November 5, 2024

ਐੱਸ. ਨਸੀਮ

ਗ਼ਜ਼ਲ

ਡੂੰਘੇ ਪਾਣੀ ਵਿੱਚ ਸਿਤਾਰੇ ਚੁੱਪ ਬੈਠੇ ਨੇ
ਉਹ ਦੋਵੇਂ ਵੀ ਝੀਲ ਕਿਨਾਰੇ ਚੁੱਪ ਬੈਠੇ ਨੇ

ਕੀ ਲਗਦਾ ਹੈ ਕਾਹਦੇ ਮਾਰੇ ਚੁੱਪ ਬੈਠੇ ਨੇ
ਰਾਮ, ਮੁਹੰਮਦ, ਈਸਾ ਸਾਰੇ ਚੁੱਪ ਬੈਠੇ ਨੇ

ਹੁਣ ਜਦ ਪਾਣੀ ਗਲ਼ ਗਲ਼ ਤੀਕਰ ਆ ਚੁੱਕਾ ਹੈ
ਤੇਰੇ ਵਾਅਦੇ ਤੇਰੇ ਲਾਰੇ ਚੁੱਪ ਬੈਠੇ ਨੇ

ਕੀ ਉਹਨਾਂ ਨੂੰ ਜ਼ੁਲਮ ਤੇਰੇ ਦਾ ਭੇਤ ਨਹੀਂ ਹੈ
ਜੋ ਹਾਲੇ ਵੀ ਤੇਰੇ ਬਾਰੇ ਚੁੱਪ ਬੈਠੇ ਨੇ

ਹੁਣ ਤਾਂ ਕਾਤਲ ਦੀ ਸੱਚਾਈ ਗੂੰਜ ਰਹੀ ਹੈ
ਹੁਣ ਕਾਹਤੋਂ ਇਹ ਮੁਨਸਿਫ਼ ਸਾਰੇ ਚੁੱਪ ਬੈਠੇ ਨੇ

ਪੁੱਛ ਰਹੇ ਨੇ ਤੇਰੇ ਬਾਰੇ ਲੋਕੀ ਸਾਰੇ
ਲੋਕੀ ਸਾਰੇ ਮੇਰੇ ਬਾਰੇ ਚੁੱਪ ਬੈਠੇ ਨੇ

ਇਸ਼ਕ ਮੇਰੇ ਦੀ ਇੱਕ ਖ਼ਾਮੋਸ਼ੀ ਬੋਲ ਰਹੀ ਹੈ
ਰੂਪ ਤੇਰੇ ਦੇ ਢੋਲ ਨਗਾਰੇ ਚੁੱਪ ਬੈਠੇ ਨੇ

ਗ਼ੈਰਾਂ ਨੇ ਤਾਂ ਮੇਰੇ ਹੱਕ ਵਿੱਚ ਕੀ ਕਹਿਣਾ ਸੀ
ਕੀ ਹੋਇਆ ਕਿਓਂ ਮਿੱਤਰ ਪਿਆਰੇ ਚੁੱਪ ਬੈਠੇ ਨੇ

ਗ਼ਜ਼ਲ

ਸੰਵਾਰੇ ਤੋਂ ਬਿਨਾਂ ਵੀ ਹੈ ਸਜਾਏ ਤੋਂ ਬਿਨਾਂ ਵੀ ਹੈ
ਕਿਸੇ ਦੇ ਰੂਪ ਦਾ ਜਾਦੂ ਜਗਾਏ ਤੋਂ ਬਿਨਾਂ ਵੀ ਹੈ

ਜਿਵੇਂ ਫੁੱਲਾਂ ‘ਚ ਖ਼ੁਸ਼ਬੋਈ ਖਿੰਡਾਏ ਤੋਂ ਬਿਨਾ ਵੀ ਹੈ
ਦਿਲਾਂ ਵਿਚ ਪਿਆਰ ਓਵੇਂ ਹੀ ਜਤਾਏ ਤੋਂ ਬਿਨਾਂ ਵੀ ਹੈ

ਕੋਈ ਚਾਹੇ ਤਾਂ ਸੰਭਵ ਹੈ ਜਿਗਰ ਦੇ ਜ਼ਖ਼ਮ ਦਾ ਚਾਰਾ
ਇਲਾਜ ਇਸ ਦਾ ਦਵਾ ਦਾਰੂ ਲਗਾਏ ਤੋਂ ਬਿਨਾਂ ਵੀ ਹੈ

ਜਦੋਂ ਕੁਝ ਯਾਦ ਆ ਜਾਵੇ ਤਾਂ ਡੋਬੂ ਪੈਣ ਲਗਦੇ ਨੇ
ਅਜੇ ਦਿਲ ਵਿਚ ਬੜਾ ਕੁਝ ਛਟਪਟਾਏ ਤੋਂ ਬਿਨਾਂ ਵੀ ਹੈ

ਨਜ਼ਰ ਆਏ ਕਿ ਨਾ ਆਵੇ ਨਜ਼ਰ ਦਾ ਦੋਸ਼ ਹੋ ਸਕਦੈ
ਚਰਾਗ਼ਾਂ ਵਿਚ ਉਜਾਲਾ ਤਾਂ ਜਗਾਏ ਤੋਂ ਬਿਨਾਂ ਵੀ ਹੈ

ਜ਼ਰੂਰੀ ਤਾਂ ਨਹੀਂ ਅੱਖਾਂ ‘ਚ ਦਰਿਆ ਹੀ ਰਵਾਂ ਹੋਵੇ
ਤਰੀਕਾ ਰੋਣ ਦਾ ਹੰਝੂ ਵਹਾਏ ਤੋਂ ਬਿਨਾਂ ਵੀ ਹੈ

ਸੁਣ ਚੁੱਕਾਂ ਕਹਾਣੀ ਇਸ਼ਕ ਦੀ ਸਭ ਨੇ ਸੁਣੀ ਹੈ ਪਰ
ਕਹਾਣੀ ਵਿਚ ਅਜੇ ਕੁਝ-ਕੁਝ ਸੁਣਾਏ ਤੋਂ ਬਿਨਾਂ ਵੀ ਹੈ

ਗ਼ਜ਼ਲ ਦੇ ਸ਼ਹਿਰ ਵਿਚ ਭਾਵੇਂ ਗਵੱਈਏ ਵੀ ਬਥੇਰੇ ਨੇ
ਗ਼ਜ਼ਲ ਦੀ ਅਹਿਮੀਅਤ ਪਰ ਗੁਣਗੁਣਾਏ ਤੋਂ ਬਿਨਾਂ ਵੀ ਹੈ