾਹ ਸੁੱਕਿਆ। ਪੱਤੇ ਡਰ ਨਾਲ਼ ਪੀਲੇ ਪੈ ਗਏ ਤੇ ਹਵਾ ਜਿਵੇਂ ਗੰਧਾਲ਼ੀ ਗਈ। ਇੱਕ ਬੋ ਜਿਹੀ ਸਾਰੇ ਜੰਗਲ ਵਿੱਚ ਧੂੰ ਵਾਂਗ ਖਿੱਲਰ ਗਈ। ਸਾਰੇ ਰੁੱਖਾਂ ਨੂੰ ਇਸ ਨਵੇਂ ਖ਼ਤਰੇ ਦੀ ਭਿਣਕ ਪੈ ਗਈ। ਮਨੁੱਖਾਂ ਨੂੰ ਉਸ ਬੋ ਦਾ ਕੀ ਭਾਰ ਸੀ, ਉਹ ਪਹਿਲਾਂ ਵਾਂਗ ਈ ਰੁੱਖ ਵੱਢਦੇ ਰਹੇ। ਬੋ ਨੂੰ ਸੁੰਘ ਕੇ ਕੀੜੇ ਭੱਜਦੇ ਆਏ। ਉਹ ਮਨੁੱਖਾਂ ਦੇ ਪੈਰਾਂ ਉੱਤੇ ਚੜ੍ਹ ਕੇ ਚੱਕ ਵੱਢਦੇ ਪਰ ਉਨ੍ਹਾਂ ਦੇ ਹੱਥ ਵੱਜਣ ਨਾਲ਼ ਦੋ ਟੋਟੇ ਕਰਵਾ ਕੇ ਥੱਲੇ ਡਿਗ ਪੈਂਦੇ। ਕੀੜੇ ਹਾਰੀ ਹੋਈ ਫ਼ੌਜ ਵਾਂਗ ਨੱਸਦੇ ਰਹੇ। ਅਖ਼ੀਰ ਉਨ੍ਹਾਂ ਰੁੱਖਾਂ ਨੇ ਸ਼ੇਰੇ ਕੋਲੋਂ ਮਦਦ ਮੰਗਣ ਲਈ ਏਕਾ ਕਰ ਲਿਆ। ਰੁੱਖਾਂ ਦੇ ਸਰਪੰਚ ਬੋਹੜ ਨੇ ਰੈਸਟ ਹਾਊਸ ਦੇ ਨੇੜੇ ਪੱਖੂਵਾਂ ਨੂੰ ਵੀ ਸੱਦ ਲਿਆ। ਸਰਪੰਚ ਦਾ ਸੁਨੇਹਾ ਉਹ ਸਾਰੇ ਜੰਗਲ ਵਿੱਚ ਅੱਪੜਾਉਣ ਲਈ ਰਾਜ਼ੀ ਹੋ ਗਏ। ਉਨ੍ਹਾਂ ਨੇ ਸ਼ਹਿਤੂਤ ਜਿਹੇ ਸੰਨਿਆਸੀ ਰੁੱਖ ਨਾਲ਼ ਗੱਲ ਕੀਤੀ ਪਰ ਉਹ ਆਪਣੀ ਮੌਜ ਵਿੱਚ ਚੁੱਪ ਰਿਹਾ। ਅਖ਼ੀਰ ਸਾਰੇ ਜੰਗਲ ਦਾ ਇਹੋ ਫ਼ੈਸਲਾ ਸੀ ਕਿ ਸੁਹਾਂਞਣਾ ਈ ਮਨੁੱਖਾਂ ਨਾਲ਼ ਗੱਲ ਕਰ ਸਕਦਾ ਏ। ਤੋਤੇ, ਘੁੱਗੀਆਂ, ਤਿੱਤਰ ਤੇ ਚਿੜੀਆਂ ਰਲ਼ ਕੇ ਸੁਹਾਞਣੇ ਦੇ ਰੁੱਖ ਉੱਤੇ ਜਾ ਬੈਠੇ। ਉਨ੍ਹਾਂ ਦੇ ਨਾਲ਼ ਕਾਂ ਵੀ ਸੀ। ਉਹ ਸਾਰੇ ਪੱਖੂਵਾਂ ਦਾ ਵਕੀਲ ਸੀ। ਉਹਦੇ ਰੌਲ਼ੇ ਤੋਂ ਸਾਈਂ ਦੇ ਢਾਰੇ ਵਿੱਚ ਬੈਠੇ ਇਸ਼ਤਿਹਾਰੀ ਵੀ ਤੰਗ ਆ ਗਏ। ਸੁਹਾਂਞਣੇ ਨੂੰ ਤੇ ਹੁਣ ਆਪ ਵੀ ਜੰਗਲ ਉਦਾਸਿਆ ਲੱਗਦਾ ਸੀ। ਉਹ ਸਾਈਂ ਵਾਂਗ ਕਿਸੇ ਹੋਰ ਥਾਂ ਵੱਸਣ ਦੀ ਖ਼ਾਹਿਸ਼ ਵਿੱਚ ਜੀ ਰਿਹਾ ਸੀ। ਉਹਦੇ ਉੱਤੇ ਫਲੀਆਂ ਲੱਗਣੀਆਂ ਵੀ ਬੰਦ ਹੋ ਗਈਆਂ ਸਨ। ਪੱਤਰ ਝੜਨ ਨਾਲ਼ ਉਹ ਟੁੰਡ ਹੋ ਗਿਆ ਸੀ। ਨਿਰੇ ਤਿੰਨ-ਚਾਰ ਫੁੱਲ ਈ ਕੁੱਝ ਬਾਕੀ ਬੱਚੇ ਪੱਤਰਾਂ ਨਾਲ਼ ਲੱਗੇ ਸਨ। ਸੁਹਾਂਞਣੇ ਨੂੰ ਜਿਵੇਂ ਕੋਈ ਬਿਮਾਰੀ ਲੱਗ ਗਈ ਸੀ। ਸਾਈਂ ਸੁਹਾਂਞਣੇ ਦੇ ਰੋਗ ਦਾ ਜਾਣੂ ਸੀ। ਪੰਖੇਰੂ ਉਹਦੀਆਂ ਸੱਖਣੀਆਂ ਲਗਰਾਂ ਤੋਂ ਉਦੋਂ ਉੱਡੇ ਜਦੋਂ ਉਹਨੇ ਸਾਈਂ ਰਾਹੀਂ ਸ਼ੇਰੇ ਨਾਲ਼ ਗੱਲ ਕਰਨ ਲਈ ਹਾਮੀ ਭਰ ਲਈ। ਸਾਈਂ ਵੀ ਰੌਲ਼ੇ ਤੋਂ ਚਲ ਕੇ ਸੁਹਾਂਞਣੇ ਦੇ ਬੂਟੇ ਥੱਲੇ ਘੋੜਿਆਂ ਦੇ ਕੋਲ਼ ਆ ਕੇ ਬੈਠ ਜਾਂਦਾ। ਸੁਹਾਞਣਾ ਦੇ ਤਿੰਨ-ਚਾਰ ਫੁੱਲ ਸਾਈਂ ਦੇ ਸਿਰ ਉੱਤੇ ਡਿੱਗੇ। ਸਾਈਂ ਨੇ ਸਿਰ ਚੁੱਕ ਕੇ ਬੂਟੇ ਵੱਲ ਵੇਖਿਆ। ਉਹਨੂੰ ਸੁਹਾਞਣੇ ਦੀ ਬੇਵਸੀ ਨਜ਼ਰ ਆਉਣ ਲੱਗ ਪਈ। ਵਾਅ ਚੱਲਣ ਨਾਲ਼ ਪੱਤਰ ਖੜਕੇ ਤੇ ਸਾਈਂ ਨੂੰ ਇੰਜ ਲੱਗਾ ਜਿਵੇਂ ਉਹ ਕੋਈ ਗੱਲ ਕਰ ਰਹੇ ਹੋਵਣ। ਸਾਈਂ ਨੂੰ ਜੰਗਲ ਦੀ ਹਾਲਤ ਉੱਤੇ ਤਰਸ ਆਉਣ ਨਾਲ਼ ਦੁੱਖ ਵੀ ਲੱਗਣ ਲੱਗ ਪਿਆ। ਸਾਈਂ ਨੂੰ ਇਲਮ ਹੋ ਗਿਆ ਸੀ ਕਿ ਹੁਣ ਇਸ ਜੰਗਲ ਨੇ ਬਦਲ ਜਾਣਾ ਏ। ਬਾਹਰਲੀ ਦੁਨੀਆ ਦੇ ਲੋਭਾਂ ਨੇ ਜੰਗਲ ਵੱਲ ਮੂੰਹ ਜੋ ਕਰ ਲਿਆ ਸੀ। ਸਾਈਂ ਨੂੰ ਇਸ ਗੱਲ ਦਾ ਵੀ ਇਲਮ ਸੀ ਕਿ ਜੰਗਲ ਦੇ ਜਨੌਰਾਂ ਦੀ ਹਯਾਤੀ ਨੂੰ ਇੱਕੋ ਜਨੌਰ ਛੰਡ ਸਕਦਾ ਏ ਤੇ ਉਹ ਮਨੁੱਖ ਏ, ਜਿਹੜਾ ਆਪਣੇ ਆਪ ਨੂੰ ਸਾਰੀ ਮਖ਼ਲੂਕ ਵਿਚੋਂ ਸਿਆਣਾ ਸਮਝਦਾ ਏ।
”ਆਪਣੇ ਆਪ ਨੂੰ ਦੂਜਿਆਂ ਤੋਂ ਸਿਆਣਾ ਸਮਝਣ ਦੇ ਨਾਲ਼ ਈ ਜ਼ੁਲਮ ਜੁੜਿਆ ਹੁੰਦਾ ਏ।”
ਸਾਈਂ ਨੂੰ ਸੁਹਾਞਣਾ ਦੀ ਗੱਲ ਸਮਝ ਆ ਗਈ ਸੀ। ਉਹਨੂੰ ਜੰਗਲ ਦੀ ਜ਼ਬਾਨ ਆਉਂਦੀ ਸੀ। ਇਹ ਜ਼ਬਾਨ ਸਿੱਖਣ ਲਈ ਉਹਨੇ ਬਾਹਰਲੀ ਦੁਨੀਆ ਛੱਡ ਕੇ ਜੰਗਲ ਵਿੱਚ ਡੇਰੇ ਲਾਏ ਸਨ। ਸਾਈਂ ਝਕਦਾ-ਝਕਦਾ ਸ਼ੇਰੇ ਕੋਲ਼ ਗਿਆ। ਉਹਨੂੰ ਸ਼ੇਰਾ ਭੈੜਾ ਬੰਦਾ ਨਹੀਂ ਸੀ ਜਾਪਦਾ।
”ਜੰਗਲ ਨੂੰ ਕਿਉਂ ਜ਼ਖ਼ਮਾਉਂਦੇ ਓ?” ਸਾਈਂ ਨੇ ਸ਼ੇਰੇ ਨੂੰ ਇੰਜ ਪੁੱਛਿਆ ਜਿਵੇਂ ਕੋਈ ਸ਼ਿਅਰ ਸੁਣਾਇਆ ਹੋਵੇ।
”ਦਰਿਆ ਵਿੱਚੋਂ ਇੱਕ ਕਟੋਰਾ ਪਾਣੀ ਲੈਣ ਨਾਲ਼ ਦਰਿਆ ਨੂੰ ਕੀ ਹੋਣਾ ਏ? ਤੂੰ ਐਵੇਂ ਦਿਲ ਨਿੱਕਾ ਕਰਦਾ ਐਂ।” ਸ਼ੇਰੇ ਨੇ ਸਾਈਂ ਨੂੰ ਜਵਾਬ ਦਿੱਤਾ। ਸਾਈਂ ਵੀ ਇਹ ਸਮਝ ਕੇ ਚੁੱਪ ਹੋ ਗਿਆ ਕਿ ਭਲਾ ਕਿੰਨਾ ਕੁ ਜੰਗਲ ਵੱਢ ਲੈਣਗੇ।
ਕੁੱਝ ਦਿਹਾੜੇ ਲੰਘੇ ਤੇ ਜੰਗਲ ਵਿੱਚ ਟਰਾਲੀਆਂ ਦਾ ਵੀ ਰਾਹ ਬਣ ਗਿਆ। ਜਿੱਥੇ ਰਾਹ ਬਣ ਜਾਵੇ ਉਥੋਂ ਸਾਰੇ ਲੰਘਦੇ ਨੇ। ਮਿੱਧੇ ਰਾਹ ਜੰਗਲ ਮੁਕਾ ਦਿੰਦੇ ਨੇ। ਜਿੱਥੋਂ-ਜਿੱਥੋਂ ਮੋਟੇ ਰੁੱਖ ਵੱਢੇ ਗਏ ਓਥੋਂ-ਓਥੋਂ ਜੰਗਲ ਪੇਤਲਾ ਹੁੰਦਾ ਗਿਆ। ਸੂਰ, ਗਿੱਦੜ, ਸ਼ੀਂਹ, ਬਘਿਆੜ ਤੇ ਖ਼ਰਗੋਸ਼ ਛਦਰੇ ਜੰਗਲ ਤੋਂ ਨਿਕਲ ਕੇ ਸੰਘਣੇ ਜੰਗਲ ਵੱਲ ਟੁਰ ਗਏ। ਪੰਖੇਰੂ ਵੀ ਆਪਣੇ ਆਂਡੇ ਆਲ੍ਹਣਿਆਂ ਵਿੱਚ ਛੱਡ ਕੇ ਗਿੱਦੜਾਂ ਦੇ ਮਗਰ ਈ ਸੰਘਣੇ ਜੰਗਲ ਦੀ ਪਨਾਹ ਵਿੱਚ ਟੁਰ ਗਏ। ਜੰਗਲ ਵਿੱਚ ਜਿਵੇਂ ਪਹਿਰੇ ਲੱਗ ਗਏ ਸਨ। ਇੱਲਾਂ ਵੀ ਜੰਗਲ ਦੇ ਨੇੜੇ ਉੱਡਣ ਲੱਗ ਪਈਆਂ, ਉਨ੍ਹਾਂ ਭੱਜਦੇ ਜਨੌਰਾਂ ਦੇ ਸਾਹ੍ਵਾਂ ਵਿੱਚੋਂ ਮੌਤ ਦੀ ਬੋ ਸੁੰਘ ਲਈ ਸੀ।
ਚੌਧਰੀ ਤੇ ਸ਼ੇਰੇ ਦੇ ਬੋਝੇ ਰੁਪਿਆਂ ਨਾਲ਼ ਭਾਰੇ ਹੋਣ ਲੱਗ ਪਏ। ਸ਼ੇਰੇ ਦੇ ਸੰਗੀ ਚੰਗੀ ਰੋਟੀ ਖਾ ਕੇ ਡਕਾਰ ਮਾਰਦੇ ਰਹੇ। ਚੋਰ ਰਾਤੀਂ ਨੂੰ ਜੰਗਲ ਤੋਂ ਬਾਹਰ ਨਿਕਲਦੇ ਤੇ ਸਰਘੀ ਕੋਈ ਡੰਗਰ ਅੱਗੇ ਲਾ ਕੇ ਜੰਗਲ ਵਿੱਚ ਪਰਤ ਆਉਂਦੇ। ਚੌਧਰੀ ਦੇ ਡੇਰੇ ਉੱਤੇ ਮੱਝਾਂ ਦਾ ਵਾੜਾ ਭਰਨ ਲੱਗ ਪਿਆ। ਖੋਜੀ ਜਦੋਂ ਜੰਗਲ ਕੋਲ਼ ਆ ਕੇ ਖੁਰਾ ਮੁਕਾਉਂਦਾ ਤਾਂ ਚੋਰੀ ਹੋਏ ਡੰਗਰਾਂ ਦੇ ਮਾਲਕ ਜੰਗਲ ਵਿੱਚ ਪੈਰ ਨਾ ਧਰਦੇ। ਸ਼ੇਰੇ ਦਾ ਖ਼ੌਫ਼ ਜੰਗਲ ਦੀ ਹੱਦ ਉੱਤੇ ਉਨ੍ਹਾਂ ਲਈ ਬਾਰਡਰ ਬਣ ਕੇ ਖਲੋ ਜਾਂਦਾ ਤੇ ਉਹ ਖੋਜੀ ਨੂੰ ਲੈ ਕੇ ਪਿਛਾਂਹ ਮੁੜ ਜਾਂਦੇ। ਸਾਈਂ ਸੁਹਾਂਞਣਾ ਦੇ ਬੂਟੇ ਥੱਲੇ ਬੈਠ ਕੇ ਗਾਉਣ ਗਾਉਂਦਾ:
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ
ਕੁਝ ਰੁੱਖ ਲੱਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲੱਗਦੇ
ਚੁੰਮਾਂ ਤੇ ਗਲ ਲਾਵਾਂ
ਇੱਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁੱਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿੱਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ
ਸਾਈਂ ਗਾਉਂਦੇ ਹੋਏ ਕਦੇ ਸੁਹਾਞਣਾ ਦੇ ਪੱਤਰਾਂ ਵੱਲ ਵੇਖਦਾ ਤੇ ਕਦੇ ਸ਼ੇਰੇ ਦੇ ਸੰਗੀਆਂ ਵੱਲ। ਉਹਦੀ ਆਵਾਜ਼ ਸੁਣ ਕੇ ਜੰਗਲ ਦੇ ਰੁੱਖਾਂ ਨੂੰ ਯਕੀਨ ਹੋ ਗਿਆ ਕਿ ਸੁਹਾਞਣਾ ਨੇ ਅਪਣਾ ਕੰਮ ਕਰ ਵਿਖਾਇਆ ਏ। ਜੰਗਲ ਨੇ ਖ਼ੁਸ਼ੀ ਨਾਲ਼ ਪੱਖੂਵਾਂ ਨੂੰ ਗਾਉਣ ਦਾ ਸੰਦੇਸ਼ ਦੇ ਦਿੱਤਾ। ਉਸ ਸ਼ਾਮ ਪੂਰੇ ਜੰਗਲ ਵਿੱਚ ਕੋਇਲ, ਮੋਰ ਤੇ ਤਿੱਤਰਾਂ ਦੀਆਂ ਆਵਾਜ਼ਾਂ ਦੇ ਨਾਲ਼ ਦੂਜੇ ਪੱਖੂਵਾਂ ਦੀਆਂ ਆਵਾਜ਼ਾਂ ਵੀ ਰਲੀਆਂ ਹੋਈਆਂ ਸਨ। ਰਾਤੀਂ ਗਿੱਦੜ ਵੀ ਹੌਂਕਦੇ ਰਹੇ ਤੇ ਜੰਗਲ ਦੇ ਆਸੇ-ਪਾਸੇ ਰਹਿਣ ਵਾਲੇ ਮਨੁੱਖਾਂ ਨੂੰ ਡਰਾਉਂਦੇ ਰਹੇ। ਸਵੇਰ ਹੋਈ ਤਾਂ ਜੰਗਲ ਦਾ ਭਰਮ ਟੁੱਟ ਗਿਆ। ਚੌਧਰੀ ਕਰਮ ਦੀਨ ਆਪਣੇ ਕਾਮਿਆਂ ਦੀ ਫ਼ੌਜ ਨਾਲ਼ ਜੰਗਲ ਉੱਤੇ ਮੁੜ ਹਮਲਾ ਕਰ ਦਿੱਤਾ। ਇੰਜ ਲੱਗਦਾ ਸੀ ਜਿਵੇਂ ਸ਼ਾਮ ਤੀਕਰ ਸਾਰੇ ਜਵਾਨ ਬੂਟੇ ਕੁੱਸ ਜਾਣਗੇ। ਟਰੈਕਟਰ ਹੁਣ ਟੈਂਕ ਵਾਂਗ ਰੁੱਖਾਂ ਥੱਲੇ ਉੱਗੇ ਫੁੱਲਾਂ ਨੂੰ ਮਿੱਧ ਰਹੇ ਸਨ। ਛਾਂਗੇ ਹੋਏ ਰੁੱਖਾਂ ਨਾਲ਼ ਲੱਦੀਆਂ ਟਰਾਲੀਆਂ ਸਾਰਾ ਦਿਨ ਫੇਰੇ ਚੁੱਕਦੀਆਂ ਰਹੀਆਂ। ਰੁੱਖਾਂ ਦੇ ਛੌਡੇ ਜੰਗਲ ਵਿੱਚ ਇੰਜ ਖਿੱਲਰੇ ਪਏ ਸਨ ਜਿਵੇਂ ਕੁਰਬਾਨੀ ਦੇ ਜਨੌਰਾਂ ਦੀਆਂ ਆਂਦਰਾਂ ਈਦ ਵਾਲੇ ਦਿਹਾੜੇ ਸਾਰੇ ਸ਼ਹਿਰ ਵਿੱਚ ਖਿੱਲਰੀਆਂ ਹੁੰਦੀਆਂ ਨੇ। ਜੰਗਲ ਵਿੱਚ ਜਿਹੜੇ ਪਖੇਰੂ ਇੱਕ ਦਿਨ ਪਹਿਲਾਂ ਗਾਉਂਦੇ ਪਏ ਸਨ, ਅੱਜ ਉਹ ਵੈਣ ਪਾ ਰਹੇ ਸਨ। ਇਨ੍ਹਾਂ ਵੈਨਾਂ ਵਿੱਚ ਚੋਰਾਂ ਨੇ ਆਪਣੀ ਅਖ਼ੀਰਲੀ ਚੋਰੀ ਦੀ ਸਲਾਹ ਕਰ ਲਈ। ਜੰਗਲ ਦਾ ਢਿੱਡ ਹੁਣ ਭੁੱਖੇ ਫ਼ਕੀਰ ਵਾਂਗ ਖ਼ਾਲੀ ਸੀ। ਜੰਗਲ ਤੋਂ ਬਾਹਰ ਖਲੋਤੇ ਬੰਦੇ ਨੂੰ ਹੁਣ ਜੰਗਲ ਦਾ ਅੰਦਰ ਦਿੱਸਣ ਲੱਗ ਪਿਆ। ਵਿਰਲੇ-ਵਾਂਝੇ ਨਿੱਕੇ ਰੁੱਖ ਨਜ਼ਰਾਂ ਨੂੰ ਡੱਕਾ ਲਾਉਣ ਜੋਗੇ ਨਹੀਂ ਸਨ। ਜੰਗਲ ਵੀ ਘੁੰਡ ਲਾਹ ਕੇ ਅਪਣਾ ਵਿਖਾਲਾ ਕਰਨ ਲੱਗ ਪਿਆ ਸੀ। ਚੋਰਾਂ ਵੀ ਵੇਖ ਲਿਆ ਕਿ ਮੋਨਾ ਡਿਪੂ ਦੇ ਕੁਝ ਸਟਾਲੀਆਨ ਤੇ ਥਾਰੋਬਰੇਡ ਘੋੜੇ ਨਹਿਰ ਦੇ ਚੜ੍ਹਦੇ ਪਾਸੇ ਵੱਲ ਬੱਝੇ ਸਨ। ਉਨ੍ਹਾਂ ਨੂੰ ਵੇਖ ਕੇ ਚੋਰਾਂ ਦੀ ਰੱਗ ਫੜਕੀ ਤੇ ਉਨ੍ਹਾਂ ਨੂੰ ਇੰਜ ਲੱਗਾ ਜਿਵੇਂ ਰੱਬ ਵੀ ਉਨ੍ਹਾਂ ਨਾਲ਼ ਰਲ਼ ਗਿਆ ਏ। ਮੋਨਾ ਡਿਪੂ ਦੀ ਕੰਧ ਟੱਪਣਾ ਔਖਾ ਸੀ ਪਰ ਉੱਥੇ ਤੇ ਕੋਈ ਕੰਧ ਵੀ ਨਹੀਂ ਸੀ। ਦੋਵੇਂ ਚੋਰ ਜੰਗਲ ਤੋਂ ਨਿਕਲ ਕੇ ਨਹਿਰ ਵੱਲ ਇੰਜ ਗਏ ਜਿਵੇਂ ਰਾਤ ਵਿੱਚ ਕੋਈ ਪਰਛਾਵਾਂ ਹੋਣ। ਉਹ ਪਿਓ ਦਾਦੇ ਦਾ ਸਾਰਾ ਤਜਰਬਾ ਕੁੱਛੜ ਚੁੱਕ ਕੇ ਆਏ ਸਨ। ਪੁਰਖਿਆਂ ਦੀ ਇੱਜ਼ਤ ਦਾ ਸਵਾਲ ਸੀ। ਭੋਈਂ ਉੱਤੇ ਡਿੱਗੇ ਕੱਖਾਂ ਨੂੰ ਵੀ ਪਤਾ ਨਾ ਲੱਗਾ ਕਿ ਚੋਰ ਉਨ੍ਹਾਂ ਦੇ ਉੱਤੋਂ ਲੰਘਦੇ ਪਏ ਨੇ। ਰਾਤ ਜਿਹੜੀ ਬੰਦੇ ਦੇ ਅੰਦਰ ਵਾਲੇ ਸਾਹ ਵੀ ਸੁਣ ਲੈਂਦੀ ਏ ਉਸ ਵੀ ਉਨ੍ਹਾਂ ਚੋਰਾਂ ਦੇ ਨਾਲ਼ ਰਲ਼ ਕੇ ਚੁੱਪ ਧਾਰ ਲਈ ਸੀ। ਚੋਰਾਂ ਨੇ ਰਾਤ ਉੱਤੇ ਵੀ ਜਿਵੇਂ ਟੂਣਾ ਕਰ ਦਿੱਤਾ ਸੀ। ਵਾਅ ਨੂੰ ਵੀ ਨਹਿਰ ਦੇ ਨੇੜੇ ਕੋਈ ਨਾ ਟੱਕਰਿਆ। ਚੋਰਾਂ ਨੇ ਦੋ ਘੋੜੇ ਖੋਲ੍ਹੇ ਜਿਹੜੇ ਇੰਜ ਪਿੱਛੇ ਲੱਗ ਕੇ ਟੁਰ ਪਏ ਜਿਵੇਂ ਇਹ ਚੋਰ ਉਨ੍ਹਾਂ ਦੇ ਜੋਕੀ ਹੋਣ। ਉਹ ਦੋਵੇਂ ਘੋੜੇ ਕੱਦ ਦੇ ਏਡੇ ਉੱਚੇ ਸਨ ਕਿ ਚੋਰ ਛਾਲ ਮਾਰ ਕੇ ਵੀ ਉਨ੍ਹਾਂ ਉੱਤੇ ਨਹੀਂ ਸੀ ਚੜ੍ਹ ਸਕਦੇ। ਅਖ਼ੀਰ ਉਹ ਘੋੜਿਆਂ ਨੂੰ ਟੋਰਦੇ ਹੋਏ ਜੰਗਲ ਅੰਦਰ ਢਾਰੇ ਕੋਲ਼ ਅੱਪੜ ਗਏ। ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਜਿਹੜਾ ਕੰਮ ਉਨ੍ਹਾਂ ਕਰ ਲਿਆ ਏ ਉਹ ਕੰਮ ਕਦੇ ਇਲਾਕੇ ਦੇ ਹੋਰ ਚੋਰਾਂ ਨੇ ਕਦੇ ਨਹੀਂ ਸੀ ਕੀਤਾ। ਉਨ੍ਹਾਂ ਨੂੰ ਹੁਣ ਇਸ ਗੱਲ ਦੀ ਫ਼ਿਕਰ ਸੀ ਜਿਹੜੀ ਉਨ੍ਹਾਂ ਦੇ ਦਾਦੇ ਦੱਸੀ ਸੀ:
”ਚੋਰੀ ਕਰਨਾ ਤੇ ਕੋਈ ਗੱਲ ਨਹੀਂ, ਅਸਲ ਕੰਮ ਤੇ ਚੋਰੀ ਨੂੰ ਪਚਾਉਣਾ ਏ।”
ਉਨ੍ਹਾਂ ਦੇ ਦਾਦੇ ਨੇ ਇਹ ਗੱਲ ਉਦੋਂ ਆਖੀ ਸੀ ਜਦੋਂ ਉਸ ਥਾਣੇਦਾਰ ਦੀ ਮੱਝ ਖੋਲ੍ਹੀ ਸੀ। ਚੋਰਾਂ ਨੇ ਕੋਠੇ ਜਿੱਡੇ ਘੋੜੇ ਸੰਘਣੇ ਰੁੱਖਾਂ ਹੇਠ ਕੁੱਝ ਥਾਂ ਸਾਫ਼ ਕਰ ਕੇ ਬੰਨ੍ਹ ਦਿੱਤੇ ਤੇ ਆਪ ਸੌਂ ਗਏ। ਦੁਪਹਿਰ ਨੂੰ ਉੱਠ ਕੇ ਸ਼ਾਮ ਤੀਕਰ ਮੁਬਾਰਕਾਂ ਈ ਲੈਂਦੇ ਰਹੇ। ਉਸ ਰਾਤ ਸਾਈਂ ਦੇ ਢਾਰੇ ਕੋਲ਼ ਖ਼ੁਸ਼ੀਆਂ ਪੁੱਗਦੀਆਂ ਰਹੀਆਂ। ਉਥੇ ਸਾਰੇ ਈ ਖ਼ੁਸ਼ੀ ਵਿੱਚ ਕੌੜਾ ਪਾਣੀ ਸੰਘ ਵਿੱਚ ਉਲੱਦਦੇ ਰਹੇ।
ਜੰਗਲ ਦੇ ਦੂਜੇ ਪਾਸੇ ਜਨੌਰ ਤੇ ਪੰਖੇਰੂ ਵੀ ਆਪਣੀ ਪੰਚਾਇਤ ਲਾ ਕੇ ਬੈਠ ਗਏ। ਉਨ੍ਹਾਂ ਨੂੰ ਜਾਣ ਬਚਾਉਣ ਦੀ ਫ਼ਿਕਰ ਪਈ ਸੀ। ਰੁੱਖਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਮਨੁੱਖ ਆਪ ਈ ਪਾਣੀ ਲਾ ਕੇ ਉਨ੍ਹਾਂ ਨੂੰ ਜਵਾਨ ਕਰਦੇ ਨੇ, ਫ਼ਿਰ ਆਪ ਈ ਆਰੀਆਂ ਤੇ ਕੁਹਾੜੀਆਂ ਨਾਲ਼ ਵੱਢ ਦਿੰਦੇ ਨੇ। ਕਾਹੂ ਦੇ ਇਕ ਰੁੱਖ ਨੇ ਨਮੋਸ਼ੀ ਨਾਲ਼ ਕਿਹਾ, ”ਲੱਕੜ ਹਾਰੇ ਨਾਲ਼ ਕੀ ਗਿਲਾ, ਦੋਸ਼ ਤਾਂ ਕੁਹਾੜੇ ਵਿੱਚ ਮੌਜੂਦ ਆਪਣੇ ਈ ਦਸਤੇ ਦਾ ਏ।” ਲੰਮੇਰੀ ਹਯਾਤੀ ਵਾਲੇ ਰੁੱਖਾਂ ਇਸ ਤਰ੍ਹਾਂ ਦਾ ਜ਼ੁਲਮ ਕਰਦੇ ਕਿਸੇ ਹੋਰ ਜਾਤੀ ਨੂੰ ਨਹੀਂ ਸੀ ਵੇਖਿਆ। ਪੰਖੇਰੂਆਂ ਨੂੰ ਬੋਹੜ ਨੇ ਆਖਿਆ, ”ਤੁਸੀਂ ਸ਼ਾਇਦ ਕਿਧਰੇ ਹੋਰ ਉੱਡ ਜਾਓ, ਸਾਡੀਆਂ ਤੇ ਜੜ੍ਹਾਂ ਪਾਤਾਲ ਵਿੱਚ ਨੇ। ਅਸਾਂ ਧਰਤੀ ਨਾਲ਼ ਮੋਹ ਦਾ ਮੁੱਲ ਮੌਤ ਦੀ ਸੂਰਤ ਵਿੱਚ ਤਾਰਨਾ ਈ ਹੋਇਆ।” ਜਨੌਰਾਂ ਨੂੰ ਵੀ ਆਪਣੀ ਜਾਤੀ ਦੇ ਦੋ ਪੈਰਾਂ ਵਾਲੇ ਇਸ ਜਨੌਰ ਦੀ ਸਮਝ ਨਹੀਂ ਸੀ ਆ ਰਹੀ। ਉਹ ਆਪਣੇ ਜ਼ੁਲਮ ਤੋਂ ਤੰਗ ਆ ਕੇ ਤਰਸ ਵੀ ਖਾ ਲੈਂਦਾ ਏ ਤੇ ਫ਼ਿਰ ਆਪਣੇ ਆਪ ਨੂੰ ਦੋਸ਼ ਦੇਣ ਦੇ ਦੁੱਖ ਨੂੰ ਵੀ ਭੋਗਦਾ ਏ। ਉਥੇ ਨੇੜੇ ਈ ਇੱਕ ਰੁੱਖ ਨਾਲ਼ ਬੱਕਰਾ ਬੰਨ੍ਹਿਆ ਹੋਇਆ ਸੀ। ਉਹ ਵੀ ‘ਮੈਂ-ਮੈਂ’ ਕਰਨ ਲੱਗ ਪਿਆ। ਸਾਰਿਆਂ ਦਾ ਧਿਆਨ ਉਹਦੇ ਵੱਲ ਹੋ ਗਿਆ।
”ਸਾਨੂੰ ਉਹ ਖੁਵਾਉਂਦੇ-ਪਿਆਉਂਦੇ ਨੇ, ਸਾਡੇ ਵਾਲ਼ ਕੱਟਦੇ ਨੇ। ਸਾਡੇ ਨਾਲ਼ ਹੱਸਦੇ-ਖੇਡਦੇ ਨੇ। ਅਸੀਂ ਵੀ ਉਨ੍ਹਾਂ ਦੇ ਪਿਆਰ ਉੱਤੇ ਯਕੀਨ ਕਰ ਕੇ ਖੇਡਦੇ ਆਂ। ਮਨੁੱਖ ਹੱਸਦੇ-ਖੇਡਦੇ ਸਾਨੂੰ ਛੁਰੀ ਫੇਰ ਦਿੰਦੇ ਨੇ।” ਬੱਕਰੇ ਨੇ ਅਪਣਾ ਸਦੀਆਂ ਦਾ ਸਮਝ ਨਾ ਆਉਣ ਵਾਲਾ ਦੁੱਖ ਸਾਂਝਾ ਕੀਤਾ।
”ਇਹ ਮਨੁੱਖ ਸਾਡੇ ਤੋਂ ਵੱਖ ਹੋ ਕੇ ਅਗੇਰੇ ਕਿਵੇਂ ਹੋਏ ਨੇ?” ਇੱਕ ਕੁੱਤਾ ਭੌਂਕਦਾ ਹੋਇਆ ਪੁੱਛਣ ਲੱਗਾ।
”ਉਸ ਅੱਖਰ ਬਣਾਏ, ਆਪਣੀ ਔਲਾਦ ਨੂੰ ਸਿਖਾਏ ਤੇ ਫ਼ਿਰ ਲਫ਼ਜ਼ ਘੜੇ। ਉਸ ਆਪਣੇ ਨਾਲ਼ ਸਾਡੇ ਤੇ ਹੋਰ ਸ਼ੈਵਾਂ ਦੇ ਨਾਂ ਰੱਖੇ। ਉਹ ਜਿਹੜਾ ਸ਼ਰੀਂਹ ਦੇ ਰੁੱਖ ਦੀ ਖੋੜ ਵਿੱਚੋਂ ਸਿਰ ਕੱਢ ਕੇ ਬੈਠਾ ਏ, ਮਨੁੱਖ ਉਹਨੂੰ ਉੱਲੂ ਆਖਦੇ ਨੇ।” ਕਾਂ ਦਾ ਇਹ ਜਵਾਬ ਸੁਣ ਕੇ ਜੰਗਲ ਵਿੱਚ ਹਾਸੇ ਖਿੜ ਪਏ।
”ਮਨੁੱਖ ਦੀ ਵੱਡੀ ਖੇਡ ਕਿਹੜੀ ਏ?” ਉੱਲੂ ਨੇ ਹਾਸੋਹੀਣਾ ਹੁੰਦਿਆਂ ਕਾਂ ਕੋਲੋਂ ਪੁੱਛਿਆ।
”ਉਹ ਸ਼ਿਕਾਰ ਖੇਡਣ ਨਾਲ਼ ਖ਼ੁਸ਼ ਹੁੰਦਾ ਏ। ਆਪ ਈ ਸ਼ੈਵਾਂ ਬਣਾ ਕੇ ਤਬਾਹ ਕਰ ਦਿੰਦਾ ਏ। ਮਨੁੱਖ ਸਮਝਦਾ ਏ ਕਿ ਸਾਰੇ ਜਨੌਰ ਤੇ ਪੰਖੇਰੂ ਰੱਬ ਨੇ ਉਹਦੇ ਲਈ ਬਣਾਏ ਨੇ। ਜਿਹੜੇ ਚੰਗੇ ਲੱਗਣ ਉਹ ਹਲਾਲ ਤੇ ਜਿਹੜੇ ਮੰਦੇ ਜਾਪਣ ਉਹ ਹਰਾਮ। ਸਾਨੂੰ ਨੇਮਤਾਂ ਸਮਝ ਕੇ ਖਾਈ ਜਾਂਦਾ ਏ। ਅਸੀਂ ਹਰਾਮ ਹੋ ਕੇ ਵੱਡਿਆਂ ਕੋਲੋਂ ਤੇ ਬਚ ਜਾਣੇ ਆਂ ਪਰ ਨਿੱਕੇ ਸਾਨੂੰ ਰੱਸੀ ਨਾਲ਼ ਬੰਨ੍ਹ ਕੇ ਧਰਾਉਂਦੇ ਰਹਿੰਦੇ ਨੇ।” ਕਾਂ ਨੇ ਦੂਜਿਆਂ ਦੇ ਕੰਨ ਖਾਂਦਿਆਂ ਇਹ ਦੱਸਿਆ।
”ਮੈਨੂੰ ਤੇ ਹਰਾਮ ਆਖ ਕੇ ਵੀ ਮਾਰਨ ਤੋਂ ਬਾਜ਼ ਨਹੀਂ ਆਉਂਦੇ। ਅਖੇ ਮੇਰੇ ਕੋਲੋਂ ਬੋ ਆਉਂਦੀ ਏ। ਬੱਕਰੇ ਕੋਲੋਂ ਕਿਹੜੀ ਖ਼ੁਸ਼ਬੂ ਆਉਂਦੀ ਏ। ਅਖੇ ਸੂਰ ਖਾਣ ਨਾਲ਼ ਵੇਗ ਚੜ੍ਹਦਾ ਏ ਪਰ ਦੂਜੇ ਪਾਸੇ ਜਿਨਸੀ ਦਵਾ ਲੱਭਣ ਲਈ ਸਾਰੇ ਪਰਬਤ ਟੱਪ ਜਾਂਦੇ ਨੇ।” ਸੂਰ ਇਹ ਗੱਲ ਕਰ ਕੇ ਨਿੱਛਾਂ ਮਾਰਨ ਲੱਗ ਪਿਆ। ਉਹਨੂੰ ਮਨੁੱਖਾਂ ਉੱਤੇ ਚੋਖਾ ਵੱਟ ਸੀ। ਉਹ ਸਦੀਆਂ ਤੋਂ ਬਦਲੇ ਦੀ ਅੱਗ ਵਿੱਚ ਸੜ ਰਿਹਾ ਸੀ।
”ਮੈਨੂੰ ਵੀ ਗਰਮ ਸਮਝ ਕੇ ਖਾਈ ਜਾਂਦੇ ਨੇ। ਉਨ੍ਹਾਂ ਦਿਆਂ ਮਾਦਿਆਂ ਨੂੰ ਜਿਵੇਂ ਅੱਗ ਲੱਗੀ ਹੋਈ ਏ।” ਤਿੱਤਰ ਵੀ ਆਪਣੇ ਪਰ ਫੜਫੜਾ ਕੇ ਬੋਲ ਪਿਆ।
”ਤੁਹਾਡੀ ਤੇ ਫ਼ਿਰ ਵੀ ਮੌਜ ਏ। ਮੈਨੂੰ ਤਾਂ ਉਹ ਬੰਨ੍ਹ ਕੇ ਰੱਖਦੇ ਨੇ। ਭਾਰ ਵੀ ਮੇਰੇ ਉੱਤੇ ਢੋਂਦੇ ਨੇ ਤੇ ਵੇਲੇ ਸਿਰ ਕੋਹ ਕੇ ਸੁਆਦ ਨਾਲ਼ ਖਾ ਵੀ ਲੈਂਦੇ ਨੇ, ਭਾਵੇਂ ਮਗਰੋਂ ਕਸਾਈ ਨੂੰ ਗਾਲ੍ਹਾਂ ਕੱਢਦੇ ਰਹਿਣ। ਉਦੋਂ ਤੇ ਮੈਂ ਮਰ-ਮੁੱਕ ਜਾਨਾਂ ਜਦੋਂ ਮੇਰੇ ਸਾਹਮਣੇ ਈ  ਮੂਰਖ ਬੰਦੇ ਨੂੰ ਖੋਤਾ ਆਖਦੇ ਨੇ।” ਖੋਤਾ ਰੋਣ ਵਾਲੀ ਸੂਰਤ ਨਾਲ਼ ਗੱਲ ਕਰ ਕੇ ਹਿਣਕਣ ਲੱਗ ਪਿਆ। ਸਾਰੇ ਜਨੌਰ ਉਹਦੀ ਗੱਲ ਸੁਣ ਕੇ ਲੱਤਾਂ ਵਿੱਚ ਮੂੰਹ ਦੇ ਕੇ ਹੱਸਣ ਲੱਗ ਪਏ। ਉਨ੍ਹਾਂ ਦੇ ਨੇੜੇ ਦੋ ਬੁੱਢੇ ਸੁੱਕੇ ਰੁੱਖ ਸਨ। ਉਨ੍ਹਾਂ ਦੀਆਂ ਜੜ੍ਹਾਂ ਇੱਕ-ਦੂਜੇ ਵਿੱਚ ਫਸੀਆਂ ਪਈਆਂ ਸਨ। ਉਹ ਦੋਵੇਂ ‘ਕੱਠੇ ਈ ਸੁੱਕ ਸੜ ਗਏ ਸਨ। ਇਨ੍ਹਾਂ ਦਾ ਬੇਲ ਪੁਨਾ ਜੰਗਲ ਵਿੱਚ ਮਸ਼ਹੂਰ ਸੀ। ਇੱਕ ਰੁੱਖ ਦੇ ਮੋਟੇ ਟਾਹਣ ਉੱਤੇ ਚਾਮ-ਚੱਠਾਂ ਤੇ ਅਬਾਬੀਲਾਂ ਦੇ ਆਲ੍ਹਣੇ ਸਨ, ਜਿਹਦੇ ਉੱਤੇ ਸੱਪ ਨੇ ਕਬਜ਼ਾ ਕਰ ਲਿਆ ਸੀ। ਉਹ ਵੀ ਗੱਲਾਂ ਸੁਣ ਕੇ ਬਾਹਰ ਨਿਕਲ ਆਇਆ।
”ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਉਹ ਮੈਨੂੰ ਕੀ ਆਖਦੇ ਨੇ।” ਸੱਪ ਨੇ ਕੁੰਡਲੀ ਮਾਰ ਕੇ ਸ਼ਰਮ ਨਾਲ਼ ਗੱਲ ਕੀਤੀ।
”ਕੀ ਆਖਦੇ ਨੇ?” ਕਾਂ ਨੇ ਸ਼ਰਾਰਤ ਨਾਲ਼ ਉਹਨੂੰ ਪੁੱਛਿਆ।
”ਸੱਪਾਂ ਦੇ ਪੁੱਤਰ ਮਿੱਤਰ ਨਾ ਬਣਦੇ, ਭਾਵੇਂ ਚੁਲੀਆਂ ਦੁੱਧ ਪਿਆਈਏ।”
ਇਹ ਸੁਣ ਕੇ ਇੱਕ ਵਾਰੀ ਫ਼ਿਰ ਸਾਰੇ ਜਨੌਰ ਤੇ ਪੰਖੇਰੂ ਹੱਸਣ ਲੱਗ ਪਏ।
ਕਬੂਤਰਾਂ ਦਾ ਇੱਕ ਜੋੜਾ ਵੀ ਉੱਡ ਕੇ ਓਥੇ ਆਨ ਬੈਠਾ। ਉਹ ਕੁਝ ਚਿਰ ਸਾਰਿਆਂ ਦੀਆਂ ਗੱਲਾਂ ਸੁਣਦੇ ਰਹੇ। ਫ਼ਿਰ ਕਬੂਤਰ ਗੁਟਕਣ ਲੱਗ ਪਿਆ। ਸਾਰਿਆਂ ਦਾ ਧਿਆਨ ਉਹਦੇ ਵੱਲ ਹੋ ਗਿਆ। ਉਹ ਸਾਰਿਆਂ ਨੂੰ ਦੱਸਣ ਲੱਗਾ:
”ਮਨੁੱਖ ਭੈੜੇ ਤੇ ਭਿਆਨਕ ਕੰਮਾਂ ਦੀਆਂ ਕਹਾਣੀਆਂ ਘੜਦਾ ਏ। ਇਹ ਕਹਾਣੀਆਂ ਹਕੀਕਤ ਤੋਂ ਵੀ ਚੋਖੀਆਂ ਡਰਾਉਣੀਆਂ ਹੁੰਦੀਆਂ ਨੇ। ਉਨ੍ਹਾਂ ਦੀ ਕਥਾ ਸ਼ਿਕਾਰ ਕਰਨ ਦੀ ਖ਼ਾਹਿਸ਼ ਨੂੰ ਭੁੱਲਣ ਨਹੀਂ ਦਿੰਦੀ। ਦੁਨੀਆ ਵਿੱਚ ਜ਼ਿੰਦਾ ਰਹਿਣ ਲਈ ਲਿਖਾਰੀ ਖ਼ੂਨ ਖ਼ਰਾਬੇ ਦੀਆਂ ਕਹਾਣੀਆਂ ਨੂੰ ਪਾਣੀ ਦਿੰਦੇ ਰਹਿੰਦੇ ਨੇ। ਮਨੁੱਖ ਖ਼ੌਫ਼ ਨੂੰ ਪਾਲਦਾ ਏ। ਇਸ ਖ਼ੌਫ਼ ਹੱਥੋਂ ਉਹ ਇੱਕ ਦਿਨ ਵਿੱਚ ਲੱਖਾਂ ਜਨੌਰ ਮਾਰ ਦਿੰਦਾ ਏ। ਆਪਣੇ ਅੰਦਰ ਦੇ ਖ਼ੌਫ਼ ਦਾ ਨਾਂ ਉਨ੍ਹਾਂ ਖ਼ੁਦਾ ਰੱਖਿਆ ਹੋਇਆ ਏ। ਇਹ ਖ਼ੌਫ਼ ਹੁਣ ਸਾਡੇ ਜੰਗਲਾਂ ਤੋਂ ਵੀ ਵੱਡਾ ਹੋ ਗਿਆ ਏ। ਇਸ ਖ਼ੌਫ਼ ਤੋਂ ਬਚਣ ਲਈ ਉਹ ਜਿਊਂਦੀਆਂ ਸ਼ੈਵਾਂ ਨੂੰ ਮਾਰਦਾ ਏ ਤੇ ਪੱਥਰਾਂ ਨੂੰ ਸਾਂਭ ਕੇ ਰੱਖਦਾ ਏ। ਮੈਨੂੰ ਅਮਨ ਦੀ ਅਲਾਮਤ ਸਮਝਣ ਵਾਲਾ ਮਨੁੱਖ ਤਬਾਹੀ ਉੱਤੇ ਆਪਣੇ ਯਕੀਨ ਪਾਰੋਂ ਕਿਆਮਤ ਨੂੰ ਉਡੀਕਦਾ ਪਿਆ ਏ। ਇੱਥੋਂ ਗਵੇੜ ਹੁੰਦਾ ਏ ਪਈ ਉਹਦੇ ਡਰ ਦੀ ਕੋਈ ਹੱਦ ਨਹੀਂ।”
ਇਹ ਸੁਣ ਕੇ ਜੰਗਲ ਵਿੱਚ ਇੱਕ ਵਾਰੀ ਚੁੱਪ ਚਾਣ ਪਸਰ ਗਈ। ਇਸ ਚੁੱਪ ਵਿੱਚ ਕਿਸੇ ਨੂੰ ਵੀ ਜੰਗਲ ਬਚਦਾ ਨਹੀਂ ਸੀ ਨਜ਼ਰੀਂਦਾ।
”ਤੁਸੀਂ ਸਾਰੇ ਇਹ ਦੱਸੋ ਕਿ ਹੁਣ ਕਰਨਾ ਕੀ ਏ?” ਇੱਕ ਤੋਤਾ ਲੰਮੀ ਚੁੱਪ ਤੋਂ ਬਾਅਦ ਬੋਲਿਆ, ਜਿਹਦੀ ਉਮਰ ਸਾਰੇ ਪੱਖੂਵਾਂ ਤੋਂ ਚੋਖੀ ਸੀ।
”ਸਾਡੇ ਵਿੱਚੋਂ ਤੂੰ ਚੋਖਾ ਸਿਆਣਾ ਐਂ, ਕੋਈ ਸਬੀਲ ਸੋਚ ਕੇ ਸਾਨੂੰ ਵੀ ਦੱਸ।” ਰੁੱਖ ਦੀ ਟਾਹਣੀ ਉੱਤੇ ਬੈਠੀ ਘੁੱਗੀ ਵੀ ਬੋਲ ਪਈ।
”ਅਸੀਂ ਉਹਦੇ ਨਾਲ਼ ਲੜਨ ਜੋਗੇ ਨਹੀਂ, ਉਹ ਆਪ ਈ ਗ਼ਲਤੀ ਕਰੇਗਾ। ਮਨੁੱਖ ਆਪਣੇ ਲੋਭ ਹੱਥੋਂ ਆਪੋ ਵਿੱਚ ਭਿੜ ਕੇ ਇੱਕ-ਦੂਜੇ ਨੂੰ ਮਾਰ ਮੁਕਾਉਂਦੇ ਨੇ। ਬਸ ਉਸ ਵੇਲੇ ਦੀ ਉਡੀਕ ਰੱਖੋ।” ਤੋਤੇ ਦੀ ਇਸ ਗੱਲ ਨਾਲ਼ ਸਾਰੇ ਰੁੱਖ, ਜਨੌਰ ਤੇ ਪੰਖੇਰੂ ਚੁੱਪ ਕਰ ਗਏ। ਪੂਰੇ ਜੰਗਲ ਦਾ ਇਹੋ ਫ਼ੈਸਲਾ ਸੀ। ਰੱਬ ਦੀ ਘੋੜੀ ਵੀ ਕਿਸੇ ਅਨਜਾਣੇ ਰੁੱਖ ਦੇ ਮੁੱਢ ਤੋਂ ਲੰਮੀ ਹੇਕ ਵਿੱਚ ਬੋਲ ਕੇ ਹਾਂ ਕਰ ਦਿੱਤੀ। ਰੁੱਖਾਂ ਵੀ ਆਪਣੇ ਟਾਹਣ ਹਿਲਾ ਕੇ ਤੋਤੇ ਦੀ ਗੱਲ ਦੀ ਸਰਾਹੁਣਾ ਕੀਤੀ। ਸਾਰੇ ਜੰਗਲ ਵਿੱਚੋਂ ਗਾਉਣ ਦੀ ਆਵਾਜ਼ ਆਉਣ ਲੱਗ ਪਈ:
”ਜਦੋਂ ਮੈਂ ਛੱਡ ਕੇ ਟੁਰ ਜਾਣਾ
ਮੇਰਾ ਇੱਕ ਅੰਗ ਈ ਜਾਂਦਾ ਏ”
ਜਦੋਂ ਸਵੇਰ ਹੋਈ ਤਾਂ ਮੋਨਾ ਡਿਪੂ ਅੰਦਰ ਭੂਚਾਲ ਆਇਆ ਹੋਇਆ ਸੀ। ਦੋ ਘੋੜੇ ਲੱਭਣ ਲਈ ਭਾਜੜਾਂ ਪਈਆਂ ਸਨ। ਥਾਣੇਦਾਰ ਨੇ ਵੀ ਗੱਡੀ ਲਿਆ ਕੇ ਡਿਪੂ ਦੇ ਵੱਡੇ ਬੂਹੇ ਅੱਗੇ ਖਲ੍ਹਾਰ ਦਿੱਤੀ। ਬੂਹੇ ਅੱਗੇ ਦੋ ਸੰਤਰੀ ਬੰਦੂਕਾਂ ਚੁੱਕ ਕੇ ਖਲੋਤੇ ਸਨ। ਕਰਨਲ ਸਾਹਿਬ ਦੀ ਇਜਾਜ਼ਤ ਤੋਂ ਬਗ਼ੈਰ ਕੋਈ ਅੰਦਰ ਨਹੀਂ ਸੀ ਆ ਸਕਦਾ। ਕੰਮ ਭਾਵੇਂ ਜਿੰਨਾ ਵੀ ਛੇਤੀ ਕਰਨ ਵਾਲਾ ਸੀ, ਫ਼ਿਰ ਵੀ ਥਾਣੇਦਾਰ ਨੂੰ ਪੰਦਰਾਂ ਮਿੰਟ ਬਾਹਰ ਤੇ ਪੰਦਰਾਂ ਮਿੰਟ ਅੰਦਰ ਉਡੀਕਣਾ ਪਿਆ ਸੀ। ਕਰਨਲ ਨੇ ਥਾਣੇਦਾਰ ਨੂੰ ਚੋਰੀ ਬਾਰੇ ਇੰਜ ਦੱਸਿਆ ਜਿਵੇਂ ਚੋਰੀ ਵਿੱਚ ਉਹਦਾ ਵੀ ਹੱਥ ਹੋਵੇ। ਥਾਣੇਦਾਰ ਨੂੰ ਇੱਥੇ ਆਉਣ ਤੋਂ ਪਹਿਲਾਂ ਈ ਚੋਰੀ ਦਾ ਇਲਮ ਹੋ ਗਿਆ ਸੀ ਤੇ ਉਸ ਇੱਕ ਏ.ਐਸ.ਆਈ. ਨੂੰ ਦੋ ਸਿਪਾਹੀਆਂ ਨਾਲ਼ ਕਾਲੂ ਤੇ ਮਤਲੀ ਨੂੰ ਫੜਨ ਲਈ ਟੋਰ ਦਿੱਤਾ ਸੀ। ਕਾਲੂ ਤੇ ਮਤਲੀ ਈ ਉਹ ਚੋਰ ਸਨ ਜੋ ਇੰਜ ਦਾ ਕੰਮ ਕਰ ਸਕਦੇ ਸਨ। ਫ਼ੌਜੀਆਂ ਦੇ ਘੋੜੇ ਚੋਰੀ ਕਰਨ ਲਈ ਜਿਗਰੇ ਦੇ ਨਾਲ਼ ਕੰਮ ਦੀ ਸਫ਼ਾਈ ਵੀ ਚਾਹੀਦੀ ਸੀ। ਕਾਲੂ ਤੇ ਮਤਲੀ ਦੇ ਹੱਥਾਂ ਦੀ ਸਫ਼ਾਈ ਦੀ ਮਾਨਤਾ ਗੋਂਦਲਾਂ ਦੀ ਪੂਰੀ ਬਾਰ ਕਰਦੀ ਸੀ। ਥਾਣੇਦਾਰ ਜਦੋਂ ਡਿਪੂ ਤੋਂ ਪਰਤ ਕੇ ਆਇਆ ਤੇ ਏ.ਐਸ.ਆਈ. ਵੀ ਖ਼ਾਲੀ ਹੱਥ ਮੁੜ ਆਇਆ। ਉਹਨੂੰ ਪਿੰਡ ਤੋਂ ਇਲਮ ਹੋਇਆ ਕਿ ਦੋਵੇਂ ਚੋਰ ਇੱਕ ਹਫ਼ਤੇ ਤੋਂ ਪਿੰਡ ਨਹੀਂ ਪਰਤੇ। ਥਾਣੇਦਾਰ ਨੂੰ ਇਸ ਨਵੀਂ ਮੁਸੀਬਤ ਨਾਲ਼ ਅਪਣਾ ਤਬਾਦਲਾ ਹੁੰਦਾ ਦਿਸਿਆ, ਕਿਉਂ ਜੋ ਇਨ੍ਹਾਂ ਚੋਰਾਂ ਨੂੰ ਓਵੇਂ ਈ ਲੱਭਣਾ ਔਖਾ ਸੀ ਜਿਵੇਂ ਦੁਪਹਿਰੇ ਜੁਗਨੂੰ ਫੜਨਾ। ਥਾਣੇਦਾਰ ਨੇ ਆਪਣੇ ਮੁਖ਼ਬਰ ਹਰ ਪਾਸੇ ਘੱਲ ਦਿੱਤੇ। ਖੋਜੀਆਂ ਵੀ ਖੁਰਾ ਜੰਗਲ ਵੱਲ ਟੋਰ ਲਿਆ।
”ਉਹ ਦੋਵੇਂ ਚੋਰ ਜੰਗਲ ਵਿੱਚ ਸ਼ੇਰੇ ਇਸ਼ਤਿਹਾਰੀ ਕੋਲ਼ ਅੱਪੜ ਗਏ ਨੇ।” ਇੱਕ ਮੁਖ਼ਬਰ ਨੇ ਇਹ ਗੱਲ ਥਾਣੇਦਾਰ ਦੇ ਕੰਨਾਂ ਵਿੱਚ ਫੂਕ ਦਿੱਤੀ। ਥਾਣੇਦਾਰ ਜਿਹੜਾ ਹੁਣ ਤਾਈਂ ਆਪਣੇ ਤਬਾਦਲੇ ਦਾ ਸੋਚ ਰਿਹਾ ਸੀ, ਆਪਣੀ ਤਰੱਕੀ ਦਾ ਸੋਚਣ ਲੱਗ ਪਿਆ। ਵੱਡੇ ਇਸ਼ਤਿਹਾਰੀ ਨੂੰ ਫੜਨ ਦਾ ਇਨਾਮ ਥਾਣੇਦਾਰ ਨੂੰ ਤੇ ਪੱਕਾ ਲੱਭਦਾ ਏ। ਜਿਹੜੀ ਪੁਲਿਸ ਜੰਗਲ ਦੇ ਅੰਦਰ ਵੜਨ ਤੋਂ ਡਰਦੀ ਸੀ, ਉਹਨੂੰ ਹੁਣ ਫ਼ੌਜੀਆਂ ਦਾ ਮੋਢਾ ਲੱਭ ਗਿਆ ਸੀ। ਡਿਪੂ ਦੇ ਇੱਕ ਮੇਜਰ ਨੇ ਆਪਣੇ ਫ਼ੌਜੀਆਂ ਨਾਲ਼ ਗੱਡੀ ਭਰੀ ਤੇ ਥਾਣੇਦਾਰ ਦੀ ਗੱਡੀ ਦੇ ਪਿੱਛੇ ਜੰਗਲ ਜਾਣ ਵਾਲੀ ਸੜਕ ਉੱਤੇ ਚੜ੍ਹ ਪਏ। ਉਨ੍ਹਾਂ ਦੀਆਂ ਗੱਡੀਆਂ ਜੰਗਲ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਗਈਆਂ। ਗੱਡੀਆਂ ਸਿੱਧੀਆਂ ਚੌਧਰੀ ਕਰਮ ਦੀਨ ਦੇ ਘਰ ਅੱਗੇ ਜਾ ਖਲੋਤੀਆਂ। ਪਿੰਡ ਵਿੱਚ ਜਦੋਂ ਵੀ ਪੁਲਿਸ ਆਉਂਦੀ ਉਹ ਕਰਮ ਦੀਨ ਦੇ ਡੇਰੇ ਵਿੱਚ ਈ ਬੈਠਦੀ ਸੀ। ਪਿੰਡ ਵਾਲਿਆਂ ਲਈ ਇਨ੍ਹਾਂ ਗੱਡੀਆਂ ਦਾ ਆਉਣਾ ਕੋਈ ਅਚਰਜ ਗੱਲ ਨਹੀਂ ਸੀ। ਚੌਧਰੀ ਕਰਮ ਦੀਨ ਨੇ ਜਦੋਂ ਪੁਲਿਸ ਦੀ ਗੱਡੀ ਨਾਲ਼ ਫ਼ੌਜੀਆਂ ਦੀ ਗੱਡੀ ਵੇਖੀ ਤਾਂ ਉਹਨੂੰ ਸਾਹ ਚੜ੍ਹ ਗਿਆ। ਉਹਨੂੰ ਗਿਆਨ ਹੋ ਗਿਆ ਸੀ ਕਿ ਗੱਲ ਫ਼ਿਕਰ ਵਾਲੀ ਏ। ਕਾਣਾ ਨੂੰ ਕਾਣ ਦਿੱਸ ਪੈਂਦੀ ਏ। ਉਹਨੂੰ ਸ਼ੱਕ ਪਿਆ ਕਿ ਜੰਗਲ ਦੇ ਰੁੱਖ ਚੋਰੀ ਵੱਢਣ ਵਿੱਚੋਂ ਅਪਣਾ ਹਿੱਸਾ ਮੰਗਣ ਵਾਲੇ ਆ ਗਏ ਨੇ। ਥਾਣੇਦਾਰ ਤੇ ਮੇਜਰ ਨੇ ਜਿਹੜੀ ਗੱਲ ਚੌਧਰੀ ਨੂੰ ਪੁੱਛੀ, ਉਹਦੇ ਜਵਾਬ ਵਿੱਚ ਚੌਧਰੀ ਦੀ ਢਿੱਲ-ਮੱਠ ਤੋਂ ਮੇਜਰ ਨੂੰ ਗ਼ੁੱਸਾ ਆ ਗਿਆ। ਉਹ ਚੌਧਰੀ ਨੂੰ ਉਹਦੀ ਬੈਠਕ ਵਿੱਚ ਈ ਦੋ ਧਰਨ ਲੱਗਾ ਸੀ ਪਰ ਥਾਣੇਦਾਰ ਨੇ ਉਹਨੂੰ ਸ਼ਾਂਤ ਕਰਵਾ ਦਿੱਤਾ। ਥਾਣੇਦਾਰ ਦੇ ਆਖਣ ‘ਤੇ ਚੌਧਰੀ ਕਰਮ ਦੀਨ ਨੇ ਸ਼ੇਰੇ ਤੇ ਉਹਦੇ ਸੰਗੀਆਂ ਬਾਰੇ ਸਾਰਾ ਕੁਝ ਬੱਕ ਦਿੱਤਾ। ਚੌਧਰੀ ਵੀ ਮਾਲ ਕਮਾ ਲਿਆ ਸੀ, ਉਹਨੂੰ ਹੁਣ ਸ਼ੇਰੇ ਦੇ ਜਿਊਣ-ਮਰਨ ਦਾ ਕੋਈ ਭਾਰ ਨਹੀਂ ਸੀ। ਜਦੋਂ ਗੱਲ ਉਹਦੇ ਆਪਣੇ ਗਲ਼ਮੇ ਤੀਕਰ ਆ ਗਈ ਸੀ ਤਾਂ ਉਹ ਸ਼ੇਰੇ ਦਾ ਲਿਹਾਜ਼ ਰੱਖਣ ਜੋਗਾ ਵੀ ਨਹੀਂ ਰਿਹਾ ਸੀ। ਜਦੋਂ ਉਸ ਵੇਖਿਆ ਕਿ ਮੇਜਰ ਉਹਨੂੰ ਆਪਣੀ ਟੋਲੀ ਦਾ ਬੰਦਾ ਸਮਝਣ ਲੱਗ ਪਿਆ ਏ ਤਾਂ ਉਸ ਸ਼ੇਰੇ ਦੇ ਖ਼ਿਲਾਫ਼ ਗੱਲਾਂ ਸ਼ੁਰੂ ਕਰ ਦਿੱਤੀਆਂ।
”ਅਸੀਂ ਤੇ ਆਪ ਬੜੇ ਤੰਗ ਆਂ। ਜਦੋਂ ਦੀ ਸ਼ੇਰੇ ਤੇ ਉਹਦੇ ਬੰਦਿਆਂ ਜੰਗਲ ਵਿੱਚ ਪਨਾਹ ਲਈ ਏ, ਸਾਰੇ ਪਿੰਡ ਉਹਦੇ ਡਰ ਤੋਂ ਇਸ ਪਾਸੇ ਮੂੰਹ ਨਹੀਂ ਕਰਦੇ। ਚੋਰੀਆਂ ਡਕੈਤੀਆਂ ਵੀ ਵੱਧ ਗਈਆਂ ਨੇ। ਜਿਸ ਵੀ ਜੰਗਲ ਦਾ ਠੇਕਾ ਲਿਆ ਏ, ਉਹ ਸ਼ੇਰੇ ਨੂੰ ਭੱਤਾ ਦੇ ਕੇ ਈ ਬਾਹਰ ਨਿਕਲਦਾ ਏ।” ਚੌਧਰੀ ਕਰਮ ਦੀਨ ਨੇ ਮੇਜਰ ਤੇ ਥਾਣੇਦਾਰ ਨੂੰ ਆਪਣੀ ਮਨਘੜਤ ਬਿਪਤਾ ਸੁਣਾ ਦਿੱਤੀ। ਜਦੋਂ ਗੱਡੀਆਂ ਚੌਧਰੀ ਦੇ ਪਿੰਡੋਂ ਨਿਕਲ ਕੇ ਗਈਆਂ ਤਾਂ ਕੁਝ ਚਿਰ ਵਿੱਚ ਈ ਪਿੰਡੀ ਤੇ ਲਾਹੌਰ ਤਾਈਂ ਟੱਲੀਆਂ ਖੜਕ ਗਈਆਂ। ਆਪ੍ਰੇਸ਼ਨ ਦਾ ਹੁਕਮ ਮਿਲ ਗਿਆ ਸੀ।
ਸਾਈਂ ਨੂੰ ਜੰਗਲੀ ਕਬੂਤਰਾਂ ਦੇ ਇੱਕ ਜੋੜੇ ਨੇ ਨਵੇਂ ਖ਼ਤਰੇ ਦੀ ਦੱਸ ਪਾ ਦਿੱਤੀ ਸੀ। ਰਾਤੀਂ ਸਾਈਂ ਨੇ ਇਹ ਖ਼ਤਰਾ ਸ਼ੇਰੇ ਦੇ ਕੰਨ ਵਿੱਚ ਘੋਲ਼ ਦਿੱਤਾ।
”ਜੰਗਲ ਬੇਵੱਸ ਤੇ ਉੱਜੜੇ ਲੋਕਾਂ ਨੂੰ ਪਨਾਹ ਦਿੰਦਾ ਏ ਪਰ ਇਹ ਆਪ ਉੱਜੜਨ ਦੇ ਨੇੜੇ ਅੱਪੜ ਗਿਆ ਏ। ਹੁਣ ਜੰਗਲ ਕਿਸੇ ਨੂੰ ਵੀ ਨਹੀਂ ਬਚਾ ਸਕਦਾ।” ਸਾਈਂ ਨੇ ਸ਼ੇਰੇ ਨੂੰ ਆਖਿਆ।
”ਅਸਾਂ ਤੇ ਜੰਗਲ ਨੂੰ ਹੋਰ ਤਾਕਤ ਦਿੱਤੀ ਏ। ਕੋਈ ਇਸ ਪਾਸੇ ਆ ਨਹੀਂ ਸਕਦਾ।” ਸ਼ੇਰੇ ਨੇ ਸਾਈਂ ਨੂੰ ਵਲਦਾ ਦਿੱਤਾ।
”ਇਹ ਜੰਗਲ-ਬੇਲੇ ਕਿਸੇ ‘ਤੇ ਰੋਕ ਨਹੀਂ ਲਾਉਂਦੇ। ਆਜ਼ਾਦ ਰਹਿਣਾ ਈ ਇਨ੍ਹਾਂ ਦਾ ਅਸੂਲ ਏ। ਇੱਥੇ ਉੱਗਣ ਤੇ ਜੀਵਨ ਦੀ ਆਜ਼ਾਦੀ ਏ। ਰੱਸੇ ਨਾਲ਼ ਬੱਧੇ ਡੰਗਰਾਂ ਨੂੰ ਵੇਖ ਕੇ ਜੰਗਲ ਦੇ ਜਨੌਰ ਡਰ ਜਾਂਦੇ ਨੇ।” ਸਾਈਂ ਨੇ ਸ਼ੇਰੇ ਨੂੰ ਜੰਗਲ ਦਾ ਭੇਤ ਦੱਸ ਦਿੱਤਾ।
”ਇਹ ਜੰਗਲ ਫ਼ਿਰ ਕੀ ਚਾਹੁੰਦਾ ਏ?” ਸ਼ੇਰੇ ਹੱਸ ਕੇ ਸਾਈਂ ਨੂੰ ਪੁੱਛਿਆ।
”ਇਹ ਜੰਗਲ ਆਪਣੀ ਖੁੱਲ੍ਹ ਮੰਗਦਾ ਏ, ਬਾਹਰਲੀ ਦੁਨੀਆ ਦਾ ਲੋਭ ਇਹ ਦੀਆਂ ਜੜ੍ਹਾਂ ਖਾਣ ਲੱਗ ਪਿਆ ਏ ਤੇ ਹੁਣ ਇਹ ਕਿਸੇ ਦਾ ਵੀ ਰਾਖਾ ਨਹੀਂ ਰਿਹਾ।” ਸਾਈਂ ਨੇ ਸ਼ੇਰੇ ਨੂੰ ਇਹ ਦੱਸ ਕੇ ਇਸ਼ਾਰਾ ਦੇ ਦਿੱਤਾ। ਸ਼ੇਰਾ ਵੀ ਸਮਝ ਗਿਆ ਕਿ ਹੁਣ ਇਹ ਜੰਗਲ ਉਹਦੀ ਰਾਖੀ ਨਹੀਂ ਕਰ ਸਕਦਾ, ਉਹਨੂੰ ਕੋਈ ਹੋਰ ਥਾਂ ਲੱਭਣੀ ਪਏਗੀ। ਸ਼ੇਰਾ ਕੋਈ ਡੂੰਘੀ ਗੱਲ ਸੋਚਣ ਲੱਗ ਪਿਆ।
”ਜੇ ਜੰਗਲ ਵੀ ਰਾਖਾ ਨਾ ਰਹੇ ਤਾਂ ਫ਼ਿਰ ਲੁਕਣ ਦੀ ਥਾਹਰ ਭੋਈਂ ਦੇ ਉੱਤੇ ਨਹੀਂ ਅੰਦਰ ਹੁੰਦੀ ਏ।” ਇਹ ਸੋਚ ਕੇ ਸ਼ੇਰਾ ਡਾਢੇ ਦੁੱਖ ਦੇ ਅਨ੍ਹੇਰੇ ਵਿੱਚ ਡੁੱਬ ਗਿਆ। ਸ਼ੇਰੇ ਨੂੰ ਇਹ ਸਭ ਜਾਣ ਕੇ ਵੀ ਕੋਈ ਕਾਹਲੀ ਨਹੀਂ ਸੀ। ਉਹਨੂੰ ਨਵਾਂ ਪਾਸਾ ਲੱਭਣ ਲਈ ਕੁਝ ਦਿਹਾੜੇ ਚਾਹੀਦੇ ਸਨ। ਦੂਜੇ ਪਾਸੇ ਜੰਗਲ ਵਿੱਚ ਆਪ੍ਰੇਸ਼ਨ ਕਰਨ ਲਈ ਜੱਥੇ ਆਉਣੇ ਸ਼ੁਰੂ ਹੋ ਗਏ ਸਨ। ਅਸਲ੍ਹਾ ਤੇ ਗੱਡੀਆਂ ਇਕੱਠੀਆਂ ਹੋ ਗਈਆਂ ਸਨ। ਆਪ੍ਰੇਸ਼ਨ ਦੀ ਤਿਆਰੀ ਰਾਤੋਂ ਰਾਤ ਹੋ ਗਈ। ਫ਼ੌਜ ਤੇ ਪੁਲਿਸ ਦੇ ਅਫ਼ਸਰਾਂ ਨੇ ਆਪ੍ਰੇਸ਼ਨ ਕਰਨ ਦੀ ਟਰੇਨਿੰਗ ਵੀ ਕਰਵਾ ਲਈ। ਸਵੇਰੇ ਜੰਗਲ ਦੇ ਚਾਰੇ ਪਾਸੇ ਸਿਪਾਹੀਆਂ ਨੇ ਬੰਦੂਕਾਂ ਮੋਢਿਆਂ ਉੱਤੋਂ ਲਾਹ ਕੇ ਜੰਗਲ ਵੱਲ ਸਿੱਧੀਆਂ ਕਰ ਲਈਆਂ। ਫ਼ੌਜ ਦੀਆਂ ਗੱਡੀਆਂ ਪਿੱਛੇ ਈ ਖਲੋਤੀਆਂ ਰਹੀਆਂ। ਚੌਧਰੀ ਕਰਮ ਦੀਨ ਦੇ ਪਿੰਡ ਵਿਚੋਂ ਟਰੈਕਟਰ ਟਰਾਲੀਆਂ ਨਿਕਲੀਆਂ। ਟਰਾਲੀਆਂ ਵਿੱਚ ਮਜ਼ਦੂਰ ਪਹਿਲਾਂ ਨਾਲੋਂ ਚੋਖੇ ਸਨ। ਟਰੈਕਟਰ ਜਦੋਂ ਸ਼ੇਰੇ ਦੇ ਢਾਰੇ ਕੋਲੋਂ ਲੰਘੇ ਤਾਂ ਕੁੱਝ ਮਜ਼ਦੂਰਾਂ ਨੇ ਆਪਣੇ ਸਿਰ ਨੀਵੇਂ ਕਰ ਲਏ। ਮਜ਼ਦੂਰਾਂ ਦੀ ਇੱਕ ਟੋਲੀ ਪਿੱਛੇ ਈ ਲੱਥ ਗਈ ਸੀ। ਜਦੋਂ ਟਰੈਕਟਰ ਢਾਰੇ ਤੋਂ ਇੱਕ ਕਿੱਲਾ ਅਗਾਂਹ ਲੰਘ ਗਏ ਤਾਂ ਮਜ਼ਦੂਰ ਟਰਾਲੀ ਤੋਂ ਛਾਲ ਮਾਰ ਕੇ ਥੱਲੇ ਲਹਿਣ ਦੇ ਨਾਲ਼ ਈ ਭੋਈਂ ਉੱਤੇ ਲੰਮੇ ਪੈ ਗਏ। ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਜੰਗਲ ਵਿੱਚ ਨਿਵੇਕਲੀ ਚੁੱਪ ਦਾ ਰਾਜ ਸੀ। ਸਾਰੇ ਜੰਗਲ ਨੇ ਸਾਹ ਘੁੱਟ ਕੇ ਕੰਨਾਂ ਨੂੰ ਇਸ ਪਾਸੇ ਲਾ ਲਿਆ ਸੀ। ਪੱਖੂਵਾਂ ਨੂੰ ਖ਼ਤਰੇ ਦਾ ਗਵੇੜ ਹੋ ਗਿਆ ਸੀ ਇਸ ਲਈ ਉਹ ਵੀ ਪੱਤਰਾਂ ਪਿੱਛੇ ਲੁੱਕ ਕੇ ਵੇਖ ਰਹੇ ਸਨ। ਮਜ਼ਦੂਰ ਜਿਵੇਂ ਉੱਠ ਕੇ ਭੱਜਦੇ ਤੇ ਫ਼ਿਰ ਲੰਮੇ ਪੈ ਜਾਂਦੇ ਸਨ, ਉਹਦੇ ਤੋਂ ਇਹ ਪਤਾ ਚੱਲ ਰਿਹਾ ਸੀ ਕਿ ਸਿਪਾਹੀ ਆਪ੍ਰੇਸ਼ਨ ਕਰਨ ਆ ਗਏ ਨੇ। ਇੱਕ ਵੱਢੇ ਹੋਏ ਕਿੱਕਰ ਦੇ ਮੁੱਢ ਨੂੰ ਹਸਰਤ ਜਾਗੀ ਕਿ ਜੇਕਰ ਉਹ ਜਿਊਂਦਾ ਹੁੰਦਾ ਤਾਂ ਅੱਜ ਚੋਰਾਂ ਨੂੰ ਮੋਰ ਬਣ ਕੇ ਪੈਣ ਵਾਲਿਆਂ ਅੱਗੇ ਉਹ ਕੰਡੇ ਜ਼ਰੂਰ ਖਿਲਾਰਦਾ। ਸਿਪਾਹੀ ਚੀਤੇ ਵਾਂਗ ਟੁਰਦੇ ਢਾਰੇ ਦੇ ਕੋਲ਼ ਅੱਪੜ ਗਏ ਸਨ। ਜੰਗਲ ਨੂੰ ਅਪਣਾ ਸਮਝਣ ਵਾਲੇ ਬੇ-ਪ੍ਰਵਾਹ ਖਾਣ-ਪਕਾਣ ਵਿੱਚ ਲੱਗੇ ਸਨ। ਤਿੰਨ-ਚਾਰ ਸਿਪਾਹੀ ਢਾਰੇ ਉੱਤੇ ਚੜ੍ਹ ਗਏ ਤੇ ਪੰਜ-ਛੇ ਬੂਹੇ ਦੇ ਅੱਗੇ ਪਿੱਛੇ ਲੁੱਕ ਗਏ। ਸ਼ੇਰੇ ਦੇ ਸਾਥੀ ਇਸ਼ਤਿਹਾਰੀਆਂ ਨੂੰ ਪੁਲਿਸ ਨੇ ਪਹਿਲਾਂ ਈ ਕਾਬੂ ਕਰ ਲਿਆ ਸੀ। ਉਨ੍ਹਾਂ ਦੀਆਂ ਕੱਖਾਂ ਦੀਆਂ ਕੁੱਲੀਆਂ ਪਲ ਛਿਣ ਵਿੱਚ ਈ ਡਿਗ ਪਈਆਂ। ਕੱਖ ਉੱਡਦੇ ਰਹੇ। ਦੀਨੂੰ ਨਾਈ ਨੇ ਬੰਦੂਕਧਾਰੀ ਬੰਦਿਆਂ ਨੂੰ ਆਉਂਦੇ ਵੇਖ ਲਿਆ ਸੀ ਪਰ ਉਹਦੇ ਮੂੰਹੋਂ ਡਰ ਨਾਲ਼ ਕੁੱਝ ਵੀ ਨਾ ਨਿਕਲਿਆ। ਬਸ ਗਾਤਰਾ ਉਹਦੇ ਮੋਢੇ ਤੋਂ ਤਿਲ੍ਹਕ ਕੇ ਥੱਲੇ ਡਿੱਗ ਪਿਆ ਸੀ। ਡਰ, ਖ਼ੋਰੇ ਬੰਦੇ ਨੂੰ ਤਿਲ੍ਹਕਣਾ ਕਰ ਦਿੰਦਾ ਏ। ਛੱਤ ਉੱਤੇ ਖਲੋਤੇ ਇੱਕ ਸਿਪਾਹੀ ਨੇ ਫਾਇਰ ਕੱਢਿਆ ਤੇ ਜੰਗਲ ਨੂੰ ਘੇਰੀ ਖਲੋਤੇ ਸਿਪਾਹੀ ਵੀ ਅੰਦਰ ਵੱਲ ਭੱਜ ਪਏ। ਸ਼ੇਰਾ ਕਲਾਸ਼ਨਕੋਫ਼ ਚੁੱਕ ਕੇ ਬਾਹਰ ਵੱਲ ਦੌੜਿਆ ਪਰ ਹੁਣ ਭੱਜਣ ਦਾ ਵੇਲਾ ਲੰਘ ਗਿਆ ਸੀ। ਬੂਹੇ ਦੇ ਕੋਲ਼ ਖਲੋਤੇ ਸਿਪਾਹੀਆਂ ਨੇ ਉਹਦੀਆਂ ਮੁਸ਼ਕਾਂ ਕੱਸ ਲਈਆਂ। ਦੋਵੇਂ ਚੋਰ ਵੀ ਓਥੇ ਸਨ। ਉਨ੍ਹਾਂ ਨੂੰ ਇਸ਼ਤਿਹਾਰੀਆਂ ਕੋਲ਼ ਪਨਾਹ ਲੈਣਾ ਪਹਿਲੀ ਵਾਰੀ ਆਪਣੀ ਗ਼ਲਤੀ ਜਾਪਿਆ। ਘੋੜੀਆਂ ਸੁਹਾਂਞਣੇ ਦੇ ਥੱਲੇ ਬੱਝੀਆਂ ਸਨ ਪਰ ਦੋਵੇਂ ਘੋੜੇ ਓਥੇ ਨਹੀਂ ਸਨ। ਸਾਰੇ ਫੜੇ ਗਏ ਸਨ ਪਰ ਇਕੱਲਾ ਜਾਨੀ ਈ ਗ਼ੈਬ ਸੀ। ਜਦੋਂ ਥਾਣੇਦਾਰ ਤੇ ਮੇਜਰ ਆਪਣੇ-ਆਪਣੇ ਸਿਪਾਹੀਆਂ ਦੇ ਨਾਲ਼ ਢਾਰੇ ਕੋਲ਼ ਅੱਪੜੇ ਤਾਂ ਜਾਨੀ ਵੀ ਉਨ੍ਹਾਂ ਦੇ ਨਾਲ਼ ਸੀ। ਥਾਣੇਦਾਰ ਨੇ ਕਾਲੂ ਤੇ ਮੁਤਲੀ ਨੂੰ ਸਿਹਾਣ ਲਿਆ ਸੀ। ਉਨ੍ਹਾਂ ਨੂੰ ਜਦੋਂ ਦੋ-ਦੋ ਲੱਗੀਆਂ ਤਾਂ ਉਨ੍ਹਾਂ ਉੱਧਰ ਇਸ਼ਾਰਾ ਕਰ ਦਿੱਤਾ ਜਿਹੜੇ ਪਾਸੇ ਡਿਪੂ ਤੋਂ ਚੋਰੀ ਕੀਤੇ ਘੋੜੇ ਲੁਕਾਏ ਸਨ। ਸਿਪਾਹੀਆਂ ਓਥੋਂ ਦੀ ਹਰ ਸ਼ੈਅ ਆਪਣੇ ਕਬਜ਼ੇ ਵਿੱਚ ਕਰ ਲਈ। ਥਾਣੇਦਾਰ ਸਭ ਦੀ ਅੱਖ ਬਚਾ ਕੇ ਜੰਗਲੀ ਸ਼ਹਿਦ ਵਾਲੀ ਬੋਤਲ ਪਤਲੂਨ ਦੀ ਜੇਬ ਵਿੱਚ ਲੁਕਾਉਣਾ ਨਹੀਂ ਭੁੱਲਿਆ। ਜੰਗਲ ਦੇ ਗਾਰਡ ਤੇ ਬਲਾਕ ਅਫ਼ਸਰ ਵੀ ਭੱਜਦੇ-ਭੱਜਦੇ ਓਥੇ ਆ ਗਏ। ਉਨ੍ਹਾਂ ਨੂੰ ਡਰ ਸੀ ਕਿਧਰੇ ਇਸ਼ਤਿਹਾਰੀਆਂ ਤੇ ਚੋਰਾਂ ਨੂੰ ਪਨਾਹ ਦੇਣ ਦਾ ਦੋਸ਼ ਈ ਨਾ ਉਨ੍ਹਾਂ ਉੱਤੇ ਲੱਗ ਜਾਏ। ਇੰਨਾ ਅਸਲ੍ਹਾ ਵੇਖ ਕੇ ਡਰ ਆਪ ਈ ਬਾਹਰ ਨਿਕਲ ਆਉਂਦਾ ਏ। ਸੁਹਾਞਣੇ ਦੇ ਥੱਲੇ ਬੈਠਾ ਸਾਈਂ ਵੀ ਸਾਰਾ ਕੁੱਝ ਵੇਖ ਰਿਹਾ ਸੀ। ਥਾਣੇਦਾਰ ਨੇ ਉਹਨੂੰ ਵੀ ਬੁਲਾ ਲਿਆ।
”ਤੂੰ ਇੱਥੇ ਕੀ ਕਰਦਾ ਐਂ?” ਥਾਣੇਦਾਰ ਨੇ ਸਾਈਂ ਨੂੰ ਦਾਬਾ ਮਾਰਿਆ।
”ਇਹ ਜੰਗਲ ਈ ਮੇਰਾ ਘਰ ਏ, ਮੈਂ ਲੋਕਾਂ ਨੂੰ ਦੱਸਦਾ ਰਹਿਣਾਂ ਕਿ ਜੰਗਲ ਉਨ੍ਹਾਂ ਦਾ ਰਾਖਾ ਏ।” ਸਾਈਂ ਨੇ ਥਾਣੇਦਾਰ ਨੂੰ ਜਵਾਬ ਦਿੱਤਾ।
”ਤੇਰਾ ਇਨ੍ਹਾਂ ਇਸ਼ਤਿਹਾਰੀਆਂ ਨਾਲ਼ ਕੀ ਜੋੜ ਏ?” ਥਾਣੇਦਾਰ ਨੇ ਸਾਈਂ ਦੀ ਤਫ਼ਤੀਸ਼ ਕੀਤੀ।
”ਮੈਂ ਇਸ ਢਾਰੇ ਵਿੱਚ ਸਿਰ ਲੁਕਾ ਕੇ ਰਹਿੰਦਾ ਸਾਂ, ਇਹਦੇ ਉੱਤੇ ਕਬਜ਼ਾ ਹੋ ਗਿਆ। ਮੇਰਾ ਘਰ ਤੇ ਇਹ ਜੰਗਲ ਏ, ਨੱਸ ਕੇ ਕਿਵੇਂ ਜਾਂਦਾ।” ਸਾਈਂ ਨੇ ਫ਼ਿਰ ਜਵਾਬ ਦਿੱਤਾ। ਥਾਣੇਦਾਰ ਨੇ ਬਲਾਕ ਅਫ਼ਸਰ ਨੂੰ ਸਾਈਂ ਦੇ ਬਾਰੇ ਵਿੱਚ ਪੁੱਛਿਆ ਤੇ ਉਸ ਵੀ ਸਾਈਂ ਦੀ ਗੱਲ ਉੱਤੇ ਮੁਹਰ ਲਾ ਦਿੱਤੀ। ਮੇਜਰ ਵੀ ਇੰਜ ਦੇ ਸਾਈਂ ਦੀ ਬਦ-ਦੁਆ ਤੋਂ ਡਰਦਾ ਸੀ। ਸਾਈਂ ਨੂੰ ਓਥੇ ਛੱਡ ਕੇ ਸਾਰੇ ਈ ਜੰਗਲ ਤੋਂ ਬਾਹਰ ਨਿਕਲਣ ਲਈ ਟੁਰ ਪਏ। ਆਪ੍ਰੇਸ਼ਨ ਵਾਲੀ ਟੀਮ ਜਦੋਂ ਜੰਗਲ ਤੋਂ ਬਾਹਰ ਨਕਲੀ ਤਾਂ ਉਨ੍ਹਾਂ ਦੇ ਨਾਲ਼ ਦੋ ਚੋਰ, ਜਾਨੀ ਤੇ ਦੀਨੂੰ ਨਾਈ ਮੌਜੂਦ ਸਨ। ਸ਼ੇਰੇ ਤੇ ਉਹਦੇ ਦੂਜੇ ਸੰਗੀਆਂ ਦੇ ਸਾਹਵਾਂ ਤੋਂ ਸੱਖਣੇ ਕਲਬੂਤ ਟਰਾਲੀ ਵਿੱਚ ਨਿੱਸਲ ਪਏ ਸਨ। ਉਨ੍ਹਾਂ ਦੀਆਂ ਸਾਰੀਆਂ ਭਾਜੜਾਂ ਤੇ ਲੁਕਣ ਲੁਕਾਈ ਮੁੱਕ ਗਈ ਸੀ।  ਜੰਗਲ ਵਿੱਚ ਚੁੱਪ ਦੇ ਨਾਲ਼ ਇੱਕ ਸਕੂਨ ਆ ਗਿਆ ਸੀ। ਸਾਰੇ ਪੰਖੇਰੂ ਸਹਿਮ ਕੇ ਆਲ੍ਹਣਿਆਂ ਵਿੱਚ ਜਾ ਬੈਠੇ ਸਨ। ਪਰ ਕਾਂਵਾਂ ਨੇ ਮਨੁੱਖੀ ਕਤਲ ਦੇ ਅਜ਼ਲੀ ਗਵਾਹ ਹੋਣ ਦਾ ਹੱਕ ਅਦਾ ਕੀਤਾ। ਅਸਮਾਨ ਵਿੱਚ ਸਾਈਂ ਦੇ ਢਾਰੇ ਦੇ ਐਨ ਉੱਤੇ ਉਨ੍ਹਾਂ ਦੀ ਇੱਕ ਡਾਰ ਚੱਕਰੀ ਬੰਨ੍ਹ ਕੇ ‘ਕਾਂ ਕਾਂ’ ਕਰਦੀ ਚੋਖੇ ਚਿਰ ਤੱਕ ਉੱਡਦੀ ਰਹੀ ਸੀ। ਜੰਗਲ ਨੇ ਆਪਣੇ ਫੱਟ ਚੱਟਣੇ ਸ਼ੁਰੂ ਕਰ ਦਿੱਤੇ। ਕੁੱਝ ਮਹੀਨਿਆਂ ਵਿੱਚ ਈ ਉਹਨੇ ਮਿੱਧੇ ਰਾਹ ਆਪਣੇ ਕੰਡਿਆਂ ਦੇ ਥੱਲੇ ਲੁਕਾ ਦਿੱਤੇ। ਹਰ ਛਿਮਾਹੀ ਹਰਮਲ ਦੀ ਧੂਣੀ ਤੋਂ ਬਾਅਦ ਸਾਈਂ ਬੋਹੜ ਦੀਆਂ ਜੜ੍ਹਾਂ ਵਿੱਚ ਕੱਚੀ ਲੱਸੀ ਦਾ ਮਟਕਾ ਡੋਲ ਕੇ ਵਣ ਦੇਵਤਾ ਨੂੰ ਰਾਜ਼ੀ ਕਰਦਾ ਏ। ਸੁਹਾਂਞਣੇ ਥੱਲੇ ਚੌਂਕੜੀ ਮਾਰ ਕੇ ਬੈਠੇ ਸਾਈਂ ਦੀਆਂ ਜਟੂਰੀਆਂ ਹੁਣ ਭੋਈਂ ਨੂੰ ਛੂੰਹਦੀਆਂ ਨੇ। ਉਹਦੀ ‘ਹੂ ਹੂ’ ਦੇ ਨਾਲ਼ ਕੋਇਲ ਦੀ ‘ਕੂ ਕੂ’ ਅੱਜ ਵੀ ਗੂੰਜਦੀ ਏ। ਉਹ ਸੁਹਾਂਞਣੇ ਦੇ ਥੱਲੇ ਮਾਹੀਏ ਗਾਉਂਦਾ ਰਹਿੰਦਾ ਏ ਤੇ ਸੁਹਾਞਣਾ ਦੇ ਫੁੱਲ ਉਹਦੇ ਉੱਤੇ ਕਿਰਦੇ ਰਹਿੰਦੇ ਨੇ, ਬੇ-ਮੌਸਮੇ ਵੀ।