February 6, 2025

ਪੰਜਾਬ ਸਿੰਘ

ਗ਼ਜ਼ਲ

ਸੁੱਤੀ ਰਾਤ ਅਕੇਲੜੀ ਸੇਜ ਸੁਹੰਦੜੀ ਚੋਭ।
ਬਿਨ ਤੇਰੇ ਜੀਵਨ ਸੱਜਣ ਤਾ-ਉਮਰਾ ਦਾ ਰੋਗ।

ਬਹੁਤ ਯਤਨ ਕਰ ਦੇਖਿਆ ਹਰ ਪਲ ਤੜਪਣਹਾਰ,
ਦਲਦਲ ਪਾਣੀ ਲਰਜ਼ਦਾ ਹੇਠਾਂ ਡੂੰਘੀ ਖੋਭ।

‘ਕੱਲ੍ਹੇ ਬਹਿ ਕੇ ਰੋਵਣਾ ਕਰ ਧੂੰਏਂ ਦੀ ਓਟ,
ਜੋ ਆਇਆ ਉਸ ਦੇਵਣਾ, ਅੰਮ੍ਰਿਤ ਦਿੱਤਾ ਜੋਗ।

ਪੱਖੀਆ ਵੇ ਪਰਵਾਜ਼ ‘ਤੇ ਤੂੰ ਉੱਡਣਾ ਪਰਦੇਸ,
ਘੜੀ ਲਿਆਈਂ ਮੇਲ ਦੀ ਤੇ ਖਾਵਣ ਨੂੰ ਚੋਗ।

ਕਿਤਨੀ ਚਾਹਤ ਵਸਲ ਦੀ ਪਰ ਪੂਰੀ ਨਾ ਹੋਇ,
ਹੱਥਾਂ ਵਿੱਚ ਨਾ ਆਪਣੇ ਇਹ ਵਿਛੜਨ ਸੰਜੋਗ।

ਥੋਹਰੇ ਨੀ ਕੰਡਿਆਲੀਏ ਇੱਕ ਗੱਲ ਮੈਨੂੰ ਦੱਸ,
ਫੁੱਲ ਤਾਂ ਤੈਨੂੰ ਮਹਿਕਦੇ ਕਿਉਂ ਸੁੰਘਦੇ ਨਾ ਲੋਗ।

ਸੁਣ ਵੇ ਮੇਰੇ ਪਿਆਰਿਆ ਮਤ ਕੰਡਿਆਂ ਦੀ ਸੋਚ,
ਖ਼ੁਸ਼ਬੂ ਵੱਲ ਹੀ ਅਹੁਲਦੇ ਅੰਦਰ ਤੜਪੇ ਭੋਗ।

ਫ਼ਾਲਾਂ ਪਾ-ਪਾ ਰਾਤ ਭਰ ਨੀਲੀ ਕੀਤੀ ਕੰਧ,
ਸਾਂਵਲ ਬਿਨ ਇਹ ਰਾਤੜੀ ਚਾਨਣ ਦੇ ਵਿੱਚ ਸੋਗ।

ਦਸ ਜਾਈਂ ਮੈਨੂੰ ਆਣ ਕੇ, ਉਹਦੇ ਪਿੰਡ ਨੂੰ ਜਾ,
ਕਿਉਂਕਰ ਇੱਕ ਪਰੀਜ਼ਾਦ ਨੂੰ ਰਾਤ ਨੂੰ ਪੈਂਦੇ ਡੋਬ।

ਸਿਰਫ਼ ਪਪੀਹਾ ਲੋਚਦਾ ਸਵਾਤੀ ਦੀ ਇੱਕ ਬੂੰਦ,
ਚਾਂਦ ਚਕੋਰੀ ਪ੍ਰੇਮ ਰਸ ਕਿਸ ਦਿਨ ਪੂਰਨ ਹੋਗ।

ਸਾਵਣ ਦੇ ਸੰਗ ਵਸ ਪਈ ਇੱਕ ਅਣਬੁਝ ਜਿਹੀ ਅੱਗ,
ਕਦਮ-ਕਦਮ ਤੇ ਉੱਠ ਪਏ ਇਸ ਅਗਨੀ ਦੇ ਟੋਭ।

ਦੇਖ ਕਰੂੰਬਲ ਫੁੱਟ ਪਈ ਵਲ ਖਾਂਦੀ ਹੋਈ ਵੇਲ,
ਧਰਤੀ ਅੰਦਰ ਮਿਲ ਗਿਆ ਸਭ ਬੀਜਾਂ ਦਾ ਫੋਗ।

ਗ਼ਜ਼ਲ

ਮੇਰੀ ਹੀ ਹੋਂਦ ਸਭ, ਸਦਾ ਮਿਟਦਾ ਰਿਹਾ ਹਾਂ ਮੈਂ।
ਜੁੜ ਕੇ ਅਮੀਬਾ ਦੀ ਤਰ੍ਹਾਂ ਟੁੱਟਦਾ ਰਿਹਾ ਹਾਂ ਮੈਂ।

ਤੋੜਾਂ, ਕਰੂੰਬਲ ਬੀਜ ‘ਚੋਂ ਸਹਿਜੇ ਹੀ ਕੱਢ ਲਵਾਂ,
ਹਰ ਦਿਨ ਹੀ ਇਸ ਮੁਹਾਜ਼ ਤੇ ਲੜਦਾ ਰਿਹਾ ਹਾਂ ਮੈਂ।

ਸੱਚ ਵੇਖਣਾ ਅਨੂਪ ਹੈ ਆਪਣੇ ਸਰੂਪ ਵਿੱਚ,
ਆਪਣੇ ਨੰਗੇਜ ਤੋਂ ਉਠਾ ਪਰਦਾ ਰਿਹਾ ਹਾਂ ਮੈਂ।

ਔੜਾਂ ਉਜਾੜੇ ਖੇਤ ਜੋ ਲੂੰਆਂ ‘ਚ ਸੜ ਰਹੇ,
ਤਿੜਕੀ ਹੋਈ ਜ਼ਮੀਨ ‘ਚੋਂ ਉੱਗਦਾ ਰਿਹਾ ਹਾਂ ਮੈਂ।

ਜਿਸਦੀ ਤਲਾਸ਼ ਸੀ ਸਗੋਂ ਪੱਥਰ ਨਾ ਮਿਲ ਸਕੇ,
ਮੋਤੀ ਤਾਂ ਸਾਰੀ ਉਮਰ ਹੀ ਚੁਗਦਾ ਰਿਹਾ ਹਾਂ ਮੈਂ।

ਐਸਾ ਮਿਲੇ ਜੋ ਬੰਦ ਦੀ ਸਮਿਆਂ ਨੂੰ ਲਾ ਸਕੇ,
ਮੌਸਮ ਦੇ ਹਰ ਮੁਕਾਮ ਤੇ ਛਿੱਜਦਾ ਰਿਹਾ ਹਾਂ ਮੈਂ।

ਟੁੱਟ ਗਏ ਨੇ ਭਾਵੇਂ ਖੰਭ ਮਿਰਾ ਅੰਤਹਕਰਨ ਤਾਂ ਹੈ,
ਜਿਸਦੇ ਸਹਾਰੇ ਅੰਬਰੀਂ ਉੜਦਾ ਰਿਹਾ ਹਾਂ ਮੈਂ।

ਨ੍ਹੇਰੇ ਦੀ ਇਹ ਆਵਾਜ਼ ਕੀ, ਚਾਨਣ ਦਾ ਕੀ ਹੈ ਰਾਜ਼,
ਚੁੱਪ-ਚਾਪ ਬੂਹੇ ਖੋਲ੍ਹ ਕੇ ਖੜ੍ਹਦਾ ਰਿਹਾ ਹਾਂ ਮੈਂ।

ਉਹ ਸੀ ਕਿ ਬਾਹੋਂ ਪਕੜ ਕੇ ਘਰ ਵੱਲ ਨੂੰ ਲੈ ਗਿਆ,
ਵਰਨਾ ਮਸੀਤੇ ਉਮਰ ਭਰ ਸਿਜਦਾ ਰਿਹਾ ਹਾਂ ਮੈਂ।

ਨਗ਼ਮਾ-ਸਰਾ ਦੇ ਗੀਤ ਵਿੱਚ ਇੱਕ ਤਾਲ ਦੇਣ ਲਈ,
ਇੱਕ ਨਾਦ ਅਨਹਦ ਦੀ ਤਰ੍ਹਾਂ ਛਿੜਦਾ ਰਿਹਾ ਹਾਂ ਮੈਂ।

ਵਿਸ਼ਵਾਸ ਤਾਂ ਵਿਸ਼ਵਾਸ ਹੈ ਕਿਉਂ ਵਿਸਵਿਸੇ ਨਾ ਹੋਣ,
ਸ਼ੀਸ਼ਾ ਹਾਂ ਫਿਰ ਵੀ ਤਿੜਕ ਕੇ ਜੁੜਦਾ ਰਿਹਾ ਹਾਂ ਮੈਂ।

ਛੱਡ ਕੇ ਲਿਹਾਜ਼ ਹਰ ਤਰ੍ਹਾਂ ਮੈਂ ਹੋ ਗਿਆ ਸ਼ਰੀਕ,
ਖ਼ੁਦ ਆਪਣੇ ਹੀ ਵਜੂਦ ਨੂੰ ਪੁੜਦਾ ਰਿਹਾ ਹਾਂ ਮੈਂ।

ਮੌਸਮ ਵੀ ਹਰ ਲਿਹਾਜ਼ ਵਿੱਚ ਨਾਕਾਮ ਹੀ ਰਿਹਾ,
ਚੇਤਰ ਬਹਾਰਾਂ ਆਉਣ ਤੇ ਝੜਦਾ ਰਿਹਾ ਹਾਂ ਮੈਂ।