January 19, 2026

ਹਰਜਿੰਦਰ ਕੰਗ

ਗ਼ਜ਼ਲ

ਚਮਕਦੀ ਰੇਤ ‘ਚੋਂ ਇਹ ਨੀਲ ਅੰਬਰ ਟੋਲਦੇ ਨੇ।
ਪਰਿੰਦੇ ਆਪਣੇ ਟੁੱਟੇ ਹੋਏ ਪਰ ਟੋਲਦੇ ਨੇ।

ਮਕਾਨਾਂ ‘ਚੋਂ ਗੁਆਚੇ ਆਪਣੇ ਘਰ ਟੋਲਦੇ ਨੇ।
ਘਰਾਂ ਵਿਚੋਂ ਇਹ ਮਾਪੇ ਧੀਆਂ ਪੁੱਤਰ ਟੋਲਦੇ ਨੇ।

ਵਸਾ ਲੈਂਦੇ ਨੇ ਯਾਦਾਂ ਦੇ ਦਿਲਾਂ ਵਿਚ ਪਿੰਡ ਪ੍ਰਦੇਸੀ
ਬਦੇਸ਼ਾਂ ਵਿਚ ਵੀ ਲੁਧਿਆਣਾ ਜਲੰਧਰ ਟੋਲਦੇ ਨੇ।

ਰੁਲੇ ਮੋਤੀ ਮੁਹੱਬਤ ਦੇ ਤੇ ਰਿਸ਼ਤੇ ਰੇਤ ਹੋਏ
ਇਹ ਦਿਲ ਕਿਉਂ ਮੋਹ ਮਹਿਕ ਪੌਣਾਂ ਦੇ ਅੰਦਰ ਟੋਲਦੇ ਨੇ।

ਮੁਸਾਫ਼ਰ ਹੀ ਰਹੇ ਉਹ ਜ਼ਿੰਦਗੀ ਦੇ ਜ਼ਿੰਦਗੀ ਭਰ
ਜੋ ਦੁਨੀਆ ਆਪਣੀ ਦੁਨੀਆ ਦੇ ਅੰਦਰ ਟੋਲਦੇ ਨੇ।

ਉਦਾਸੇ ਦਿਲ ਨਵੀਂ ਦੁਨੀਆ ਤੋਂ ਉਕਤਾਏ ਜਿਹੇ ਹੁਣ
ਪੁਰਾਣੇ ਦੋਸਤਾਂ ਦੇ ‘ਕੰਗ’ ਪੱਤਰ ਟੋਲਦੇ ਨੇ।

ਗ਼ਜ਼ਲ

ਤੇਰੇ ‘ਤੇ ਇਤਬਾਰ ਬੜੇ ਸੀ
ਸਿਰ ‘ਤੇ ਭੂਤ ਸਵਾਰ ਬੜੇ ਸੀ

ਉੱਥੇ ਬੰਦੇ ਸਭ ਬੌਣੇ ਸਨ
ਜਿੱਥੇ ਕਾਰੋਬਾਰ ਬੜੇ ਸੀ

ਵੱਡੇ ਡਾਕੇ ਉੱਥੇ ਵੱਜੇ
ਜਿੱਥੇ ਪਹਿਰੇਦਾਰ ਬੜੇ ਸੀ

ਯੋਧੇ ਬਿਨ ਸਭ ਮੁਰਦੇ ਹੀ ਸਨ
ਰਣ ਵਿਚ ਉਂਝ ਹਥਿਆਰ ਬੜੇ ਸੀ

ਆਖ਼ਿਰ ਵੇਲ਼ੇ ਕੱਲ-ਮ-ਕੱਲਾ
ਸੁਣਿਐਂ ਓਹਦੇ ਯਾਰ ਬੜੇ ਸੀ

ਤੈਨੂੰ ਕਹਿੜਾ ਗ਼ਮ ਲੈ ਬੈਠਾ
ਤੇਰੇ ਤਾਂ ਗ਼ਮਖ਼ਾਰ ਬੜੇ ਸੀ

‘ਕੰਗ’ ਮੁਹੱਬਤ ਸ਼ੈਅ ਨਾ ਲੱਭੀ
ਵਸਤਾਂ ਦੇ ਬਾਜ਼ਾਰ ਬੜੇ ਸੀ